ਬਾਬੇ ਨਾਨਕ ਦਾ ਸੁਨੇਹਾ ਅਤੇ ਕਰਤਾਰਪੁਰ ਲਾਂਘੇ ਦੀ ਸਾਰਥਕਤਾ

ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032
9 ਨਵੰਬਰ 2019 ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣ ਨਾਲ ਦੇਸ਼-ਵਿਦੇਸ਼ ‘ਚ ਵਸਦੇ ਸ਼ਰਧਾਲੂ ਬੇਹਦ ਖੁਸ਼ ਹਨ। ਗੁਰਦੁਆਰੇ ਮੱਥਾ ਟੇਕ ਕੇ ਵਾਪਿਸ ਆਏ ਹਰ ਸ਼ਖਸ ਨੇ ਪਾਕਿਸਤਾਨ ਸਰਕਾਰ ਦੇ ਪ੍ਰਬੰਧਾਂ, ਆਓ-ਭਗਤ ਅਤੇ ਲਾਂਘਾ ਖੋਲ੍ਹੇ ਜਾਣ ‘ਤੇ ਤਸੱਲੀ ਪ੍ਰਗਟਾਈ ਹੈ। ਗੁਰਦੁਆਰੇ ਅਤੇ ਆਸ-ਪਾਸ ਕੀਤੀ ਉਸਾਰੀ ਤੋਂ ਹਰ ਸ਼ਖਸ ਪ੍ਰਭਾਵਿਤ ਹੈ। ਲਾਂਘਾ ਖੁੱਲ੍ਹਣ ਦਾ ਮਹੱਤਵ ਉਦੋਂ ਹੋਰ ਵਧ ਜਾਂਦਾ ਹੈ, ਜਦ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਰਿਸ਼ਤੇ ਬੜੇ ਕੁੜਿੱਤਣ ਭਰੇ ਹਨ।

ਕਰਤਾਰਪੁਰ ਲਾਂਘਾ ਖੋਲ੍ਹਣ ਦੀ ਚਰਚਾ ਉਦੋਂ ਸ਼ੁਰੂ ਹੋਈ, ਜਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਲਈ ਆਪਣੇ ਕ੍ਰਿਕਟਰ ਮਿੱਤਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ। ਸਿੱਧੂ ਦੇ ਨਜ਼ਦੀਕੀਆਂ ਅਨੁਸਾਰ ਇਮਰਾਨ ਨੇ ਨਵਜੋਤ ਨੂੰ ਕਿਹਾ ਕਿ ਇਸ ਵਕਤ ਉਹ ਕਿਹੜਾ ਤੋਹਫਾ ਪਸੰਦ ਕਰੇਗਾ? ਕਹਿੰਦੇ ਹਨ ਕਿ ਨਵਜੋਤ ਨੇ ਕੁਝ ਚਿਰ ਸੋਚ ਕੇ ਲਾਂਘਾ ਖੋਲ੍ਹਣ ਦੀ ਇੱਛਾ ਪ੍ਰਗਟ ਕੀਤੀ, ਜੋ ਇਮਰਾਨ ਨੇ ਝੱਟ ਪ੍ਰਵਾਨ ਕਰ ਲਿਆ।
ਗੁਰਦੁਆਰਾ ਕਰਤਾਰਪੁਰ ਸਾਹਿਬ ਪਹਿਲਾਂ ਚਾਰ ਏਕੜ ਵਿਚ ਸੀ ਅਤੇ ਉਸ ਦੇ ਆਲੇ-ਦੁਆਲੇ ਜੰਗਲ ਅਤੇ ਉਜਾੜ ਸੀ, ਪਰ ਜਦ ਪਾਕਿਸਤਾਨ ਸਰਕਾਰ ਨੇ ਇਸ ਦੀ ਤਿਆਰੀ ਸ਼ੁਰੂ ਕੀਤੀ ਤਾਂ ਇਸ ਦੀ ਦਿੱਖ ਸੰਵਾਰ ਦਿੱਤੀ। ਇਸ ਪ੍ਰਾਜੈਕਟ ਦੇ ਡਾਇਰੈਕਟਰ ਜਨਾਬ ਆਤਿਫ ਮਜੀਦ ਨੇ ਕਿਹਾ ਕਿ ਹੁਣ ਕਰੀਬ 43 ਏਕੜ ਥਾਂ ‘ਚ ਉਸਾਰੀ ਕੀਤੀ ਗਈ ਹੈ, ਸੰਗਮਰਮਰ ਲਾ ਦਿੱਤਾ ਗਿਆ ਹੈ। ਉਸ ਨੇ ਚਿੱਠੀ ਭੇਜੀ ਸੀ ਕਿ ਤਿਆਰੀ ਸਮੇਂ ਸਿੱਖ ਰਵਾਇਤਾਂ ਦਾ ਖਿਆਲ ਰੱਖਿਆ ਜਾਵੇ, ਜਿਸ ‘ਤੇ ਪੂਰੀ ਤਰ੍ਹਾਂ ਅਮਲ ਕੀਤਾ ਗਿਆ ਹੈ। ਜਿਨ੍ਹਾਂ ਖੇਤਾਂ ਵਿਚ ਬਾਬੇ ਨਾਨਕ ਨੇ ਖੇਤੀ ਕੀਤੀ ਸੀ, ਉਹ 26 ਏਕੜ ਜ਼ਮੀਨ ਖੇਤੀ ਲਈ ਹੀ ਰੱਖੀ ਗਈ ਹੈ, ਜਿਥੇ ਸੰਗਤ ਦੇ ਲੰਗਰ ਲਈ ਸਬਜ਼ੀਆਂ ਅਤੇ ਹੋਰ ਖੁਰਾਕੀ ਵਸਤਾਂ ਪੈਦਾ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 36 ਏਕੜ ਜ਼ਮੀਨ ਬਾਗਬਾਨੀ ਲਈ ਰੱਖੀ ਗਈ ਹੈ। ਸਿੱਖ ਵਿਦਵਾਨਾਂ ਮੁਤਾਬਕ ਹੋਰ 104 ਏਕੜ ਜ਼ਮੀਨ ਵੀ ਤਿਆਰ ਕਰ ਦਿੱਤੀ ਗਈ ਹੈ।
ਇਸ ਪ੍ਰਾਜੈਕਟ ਦੀ ਖੂਬਸੂਰਤੀ ਇਹ ਵੀ ਹੈ ਕਿ ਭਾਰਤ ਵਾਲਾ ਪਾਸਾ ਖੁੱਲ੍ਹਾ ਰੱਖਿਆ ਗਿਆ ਹੈ ਤਾਂ ਜੋ ਭਾਰਤ ਵਲੋਂ ਸੰਗਤ ਦੂਰੋਂ ਵੀ ਦਰਸ਼ਨ ਕਰ ਸਕੇ ਅਤੇ ਦਰਸ਼ਨ ਕਰਨ ਲਈ ਆਉਂਦੀ ਸੰਗਤ ਦੂਰੋਂ ਹੀ ਦਰਸ਼ਨ ਕਰਦੀ ਆਵੇ। ਡਾਇਰੈਕਟਰ ਨੇ ਦੱਸਿਆ ਕਿ ਵੱਡਾ ਲੰਗਰ ਹਾਲ ਬਣਾਇਆ ਗਿਆ ਹੈ, ਜਿਸ ਵਿਚ 2500 ਸ਼ਰਧਾਲੂ ਇਕੋ ਸਮੇਂ ਲੰਗਰ ਛਕ ਸਕਦੇ ਹਨ। ਸਿੱਖ ਰਵਾਇਤਾਂ ਨੂੰ ਮੁੱਖ ਰੱਖਦਿਆਂ ਇਸ਼ਨਾਨ ਕਰਨ ਲਈ ਵੱਡਾ ਸਰੋਵਰ ਬਣਾਇਆ ਗਿਆ ਹੈ। ਬਾਰਾਂਦਰੀ ਉਪਰ ਗੁੰਬਦ ਵੀ ਸਿੱਖ ਰਵਾਇਤਾਂ ਮੁਤਾਬਕ ਬਣਾਇਆ ਗਿਆ ਹੈ। ਗੁਰਦੁਆਰੇ ਦੇ ਇਕ ਪਾਸੇ ਰਿਹਾਇਸ਼ੀ ਕਮਰੇ, ਲਾਇਬ੍ਰੇਰੀ ਅਤੇ ਅਜਾਇਬ ਘਰ ਬਣਾਏ ਗਏ ਹਨ। ਉਸ ਅਨੁਸਾਰ ਇਹ ਅਜੇ ਸਮੁੱਚੇ ਪ੍ਰਾਜੈਕਟ ਦਾ ਪਹਿਲਾ ਪੜਾਅ ਹੈ, ਜਿਸ ਵਿਚ 404 ਏਕੜ ਜ਼ਮੀਨ ਤਿਆਰ ਕੀਤੀ ਗਈ ਹੈ। ਸੰਗਤ ਦੀ ਚੈਕਿੰਗ ਲਈ ਬਾਇਉਮੀਟ੍ਰਿਕ ਪ੍ਰਣਾਲੀ ਹੈ ਅਤੇ ਚੈਕਿੰਗ ਤੋਂ ਅੱਗੇ ਜੋੜਾ ਘਰ ਹੈ। ਲਾਂਘੇ ਰਾਹੀ ਆਉਣ ਵਾਲੇ ਸ਼ਰਧਾਲੂਆਂ ਨੂੰ ਉਸੇ ਦਿਨ ਮਿਥੇ ਸਮੇਂ ਅਨੁਸਾਰ ਵਾਪਿਸ ਜਾਣਾ ਪਵੇਗਾ ਪਰ ਵੀਜ਼ਾ ਲੈ ਕੇ ਆਉਣ ਵਾਲੇ ਸ਼ਰਧਾਲੂ ਆਪਣੀ ਮਰਜ਼ੀ ਮੁਤਾਬਕ ਰਹਿ ਸਕਣਗੇ। ਲਾਂਘੇ ਦੇ ਮੁੱਖ ਗੇਟ ਤੋਂ ਸੰਗਤ ਨੂੰ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਸ਼ਰਧਾ ਕਾਰਨ ਕੋਈ ਪੈਦਲ ਆਉਣਾ ਚਾਹੇ ਤਾਂ ਆ ਸਕਦਾ ਹੈ।
ਡਾਇਰੈਕਟਰ ਆਤਿਫ ਮਜੀਦ ਮੁਤਾਬਕ ਇਸ ਪ੍ਰਾਜੈਕਟ ਦਾ ਦੂਜਾ ਪੜਾਅ ਮਿਲਾ ਕੇ 800 ਏਕੜ ਜ਼ਮੀਨ ਵਿਚ ਇਹ ਪ੍ਰਾਜੈਕਟ ਮੁਕੰਮਲ ਹੋਵੇਗਾ। ਦੂਜੇ ਪੜਾਅ ਵਿਚ ਹੋਟਲ, ਦੁਕਾਨਾਂ ਆਦਿ ਹੋਣਗੇ, ਜਿਨ੍ਹਾਂ ਵਿਚ ਨਿਵੇਸ਼ ਕਰਨ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਖੁੱਲ੍ਹ ਹੋਵਗੀ।
ਲਾਂਘਾ ਖੁੱਲ੍ਹਣ ਦਾ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰੱਖਿਆ ਗਿਆ। ਗੁਰੂ ਜੀ ਦਾ ਜਨਮ 1469 ਵਿਚ ਹੋਇਆ। ਉਨ੍ਹਾਂ ਦੇ ਜੀਵਨ ਕਾਲ ਨੂੰ ਮੁੱਖ ਤੌਰ ‘ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। 1469-1496 ਤੱਕ 27 ਸਾਲ ਤੱਕ ਉਹ ਲੋਕਾਂ ਵਿਚ ਰਹੇ। 1496-1522 ਤੱਕ ਉਨ੍ਹਾਂ ਚਾਰ ਉਦਾਸੀਆਂ ਕੀਤੀਆਂ। ਇਸ ਤੋਂ ਬਾਅਦ 1522 ਤੋਂ 1539 ਤੱਕ ਕਰਤਾਰਪੁਰ ਖੇਤੀ ਕਰਨ ਅਤੇ ਲੋਕਾਂ ਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਜਿਥੇ ਜ਼ਿੰਦਗੀ ਦੇ ਮੁਢਲੇ ਪੜਾਅ ਵਿਚ ਹੀ ਜਨੇਊ ਅਤੇ ਹੋਰ ਕਈ ਥੋਥੇ ਕਰਮ-ਕਾਡਾਂ ਦਾ ਵਿਰੋਧ ਕੀਤਾ, ਉਥੇ ਚੜ੍ਹਦੀ ਜੁਆਨੀ ਵਿਚ ਕਿਸੇ ਕਾਰੋਬਾਰ ਲਈ ਦਿੱਤੇ ਵੀਹ ਰੁਪਏ ਭੁੱਖੇ ਤਿਹਾਏ ਲੋਕਾਂ ਨੂੰ ਭੋਜਨ ਛਕਾਉਣ ਲਈ ਖਰਚ ਕੇ ਭੁੱਖੇ ਪਿਆਸਿਆਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਲੋਕਾਂ ਲਈ ਨਵੀਂ ਲੀਹ ਪਾਈ। ਉਨ੍ਹਾਂ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਜਾਤ-ਪਾਤ, ਸੁੱਚ-ਭਿੱਟ, ਸੂਤਕ-ਪਾਤਕ ਆਦਿ ਤੋਂ ਲੋਕਾਂ ਨੂੰ ਦੂਰ ਕਰਨ ਲਈ ਲੋਕਾਂ ਨਾਲ ਥਾਂ-ਥਾਂ ਸੰਵਾਦ ਰਚਾ ਕੇ ਲੋਕਾਂ ਨੂੰ ਇਨ੍ਹਾਂ ਸਮਾਜਕ ਬੁਰਾਈਆਂ ‘ਚੋਂ ਕੱਢਣ ਦਾ ਯਤਨ ਕੀਤਾ।
ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿਚ ਖੜੋਂਦਿਆਂ ਔਰਤ ਨੂੰ ਮੰਦਾ ਕਹਿਣ ਅਤੇ ਔਰਤ ਨਾਲ ਦੁਰਵਿਹਾਰ ਕਰਨ ਵਾਲਿਆਂ ਨੂੰ ਫਿਟਕਾਰ ਪਾਈ। ਉਨ੍ਹਾਂ ਜਿਥੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਉਥੇ ਕੂੜ ਦੇ ਵਪਾਰ ਨੂੰ ਲੱਤ ਮਾਰੀ। ਉਨ੍ਹਾਂ ਸਮਾਜਕ ਅਤੇ ਸ਼ਖਸੀ ਨੈਤਿਕਤਾ ‘ਤੇ ਜ਼ੋਰ ਦਿੰਦਿਆਂ ਸਚਿਆਰਾ ਹੋਣ ਦਾ ਹੋਕਾ ਦਿੱਤਾ। ਉਨ੍ਹਾਂ ਸਦਾ ਹੀ ਮਨੁੱਖਤਾ ਦੀ ਗੱਲ ਕੀਤੀ ਅਤੇ ਗ੍ਰਹਿਸਥ ਜੀਵਨ ਨੂੰ ਪਹਿਲ ਦਿੰਦਿਆਂ ਉਨ੍ਹਾਂ ਲੋਕਾਂ ਦਾ ਵਿਰੋਧ ਕੀਤਾ ਜੋ ਘਰ-ਬਾਰ ਛੱਡ, ਜੰਗਲਾਂ ਵਿਚ ਜਾ, ਸਿਰ ਸਵਾਹ ਪਾ, ਘੱਟ ਕੱਪੜੇ ਪਾ ਕੇ ਅਤੇ ਭੁੱਖੇ ਰਹਿ ਕੇ ਭਗਤੀ ਕਰਨ ਦਾ ਅਡੰਬਰ ਰਚਦੇ ਸਨ।
ਉਨ੍ਹਾਂ ‘ਉਦਾਰ ਸੱਚ ਆਚਾਰ’ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਨਾ ਹਿੰਦੂ ਵੱਡਾ ਹੈ, ਨਾ ਮੁਸਲਮਾਨ, ਚੰਗੇ ਕੰਮ ਕਰਨ ਵਾਲਾ ਬੰਦਾ ਹੀ ਵੱਡਾ ਹੁੰਦਾ ਹੈ। ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦਿਆਂ ਉਨ੍ਹਾਂ ਪਰਾਇਆ ਹੱਕ ਖਾਣ ਨੂੰ ਹਿੰਦੂ ਲਈ ਗਊ ਅਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਦੱਸਿਆ।
ਗੁਰੂ ਜੀ ਨੇ ਮਨੁੱਖ ਨੂੰ ਨਿਮਰਤਾ ਦਾ ਗੁਣ ਧਾਰਨ ਲਈ ਆਖਦਿਆਂ ‘ਨਿਵੈ ਸੁ ਗਉਰਾ ਹੋਇ’ ਦਾ ਉਪਦੇਸ਼ ਦਿੱਤਾ। ਉਨ੍ਹਾਂ ਸੰਦੇਸ਼ ਦਿੱਤਾ ਕਿ ਕਿਸੇ ਨਾਲ ਫਿੱਕਾ ਯਾਨਿ ਮੰਦਾ ਬੋਲਣ ਨਾਲ ਮਨੁੱਖ ਦੀ ਆਪਣੀ ਸ਼ਖਸੀਅਤ ਵਿਚ ਫਿਕ ਆ ਜਾਂਦੀ ਹੈ ਅਤੇ ਮੰਦੇ ਗੁਣਾਂ ਵਾਲਾ ਬੰਦਾ ਭਾਵੇਂ ਜਿੰਨੇ ਮਰਜ਼ੀ ਤੀਰਥਾਂ ‘ਤੇ ਇਸ਼ਨਾਨ ਕਰ ਆਵੇ, ਉਸ ਦੇ ਮਨ ਦੀ ਮੈਲ ਦੂਰ ਨਹੀਂ ਹੋ ਸਕਦੀ। ਗੁਰੂ ਜੀ ਨੇ ਬਾਬਰ ਵਰਗੇ ਪਾਪੀ, ਜ਼ਾਲਮ ਅਤੇ ਅਧਰਮੀ ਰਾਜਿਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਪੁਜਾਰੀਆਂ, ਮੁੱਲਾਂ, ਪੰਡਿਤਾਂ ਤੇ ਪਾਖੰਡੀ ਸਾਧਾਂ, ਜੋ ਲੋਕਾਂ ਨੂੰ ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਸਵਰਗਾਂ ਵਿਚ ਭੇਜਣ ਦੇ ਲਾਰੇ ਲਾਉਂਦੇ ਸਨ, ਦੇ ਪਖੰਡਾਂ ਅਤੇ ਝੂਠ ਦੀ ਚਾਦਰ ਨੂੰ ਲੀਰੋ-ਲੀਰ ਕਰਦਿਆਂ ਉਨ੍ਹਾਂ ਵਿਰੁਧ ਲੋਕ ਰਾਏ ਉਸਾਰਨ ਦਾ ਕੰਮ ਕੀਤਾ। ਉਨ੍ਹਾਂ ਜਪੁ ਜੀ ਸਾਹਿਬ, ਸਿੱਧ ਗੋਸਟਿ, ਆਸਾ ਦੀ ਵਾਰ, ਮਾਝ ਦੀ ਵਾਰ, ਮਲਾਰ ਦੀ ਵਾਰ, ਸੋਹਲੇ, ਬਾਰਾਮਾਹ, ਤੁਖਾਰੀ ਆਦਿ ਦੀ ਰਚਨਾ ਕੀਤੀ। ਗੁਰੂ ਜੀ ਦੀ ਬਾਣੀ ਨੂੰ ਬਾਰੀਕੀ ਨਾਲ ਸਮਝਿਆ ਜਾਵੇ ਤਾਂ ਉਹ ਭਾਰਤ ਦੇ ਸਮੁੱਚੇ ਮੱਧਕਾਲ ਵਿਚ ਲੋਕਾਂ ਦੀਆਂ ਸਮਾਜਕ ਤੇ ਸਿਆਸੀ ਚੁਣੌਤੀਆਂ ਦਾ ਉਤਰ ਹੈ ਅਤੇ ਇਸ ਵਿਚ ਸਮੁੱਚੀ ਮਾਨਵਤਾ ਲਈ ਸਦਭਾਵਨਾ ਦਾ ਸੰਦੇਸ਼ ਹੈ।
ਗੁਰੂ ਜੀ ਨੇ ਮਨੁੱਖ ਨੂੰ ਆਪਣਾ ਆਪ ਪਛਾਣ ਕੇ ਮਾੜੀਆਂ ਆਦਤਾਂ ਛੱਡਣ ਦਾ ਸੰਦੇਸ਼ ਦਿੰਦਿਆਂ ਸੱਚੀ ਕਿਰਤ ਕਮਾਈ ਕਰਕੇ ਜ਼ਿੰਦਗੀ ਦਾ ਮਨੋਰਥ ਪੂਰਾ ਕਰਨ ਲਈ ਪ੍ਰੇਰਿਆ। ਉਨ੍ਹਾਂ ਦੀ ਬਾਣੀ ਵਿਚ ਮਨੁੱਖ ਕੀ ਹੈ, ਜ਼ਿੰਦਗੀ ਦਾ ਉਦੇਸ਼ ਕੀ ਹੈ ਅਤੇ ਜਵੀਨ ਜਾਂਚ ਕੀ ਹੈ, ਦੀ ਵਿਆਖਿਆ ਕੀਤੀ ਗਈ ਹੈ। ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿਚ ‘ਰਾਜਾ ਰੱਬ ਦਾ ਰੂਪ ਹੈ, ਉਸ ਦੀ ਕਿਸੇ ਗੱਲ ‘ਤੇ ਕਿੰਤੂ ਨਹੀਂ ਹੋ ਸਕਦਾ’ ਦੀ ਧਾਰਨਾ ਨੂੰ ਦ੍ਰਿੜਤਾ ਨਾਲ ਰੱਦ ਕੀਤਾ ਅਤੇ ਰਾਜਿਆਂ ਦੇ ਲੋਕਾਂ ਦਾ ਸੇਵਕ ਬਣਨ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਮਾਰੂ ਰਾਗ ਵਿਚ ‘ਰਾਜਾ ਵਖਤਿ ਟਿਕੈ ਗੁਣੀ ਪੰਚਾਇਣ ਰਤੁ॥’ ਅਤੇ ‘ਆਪੈ ਰਾਜਨਿ ਪੰਚਾਕਾਰੀ॥’ ਭਾਵ ਰਾਜਾ ਲੋਕਾਂ ਦੀ ਸਲਾਹ ਲਵੇ ਤਾਂ ਲੰਮਾ ਸਮਾਂ ਰਾਜ ਕਰ ਸਕਦਾ ਹੈ, ਦਾ ਸੰਦੇਸ਼ ਦਿੱਤਾ।
ਉਸ ਸਮੇਂ ਦੇ ਭ੍ਰਿਸ਼ਟ, ਬਦਇਖਲਾਕ ਰਾਜਿਆਂ ਅਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ‘ਰਾਜੇ ਸੀਹ ਮੁਕਦਮ ਕੁਤੇ’ ਤੱਕ ਕਿਹਾ ਅਤੇ ਜਿਥੇ ਬੇਕਸੂਰ, ਨਿਹੱਥੇ ਅਤੇ ਗਰੀਬ ਲੋਕਾਂ ‘ਤੇ ਜ਼ੁਲਮ ਦਾ ਵਿਰੋਧ ਕੀਤਾ, ਉਥੇ ਬਾਬਰ ਵਲੋਂ ਲੋਕਾਂ ‘ਤੇ ਕੀਤੇ ਜ਼ੁਲਮਾਂ ਕਾਰਨ ਗੁਰੂ ਜੀ ਦੀ ਰੂਹ ਕੁਰਲਾ ਉਠੀ ਅਤੇ ਇਸ ਜ਼ੁਲਮ ਲਈ ਉਨ੍ਹਾਂ ਰੱਬ ਨੂੰ ਵੀ ਉਲਾਂਭਾ ਦਿੱਤਾ। ਉਨ੍ਹੀਂ ਦਿਨੀਂ ਤਾਂ ਜ਼ਾਲਮ ਰਾਜਿਆਂ ਅਤੇ ਉਨ੍ਹਾਂ ਦੇ ਪਿੱਠੂ ਕਾਜ਼ੀਆਂ ਵਿਰੁਧ ਕੋਈ ਕੁਸਕਦਾ ਤੱਕ ਨਹੀਂ ਸੀ, ਪਰ ਬਾਬੇ ਨਾਨਕ ਨੇ ‘ਕਾਜੀ ਹੋਏ ਰਿਸਵਤੀ ਵੱਢੀ ਲੈ ਕੇ ਹਕ ਗਵਾਈ’ ਕਹਿ ਕੇ ਕਾਜ਼ੀਆਂ ਨੂੰ ਲੋਕਾਂ ਦੇ ਕਟਹਿਰੇ ਵਿਚ ਨੰਗਿਆਂ ਕੀਤਾ।
ਗੁਰੂ ਜੀ ਦੀ ਬਾਣੀ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਨੂੰ ਸਚਿਆਰਾ ਬਣਨ ਲਈ ਆਪਣੀ ਸੰਕੀਰਨ ਸੋਚ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਕੁਦਰਤ ਦੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਭੈ ਤੇ ਵੈਰ ਮਨੁੱਖ ਦਾ ਵਿਨਾਸ਼ ਕਰ ਦਿੰਦੇ ਹਨ ਅਤੇ ਇਨ੍ਹਾਂ ਦੇ ਖਾਤਮੇ ਤੋਂ ਬਿਨਾ ਸੱਚ ਨਾਲ ਜੁੜਿਆ ਨਹੀਂ ਜਾ ਸਕਦਾ। ਮਨੁੱਖ ਸਭ ਜੀਵਾਂ ਤੋਂ ਉਤਮ ਹੈ ਅਤੇ ਉਹ ਨਿਰਵੈਰ ਹੋ ਕੇ ਹੀ ਆਪਣੀ ਉਚਤਾ ਦਾ ਅਹਿਸਾਸ ਕਰਵਾ ਸਕਦਾ ਹੈ।
ਗੁਰੂ ਜੀ ਦੀ ਬਾਣੀ ਦਾ ਵਿਰੋਧ ਹਾਕਮਾਂ ਦੇ ਅੱਯਾਸ਼ ਹੋਣ ਤੇ ਭੋਗਵਿਲਾਸੀ ਅਤੇ ਸੰਸਾਰਕ ਪਦਾਰਥਾਂ ਨੂੰ ਕੇਵਲ ਖਾਊ-ਹੰਢਾਊ ਸਭਿਆਚਾਰ ਲਈ ਵਰਤਣ ਤੇ ਜਨਤਾ ਦੇ ਦੁੱਖਾਂ ਦੀ ਬੇਧਿਆਨੀ ਦੇ ਵਤੀਰੇ ਨਾਲ ਹੈ। ਰਾਜਿਆਂ ਦੇ ਇਸ ਵਿਹਾਰ ਨੂੰ ‘ਰਤਨ ਵਿਗਾੜਿ ਵਿਗੋਏ ਕੁਤਂੀ ਮੁਇਆ ਸਾਰ ਨ ਕਾਈ’ ਕਹਿ ਕੇ ਭੰਡਿਆ। ਮਾਇਆ ਤੋਂ ਬਿਨਾ ਮਨੁੱਖੀ ਜ਼ਿੰਦਗੀ ਦਾ ਚੱਲਣਾ ਮੁਸ਼ਕਿਲ ਹੈ ਪਰ ਪਾਪ ਨਾਲ ਕਮਾਈ ਮਾਇਆ ਮਾਣਸ-ਖਾਣੇ ਬਣਾਉਂਦੀ ਹੈ, ਇਹ ਮਾਨਵੀ ਅਸੂਲਾਂ ਨੂੰ ਖੋਰਦੀ ਅਤੇ ਮਾਨਵੀ ਮੋਹ-ਪਿਆਰ ਨੂੰ ਜੜ੍ਹੋਂ ਪੁੱਟ ਦਿੰਦੀ ਹੈ।
ਗੁਰੂ ਜੀ ਨੇ ਆਪਣੀ ਬਾਣੀ ਵਿਚ ਮਾੜਾ ਖਾਣ ਜਿਸ ਨਾਲ ਮਨ ਵਿਚ ਵਿਕਾਰ ਪੈਦਾ ਹੋਣ, ਮਾੜਾ ਪਹਿਨਣ ਅਤੇ ਮਾੜਾ ਬੋਲਣ ਦਾ ਵਿਰੋਧ ਕੀਤਾ। ਉਨ੍ਹਾਂ ਮਨੁੱਖ ਨੂੰ ਸਮਝਾਇਆ ਕਿ ਦੁਨੀਆਂ ਨੂੰ ਜਿੱਤਣ ਤੋਂ ਪਹਿਲਾਂ ਉਸ ਨੂੰ ਆਪਣਾ ਮਨ ਜਿੱਤਣਾ ਚਾਹੀਦਾ ਹੈ। ਉਨ੍ਹਾਂ ਸੱਜਣ ਠੱਗ, ਕੌਡੇ ਰਾਖਸ਼, ਵਲੀ ਕੰਧਾਰੀ ਅਤੇ ਮਲਕ ਭਾਗੋ ਨੂੰ ਪਾਪ ਦਾ ਰਾਹ ਛੱਡਣ ਲਈ ਸਹਿਮਤ ਕਰਦਿਆਂ ਉਨ੍ਹਾਂ ਦੀ ਜ਼ਿੰਦਗੀ ਦਾ ਰਸਤਾ ਹੀ ਬਦਲ ਦਿੱਤਾ। ਹਰਦੁਆਰ, ਕੁਰੂਕਸ਼ੇਤਰ ਅਤੇ ਮੱਕੇ ਜਾ ਕੇ ਫੋਕੇ ਕਰਮ-ਕਾਂਡ ਕਰਨ ਵਾਲਿਆਂ ਨੂੰ ਸਹੀ ਰਸਤੇ ‘ਤੇ ਲਿਆਂਦਾ।
1522 ਵਿਚ ਉਨ੍ਹਾਂ ਕਰਤਾਰਪੁਰ ਵਿਚ ਪੱਕਾ ਨਿਵਾਸ ਕਰ ਲਿਆ ਅਤੇ ਅੰਤਿਮ ਸਵਾਸਾਂ ਤੱਕ ਉਥੇ ਹੀ ਰਹੇ। ਉਥੇ ਗੁਰੂ ਜੀ ਨੇ ਖੇਤੀ ਕਰਕੇ ਲੋਕਾਂ ਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ। ਇਥੇ ਹੀ ਉਹ ਗੁਰਦੁਆਰਾ ਹੈ, ਜਿਸ ਦੇ ਦਰਸ਼ਨਾਂ ਲਈ ਲੋਕ ਚਿਰਾਂ ਤੋਂ ਤਾਂਘ ਰਹੇ ਸਨ।
ਉਪਰੋਕਤ ਪਿਛੋਕੜ ਵਿਚ ਅੱਜ ਵਿਚਾਰ ਕਰਨ ਦੀ ਲੋੜ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਸਿਹਰਾ ਲੈਣ ਵਾਲੇ ਲੋਕ ਕੌਣ ਹਨ। ਜਦ ਪਾਕਿਸਤਾਨ ਤੋਂ ਸਹੁੰ ਚੁੱਕ ਸਮਾਗਮ ਤੋਂ ਪਰਤਦਿਆਂ ਨਵਜੋਤ ਸਿੰਘ ਸਿੱਧੂ ਨੇ ਲਾਂਘਾ ਖੋਲ੍ਹਣ ਦੇ ਪਾਕਿਸਤਾਨ ਦੇ ਫੈਸਲੇ ਦਾ ਜ਼ਿਕਰ ਕੀਤਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ, ਅਕਾਲੀ ਅਤੇ ਭਾਜਪਾ ਲੀਡਰਾਂ ਨੇ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕੀਤੇ ਸਨ। ਸਹੁੰ ਚੁੱਕ ਸਮਾਗਮ ਸਮੇਂ ਪਾਕਿਸਤਾਨ ਦੇ ਫੌਜ ਮੁਖੀ ਨਾਲ ਪਾਈ ਉਨ੍ਹਾਂ ਦੀ ਜੱਫੀ ਅਤੇ ਸਮਾਗਮ ਵਿਚ ਨਵਜੋਤ ਲਾਗੇ ਬੈਠੇ ਲੋਕਾਂ ਬਾਰੇ ਬੜਾ ਰੱਫੜ ਪਾਇਆ। ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਬਹੁਤ ਘਟੀਆ ਇਲਜ਼ਾਮ-ਤਰਾਸ਼ੀ ਕੀਤੀ ਅਤੇ ਸਿੱਧੂ ਦੇ ਪਾਕਿਸਤਾਨ ਜਾਣ ‘ਤੇ ਵੀ ਇਤਰਾਜ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਿਹਾ ਇਤਰਾਜ਼ ਕੀਤਾ ਸੀ।
ਉਂਜ, ਛੇਤੀ ਬਾਅਦ ਜਦ ਪਾਕਿਸਤਾਨ ਨੇ ਲਾਂਘਾ ਉਸਾਰੀ ਦਾ ਨੀਂਹ ਪੱਥਰ ਰੱਖਣਾ ਸੀ ਤਾਂ ਨਵਜੋਤ ਸਿੱਧੂ ਤੋਂ ਇਲਾਵਾ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹਰਸਿਮਰਤ ਕੌਰ ਬਾਦਲ ਵੀ ਉਥੇ ਗਏ। ਹਰਸਿਮਰਤ ਨੇ ਜੋ ਕੁਝ ਪਹਿਲਾਂ ਬੋਲਿਆ ਸੀ, ਉਸ ‘ਤੇ ਨਮੋਸ਼ੀ ਤਾਂ ਜ਼ਰੂਰ ਮਹਿਸੂਸ ਕੀਤੀ ਹੋਵੇਗੀ! ਪਾਕਿਸਤਾਨ ਤੋਂ ਇਕ ਦਿਨ ਪਹਿਲਾਂ ਭਾਰਤ ਨੇ ਵੀ ਲਾਂਘੇ ਦੀ ਤਿਆਰੀ ਲਈ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਬਣਾਇਆ। ਉਸ ਸਮਾਗਮ ਵਿਚ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਹਾਜ਼ਰ ਸਨ। ਉਸ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਘਟੀਆ ਤਕਰੀਰ ਕਰਦਿਆਂ ਮੁੱਦੇ ਤੋਂ ਲਾਂਭੇ ਜਾ ਕੇ ਪਾਕਿਸਤਾਨ ਨੂੰ ਧਮਕੀਆਂ ਦਿੱਤੀਆਂ। ਹੁਣ ਲਾਂਘਾ ਖੁੱਲ੍ਹਣ ਵਾਲੇ ਦਿਨ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਵੀ ਕੈਪਟਨ ਨੇ ਮੁੱਦੇ ਤੋਂ ਹਟ ਕੇ ਪਾਕਿਸਤਾਨ ਵਿਰੁਧ ਬੇਲੋੜੀ ਬਿਆਨਬਾਜ਼ੀ ਕੀਤੀ। ਲੋਕਾਂ ਵਿਚ ਚਰਚਾ ਹੈ ਕਿ ਕੈਪਟਨ ਦੀ ਕਿਹੜੀ ਕਮਜ਼ੋਰੀ ਕੇਂਦਰ ਦੀ ਭਾਜਪਾ ਸਰਕਾਰ ਕੋਲ ਹੈ, ਜੋ ਇਹ ਭਾਜਪਾ-ਪੱਖੀ ਬਿਆਨ ਦਿੰਦੇ ਰਹਿੰਦੇ ਹਨ!
ਚਰਚਾ ਇਹ ਵੀ ਹੈ ਕਿ ਕੈਪਟਨ ਨਹੀਂ ਸੀ ਚਾਹੁੰਦਾ ਕਿ ਲਾਂਘਾ ਖੁੱਲ੍ਹੇ ਅਤੇ ਨਵਜੋਤ ਸਿੱਧੂ ਨੂੰ ਇਸ ਦਾ ਸਿਹਰਾ ਮਿਲੇ, ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕਿਆ। ਹੁਣ ਉਹ ਭਾਜਪਾ ਨੂੰ ਖੁਸ਼ ਕਰਨ ਲਈ ਬੇਲੋੜੇ ਅਤੇ ਬੇਵਕਤ ਬਿਆਨ ਦੇ ਰਿਹਾ ਹੈ। ਇਹੀ ਹਾਲ ਅਕਾਲੀ-ਭਾਜਪਾ ਆਗੂਆਂ ਦਾ ਹੈ, ਪਰ ਲੋਕਾਂ ਨੇ ਲਾਂਘਾਂ ਖੁੱਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਸਿਰ ਹੀ ਸਜਾਇਆ ਹੈ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਨਾਂ ਆਉਂਦਾ ਹੈ।
ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਚੰਗੀ ਗੱਲ ਹੈ, ਪਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਸ ਪ੍ਰੋਗਰਾਮ ਨੂੰ ਜਿੰਨਾ ਖਰਚੀਲਾ ਬਣਾ ਦਿੱਤਾ, ਇਹ ਗੁਰੂ ਜੀ ਦੀਆਂ ਸਿਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਨਾਲ ਮੇਲ ਨਹੀਂ ਖਾਂਦਾ। ਦੋਹਾਂ ਧਿਰਾਂ ਨੇ ਸਿਹਰਾ ਆਪਣੇ ਸਿਰ ਲੈਣ, ਸਿੱਖਾਂ ਦੇ ਵੱਧ ਹਿਤੈਸ਼ੀ ਸਾਬਤ ਕਰਨ ਦੀ ਦੌੜ ਵਿਚ ਸਰਕਾਰੀ ਖਜਾਨੇ ਅਤੇ ਗੋਲਕ ਵਿਚ ਪਏ ਲੋਕਾਂ ਦੇ ਪੈਸੇ ਨੂੰ ਪਾਣੀ ਵਾਂਗ ਰੋੜ੍ਹਿਆ। 10-10, 15-15 ਕਰੋੜ ਸਟੇਜਾਂ ‘ਤੇ ਲੱਗ ਗਿਆ। ਨੇਤਾਵਾਂ ਦੇ ਆਉਣ-ਜਾਣ, ਸੁਰੱਖਿਆ, ਖਾਣ-ਪੀਣ, ਰਾਗੀ, ਕਥਾਵਾਚਕ, ਢਾਡੀ, ਕਵੀਸ਼ਰ, ਅਖੰਡ ਪਾਠ, ਪਾਠੀ ਆਦਿ ਦੇ ਖਰਚ ਵੀ ਕਰੋੜਾਂ ਵਿਚ ਹੋਣਗੇ।
ਵਿਚਾਰਨ ਵਾਲਾ ਮੁੱਦਾ ਹੈ ਕਿ ਲੋਕ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਸਮਾਗਮਾਂ ਵਿਚੋਂ ਕੀ ਲੈ ਕੇ ਘਰ ਗਏ ਹੋਣਗੇ? ਕੀ ਮੁੱਖ ਮੰਤਰੀ, ਮੰਤਰੀ ਤੇ ਅਫਸਰ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਹੁਦੇਦਾਰ ਤੇ ਅਧਿਕਾਰੀ ਗੁਰੂ ਨਾਨਕ ਦੀਆਂ ਸਿਖਿਆਵਾਂ ‘ਤੇ ਚੱਲਦੇ ਹਨ? ਇਨ੍ਹਾਂ ਬਾਰੇ ਅਖਬਾਰਾਂ ਵਿਚ ਅਕਸਰ ਸੁਰਖੀਆਂ ਛਪਦੀਆਂ ਹੀ ਰਹਿੰਦੀਆਂ ਹਨ, ਜਿਨ੍ਹਾਂ ਤੋਂ ਇਨ੍ਹਾਂ ਦੇ ਕਿਰਦਾਰ ਦਾ ਪਤਾ ਲਗਦਾ ਰਹਿੰਦਾ ਹੈ। ਜਾਪਦਾ ਹੈ ਕਿ ਗੁਰੂ ਨਾਨਕ ਦੀ ‘ਰਾਜੇ ਸੀਹ ਮੁਕਦਮ ਕੁਤੇ’ ਵਾਲੀ ਤੁਕ ਅੱਜ ਵੀ ਪ੍ਰਸੰਗਕ ਹੈ।
1969 ਵਿਚ ਗੁਰੂ ਨਾਨਕ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਉਦੋਂ ਪੰਜਾਬ ਦੇ ਮੁੱਖ ਮੰਤਰੀ (ਜਸਟਿਸ) ਗੁਰਨਾਮ ਸਿੰਘ ਸਨ। ਇਸ ਪੁਰਬ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਸਥਾਪਨਾ ਹੋਈ ਸੀ, ਪਰ ਇਸ ਵਾਰ ਸਿਵਾਏ ਭਾਸ਼ਣਾਂ ਦੇ ਕੁਝ ਵੀ ਨਹੀਂ ਹੋਇਆ। ਪਿਛਲੇ 50 ਸਾਲਾਂ ਵਿਚ ਲੋਕ ਗੁਰੂ ਜੀ ਦੀਆਂ ਸਿਖਿਆਵਾਂ ਤੋਂ ਪਿੱਛੇ ਗਏ ਹਨ ਅਤੇ ਹੁਣ ਵੀ ਸਮਾਗਮਾਂ ਦੇ ਰੌਲੇ-ਰੱਪੇ ਤੋਂ ਗੱਲ ਅੱਗੇ ਨਹੀਂ ਤੁਰੀ। ਇਨ੍ਹਾਂ ਦੋਹਾਂ ਧਿਰਾਂ ਨੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਹਸਪਤਾਲ ਖੋਲ੍ਹੇ ਹੁੰਦੇ, ਸਿਖਿਆ ਦੇ ਖੇਤਰ ਵਿਚ ਪੈਸਾ ਖਰਚ ਕੀਤਾ ਹੁੰਦਾ, ਸਰਕਾਰ ਬੇਰੁਜ਼ਗਾਰਾਂ ਨੂੰ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਦਿੰਦੀ, ਕਿਸਾਨਾਂ ਨੂੰ ਕੋਈ ਸਹੂਲਤ ਦਿੱਤੀ ਜਾਂਦੀ ਤਾਂ ਉਹ ਬਿਹਤਰ ਸੀ। ਗੁਰੂ ਦੀ ਗੋਲਕ ਦਾ ਮੂੰਹ ਗਰੀਬ ਵਲ ਹੋਣਾ ਚਾਹੀਦਾ ਸੀ, ਪਰ ਅਜਿਹਾ ਹੋਇਆ ਨਹੀਂ।
ਇਨ੍ਹਾਂ ਧਾਰਮਿਕ ਅਤੇ ਸਿਆਸੀ ਲੀਡਰਾਂ ਵਿਚੋਂ ਬਥੇਰੇ ਅਜਿਹੇ ਹਨ, ਜੋ ਉਨ੍ਹਾਂ ਡੇਰਿਆਂ ‘ਤੇ ਜਾ ਕੇ ਨੱਕ ਰਗੜਦੇ ਹਨ ਜਿਥੇ ਲੋਕਾਂ ਦੇ ਤਨ, ਮਨ, ਧਨ ਦੀ ਲੁੱਟ ਕੀਤੀ ਜਾਂਦੀ ਹੈ। ਕਈ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਵਿੰਗੇ-ਟੇਢੇ ਢੰਗਾਂ ਨਾਲ ਬੇਬਹਾ ਜਾਇਦਾਦ ਬਣਾਈ ਹੋਈ ਹੈ, ਜਿਸ ਨੂੰ ਬਾਬਾ ਨਾਨਕ ਪਾਪ ਦੀ ਕਮਾਈ ਆਖਦੇ ਸਨ। ਜਾਤ-ਪਾਤ ਨੂੰ ਹਵਾ ਦੇ ਕੇ ਇਨ੍ਹਾਂ ਲੋਕਾਂ ਨੇ ਧਾਰਮਿਕ ਸਥਾਨਾਂ ਹੀ ਨਹੀਂ, ਮੜ੍ਹੀਆਂ ਤੱਕ ਨੂੰ ਵੰਡ ਦਿੱਤਾ ਹੈ। ਫਿਰ ਇਹ ਗੁਰੂ ਨਾਨਕ ਦੇ ਸ਼ਰਧਾਲੂ ਕਿਵੇਂ ਹੋਏ? ਨਸ਼ੇ, ਸ਼ਰਾਬ, ਟਰਾਂਸਪੋਰਟ, ਰੇਤਾ-ਬਜਰੀ, ਕੇਬਲ ਆਦਿ ਦੇ ਗੈਰਕਾਨੂੰਨੀ ਧੰਦੇ ਵਿਚ ਇਨ੍ਹਾਂ ਦਾ ਹੱਥ ਹੈ। ਜੇ ਕੋਈ ਇਨ੍ਹਾਂ ਖਿਲਾਫ ਆਵਾਜ਼ ਉਠਾਏ ਤਾਂ ਉਸ ਦਾ ਕੁਟਾਪਾ ਇਨ੍ਹਾਂ ਦੇ ਪਾਲੇ ਹੋਏ ਗੁੰਡੇ ਕਰਦੇ ਹਨ। ਇਹ ਲੋਕ ਫਿਰ ਗੁਰੂ ਨਾਨਕ ਦੇ ਸਿੱਖ ਕਿਵੇਂ ਹੋਏ? ਇਨ੍ਹਾਂ ਨੇ ਤਾਂ ਸਿਰਫ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਚ ਮੇਲਾ ਲੁੱਟਣ ਦੀ ਕੋਸ਼ਿਸ਼ ਕੀਤੀ।
ਸ਼੍ਰੋਮਣੀ ਕਮੇਟੀ ਨੇ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਹੀ ਪਿੱਠ ਨਹੀਂ ਦਿੱਤੀ, ਉਨ੍ਹਾਂ ਦੀਆਂ ਪੁਰਾਤਨ ਨਿਸ਼ਾਨੀਆਂ ਵੀ ਮਿਟਾਈਆਂ ਜਾ ਰਹੀਆਂ ਹਨ। ਸੁਲਤਾਨਪੁਰ ਲੋਧੀ ਵਿਚ ਬੇਬੇ ਨਾਨਕੀ ਦੇ ਘਰ ਦੀ ਪੁਰਾਤਨ ਇਮਾਰਤ ਢਾਹ ਕੇ ਵਧੀਆ ਘਰ ਬਣਾ ਦਿੱਤਾ ਗਿਆ ਹੈ। ਉਹ ਮਸੀਤ ਜਿਥੇ ਗੁਰੂ ਜੀ ਨੇ ਨਮਾਜ਼ ਅਦਾ ਕਰਨ ਵਾਲਿਆਂ ਨਾਲ ਸੰਵਾਦ ਰਚਾਇਆ ਸੀ, ਢਾਹ ਕੇ ਉਥੇ ਗੁਰਦੁਆਰਾ ਬਣਾ ਦਿੱਤਾ ਹੈ। ਗੁਰੂ ਕਾ ਬਾਗ, ਜਿਥੇ ਵਿਆਹ ਤੋਂ ਬਾਅਦ ਗੁਰੂ ਜੀ ਰਹੇ ਅਤੇ ਦੋ ਬੱਚੇ ਵੀ ਪੈਦਾ ਹੋਏ, ਵੀ ਢਾਹ ਕੇ ਗੁਰਦੁਆਰਾ ਬਣਾ ਦਿੱਤਾ ਗਿਆ ਹੈ। ਇਕ ਵੇਈਂ ਬਚੀ ਹੈ, ਉਸ ਵਿਚ ਵੀ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਟੇਜ ਧਾਰਮਿਕ ਲਾਉਣੀ ਹੁੰਦੀ ਹੈ ਅਤੇ ਪ੍ਰਚਾਰ ਅਕਾਲੀ ਦਲ ਦਾ ਕਰਨਾ ਹੁੰਦਾ ਹੈ। ਹੁਣ ਆਉਣ ਵਾਲੀਆਂ ਨਸਲਾਂ ਦੇਖਣਗੀਆਂ ਕਿ ਬਾਬਾ ਨਾਨਕ ਤਾਂ ਬੜੇ ਆਲੀਸ਼ਾਨ ਘਰ ਵਿਚ ਰਹਿੰਦੇ ਸਨ। ਮਸੀਤ ਤਾਂ ਹੈ ਹੀ ਨਹੀਂ, ਜਿਥੇ ਗੁਰੂ ਜੀ ਨੇ ਨਮਾਜ਼ ਅਦਾ ਕਰਨ ਵਾਲਿਆਂ ਨਾਲ ਸੰਵਾਦ ਕੀਤਾ ਸੀ।
ਧਾਰਮਿਕ ਆਗੂਆਂ ਦੀਆਂ ਧਰਮ ਵਿਰੋਧੀ ਕਾਰਵਾਈਆਂ, ਧਾਰਮਿਕ ਖੇਤਰ ਵਿਚ ਭ੍ਰਿਸ਼ਟਾਚਾਰ ਅਤੇ ਲੱਚਰਤਾ ਨੇ ਪੰਜਾਬੀ ਸਭਿਆਚਾਰ ਦੀ ਨੈਤਿਕਤਾ ‘ਤੇ ਗੰਭੀਰ ਸੱਟ ਮਾਰੀ ਹੈ। ਅਸੀਂ ਬਾਬੇ ਨਾਨਕ ਦੀ ਵਿਸ਼ਾਲਤਾ ਨੂੰ ਸੀਮਤ ਕਰ ਰਹੇ ਹਾਂ। ਗੁਰੂ ਜੀ ਆਪ ਚੱਲ ਕੇ ਲੋਕਾਂ ਕੋਲ ਜਾਂਦੇ ਸਨ ਪਰ ਹੁਣ ਧਾਰਮਿਕ ਅਤੇ ਸਿਆਸੀ ਲੋਕ ਦੁੱਖ ਦੱਸਣ ਘਰ ਆਏ ਬੰਦੇ ਦੀ ਵੀ ਪ੍ਰਵਾਹ ਨਹੀਂ ਕਰਦੇ। ਗੁਰੂ ਜੀ ਦੀ ਸਰਬ ਸਾਂਝੀ ਬਾਣੀ ਦੇ ਖੇਤਰ ਨੂੰ ਵੀ ਕੁਝ ਲੋਕ ਸੀਮਤ ਕਰ ਰਹੇ ਹਨ। ਧਾਰਮਿਕ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਦਾ ਐਸਾ ਜਾਲ ਵਿਛਿਆ ਹੋਇਆ ਹੈ ਜਿਸ ਵਿਚ ਫਸੇ ਲੋਕ ਧਾਰਮਿਕ ਅਤੇ ਸਿਆਸੀ ਤੌਰ ‘ਤੇ ਅੰਨ੍ਹੀ-ਬੋਲੀ ਭੀੜ ਬਣ ਰਹੇ ਹਨ। ਸ਼ਰਮ ਅਤੇ ਧਰਮ ਅੱਜ ਵੀ ਲੁਕ ਗਏ ਹਨ ਅਤੇ ਕੂੜ ਦਾ ਬੋਲਬਾਲਾ ਹੈ। ਇਨ੍ਹਾਂ ਨੇਤਾਵਾਂ ਨੇ ਧਰਮ ਅਤੇ ਸਿਆਸਤ ਨੂੰ ਲੋਕਾਂ ਦੀ ਸੇਵਾ ਲਈ ਨਹੀਂ, ਨਿੱਜੀ ਹਿਤਾਂ ਦੀ ਪੂਰਤੀ ਲਈ ਧੰਦਾ ਬਣਾ ਲਿਆ ਹੈ। ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਚ ਲਾਈਆਂ ਸਟੇਜਾਂ ਨੂੰ ਲੋਕਾਂ ਨੇ ਬਹੁਤਾ ਹੁੰਗਾਰਾ ਨਹੀਂ ਭਰਿਆ। ਲੋਕ ਮੱਥਾ ਟੇਕ ਕੇ ਅਤੇ ਲੰਗਰ ਛਕ ਕੇ ਘਰਾਂ ਨੂੰ ਪਰਤ ਗਏ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਨੇਤਾ ਆਪਣੀ ਪਿੱਠ ਆਪ ਹੀ ਥਾਪੜਦੇ ਰਹੇ।
ਅਸੀਂ ਪੰਜਾਬੀ, ਵਿਸ਼ੇਸ਼ ਤੌਰ ‘ਤੇ ਸਿੱਖ, ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਜਿਥੇ ਇਮਰਾਨ ਖਾਨ ਅਤੇ ਪਾਕਿਸਤਾਨ ਸਰਕਾਰ ਦੀ ਬੱਲੇ-ਬੱਲੇ ਕਰ ਰਹੇ ਹਾਂ, ਉਥੇ ਪਾਕਿਸਤਾਨ ਦੀਆਂ ਭਾਰਤ ਅਤੇ ਅਤਿਵਾਦੀਆਂ ਪ੍ਰਤੀ ਨੀਤੀਆਂ ‘ਤੇ ਖਦਸ਼ੇ ਵੀ ਹਨ। ਪਾਕਿਸਤਾਨ ਇਸ ਲਾਂਘੇ ਨੂੰ ਕਿਸ ਰੂਪ ਵਿਚ ਵਰਤਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਨਾਂ ਅਤਿਵਾਦ ਨਾਲ ਡੂੰਘਾ ਜੁੜਿਆ ਹੋਇਆ ਹੈ। ਵੱਡਾ ਸਵਾਲ ਹੈ ਕਿ ਪਾਕਿਸਤਾਨ ਸਰਕਾਰ ਅਤਿਵਾਦ ਨੂੰ ਨੱਥ ਪਾਵੇਗੀ? ਫਿਲਹਾਲ ਤਾਂ ਅਜਿਹਾ ਸੰਭਵ ਨਹੀਂ ਲੱਗਦਾ। ਇਸੇ ਕਰਕੇ ਲਾਂਘੇ ਦੇ ਨਾਂ ‘ਤੇ ਅੱਖਾਂ ਮੀਟ ਕੇ ਵੀ ਚੱਲਿਆ ਨਹੀਂ ਜਾ ਸਕਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਜਿਥੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਸੁਆਗਤ ਹੈ, ਉਥੇ ਉਨ੍ਹਾਂ ਦੀਆਂ ਸਿਖਿਆਵਾਂ ‘ਤੇ ਚਲਣ, ਜੀਵਨ ਨੂੰ ਉਨ੍ਹਾਂ ਦੇ ਦੱਸੇ ਮਾਰਗ ਅਨੁਸਾਰ ਢਾਲਣ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਦੇ ਮੰਤਰੀਆਂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਵਿਧਾਇਕਾਂ ਅਤੇ ਸਮੁੱਚੇ ਆਗੂਆਂ ਨੂੰ ਆਪਣੀ ਕਾਰਜਸ਼ੈਲੀ ਵਿਚ ਸੋਧ ਕਰਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ ਤਾਂ ਹੀ ਲੋਕ ਉਨ੍ਹਾਂ ‘ਤੇ ਭਰੋਸਾ ਕਰਕੇ ਲੋਕ ਸੇਵਾ ਦਾ ਸਿਹਰਾ ਉਨ੍ਹਾਂ ਸਿਰ ਬੰਨ੍ਹਣਗੇ। ਅੱਜ ਗੁਰਦੁਆਰਿਆਂ ਵਿਚ ਭੀੜਾਂ ਜ਼ਰੂਰ ਹਨ ਪਰ ਬਾਬਾ ਨਾਨਕ ਦਾ ਦੱਸਿਆ ਰਾਹ ਅਜੇ ਖਾਲੀ ਹੈ। ਆਓ ਸਾਰੇ ਉਸ ਰਸਤੇ ‘ਤੇ ਚਲਣ ਦਾ ਤਹੱਈਆ ਕਰੀਏ।