ਧਵਲੈ ਉਪਰਿ ਕੇਤਾ ਭਾਰੁ

ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 585-305-0443
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਉਤਮ ਰਚਨਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿਚ ਹੀ ਸੁਭਾਏਮਾਨ ਹੈ। ਇਸ ਬਾਣੀ ‘ਚ ਗੁਰੂ ਸਾਹਿਬ ਨੇ ਮਨੁੱਖ ਦੇ ਭਰਮ ਭੁਲੇਖੇ ਦੂਰ ਕੀਤੇ ਹਨ। ਢੇਰ ਪੁਰਾਣੇ ਸਮੇਂ ਵਿਚ ਕਈ ਰਿਸ਼ੀ ਮੁਨੀ ਜੰਗਲ ਵਿਚ ਤਪ ਕਰਦੇ ਰਹੇ, ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ। ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ। ਕਈਆਂ ਵਿਚ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ, ਕਿਉਂ ਬਣਿਆ, ਕਿਵੇਂ ਬਣਿਆ, ਕਿੰਨਾ ਕੁ ਵੱਡਾ ਹੈ? ਆਦਿ।

ਭਗਤੀ ਕਰਨ ਗਏ ਰਿਸ਼ੀ ਭਗਤੀ ਦੀ ਥਾਂ ਇਕ ਅਜਿਹੇ ਉਦਮ ਵਿਚ ਲੱਗ ਪਏ, ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ। ਇੱਥੇ ਸਤਿਗੁਰੂ ਇਸ ਉਕਾਈ ਵੱਲ ਇਸ਼ਾਰਾ ਕਰਦੇ ਹਨ। ਅਜਿਹੇ ਕੋਝੇ ਯਤਨਾਂ ਦਾ ਹੀ ਨਤੀਜਾ ਸੀ ਕਿ ਆਮ ਲੋਕਾਂ ਨੇ ਮਿਥ ਲਿਆ ਕਿ ਧਰਤੀ ਨੂੰ ਇਕ ਬਲਦ ਨੇ ਚੁੱਕਿਆ ਹੋਇਆ ਹੈ। ਇਹ ਮਿਸਾਲ ਲੈ ਕੇ ਸਤਿਗੁਰੂ ਇਸ ਦੀ ਨਿਖੇਧੀ ਕਰਦੇ ਹਨ ਕਿ ਕੁਦਰਤਿ ਬੇਅੰਤ ਹੈ, ਤੇ ਇਸ ਦਾ ਰਚਨਹਾਰ ਭੀ ਬੇਅੰਤ ਹੈ। ਉਨ੍ਹਾਂ ਫੁਰਮਾਇਆ,
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥
ਅਕਾਲ ਪੁਰਖ ਦਾ ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ, ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ। ਇਹ ਧਰਮ ਦਇਆ ਦਾ ਪੁੱਤਰ ਹੈ, ਭਾਵ ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ‘ਧਰਮ’-ਰੂਪ ਨਿਯਮ ਬਣਾ ਦਿੱਤਾ ਹੈ। ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ‘ਸੰਤੋਖੁ’ ਨੂੰ ਜਨਮ ਦੇ ਦਿੱਤਾ ਹੈ। ਜੇ ਕੋਈ ਮਨੁੱਖ ਇਸ ਵਿਚਾਰ ਨੂੰ ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ। ਨਹੀਂ ਤਾਂ ਖਿਆਲ ਕਰੋ ਕਿ ਬਲਦ ਉਤੇ ਧਰਤੀ ਦਾ ਕਿੰਨਾ ਕੁ ਬੇਅੰਤ ਭਾਰ ਹੈ, ਉਹ ਵਿਚਾਰਾ ਇੰਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ? ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ ਧਰਤੀ ਦੇ ਹੇਠ ਹੋਰ ਬਲਦ, ਫੇਰ ਹੋਰ ਬਲਦ, ਇਸੇ ਤਰ੍ਹਾਂ ਅਖੀਰਲੇ ਬਲਦ ਤੋਂ ਭਾਰ ਸਹਾਰਨ ਲਈ ਉਸ ਦੇ ਹੇਠ ਕਿਹੜਾ ਆਸਰਾ ਹੋਵੇਗਾ?
ਜਦੋਂ ਗੁਰੂ ਸਾਹਿਬਾਂ ਨੂੰ ਪੁੱਛਿਆ ਗਿਆ ਕਿ ਜਿਸ ਵੇਲੇ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ, ਉਦੋਂ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ ਅਤੇ ਕਿਹੜਾ ਵੇਲਾ ਸੀ, ਕਿਹੜੀ ਮਿਤੀ ਸੀ, ਕਿਹੜਾ ਵਾਰ ਸੀ? ਉਨ੍ਹਾਂ ਨੇ ਆਪਣੀ ਵਿਧੀ ਨਾਲ ਪਹਿਲਾਂ ਸੁਆਲ ਕੀਤਾ ਹੈ ਅਤੇ ਅੰਤਿਮ ਤੁਕ ਵਿਚ ਉਸ ਦਾ ਖੁਦ ਹੀ ਜਵਾਬ ਦਿੱਤਾ ਹੈ,
ਕਵਣੁ ਸੁ ਵੇਲਾ ਵਖਤੁ ਕਵਣੁ
ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ
ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ
ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ
ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ
ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ
ਆਪੇ ਜਾਣੈ ਸੋਈ॥
ਗੁਰੂ ਜੀ ਨੇ ਫੁਰਮਾਇਆ ਕਿ ਇਸ ਸਵਾਲ ਦਾ ਜਵਾਬ ਤਾਂ ਉਸ ਵਕਤ ਦੇ ਕਾਜ਼ੀਆਂ ਜਾਂ ਪੰਡਿਤਾਂ ਨੂੰ ਵੀ ਪਤਾ ਨਹੀਂ ਸੀ, ਜੇ ਹੁੰਦਾ ਤਾਂ ਜ਼ਰੂਰ ਕਿਸੇ ਗ੍ਰੰਥ ਵਿਚ ਲਿਖਿਆ ਮਿਲ ਜਾਂਦਾ। ਇਸ ਲਈ ਥਿਤ ਵਾਰ ਤਾਂ ਜੋਗੀਆਂ ਨੂੰ ਵੀ ਨਹੀਂ ਸੀ ਪਤਾ। ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ, ਜੋ ਇਸ ਸ਼੍ਰਿਸ਼ਟੀ ਦਾ ਰਚਨਹਾਰਾ ਹੈ, ਭਾਵੇਂ ਅੱਜ ਵਿਗਿਆਨ ਵੀ ਇਸ ਦਾ ਸਹੀ ਉਤਰ ਜਾਣਨ ਦੇ ਯਤਨਾਂ ਵਿਚ ਹੈ।
ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਬਾਰੇ ਆਖਿਆ ਕਿ ਤੁਸੀਂ ਗਰੀਬ ਅਤੇ ਵਿਚਾਰੀ ਜਨਤਾ ‘ਤੇ ਜ਼ੁਲਮ ਕਰ ਰਹੇ ਹੋ, ਇਹ ਬੰਦ ਕਰੋ, ਤੁਹਾਨੂੰ ਵੀ ਅਕਾਲ ਪੁਰਖ ਨਹੀਂ ਬਖਸ਼ੇਗਾ। ਉਥੇ ਉਨ੍ਹਾਂ ਨੇ ਵਾਹਿਗੁਰੂ ਪਾਸ ਗਿਲਾ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 360 ‘ਤੇ ਸੁਭਾਏਮਾਨ ਹੈ,
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ
ਤਾ ਮਨਿ ਰੋਸੁ ਨ ਹੋਈ॥੧॥ ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ
ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ
ਮੁਇਆ ਸਾਰ ਨ ਕਾਈ॥
ਆਪੇ ਜੋੜਿ ਵਿਛੋੜੇ ਆਪੇ
ਵੇਖੁ ਤੇਰੀ ਵਡਿਆਈ॥
ਹੇ ਕਰਤਾਰ! ਤੂੰ ਸਭਨਾਂ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰੇ-ਕੁੱਟੇ ਤਾਂ ਵੇਖਣ ਵਾਲਿਆਂ ਦੇ ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ, ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੀਆਂ ਹਨ। ਪਰ ਜੇ ਕੋਈ ਸ਼ੇਰ ਜਿਹਾ ਜ਼ੋਰਾਵਰ ਗਊਆਂ ਦੇ ਵੱਗ ਵਰਗੇ ਕਮਜ਼ੋਰ ਨਿਹੱਥਿਆਂ ‘ਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ ਵੱਗ ਦੇ ਖਸਮ ਨੂੰ ਹੀ ਹੁੰਦੀ ਹੈ, ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ। ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਨ੍ਹਾਂ ਮਨੁੱਖ-ਰੂਪ ਮੁਗਲ ਕੁੱਤਿਆਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਵੀ ਨਹੀਂ ਲੈਂਦਾ। ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ! ਤੂੰ ਆਪ ਹੀ ਸਬੰਧ ਜੋੜ ਕੇ ਆਪ ਹੀ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੇ ਵਿਛੋੜ ਦਿੱਤਾ ਹੈ। ਹੇ ਕਰਤਾਰ! ਇਹ ਤੇਰੀ ਤਾਕਤ ਦਾ ਕ੍ਰਿਸ਼ਮਾ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ ਤਾਂ ਜੋ ਆਮ ਲੋਕਾਈ ਇਸ ਨੂੰ ਪੜ੍ਹ ਸਕੇ। ਇਸ ਤੋਂ ਪਹਿਲਾਂ ਗ੍ਰੰਥ ਸੰਸਕ੍ਰਿਤ ਭਾਸ਼ਾ ਵਿਚ ਲਿਖੇ ਜਾਂਦੇ ਸਨ, ਜੋ ਆਮ ਲੋਕਾਈ ਦੀ ਸਮਝ ਤੋਂ ਬਾਹਰ ਸੀ ਅਤੇ ਉਸ ਸਮੇਂ ਸਿਰਫ ਥੋੜ੍ਹੇ ਜਿਹੇ ਲੋਕ ਹੀ ਸੰਸਕ੍ਰਿਤ ਪੜ੍ਹ ਤੇ ਸਮਝ ਸਕਦੇ ਸਨ। ਪੰਜਾਬੀ ਭਾਸ਼ਾ ਕਾਫੀ ਸਮੇਂ ਤੋਂ ਪ੍ਰਚਲਿਤ ਸੀ, ਉਸ ਦਾ ਪੈਂਤੀ ਦਾ ਕਰਮ ਅੱਜ ਦੇ ਕਰਮ ਅਨੁਸਾਰ ਨਹੀਂ ਸੀ, ਸਗੋਂ ਉਹ ‘ਸ’ ਤੋਂ ਸ਼ੁਰੂ ਹੋ ਕੇ ‘ਅ’ ਉਤੇ ਖਤਮ ਹੁੰਦੀ ਸੀ, ਜੋ ਨਿਮਨ ਅਨੁਸਾਰ ਸੀ,
ਸ e A ਙ ਕ
ਖ ਗ ਘ ਚ ਛ
ਜ ਝ ਞ ਟ ਠ
ਡ ਢ ਣ ਤ ਥ
ਦ ਧ ਨ ਪ ਫ
ਬ ਭ ਮ ਯ ਰ
ਲ ਵ ੜ ਹ ਅ
ਇਸ ਦੀ ਸਪਸ਼ਟ ਮਿਸਾਲ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 432 ਅੰਕ ‘ਤੇ ਸੁਭਾਏਮਾਨ ‘ਰਾਗੁ ਆਸਾ ਮਹਲਾ ੧ ਪਟੀ ਲਿਖੀ’ ਤੋਂ ਹੈ, ਜਿਸ ਵਿਚ ਪਹਿਲੇ ਸ਼ਲੋਕ ਦਾ ਪਹਿਲਾ ਸ਼ਬਦ ਅੱਖਰ ‘ਸ’ ਤੋਂ ਸ਼ੁਰੂ ਹੁੰਦਾ ਹੈ, ਜੋ ਇਸ ਤਰ੍ਹਾਂ ਹੈ,
ੴ ਸਤਿਗੁਰ ਪ੍ਰਸਾਦਿ॥
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ
ਸਭਨਾ ਸਾਹਿਬੁ ਏਕੁ ਭਇਆ॥
ਅਗਲੀ ਸਤਰ ਅੱਖਰ ‘e’ ਤੋਂ ਸ਼ੁਰੂ ਹੁੰਦੀ ਹੈ,
ਈਵੜੀ ਆਦਿ ਪੁਰਖੁ ਹੈ
ਦਾਤਾ ਆਪੇ ਸਚਾ ਸੋਈ॥
ਅਗਲੀ ਸਤਰ ਅੱਖਰ ‘A’ ਤੋਂ ਸ਼ੁਰੂ ਹੁੰਦੀ ਹੈ,
ਊੜੈ ਉਪਮਾ ਤਾ ਕੀ ਕੀਜੈ
ਜਾ ਕਾ ਅੰਤੁ ਨ ਪਾਇਆ॥
ਅਗਲੀ ਸਤਰ ਅੱਖਰ ‘ਙ’ ਤੋਂ ਸ਼ੁਰੂ ਹੁੰਦੀ ਹੈ,
ਙੰਙੈ ਙਿਆਨੁ ਬੂਝੈ ਜੇ ਕੋਈ
ਪੜਿਆ ਪੰਡਿਤੁ ਸੋਈ॥
ਆਖਰੀ ਦੋ ਅੱਖਰ ‘ਹ’ ਅਤੇ ‘ਅ’ ਵੱਖਰੇ ਹਨ, ਜੋ ਇਸ ਤਰ੍ਹਾਂ ਹਨ,
ਹਾਹੈ ਹੋਰੁ ਨ ਕੋਈ ਦਾਤਾ
ਜੀਅ ਉਪਾਇ ਜਿਨਿ ਰਿਜਕੁ ਦੀਆ॥
ਅਤੇ ਆਖਰੀ ਅੱਖਰ ‘ਅ’ ਹੈ, ਜੋ ਇਸ ਤਰ੍ਹਾਂ ਹੈ,
ਆਇੜੈ ਆਪਿ ਕਰੇ ਜਿਨਿ ਛੋਡੀ
ਜੋ ਕਿਛੁ ਕਰਣਾ ਸੁ ਕਰਿ ਰਹਿਆ॥
ਪਰ ਜਿਹੜੀ ਪੈਂਤੀ ਅੱਜ ਕਲ ਵਰਤੋਂ ਵਿਚ ਹੈ, ਉਸ ਨੂੰ ਗੁਰਮੁਖੀ ਲਿਪੀ ਦਾ ਨਾਂ ਦਿਤਾ ਗਿਆ ਹੈ, ਕਿਉਂਕਿ ਇਹ ਗੁਰੂ ਸਾਹਿਬਾਨ ਦੇ ਮੁਖ ਤੋਂ ਉਚਾਰੀ ਗਈ ਸੀ ਅਤੇ ਇਹ ਰੂਪ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਦਿਤਾ ਸੀ, ਜੋ ਇਸ ਤਰ੍ਹਾਂ ਹੈ,
A ਅ e ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਗੁਰੂ ਸਾਹਿਬਾਨ ਨੇ ਜਾਤ-ਪਾਤ ਦਾ ਡਟਵਾਂ ਵਿਰੋਧ ਕੀਤਾ ਤੇ ਸਮਝਾਇਆ ਕਿ ਕੋਈ ਵੀ ਜਾਤ ਉਚੀ ਜਾਂ ਨੀਵੀਂ ਨਹੀਂ ਹੈ, ਸਾਰੇ ਬਰਾਬਰ ਹਨ।
ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਕਿਸੇ ਨੂੰ ਵੀ ਉਸ ਦੀ ਜਾਤ ਜਾਂ ਜਨਮ ਤੋਂ ਨਾ ਪਛਾਣਿਆ ਜਾਵੇ ਕਿ ਕੋਈ ਕਿਸ ਘਰਾਣੇ ਵਿਚ ਪੈਦਾ ਹੋਇਆ ਹੈ, ਸਗੋਂ ਉਸ ਦੇ ਕੰਮ ਹੀ ਦਸਦੇ ਹਨ ਕਿ ਉਸ ਦੀ ਜਾਤ ਨੀਵੀਂ ਹੈ ਜਾਂ ਉਚੀ। ਉਨ੍ਹਾਂ ਲਿਖਿਆ ਹੈ,
ਜਾਤਿ ਜਨਮੁ ਨਹ ਪੂਛੀਐ
ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ
ਜੇਹੇ ਕਰਮ ਕਮਾਇ॥
ਜਨਮ ਮਰਨ ਦੁਖੁ ਕਾਟੀਐ
ਨਾਨਕ ਛੂਟਸਿ ਨਾਇ॥ (ਅੰਗ 1330)
ਪ੍ਰੋ. ਸਾਹਿਬ ਸਿੰਘ ਇਸ ਦੇ ਅਰਥ ਇਸ ਤਰ੍ਹਾਂ ਕਰਦੇ ਹਨ, ਹੇ ਨਾਨਕ! ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤ-ਪਾਤ ਹੈ। ਵਖਰੇਵਿਆਂ ਵਿਚ ਪੈ ਕੇ ਇਹ ਨਹੀਂ ਪੁੱਛਣਾ ਚਾਹੀਦਾ ਕਿ ਫਲਾਣੇ ਦੀ ਜਾਤ ਕੀ ਹੈ? ਕਿਸ ਕੁਲ ਵਿਚ ਉਸ ਦਾ ਜਨਮ ਹੋਇਆ? ਪੁੱਛਣਾ ਹੈ ਤਾਂ ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ? ਜਾਤ-ਪਾਤ ਤਾਂ ਜੀਵ ਦੀ ਉਹੀ ਹੈ, ਜਿਹੋ ਜਿਹੇ ਜੀਵ ਕਰਮ ਕਮਾਉਂਦਾ ਹੈ। ਜਨਮ ਮਰਨ ਦੇ ਗੇੜ ਦਾ ਦੁਖ ਤਦੇ ਹੀ ਦੂਰ ਹੁੰਦਾ ਹੈ, ਜਦੋਂ ਜੀਵ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ-ਪੰਜ ਚੋਰਾਂ ਤੋਂ ਖਲਾਸੀ ਹੁੰਦੀ ਹੈ।
ਇਹ ਵੱਖਰੀ ਗੱਲ ਹੈ ਕਿ ਅਸੀਂ ਜਾਤ-ਪਾਤ ਨੂੰ ਬਿਲਕੁਲ ਨਹੀਂ ਤਿਆਗਿਆ, ਸਗੋਂ ਵੱਖੋ ਵੱਖ ਜਾਤਾਂ ਨੇ ਆਪੋ ਆਪਣੇ ਗੁਰਦੁਆਰੇ ਬਣਾ ਲਏ ਹਨ ਅਤੇ ਅਸੀਂ ਗੁਰੂ ਨੂੰ ਜਾਤ-ਪਾਤ ਵਿਚ ਵੰਡਣ ਵਿਚ ਲੱਗੇ ਹੋਏ ਹਾਂ। ਗੁਰੂ ਸਾਹਿਬ ਦਾ ਫੁਰਮਾਨ ਹੈ,
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਸਾਰੇ ਹੀ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ ਭਾਵ ਸੂਝ-ਬੂਝ ਹੈ।
ਜੋਗ ਸਬਦੰ ਗਿਆਨ ਸਬਦੰ
ਬੇਦ ਸਬਦੰ ਤ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ
ਸੂਦ੍ਰ ਸਬਦੰ ਪਰਾ ਕ੍ਰਿਤਹ॥
ਵਰਣ-ਵੰਡ ਦੇ ਵਿਤਕਰੇ ਪਾਉਣ ਵਾਲੇ ਆਖਦੇ ਹਨ ਕਿ ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ, ਬ੍ਰਹਮ ਦੀ ਵਿਚਾਰ ਕਰਨਾ ਹੈ, ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ; ਖੱਤਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ। ਪਰ ਗੁਰੂ ਸਾਹਿਬ ਨੇ ਫੁਰਮਾਇਆ ਹੈ,
ਸਰਬ ਸਬਦੰ ਤ ਏਕ ਸਬਦੰ
ਜੇ ਕੋ ਜਾਨਸਿ ਭੇਉ॥
ਨਾਨਕ ਤਾ ਕੋ ਦਾਸੁ ਹੈ
ਸੋਈ ਨਿਰੰਜਨ ਦੇਉ॥
ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।
ਗੁਰੂ ਸਾਹਿਬ ਨੇ ਦੱਸਿਆ ਕਿ ਮਨੁੱਖੀ ਸਮਾਜ ਅੰਦਰ ਏਕਤਾ, ਸਾਂਝੀਵਾਲਤਾ ਅਤੇ ਇਕਸੁਰਤਾ ਦੀ ਲੋੜ ਹੈ, ਨਾ ਕਿ ਆਪੋ ਵਿਚ ਪਾਟੋ ਧਾੜ ਹੋ ਕੇ ਆਪੋ ਆਪਣੀ ਡਫਲੀ ਵੱਖ ਵੱਖ ਵਜਾਈ ਜਾਵੇ। ਸਾਂਝੀਵਾਲਤਾ ਵਾਲੇ ਸਮਾਜਕ ਲੋਕ ਪੂਰਨ ਤੌਰ ‘ਤੇ ਆਜ਼ਾਦ ਹੁੰਦੇ ਹਨ। ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਗੁਰੂ ਸਾਹਿਬਾਨ ਨੇ ਉਚਾਰਿਆ ਹੈ,
ਨਾਨਕ ਸਤਿਗੁਰੁ ਐਸਾ ਜਾਣੀਐ
ਜੋ ਸਭਸੈ ਲਏ ਮਿਲਾਇ ਜੀਉ॥ (ਪੰਨਾ 72)

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ (ਪੰਨਾ 97)

ਸਭੇ ਸਾਝੀਵਾਲ ਸਦਾਇਨਿ
ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)

ਦਸਵੀਂ ਜੋਤ ਨੇ ਵੀ ਆਖਿਆ ਹੈ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।
ਗੁਰੂ ਸਾਹਿਬਾਨ ਨੇ ਦੱਸਿਆ ਹੈ ਕਿ ਬ੍ਰਾਹਮਣ ਕੌਣ ਹੈ? ਬ੍ਰਾਹਮਣ ਉਹ ਹੈ, ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸੱਭੇ ਕੁਲਾਂ ਨੂੰ ਵੀ ਲੰਘਾ ਲੈਂਦਾ ਹੈ,
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥
ਆਪਿ ਤਰੈ ਸਗਲੇ ਕੁਲ ਤਾਰੈ॥
ਦਾਨਸਬੰਦੁ ਸੋਈ ਦਿਲਿ ਧੋਵੈ॥
ਮੁਸਲਮਾਣੁ ਸੋਈ ਮਲੁ ਖੋਵੈ॥ (ਪੰਨਾ 662)
ਗਿਆਨ ਤੋਂ ਬਿਨਾ ਸਾਰੀ ਖਲਕਤ ਅੰਨ੍ਹਿਆਂ ਜਿਹੀ ਹੁੰਦੀ ਹੈ। ਜਿੱਥੇ ਵੀ ਅਗਿਆਨ ਪਸਰਿਆ ਹੁੰਦਾ ਹੈ, ਜੀਵਨ ਦੀਆਂ ਸੱਭੇ ਖੁਸ਼ੀਆਂ ਅਲੋਪ ਹੀ ਰਹਿੰਦੀਆਂ ਹਨ। ਚਲਾਕ ਲੋਕ ਆਪਣੀਆਂ ਚਤੁਰਾਈਆਂ ਸਦਕਾ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦੇ ਅਗਿਆਨ ਦਾ ਫਾਇਦਾ ਉਠਾ ਕੇ ਧਨ ਦੌਲਤ ਇਕੱਠੀ ਕਰਨ ਦਾ ਆਹਰ ਕਰਦੇ ਰਹਿੰਦੇ ਹਨ। ਗੁਰੂ ਸਾਹਿਬ ਨੇ ਫਰਮਾਇਆ ਹੈ,
ਅੰਧੀ ਰਯਤਿ ਗਿਆਨ ਵਿਹੂਣੀ
ਭਾਹਿ ਭਰੇ ਮੁਰਦਾਰੁ॥
ਗਿਆਨੀ ਨਚਹਿ ਵਾਜੇ ਵਾਵਹਿ
ਰੂਪ ਕਰਹਿ ਸੀਗਾਰੁ॥
ਊਚੇ ਕੂਕਹਿ ਵਾਦਾ ਗਾਵਹਿ
ਜੋਧਾ ਕਾ ਵੀਚਾਰੁ॥
ਮੂਰਖ ਪੰਡਿਤ ਹਿਕਮਤਿ ਹੁਜਤਿ
ਸੰਜੈ ਕਰਹਿ ਪਿਆਰੁ॥
ਧਰਮੀ ਧਰਮੁ ਕਰਹਿ ਗਾਵਾਵਹਿ
ਮੰਗਹਿ ਮੋਖ ਦੁਆਰੁ॥ (ਪੰਨਾ 469)
ਪਰਜਾ ਗਿਆਨ ਤੋਂ ਸੱਖਣੀ ਹੋਣ ਦੇ ਕਾਰਨ ਮਾਨੋ ਅੰਨ੍ਹੀ ਹੋਈ ਪਈ ਹੈ ਅਤੇ ਤ੍ਰਿਸ਼ਨਾ ਅੱਗ ਦੀ ਚੱਟੀ ਭਰ ਰਹੀ ਹੈ। ਜੋ ਮਨੁੱਖ ਆਪਣੇ ਆਪ ਨੂੰ ਗਿਆਨਵਾਨ ਉਪਦੇਸ਼ਕ ਅਖਵਾਉਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਉਂਦੇ ਹਨ ਤੇ ਸ਼ਿੰਗਾਰ ਕਰਦੇ ਹਨ; ਉਹ ਗਿਆਨੀ ਉਚੀ ਉਚੀ ਕੂਕਦੇ ਹਨ, ਯੁੱਧਾਂ ਦੇ ਪ੍ਰਸੰਗ ਸੁਣਾਉਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ। ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, ਪਰ ਮਾਇਆ ਇਕੱਠੀ ਕਰਨ ਵਿਚ ਜੁਟੇ ਹੋਏ ਹਨ। ਜੋ ਮਨੁੱਖ ਆਪਣੇ ਆਪ ਨੂੰ ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ ਤਾਂ ਧਰਮ ਦਾ ਕੰਮ ਕਰਦੇ ਹਨ, ਪਰ ਸਾਰੀ ਮਿਹਨਤ ਗਵਾ ਬੈਠਦੇ ਹਨ, ਕਿਉਂਕਿ ਇਸ ਦੇ ਵੱਟੇ ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਈਏ, ਭਾਵ ਧਰਮ ਦਾ ਕੰਮ ਤਾਂ ਕਰਦੇ ਹਨ, ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਵੀ ਵਾਸ਼ਨਾ ਦੇ ਬੱਧੇ ਹਨ।
ਮੁੱਕਦੀ ਗੱਲ ਇਹ ਹੈ ਕਿ ਸਾਨੂੰ ਜਾਤ-ਪਾਤ ਛੱਡ ਕੇ ਉਸ ਸੱਚੇ ਅਕਾਲ ਪੁਰਖ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਗੁਰੂ ਜੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ‘ਤੇ ਅਮਲ ਕਰ ਕੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਆਪਸੀ ਵਿਚਾਰ-ਵਟਾਂਦਰੇ ਲਈ ਗੁਰੂ ਜੀ ਦੇ ਉਪਦੇਸ਼ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ‘ਤੇ ਚਲਦਿਆਂ ਸਾਨੂੰ ਅਕਾਲ ਪੁਰਖ ਪਾਸ ਸਰਬਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਚਾਹੀਦੀ ਹੈ।