ਨਹੀਂ ਵਸਦਾ ਪੰਜਾਬ ਗੁਰਾਂ ਦੇ ਨਾਂ ‘ਤੇ

ਪੰਜਾਬ ਸਿੰਘ ਦਾ ਇਕਬਾਲੀਆ ਬਿਆਨ
ਡਾ. ਸੁਖਪਾਲ ਸੰਘੇੜਾ
ਹੈਲੋ, ਇਥੇ ਤੇ ਬਾਕੀ ਸੰਸਾਰ ਵਿਚ ਖਿੱਲਰੇ ਪੰਜਾਬੀਓ, ਕਾਇਨਾਤ ਦੇ ਨਾਂ ‘ਤੇ: ਸਾਸਰੀਕਾਲ, ਚੜ੍ਹਦੀ ਕਲਾ, ਨਮਸਤੇ, ਇਸਲਾਮ-ਅਲੇਕਮ, ਰੱਬ ਰਾਖਾ! ਮੇਰਾ ਨਾਮ ਪੰਜਾਬ ਸਿੰਘ ਆ; ਮੈਂ ਆਪਣੇ-ਆਪ ਨੂੰ ‘ਮੈਂ’ ਤੇ ਕਦੀ ‘ਅਸੀਂ’ ਨਾਲ ਮੁਖਾਤਬ ਹੁੰਦਾਂ। ਅਸੀਂ ਉਨੇ ਹੀ ਸਿਆਣੇ ਹਾਂ, ਜਿੰਨਾ ਸਾਡਾ ਵੱਧ ਤੋਂ ਵੱਧ ਸਿਆਣਾ ਵਿਦਵਾਨ, ਤੇ ਉਨੇ ਹੀ ਬੇਫਕੂਫ ਜਿੰਨਾ ਸਾਡਾ ਵੱਧ ਤੋਂ ਵੱਧ ਅਗਿਆਨੀ ਬੰਦਾ।
ਪੰਜਾਬ ਵਸਦਾ ਗੁਰਾਂ ਦੇ ਨਾਂ ‘ਤੇ? ਸ਼ਾਇਰ ਕਦੀ ਸਮੇਂ ਦੇ ਸੱਚ ‘ਚੋਂ ਬੋਲਦਾ ਹੈ, ਤੇ ਕਦੀ ਭਵਿੱਖ ਦੇ ਸੁਫਨੇ ‘ਚੋਂ। ਮੈਨੂੰ ਨਹੀਂ ਪਤਾ, ਉਸ ਸ਼ਾਇਰ ਦੇ ਚਿੱਤ ਵਿਚ ਕੀ ਸੀ, ਜਦੋਂ ਉਹਨੇ ਕਰੀਬ ਸਦੀ ਪਹਿਲਾਂ ਕਹਿ ਮਾਰਿਆ, “ਪੰਜਾਬ ਵਸਦਾ ਗੁਰਾਂ ਦੇ ਨਾਂ ‘ਤੇ।” (ਪ੍ਰੋ. ਪੂਰਨ ਸਿੰਘ)

ਉਂਜ ਮੈਂ ਤਾਂ ਇਸ ਤੁਕ ਵਿਚ ਵਿਸ਼ਵਾਸ ਕਰਦਾ ਹਾਂ, ਸ਼ਾਇਰ ਦੇ ਕਹਿਣ ਤੋਂ ਪਹਿਲਾਂ ਵੀ ਤੇ ਪਿਛੋਂ ਵੀ।
ਕੁਝ ਸ਼ਾਇਰਾਂ ਦੇ ਬੋਲ ਸਦੀਆਂ ਤੋਂ ਹਵਾ ਵਿਚ ਭਟਕਦੇ ਰਹਿੰਦੇ ਨੇ, ਉਨ੍ਹਾਂ ਸਿਰਾਂ ਦੀ ਭਾਲ ਵਿਚ, ਜਿੱਥੇ ਬੋਲ ਇਕ ਕੰਨ ਰਾਹੀਂ ਦਾਖਲ ਹੋ ਕੇ ਦੂਜੇ ਰਾਹੀਂ ਬਾਹਰ ਨਾ ਨਿਕਲ ਜਾਣ। ਅਸੀਂ ਇੰਨਾ ਵੀ ਬੋਲੇ ਨਹੀਂ ਹੁੰਦੇ, ਇੰਨੇ ਕਮਲੇ ਵੀ ਨਹੀਂ; ਬੱਸ ਮਚਲੇ, ਮੀਸਣੇ ਜਿਹੇ ਬਣ ਘੇਸਲ ਮਾਰ ਲੈਂਦੇ ਆਂ; ਕਈ ਵਾਰੀ ਵਰ੍ਹਿਆਂ ਤੇ ਸਦੀਆਂ ਲੰਮੀ ਘੇਸਲ। ਸਦੀਆਂ ਤੋਂ ਆਲੇ ਦੁਆਲੇ ਘੁੰਮਦੇ, ਉਜੜੇ ਹੋਏ, ਸ਼ਬਦ ਤੇ ਫਿਕਰੇ ਅੱਜ ਵੀ ਸੁਣਦਾਂ,
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)

ਸਚ ਕੀ ਬਾਣੀ ਨਾਨਕੁ ਆਖੈ
ਸਚੁ ਸੁਣਾਇਸੀ ਸਚ ਕੀ ਬੇਲਾ॥ (ਪੰਨਾ 723)
ਜਦੋਂ ਮੈਂ ਇਸ ਤਰ੍ਹਾਂ ਦੇ ਸ਼ਬਦ ਤੇ ਫਿਕਰੇ ਸੁਣਦਾਂ ਤਾਂ ਕਦੀ ਮੇਰੇ ਕੰਨਾਂ ਵਿਚ ਸ਼ਾਂ-ਸ਼ਾਂ ਹੋਣ ਲੱਗਦੀ ਆ, ਤੇ ਕਦੀ ਦਿਲ ਉਤੇ-ਥੱਲੇ ਹੋਣ ਲੱਗ ਜਾਂਦਾ ਯਾਨਿ ਬੇਚੈਨੀ ਜਿਹੀ ਹੋਣ ਲੱਗਦੀ ਆ, ਜਿਹਨੂੰ ਅੰਗਰੇਜ਼ੀ ਵਿਚ ‘ਫੀਲਿੰਗ ਅਨਕੰਫਰਟੇਬਲ’ ਕਹਿੰਦੇ ਆ।
ਪਰ ਮੈਨੂੰ ਭੌਰਾ ਭਰ ਵੀ ਸ਼ੱਕ ਨਹੀਂ ਸੀ ਕਿ ਮੈਂ ਗੁਰਾਂ ਦੇ ਨਾਂ ‘ਤੇ ਵਸਦਾਂ। ਪੂਰਾ ਵਿਸ਼ਵਾਸ ਸੀ ਮੈਨੂੰ ਇਸ ਗੱਲ ਦਾ, ਸੰਨ 2019 ਦੇ ਕੱਤਕ ਦੀ ਪੁੰਨਿਆਂ ਤੱਕ, ਜਦੋਂ ਮੇਰੇ ‘ਤੇ ਇੱਕ ਅਜਬ ਭਾਣਾ ਵਰਤਿਆ। ਪਤਾ ਨਹੀਂ ਇਹ ਆਵਾਜ਼ ਕਿਧਰੋਂ ਆਈ, ਜਾਂ ਖਬਰੇ ਮੇਰਾ ਆਪਾ ਹੀ ਆਪੇ ਤੋਂ ਬਾਹਰ ਹੋ ਕੇ ਖੁਦ ‘ਤੇ ਵਰ੍ਹ ਪਿਆ ਸੀ, ਪੰਜਾਬ ਸਿੰਹਾਂ, ਅੱਕ ਚੱਬੇਂਗਾ? ਐਵੇਂ ਬੁਰਾ ਨਾ ਮੰਨ ਜਾਵੀਂ, ਅੱਕ, ਜਾਂ ਕਹਿ ਲੈ ਕੌੜ ਗੰਦਲ ਵਰਗਾ ਸੱਚ ਕਹਿਣ ਲੱਗਾਂ, “ਨਹੀਂ ਵਸਦਾ ਪੰਜਾਬ ਗੁਰਾਂ ਦੇ ਨਾਂ ‘ਤੇ!”
ਐਵੇਂ ਝੂਠ ਬੋਲਦਾ ਰਿਹਾ ਏਂ ਤੂੰ ਖੁਦ ਨਾਲ। ਤੇਰੇ ਆਸਹੀਣਤਾ, ਦਿਸ਼ਾਹੀਣਤਾ ਵਿਚ ਗੁਆਚੇ ਗੱਭਰੂ ਨਸ਼ਿਆਂ ਦੇ ਹੜ੍ਹ ਵਿਚ ਡੁੱਬ ਕੇ ਮਰ ਰਹੇ ਆ, ਜੋ ਜੁਗਾੜ੍ਹ ਬਣਾ ਸਕਣ, ਉਸ ਆਪਣੇ ਸੁਪਨਿਆਂ ਪਿਛੇ ਦੌੜਦੇ ਤੈਨੂੰ ਛੱਡ ਕੇ ਦੂਜੇ ਮੁਲਕਾਂ ਨੂੰ ਉਡਾਰੀਆਂ ਮਾਰ ਰਹੇ ਆ। ਤੇਰੇ ਭਾਈ ਲਾਲੋ, ਕਿਰਤੀ ਕਿਸਾਨ, ਕਰਜ਼ੇ ਦੇ ਭਾਰ ਦਾ ਫਾਹਾ ਗਲ ਪਾ ਖੁਦਕੁਸ਼ੀਆਂ ਰਹੇ ਆ।
ਤੂੰ ਇਹਨੂੰ ‘ਵਸਣਾ’ ਆਖਦਾਂ ਏਂ? ਤਾਂ ਫਿਰ ਉਜੜਨਾ ਕਿੱਦਾਂ ਦਾ ਹੁੰਦਾ?
ਪੰਜਾਬ ਜਿਉਂਦਾ ਕਲਗੀਆਂ ਦੇ ਨਾਂ ‘ਤੇ: ਗੁਰਾਂ ਦੇ ਨਾਂ ‘ਤੇ ਵਸਣਾ ਤਾਂ ਦੂਰ ਦੀ ਗੱਲ ਰਹੀ, ਤੈਨੂੰ ਤਾਂ ਗੁਰਾਂ ਦੇ ਨਾਂ ‘ਤੇ ਜਿਉਣਾ ਵੀ ਨਹੀਂ ਆਉਂਦਾ। ਕੀ ਬਣਿਆ ਤੇਰੇ ਉਸ ‘ਰੈਨੇਸਾਂਸ ਮੈਨ’ ਦਾ? ਜਿਹਨੇ ਗੁਰੂ ਸਾਹਿਬਾਨ ਤੇ ਗੁਰਬਾਣੀ ਨੂੰ ਸਮਝ ਕੇ ਬ੍ਰਾਹਮਣਵਾਦੀ ਜਾਤ-ਪਾਤ ਖਤਮ ਕਰਨਾ ਸੀ? ਖੁਦ ਜਾਤ-ਪਾਤ ਵਿਚ ਖੇਰੂੰ ਹੋ ਗਿਆ: ਜੱਟ ਸਿੱਖ, ਮਜਹਬੀ ਸਿੱਖ, ਭਾਪੇ ਸਿੱਖ, ਰਾਮਗੜੀਏ ਸਿੱਖ ਵਗੈਰਾ ਵਗੈਰਾ। ਗੁਰਦੁਆਰੇ ਵੀ ਜਾਤਾਂ ਵਿਚ ਵੰਡ ਲਏ: ਜੱਟਾਂ ਦਾ, ਭਾਪਿਆਂ ਦਾ, ਚਮਾਰਾਂ ਦਾ, ਤਰਖਾਣਾਂ ਦਾ ਗੁਰਦੁਆਰਾ।
ਉਹ ਜਾਤ-ਪਾਤ ‘ਤੇ ਵੀ ਨਹੀਂ ਰੁਕਦਾ; ਹੋਰ ਵੀ ਪਿੱਛੇ ਜਾਂਦਾ ਕਬੀਲਿਆਂ, ਗੋਤਾਂ ਵਿਚ ਵਟ ਜਾਂਦਾ ਤੇ ‘ਸਾਹਿਬ’ ਦੀ ਕਲਗੀ ਲਵਾਉਣ ਵਿਚ ਮਾਣ ਮਹਿਸੂਸ ਕਰਦਾ: ਕੀ ਹਾਲ ਐ ਬਰਾੜ ਸਾਹਿਬ, ਕਮਾਲ ਐ ਸੰਘੇੜਾ ਸਾਹਿਬ ਵਗੈਰਾ ਵਗੈਰਾ। ਏਦਾਂ ਆਪਣੀ ਸੋਚ ਵਿਚ ਅਸੀਂ ਜਦ ਕਬੀਲੇ ਵਾਲੇ ਯੁੱਗ ਨੂੰ ਪੌੜੀਆਂ ਉਤਰਨ ਲੱਗਦੇ ਆਂ ਤਾਂ ਸਾਡੇ ਸਿਰਾਂ ‘ਤੇ ਰਜਵਾੜਾਸ਼ਾਹੀ ਤੇ ਸਰਦਾਰੀਆਂ ਦੀਆਂ ਕਲਗੀਆਂ ਉਗਣ ਲੱਗ ਪੈਂਦੀਆਂ।
ਅਜੇ ਬਥੇਰੇ ਪੁੱਤਰ ਨੇ, ਜੋ ਇਨ੍ਹਾਂ ਕਲਗੀਆਂ ਦੀ ਛਾਂ ਵਿਚ ਹੀ ਬੱਕਰੇ ਬੁਲਾਉਣ ਲੱਗਦੇ ਆ। ਮਨੁੱਖੀ ਸੱਭਿਅਤਾ ਦੇ ਬਣਨ ਤੋਂ ਵੀਹ ਹਜ਼ਾਰ ਸਾਲ ਬਾਅਦ ਵੀ ਤੇਰੇ ਬੰਦਿਆਂ ਨੂੰ ਬੰਦੇ ਦਾ ਪੁੱਤ ਬਣਨ ਨਾਲੋਂ ਸ਼ੇਰ ਦਾ ਪੁੱਤ ਬਣਨ ਵਿਚ ਵੱਧ ਮਾਣ ਕਿਉਂ ਹੁੰਦਾ? ਅਜੇ ਵੀ ਬਥੇਰੀਆਂ ਧੀਆਂ ਨੇ, ਜੋ ਜੇ ਪੁੱਤਰਾਂ ਵਾਂਗ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਲੱਗ ਪੈਣ ਤਾਂ ਇਨ੍ਹਾਂ ਕਲਗੀਆਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ, ਜਿਹਨੂੰ ਅਸੀਂ ‘ਖਾਨਦਾਨ ਦੀ ਇੱਜਤ ਨੂੰ ਖਤਰਾ’ ਦਾ ਨਾਂ ਦਿੰਦੇ ਆਂ। ਜਦੋਂ ਇਹ ਖਤਰਾ ਪੈਂਦਾ ਹੁੰਦਾ, ਕੁੜੀ ਵਾਲਿਆਂ ਦਾ ਖਾਨਦਾਨੀ ਨੱਕ ਭਾਈਚਾਰੇ ਵਿਚ ਵੱਢਿਆ ਜਾਂਦਾ; ਜਿਸ ‘ਤੇ ਬੰਦੂਕੜੀਆਂ ਵੀ ਚੱਲ ਸਕਦੀਆਂ। ਅਕਸਰ ਇਸ ਖਤਰੇ ਦੇ ਡਰੋਂ ਹੀ ਧੀਆਂ ਨੂੰ ਘਰ ਦੀ ਚਾਰ-ਦੀਵਾਰੀ ਜਾਂ ਨਿਗਰਾਨੀ ਹੇਠ ਕੈਦ ਰੱਖਿਆ ਜਾਂਦਾ।
ਉਂਜ ਤੇਰਾ ਲਾਣਾ ਆਧੁਨਿਕ ਵੀ ਬਹੁਤ ਹੋ ਗਿਆ। ਹੁਣ ਬੱਚੀ ਨੂੰ ਜਨਮ ਪਿਛੋਂ ਚਾਟੀ ਵਿਚ ਪਾ, ਜ਼ਮੀਨ ‘ਚ ਦੱਬਣ ਦੀ ਲਾਹਨਤ ਤੋਂ ਬਚ ਜਾਂਦਾ; ਮਾਡਰਨ ਤਕਨਾਲੋਜੀ ਦੇ ਆਸਰੇ ਅਗਾਊਂ ਪਤਾ ਲਾ ਲੈਂਦਾ ਕਿ ਜੰਮਣ ਵਾਲਾ ਬੱਚਾ ਹੋਵੇਗਾ ਜਾਂ ਬੱਚੀ, ਤਾਂ ਜੋ ਅਨ-ਚਾਹੀ ਬੱਚੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਸਕੇ। ਉਦੋਂ ਗੁਰੂ ਸਾਹਿਬਾਨ ਜਾਂ ਗੁਰਬਾਣੀ ਦਾ ਚੇਤਾ ਭੁੱਲ ਜਾਂਦਾ, ਜੋ ਇਸ ਜ਼ਾਲਮਾਨਾ ਸਮਾਜਕ ਕੁਰੀਤੀ ਵਿਰੁਧ ਆਵਾਜ਼ ਉਠਾਉਂਦਿਆਂ ਇਹਨੂੰ ਘੋਰ ਪਾਪ ਕਹਿੰਦੇ ਆ।
ਇੰੰਜ ਅਜੇ ਵੀ ਤੂੰ ਗੁਰਬਾਣੀ ਨੂੰ ਉਲੰਘਦਾ ਆਪਣੇ ਪੁੱਤਰਾਂ ਤੇ ਧੀਆਂ ਵਿਚ ਫਰਕ ਕਰਦਾ ਏਂ। ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦੀ ਥਾਂ ਅੱਜ ਵੀ ਤੇਰੇ ਬਥੇਰਿਆਂ ਸਿਰਾਂ ‘ਤੇ ‘ਰੰਨਾਂ ਚੈਂਚਲਹਾਰੀਆਂ, ਕੀ ਰੰਨਾਂ ਦਾ ਇਤਬਾਰ’, ‘ਔਰਤ ਦੀ ਮੱਤ ਉਹਦੇ ਗਿੱਟਿਆਂ ‘ਚ ਹੁੰਦੀ ਆਂ’ ਅਤੇ ‘ਔਰਤ ਮਰਦ ਦੇ ਪੈਰ ਦੀ ਜੁੱਤੀ ਆ’ ਵਰਗਾ ਕੂੜ੍ਹਾ ਕਰਕਟ ਭਰਿਆ ਹੋਇਆ।
ਗੁਰਾਂ ਨੇ ਜਿਸ ਜਮੀਨ ‘ਤੇ ਤਰਕ ਗੋਸ਼ਟੀਆਂ ਕੀਤੀਆਂ, ਉਸੇ ਜਮੀਨ ‘ਤੇ ਤਰਕ ਦੀ ਥਾਂ ਤਕਰਾਰ ਚੱਲਦੇ ਨੇ। ਤੁਛ ਗੱਲਾਂ ਤੋਂ ਵੀ ਜੀਭਾਂ ਬੱਕਰੇ ਬੁਲਾਉਣ ਲੱਗਦੀਆਂ ਨੇ, ਹੱਥ ਦੂਜੇ ਸਿਰਾਂ ਤੋਂ ਪੱਗਾਂ ਉਛਾਲਣ ਲੱਗ ਪੈਂਦੇ ਆ, ਸਿਰ ਪਾਟਦੇ ਆ, ਤੇ ਬੰਦੂਕੜੀਆਂ ਚੱਲ ਪੈਂਦੀਆਂ; ਸਭ ਕਲਗੀਆਂ ਦੀ ਛਾਂ ਵਿਚ!
ਫਿਰ ਉਹ ਆਵਾਜ਼ ਪਤਾ ਨਹੀਂ ਆਲੇ ਦੁਆਲੇ ਗੁੰਮ ਹੋ ਗਈ ਜਾਂ ਮੇਰੇ ਮਗਜ ‘ਚ, ਪਰ ਰੂਹ ਨੂੰ ਚੂੰਢੀਆਂ ਵੱਢਦਾ ਇਕ ਸਵਾਲ ਛੱਡ ਗਈ: ਜਦ ਅੱਜ ਵੀ ਰਜਵਾੜਾਸ਼ਾਹੀ ਕਲਗੀਆਂ ਦੇ ਨਾਂ ‘ਤੇ ਜਿਉਂਦੀ ਹੈ ਪੰਜਾਬ, ਮੈਂ ਕਿਹੜੇ ਮੂੰਹ ਨਾਲ ਕਹਾਂ ਕਿ ਵਸਦਾ ਹੈ ਪੰਜਾਬ ਗੁਰਾਂ ਦੇ ਨਾਂ ‘ਤੇ?
ਪੰਜਾਬ ਜਿਉਂਦਾ ਬ੍ਰਾਹਮਣਵਾਦੀ ਰੀਤਾਂ ਤੇ ਪਖੰਡਾਂ ਦੇ ਨਾਂ ‘ਤੇ, ਹਾਲੇ ਵੀ: ਮੈਂ ਤਾਂ ਲਾਣੇ ਨੂੰ ਬੜਾ ਸਮਝਾਉਂਦਾਂ ਬਈ ਗੁਰੂਆਂ, ਭਗਤਾਂ ਤੇ ਸੂਫੀਆਂ ਨੇ ਸਾਨੂੰ ਧਾਰਮਿਕ ਲੁਟੇਰਿਆਂ ਦੀਆਂ ਕੁਰੀਤਾਂ, ਪਖੰਡਾਂ ਤੇ ਅੰਧਵਿਸ਼ਵਾਸ ਤੋਂ ਆਪਣੀ ਰਾਖੀ ਕਰਨ ਲਈ ਦੋ ਵੱਡੇ ਹਥਿਆਰ ਦਿੱਤੇ ਆ: ਸੱਚ ਤੇ ਤਰਕ। ਕਿਸੇ ਵੀ ਮਸਲੇ ਬਾਰੇ ਪਹਿਲਾਂ ਸੱਚ ਨੂੰ ਤਿਨਕਾ ਤਿਨਕ ਤੱਥ ਚੁਗ ਚੁਗ ਕੇ ਇਕੱਤਰ ਕਰੋ, ਫਿਰ ਤਰਕ ਵਰਤ ਕੇ ਤੱਥਾਂ ਨੂੰ ਇੱਕ ਦੂਜੇ ਸੰਗ ਜੋੜੋ, ਜਾਂਚੋ। ਇੰਜ ਗਿਆਨ ਤੱਕ ਪਹੁੰਚੋ। ਗਿਆਨ ਦਾ ਇਹੀ ਰਾਹ ਗੁਰੂ ਸਾਹਿਬਾਨ ਨੇ ਦਿਖਾਇਆ; ਇਹੀ ਵਿਗਿਆਨ ਦਿਖਾਉਂਦਾ ਆ। ਮੈਂ ਤਾਂ ਚੌਣੇ ਨੂੰ ਬੜਾ ਸਮਝਾਉਂਦਾਂ, ਮੇਰੀ ਕੋਈ ਸੁਣੇ ਵੀ!
ਜਦੋਂ ਮੈਨੂੰ ਕੋਈ ਮਿਹਣਾ ਮਾਰਨ ਵਾਂਗ ਪੁੱਛਦਾ, “ਬਈ ਪੰਜਾਬ ਸਿੰਹਾਂ, ਕੀ ਬਣਿਆ ਤੇਰੇ ਉਸ ‘ਰੈਨੇਸਾਂਸ ਮੈਨ’ ਦਾ, ਜਿਹਨੇ ਪੰਜਾਬ ਨੂੰ ਆਧੁਨਿਕ ਯੁੱਗ ਵੱਲ ਲੈ ਜਾਣਾ ਸੀ, ਜਿਵੇਂ ਤੂੰ ਕਹਿੰਦਾ ਸੀ, ਯੂਰਪ ਨੂੰ ਉਹਦਾ ‘ਰੈਨੇਸਾਂਸ ਮੈਨ’ ਮਾਡਰਨ ਯੁੱਗ ਵੱਲ ਲੈ ਗਿਆ? ਕੀ ਕਰਦਾ ਅੱਜ ਕੱਲ ਉਹ ਗੁਰੂ ਸਾਹਿਬਾਨ ਦੀ ਲਹਿਰ ਵਿਚੋਂ ਜੰਮਿਆ ਤੇਰਾ ਨਵਾਂ ਮਨੁੱਖ, ਗੁਰੂ ਦਾ ਸਿੱਖ?”
ਮੈਂ ਹੀ ਜਾਣਦਾਂ, ਤਦ ਮੇਰੇ ਦਿਲ ‘ਤੇ ਕੀ ਬੀਤੀ ਆ। ਇਹ ਸਵਾਲ ਜਾਂ ਕਹਿ ਲਓ ਮਿਹਣਾ, ਪਾਣੀਉਂ ਪਤਲਾ ਤੇ ਕੱਖੋਂ ਹੌਲਾ ਕਰ ਕੇ ਸੁੱਟ ਜਾਂਦਾ ਮੈਨੂੰ। ਕੀ ਦੱਸਾਂ, ਕੀ ਕਰਦਾ ਮੇਰਾ ‘ਰੈਨੇਸਾਂਸ ਮੈਨ’। ਦੱਸਣ ਜੋਗਾ ਛੱਡਿਆ ਹੋਵੇ ਤਾਂ!
ਕੀ ਕਹਾਂ ਕਿ ਮੇਰਾ ‘ਰੈਨੇਸਾਂਸ ਮੈਨ’ ਗੁਰਦੁਆਰਿਆਂ ਨਾਲ ਬਣੇ ਸਰੋਵਰਾਂ ਵਿਚ ਸੰਗਰਾਂਦ, ਮੱਸਿਆ ਤੇ ਹੋਰ ਖਾਸ ਮੌਕਿਆਂ ‘ਤੇ ਕਿਸੇ ਹਿੰਦੂ ਸ਼ਰਧਾਲੂ ਦੀ ਤੀਰਥ ਯਾਤਰਾ ਤੇ ਇਸ਼ਨਾਨ ਵਾਂਗ ਹੀ ਇਸ਼ਨਾਨ ਕਰਦਾ ਵੇਖਿਆ ਜਾਂਦਾ; ਉਸੇ ਜਿਹੀ ਹੀ ਸ਼ਰਧਾ ਤੇ ਭਾਵਨਾ ਨਾਲ।
ਗੁਰਬਾਣੀ ਗਵਾਹ ਹੈ ਕਿ ਗੁਰੂ ਸਾਹਿਬਾਨ ਨੇ ‘ਪਾਪ ਧੋਣ’ ਤੇ ‘ਜੀਵਨ ਸਫਲਾ ਕਰਨ’ ਦੇ ਇਰਾਦੇ ਤੇ ਭਾਵਨਾ ਨਾਲ ਕੀਤੀ ਤੀਰਥ ਯਾਤਰਾ ਤੇ ਇਸ਼ਨਾਨ ਨੂੰ ਭਰਮ ਕਿਹਾ ਤੇ ਇਸ ਰੀਤ ਨੂੰ ਬ੍ਰਾਹਮਣਵਾਦ ਦਾ ਅੰਧਵਿਸ਼ਵਾਸ ਤੇ ਪਖੰਡ ਕਹਿ ਕੇ ਇਹਦਾ ਖੰਡਨ ਕੀਤਾ।
ਤਰਕ ਕਹਿੰਦਾ ਹੈ, ਜੇ ਅਜਿਹੀ ਤੀਰਥ ਯਾਤਰਾ ਤੇ ਇਸ਼ਨਾਨ ਭਰਮ ਤੇ ਪਖੰਡ ਹੈ ਤਾਂ ਅਜਿਹੇ ਹੀ ਇਰਾਦੇ ਤੇ ਭਾਵਨਾ ਨਾਲ ਕੀਤੀ ਗਈ ਗੁਰਧਾਮ-ਯਾਤਰਾ ਤੇ ਗੁਰਧਾਮਾਂ ਨਾਲ ਬਣੇ ਸਰੋਵਰਾਂ ਵਿਚ ਕੀਤਾ ਗਿਆ ਇਸ਼ਨਾਨ ਵੀ ਭਰਮ ਤੇ ਪਖੰਡ ਹੀ ਹੋਇਆ ਕਿ ਨਹੀਂ?
ਕੀ ਕਹਾਂ ‘ਰੈਨੇਸਾਂਸ ਮੈਨ’ ਬਾਰੇ? ਜਾਂ ਫਿਰ ਇਹ ਦੱਸਾਂ ਕਿ ਉਹ ਥਾਲ ਵਿਚ ਦੀਵੇ ਬਾਲ ਕੇ ਗੁਰੂ ਗ੍ਰੰਥ ਸਾਹਿਬ ਦੀ ਉਤਾਰੀ ਜਾ ਰਹੀ ਆਰਤੀ ਵਿਚ ਵੀ ਸ਼ਰੀਕ ਹੋ ਰਿਹਾ ਹੈ, ਉਸੇ ਆਰਤੀ ਨੂੰ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਕੂੜ੍ਹ ਤੇ ਅਡੰਬਰ’ ਕਿਹਾ ਗਿਆ ਹੈ। ਉਸੇ ਗੁਰੂ ਗ੍ਰੰਥ ਸਾਹਿਬ ਦੀ ਉਸੇ ਢੰਗ ਨਾਲ ਉਤਾਰੀ ਜਾ ਰਹੀ ਆਰਤੀ ਫਿਰ ਮਹਾਂ ਕੂੜ੍ਹ ਅਡੰਬਰ ਨਾ ਹੋਈ ਤਾਂ ਹੋਰ ਕੀ ਹੋਈ? ਜੇ ਮੰਦਿਰ ਵਿਚ ਉਤਾਰੀ ਉਹ ਆਰਤੀ ਬ੍ਰਾਹਮਣਵਾਦ ਹੈ, ਤਾਂ ਇਹ ਆਰਤੀ ਕੀ ਹੋਈ? ਇਸ ਸਵਾਲ ਦਾ ਜਵਾਬ ਕੱਢਣ ਲਈ ਫਿਜ਼ਿਕਸ ਦੀ ਪੀਐਚ.ਡੀ. ਦੀ ਲੋੜ ਨਹੀਂ, ਸਿਰਫ ਪੂਜਾ ਛੱਡ ਕੇ ਸੋਚਣ ਦੀ ਲੋੜ ਹੈ।
ਇੱਦਾਂ ਹੀ, ਜੋ ਗੁਰੂ ਗ੍ਰੰਥ ਸਾਹਿਬ ‘ਮੂਰਤੀ ਪੂਜਾ’ ਤੇ ਮੂਰਤੀਆਂ ਦੇ ਭੋਗ ਲਵਾਉਣ ਦੀ ਬ੍ਰਾਹਮਣਵਾਦੀ ਰੀਤ ਦਾ ਖੰਡਨ ਕਰਦਾ, ਉਸੇ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲੱਗ ਰਹੇ ਆ ਤਾਂ ਫਿਰ ਇਹ ਰੀਤ ਬ੍ਰਾਹਮਣਵਾਦੀ ਰੀਤ ਕਿਵੇਂ ਨਾ ਹੋਈ? ਗੁਰਬਾਣੀ ਨੂੰ ਨਿਰਾਪੁਰਾ ਜਪਣਾ ਛੱਡ ਕੇ ਬੰਦਾ ਸਮਝਣ ਦੀ ਕੋਸ਼ਿਸ਼ ਕਰੇ, ਤਾਂ ਹੀ ਆ ਨਾ? ਉਨਾ ਚਿਰ ਧਰਮ ਵਪਾਰੀਆਂ ਦੀ ਪੌਂ ਬਾਰਾਂ; ਉਨ੍ਹਾਂ ਦਾ ਬਿਜਨਸ ਵਧਦਾ ਰਹਿਣਾ। ਨਾ ਹਿੰਗ ਲੱਗੇ, ਨਾ ਫਟਕੜੀ।
‘ਰੈਨੇਸਾਂਸ ਮੈਨ’ ਗੁਰਬਾਣੀ ਵਿਚ ਨਕਾਰੀ ਹੋਈ ਸਰਾਧ ਪ੍ਰਥਾ ਨੂੰ ਵੀ ਜਾਰੀ ਰੱਖ ਰਿਹਾ ਹੈ, ਭੋਜਨ ਚਾਹੇ ਬ੍ਰਾਹਮਣਾਂ ਨੂੰ ਛਕਾਇਆ ਜਾਏ ਜਾਂ ਉਨ੍ਹਾਂ ਦੀ ਥਾਂ ‘ਸਿੱਖ ਬਿਠਾਏ’ ਜਾਣ, ਗੱਲ ਤਾਂ ਉਹੀਓ ਈ ਹੋਈ। ਹੁਣ ਕੀ ਕੀ ਗਿਣਾਵਾਂ? ਬਾਬਾ ਆਦਮ ਦੇ ਵੇਲੇ ਤੋਂ ਚੱਲੀਆਂ ਆਉਂਦੀਆਂ ਬ੍ਰਾਹਮਣਵਾਦੀ ਕੁਰੀਤੀਆਂ ਤੇ ਪਖੰਡ ਉਨ੍ਹਾਂ ਦਾ ਵਿਸਤਾਰ ਤੇ ਰਹਿੰਦ-ਖੂਹੰਦ ਅਜੇ ਵੀ ਕਾਇਮ ਆ,
ਜੋਤਸ਼ੀਆਂ, ਤਾਂਤਰਿਕ ਪਖੰਡੀਆਂ ਤੇ ਪਖੰਡੀ ਬਾਬਿਆਂ ਦੀਆਂ ਪੌਂ ਬਾਰਾਂ। ਵਹਿਮਾਂ ਤੇ ਅੰਧਵਿਸ਼ਵਾਸ ਵਿਚ ਜਕੜਿਆਂ ਲਾਣਾ ਪਖੰਡੀ ਬਾਬਿਆਂ, ਤਾਂਤਰਿਕ ਪਖੰਡੀਆਂ, ਜੋਤਸ਼ੀਆਂ, ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਦੇ ਹੱਥੋਂ ਲੁੱਟ ਹੋ ਰਿਹਾ। ਕੋਈ ਗੁਰੂਆਂ ਦੇ ਦੱਸੇ ਮੁਤਾਬਕ ਏਸ ਦੰਭ ਵਿਰੁਧ ਦਲੀਲ ਕਰੇ ਤਾਂ ਸ਼ਰਧਾਲੂ ਲਾਣਾ ਉਹਨੂੰ ਵਿਰੋਧੀ ਕਹਿ ਕੇ ਦੁਰਕਾਰ ਦਿੰਦਾ। ‘ਰੈਨੇਸਾਂਸ ਮੈਨ’ ਲਾਣੇ ਵਿਚ ਰਲਿਆ ਉਨ੍ਹਾਂ ਵਾਂਗ ਹੀ ਧਾਗੇ ਤਵੀਤ ਕਰਵਾ ਰਿਹਾ; ਸੁੱਖਣਾ ਸੁੱਖਣ, ਮੰਨਤਾਂ ਮੰਗਣ/ਮਨਾਉਣ ਤੇ ਚੜ੍ਹਾਵੇ ਚੜ੍ਹਾਉਣ ਦੀਆਂ ਰਸਮਾਂ ‘ਚ ਗੜੁੱਚ ਆ।
ਆਖਰ ਇਹ ਮਾਜ਼ਰਾ ਕੀ ਹੈ ਕਿ ਅਸੀਂ ਮੁੜ ਗੁਰੂ ਸਾਹਿਬਾਨ ਤੋਂ ਪਹਿਲਾਂ ਵਾਲੀਆਂ ਬ੍ਰਾਹਮਣਵਾਦੀ ਕੁਰੀਤੀਆਂ ਤੇ ਪਖੰਡ ਵਿਚ ਅੱਜ ਵੀ ਫਸੇ ਹੋਏ ਆਂ? ਇਸ ਸਭ ਪਿੱਛੇ ਕਿਹੜਾ ਸੱਚ ਕੰਮ ਕਰ ਰਿਹਾ? ਕਈ ਵਾਰ ਸੱਚ ਸਾਡੇ ਨੱਕ ਹੇਠਾਂ ਹੁੰਦਾ, ਪਰ ਆਪਣੀਆਂ ਕਮਜ਼ੋਰੀਆਂ ਸਦਕਾ ਅਸੀਂ ਪਛਾਣ ਨਹੀਂ ਸਕਦੇ, ਜਾਂ ਪਛਾਣਨਾ ਨਹੀਂ ਚਾਹੁੰਦੇ; ਮਚਲੇ ਬਣ ਜਾਂਦੇ ਆਂ। ਗੁਰੂ ਸਾਹਿਬਾਨ ਦੇ ਸਮੇਂ ਦੌਰਾਨ ਹੀ ਉਠੀਆਂ ਸਨ ਵਿਰੋਧੀ ਧਿਰਾਂ, ਜਿਵੇਂ ਉਦਾਸੀ, ਮੀਣੇ ਅਤੇ ਹੰਦਾਲੀਏ, ਜੋ ਗੁਰੂ ਸਾਹਿਬਾਨ ਦੀ ਸਿੱਖ ਮਾਨਵਵਾਦੀ ਲਹਿਰ ਨਾਲ ਸਹਿਮਤ ਨਹੀਂ ਸਨ। ਉਦਾਸੀ ਫਿਰਕੇ ਦੇ ਪੈਰੋਕਾਰਾਂ ਨੂੰ ਬ੍ਰਾਹਮਣੀ ਫਲਸਫੇ ਤੇ ਰਹੁਰੀਤਾਂ ਵਿਚ ਸਿਖਲਾਈ ਦਿੱਤੀ ਜਾਂਦੀ ਸੀ। ਗੁਰੂ ਸਾਹਿਬਾਨ ਤੋਂ ਬਾਅਦ ਨਿਰਮਲੇ ਬ੍ਰਾਹਮਣ ਪੁਜਾਰੀਆਂ ਤੇ ਉਦਾਸੀ ਫਿਰਕੇ ਨੇ ਸਿੱਖੀ ਦੇ ਪ੍ਰਚਾਰ ਕੇਂਦਰਾਂ ‘ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਪੂਜਾ-ਅਸਥਾਨਾਂ ਵਿਚ ਬਦਲ ਦਿੱਤਾ; ਹਿੰਦੂ ਮੰਦਿਰਾਂ ਵਾਂਗ ਹੀ ਉਥੇ ਭਾਂਤ ਭਾਂਤ ਦੇ ਕਰਮ-ਕਾਂਡ ਸ਼ੁਰੂ ਕਰ ਦਿੱਤੇ। ‘ਰੈਨੇਸਾਂਸ ਮੈਨ’ ਸਣੇ ਲਾਣਾ ਇਸ ਸੱਚਾਈ ਨੂੰ ਪਛਾਣ ਨਾ ਸਕਿਆ ਜਾਂ ਪਛਾਣਨਾ ਨਹੀਂ ਸੀ ਚਾਹੁੰਦਾ। ਤਾਂ ਹੀ ਤਾਂ ਚੌਣੇ ਦੀ ‘ਨਾ ਪਛਾਣਨ’ ਦੀ ਇਸ ਸੱਚਾਈ ਦਾ ਅੱਕ ਮੈਨੂੰ ਰੋਜ਼ ਚੱਬਣਾ ਪੈਂਦਾ ਹੈ ਕਿ ਪੰਜਾਬ ਜਿਉਂਦਾ ਬ੍ਰਾਹਮਣਵਾਦੀ ਰੀਤਾਂ ਤੇ ਪਖੰਡਾਂ ਦੇ ਨਾਂ ‘ਤੇ! ਕਿਹੜੇ ਮੂੰਹ ਨਾਲ ਕਹਾਂ, ਵਸਦਾ ਹੈ ਪੰਜਾਬ ਗੁਰਾਂ ਦੇ ਨਾਂ ‘ਤੇ?
ਕਿੰਜ ਵਸੀਦਾ ਗੁਰਾਂ ਦੇ ਨਾਂ ‘ਤੇ: ਉਹੀਓ ਆਵਾਜ਼ ਫਿਰ ਕਿਧਰੋਂ ਆਈ, “ਆਧੁਨਿਕ ਯੁੱਗ ਤਾਂ ਮਿਲ ਗਿਆ ਤੈਨੂੰ, ਜੋ ਤੇਰੀ ਇੰਗਲੈਂਡ ਤੋਂ ਆਈ ਗੁਲਾਮੀ ਦਾਜ ਵਿਚ ਲਿਆਈ ਸੀ; ਉਂਜ ਤੇਰਾ ਸਰੀਰ ਹੀ ਆਧੁਨਿਕ ਯੁੱਗ ਵਿਚ ਹੈ, ਆਧੁਨਿਕ ਯੁੱਗ ਦੀਆਂ ਤਾਂ ਤੂੰ ਸਹੂਲਤਾਂ ਹੀ ਮਾਣਦਾ ਏਂ, ਤੇਰੀ ਸੋਚ, ਤੇਰੇ ਖਾਬ, ਤਾਂ ਅਜੇ ਵੀ ਬਾਬੇ ਨਾਨਕ ਤੋਂ ਪਹਿਲਾਂ ਵਾਲੇ ਮੱਧਕਾਲੀ ਯੁੱਗ ਵਿਚ ਅੜੇ ਹੋਏ ਆ।
ਬਾਬਾ ਨਾਨਕ ਤਾਂ ਤੇਰੇ ਭਾਣੇ ਜਿੱਦਾਂ ਤੇਰੇ ਲਈ ਪੈਦਾ ਹੀ ਨਹੀਂ ਹੋਇਆ। ਤੂੰ ਤਾਂ ਆਪਣਾ ਖਿਆਲੀ ਬਾਬਾ ਨਾਨਕ ਬਣਾ ਕੇ ਉਹਨੂੰ ਪੂਜੀ ਜਾਨਾਂ, ਮੰਨਤਾਂ ਮੰਗੀ ਜਾਨਾਂ, ਚੜ੍ਹਾਵੇ ਚੜ੍ਹਾਈ ਜਾਨਾਂ ਤੇ ਨਾਲ ਨਾਲ ਪਖੰਡੀ ਬਾਬਿਆਂ ਦੇ ਡੇਰਿਓਂ ਤਵੀਤ ਵੀ ਬੰਨਾਈ ਜਾਨਾਂ।
ਵੱਡਾ ਆਇਆ ਗੁਰਾਂ ਦੇ ਨਾਂ ‘ਤੇ ਵੱਸਣ ਵਾਲਾ! ਇੱਧਰ ਦੇਖ, ਤੈਨੂੰ ਦਿਖਾਵਾਂ, ਗੁਰਾਂ ਦੇ ਨਾਂ ‘ਤੇ ਕਿਸ ਤਰ੍ਹਾਂ ਵੱਸਿਆ ਜਾਂਦਾ ਏ!
ਕਈ ਵਾਰ ਸੱਚ ਅਲਫ ਨੰਗਾ ਹੁੰਦਾ ਹੈ, ਤੇ ਨੰਗੇ ਸੱਚ ਦੀ ਆਵਾਜ਼ ਕੁਰਖਤ ਹੁੰਦੀ ਹੈ, ਪਰ ਜੇ ਉਹਨੂੰ ਸੁਣ ਕੇ ਉਹਦੀ ਰੌਸ਼ਨੀ ਵਿਚ ਅੱਖ ਉਘਾੜਨ ਦਾ ਜੇਰਾ ਕਰ ਲਈਏ ਤਾਂ ਆਪਣੇ ਮਸਲੇ ਅਸਲੀ ਰੂਪ ਵਿਚ ਬੜੇ ਸਪਸ਼ਟ ਦਿਸਦੇ ਨੇ, ਤੇ ਉਨ੍ਹਾਂ ਦੇ ਹੱਲ ਦਾ ਰਸਤਾ ਵੀ। ਇਸ ਤਰ੍ਹਾਂ ਇਹ ਆਵਾਜ਼ ਵੀ ਮੇਰੀਆਂ ਅੱਖਾਂ ਖੋਲ੍ਹ ਗਈ, ਜਦੋਂ ਉਸ ਕਿਹਾ, “ਇੱਧਰ ਦੇਖ, ਤੈਨੂੰ ਦਿਖਾਵਾਂ, ਗੁਰੂ ਦੇ ਨਾਂ ‘ਤੇ ਕਿਸ ਤਰ੍ਹਾਂ ਵੱਸਿਆ ਜਾਂਦਾ ਏ!” ਤਦੇ ਈ ਤਾਂ ਮੈਂ ਲਾਣੇ ਨੂੰ ਕਹਿੰਨਾਂ ਬਈ ਤੁਸੀਂ ਤਾਂ ਗੁਰੂਆਂ ਨੂੰ ਪੂਜਣ ਜੋਗੇ ਰਹਿ ਗਏ, ਗੁਰਾਂ ਦੇ ਨਾਂ ‘ਤੇ ਤਾਂ ਕੋਈ ਹੋਰ ਹੀ ਵਸੀ ਜਾ ਰਹੇ ਆ, ਜਿਨ੍ਹਾਂ ਨੇ ਖਬਰੇ ਕਦੀ ਗੁਰਾਂ ਦਾ ਨਾਂ ਵੀ ਨਹੀਂ ਸੁਣਿਆ ਹੋਣਾ।
ਦੁਨੀਆਂ ਵਿਚ ਬਥੇਰੇ ਐਸੇ ਮੁਲਕ ਹੈਗੇ ਆ, ਜੋ ਗੁਰੂਆਂ ਦਾ ਚਿਤਵਿਆ ਆਧੁਨਿਕ ਯੁੱਗ ਸੱਚੇ ਮਨੋਂ ਜੀਅ ਰਹੇ ਆ। ਜਿੱਥੇ ਮਾਪਿਆਂ ਦਾ ਬੱਚਿਆਂ ਪ੍ਰਤੀ ਵਤੀਰਾ ਕੱਢ-ਪਾ ਕੇ ਇੱਕੋ ਜਿਹਾ ਹੀ ਹੁੰਦਾ, ਬਿਨਾ ਲਿੰਗ ਦੇ ਭੇਦ-ਭਾਵ ਤੋਂ। ਯੁਵਾ ਅਵਸਥਾ ਤੋਂ ਹੀ ਕੁੜੀਆਂ ਮੁੰਡਿਆਂ ਵਾਂਗੂ ਹੀ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਲੱਗ ਪੈਂਦੀਆਂ। ਮੁੜ ਵਿਆਹ ਤੇ ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ‘ਤੇ ਕੋਈ ਊਜ ਨਹੀਂ ਲੱਗਦੀ। ਉਥੇ ਗਰਭ ਵਿਚ ਬੱਚੇ ਦੀ ਥਾਂ ਬੱਚੀ ਦੀ ਸੂਹ ਲੱਗਣ ‘ਤੇ ਕੋਈ ਗਰਭ ਨਹੀਂ ਗਿਰਾਉਂਦਾ। ਉਥੇ ਔਰਤ ਤੇ ਮਰਦ ਨੂੰ ਬਰਾਬਰ ਦੇ ਹੱਕ ਮਿਲਦੇ ਆ। ਇੰਜ ਵਸਿਆ ਜਾਂਦਾ ਹੈ, ਗੁਰਾਂ ਦੇ ਨਾਂ ‘ਤੇ।
ਉਨ੍ਹਾਂ ਮੁਲਕਾਂ ਵਿਚ ਵਿਗਿਆਨ ਤੇ ਵਿਗਿਆਨਕ ਸੋਚ ਦੀ ਰੌਸ਼ਨੀ ਵਿਚ ਜੋਤਿਸ਼, ਧਾਰਮਿਕ ਫਿਰਕਿਆਂ, ਪਖੰਡਾਂ ਤੇ ਹੋਰ ਅੰਧ-ਵਿਸ਼ਵਾਸਾਂ ਦਾ ਬੋਲਬਾਲਾ ਨਹੀਂ ਏ। ਅਕਸਰ ਤਰਕ ਤੇ ਵਿਗਿਆਨਕ ਸੋਚ ਰੋਜ਼ਾਨਾ ਜ਼ਿੰਦਗੀ ਵਿਚ ਸਹਿਜ ਹੀ ਘੁਲੀ ਮਿਲੀ ਹੁੰਦੀ ਹੈ, ਕਿਸੇ ਹੱਦ ਤੱਕ। ਧਾਰਮਿਕ ਹੋਵੇ ਜਾਂ ਅਧਾਰਮਿਕ, ਅਕਸਰ ਵਿਗਿਆਨਕ ਸੋਚ ਦੀ ਰੌਸ਼ਨੀ ਵਿਚ ਤੁਰਦਾ ਮਨੁੱਖ ਮਨੁੱਖੀ ਹੱਕਾਂ, ਬਰਾਬਰੀ ਤੇ ਹੋਰ ਕਦਰਾਂ-ਕੀਮਤਾਂ ਦਾ ਝੰਡਾਬਰਦਾਰ ਹੋ ਨਿਬੜਦਾ, ਸੁਭਾਅ ਵਜੋਂ ਹੀ। ਇਹਨੂੰ ਕਹਿੰਦੇ ਨੇ, ਵਸਣਾ ਗੁਰਾਂ ਦੇ ਨਾਂ ‘ਤੇ।
ਇੱਕ ਜੱਟ ਤੇ ਇੱਕ ਚਮਾਰ, ਇੱਕੋ ਈ ਜਹਾਜੇ ਚੜ੍ਹ ਦੁਨੀਆਂ ਦੇ ਕਿਸੇ ਆਧੁਨਿਕ ਸਮਾਜ ਵਿਚ ਪਹੁੰਚ ਸਕਦੇ ਆ, ਇੱਕ-ਦੋ ਦਿਨਾਂ ਵਿਚ; ਤੇ ਉਸ ਮੁਲਕ ਵਿਚ ਉਤਰਦਿਆਂ ਹੀ ਜੱਟ-ਚਮਾਰ ਦਾ ਫਾਸਲਾ ਖਤਮ ਹੋ ਜਾਂਦਾ; ਛੂ ਮੰਤਰ। ਜੋ ਫਾਸਲਾ ਵੱਧੋ-ਵੱਧ ਦੋ ਦਿਨਾਂ ਵਿਚ ਖਤਮ ਹੋ ਜਾਂਦਾ, ਉਹਨੂੰ ਅਸੀਂ ਸਦੀਆਂ ਵਿਚ ਖਤਮ ਨਾ ਕਰ ਸਕੇ; ਫੇਰ ਵੀ ਸਾਡਾ ਸਮਾਜ ਉਨ੍ਹਾਂ ਆਧੁਨਿਕ ਸਮਾਜਾਂ ਦੇ ਨਾਲ ਨਾਲ ਰਹਿ ਰਿਹਾ, ਇੱਕੋ ਸਮੇਂ ਵਿਚ। ਇਹ ਵਕਤ ਦੀ ਸਭ ਤੋਂ ਵੱਡੀ ਤੌਹੀਨ ਹੈ। ਇਸ ਲਈ ਸਾਡੇ ਵਰਗੀਆਂ ਕੌਮਾਂ ਤੇ ਸਮਾਜਾਂ ਨੂੰ ਵਕਤ ਦਾ ਸਰਾਪ ਹੈ: ਉਜੜ ਜਾਉ! ਤਾਂ ਹੀ ਲਾਣਾ, ਖਾਸਕਰ ਨੌਜਵਾਨ, ਜਿਨ੍ਹਾਂ ਦਾ ਸੂਤ ਲੱਗਦਾ, ਹੁਣ ਚੁੰਬਕੀ ਖਿੱਚ ਦੇ ਖਿੱਚੇ ਮਾਡਰਨ ਮੁਲਕਾਂ ਨੂੰ ਉਡਾਰੀਆਂ ਭਰ ਰਹੇ ਆ; ਜੋ ਨੌਜਵਾਨ ਪਿੱਛੇ ਰਹਿ ਗਏ, ਉਹ ਆਸਹੀਣ ਦਿਸ਼ਾਹੀਣ, ਨਸ਼ਿਆਂ ਵਿਚ ਡੁੱਬ ਰਹੇ ਆ। ਜੋ ਉਡਾਰੀਆਂ ਮਾਰ ਗਏ, ਉਨ੍ਹਾਂ ਵਿਚੋਂ ਬਾਹਲੇ, ਆਪਣੀ ਭੂਤਮੁਖੀ ਸੋਚ ਸਦਕਾ ਆਧੁਨਿਕ ਮੁਲਕਾਂ ਵਿਚ ਕੁਝ ਸਿੱਖ ਨਹੀਂ ਰਹੇ; ਪਖੰਡੀ ਬਾਬਿਆਂ ਦੇ ਟਰਿਪ ਲੁਆ ਕੇ, ਕੁਝ ਅੰਧ-ਵਿਸ਼ਵਾਸ ਇੰਮਪੋਰਟ ਕਰ ਲੈਂਦੇ ਆ। ਚਲੋ, ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਆਧੁਨਿਕ ਯੁਗ ਵਿਚ ਵਸਣਗੀਆਂ, ਪੰਜਾਬ ਗੁਰਾਂ ਦੇ ਨਾਂ ‘ਤੇ।
ਜੇ ਅਸੀਂ ਇੱਥੇ ਹੋ ਰਹੇ ਉਜਾੜੇ ਨੂੰ ਰੋਕਣਾ ਚਾਹੁੰਦੇ ਹਾਂ, ਤਾਂ ਵਕਤ ਦੇ ਇਸ ‘ਉਜੜ ਜਾਓ’ ਸਰਾਪ ਦਾ ਇੱਕ ਹੀ ਇਲਾਜ ਹੈ: ਬਦਲ ਜਾਓ! ਆਪਣੇ ਸਮਾਜ ਨੂੰ ਆਪਣੀ ਸੋਚ ਸਮੇਤ ਆਧੁਨਿਕ ਯੁੱਗ ਵਿਚ ਨੂੰ ਲੈ ਜਾਓ। ਇਹ ਹੁਣ ਤੱਕ ਕਿਉਂ ਨਹੀਂ ਹੋ ਸਕਿਆ? ਕਿਉਂਕਿ ਸਾਨੂੰ ਸਦੀਆਂ ਤੋਂ ਭੂਤ ਚੰਬੜਨ ਦੀ ਨਾਮੁਰਾਦ ਮਰਜ਼ ਲੱਗੀ ਹੋਈ ਆ। ਇਸ ਮਰਜ਼ ਨੂੰ ‘ਭੂਤਮੁਖੀ ਸੋਚ’ ਵੀ ਕਹਿੰਦੇ ਨੇ। ਜਦੋਂ ਏਸ ਮਰਜ਼ ਦੀ ਹਵਾ ਮਲੱਖ ਨੂੰ ਆਉਂਦੀ ਆ, ਤਾਂ ਹਿਰਦੇ ਫਿਰਕੂ ਭਾਵਨਾਵਾਂ ਸੰਗ ਜਲਣ ਲਗਦੇ ਆ, ਉਹੀਓ ਅੱਗ ਬਾਹਰ ਨਿਕਲ ਕੇ ਆਲੇ ਦੁਆਲੇ ਨੂੰ ਆਪਣੀ ਲਪੇਟ ਵਿਚ ਲੈਣ ਲੱਗਦੀ ਆ; ਬੰਦਾ ਖੂੰਖਾਰ ਪਸੂ ਬਣ ਕੇ ਦੂਜੇ ਬੰਦਿਆਂ ਨੂੰ ਮਾਰਨ ‘ਤੇ ਉਤਰ ਆਉਂਦਾ। ਜਦੋਂ ਇਹ ਹਵਾ ਮੇਰੇ ਬੁੱਧੀਮਾਨਾਂ ਦੇ ਸਿਰ ਚੜ੍ਹਦੀ ਆ ਤਾਂ ਅੱਜ ਦੀਆਂ ਸਮੱਸਿਆਵਾਂ ਸਾਹਮਣੇ ਖੜ੍ਹੇ, ਉਹ ਚੰਗੇ ਭਲੇ ਦਿਸਦੇ, ਪਿੱਛੇ ਨੂੰ ਮੂੰਹ ਕਰਕੇ, ਇਤਿਹਾਸਕ ਹਸਤੀਆਂ ਨੂੰ ਹਾਕਾਂ ਮਾਰਨ ਲੱਗ ਪੈਂਦੇ ਨੇ ਸੇਧ ਲੈਣ ਲਈ। ਇਹ ਕੁਛ ਇਸ ਤਰ੍ਹਾਂ ਆ ਕਿ ਸਕੂਲੋਂ ਮਿਲੇ ਸਵਾਲਾਂ ਦੇ ਖੁਦ ਜਵਾਬ ਕੱਢਣ ਦੀ ਥਾਂ ਕੋਈ ਪਾੜ੍ਹਾ ਆਪਣੇ ਦਾਦਿਆਂ-ਪੜਦਾਦਿਆਂ ਅੱਗੇ ਮਦਦ ਲਈ ਲੇਲੜੀਆਂ ਕੱਢਣ ਲੱਗ ਪਵੇ; ਜਾਂ ਫਿਰ ਮਾਡਰਨ ਫਿਜ਼ਿਕਸ ਦਾ ਕੋਈ ਵਿਦਿਆਰਥੀ 20ਵੀਂ ਸਦੀ ਦੀ ਖੋਜੀ ਕੁਆਂਟਮ ਭੌਤਿਕੀ ਦੇ ਸਵਾਲਾਂ ਦੇ ਜਵਾਬ 17ਵੀਂ ਤੇ 18ਵੀਂ ਸਦੀ ਦੇ ਮਹਾਨ ਵਿਗਿਆਨੀ ਨਿਊਟਨ ਦੇ ਸਿਧਾਂਤਾਂ ਅਨੁਕੂਲ ਵਾਰ ਵਾਰ ਕੱਢੇ, ਹਰ ਵਾਰ ਫੇਲ੍ਹ ਹੋਣ ਦੇ ਬਾਵਜੂਦ। ਤਾਂ ਹੀ ਅਜਿਹੇ ਬੁੱਧੀਜੀਵੀ ਸਦੀਆਂ ਤੋਂ ਖੁਦ ਫੇਲ੍ਹ ਹੁੰਦੇ ਤੇ ਲਾਣੇ ਨੂੰ ਫੇਲ੍ਹ ਕਰਦੇ ਆਏ ਆ। ਇਸੇ ਮਰਜ਼ ਸਦਕਾ ਹੀ, ਲਾਣੇ ਵਿਚੋਂ ਕਈ ਗੁਰੂਆਂ ਨੂੰ ਉਨ੍ਹਾਂ ਦੇ ਸਮੇਂ ਵਿਚ ਹੀ ਕੁਰਾਹੀਏ ਕਹਿੰਦੇ ਰਹੇ; ਤੇ ਮੇਰੇ ‘ਰੈਨੇਸਾਂਸ ਮੈਨ’ ਨੇ ਮੂੰਹ ਵਿਚ ਘੁੰਗਣੀਆਂ ਪਾਈ ਰੱਖੀਆਂ, ਜਦੋਂ ਨਿਰਮਲੇ ਬ੍ਰਾਹਮਣ ਪੁਜਾਰੀਆਂ ਤੇ ਉਦਾਸੀ ਫਿਰਕੇ ਨੇ ਗੁਰੂਆਂ ਦੇ ਪ੍ਰਚਾਰ ਕੇਂਦਰਾਂ ‘ਚ ਬ੍ਰਹਾਮਣਵਾਦੀ ਰੀਤਾਂ ਤੇ ਪਖੰਡ ਨੂੰ ਲਾਗੂ ਕੀਤਾ, ਤੇ ਜਮਹੂਰੀਅਤ ਲਾਗੂ ਕਰਨ ਦੀ ਥਾਂ ਰਣਜੀਤ ਸਿੰਘ ਆਪਣੇ ਸਿਰ ‘ਤੇ ਮੱਧਕਾਲੀ ਯੁੱਗ ਦੀ ਰਾਜ-ਕਲਗੀ ਸਜਾ ‘ਮਹਾਰਾਜਾ’ ਬਣ ਗਿਆ। ‘ਭੂਤਮੁਖੀ ਸੋਚ’ ਨਾਂ ਦੀ ਏਸ ਮਰਜ਼ ਦੀ ਤਰਕ ਨਾਲ ਦੁਸ਼ਮਣੀ ਆ। ਜਦੋਂ ਤੱਕ ਲਾਣੇ ਨੂੰ ਇਹ ਮਰਜ਼ ਲੱਗੀ ਰਹੂ, ਉਨਾ ਚਿਰ ਨਹੀਂ ਵਸ ਸਕਦਾ ਪੰਜਾਬ ਗੁਰਾਂ ਦੇ ਨਾਂ ‘ਤੇ।
‘ਭੂਤਮੁਖੀ ਸੋਚ’ ਨਾਂ ਦੀ ਮਰਜ਼ ਦੇ ਇਲਾਜ ਦਾ ਨੁਸਖਾ ਆ: ਤਰਕ (ਇੱਕ ਹਥਿਆਰ ਜੋ ਗੁਰੂ ਸਾਹਿਬਨ ਨੇ ਸਾਨੂੰ ਦਿਤਾ) ਤੇ ਵਿਗਿਆਨਕ ਸੋਚਣੀ, ਜੋ ਗੁਰੂ ਸਾਹਿਬਾਨ ਨੇ ਖੁਦ ਅਧਿਆਤਮਕ ਘੇਰੇ ਵਿਚ ਵਰਤੀ। ਮਿਸਾਲ ਵਜੋਂ ਭਾਵੇਂ ਵਿਗਿਆਨ ਦਾ ਇੱਕ ਕੇਂਦਰੀ, ਮਾਦੇ ਦੀ ਅਵਿਨਾਸ਼ਤਾ ਦੇ ਸਿਧਾਂਤ ਦਾ ਖਿਆਲ 2800 ਵਰ੍ਹੇ ਪਹਿਲੇ ਹੀ ਗਰੀਕ ਫਿਲਾਸਫਰ ਥੇਲਜ਼ ਨੂੰ ਆ ਗਿਆ ਸੀ, ਪਰ ਇਹ ਸਿਧਾਂਤ ਮੁਕੰਮਲ ਹੋਇਆ 20ਵੀਂ ਸਦੀ ਵਿਚ ਹੀ, ਆਈਨਸਟਾਈਨ ਦੀ ਖੋਜ ਨਾਲ। ਲਓ, ਸੁਣ ਲਓ, ਇਸ ਮੁਕੰਮਲ ਖਿਆਲ ਦਾ ਅਧਿਆਤਮਕ ਰੂਪ ਬਾਬੇ ਨਾਨਕ ਨੇ ਗੁਰਬਾਣੀ ਦੇ ਮੂਲ ਮੰਤਰ ਵਿਚ 20ਵੀਂ ਸਦੀ ਤੋਂ ਕਰੀਬ ਚਾਰ ਸਦੀਆਂ ਪਹਿਲਾਂ ਹੀ ਭਰ ਦਿੱਤਾ। ਇਸ ਲਈ ਚਲੋ ਅਧਿਆਤਮਕਤਾ ਦੇ ਦਾਇਰੇ ਵਿਚ ਹੀ ਸਹੀ, ਗੁਰਾਂ ਦੀ ਸੋਚ ਵਿਗਿਆਨਕ ਸੀ। ਉਨ੍ਹਾਂ ਦੀ ਬਾਣੀ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਰਜਾ, ਜ਼ੁਲਮ ਦਾ ਵਿਰੋਧ, ਕਿਰਤ ਤੇ ਹੱਕ ਸੱਚ ਦਾ ਸਾਥ, ਤੇ ਹੋਰ ਮਾਨਵਵਾਦੀ ਮੁੱਲ ਉਨ੍ਹਾਂ ਦੀ ਪਹੁੰਚ ਦੇ ਭਵਿੱਖਮੁਖੀ ਹੋਣ ਵੱਲ ਸਪਸ਼ਟ ਇਸ਼ਾਰਾ ਕਰਦੇ ਆ। ਮੌਜੂਦਾ ਸਮੱਸਿਆਵਾਂ ਦੇ ਹੱਲ ਲੱਭਣ ਲਈ ਭੂਤਮੁਖੀ ਪਹੁੰਚ ਅਪਨਾਉਣ ਦੀ ਥਾਂ ਅੱਜ ਦੇ ਹਾਲਾਤ ‘ਤੇ ਆਧਾਰਿਤ, ਵਿਗਿਆਨਕ ਤੇ ਭਵਿੱਖਮੁਖੀ ਪਹੁੰਚ ਅਪਨਾਉਦਿਆਂ ਆਪਾਂ ਸੱਚੀਂ ਮੁੱਚੀਂ ਦੇ ਆਧੁਨਿਕ ਯੁੱਗ ਵਿਚ ਦਾਖਲ ਹੋ ਸਕਦੇ ਆਂ। ਫੇਰ ਵਸੂ ਪੰਜਾਬ ਗੁਰਾਂ ਦੇ ਨਾਂ ‘ਤੇ।
(ਸਮਾਪਤ)