ਮੋਬਾਇਲ ਵਿਚਲੇ ਵਾਇਰਸਾਂ ਰਾਹੀਂ ਜਾਸੂਸੀ!

ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਬਿਨਾ ਸ਼ੱਕ ਇੰਟਰਨੈਟ ਸੰਸਾਰ ਦੇ ਲੋਕਾਂ ਲਈ ਕਿਸੇ ਵੱਡੀ ਨਿਆਮਤ ਤੋਂ ਘੱਟ ਨਹੀਂ ਹੈ ਤੇ ਇਸ ਦੇ ਸਦਕਾ ਅੱਜ ਦੁਨੀਆਂ ਇੱਕ ਗਲੋਬਲ ਵਿਲੇਜ ਦਾ ਰੂਪ ਧਾਰ ਗਈ ਹੈ। ਇੰਟਰਨੈਟ ਦੇ ਜ਼ਰੀਏ ਚੱਲਣ ਵਾਲੇ ਫੇਸਬੁੱਕ, ਵਟਸ ਐਪ ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਾਂ ਨੇ ਤਾਂ ਦੂਰ ਦੇ ਲੋਕਾਂ ਨੂੰ ਵੀ ਨੇੜੇ ਲੈ ਆਂਦਾ ਹੈ। ਕਈ ਚੀਜ਼ਾਂ ਸਾਡੇ ਜੀਵਨ ਵਿਚ ਵਰਦਾਨ ਬਣ ਕੇ ਆਉਂਦੀਆਂ ਹਨ, ਪਰ ਦੁਰਵਰਤੋਂ ਕਾਰਨ ਫਿਰ ਇਹੋ ਚੀਜ਼ਾਂ ਸਰਾਪ ਜਾਪਣ ਲੱਗਦੀਆਂ ਹਨ।

ਪਿਛਲੇ ਦਿਨੀਂ ਜਿਸ ਤਰ੍ਹਾਂ ਵਟਸ ਐਪ ਨੇ ਆਪਣੇ ਕੁਝ ਉਪਭੋਗਤਾਵਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਦੀ ਜਾਸੂਸੀ ਹੋਈ ਹੈ, ਇਕ ਵਾਰ ਤਾਂ ਜਿਵੇਂ ਲੋਕਾਂ ਦੇ ਹੋਸ਼ ਉਡ ਗਏ। ਇਸ ਖੁਲਾਸੇ ਉਪਰੰਤ ਸਪੱਸ਼ਟ ਹੋ ਜਾਂਦਾ ਹੈ ਕਿ ਭਾਵੇਂ ਅੱਜ ਇੰਟਰਨੈਟ ਮਨੁੱਖੀ ਜੀਵਨ ਦਾ ਇਕ ਅਹਿਮ ਹਿੱਸਾ ਹੈ, ਪਰ ਜਾਸੂਸੀ ਕਾਂਡ ਸਾਹਮਣੇ ਆਉਣ ਪਿਛੋਂ ਉਪਭੋਗਤਾ ਦੀ ਪ੍ਰਾਇਵੇਸੀ ਅੱਜ ਕਿਸ ਕਦਰ ਅਸੁਰੱਖਿਅਤ ਹੈ, ਇਸ ਦੀ ਮਿਸਾਲ ਪਹਿਲਾਂ ਸ਼ਾਇਦ ਕਦੇ ਨਹੀਂ ਮਿਲਦੀ। ਯਕੀਨਨ ਇਹ ਇੱਕ ਬੇਹੱਦ ਸੰਵੇਦਨਸ਼ੀਲ ਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਲੋਕਾਂ ਦੀ ਨਿੱਜਤਾ ਨਾਲ ਇੱਕ ਘਿਨਾਉਣਾ ਖਿਲਵਾੜ ਹੈ ਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦੇ ਤੁਲ ਹੈ।
ਜਾਸੂਸੀ ਦੇ ਖੁਲਾਸੇ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ ਕਿ ਅਸੀਂ ਕਿਸ ਨਾਲ ਕੀ ਗੱਲ ਕਰ ਰਹੇ ਹਾਂ ਤੇ ਕਿਹੜੀ ਫੋਟੋ ਜਾਂ ਵੀਡੀਓ ਕਿਸ ਨੂੰ ਭੇਜ ਰਹੇ ਹਾਂ-ਹੁਣ ਇਸ ਦੇ ਗੁਪਤ ਹੋਣ ਦੀ ਕੋਈ ਗਾਰੰਟੀ ਨਹੀਂ, ਕਿਉਂਕਿ ਅੱਜ ਪਿਗਾਸਾਸ ਵਰਗੀ ਤਕਨਾਲੋਜੀ ਰਾਹੀਂ ਤੁਹਾਡੇ ਮੋਬਾਈਲ ‘ਚ ਆਸਾਨੀ ਨਾਲ ਵਾਇਰਸ ਦੀ ਘੁਸਪੈਠ ਕਰ ਕੇ ਤੁਹਾਡੇ ਤਮਾਮ ਡੈਟਾ ‘ਤੇ ਡਾਕਾ ਮਾਰਿਆ ਜਾ ਸਕਦਾ ਹੈ ਤੇ ਕਿਸੇ ਵੀ ਸਮੇਂ ਤੁਸੀਂ ਜਾਸੂਸੀ ਕੰਪਨੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਭਾਈ ਹੌਲੀ ਬੋਲ, ਕੰਧਾਂ ਦੇ ਵੀ ਕੰਨ ਹੁੰਦੇ ਨੇ, ਪਰ ਉਕਤ ਜਾਸੂਸੀ ਕਾਂਡ ਉਪਰੰਤ ਸ਼ਾਇਦ ਹੁਣ ਇਹੋ ਕਿਹਾ ਜਾਇਆ ਕਰੇਗਾ ਕਿ ਭਾਈ ਜੇ ਭੇਦਭਰੀ ਕੋਈ ਗੱਲ ਕਰਨੀ ਹੈ ਤਾਂ ਨਿੱਜੀ ਰੂਪ ਵਿਚ ਆ ਕੇ ਮਿਲ, ਕਿਉਂਕਿ ਮੋਬਾਇਲ ਵਿਚ ਤਾਂ ਅੱਜ ਕੱਲ ਜਾਸੂਸੀ ਵਾਇਰਸ (ਚੁਗਲਖੋਰ ਕੀਟਾਣੂ) ਹੁੰਦੇ ਹਨ।
ਜਿਵੇਂ ਕਿ ਅਸੀਂ ਬੀਤੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਵੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਇਜ਼ਰਾਇਲੀ ਤਕਨਾਲੋਜੀ ਰਾਹੀਂ ਵਟਸ ਐਪ ਵਿਚ ਘੁਸਪੈਠ ਕਰ ਕੇ ਪੱਤਰਕਾਰਾਂ, ਵਕੀਲਾਂ ਅਤੇ ਮਨੁੱਖੀ ਹੱਕਾਂ ਨਾਲ ਸਬੰਧਤ ਦੁਨੀਆਂ ਭਰ ਦੇ 1400 ਤੋਂ ਵੱਧ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ। ਯਕੀਨਨ ਇਕ ਸੱਭਿਅਕ ਸਮਾਜ ਵਿਚ ਇਹ ਲੋਕਾਂ ਨਾਲ ਗੈਰ-ਇਖਲਾਕੀ ਹਰਕਤ ਹੈ।
ਇਜ਼ਰਾਈਲੀ ਕੰਪਨੀ ਐਨ. ਐਸ਼ ਓ. ਦੇ ਸਪਸ਼ਟੀਕਰਨ ਨੂੰ ਸੱਚ ਮੰਨਿਆ ਜਾਵੇ ਤਾਂ ਸਰਕਾਰ ਜਾਂ ਸਰਕਾਰੀ ਏਜੰਸੀਆਂ ਹੀ ਪੈਗਾਸਸ ਸਾਫਟਵੇਅਰ ਦੇ ਮਾਧਿਅਮ ਰਾਹੀਂ ਜਾਸੂਸੀ ਕਰ ਸਕਦੀਆਂ ਹਨ। ਇਸ ਸੰਦਰਭ ਵਿਚ ਮੋਦੀ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਸ ਨੇ ਐਨ. ਐਸ਼ ਓ. ਪਲੇਟਫਾਰਮ ਰਾਹੀਂ ਸੇਵਾਵਾਂ ਹਾਸਲ ਕੀਤੀਆਂ ਹਨ ਅਤੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਉਹ ਆਪਣੇ ਨਾਗਰਿਕਾਂ ਦੇ ਫੋਨ ਹੈਕ ਕਰਕੇ ਜਾਸੂਸੀ ਕਰ ਰਹੀ ਹੈ। ਸੂਚਨਾ ਤਕਨਾਲੋਜੀ ਮੰਤਰੀ ਨੇ ਕਿਹਾ ਹੈ ਕਿ ਭਾਰਤ ਨੇ ਵਟਸ ਐਪ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਲੰਘਣਾ ਦੀ ਪ੍ਰਕਿਰਤੀ ਕੀ ਹੈ ਅਤੇ ਭਾਰਤੀਆਂ ਦੀ ਪ੍ਰਾਈਵੇਸੀ ਦੀ ਸੁਰੱਖਿਆ ਲਈ ਕੀ ਕਰ ਰਹੇ ਹਨ?
ਜ਼ਿਕਰਯੋਗ ਹੈ ਕਿ ਕੈਂਬ੍ਰਿਜ ਏਨਾਲਿਟਿਕਾ ਮਾਮਲੇ ਵਿਚ ਵੀ ਫੇਸਬੁੱਕ ਤੋਂ ਅਜਿਹਾ ਹੀ ਜਵਾਬ ਮੰਗਿਆ ਗਿਆ ਸੀ। ਕੈਂਬ੍ਰਿਜ ਮਾਮਲੇ ਵਿਚ ਯੂਰਪੀ ਕਾਨੂੰਨ ਤਹਿਤ ਕੰਪਨੀ ‘ਤੇ ਪੈਨਲਟੀ ਵੀ ਲੱਗੀ, ਪਰ ਭਾਰਤ ਵਿਚਲੀ ਸੀ. ਬੀ. ਆਈ. ਹਾਲੇ ਅੰਕੜਿਆਂ ਦਾ ਵਿਸ਼ਲੇਸ਼ਣ ਹੀ ਕਰ ਰਹੀ ਹੈ। ਕਾਗਜ਼ਾਂ ਤੋਂ ਤਾਂ ਇਹੋ ਜਾਹਰ ਹੈ ਕਿ ਵਟਸ ਐਪ ਵਿਚ ਸੰਨ੍ਹ ਲਾਉਣ ਦੀ ਇਹ ਖੇਡ ਕਈ ਸਾਲਾਂ ਤੋਂ ਚਲ ਰਹੀ ਹੈ ਤੇ ਹੁਣ ਕੈਲੀਫੋਰਨੀਆ ਦੀ ਅਦਾਲਤ ਵਿਚ ਵਟਸ ਐਪ ਵਲੋਂ ਮੁਕਦਮਾ ਦਾਇਰ ਕਰਨ ਪਿੱਛੇ ਕੀ ਕੋਈ ਰਣਨੀਤੀ ਹੈ? ਵਟਸ ਐਪ ਨੇ ਕੈਲੀਫੋਰਨੀਆ ਵਿਚ ਇਜ਼ਰਾਇਲੀ ਕੰਪਨੀ ਐਨ. ਐਸ਼ ਓ. ਅਤੇ ਉਸ ਦੀ ਸਹਿਯੋਗੀ ਕੰਪਨੀ ‘ਦ ਸਾਇਬਰ ਤਕਨਾਲੋਜੀਜ਼ ਲਿਮਟਿਡ’ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਜ਼ਿਕਰਯੋਗ ਹੈ ਕਿ ਵਟਸ ਐਪ ਦੇ ਨਾਲ ਫੇਸਬੁੱਕ ਵੀ ਇਸ ਮੁਕੱਦਮੇ ਵਿਚ ਸਹਿਯੋਗੀ ਧਿਰ ਵਜੋਂ ਵਿਚਰ ਰਹੀ ਹੈ। ਫੇਸਬੁੱਕ ਕੋਲ ਵਟਸ ਐਪ ਦੀ ਮਾਲਕੀ ਹੈ, ਪਰ ਇਸ ਮੁਕੱਦਮੇ ਵਿਚ ਫੇਸਬੁੱਕ ਨੂੰ ਵਟਸ ਐਪ ਦਾ ਸਰਵਿਸ ਪ੍ਰੋਵਾਈਡਰ ਦੱਸਿਆ ਗਿਆ ਹੈ, ਜੋ ਵਟਸ ਐਪ ਨੂੰ ਇਨਫਰਾਸਟ੍ਰਕਚਰ ਅਤੇ ਸੁਰੱਖਿਆ ਛਤਰੀ ਪ੍ਰਦਾਨ ਕਰਦਾ ਹੈ।
ਹਾਲੇ ਪਿਛਲੇ ਸਾਲ ਹੀ ਫੇਸਬੁੱਕ ਨੇ ਇਹ ਕਬੂਲਿਆ ਸੀ ਕਿ ਉਨ੍ਹਾਂ ਦੇ ਗਰੁਪ ਵਲੋਂ ਵਟਸ ਐਪ ਅਤੇ ਇੰਸਟਾਗ੍ਰਾਮ ਦਾ ਡੈਟਾ ਇਕੱਠਾ ਕਰਕੇ ਉਸ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ। ਫੇਸਬੁੱਕ ਨੇ ਇਹ ਵੀ ਮੰਨਿਆ ਸੀ ਕਿ ਉਸ ਦੇ ਪਲੈਟਫਾਰਮ ਵਿਚ ਅਨੇਕਾਂ ਐਪਸ ਰਾਹੀਂ ਡੈਟਾ ਮਾਈਨਿੰਗ ਅਤੇ ਡੈਟਾ ਕਾਰੋਬਾਰ ਹੁੰਦਾ ਹੈ।
ਇਕ ਹੋਰ ਰਿਪੋਰਟ ਅਨੁਸਾਰ ਕੈਂਬ੍ਰਿਜ ਏਨਾਲਿਟਕਾ ਇਕ ਅਜਿਹੀ ਕੰਪਨੀ ਸੀ, ਜਿਸ ਰਾਹੀਂ ਭਾਰਤ ਸਮੇਤ ਅਨੇਕ ਦੇਸ਼ਾਂ ਵਿਚ ਲੋਕਤੰਤਰੀ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਟਸ ਐਪ ਆਪਣੇ ਸਿਸਟਮ ਵਿਚ ਕੀਤੀ ਗਈ ਕਾਲ, ਵੀਡੀਓ ਕਾਲ, ਚੈਟ, ਗਰੁਪ ਚੈਟ, ਇਮੇਜ, ਵੀਡੀਓ, ਵਾਇਸ ਕਾਲ, ਵਾਇਸ ਮੈਸੇਜ ਅਤੇ ਫਾਈਲ ਟਰਾਂਸਫਰ ਨੂੰ ਇੰਕਰਿਪੇਟਡ ਦੱਸਦਿਆਂ ਆਪਣੇ ਪਲੇਟਫਾਰਮ ਨੂੰ ਹਮੇਸ਼ਾ ਸੁਰੱਖਿਅਤ ਦੱਸਦਾ ਰਿਹਾ ਹੈ।
ਕੈਲੀਫੋਰਨੀਆ ਦੀ ਅਦਾਲਤ ਵਿਚ ਦਾਇਰ ਮੁਕੱਦਮੇ ਅਨੁਸਾਰ ਇਜ਼ਰਾਇਲੀ ਕੰਪਨੀ ਨੇ ਮੋਬਾਇਲ ਫੋਨ ਰਾਹੀਂ ਵਟਸ ਐਪ ਸਿਸਟਮ ਨੂੰ ਹੈਕ ਕੀਤਾ, ਜਿਸ ਤਹਿਤ ਇਕ ਸਾਫਟਵੇਅਰ ਵਰਤਦਿਆਂ ਇੱਕ ਮਿਸਡ ਕਾਲ ਰਾਹੀਂ ਸਮਾਰਟ ਫੋਨ ‘ਚ ਵਾਇਰਸ ਭੇਜ ਕੇ ਸਾਰੀ ਜਾਣਕਾਰੀ ਜਮ੍ਹਾ ਕਰ ਲੈਂਦਾ ਹੈ। ਫੋਨ ਦੇ ਕੈਮਰੇ ਤੋਂ ਪਤਾ ਚੱਲਣ ਲਗਦਾ ਹੈ ਕਿ ਵਿਅਕਤੀ ਕਿਥੇ ਜਾ ਰਿਹਾ ਹੈ, ਕਿਸ ਨੂੰ ਮਿਲ ਰਿਹਾ ਹੈ ਅਤੇ ਕੀ ਕੀ ਗੱਲਬਾਤ ਕਰ ਰਿਹਾ ਹੈ?
ਇਕ ਅੰਦਾਜ਼ੇ ਮੁਤਾਬਕ ਏਅਰਟੈਲ, ਐਮ. ਟੀ. ਐਨ. ਐਲ਼ ਸਮੇਤ ਭਾਰਤ ਦੇ 8 ਮੋਬਾਇਲ ਨੈਟਵਰਕਾਂ ਦੀ ਇਸ ਜਾਸੂਸੀ ਲਈ ਵਰਤੋਂ ਹੋਈ ਹੈ। ਮੁਕੱਦਮੇ ਵਿਚ ਦਰਜ ਤੱਥਾਂ ਅਨੁਸਾਰ ਇਜ਼ਰਾਇਲੀ ਕੰਪਨੀ ਨੇ ਜਨਵਰੀ 2018 ਤੋਂ ਮਈ 2019 ਦੇ ਵਿਚਾਲੇ ਭਾਰਤ ਸਮੇਤ ਅਨੇਕਾਂ ਦੇਸ਼ਾਂ ਦੇ ਲੋਕਾਂ ਦੀ ਜਾਸੂਸੀ ਕੀਤੀ। ਮੁਕੱਦਮੇ ਅਨੁਸਾਰ ਵਟਸ ਐਪ ਨੇ ਇਜ਼ਰਾਇਲੀ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸਵਾਲ ਹੈ ਕਿ ਜਿਨ੍ਹਾਂ ਭਾਰਤੀ ਲੋਕਾਂ ਦੇ ਮੋਬਾਇਲ ਡੈਟਾ ਨੂੰ ਸੰਨ ਲਾਈ ਗਈ ਹੈ, ਉਨ੍ਹਾਂ ਨੂੰ ਇਨਸਾਫ ਕਿਵੇਂ ਤੇ ਕਦੋਂ ਮਿਲੇਗਾ?
ਬੇਸ਼ੱਕ ਐਨ. ਐਸ਼ ਓ. ਇਕ ਇਜ਼ਰਾਇਲੀ ਕੰਪਨੀ ਹੈ, ਪਰ ਪਤਾ ਇਹ ਲੱਗਾ ਹੈ ਕਿ ਇਸ ਦੀ ਮਲਕੀਅਤ ਯੂਰਪੀ ਹੈ। ਇਸ ਸਾਲ ਫਰਵਰੀ ਵਿਚ ਯੂਰਪ ਦੀ ਇਕ ਪ੍ਰਾਈਵੇਟ ਇਕਵਿਟੀ ਫਰਮ ਨੋਵਾਲਿਪਨਾ ਕੈਪੀਟਲ ਐਲ਼ ਐਲ਼ ਪੀ. ਨੇ ਐਨ. ਐਸ਼ ਓ. ਨੂੰ 100 ਕਰੋੜ ਡਾਲਰ ਵਿਚ ਖਰੀਦ ਲਿਆ ਸੀ। ‘ਬਿਜਨਸ ਇਨਸਾਈਡ’ ਦੀ ਬੈਕੀ ਪੀਟਰਸਨ ਦੀ ਰਿਪੋਰਟ ਮੁਤਾਬਕ ਐਨ. ਐਸ਼ ਓ. ਦਾ ਪਿਛਲੇ ਸਾਲ ਦਾ ਮੁਨਾਫਾ 125 ਮਿਲੀਅਨ ਡਾਲਰ ਸੀ।
ਜਾਸੂਸੀ ਕਰਨ ਵਾਲੀਆਂ ਅਨਜਾਣ ਕੰਪਨੀਆਂ ਜਦੋਂ ਅਰਬਾਂ ਕਮਾ ਰਹੀਆਂ ਹਨ ਤਾਂ ਫੇਰ ਫੇਸਬੁੱਕ ਜਿਹੀਆਂ ਕੰਪਨੀਆਂ ਆਪਣੀਆਂ ਸਹਿਯੋਗੀ ਕੰਪਨੀਆਂ ਨੂੰ ਡੈਟਾ ਵੇਚ ਕੇ ਕਿੰਨਾ ਮੋਟਾ ਮੁਨਾਫਾ ਕਮਾ ਰਹੀਆਂ ਹੋਣਗੀਆਂ? ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ।
ਐਨ. ਐਸ਼ ਓ. ਅਨੁਸਾਰ ਉਸ ਦਾ ਸਾਫਟਵੇਅਰ ਸਰਕਾਰ ਜਾਂ ਇਸ ਦੀਆਂ ਮਾਤਹਿਤ ਏਜੰਸੀਆਂ ਨੂੰ ਬਾਲ ਯੌਨ ਉਤਪੀੜਨ, ਡਰੱਗਜ਼ ਅਤੇ ਅਤਿਵਾਦੀਆਂ ਖਿਲਾਫ ਲੜਾਈ ਲੜਨ ਲਈ ਦਿੱਤਾ ਜਾਂਦਾ ਹੈ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਖਿਲਾਫ ਜਾਸੂਸੀ ਕਰਨ ਲਈ ਉਨ੍ਹਾਂ ਦੇ ਸਾਫਟਵੇਅਰ ਦੀ ਵਰਤੋਂ ਗਲਤ ਹੈ। ਰਿਪੋਰਟਾਂ ਅਨੁਸਾਰ 10 ਡਿਵਾਇਸਾਂ ਨੂੰ ਹੈਕ ਕਰਨ ਲਈ ਲਗਭਗ 4.61 ਕਰੋੜ ਰੁਪਏ ਦਾ ਖਰਚ ਅਤੇ 3.55 ਕਰੋੜ ਰੁਪਏ ਦਾ ਇੰਸਟਾਲੇਸ਼ਨ ਖਰਚ ਆਉਂਦਾ ਹੈ।