ਹਾਣ ਦਾ ਹਾਸਲ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜ਼ਿੰਦਗੀ ਦੇ ਪਿਛਲੇਰੇ ਪੰਧ ਦੀ ਗੱਲ ਕਰਦਿਆਂ ਕਿਹਾ ਸੀ, “ਡੁੱਬਦਾ ਸੂਰਜ ਕਦੇ ਵੀ ਅਕਾਰਥ ਨਹੀਂ। ਸੂਰਜ ਡੁੱਬਣ ਲੱਗਦਾ ਤਾਂ ਪਰਿੰਦੇ ਘਰਾਂ ਨੂੰ ਪਰਤਦੇ, ਬੋਟਾਂ ਦੀ ਭੁੱਖ ਨੂੰ ਟੁੱਕਰ ਦੀ ਆਸ ਹੁੰਦੀ, ਦਰੀਂ ਉਡੀਕਦੇ ਕਲੀਰਿਆਂ ਨੂੰ ਪਿਆਰੇ ਦੀ ਦਸਤਕ ਦਾ ਹਰ ਦਮ ਭੁਲੇਖਾ ਪੈਂਦਾ ਅਤੇ ਬੁੱਢੇ ਮਾਪਿਆਂ ਦੇ ਮਨਾਂ ‘ਚ ਪਰਦੇਸੀ ਪੁੱਤ ਦੇ ਵਾਪਸ ਪਰਤਣ ਦੀ ਆਸ ਜਾਗਦੀ।”

ਹਥਲੇ ਲੇਖ ਵਿਚ ਡਾ. ਭੰਡਾਲ ਹਾਣ-ਪਰਵਾਣ ਦੀ ਗੱਲ ਕਰਦਿਆਂ ਕਹਿੰਦੇ ਹਨ, “ਹਾਣੀ ਹੁੰਦੇ ਜੋ ਬਣ ਹੁੰਗਾਰਾ, ਹਾਕ ਦਾ ਹਾਸਲ ਬਣਦੇ; ਤਲਖੀਆਂ ਤੇ ਤੰਗੀਆਂ ਦੇ ਸਾਹਵੇਂ ਨੰਗੀਆਂ ਹਿੱਕਾਂ ਤਣਦੇ।…ਹਾਣੀ ਤਾਂ ਕੁਝ ਉਹ ਵੀ ਹੁੰਦੇ, ਜੋ ਹਮਰੁਤਬਾ ਬਣ ਕੇ ਧੋਖਾ, ਫਰੇਬ, ਕਪਟ ਅਤੇ ਬੇਵਫਾਈ ਪ੍ਰਗਟਾਉਂਦੇ। ਮਿੱਤਰਤਾ ਮਖੌਲ ਬਣਦੀ।…ਇਹ ਹਾਣੀ ਬਣਨ ਤੇ ਕਲੰਕ। ਇਸ ਦੀ ਕਲਾਖ ਵਿਚ ਸ਼ਰਮਸ਼ਾਰ ਹੋ ਜਾਂਦੀ, ਹਾਣਪੁਣੇ ਦਾ ਹੱਜ ਕਰਨ ਵਾਲੀ ਲੋਕਾਈ ਤੇ ਖੁਦਾਈ।” ਡਾ. ਭੰਡਾਲ ਸਪਸ਼ਟ ਕਰਦੇ ਹਨ, “ਉਹ ਹਾਣੀ ਨਹੀਂ ਹੁੰਦੇ, ਜੋ ਪਿੱਠ ਪਿਛੇ ਚੁਗਲੀਆਂ ਕਰਦੇ। ਤੁਹਾਡੀ ਬਦਖੋਹੀ ਵਿਚੋਂ ਆਪਣਾ ਚੰਗੇਰਾਪਣ ਜਾਹਰ ਕਰਦੇ। ਸਗੋਂ ਹਾਣੀ ਤਾਂ ਉਹ ਹੁੰਦੇ ਜੋ ਪਿਆਰ, ਆਦਰ, ਸਤਿਕਾਰ, ਮਿੱਤਰਤਾ, ਆਪਸੀ ਸੂਝ-ਬੂਝ, ਵਾਦ-ਸੰਵਾਦ ਅਤੇ ਸਾਥ ਦਾ ਸੁੰਦਰ ਸੰਗਮ ਹੁੰਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਹਾਣ, ਹਮ-ਉਮਰ, ਹਮ-ਰੁਤਬਾ ਹਮ-ਜਾਤ, ਜਾਂ ਹਮ-ਗੋਤ ਹੋ ਸਕਦੇ, ਜਿਨ੍ਹਾਂ ਨਾਲ ਸਾਂਝ ਹੁੰਦੀ। ਹਾਣ ਜਿਨ੍ਹਾਂ ਨਾਲ ਕੁਝ ਆਦਤਾਂ ਮਿਲਦੀਆਂ ਜਾਂ ਵਿਚਾਰਾਂ ਦੀ ਸਮਾਨਤਾ ਹੁੰਦੀ।
ਹਾਣ, ‘ਕੱਠੇ ਪੜ੍ਹਦੇ ਵਿਦਿਆਰਥੀਆਂ ਦਾ, ਇਕ ਟੀਮ ਵਿਚ ਖੇਡਦੇ ਖਿਡਾਰੀਆਂ ਦਾ, ਟੂਰ ‘ਤੇ ਗਏ ਸਾਥੀਆਂ ਦਾ ਜਾਂ ਮਹਿਫਿਲ ਸਜਾਉਣ ਵਾਲੇ ਸਾਥੀਆਂ ਦਾ ਵੀ ਹੁੰਦਾ, ਜਿਸ ਵਿਚ ਬਹੁਤ ਕੁਝ ਸਾਂਝਾ ਹੁੰਦਾ।
ਹਾਣ, ਹਰ ਉਮਰ, ਕਿੱਤੇ, ਕਾਰੋਬਾਰ ਅਤੇ ਹਰੇਕ ਭਾਈਚਾਰੇ ਵਿਚ ਵੀ ਹੁੰਦਾ। ਇਹ ਭਾਵੇਂ ਬਾਬੇ, ਯੋਗੀ, ਸਾਧ, ਫਕੀਰ, ਪੀਰ, ਵਪਾਰੀ ਜਾਂ ਸ਼ਿਕਾਰੀ ਹੋਣ।
ਹਾਣ ਦਾ ਮਾਣ ਸਿਰਫ ਵਿਅਕਤੀਆਂ ਵਿਚ ਹੀ ਨਹੀਂ ਹੁੰਦਾ, ਇਹ ਜਾਨਵਰਾਂ ਅਤੇ ਪਰਿੰਦਿਆਂ ਵਿਚ ਵੀ ਹੁੰਦਾ। ਹਾਣ, ਨਸਲ ਦਾ ਪਾੜਾ ਵੀ ਦੂਰ ਕਰ ਦਿੰਦਾ। ਕਈ ਵਾਰ ਵੱਖੋ ਵੱਖਰੇ ਜਾਨਵਰਾਂ ਵਿਚ ਅਜਿਹਾ ਹਾਣ ਹੁੰਦਾ ਕਿ ਜਿਸ ‘ਤੇ ਨਾਜ਼ ਹੁੰਦਾ। ਜਾਨਵਰਾਂ ਦੀ ਨੇਕਨੀਤੀ ਨੂੰ ਹਾਣ ਦੇ ਸੰਦਰਭ ਵਿਚ ਦੇਖਿਆਂ ਪਤਾ ਲੱਗਦਾ ਕਿ ਜਾਨਵਰ ਅਤੇ ਪਰਿੰਦੇ ਵੀ ਪੂਰੀ ਨਿਸ਼ਠਾ ਨਾਲ ਹਾਣ ਪਾਲਦੇ ਅਤੇ ਪੂਰੀ ਤਰ੍ਹਾਂ ਨਿਭਾਉਂਦੇ।
ਹਰ ਹਾਣ ਦਾ ਆਪਣਾ ਰੂਪ ਤੇ ਰੰਗ। ਆਪਣੇ ਸਰੋਕਾਰ, ਸੁਹਜ ਅਤੇ ਸੰਵੇਦਨਾ। ਇਸ ਵਿਚੋਂ ਬਹੁਤ ਸਾਰੀਆਂ ਸੂਖਮ ਮਨੋਭਾਵਨਾਵਾਂ ਅਤੇ ਲੋੜਾਂ ਦੀ ਪੂਰਤੀ। ਸਿਰਫ ਲੋੜ ਹੈ ਕਿ ਹਾਣ ਸੱਚੇ ਰੂਪ ਵਿਚ ਹਾਣ ਬਣ ਕੇ ਹਾਣੀ ਦਾ ਰੁਤਬਾ ਪ੍ਰਾਪਤ ਕਰੇ ਅਤੇ ਇਸ ਨੂੰ ਨਿਭਾਉਣ ਦੇ ਕਾਬਲ ਹੋਵੇ।
ਹਾਣੀਆਂ ਦੇ ਰੰਗ ਵੀ ਨਿਰਾਲੇ। ਇਨ੍ਹਾਂ ਦੀ ਰੰਗਤਾਂ ‘ਚ ਇਲਾਹੀ ਅਤੇ ਅਨੂਠੀ ਭਾਅ। ‘ਕੇਰਾਂ ਇਕ ਬੱਚਾ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਕੱਲ ਨੂੰ ਗੇਮ ‘ਤੇ ਜਾਣਾ ਤੇ ਮੈਂ ਆਪਣੇ ਚਾਰ ਹਾਣੀਆਂ ਲਈ ਪੀਜ਼ਾ ਲੈ ਕੇ ਜਾਵਾਂਗਾ ਅਤੇ ਫਿਰ ਉਹ ਵੀ ਵਾਰੀ ਵਾਰੀ ਗੇਮ ‘ਤੇ ਪੀਜ਼ਾ ਲਿਆਉਣਗੇ ਤੇ ਅਸੀਂ ਸਾਰੇ ਰਲ ਕੇ ਖਾਇਆ ਕਰਾਂਗੇ। ਉਹ ਪਹਿਲੇ ਦਿਨ ਜਦ ਪੀਜ਼ਾ ਲੈ ਕੇ ਜਾਂਦਾ ਹੈ ਤਾਂ ਉਸ ਦੇ ਸਾਥੀ ਹੀ ਸਾਰਾ ਪੀਜ਼ਾ ਖਾ ਲੈਂਦੇ ਨੇ ਅਤੇ ਉਸ ਨੂੰ ਕੁਝ ਨਹੀਂ ਮਿਲਦਾ। ਘਰ ਆ ਕੇ ਉਹ ਮਸੋਸਿਆ ਤੇ ਰੋਣਹਾਕਾ ਸੀ। ਪਰ ਇਹੀ ਤਾਂ ਬਚਪਨਾ ਏ। ਇਸ ਵਿਚ ਇਕ ਬੱਚੇ ਦੀ ਨਿਰਛੱਲਤਾ ਅਤੇ ਦੂਜਿਆਂ ਵਿਚ ਵਿਚ ਰਲ ਮਿਲ ਕੇ ਨਾ ਖਾਣ ਅਤੇ ਖੁਸ਼ੀਆਂ ਨੂੰ ਸਾਂਝੇ ਰੂਪ ਵਿਚ ਨਾ ਮਾਣ ਸਕਣ ਦੀ ਕਮਜੋਰੀ ਵੀ ਝਲਕਦੀ ਸੀ। ਇਸ ਨਿੱਕੀ ਜਿਹੀ ਘਟਨਾ ਵਿਚ ਬਹੁਤ ਕੁਝ ਛੁਪਿਆ ਹੋਇਆ ਸੀ, ਜੋ ਬੱਚਿਆਂ ਦੀ ਮਾਨਸਿਕਤਾ ਨੂੰ ਬਾਖੂਬੀ ਪ੍ਰਗਟ ਕਰਦਾ ਕਿ ਬੱਚੇ ਕਿਸ ਮਾਹੌਲ ਵਿਚ ਪਲ ਰਹੇ ਨੇ ਅਤੇ ਮਾਪਿਆਂ ਵਲੋਂ ਉਨ੍ਹਾਂ ਨੂੰ ਕਿਹੜੇ ਸੰਸਕਾਰ ਦਿਤੇ ਗਏ ਹਨ। ਦਰਅਸਲ ਹਾਣੀਆਂ ਵਿਚ ਸ਼ਰਾਰਤਾਂ ਤਾਂ ਹੁੰਦੀਆਂ ਨੇ, ਪਰ ਜੇ ਇਹ ਉਸਾਰੂ ਨਾ ਹੋਣ ਤਾਂ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਨਹੀਂ ਤਾਂ ਮਨ ਵਿਚ ਕੂਝ ਅਜਿਹਾ ਉਕਰਿਆ ਜਾਂਦਾ, ਜੋ ਸਾਰੀ ਉਮਰ ਅਦਿੱਖ ਰੂਪ ਵਿਚ ਨਜ਼ਰ ਆਉਂਦਾ।
ਹਾਣੀ ਸਿਰਫ ਕਲਾਸ, ਖੇਡ ਜਾਂ ਭਾਈਚਾਰੇ ਵਿਚ ਹੀ ਨਹੀਂ ਹੁੰਦੇ, ਜਿਨ੍ਹਾਂ ਨਾਲ ਜੀਵਨ ਦੀ ਢਲਦੀ ਸ਼ਾਮੇ ਬਚਪਨ ਅਤੇ ਜਵਾਨੀ ਦੀਆਂ ਕਰੂਰ ਜਾਂ ਮਿੱਠੀਆਂ ਯਾਦਾਂ ਸਾਂਝੀਆਂ ਕਰਕੇ, ਬੀਤੇ ਵਿਚ ਪਰਤਿਆ ਜਾਂਦਾ। ਹਾਣੀਆਂ ਨਾਲ ਮਾਣੇ ਪਲਾਂ ਵਿਚ ਜੀਵਨ ਦੀ ਮੱਧਮ ਪੈ ਚੁਕੀ ਰੰਗਤ ਤੇ ਸਰੂਪ ਨੂੰ ਵੀ ਮਾਣਿਆ ਜਾ ਸਕਦਾ, ਜੋ ਸਾਥੋਂ ਖੁੱਸ ਕੇ ਬਹੁਤ ਦੂਰ ਜਾ ਚੁਕੀ ਹੁੰਦੀ ਅਤੇ ਜਿਸ ਦੇ ਵਾਪਸ ਪਰਤਣ ਦੀ ਕੋਈ ਆਸ ਨਹੀਂ ਹੁੰਦੀ। ਕਦੇ ਬਾਬਿਆਂ ਨੂੰ ਆਪਣੇ ਸਾਥੀਆਂ ਨਾਲ ਤਾਸ਼ ਖੇਡਦੇ, ਟਿੱਚਰਾਂ ਕਰਦੇ, ਖੁੱਲ੍ਹ ਕੇ ਹੱਸਦੇ ਅਤੇ ਇਕ ਦੂਜੇ ਦਾ ਮੌਜੂ ਉਡਾਉਂਦੇ ਦੇਖਣਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਸਾਡੇ ਬਜੁਰਗ ਸਾਡੇ ਤੋਂ ਵੀ ਵੱਧ ਭਰਪੂਰ ਜ਼ਿੰਦਗੀ ਜਿਉਂਦੇ ਨੇ ਭਾਵੇਂ ਉਹ ਘੱਟ ਪੜ੍ਹੇ-ਲਿਖੇ ਨੇ ਜਾਂ ਸਾਡੇ ਜਿੰਨੀਆਂ ਸਹੂਲਤਾਂ ਨਹੀਂ।
ਹਾਣੀ ਤਾਂ ਜੀਵਨ-ਸਫਰ ਦੇ ਵੀ ਹੁੰਦੇ, ਜੋ ਸਫਰ ਵਿਚਲੀਆਂ ਖਾਈਆਂ, ਖੱਡੇ, ਰੋੜੇ ਅਤੇ ਪੱਥਰਾਂ ਦੀਆਂ ਠੋਕਰਾਂ ਨੂੰ ਸਹਿੰਦੇ ਅਤੇ ਭੁੱਖ ਤੇ ਤ੍ਰੇਹ ਨੂੰ ਮਿਲ ਕੇ ਜਿਉਂਦੇ। ਦਰਅਸਲ ਉਨ੍ਹਾਂ ਦੇ ਨੈਣਾਂ ਵਿਚ ਇਕ ਮੰਜ਼ਿਲ ‘ਤੇ ਪਹੁੰਚਣ ਦੀ ਸਾਂਝ ਹੁੰਦੀ, ਜੋ ਹਾਣ ਦਾ ਧੁਰਾ ਹੁੰਦੀ। ਇਸ ਦੀ ਧੁਨ ਵਿਚ ਹੀ ਉਹ ਦੁਸ਼ਵਾਰੀਆਂ ਦਾ ਦ੍ਰਿੜਤਾ ਅਤੇ ਦਲੇਰੀ ਨਾਲ ਸਾਹਮਣਾ ਕਰਦੇ, ਨਵੀਆਂ ਮੰਜ਼ਿਲਾਂ ਦਾ ਸਿਰਨਾਵਾਂ ਬਣ ਜਾਂਦੇ।
ਸਭ ਤੋਂ ਪਿਆਰਾ ਹਾਣ ਤਾਂ ਪਤੀ-ਪਤਨੀ ਦਾ, ਜੋ ਉਮਰ ਭਰ ਨਿਭਦਾ। ਇਸ ਵਿਚ ਖੇੜੇ ਤੇ ਖੁਸ਼ੀਆਂ ਦਾ ਖਲਾਰਾ, ਹਾਸੇ ਤੇ ਹਾਦਸੇ ਦਾ ਹਾਸਲ, ਸਫਲਤਾਵਾਂ ਅਤੇ ਅਸਫਲਤਾਵਾਂ ਦੀ ਅਰਾਧਨਾ, ਪੂਰਨ ਤੇ ਅਪੂਰਨ ਆਸਾਂ ਦੀ ਆਸਥਾ, ਉਮੀਦੀ ਅਤੇ ਨਾ-ਉਮੀਦੀ ਵਿਚਲੀ ਖਿਚੋਤਾਣ, ਮਿਲਣ ਤੇ ਵਿਛੜਨ ਵਿਚਲੀ ਦੂਰੀ, ਚਾਅ ਤੇ ਉਦਾਸੀ ਦੀ ਸਤਰੰਗੀ, ਔਲਾਦ ਦੀਆਂ ਲੋੜਾਂ-ਥੋੜਾਂ ਦਾ ਬੋਝ, ਪੂਰਤੀ ਤੇ ਅਪੂਰਤੀ ਵਿਚਲਾ ਅਸਾਵਾਂਪਣ, ਸਮਾਜਕ ਰਿਸ਼ਤੇ ਨਿਭਾਉਣ ਦੀ ਪ੍ਰਤੀਬੱਧਤਾ, ਇਕ ਦੂਜੇ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਪ੍ਰਤੀ ਤਵੱਜੋ, ਇਕ ਦੀ ਅੱਖ ਵਿਚ ਕੱਖ ਪੈਣ ‘ਤੇ ਦੂਜੇ ਦੀ ਅੱਖ ਵਿਚ ਰੜਕ ਪੈਣਾ ਜਾਂ ਇਕ ਦਾ ਸੁਪਨਾ ਅਤੇ ਦੂਜੇ ਦਾ ਸੱਚ ਆਦਿ ਬਹੁਤ ਕੁਝ ਸਾਂਝਾ। ਇਸ ਦੀ ਧਰਾਤਲ ਦਾ ਨਰੋਆਪਣ ਅਤੇ ਪਕਿਆਈ ਹੀ ਇਸ ਦੀ ਸਥਿਰਤਾ ਦੀ ਜਾਮਨ। ਭੁਰ ਰਹੀਆਂ ਨੀਂਹਾਂ ਜਾਂ ਕੰਧਾਂ ਤੋਂ ਕਿਰਦਾ ਕੱਲਰ, ਇਸ ਹਾਣ ਦੀ ਜ਼ਰਜ਼ਰੀ ਹੋਂਦ ਦੀ ਤਸ਼ਬੀਹ। ਹਾਣ ਦੀ ਇਮਾਰਤ ਤੂਫਾਨਾਂ ਤੇ ਹਨੇਰੀਆਂ ਵਿਚ ਵੀ ਅਡੋਲ ਰਹੇ ਤਾਂ ਇਕ ਸੁਪਨ-ਗਿਰੀ ਨੈਣਾਂ ਵਿਚ ਧਰ ਜਾਂਦੀ। ਅਜਿਹਾ ਹਾਣ ਤਿੱਖੜ ਦੁਪਹਿਰਾਂ ਅਤੇ ਤੱਤੀਆਂ ਲੂਆਂ ਵਿਚ ਵੀ ਕੁਮਲਾਉਂਦਾ ਜਾਂ ਮੁਰਝਾਉਂਦਾ ਨਹੀਂ।
ਜਦ ਵਿਚਾਰਾਂ ਦੀ ਸਾਂਝ ਪੈਦਾ ਹੁੰਦੀ ਤਾਂ ਇਸ ਹਾਣ ਵਿਚ ਬਹੁਤ ਕੁਝ ਸਾਂਝਾ ਹੁੰਦਾ, ਜਿਨ੍ਹਾਂ ਸਦਕਾ ਨਰੋਏ ਵਿਚਾਰ, ਵਿਹਾਰ, ਅਚਾਰ, ਕਿਰਦਾਰ ਅਤੇ ਸਦਾਚਾਰ ਪੈਦਾ ਹੁੰਦੇ। ਇਹ ਸਾਂਝ ਸੁਪਨਿਆਂ ਦੀ ਸਾਂਝ ਵੀ ਹੁੰਦੀ, ਸੁਪਨਿਆਂ ਦੀ ਪੂਰਤੀ ਦਾ ਸਾਂਝਾ ਉਦਮ ਵੀ ਹੁੰਦਾ, ਜਾਂ ਖਾਸ ਮਕਸਦ ਦੀ ਪੂਰਤੀ ਲਈ ਲੋਕ ਰਾਏ ਪੈਦਾ ਕਰਨਾ ਵੀ ਹੁੰਦੇ, ਜਿਸ ਵਿਚੋਂ ਸਮਾਜਕ ਸਰੋਕਾਰਾਂ ਦੀ ਸੁਗੰਧ ਆਉਂਦੀ। ਸਮਾਜ ਦੇ ਨਾਵੇਂ ਨਵੀਆਂ ਕੀਰਤੀਆਂ, ਕਾਰਨਾਮਿਆਂ ਅਤੇ ਕਰਨੀਆਂ ਦੀ ਸੁਗਾਤ ਪਾਉਂਦੀ। ਅਜਿਹੇ ਹਾਣੀ ਲੋਕ-ਯਾਦ ਵਿਚ ਸਦਾ ਸਮੋਏ ਰਹਿੰਦੇ। ਉਨ੍ਹਾਂ ਦੀ ਪ੍ਰੇਰਨਾ ਵਿਚੋਂ ਅਜਿਹੀਆਂ ਕਰੁੰਬਲਾਂ ਫੁੱਟਦੀਆਂ, ਜੋ ਸ਼ਾਖਾਵਾਂ ਬਣ ਕੇ ਛਾਂ ਵੀ ਦਿੰਦੀਆਂ ਅਤੇ ਮਨ-ਰੱਕੜ ਦੀ ਜੂਹੇ ਨਵੀਆਂ ਸੰਭਾਵਨਾਵਾਂ ਦੀਆਂ ਕਲਮਾਂ ਵੀ ਲਾਉਂਦੀਆਂ।
ਹਾਣ ਉਮਰ, ਰੰਗ, ਨਸਲ, ਫਿਰਕੇ, ਜਾਤ, ਵਿਦਿਆ ਜਾਂ ਰੁਤਬੇ ਦਾ ਮੁਥਾਜ਼ ਨਹੀਂ। ਹਾਣ ਸਿਰਫ ਹਾਣ ਹੁੰਦਾ। ਇਸ ਵਿਚੋਂ ਹੀ ਸਮਾਜ ਨੂੰ ਨਵੀਆਂ ਸੂਹਾਂ ਤੇ ਨਿਵੇਕਲੀਆਂ ਤਦਬੀਰਾਂ ਦੀ ਤਸਦੀਕ ਹੁੰਦੀ, ਜੋ ਆਖਰ ਨੂੰ ਤਕਦੀਰਾਂ ਬਣਦੀਆਂ। ਅਜੋਕੇ ਸਮਾਜ ਵਿਚ ਅੰਤਰ-ਜਾਤੀ ਵਿਆਹਾਂ ਦੇ ਰੁਝਾਨ ਕਾਰਨ ਜਾਤ, ਅਮੀਰੀ/ਗਰੀਬੀ ਜਾਂ ਕਾਲੇ-ਗੋਰੇ ਵਿਚਲੀ ਦੀਵਾਰ ਖਤਮ। ਹਾਣ ਨੂੰ ਜਦ ਹਾਣ ਪਿਆਰਾ ਹੋਵੇ ਤਾਂ ਹਾਣੀ ਉਸਰੀਆਂ ਦੀਵਾਰਾਂ ਰੇਤ ਦੀ ਕੰਧ ਵਾਂਗ ਢਹਿ ਜਾਂਦੀਆਂ। ਇਸ ਹਾਣ ਵਿਚੋਂ ਹੀ ਜੀਵਨ-ਸਾਥ ਦਾ ਆਗਾਜ਼ ਹੁੰਦਾ। ਅਜਿਹੇ ਜੀਵਨ-ਹਾਣੀ ਬਣਾਉਂਦਿਆਂ ਮਾਪਿਆਂ ਦੀ ਸਲਾਹ, ਸੋਨੇ ਤੇ ਸੁਹਾਗਾ।
ਕਲਮ ਵੀ ਤਾਂ ਇਹੀ ਲੋਚਦੀ,
ਹਾਣੀ ਹੁੰਦੇ ਅਰਥਾਂ ਵਰਗੇ
ਜੋ ਬਹਿਣ ਸ਼ਬਦਾਂ ਦੀ ਜੂਹੇ
ਵਕਤ ਦੀ ਤਹਿਜ਼ੀਬ ਕਰੇਂਦੇ
ਸੋਚ-ਸੁਗੰਧ ਥੀਂ ਸੂਹੇ।

ਹਾਣੀ ਹੁੰਦੇ ਤਾਰਿਆਂ ਦਾ ਕਾਫਲਾ
ਅੰਬਰ ਰੂਪ ਨਿਖਾਰਨ
ਘੁੱਪ ਹਨੇਰਿਆਂ ਦੀ ਵਾਦੀ
ਚਾਨਣ ਸੰਗ ਲਿਸ਼ਕਾਰਨ।

ਹਾਣੀ ਹੁੰਦੇ ਧੂੜ ‘ਚ ਉਗੇ
ਪੈੜਾਂ ਦੇ ਸਿਰਨਾਵੇਂ
ਜਿੰਦ-ਸਫਰ ਦੇ ਔਝੜ ਰਾਹੀਂ
ਨਿਭਦੇ ਬਣ ਪ੍ਰਛਾਵੇਂ।

ਹਾਣੀ ਹੁੰਦੇ ਜੋ ਬਣ ਹੁੰਗਾਰਾ
ਹਾਕ ਦਾ ਹਾਸਲ ਬਣਦੇ
ਤਲਖੀਆਂ ਤੇ ਤੰਗੀਆਂ ਦੇ ਸਾਹਵੇਂ
ਨੰਗੀਆਂ ਹਿੱਕਾਂ ਤਣਦੇ।

ਹਾਣੀ ਹੁੰਦੇ ਪਾਣੀ ਦੀਆਂ ਲਹਿਰਾਂ
ਪਾਣੀ ਵਿਚ ਸਮੋਈਆਂ
ਜੋ ਪਾਣੀ ਨੂੰ ਵਾਸ਼ਪ ਕੀਤਿਆਂ
ਫਿਰ ਵੀ ਵੱਖ ਨਾ ਹੋਈਆਂ।

ਹਾਣੀ ਹੁੰਦੇ ਵਾਂਗ ਕਰੂੰਬਲਾਂ
ਟਾਹਣੀ ਪਿੰਡੇ ਜਾਈਆਂ
ਤੇ ਬਿਰਖਾਂ ਦੀ ਖੈਰ ਮਨਾਵਣ
ਦੂਰੋਂ ਚੱਲ ਕੇ ਆਈਆਂ।

ਹਾਣੀ ਹੁੰਦੇ ਰੂਹ-ਰਾਗਣੀ
ਜੋ ਰੂਹ-ਬੀਹੀ ਵਿਚ ਬੋਲੇ
ਜਿਸਮ-ਵਾੜਾਂ ਤੋਂ ਨਾਬਰ ਹੋਈ
ਹਰਦਮ ਰਹਿੰਦੀ ਕੋਲੇ।
ਸਭ ਤੋਂ ਅਜ਼ੀਮ ਹੁੰਦੇ, ਰੂਹ ਦੇ ਹਾਣੀ। ਇਸ ਹਾਣ ਵਿਚ ਸਕੂਨ, ਸਹਿਜ ਅਤੇ ਸੰਤੋਖ। ਇਹ ਹੈ ਹਾਣ ਦੀ ਸਮਰਪਿਤਾ ਜੋ ਜੀਵਨ ਸਾਰਥਕਤਾ ਨੂੰ ਸਿਆਣਦੀ। ਰੂਹ ਦੇ ਹਾਣੀ ਉਹ ਹੀ ਬਣਦੇ, ਜਦ ਨਿੱਜੀ ਮੁਫਾਦ ਨਾ ਹੋਵੇ, ਨਿੱਜ ਨੂੰ ਨਹੀਂ ਤਰਜ਼ੀਹ। ਆਤਮਕਤਾ, ਰਿਸ਼ਤੇ ਦੀ ਬੁਨਿਆਦ। ਇਸ ਬੁਨਿਆਦ ਵਿਚੋਂ ਬੰਦਗੀ, ਬੰਦਿਆਈ ਅਤੇ ਬਹੁਲਤਾ ਦਾ ਪੈਗਾਮ ਪੌਣਾਂ ਦੇ ਨਾਮ ਹੁੰਦਾ। ਪੌਣ-ਪਾਕੀਜ਼ਗੀ ਗੁਣਗਣਾਉਂਦੀ, ਦਰਿਆ ਦੀਆਂ ਲਹਿਰਾਂ ਵਿਚ ਸੰਗੀਤ, ਬਿਰਖ-ਬਾਣੀ ਦਾ ਸੁਹਜਮਈ ਵਰਤਾਰਾ। ਬਿਰਖਾਂ ਦੀ ਗਲਵਕੜੀ, ਦਰਿਆਵਾਂ ਦਾ ਸੰਗਮ, ਪਹਾੜੀ ਟੀਸੀਆਂ ਦੀ ਇਕਸਾਰਤਾ ਵਿਚ ਦਿਸਦੇ ਰੂਹ ਦੇ ਹਾਣੀ। ਕੁਦਰਤ ਆਪਣੇ ਸਮੁੱਚ ਵਿਚ ਹਾਜਰ। ਅੰਬਰ ਆਪਣੀ ਵਿਸ਼ਾਲਤਾ ਦੀ ਹਾਜਰੀ ਭਰਦਾ ਅਤੇ ਕਾਇਨਾਤ ਨੂੰ ਪੂਰਨਤਾ ਦਾ ਅਹਿਸਾਸ ਕਰਵਾਉਂਦਾ।
ਇਸ ਹਾਣ ਵਿਚੋਂ ਹੀ ਮਨੁੱਖ ‘ਚੋਂ ਮਨੁੱਖ ਦੇ ਦਰਸ-ਦੀਦਾਰੇ। ਉਹ ਇਨਸਾਨ ਬਣਨ ਵੰਨੀਂ ਪਹਿਲਕਦਮੀ ਕਰਦਾ। ਕਲਾ-ਬਿਰਤੀ, ਕਲਮ-ਪਰਵਾਜ਼ ਸੋਚ-ਉਡਾਣ ਅਤੇ ਭਵਿੱਖ-ਮੁਖੀ ਸਰਕਾਰਾਂ ਪ੍ਰਤੀ ਸੰਵੇਦਨਾ ਸਿਰਫ ਰੂਹ-ਸੰਗ ਵਿਚੋਂ ਹੀ ਨਸੀਬ ਹੁੰਦੀ। ਰੂਹ ਰੇਜ਼ਾ ਰੇਜ਼ਾ ਹੋ ਕੇ ਰੂਹ-ਰੰਗਰੇਜ਼ਤਾ ਦੀ ਰਮਣੀਕਤਾ ਬਣਦੀ।
ਹਾਣੀ ਤਾਂ ਕੁਝ ਉਹ ਵੀ ਹੁੰਦੇ, ਜੋ ਹਮਰੁਤਬਾ ਬਣ ਕੇ ਧੋਖਾ, ਫਰੇਬ, ਕਪਟ ਅਤੇ ਬੇਵਫਾਈ ਪ੍ਰਗਟਾਉਂਦੇ। ਮਿੱਤਰਤਾ ਮਖੌਲ ਬਣਦੀ। ਦੰਭ ਕਰਦੇ, ਮੁਸੀਬਤ ਵਿਚ ਫਸੇ ਹੋਣ ਦਾ ਨਾਟਕ ਕਰਦੇ, ਵਖਤ ਦਾ ਵਾਸਤਾ ਪਾਉਂਦੇ, ਬਲੈਕਮੇਲ ਕਰਦੇ ਅਤੇ ਇਸ ਵਿਚੋਂ ਹੀ ‘ਨਿੱਜੀ ਮੁਫਾਦ ਦੀ ਪੂਰਤੀ ਕਰਦੇ। ਇਹ ਹਾਣੀ ਬਣਨ ਤੇ ਕਲੰਕ। ਇਸ ਦੀ ਕਲਾਖ ਵਿਚ ਸ਼ਰਮਸ਼ਾਰ ਹੋ ਜਾਂਦੀ, ਹਾਣਪੁਣੇ ਦਾ ਹੱਜ ਕਰਨ ਵਾਲੀ ਲੋਕਾਈ ਤੇ ਖੁਦਾਈ।
ਉਹ ਹਾਣੀ ਨਹੀਂ ਹੁੰਦੇ, ਜੋ ਪਿੱਠ ਪਿਛੇ ਚੁਗਲੀਆਂ ਕਰਦੇ। ਤੁਹਾਡੀ ਬਦਖੋਹੀ ਵਿਚੋਂ ਆਪਣਾ ਚੰਗੇਰਾਪਣ ਜਾਹਰ ਕਰਦੇ। ਸਾਥੀ ਨੂੰ ਮਾੜਾ ਕਹਿ ਕੇ ਮਾਇਕ, ਰੁਤਬਾ ਜਾਂ ਸਮਾਜਕ ਮਾਣ ਪ੍ਰਾਪਤ ਕਰਦੇ। ਅਜਿਹੇ ਲੋਕ ਮਾਸੂਮ ਮਨਾਂ ਵਿਚ ਖੁੱਭਿਆ ਚੌਰਸ ਤੇ ਜੰਗਾਲਿਆ ਕਿੱਲ ਹੁੰਦੇ, ਜੋ ਤਾਉਮਰ ਇਕ ਚਸਕ ਪੈਦਾ ਕਰਦਾ ਰਹਿੰਦਾ, ਜਦ ਵੀ ਮਨ ਵਿਚ ਹਾਣ ਦੀ ਲੋਚਾ ਪੈਦਾ ਹੁੰਦੀ।
ਹਾਣੀ ਉਹ ਨਹੀਂ ਹੁੰਦੇ, ਜਿਨ੍ਹਾਂ ਦੇ ਕੋਹਝ, ਕਮੀਨਗੀ, ਕਰਤੂਤ ਜਾਂ ਕੁਕਰਮ ਕਾਰਨ ਨਾਲ ਤੁਰੇ ਜਾ ਰਹੇ ਹਾਣੀਆਂ ਨੂੰ ਵੀ ਨਮੋਸ਼ੀ ਹੁੰਦੀ।
ਹਾਣੀ ਉਹ ਬਣਾਓ, ਜੋ ਤੁਹਾਨੂੰ ਸਮਝੇ, ਤੁਹਾਡੇ ਵਿਚਾਰਾਂ ਦੀ ਪਰਵਾਜ਼ ਨੂੰ ਪਛਾਣੇ, ਜਿਸ ਦੇ ਕਦਮਾਂ ਵਿਚ ਤੁਹਾਡੇ ਨਾਲ ਤੁਰਨ ਦਾ ਸਾਹਸ ਹੋਵੇ, ਜਿਸ ਦੀ ਸੋਚ ਵਿਚ ਤੁਹਾਡੇ ਹਿੱਸਾ ਦਾ ਸੂਰਜ ਚਮਕਦਾ ਹੋਵੇ, ਜਿਨ੍ਹਾਂ ਦੇ ਰੂਹ-ਵਿਹੜੇ ਵਿਚ ਤੁਹਾਡੀ ਅਪਣੱਤ ਦਾ ਚਾਨਣ ਹੋਵੇ, ਜਿਸ ਦੀਆਂ ਬਰੂਹਾਂ ਵਿਚ ਤੁਹਾਡੀ ਆਮਦ ਵਿਚ ਪਾਣੀ ਡੋਲਿਆ ਜਾਵੇ ਜਾਂ ਜਿਸ ਦੇ ਮਨ ਵਿਚ ਉਚ/ਨੀਚ, ਵੱਡੇ/ਛੋਟੇ, ਆਪਣੇ/ਪਰਾਏ ਜਾਂ ਨਸਲ/ਜਾਤ, ਰੰਗ/ਰੁਤਬੇ ਦਾ ਖਿਆਲ ਨਾ ਹੋਵੇ। ਉਹ ਸਿਰਫ ਇਕ ਮਨੁੱਖ ਹੋਵੇ ਤੇ ਦੂਜੇ ਨੂੰ ਵੀ ਮਨੁੱਖ ਸਮਝਦਾ ਹੋਵੇ ਅਤੇ ਮਨੁੱਖਤਾ ਦਾ ਮੁਹਾਂਦਰਾ ਨਿਖਾਰਨਾ, ਉਸ ਦਾ ਧਰਮ ਤੇ ਚੰਗਿਆਈ ਉਸ ਦਾ ਕਰਮ ਹੋਵੇ।
ਹਾਣੀ ਉਹ ਹੀ ਹੋ ਸਕਦੇ, ਜੋ ਤੁਹਾਡੇ ਹੌਕਿਆਂ ਦੀ ਹੁੰਗਰ ਬਣਨ, ਤੁਹਾਡੇ ਹਾਸਿਆਂ ਦੇ ਕਹਿਕਹੇ ਹੋਣ, ਜਿਨ੍ਹਾਂ ਨੂੰ ਤੁਹਾਡੀ ਬੁਲੰਦੀ ਵਿਚੋਂ ਪਰਬਤੀ ਉਚਾਈ ਦਾ ਅਹਿਸਾਸ ਹੋਵੇ ਜਾਂ ਜਿਨ੍ਹਾਂ ਨੂੰ ਤੁਹਾਡੀ ਖੁਆਬ-ਪੂਰਤੀ ਵਿਚ ਵੀ ਕੁਝ ਸਿਰਜਣ ਅਤੇ ਪ੍ਰਾਪਤੀ ਦਾ ਮਾਣ ਹੋਵੇ।
ਹਾਣੀ ਉਹ ਹੀ ਹੁੰਦਾ, ਜੋ ਤੁਹਾਡੇ ਨਾਲ ਕੁਝ ਕਦਮ ਤੁਰੇ, ਪਰ ਉਸ ਦੀ ਸੰਵੇਦਨਾ ਸਾਰੀ ਉਮਰ ਮਹਿਕਦੀ ਰਹੇ। ਕੁਝ ਪਲਾਂ ਦਾ ਸਾਥ, ਰੂਹ ਦੀ ਤਿਸ਼ਨਗੀ ਬਣ ਜਾਵੇ। ਕੁਝ ਬੋਲਾਂ ਦੀ ਸਾਂਝ, ਮਿੱਠ-ਬੋਲੜੇ ਬੋਲਾਂ ਦਾ ਸ਼ਹਿਦ ਹੋਵੇ। ਸਦਾ ਮਿਠਾਸ ਵਰਤਾਉਂਦਾ ਰਹੇ, ਜਿਸ ਦੇ ਨੈਣਾਂ ਵਿਚ ਦਿਆ-ਭਾਵਨਾ, ਹਮਦਰਦੀ ਅਤੇ ਹਲੀਮੀ ਦਾ ਵਾਸ ਹੋਵੇ, ਜਿਸ ਦਾ ਹੱਥ ਹਮੇਸ਼ਾ ਮਦਦ ਲਈ ਉਠੇ, ਜਿਸ ਦੀ ਸੋਝੀ ਵਿਚ ਸੁ.ਭ-ਕਰਮਨ ਦੀ ਲਾਲਸਾ ਹੋਵੇ ਅਤੇ ਜਿਸ ਦੀਆਂ ਭਾਵਨਾਵਾਂ ਵਿਚ ਸੁੱਚਮ ਤੇ ਉਚਮ ਦਾ ਨਿਵਾਸ ਹੋਵੇ।
ਹਾਣੀ ਉਹ ਹੁੰਦਾ ਜਿਸ ਦੇ ਮਨ ਵਿਚ ਫੁੱਲਾਂ ਦੀ ਖੇਤੀ ਹੋਵੇ, ਜਿਸ ਦੇ ਮਸਤਕ ਵਿਚ ਖੁਸ਼ਬੂਆਂ ਮੌਲਣ ਅਤੇ ਇਸ ਦੀ ਆਬੋ-ਹਵਾ ਵਿਚ ਜਿਉਣ ਜਾਚ ਨੂੰ ਨਵਾਂ ਸਰੂਰ ਮਿਲੇ। ਇਸ ਦੀਆਂ ਤਰਜੀਹਾਂ ਵਿਚ ਲੋਕਾਈ ਦੀਆਂ ਤਕਦੀਰਾਂ ਦੀ ਤ੍ਰਿਸ਼ਨਾ ਹੋਵੇ ਅਤੇ ਜਿਸ ਦੇ ਪੈਰਾਂ ਵਿਚ ਗਰੀਬੀ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਹੋਵੇ।
ਹਾਣੀ ਉਹ ਹੁੰਦੇ ਜੋ ਪਿਆਰ, ਆਦਰ, ਸਤਿਕਾਰ, ਮਿੱਤਰਤਾ, ਆਪਸੀ ਸੂਝ-ਬੂਝ, ਵਾਦ-ਸੰਵਾਦ ਅਤੇ ਸਾਥ ਦਾ ਸੁੰਦਰ ਸੰਗਮ ਹੁੰਦੇ। ਉਸ ਨਾਲ ਮਨੁੱਖ ਦਾ ਜਿਉਣਾ, ਜੀਅ ਨਾਲ ਜਿਉਣਾ ਹੁੰਦਾ ਨਾ ਕਿ ਸਾਹ ਪੂਰੇ ਕਰਨਾ।
ਹਾਣੀ ਸੀਰਤ, ਸਿਆਣਪ ਅਤੇ ਸੁੰਦਰਤਾ ਦਾ ਅਜਿਹਾ ਮੁਜੱਸਮਾ ਜੋ ਅੰਦਰੋਂ ਪਾਕ ਤੇ ਪਾਕੀਜ਼ ਹੁੰਦਾ। ਇਹੀ ਅਦਾ ਉਸ ਦਾ ਸਭ ਤੋਂ ਵੱਡਾ ਹਾਸਲ ਹੁੰਦਾ।
ਹਾਣੀ ਤਾਂ ਉਹ ਹੀ ਹੁੰਦਾ, ਜੋ ਕਿਸੇ ਬਸਤਰਹੀਣ ਲਈ ਲਿਬਾਸ, ਉਦਾਸ ਚਿਹਰੇ ਲਈ ਆਸ, ਸਾਹ-ਸੱਤਹੀਣ ਲਈ ਧਰਵਾਸ, ਹਾਰੇ ਲਈ ਵਿਸ਼ਵਾਸ ਅਤੇ ਰੁਆਂਸੇ ਲਈ ਹੁਲਾਸ ਦਾ ਸਿਰਨਾਵਾਂ ਹੁੰਦਾ। ਹਾਣੀ ਤਾਂ ਭੁੱਖੇ ਪੇਟ ਲਈ ਟੁੱਕਰ, ਚੀਥੜਿਆਂ ਲਈ ਅੱਖ ਦਾ ਹੰਝੂ ਅਤੇ ਡਿੱਗਿਆਂ ਲਈ ਡੰਗੋਰੀ ਹੁੰਦੇ।
ਹਾਣੀ ਤਾਂ ਉਹ ਹੁੰਦੇ ਜੋ ਆਲ੍ਹਿਆਂ ਵਿਚ ਬੁੱਝੇ ਚਿਰਾਗਾਂ ਲਈ ਅਰਦਾਸ, ਘਰ ਦੀ ਸੁੰਨ ਲਈ ਜਾਗਦੀ ਆਸ ਅਤੇ ਬੇਆਸ ਵਿਹੜਿਆਂ ਲਈ ਆਪਣਿਆਂ ਦੇ ਪਰਤ ਆਉਣ ਦੀ ਆਸਥਾ ਹੁੰਦੇ। ਘਰ ਨੂੰ ਘਰ ਬਣਾਉਣ ਦਾ ਵਰਦਾਨ, ਕਮਰਿਆਂ ਦੀ ਸ਼ਾਨ ਅਤੇ ਦੁਮੇਲੜੇ ਬਨੇਰਿਆਂ ਦਾ ਮਾਣ ਹੁੰਦੇ।
ਹਾਣੀ, ਆਮ ਹਾਣੀਆਂ ਜਿਹੇ ਨਹੀਂ ਹੁੰਦੇ। ਸਗੋਂ ਹਾਣੀ ਉਹ ਹੁੰਦੇ, ਜੋ ਤੁਹਾਡਾ ਹੀ ਪ੍ਰਤੀਬਿੰਬ ਹੁੰਦੇ, ਜਿਸ ਵਿਚੋਂ ਤੁਸੀਂ ਆਪਣਾ ਅਕਸ ਦੇਖ ਸਕਦੇ ਹੋ। ਅਜਿਹਾ ਹਾਣੀ ਇਕ ਹੀ ਬਥੇਰਾ। ਬਹੁਤਿਆਂ ਦੀ ਲੋੜ ਨਹੀਂ।
ਇਕ ਅੱਧ ਹਾਣੀ ਤਾਂ ਅਜਿਹਾ ਹੋਣਾ ਹੀ ਚਾਹੀਦਾ। ਤੁਹਾਡਾ ਕੀ ਵਿਚਾਰ ਏ?