ਤਾਈ ਨਿਹਾਲੀ

ਸੰਤੋਖ ਸਿੰਘ ਧੀਰ
ਬਨੇਰੇ ਉਤੇ ਕਾਂ ਬੋਲਿਆ।
“ਤੀਰ ਕਾਣਿਆਂ…।” ਤਾਈ ਨਿਹਾਲੀ ਨੇ ਫਿਟਕਾਰਦੇ ਹੱਥ ਨਾਲ ਕਾਂ ਨੂੰ ਉਡਾ ਦਿਤਾ।
ਕਾਂ ਉਡ ਗਿਆ, ਪਰ ਤਾਈ ਦੇ ਕਾਲਜੇ ਨੂੰ ਜਾਣੋਂ ਹੌਲ ਪੈ ਗਿਆ। ਢਿੱਡ ਦੇ ਪਾਲੇ ਨੇ ਉਹਦੇ ਬੋਦੇ ਸਰੀਰ ਨੂੰ ਕਾਂਬਾ ਛੇੜ ਦਿਤਾ। ਤੇ ਤਾਈ ਦੀਆਂ ਅੱਖਾਂ ਸਾਹਮਣੇ ਪੰਜ ਵਰ੍ਹੇ ਪਹਿਲਾਂ ਦਾ ਸਮਾਂ ਕਿਸੇ ਭਿਆਨਕ ਗਿਰਝ ਵਾਂਗ ਆਪਣੇ ਖੰਭ ਫੜਫੜਾਉਣ ਲੱਗਾ। ਖੰਭ, ਜਿਨ੍ਹਾਂ ਨੇ ਤਾਈ ਦੇ ਕੋਠੇ ਉਤੇ ਹਨੇਰਾ ਕਰ ਦਿਤਾ ਸੀ।

ਪੰਜ ਵਰ੍ਹੇ ਪਹਿਲਾਂ, ਇਕ ਸ਼ਾਮ ਤਾਈ ਨੂੰ ਡਾਕੀਆ ਇਕ ਬੰਦ ਚਿਠੀ ਦੇ ਗਿਆ ਸੀ। ਕਿਵੇਂ ਔਸੀਆਂ ਪੌਣ ਪਿਛੋਂ ਤਾਈ ਨੂੰ ਉਹ ਚਿਠੀ ਆਈ ਸੀ; ਜਿਹੜੀ ਉਹਦੇ ਜੀ ਵਿਚ, ਉਹਦੇ ਜਿਉਣ ਜੋਗੇ ਪੁੱਤ ਵਲੋਂ ਸੁਖ ਸਾਂਦ ਦੀ ਹੋਵੇਗੀ, ਪਰ ਉਹ ਚਿੱਠੀ ਕਮਾਨ ਅਫਸਰ ਵਲੋਂ ਨਿਕਲੀ ਸੀ, ਜੋ ਲੜਾਈ ਵਿਚ ਉਹਦੇ ਪੁੱਤ ਦੇ ਮਰਨ ਦੀ ਚੰਦਰੀ ਖਬਰ ਲੈ ਕੇ ਆਈ ਸੀ। ਉਸ ਦਿਨ ਵੀ ਤਾਈ ਦੇ ਕੋਠੇ ਉਤੇ ਕਾਂ ਬੋਲਿਆ ਸੀ।
ਤਾਈ ਨਿਹਾਲੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਹਿਮ ਵਿਚਾਰਦੀ। ਘਰੋਂ ਤੁਰਦੀ ਨੂੰ ਜੇ ਅੱਗੋਂ ਪਾਣੀ ਦਾ ਘੜਾ ਜਾਂ ਚੂਹੜਾ ਮਿਲ ਪੈਂਦਾ ਤਾਂ ਉਹ ਸਿਧ ਮਨਾਉਂਦੀ; ਪਰ ਜੇ ਪਾਥੀਆਂ, ਲੱਕੜਾਂ, ਬਾਹਮਣ, ਨੰਬਰਦਾਰ ਜਾਂ ਕੋਈ ਸਿਰ ਉਤੇ ਖਾਲੀ ਟੋਕਰਾ ਚੁਕੀ ਟੱਕਰ ਜਾਂਦਾ ਤਾਂ ਉਹ ਝੱਟ ਪਿਛੇ ਮੁੜ ਪੈਂਦੀ।
ਪਹਿਲੀਆਂ ਵਿਚ ਉਹ ਕਾਂ ਦੇ ਕੁਰਲਾਉਣ ਨੂੰ ਏਨਾ ਮੰਦਾ ਨਹੀਂ ਸੀ ਜਾਣਦੀ, ਉਹ ਸਮਝਦੀ ਕਿ ਬੜੀ ਹਦ ਕੋਈ ਪ੍ਰਾਹੁਣਾ ਆ ਜਾਊ, ਜਿਸ ਦੀ ਖੇਚਲ ਉਹ ਔਖੀ ਸੌਖੀ ਝੱਲ ਲਊ; ਪਰ ਹੁਣ ਉਹ ਕਾਂ ਨੂੰ ਇਕ ਜਮਦੂਤ ਮੰਨਦੀ, ਜਿਸ ਦੇ ਸੰਘ ਵਿਚ ਉਹਦੇ ਪੁੱਤ ਦੀ ਮੌਤ ਕੁਰਲਾਈ ਸੀ।
ਕਰਤਾਰ ਦੀ ਮੌਤ ਨੇ ਤਾਈ ਨੂੰ ਹਰਾ ਦਿੱਤਾ-ਪਲੋਠੀ ਦਾ ਤੜ੍ਹੇ ਵਰਗਾ ਕਮਾਊ ਪੁੱਤ ਟੱਬਰ ਨੂੰ ਰੁਲਦਾ ਛਡ ਕੇ ਮਰ ਗਿਆ ਸੀ-ਤਾਏ ਦੀ ਛਾਤੀ ਵਿਚ ਟੋਇਆ ਪੈ ਗਿਆ, ਜਿਸ ਟੋਏ ਵਿਚ ਉਹਦਾ ਨਿਕਾ ਪੁੱਤ ਬਲਵੰਤ ਸਾਰਾ ਹੀ ਨਿਘਰਿਆ ਪਿਆ ਸੀ। ਤੇ ਇਹ ਟੋਇਆ ਪੂਰਿਆ ਵੀ ਕਿਵੇਂ ਜਾ ਸਕਦਾ ਸੀ?
ਹਾਂ, ਤਾਈ ਨੂੰ ਏਨਾ ਹੌਂਕਾ ਜ਼ਰੂਰ ਹੈ ਕਿ ਉਹਦਾ ਲੱਠ ਵਰਗਾ ਪੁੱਤ ਜੁਆਨਾਂ ਦੀ ਮੌਤ ਕਦੇ ਨਾ ਮਰਦਾ, ਜੇ ਉਹ ਫੌਜ ਵਿਚ ਭਰਤੀ ਹੋ ਕੇ ਜੰਗ ਨੂੰ ਨਾ ਜਾਂਦਾ। ‘ਸੱਜਰੇ ਲਹੂ ਵਲ ਝਾਕਣ ਦਾ ਹੀਆ ਮੌਤ ਵਿਚ ਕਿਥੇ!’ ਇਹ ਖਿਆਲ ਉਹਦੇ ਅਚੇਤ ਮਨ ਵਿਚੋਂ ਲੰਘ ਕੇ ਨਿਸ਼ਚਾ ਕਰਾਉਂਦਾ, ਜਦ ਕਦੇ ਉਹ ਆਪਣੀਆਂ ਪੂਣੀ-ਚਿਟੀਆਂ ਉਲਝੀਆਂ ਲਿਟਾਂ ਵਿਚ ਕੰਬਦੀਆਂ ਉਂਗਲਾਂ ਫੇਰਦੀ।
ਉਸ ਨੂੰ ਪੱਕ ਸੀ ਕਿ ਉਹਦਾ ਪੁੱਤ ਕਦੇ ਭਰਤੀ ਨਾ ਹੁੰਦਾ, ਜੇ ਸਰਕਾਰ ਉਹਨੂੰ ਜੋਰੋ ਜੋਰੀ ਨਾ ਲਿਜਾਂਦੀ। “ਨੌਕਰੀ ਕੀ ਸਾਨੂੰ ਤਾਰ ਦੂ!” ਉਹ ਕਈ ਵਾਰ ਆਖਦੀ ਹੁੰਦੀ। ਉਹ ਸਮਝਦੀ ਸੀ ਕਿ ਜਿਹੜੇ ਉਨ੍ਹਾਂ ਕੋਲ ਚਾਰ ਸਿਆੜ ਹਨ, ਉਨ੍ਹਾਂ ਵਿਚੋਂ ਉਹਦਾ ਕਾਮਾ ਪੁੱਤ, ਹਾੜੀਆਂ ਤੇ ਸੌਣੀਆਂ ਨੂੰ ਸੂਤ ਕੇ ਦਾਣਿਆਂ ਨਾਲ ਕੋਠਾ ਭਰ ਲਿਆ ਕਰੇਗਾ। ਉਹਦੀ ਮੁਟਿਆਰ ਨੂੰਹ ਸੂਫ ਦਾ ਘੱਗਰਾ ਤੇ ਨਰੀ ਦੀ ਨੋਕਾਂ ਵਾਲੀ ਜੁਤੀ ਪਾ ਕੇ ਠੁਮ ਠੁਮ ਕਰਦੀ ਉਹਨੂੰ ਖੇਤਾਂ ਵਿਚ ਰੋਟੀ ਦੇਣ ਜਾਇਆ ਕਰੂ; ਪਰ ਇਉਂ ਹੋ ਨਹੀਂ ਸੀ ਸਕਿਆ-ਸਰਕਾਰ ਨੇ ਉਹਨੂੰ ਤੇ ਉਹਦੇ ਪੁੱਤ ਨੂੰ ਨੰਬਰਦਾਰ ਦੀਆਂ ਅੱਖਾਂ ‘ਚੋਂ ਲਾਲੀਆਂ ਤਾੜੀਆਂ ਤੇ ਥਾਣੇਦਾਰ ਦੇ ਮੂੰਹ ਵਿਚੋਂ ਗਾਲ੍ਹਾਂ ਕਢੀਆਂ ਸਨ, “ਹਰਾਮਜ਼ਾਦੀ ਬਕਤੀ ਹੈ…ਸੂਰ ਕਾ ਬੱਚਾ…।” ਤੇ ਸਰਕਾਰ ਨੇ ਪਿੰਡ ਦੇ ਦਰਵਾਜੇ, ਪਰ੍ਹੇ ਦੇ ਸਾਹਮਣੇ, ਪੁਲਿਸ ਦੇ ਦੈਂਤਾਂ ਵਰਗੇ ਹੱਥਾਂ ਨਾਲ ਉਹਦੇ ਅਲੂੰਏ ਪੁੱਤ ਨੂੰ ਗਲ ਹੱਥ ਮਾਰ ਕੇ ਅੱਗੇ ਲਾ ਲਿਆ ਸੀ ਤੇ ਉਹ ਕਿੰਨਾ ਚਿਰ, ਭਰੇ ਹੋਏ ਗਚ ਨਾਲ ਦੂਰ ਹੋਈ ਜਾਂਦੇ ਪੁੱਤ ਨੂੰ ਹਵਾ ਵਿਚ ਤੱਕਦੀ ਰਹੀ ਸੀ।
ਇਕ ਆਥਣੇ ਚਰ੍ਹੀ ਦੀਆਂ ਪੂਲੀਆਂ ਸੁਟਣ ਲਈ ਤਾਈ ਜਦ ਕੋਠੇ ਚੜ੍ਹਨ ਲੱਗੀ ਤਾਂ ਉਹਨੇ ਦੇਖਿਆ ਕਿ ਕੋਠੇ ਉਤੇ, ਬੂਥੀਆਂ ਚੁੱਕੀ ਕੁੱਤੇ ਰੋ ਰੋ ਕੇ ਲਿਟਾਂ ਤੋੜ ਰਹੇ ਹਨ। ਤਾਈ ਨੂੰ ਜਾਪਿਆ, ਜਿਵੇਂ ਦੁਨੀਆਂ ਉਤੇ ਕਾਲ ਮੂੰਹ ਅੱਡੀ ਖਲੋਤਾ ਹੈ! ਉਹਦਾ ਵਿਸ਼ਵਾਸ ਸੀ ਕਿ ਕਾਲ ਕੁੱਤਿਆਂ ਨੂੰ ਪਹਿਲਾਂ ਦਿਸ ਪੈਂਦਾ ਹੈ-ਜੇ ਕੁੱਤੇ ਰੋਂਦੇ ਹੋਣ ਤਾਂ ਦੁਨੀਆਂ ‘ਤੇ ਜ਼ਰੂਰ ਕੋਈ ਕਹਿਰ ਟੁੱਟਣਾ ਹੁੰਦਾ ਹੈ। ਤੇ ਤਾਈ ਨਹੀਂ ਸੀ ਚਾਹੁੰਦੀ ਕਿ ਉਸ ਨੂੰ ਹੁਣ ਜਹਾਨ ਉਤੇ ਕਿਸੇ ਵੀ ਕਹਿਰ ਦੀ ਸੋਅ ਪਵੇ। ਉਹਨੇ ਕਾਠ ਦੀ ਪੌੜੀ ਦੇ ਸਿਖਰਲੇ ਡੰਡੇ ਤੋਂ ਲਲਕਾਰਿਆ, “ਖੜਾ ਥੋਡੇ ਦਾਦੇ ਮਗ੍ਹਾਂ…।”
ਤਾਈ ਤਾਂ ਚਾਹੁੰਦੀ ਸੀ, ਉਹਦੇ-ਕੁੱਬੀਆਂ, ਧੁਆਂਖੀਆਂ ਕੜੀਆਂ ਦੀਆਂ ਥੰਮੀਆਂ ਤੇ ਖਲੋਤੀ ਛੱਤ ਵਾਲੇ-ਗਰੀਬੜੇ ਜਿਹੇ ਘਰ ਵਿਚ ਅਮਨ ਰਹੇ। ਕੋਈ ਬਦਸਗਨੀ ਉਹ ਘਰ ਵਿਚ ਨਾ ਹੋਣ ਦਿੰਦੀ। ਥਾਂ ਸੁੰਭਰਨ ਵੇਲੇ ਆਪਣੀ ਵਿਚਾਰੀ ਜਿਹੀ ਨੂੰਹ ਨੂੰ ਉਹ ਨਿਤ ਚਿਤਾਰਦੀ, “ਨੀ ਕਰਨੈਲ ਕੁਰੇ, ਦੇਖੀਂ ਪੁਤ, ਸੂਹਣ ‘ਖੜੀ ਨਾ ਰਖੀਂ…!’
ਮਛੇਹਰ ਇੱਲਤੀ, ਜੋ ਖੇਤੋਂ ਘਰ ਆਉਂਦਿਆਂ ਕਦੇ ਸੱਪ ਦੀ ਕੁੰਜ, ਕਾਂਵਾਂ ਦੇ ਆਂਡੇ, ਮੋਰਾਂ ਦੇ ਖੰਭ ਜਾਂ ਕੁਝ ਹੋਰ ਅਲਸੂੰ ਪਲਸੂੰ ਚੁਕ ਲਿਆਉਂਦਾ ਸੀ, ਨੂੰ ਇਕ ਦਿਨ ਸੇਹ ਦਾ ਤੱਕਲਾ ਚੁਕ ਲਿਆਉਣ ‘ਤੇ ਤਾਈ ਨੇ ਝਿੜਕਿਆ, “ਦੁਰ ਬੇ ਚੰਦਰਿਆ! ਜਾ ਸਿਟ ਆ ਉਥੇ ਈ, ਜਿਥੋਂ ਲਿਆਇਐਂ, ਦੇਸਿਆ ਹੋਇਆ!”
ਤਾਈ ਦੇ ਪਿੰਡ ਤੋਂ ਸਵਾ ਕੁ ਮੀਲ ਦੀ ਵਾਟ ‘ਤੇ ਇਕ ਮੰਡੀ ਹੈ, ਜਿਥੇ ਕੋਈ ਨਿੱਕਾ ਮੋਟਾ ਸੌਦਾ ਲੈਣ ਉਹ ਜਾਂਦੀ ਹੁੰਦੀ ਸੀ। ਮੰਡੀ ਦੇ ਰਾਹ ਵਿਚ ਜਰਨੈਲੀ ਸੜਕ ਪੈਂਦੀ ਹੈ। ਇਕ ਦਿਨ, ਜਦ ਉਹ ਮੰਡੀ ਗਈ, ਤਾਂ ਸੜਕ ਪਾਰ ਕਰਨ ਲਈ ਉਹਨੂੰ ਉਰਲੇ ਪਾਸੇ ਕਿੰਨਾ ਚਿਰ ਖੜ੍ਹਨਾ ਪਿਆ। ਲੰਮੀ ਕਤਾਰ ਵਿਚ ਮਿੱਟੀ ਰੰਗੀਆਂ ਮਿੱਡੀਆਂ ਲਾਰੀਆਂ ਰਿੰਗ ਰਿੰਗ ਕੇ ਲੰਘ ਰਹੀਆਂ ਸਨ, ਜਿਨ੍ਹਾਂ ਵਿਚ ਖਾਕੀ ਵਰਦੀਆਂ ਵਾਲੇ ਜੁਆਨ ਫੌਜੀ ਬੈਠੇ ਸਨ-ਕਿੰਨੀਆਂ ਅੱਖਾਂ ਦੇ ਤਾਰੇ, ਕਿੰਨੀਆ ਮਾਂਗਾਂ ਦੇ ਸੰਧੂਰ, ਕਿੰਨੇ ਬਲੌਰਾਂ ਦੇ ਲਾਡ। ਤਾਈ ਦੀ ਜਾਨ ਲੁਛ ਗਈ ਤੇ ਉਹਦੀਆਂ ਆਂਦਰਾਂ ਫੁੜਕ ਪਈਆਂ,
“ਹੇ ਬਾਹਗਰੂ! ਹੁਣ ਤਾਂ ਜਗ ਵਿਚ ਠੰਡ ਠੇਹਰ ਰਖੀਂ…।”
ਸੂਰਜ ਦੀ ਟਿੱਕੀ ਨਾਲ ਘੜਿਆਲ ਖੜਕਿਆ, ਘੜਿਆਲ ‘ਚੋਂ ਟੁਣਕਾਰਾਂ ਫੁਟ ਕੇ ਕਿਰਨਾਂ ਵਾਂਗ ਪਿੰਡ ਦੀਆਂ ਗਲੀਆਂ ਵਿਚ ਲਹਿਰ ਗਈਆਂ।
“ਤੀਜੀ ਜੰਗ਼..।”
ਪਿੰਡ ਦੇ ਵੱਡੇ ਦਰਵਾਜੇ ਵਲੋਂ ਤਾਈ ਦੇ ਕੰਨ ਵਲੇਲ ਪਈ। ਪਲ ਦੀ ਪਲ ਤਾਈ ਘਾਬਰ ਗਈ। ਲੜਾਈ ਜਾਣੋਂ ਸੱਚ ਮੁਚ ਉਹਦੇ ਪਿੰਡ ਵਿਚ ਗਰਜ ਰਹੀ ਸੀ, ਤੇ ਉਹਨੂੰ ਹੱਥਾਂ-ਪੈਰਾਂ ਦੀ ਪੈ ਗਈ।
‘‘ਬੇ ਪੁਤ-ਬੰਤ, ਬੇ ਅੰਦਰ ਬੜ ਜਾ ਬੇ ਸੋਹਣਿਆਂ…!’’ ਉਹਦੀਆਂ ਫਿੜੀਫਿੜੀ ਕਰਦੀਆਂ ਆਂਦਰਾਂ ਜਿਵੇਂ ਚੀਕ ਉਠੀਆਂ; ਪਰ ਤੁਰਤ ਹੀ ਤਾਈ ਦੇ ਅੰਦਰ ਕੋਈ ਕਲਵਲ ਹੋਈ, ਦੂਜੇ ਹੀ ਪਲ ਤਾਈ ਦੇ ਬੁਲ੍ਹਾਂ ‘ਚੋਂ ਚੰਗਿਆੜੇ ਝੜਨ ਲੱਗੇ, “ਦੇਖਾਂ ਤਾਂ ਕੇਹੜਾ ਨਪੁਤਾ ਸਾਡੇ ਪਿੰਡ ਜੰਗ ਲੌਣ ਆਇਐ…!” ਉਹਦੇ ਅੰਦਰ ਉਹਦੀ ਹਸਤੀ ਜਾਗ ਪਈ, ਧਰਤੀ ਜਿੰਨੀ ਮਹਾਨ ਉਹਦੀ ਹਸਤੀ, ਉਹਦੀ ਨਤਾਕਤੀ ਬਲ ਵਿਚ ਬਦਲ ਗਈ। ਉਹ ਕੰਧ ਵਰਗੇ ਹੀਏ ਨਾਲ ਗਲੀਓ ਗਲੀ ਦਰਵਾਜੇ ਵਲ ਨੂੰ ਤੁਰ ਗਈ।
“ਜੰਗ-ਬਾਜ਼…।” ਪਿੱਪਲ, ਨਿੰਮ ਤੇ ਬਰੋਟੇ ਦੀ ਤ੍ਰਿਬੇਣੀ ਹੇਠਲੇ ਚੌਂਤਰੇ ਉਤੇ ਇਕ ਚੜ੍ਹਦੀ ਉਮਰ ਦੇ ਗੱਭਰੂ ਨੇ ਅੰਬਰੀ ਰੰਗ ਦੇ ਝੰਡੇ ਨੂੰ ਉਚਾ ਕਰਦਿਆਂ ਲਲਕਾਰਿਆ, “ਮੁਰਦਾਬਾਦ।”
ਪਿੰਡ ਦੇ ਸਾਰੇ ਲੋਕਾਂ ਨੇ ਗਰਜਿਆ-ਬੁਢੇ, ਤੀਵੀਆਂ ਤੇ ਜੁਆਨ-ਸਾਰਿਆਂ ਨੇ।
ਅਚੰਭੇ ਨਾਲ ਤਾਈ ਦੇ ਕੰਨ ਖੜ੍ਹੇ ਹੋ ਗਏ।
“ਅਮਨ-ਅਮਨ।” ਇਕ ਮੁਟਿਆਰ ਨੇ ਦੰਦਲ-ਦਾਤੀ ਨੂੰ ਉਚਾ ਕਰਦਿਆਂ ਬਰੀਕ ਬੁਲ੍ਹਾਂ ‘ਚੋਂ ਆਖਿਆ, ਜੋ ਬਲਦਾਂ ਲਈ ਸਾਵੀ ਚਰ੍ਹੀ ਦੀਆਂ ਪੂਲੀਆਂ ਖੋਤ ਕੇ ਲਿਆ ਰਹੀ ਸੀ, ਜਿਸ ਨੇ ਭਾਰ ਨੂੰ ਇਥੇ ਹੀ ਸੁਟ ਦਿਤਾ, ਤੇ ਅਣ-ਵਾਹੇ ਵਾਲਾਂ ਵਿਚ ਘਾਹ ਦੀਆਂ ਸਾਵੀਆਂ ਤਿੜ੍ਹਾਂ ਅਜੇ ਉਲਝੀਆਂ ਹੋਈਆਂ ਸਨ।
“ਅਸੀਂ ਤੀਜੀ ਜੰਗ ਨਹੀਂ ਹੋਣ ਦਿਆਂਗੇ!” ਇਕ ਮੁੰਡੇ ਨੇ ਆਖਿਆ, ਜਿਸ ਦੇ ਘੁੰਗਰਾਲੇ ਪਟਿਆਂ ਉਤੇ ਰਾਹਾਂ ਦੀ ਧੂੜ ਹੱਸ ਰਹੀ ਸੀ।
ਇਕ ਹੋਰ ਮਸ-ਫੁਟਾ, ਕਣਕ ਦੇ ਦਾਣਿਆਂ ਵਰਗਾ ਮੁੜ੍ਹਕਾ ਜਿਸ ਦੇ ਮੱਥੇ ਉਤੇ ਸੀ, ਗਰਜਿਆ, “ਏਸ਼ੀਆ ‘ਚੋਂ ਨਿਕਲ ਜਾਓ…!”
ਇਕ ਕਵੀ ਨੇ ਗੀਤ ਗਾਵਿਆ,
“ਸਾਡੇ ਛੈਲ ਛਬੀਲੇ ਗੱਭਰੂ,
ਹੁਣ ਖਾ ਨਹੀਂ ਸਕਦੀ ਲਾਮ।
ਅਸੀਂ ਜੰਗ ਨੂੰ ਜਾਣ ਵਾਲੀਆਂ,
ਕਰ ਦਿਆਂਗੇ ਰੇਲਾਂ ਜਾਮ।”
ਤ੍ਰਿਬੇਣੀ ਦੇ ਪੱਤੇ ਫਰ ਫਰਾਏ, ਤਾਈ ਦੇ ਦਿਲ ਨੂੰ ਇਕ ਠੰਡਾ ਝੋਲਾ ਆਇਆ। ਉਹਨੇ ਮਨ ਹੀ ਮਨ ਵਿਚ ਦੇਖਿਆ, ਉਹਦੇ ਅਲ੍ਹੜ ਬੰਤੇ ਨੂੰ ਕੇਡੀ ਜੁਆਨੀ ਚੜ੍ਹ ਰਹੀ ਹੈ।
“ਅਸੀਂ ਅਮਨ ਦੇ ਰਾਖੇ ਹਾਂ…!” ਤੋਤਲੀ ਬੋਲੀ ਵਿਚ ਦੁਧ ਦੇ ਦੰਦਾਂ ਨੇ ਆਖਿਆ, ਤੇ ਨਿਕੇ ਜਿਹੇ ਹੱਥ ਨੇ ਪਹਿਲੀ ਜਮਾਤ ਦਾ ਕੈਦਾ ਤ੍ਰਿਬੇਣੀ ਦੀਆਂ ਕੱਚੀਆਂ ਲਗਰਾਂ ਵਲ ਉਚਾ ਕੀਤਾ।
ਲੋਕ ਕੀਲੇ ਬੈਠੇ ਸਨ। ਤ੍ਰਿਬੇਣੀ ਦੇ ਹਰੇ ਕਚੂਰ ਪੱਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲਿਚ ਲਿਚ ਕਰਦੇ ਸਨ।
ਤਾਈ ਸਭ ਕੁਝ ਨਿਸਚੇ ਨਾਲ ਸੁਣ ਰਹੀ ਸੀ। ਉਸ ਨਿਸਚੇ ਨਾਲ, ਜੋ ਨੂੰਹ ਦੇ ਸੁਹਾਗਣ ਹੋਣ ਵਿਚ ਹੋ ਸਕਦਾ ਹੈ, ਜੋ ਪੁਤਲੀ ਵਿਚ ਅੱਖ ਦਾ ਤਾਰਾ ਲਿਸ਼ਕਣ ਨਾਲ ਹੋ ਸਕਦਾ ਹੈ, ਜੋ ਹਿੱਕ ਦਾ ਟੋਇਆ ਪੂਰੇ ਜਾਣ ਵਿਚ ਹੋ ਸਕਦਾ ਹੈ। ਤਾਈ ਭਰਪੂਰ ਹੋਈ ਬੈਠੀ ਸੀ-ਉਹਦੇ ਵਿਚ ਕਿੰਨੀ ਸ਼ਕਤੀ ਹੈ। ਉਹਨੂੰ ਜਾਪਿਆ, ਸਾਰੇ ਉਹਦੇ ਪਿੰਡ ਦੇ ਹੀ ਤਾਂ ਮੁੰਡੇ ਨੇ, ਜੋ ਥੜ੍ਹੇ ਉਤੇ ਆਪ ਆ ਕੇ ਬੋਲਦੇ ਨੇ-ਵਿਹੜੇ ਵਾਲਿਆਂ ਦਾ ਜੀਤ, ਗਰੇਵਾਲਾਂ ਦਾ ਜਗੀਰ, ਤੇ ਔਹ ਬਾਹਰਲੇ ਵਾਸ ਦਾ ਕਵੀ ਮੁੰਡਾ। ਸਾਰੇ ਉਹਦੇ ਹੱਥਾਂ ਵਿਚ ਪਲੇ ਹੋਏ, ਤਾਈ ਫੁਲ ਫੁਲ ਜਾਂਦੀ ਸੀ।
ਇਕ ਚੋਬਰ ਥੜ੍ਹੇ ਉਤੇ ਤਣ ਕੇ ਖੜੋ ਗਿਆ। ਸੰਸਾਰ ਦੀ ਅਮਨ-ਕਮੇਟੀ ਵਲੋਂ ਉਹਨੇ ਐਟਮ-ਬੰਬ ਨੂੰ ਰੋਕਣ ਦੀ ਅਪੀਲ ਪੜ੍ਹ ਕੇ ਸੁਣਾਈ। ਸੌਖੀ ਪੇਂਡੂ ਬੋਲੀ ਵਿਚ ਅਪੀਲ ਦਾ ਭਾਵ ਖੋਲ੍ਹ ਕੇ ਸਮਝਾਇਆ, ਤੇ ਲਹਿਲਹਾਉਂਦੀਆਂ ਮੁਟਿਆਰ ਫਸਲਾਂ, ਹਸਦੇ ਵਸਦੇ ਘਰਾਂ, ਬੱਚਿਆਂ ਦੀ ਮਹਿਕਦੀ ਮੁਸਕਾਨ ਤੇ ਝਮ ਝਮ ਕਰਦੀ ਸਾਰੀ ਦੁਨੀਆਂ ਦਾ ਵਾਸਤਾ ਪਾ ਕੇ; ਦਿਲਾਂ ਦੇ ਨੇਕ ਲੋਕਾਂ ਨੂੰ ਅਪੀਲ ਉਤੇ ਦਸਖਤ ਕਰਨ ਤੇ ਅੰਗੂਠੇ ਲਾਉਣ ਲਈ ਆਖਿਆ।
ਜੰਗ ਦੀਆਂ ਗੱਲਾਂ ਸੁਣ ਕੇ ਪਲ ਦੀ ਪਲ ਤਾਈ ਦੇ ਖਿਆਲਾਂ ਵਿਚ ਕਰਤਾਰ ਦੀ ਮੌਤ-ਝਾਕੀ ਉਭਰਨ ਲੱਗੀ। ਦੁਰ ਦੁਰਾਡੇ ਦੇਸ਼ਾਂ ਵਿਚ, ਸੱਤ ਸਮੁੰਦਰੋਂ ਪਾਰ, ਜੰਗ ਦਾ ਖੂਨੀ ਮੋਰਚਾ… “ਟੀਂ”…ਕਰਦੀ ਚੰਦਰੀ ਗੋਲੀ…ਤੇ ਉਹਦੇ ਜਿਗਰ ਦਾ ਟੁਕੜਾ ਚੰਘਿਆੜ ਕੇ ਧਰਤੀ ਉਤੇ ਲੋਟਣੀਆਂ ਲੈਣ ਲੱਗਾ, ਤੇ ਤਾਈ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ, ਉਸ ਦੇ ਘਰ ਉਤੇ ਸੂਰਜ ਡੁਬ ਗਿਆ ਸੀ।
‘ਦੂਜੀ ਜੰਗ ਕਰਤਾਰ ਨੂੰ ਲੈ ਗਈ, ਤੀਜੀ ਜੰਗ ਹੁਣ ਫੇਰ ਮੂੰਹ ਅੱਡੀਂ ਖਲੋਤੀ ਹੈ…!’ ਇਸ ਖਿਆਲ ਨਾਲ ਤਾਈ ਦੇ ਪੁਰਾਣੇ ਸਰੀਰ ਉਤੇ ਹੌਲ ਦੀਆਂ ਕੰਬਣੀਆਂ ਤੁਰਨ ਲੱਗੀਆਂ। ਬਲਵੰਤ ਉਹਦੇ ਘਰ ਦਾ ਦੀਵਾ, ਤੇ ਤਾਈ ਚਾਹੁੰਦੀ ਸੀ ਕਿ ਰਹਿੰਦੀ ਦੁਨੀਆਂ ਤਕ ਉਹਦੇ ਘਰ ਵਿਚ ਦੀਵਾ ਬਲਦਾ ਰਹੇ।
ਤਾਈ ਨੇ ਆਪਣੇ ਅੰਗੂਠੇ ਵਲ ਗੰਭੀਰ ਤੇ ਨਿਰਣੇ ਭਰੀਆਂ ਨਜ਼ਰਾਂ ਨਾਲ ਦੇਖਿਆ, ਤਾਈ ਦੀਆਂ ਅੱਖਾਂ ਮੁਸਕਰਾਈਆਂ, ਜਿਵੇਂ ਖਿਜ਼ਾਂ ਦੇ ਅਖੀਰ ਉਤੇ ਬਹਾਰ ਦਾ ਪਹਿਲਾ ਬੁੱਲਾ ਰੁਮਕਦਾ ਹੈ। ਤਾਈ ਨੂੰ ਆਪਣੇ ਅੰਗੂਠੇ ਦੇ ਬਲ ਦਾ ਪਤਾ ਲੱਗਾ।
ਦੂਰ ਜਿਹੇ ਖੁੰਡਾਂ ਉਤੇ ਬੈਠ ਮੁਸ਼ਟੰਡਿਆਂ ਨੇ ਪੁਲਿਸ ਦੀ ਸ਼ਹਿ ਪਾ ਕੇ ‘ਹਿੜ ਹਿੜ’ ਲਾਈ।
‘‘ਛੀ…ਹ, ਹਟਾ ਲੈਣਗੇ ਬਈ ਇਹ ਜੰਗ? ਇਨ੍ਹਾਂ ਦਸਖਤਾਂ ਨਾਲ ਜੰਗ ਭਲਾ ਹਟ ਜੂ? ਚੁਕੀ ਫਿਰਦੇ ਨੇ ਕਾਗਤੀਆਂ, ਐਟਮ-ਬੰਬ ਨ੍ਹੀਂ ਬਈ ਇਨ੍ਹਾਂ ਚੱਲਣ ਦੇਣਾ ਮਾਂ ਦਿਆਂ ਸੂਰਮਿਆਂ ਨੇ।’’ ਨੰਬਰਦਾਰ ਗੁਜਣ ਸਿੰਘ ਬੁੜਬੁੜਾਇਆ, ਜਿਸ ਨੇ ਦੂਜੀ ਜੰਗ ਵਿਚ ਪਿੰਡ ਦੇ ਮੁੰਡੇ ਭਰਤੀ ਕਰਾ ਕੇ ਸਰਕਾਰ ਤੋਂ ਬਾਰ ਵਿਚ ਮੁਰੱਬਾ ਬਖਸ਼ੀਸ਼ ਵਿਚ ਲਿਆ ਸੀ।
‘‘ਚੰਗਾ ਸਗੋਂ ਅਸੀਂ ਤਾਂ ਕਹਿਨੇ ਆਂ ਜੰਗ ਛੇਤੀ ਲੱਗੇ, ਦੁਨੀਆਂ ਭੁੱਖੀ ਤਾਂ ਨਾ ਮਰੇ!’’ ਸਫੇਦ-ਪੋਸ਼ ਕੁੰਢਾ ਸਿੰਘ ਤੇ ਨਿੱਕੂ ਮੱਲ ਸ਼ਾਹੂਕਾਰ ਠਿਲਾਂ ਕਰਦੇ ਸਨ, ਜਿਨ੍ਹਾਂ ਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿਚ ਝੂਠੀਆਂ ਗਵਾਹੀਆਂ, ਵਢੀਆਂ ਤੇ ਮੁਖਬਰੀਆਂ ਦੀ ਬੋ ਉਭਾਰੀ ਹੋਈ ਸੀ।
‘‘ਕੋਈ ਨਾ ਲਾਇਓ ਲੋਕੋ ਗੂਠੇ ਗਾਠੇ-ਐਵੇਂ ਵਰਗਲਾਉਂਦੇ ਨੇ ਥੋਨੂੰ ਇਹ ਰੂਸ ਦੇ ਜੰਟ…।’’ ਹਰਾ ਕੂਹਣੀਮਾਰ ਪਰੇ ਕੁ ਨੂੰ ਪਏ ਟੁਟੇ ਜਿਹੇ ਗੋਡੇ ਦੀ ਪਿੰਜਣੀ ਉਤੋਂ ਬਿਰਕਿਆ।
ਹੋਛੀ ਹਿੜ ਹਿੜ ਵਲ ਕਿਸੇ ਧਿਆਨ ਨਾ ਦਿਤਾ।
ਤ੍ਰਿਬੇਣੀ ਦੇ ਕੂਲੇ ਪੱਤਿਆਂ ਵਿਚ ਇਕ ਤਿੱਖਾ ਬੁਲ੍ਹਾ ਫੜਫੜਾਇਆ। ਥੜ੍ਹੇ ਉਤੇ ਖਲੋਤੇ ਕਵੀ ਦੇ ਬੁੱਲਾਂ ‘ਚੋਂ ਲੋਕਾਂ ਦੀ ਤਾਕਤ ਵੰਗਾਰਦੀ ਸੀ,
ਸਾਡੇ ਫੁਲਾਂ ਦਾ ਸੂਹਾ ਸੂਹਾ ਰੰਗ ਵੇ,
ਜੰਗ-ਬਾਜ਼ਾ-ਓ ਵੈਰੀਆ!
ਸਾਥੋਂ ਦੂਰੋਂ ਦੂਰੋਂ ਦੀ ਲੰਘ ਵੇ!

ਸਾਡੇ ਖੇਤਾਂ ‘ਚ ਨਿਕੇ ਨਿਕੇ ਟਿਬੜੇ,
ਛਹ ਕੇ ਭਿਟ ਨਾ ਦਈਂ,
ਤੇਰੇ ਪੈਰ ਲਹੂ ਨਾਲ ਲਿਬੜੇ!
ਇਕ ਚਿਟ-ਕਪੜੀਏ, ਜੋ ਪੁਲਿਸ ਦੇ ਸਿਪਾਹੀਆਂ ਦੇ ਵਿਚਾਲੇ, ਭਰੀਆਂ ਬੰਦੂਕਾਂ ਦੀ ਓਟ ਵਿਚ ਮੰਜੇ ਉਤੇ ਝੂਠ ਮੂਠ ਦਾ ਆਕੜਿਆ ਬੈਠਾ ਸੀ, ਨੇ ਛੇਤੀ ਛੇਤੀ ਪਿਨਸਲ ਨਾਲ ਕੁਝ ਕਾਗਜ਼ ਉਤੇ ਲਿਖਿਆ। ਤਾਈ ਨਿਹਾਲੀ ਉਸ ਵਲ ਪਾੜ ਖਾਣੀਆਂ ਅੱਖਾਂ ਨਾਲ ਦੇਖਣ ਲੱਗੀ। ਤਾਈ ਨੂੰ ਪਤਾ ਸੀ ਕਿ ਅੰਗਰੇਜ਼ ਦੇ ਰਾਜ ਵੇਲੇ ਜਦੋਂ ਕਾਂਗਰਸ ਆਜ਼ਾਦੀ ਮੰਗਦੀ ਹੁੰਦੀ ਸੀ ਤੇ ਉਹਦੇ ਪਿੰਡ ਇਸੇ ਥਾਂ ਜਲਸਾ ਹੋਇਆ ਸੀ, ਤਾਂ ਉਦੋਂ ਵੀ ਇਸ ਖੁਫੀਏ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ, ਤੇ ਉਹਦੇ ਪਿੰਡ ਦੇ ਤਿੰਨ ਮੁੰਡੇ ਕੈਦ ਹੋ ਗਏ ਸਨ। ਹੁਣ ਅਜ਼ਾਦੀ ਮਿਲਣ ਪਿਛੋਂ, ਜਦ ਰਾਜ ਕਾਂਗਰਸ ਦਾ ਹੋ ਗਿਆ, ਤਾਂ ਉਹੀ ਖੁਫੀਆ ਅਜ ਫੇਰ ਉਨ੍ਹਾਂ ਦੇ ਅਮਨ ਦੇ ਜਲਸੇ ਵਿਚ ਬੈਠਾ ਡਾਇਰੀ ਲਿਖ ਰਿਹਾ ਹੈ!
ਤਾਈ ਹਰਖ ਨਾਲ ਸਿਰਾਂ ਦੀ ਪੱਧਰ ਵਿਚੋਂ ਧੌਣ ਚੁਕ ਤੇ ਖੁਫੀਏ ਵਲ ਕੈਰੀਆਂ ਅੱਖਾਂ ਨਾਲ ਕਚੀਚੀ ਵਟ ਕੇ ਬੋਲੀ, ‘‘ਤੈਨੂੰ ਕੀਹਨੇ ਸਦਿਐ ਬੇ, ਨੂਣ ਹਰਾਮੀਆਂ?’’
ਸਾਰੇ ਲੋਕਾਂ ਨੇ ਪੁਲਿਸ ਵਲ ਨਫਰਤ ਨਾਲ ਦੇਖਿਆ। ਥਾਣੇਦਾਰ ਨੂੰ ਅੱਗ ਲੱਗ ਗਈ। ਪਿਸਤੌਲ ਨੂੰ ਹੱਥ ਪਾ ਕੇ ਉਹ ਕਿੱਲਿਆ, “ਬੰਦ ਕਰੋ, ਇਸ ਪਖੰਡ ਨੂੰ, ਦਸਖਤ, ਦਸਖਤ ਲੋਕਾਂ ਵਿਚ ਬਦ-ਅਮਨੀ ਫੈਲ ਰਹੀ ਹੈ!”
“ਕੌਣ ਜੰਮਿਐ ਸਾਡੇ ਜਲਸੇ ਨੂੰ ਰੋਕਣ ਵਾਲਾ?” ਤਾਈ ਗਰਜ ਉਠੀ। ਜਲਸੇ ਵਿਚ ਬੈਠੇ ਗਭਰੂਆਂ ਦੇ ਡੌਲੇ ਫਰ੍ਹਕਣ ਲੱਗੇ, ਤੇ ਸ਼ਮਲਿਆਂ ਵਾਲੇ ਕਈ ਲਟਬੌਰੇ ਤੰਬਿਆਂ ਦੇ ਲਾਂਗੜੇ ਮਾਰ ਕੇ ਤਣ ਗਏ।
“ਹੁਸ਼ਿਆਰ…!” ਇਕ ਹੁਕਮ ਹੋਰ ਕੜਕਿਆ।
ਬੰਦੂਕਾਂ ਹਵਾ ਵਿਚ ਤਣ ਗਈਆਂ।
“ਖੜ੍ਹੋ ਥੋਡੇ ਮਾਂ-ਮਸ਼ਕਰਿਆਂ ਦੇ ਟੁਟ ਜਾਣੇ…ਜਿਸ ਧਰਤੀ ਦਾ ਖਾਂਦੇ ਓ, ਉਸੇ ਨਾਲ ਧਰੋਹ!’’ ਬਿਜਲੀ ਵਾਂਗ ਕੜਕਦੀ ਤਾਈ ਨੇ ਬਾਹਾਂ ਪਸਾਰ ਕੇ ਪੁਲਸੀਆਂ ਨੂੰ ਲਲਕਾਰਾ ਮਾਰਿਆ।
ਥੜ੍ਹੇ ਉਤੋਂ ਨਾਅਰੇ ਲੱਗੇ,
‘‘ਸਿਪਾਹੀ ਸਾਡੇ ਸਾਥੀ ਨੇ!’’
‘‘ਅਫਸਰ ਸਾਡੇ ਵੈਰੀ ਨੇ!’’
ਥਾਣੇਦਾਰ ਛਿੱਥਾ ਪੈ ਗਿਆ। ਸਿਪਾਹੀ ਦਹਿਲ ਗਏ, ਬੰਦੂਕਾਂ ਦੇ ਮੂੰਹ ਮੁੜ ਗਏ।
ਤਾਈ ਨੇ ਭਰੇ ਇਕੱਠ ਵੱਲ ਬਾਂਹ ਉਲਾਰ ਕੇ ਆਖਿਆ, ‘‘ਆਓ ਨੀ ਕੁੜੀਓ, ਆਓ ਵੇ ਮੁੰਡਿਓ, ਨੀਂ ਕਰਨੈਲ ਕੁਰੇ, ਆ ਬੇ ਬੰਤ-ਸਾਰੇ ਕਾਗਤ ‘ਤੇ ‘ਗੂਠੇ ਲਾਓ!” ਤਾਈ ਦੇ ਪਸ਼ਮ ਵਰਗੇ ਚਿੱਟੇ ਵਾਲ ਸਾਊ ਪੰਛੀ ਦੇ ਪਰਾਂ ਵਾਂਗ ਫਰ ਫਰਾਏ ਤੇ ਉਹਨੇ ਅੱਗੇ ਵਧ ਕੇ, ਸਭ ਤੋਂ ਪਹਿਲਾਂ ਕਾਗਜ਼ ‘ਤੇ ਆਪਣਾ ਅੰਗੂਠਾ ਲਾ ਦਿਤਾ।
ਤ੍ਰਿਬੇਣੀ ਦੀਆਂ ਸਿਖਰਲੀਆਂ ਟਹਿਣੀਆਂ ਵਿਚ ਬੱਦਲੀ ਖੰਭ ਫੜ-ਫੜਾਏ, ਹਰੇ ਪੱਤਿਆਂ ‘ਚੋਂ ‘ਵਾਜ ਆਈ, “ਘੁਗੂੰ-ਘੂੰ, ਘੁਗੂੰ-ਘੂੰ।”