ਰਾਸ਼ਟਰੀ ਸਿੱਖ ਸੰਗਤ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-15
ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਜਪਾ ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਐਤਕੀਂ ਇਸ ਲੜੀ ਦੀ ਆਖਰੀ ਕਿਸ਼ਤ ਵਿਚ ‘ਰਾਸ਼ਟਰੀ ਸਿੱਖ ਸੰਗਤ’ ਦਾ ਇਤਿਹਾਸ ਫਰੋਲਿਆ ਗਿਆ ਹੈ, ਜਿਸ ਨੇ ਸਿੱਖਾਂ ਨੂੰ ਆਰ. ਐਸ਼ ਐਸ਼ ਵੱਲ ਖਿੱਚਣ ਲਈ ਬਹੁਤ ਯਤਨ ਕੀਤੇ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕਿਸੇ ਫਿਰਕੇ ਨੂੰ ਆਪਣਾ ਧਰਮ ਦੂਜੇ ਧਰਮ ਵਿਚ ਮਿਲਾਉਣ ਲਈ ਮਨਾਉਣਾ ਬੜਾ ਟੇਢਾ ਕੰਮ ਹੈ। ਇਹ ਅਕਸਰ ਬੜਾ ਅਜੀਬ ਵਿੰਗ ਵਲੇਵਿਆਂ ਵਾਲਾ ਅਮਲ ਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਜੋ ਰੋਹ ਪੈਦਾ ਹੁੰਦਾ ਹੈ, ਉਸ ਦਾ ਥੋੜ੍ਹੇ ਕੀਤਿਆਂ ਪਤਾ ਨਹੀਂ ਲੱਗਦਾ ਅਤੇ ਫਿਰ ਅਚਾਨਕ ਅਣਕਿਆਸਿਆ ਵਿਸਫੋਟ ਹੁੰਦਾ ਹੈ। ਆਰ. ਐਸ਼ ਐਸ਼ ਦੀ ਸੋਚ ਸੀ ਕਿ ਕੁਝ ਸਤਹੀ ਅਤੇ ਪੇਤਲੀਆਂ ਸਰਗਰਮੀਆਂ ਕਰਕੇ ਉਹ ਆਮ ਸਹਿਮਤੀ ਬਣਾਉਣ ਦੇ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਜਾਣਗੇ, ਪਰ ਪੰਜਾਬ ਵਿਚ ਆਰ. ਐਸ਼ ਐਸ਼ ਦੀਆਂ ਸਰਗਰਮੀਆਂ ਦੇ ਪਹਿਲੇ ਗੇੜ ਵਿਚ ਹੀ ਗੁੱਸੇ ਭਰੇ ਪ੍ਰਤੀਕਰਮ ਨੇ ਇਸ ਨੂੰ ਇੰਨਾ ਬੌਂਦਲਾ ਦਿੱਤਾ ਕਿ ਇਸ ਨੂੰ ਇਥੇ ਪੈਰਾਂ ਸਿਰ ਹੋ ਕੇ ਅਗਲੇ ਕੰਮ ਉਲੀਕਣ ਲਈ ਹੀ ਦੋ ਸਾਲ ਲੱਗ ਗਏ।
2003 ਵਿਚ ਪੰਜਾਬ ਵਿਚ ਅਮਨ-ਅਮਾਨ ਦੇਖ ਕੇ ਆਰ. ਐਸ਼ ਐਸ਼ ਨੇ ਆਪਣੇ ‘ਸਿੱਖ ਵਿੰਗ’ ਜ਼ਰੀਏ ਮੁੜ ਸਰਗਰਮੀ ਕਰਨ ਲਈ ਸੋਚ ਵਿਚਾਰ ਕੀਤੀ। ਉਸੇ ਸਾਲ ਕੁਲ ਭਾਰਤ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਆਰ. ਐਸ਼ ਐਸ਼ ਨੇ ਮਤਾ ਪਾਸ ਕੀਤਾ, ਜਿਸ ਵਿਚ ਇਸ ਨੇ ਆਪਣੇ ਕਾਡਰ ਅਤੇ ਹਮਾਇਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਵਿਖੇ ਇਸ ਦੇ ਪ੍ਰਕਾਸ਼ ਦੇ ਚਾਰ ਸੌ ਸਾਲਾ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਹਦਾਇਤ ਕੀਤੀ।
ਆਰ. ਐਸ਼ ਐਸ਼ ਦਾ ਮਤਾ ਲਾਗੂ ਕਰਦਿਆਂ ਰਾਸ਼ਟਰੀ ਸਿੱਖ ਸੰਗਤ ਨੇ ਕੌਮੀ ਪੱਧਰ ਦੀ ਸਰਬ ਸਾਂਝੀ ਗੁਰਬਾਣੀ ਯਾਤਰਾ ਦਾ ਵਿਆਪਕ ਪ੍ਰੋਗਰਾਮ ਉਲੀਕਿਆ। ਇਹ ਯਾਤਰਾ ਪਹਿਲੀ ਅਗਸਤ 2004 ਤੋਂ ਅਰੰਭ ਹੋ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵੱਖ-ਵੱਖ ਸੰਤਾਂ ਦੇ ਜਨਮ ਸਥਾਨਾਂ ਤੋਂ ਹੁੰਦੀ ਹੋਈ ਅੱਗੇ ਜਾਣੀ ਸੀ। ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਇਹ ਯਾਤਰਾ ਪੱਛਮੀ ਬੰਗਾਲ ਤੋਂ ਜੈ ਦੇਵ, ਮਹਾਂਰਾਸ਼ਟਰ ਤੋਂ ਨਾਮਦੇਵ, ਤ੍ਰਿਲੋਚਨ ਤੇ ਪਰਮਾਨੰਦ, ਮੱਧ ਪ੍ਰਦੇਸ਼ ਤੋਂ ਭਗਤ ਸੇਨ, ਰਾਜਸਥਾਨ ਤੋਂ ਸੰਤ ਧੰਨਾ ਤੇ ਪੀਪਾ, ਉਤਰ ਪ੍ਰਦੇਸ਼ ਤੋਂ ਕਬੀਰ, ਸੂਰਦਾਸ, ਰਵੀਦਾਸ ਤੇ ਰਾਮਾਨੰਦ, ਬਿਹਾਰ ਤੋਂ ਭਗਤ ਬੇਣੀ, ਪੰਜਾਬ ਤੋਂ ਸ਼ੇਖ ਫਰੀਦ, ਸਿੰਧ ਤੋਂ ਭਗਤ ਸਧਨਾ ਅਤੇ ਹੋਰ ਸੰਤਾਂ-ਭਗਤਾਂ ਦੇ ਜਨਮ ਸਥਾਨਾਂ ਤੋਂ ਹੁੰਦੀ ਹੋਈ ਪਹਿਲੀ ਸਤੰਬਰ 2004 ਨੂੰ ਅੰਮ੍ਰਿਤਸਰ ਵਿਖੇ ਸਮਾਪਤ ਹੋਣੀ ਸੀ।
ਜਥੇਬੰਦੀ ਦੀ ਪੰਜਾਬ ਇਕਾਈ ਦਾ ਸਕੱਤਰ ਰਘਬੀਰ ਸਿੰਘ ਦੱਸਦਾ ਹੈ, “ਮਾਰਚ ਵਿਚ ਅਸੀਂ ‘ਸਰਬ ਸਾਂਝੀ ਗੁਰਬਾਣੀ ਯਾਤਰਾ’ ਦੀ ਰੂਪ ਰੇਖਾ ਸਮੇਤ ਇਕ ਵਿਸਤ੍ਰਿਤ ਪ੍ਰੋਗਰਾਮ ਮਨਜ਼ੂਰੀ ਲਈ ਅਕਾਲ ਤਖਤ ਸਾਹਿਬ ਨੂੰ ਭੇਜਿਆ। ਯਾਤਰਾ ਸ਼ੁਰੂ ਹੋਣ ਤੋਂ ਹਫਤਾ ਪਹਿਲਾਂ 23 ਜੁਲਾਈ 2004 ਨੂੰ ਅਕਾਲ ਤਖਤ ਨੇ ਫੁਰਮਾਨ ਜਾਰੀ ਕੀਤਾ, ਜਿਸ ਵਿਚ ਰਾਸ਼ਟਰੀ ਸਿੱਖ ਸੰਗਤ ਨੂੰ ਪੰਥ ਵਿਰੋਧੀ ਜਥੇਬੰਦੀ ਕਰਾਰ ਦਿੱਤਾ ਗਿਆ, ਜੋ ਸਿੱਖਾਂ ਨੂੰ ਗੁਮਰਾਹ ਕਰਕੇ ਆਪਣੀਆਂ ਪੰਥ ਵਿਰੋਧੀ ਸਰਗਰਮੀਆਂ ਦੀ ਹਮਾਇਤ ਕਰਨ ਲਈ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਸੀ।” ਇਸ ਫੁਰਮਾਨ ਵਿਚ ਸਿੱਖ ਭਾਈਚਾਰੇ ਅਤੇ ਇਸ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਨੂੰ ਆਰ. ਐਸ਼ ਐਸ਼ ਦੇ ਕਿਸੇ ਵੀ ਸਿੱਖ ਵਿੰਗ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਕਰਨ ਦਾ ਆਦੇਸ਼ ਦਿੱਤਾ ਗਿਆ। ਇਸ ‘ਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਭਜਨ ਸਿੰਘ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਦੇ ਦਸਤਖਤ ਸਨ।
ਇਹ ਫੁਰਮਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਨਾ ਸਿਰਫ ਰਾਸ਼ਟਰੀ ਸਿੱਖ ਸੰਗਤ ਨੂੰ ਯਾਤਰਾ ਦਾ ਵਿਚਾਰ ਤਿਆਗਣ ਲਈ ਮਜਬੂਰ ਕਰ ਦਿੱਤਾ, ਸਗੋਂ ਇਸ ਨੂੰ ਆਪਣਾ ਸਾਹਿਤ ਵੀ ਵਾਪਸ ਲੈਣਾ ਪਿਆ, ਜਿਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਅਕਾਲ ਤਖਤ ਸਾਹਿਬ ਵਲੋਂ ਫੁਰਮਾਨ ਜਾਰੀ ਕੀਤੇ ਜਾਣ ਤੋਂ ਛੇਤੀ ਬਾਅਦ ਹੀ ਆਰ. ਐਸ਼ ਐਸ਼ ਦੇ ਸਿੱਖ ਵਿੰਗ ਨੇ ਸਿਰਫ ਯਾਤਰਾ ਨੂੰ ਰੱਦ ਕਰਨ ਦਾ ਐਲਾਨ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਤਮਾਮ ਪੈਂਫਲੈਟਾਂ ਅਤੇ ਸਾਹਿਤ ਦੀ ਨਿਖੇਧੀ ਵੀ ਕੀਤੀ, ਜੋ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਹੇਠ ਜਾਰੀ ਕੀਤਾ ਗਿਆ ਸੀ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਇਸ ਬਿਆਨ ‘ਤੇ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਅਤੇ ਪੰਜਾਬ ਇਕਾਈ ਦੇ ਮੁਖੀ ਰੁਲਦਾ ਸਿੰਘ ਤੇ ਸਕੱਤਰ ਰਘਬੀਰ ਸਿੰਘ ਦੇ ਦਸਤਖਤ ਸਨ।
ਫਿਰ ਨਵੰਬਰ 2004 ਵਿਚ ਰਾਸ਼ਟਰੀ ਸਿੱਖ ਸੰਗਤ ਦੀ ਮੀਟਿੰਗ ਦਿੱਲੀ ਵਿਚ ਹੋਈ, ਜਿਸ ਵਿਚ ਇਸ ਵਲੋਂ ਪੰਜਾਬ ਦੇ ਆਪਣੇ ਤਜਰਬੇ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਭਵਿਖੀ ਯੋਜਨਾ ਦਾ ਖਾਕਾ ਤਿਆਰ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਮੈਂਬਰਾਂ ਵਲੋਂ ਬੇਮਿਸਾਲ ਤਿਆਰੀਆਂ ਦੇ ਬਾਵਜੂਦ ਸਰਬ ਸਾਂਝੀ ਗੁਰਬਾਣੀ ਯਾਤਰਾ ਨੇਪਰੇ ਨਾ ਚਾੜ੍ਹ ਸਕਣ ‘ਤੇ ਭਰੇ ਮਨ ਨਾਲ ਦੁੱਖ ਪ੍ਰਗਟਾਇਆ ਗਿਆ। ਮੀਟਿੰਗ ਵਿਚ 18 ਰਾਜਾਂ ਤੋਂ ਕੁਲ 31 ਅਹੁਦੇਦਾਰ ਸ਼ਾਮਲ ਸਨ। ਮੀਟਿੰਗ ਨੇ ਆਪਣੇ ਮੈਂਬਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਦਿਲ ਨਾ ਛੱਡਣ ਸਗੋਂ ਪੰਜਾਬ ਤੋਂ ਬਾਹਰਲੇ ਇਲਾਕਿਆਂ ਵਿਚ ਪ੍ਰੋਗਰਾਮ ਜਥੇਬੰਦ ਕਰਨ, ਖਾਸ ਤੌਰ ‘ਤੇ ਉਨ੍ਹਾਂ ਵੱਖੋ-ਵੱਖਰੇ ਸੰਤਾਂ-ਭਗਤਾਂ ਦੇ ਜਨਮ ਸਥਾਨਾਂ ‘ਤੇ ਪ੍ਰੋਗਰਾਮ ਕਰਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਥੋੜ੍ਹਾ ਚਿਰ ਤਾਂ ਇਉਂ ਪ੍ਰਤੀਤ ਹੁੰਦਾ ਰਿਹਾ ਜਿਵੇਂ ਮਾਮਲਾ ਸ਼ਾਂਤ ਹੋ ਗਿਆ ਹੈ, ਕਿਉਂਕਿ ਰਾਸ਼ਟਰੀ ਸਿੱਖ ਸੰਗਤ ਅਕਾਲ ਤਖਤ ਨਾਲ ਕਿਸੇ ਤਰ੍ਹਾਂ ਦੇ ਟਕਰਾਓ ਵਿਚ ਜਾਣ ਤੋਂ ਗੁਰੇਜ਼ ਕਰ ਰਹੀ ਸੀ। ਇਸ ਨੇ ਪੰਜਾਬ ਵਿਚ ਆਪਣੀਆਂ ਸਰਗਰਮੀਆਂ ਠੱਪ ਕਰ ਦਿੱਤੀਆਂ। ਸਿਰਫ ਰੁਲਦਾ ਸਿੰਘ ਹੀ ਵਿਦੇਸ਼ਾਂ ਵਿਚਲੇ ਸਿੱਖ ਕੱਟੜਪੰਥੀਆਂ ਨਾਲ ਸੰਪਰਕ ਰੱਖ ਰਿਹਾ ਸੀ। ਉਂਜ, ਇਸ ਦਾ ਭਾਵ ਇਹ ਨਹੀਂ ਸੀ ਕਿ ਰਾਸ਼ਟਰੀ ਸਿੱਖ ਸੰਗਤ ਨੇ ਪੰਜਾਬ ਵਿਚ ਆਪਣਾ ਕੰਮ ਬੰਦ ਕਰ ਦਿੱਤਾ ਸੀ। ਪੰਜਾਬ ਵਿਚ ਦੋ ਕੁ ਸਾਲ ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਤੋਂ ਗੁਰੇਜ਼ ਕਰਨ ਤੋਂ ਬਾਅਦ 2006 ਵਿਚ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਨੇ ਯਾਤਰਾ ਦੇ ਮੁੱਦੇ ਨੂੰ ਮੁੜ ਤੂਲ ਦੇਣੀ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਸਰਬ ਸਾਂਝੀ ਗੁਰਬਾਣੀ ਯਾਤਰਾ ਦੀ ਯੋਜਨਾ ਉਲੀਕੀ ਸੀ, ਪਰ ਜੋਗਿੰਦਰ ਸਿੰਘ ਵੇਦਾਂਤੀ ਵਿਦੇਸ਼ ਤੋਂ ਵਾਪਸ ਆ ਕੇ ਆਪਣੇ ਇਕਰਾਰ ਤੋਂ ਮੁੱਕਰ ਗਏ।
ਇਹ ਪਹਿਲੀ ਵਾਰ ਸੀ ਕਿ ਰਾਸ਼ਟਰੀ ਸਿੱਖ ਸੰਗਤ ਨੇ ਖੁੱਲ੍ਹ ਕੇ ਦੋਸ਼ ਲਾਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਬਹੁਤ ਸਾਰੇ ਫੈਸਲੇ ਵਿਦੇਸ਼ਾਂ ਵਿਚ ਬੈਠੇ ਕੱਟੜਪੰਥੀਆਂ ਦੀਆਂ ਹਦਾਇਤਾਂ ‘ਤੇ ਕੀਤੇ ਜਾ ਰਹੇ ਸਨ। ਇਹ ਇਸ਼ਾਰਾ ਵੀ ਕੀਤਾ ਗਿਆ ਕਿ ਉਨ੍ਹਾਂ ਵਲੋਂ ਜਥੇਬੰਦੀ ਦੀਆਂ ਸਰਗਰਮੀਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ। ਇਸ ਸਭ ਕਾਸੇ ਨੇ ਇਕ ਵਾਰ ਫਿਰ ਰਾਸ਼ਟਰੀ ਸਿੱਖ ਸੰਗਤ ਅਤੇ ਅਕਾਲ ਤਖਤ ਤੇ ਸਿੱਖ ਕੱਟੜਪੰਥੀਆਂ ਵਿਚਾਲੇ ਰਿਸ਼ਤਾ ਕਸ਼ੀਦਗੀ ਵਾਲਾ ਬਣਾ ਦਿੱਤਾ।
ਮੂੰਹ ਜ਼ੁਬਾਨੀ ਤਕਰਾਰ ਚੱਲਦਾ ਰਿਹਾ, ਰਾਸ਼ਟਰੀ ਸਿੱਖ ਸੰਗਤ ਨੇ ਪੰਜਾਬ ਵਿਚ ਆਪਣੀਆਂ ਸਰਗਰਮੀਆਂ ਰੋਕ ਦਿੱਤੀਆਂ। ਇਸ ਦੀ ਥਾਂ ਉਨ੍ਹਾਂ ਨੇ ਰਾਜਸਥਾਨ, ਜੰਮੂ ਕਸ਼ਮੀਰ, ਹਰਿਆਣਾ, ਦਿੱਲੀ, ਉਤਰਾਖੰਡ, ਉਤਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਉਨ੍ਹਾਂ ਹੋਰ ਰਾਜਾਂ ‘ਚ ਆਪਣੀ ਤਾਕਤ ਲਾ ਦਿੱਤੀ, ਜਿਥੇ ਜਿਥੇ ਸਿੱਖ ਵਸੋਂ ਸੀ।
ਇਸ ਕਰਕੇ ਜਦੋਂ 2009 ਵਿਚ ਰੁਲਦਾ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤਾਂ ਇਹ ਨਾ ਮੰਨਣ ਦਾ ਕੋਈ ਕਾਰਨ ਨਹੀਂ ਸੀ ਜਾਪਦਾ ਕਿ ਇਹ ਕਿਸੇ ਉਸ ਅਨਸਰ ਵਲੋਂ ਕੀਤਾ ਗਿਆ ਸੀ, ਜੋ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਬਣਾਉਣ ਦੇ ਖਿਲਾਫ ਸੀ। ਉਹ ਜੋ ਰੁਲਦਾ ਸਿੰਘ ਅਤੇ ਉਸ ਦੀਆਂ ਸਰਗਰਮੀਆਂ ਦੇ ਭੇਤੀ ਸਨ, ਉਹ ਬੱਬਰ ਖਾਲਸਾ ਇੰਟਰਨੈਸ਼ਨਲ ਵਲੋਂ ਸਨਸਨੀਖੇਜ਼ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਤੋਂ ਪਹਿਲਾਂ ਹੀ ਇਸ ਨਤੀਜੇ ‘ਤੇ ਪਹੁੰਚ ਗਏ ਸਨ।
ਰੁਲਦਾ ਸਿੰਘ ਹੀ ਪੰਜਾਬ ਵਿਚ ਰਾਸ਼ਟਰੀ ਸਿੱਖ ਸੰਗਤ ਦਾ ਜਾਣਿਆ-ਪਛਾਣਿਆ ਚਿਹਰਾ ਸੀ, ਜਿਸ ਦੇ ਇੰਗਲੈਂਡ ਅਤੇ ਹੋਰ ਮੁਲਕਾਂ ਦੇ ਦੌਰੇ ਕਰਦੇ ਰਹਿਣ ਅਤੇ ਉਥੇ ਰਹਿੰਦੇ ਕੱਟੜ ਸਿੱਖਾਂ ਨਾਲ ਰਾਬਤਾ ਬਣਾਈ ਰੱਖਣ ਦੀਆਂ ਖਬਰਾਂ ਅਕਸਰ ਹੀ ਪੰਜਾਬ ਦੇ ਮੀਡੀਆ ਵਿਚ ਆਉਂਦੀਆਂ ਰਹਿੰਦੀਆਂ ਸਨ। ਉਸ ਰਾਤ ਰੁਲਦਾ ਸਿੰਘ ਦਾ ਕਤਲ ਗਿਣੀ-ਮਿੱਥੀ ਕਾਰਵਾਈ ਸੀ ਅਤੇ ਇਸ ਜ਼ਰੀਏ ਆਰ. ਐਸ਼ ਐਸ਼ ਅਤੇ ਇਸ ਦੀ ਰਾਸ਼ਟਰੀ ਸਿੱਖ ਸੰਗਤ ਨੂੰ ਸਾਫ ਤੇ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ।

ਅਸੀਂ ਨਹੀਂ ਜਾਣਦੇ ਕਿ ਰੁਲਦਾ ਸਿੰਘ ਨੂੰ ਮਾਰਨ ਦੇ ਹੁਕਮ ਕਿਸ ਨੇ ਦਿੱਤੇ ਅਤੇ ਕਿਸ ਨੇ ਉਸ ਦੇ ਕਤਲ ਨੂੰ ਅੰਜਾਮ ਦਿੱਤਾ। ਕੁਝ ਗ੍ਰਿਫਤਾਰੀਆਂ ਜ਼ਰੂਰ ਹੋਈਆਂ ਪਰ ਵਕਤ ਗੁਜ਼ਰਨ ਨਾਲ ਬਹੁਤਿਆਂ ਨੂੰ ਰਿਹਾ ਕਰ ਦਿੱਤਾ ਗਿਆ। ਕੋਈ ਵੀ ਇਹ ਪਤਾ ਲਾਉਣ ਵਿਚ ਕਾਮਯਾਬ ਨਾ ਹੋਇਆ ਕਿ ਉਸ ਨੂੰ ਕਿਉਂ ਮਾਰਿਆ ਗਿਆ ਸੀ। ਅਸੀਂ ਕਿਆਫੇ ਹੀ ਲਾ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਸਾਡੇ ਕੋਲ ਬੱਬਰ ਖਾਲਸਾ ਇੰਟਰਨੈਸ਼ਨਲ ਵਲੋਂ ਲਈ ਜ਼ਿੰਮੇਵਾਰੀ ਹੈ, ਜਿਸ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ। ਇਸ ਕਤਲ ਨਾਲ ਰਾਸ਼ਟਰੀ ਸਿੱਖ ਸੰਗਤ ਦੀ ਸੁਰਤ ਮਾਰੀ ਗਈ ਅਤੇ ਪੰਜਾਬ ਵਿਚ ਇਸ ਦੀਆਂ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ। ਇਕ ਸਮੇਂ ਤਾਂ ਇਹ ਹਾਲਤ ਬਣ ਗਈ ਕਿ ਇਸ ਦੇ ਮੈਂਬਰ ਅਤੇ ਅਹੁਦੇਦਾਰ ਡਰ ਦੇ ਸਾਏ ਹੇਠ ਦਿਨ ਕੱਟਣ ਲੱਗੇ ਕਿਉਂਕਿ ਉਨ੍ਹਾਂ ਵਿਰੁਧ ਇਕਾ-ਦੁੱਕਾ ਹਿੰਸਕ ਵਾਰਦਾਤਾਂ ਹੋ ਰਹੀਆਂ ਸਨ।
ਰਘੁਬੀਰ ਸਿੰਘ, ਜੋ ਪੰਜਾਬ ਤੋਂ ਰਾਸ਼ਟਰੀ ਸਿੱਖ ਸੰਗਤ ਦੇ ਵਫਦ ਨਾਲ ਮੀਟਿੰਗ ਵਿਚ ਸ਼ਾਮਲ ਸੀ, ਦੱਸਦਾ ਹੈ, “ਅਸੀਂ ਮਹਿਸੂਸ ਕੀਤਾ ਕਿ ਪੰਜਾਬ ਵਿਚ ਤਾਂ ਸਾਡਾ ਇਧਰ ਉਧਰ ਜਾਣਾ ਵੀ ਮੁਸ਼ਕਿਲ ਹੋ ਗਿਆ ਸੀ। ਇਕ ਸੰਭਵ ਤਰੀਕਾ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਅਸੀ ਆਰ. ਐਸ਼ ਐਸ਼ ਵਾਂਗ ਨਹੀ ਹਾਂ, ਪਰ ਅਸੀਂ ਅਜਿਹਾ ਨਾ ਕਰ ਸਕੇ, ਕਿਉਂਕਿ ਸਾਡਾ ਨਾਂ ਵੀ ਤਾਂ ਮਿਲਦਾ-ਜੁਲਦਾ ਸੀ। ਆਰ. ਐਸ਼ ਐਸ਼ ਨਾਂ ਸੁਣਦੇ ਸਾਰ ਲੋਕ ਸਾਡੇ ਬਾਰੇ ਬਿਨਾ ਕੁਝ ਜਾਣੇ ਹੀ ਸਾਡੇ ਪਿਛੋਕੜ ਬਾਰੇ ਸੋਚ ਬਣਾ ਲੈਂਦੇ ਹਨ। ਰੁਲਦਾ ਸਿੰਘ ਦੀ ਮੌਤ ਤੋਂ ਦੋ ਸਾਲ ਬਾਅਦ ਦਿੱਲੀ ਵਿਚ ਅਹੁਦੇਦਾਰਾਂ ਦੀ ਕੌਮੀ ਮੀਟਿੰਗ ਹੋਈ, ਜਿਸ ਵਿਚ ਵਿਚਾਰ ਕੀਤੀ ਗਈ ਕਿ ਜਥੇਬੰਦੀ ਦਾ ਨਾਂ ਰਾਸ਼ਟਰੀ ਸਿੱਖ ਸੰਗਤ ਤੋਂ ਬਦਲ ਕੇ ਸ਼੍ਰੋਮਣੀ ਸਿੱਖ ਸੰਗਤ ਰੱਖ ਲਿਆ ਜਾਵੇ, ਪਰ ਇਸ ਨਾਂ ‘ਤੇ ਸਰਬਸੰਮਤੀ ਨਾ ਬਣੀ ਅਤੇ ਨਾਂ ਉਹੀ ਰਿਹਾ।”
ਰੁਲਦਾ ਸਿੰਘ ਦੇ ਕਤਲ ਦਾ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ‘ਤੇ ਡੂੰਘਾ ਅਸਰ ਪਿਆ। ਉਨ੍ਹਾਂ ਦਾ ਡਰ ਉਦੋਂ ਹੀ ਘਟਣਾ ਸ਼ੁਰੂ ਹੋਇਆ, ਜਦੋਂ ਮਈ 2014 ਵਿਚ ਭਾਜਪਾ ਕੇਂਦਰ ਵਿਚ ਮੁੜ ਸੱਤਾ ਵਿਚ ਆਈ। ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਵਿਚ ਵੀ ਮੁੜ ਤੇਜ਼ੀ ਆ ਗਈ। ਆਰ. ਐਸ਼ ਐਸ਼ ਦੇ ਮੁਖੀ ਮੋਹਨ ਭਾਗਵਤ ਨੇ ਪੰਜਾਬ ਦੇ ਕਈ ਗੇੜੇ ਲਾਏ। ਉਸ ਨੇ ਕਈ ਡੇਰਿਆਂ ਦੇ ਮੁਖੀਆਂ ਨਾਲ ਬੰਦ ਕਮਰਾ ਗੁਪਤ ਮੀਟਿੰਗਾਂ ਕੀਤੀਆਂ, ਇਨ੍ਹਾਂ ਵਿਚ ਰਾਧਾ ਸੁਆਮੀ ਡੇਰਾ ਬਿਆਸ ਦੇ ਬਹੁਤ ਹੀ ਰਸੂਖਵਾਨ ਮੁਖੀ ਨਾਲ ਮੀਟਿੰਗ ਵੀ ਸ਼ਾਮਲ ਸੀ। ਇਸ ਸਰਗਰਮੀ ਨਾਲ ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਵਿਚ ਨਵੀਂ ਰੂਹ ਫੂਕੀ ਗਈ। ਆਰ. ਐਸ਼ ਐਸ਼ ਦੇ ਕਾਰਕੁਨਾਂ ਵਲੋਂ ਰਾਜ ਦੇ ਮਾਲਵਾ ਖਿੱਤੇ ਵਿਚ ਬੰਦੂਕਾਂ, ਪਿਸਤੌਲ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਮਾਰਚ ਕਰਨ ਦੀਆਂ ਰਿਪੋਰਟਾਂ ਵੀ ਮੀਡੀਆ ਦੀਆਂ ਖਬਰਾਂ ਬਣੀਆਂ।
ਅਕਾਲ ਤਖਤ ਤੁਰੰਤ ਹਰਕਤ ਵਿਚ ਆਇਆ। 18 ਨਵੰਬਰ 2014 ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੰਜਾਬ, ਖਾਸ ਕਰਕੇ ਪੇਂਡੂ ਖੇਤਰਾਂ ਵਿਚ ਆਰ. ਐਸ਼ ਐਸ਼ ਦੀਆਂ ਵਧ ਰਹੀਆਂ ਸਰਗਰਮੀਆਂ ਬਾਰੇ ਸਿੱਖ ਭਾਈਚਾਰੇ ਨੂੰ ਚੁਕੰਨੇ ਰਹਿਣ ਦੀ ਤਾਕੀਦ ਕੀਤੀ ਗਈ। ਇਹ ਚਿਤਾਵਨੀ ਸਿੱਖ ਧਾਰਮਿਕ ਜਥੇਬੰਦੀਆਂ ਵਲੋਂ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਧਾਰਮਿਕ ਅਤੇ ਸਮਾਜੀ ਬਾਈਕਾਟ ਦਾ ਸੱਦਾ ਦਿੱਤੇ ਜਾਣ ਤੋਂ ਤੁਰੰਤ ਬਾਅਦ ਦਿੱਤੀ ਗਈ, ਜਿਸ ਨੇ ਅਗਸਤ 2014 ਵਿਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰੋਗਰਾਮ ਵਿਚ ਮੋਹਨ ਭਾਗਵਤ ਨਾਲ ਮੰਚ ਸਾਂਝਾ ਕੀਤਾ ਸੀ।
ਇਸ ਵਾਰ ਇਹ ਟਕਰਾਓ ਧਾਰਮਿਕ ਅਖਾੜੇ ਤੋਂ ਬਾਹਰ ਆ ਗਿਆ। ਸ਼੍ਰੋਮਣੀ ਅਕਾਲੀ ਦਲ ਆਪਣੇ ਮੋਹਰਿਆਂ ਜ਼ਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਹੈ ਅਤੇ ਇਹ ਭਾਜਪਾ ਨਾਲ ਸੱਤਾ ਵਿਚ ਭਾਈਵਾਲ ਹੈ। ਇਸ ਲਈ ਸੂਬੇ ਦੇ ਗਰਮਖਿਆਲੀ ਤੱਤ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ‘ਤੇ ਦੋਸ਼ ਲਾਉਂਦੇ ਹਨ ਕਿ ਪਹਿਲਾਂ ਤਾਂ ਉਹ ਆਰ. ਐਸ਼ ਐਸ਼ ਲਈ ਪੰਜਾਬ ਵਿਚ ਆਪਣਾ ਰਸੂਖ ਵਧਾਉਣ ਵਾਸਤੇ ਰਾਹ ਮੋਕਲਾ ਕਰਦਾ ਹੈ ਅਤੇ ਬਾਅਦ ਵਿਚ ਅਕਾਲ ਤਖਤ ਕੋਲੋਂ ਸੰਘ ਦੀਆਂ ਸਰਗਰਮੀਆਂ ਤੋਂ ਚੌਕਸ ਰਹਿਣ ਦੀ ਚਿਤਾਵਨੀ ਜਾਰੀ ਕਰਵਾਉਂਦਾ ਹੈ। ਯੂਨਾਈਟਿਡ ਅਕਾਲੀ ਦਲ, ਜੋ ਗਰਮਖਿਆਲੀ ਸਿੱਖ ਧੜਿਆਂ ਵਲੋਂ ਬਣਾਈ ਗਈ ਸਿਆਸੀ ਜਥੇਬੰਦੀ ਹੈ, ਦੇ ਕਨਵੀਨਰ ਮੋਹਕਮ ਸਿੰਘ ਕਹਿੰਦੇ ਹਨ, “ਪੰਜਾਬ ਵਿਚ ਆਰ. ਐਸ਼ ਐਸ਼ ਨੂੰ ਕੌਣ ਲੈ ਕੇ ਆਇਆ? ਇਹ ਬਿਨਾ ਸ਼ੱਕ ਬਾਦਲ ਹੈ। ਅਕਾਲ ਤਖਤ ਨੂੰ ਕੌਣ ਕੰਟਰੋਲ ਕਰਦਾ ਹੈ? ਇਹ ਬਾਦਲ ਹੈ। ਪੰਜਾਬ ਨੂੰ ਬਰਬਾਦ ਕਿਸ ਨੇ ਕੀਤਾ? ਇਹ ਬਾਦਲ ਹੈ। ਬਾਦਲਾਂ ਦਾ ਆਰ. ਐਸ਼ ਐਸ਼ ਵਿਰੁਧ ਹਾਸੋਹੀਣਾ ਸੰਘਰਸ਼ ਬੇਮਾਇਨੇ ਹੈ। ਦੋਵੇਂ ਪੰਜਾਬ ਲਈ ਘਾਤਕ ਹਨ ਅਤੇ ਦੋਹਾਂ ਨੂੰ ਚੱਲਦਾ ਕਰਨਾ ਪਵੇਗਾ।”
ਧਰਮ ਕਿਉਂਕਿ ਸਿਆਸਤ ਨਾਲ ਰਲਗੱਡ ਹੈ, ਪੰਜਾਬ ਦੇ ਲੋਕ ਦੋ ਤਾਕਤਾਂ ਵਿਚਾਲੇ ਕੁੜਿੱਕੀ ਵਿਚ ਫਸੇ ਮਹਿਸੂਸ ਕਰਦੇ ਹਨ- ਇਕ ਪਾਸੇ ਉਹ ਸਿੱਖ ਹਨ ਜੋ ਆਪਣੀ ਆਜ਼ਾਦ ਧਾਰਮਿਕ ਹਸਤੀ ਤੇ ਪਛਾਣ ਲਈ ਦ੍ਰਿੜ ਹਨ ਅਤੇ ਦੂਜੇ ਉਹ ਜੋ ਰਾਸ਼ਟਰੀ ਸਿੱਖ ਸੰਗਤ-ਆਰ. ਐਸ਼ ਐਸ਼ ਦੇ ਇਸ ਸਿਧਾਂਤ ਨਾਲ ਸਹਿਮਤ ਹਨ ਕਿ ਸਿੱਖ ਧਰਮ ਹਿੰਦੂ ਧਰਮ ਦਾ ਹੀ ਅੰਗ ਹੈ।
(ਸਮਾਪਤ)