ਕਰਤਾਰਪੁਰ ਲਾਂਘਾ: ਭਾਰਤੀ ਸਖਤੀ ਅੱਗੇ ਬੇਵੱਸ ਹੋਏ ਸ਼ਰਧਾਲੂ

ਗੁੰਝਲਦਾਰ ਰਜਿਸਟਰੇਸ਼ਨ ਪ੍ਰਕਿਰਿਆ ਨਾਲ ਪ੍ਰੇਸ਼ਾਨੀਆਂ ਵਧੀਆਂ
ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਬਾਵਜੂਦ ਪਾਕਿਸਤਾਨ ਸਥਿਤ ਬਾਬੇ ਨਾਨਕ ਦੀ ਕਰਮਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਵਿਚ ਡਾਹੇ ਜਾ ਰਹੇ ਅੜਿੱਕਿਆਂ ਤੋਂ ਸਿੱਖ ਸ਼ਰਧਾਲੂ ਡਾਢੇ ਨਿਰਾਸ਼ ਹਨ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਸ਼ਰਧਾਲੂ ਡੇਰਾ ਬਾਬਾ ਨਾਨਕ ਪੁੱਜ ਰਹੇ ਹਨ ਪਰ ਭਾਰਤ ਸਰਕਾਰ ਦੀ ਬਦਨੀਤੀ ਅਤੇ ਗੁੰਝਲਦਾਰ ਪ੍ਰਕਿਰਿਆ ਉਨ੍ਹਾਂ ਦਾ ਰਾਹ ਰੋਕ ਲੈਂਦੀ ਹੈ।

ਵੱਡੀ ਗਿਣਤੀ ਸ਼ਰਧਾਲੂ ਇਥੇ ਦੂਰਬੀਨ ਨਾਲ ਹੀ ਦਰਸ਼ਨ ਕਰਕੇ ਵਾਪਸ ਮੁੜ ਜਾਂਦੇ ਹਨ। ਇਹੀ ਕਾਰਨ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਆਸ ਮੁਤਾਬਕ ਨਜ਼ਰ ਨਹੀਂ ਆ ਰਹੀ। ਡੇਰਾ ਬਾਬਾ ਨਾਨਕ ਵਾਲੇ ਪਾਸਿਉਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਲਾਂਘੇ ਦੇ ਮੁਕਾਬਲੇ ਪਾਕਿਸਤਾਨ ਵਾਲੇ ਪਾਸੇ ਤੋਂ ਵੀਜ਼ਾ ਲਗਾ ਕੇ ਆਏ ਵਿਦੇਸ਼ੀ ਸਿੱਖਾਂ ਦੀ ਗਿਣਤੀ ਵਧ ਰਹੀ ਹੈ। ਡੇਰਾ ਬਾਬਾ ਨਾਨਕ ਵਾਲੇ ਪਾਸਿਉਂ ਰੋਜ਼ਾਨਾ 400 ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਜਾ ਰਹੇ ਹਨ, ਜਦ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਵੀਜ਼ਾ ਲਗਾ ਕੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਵਿਦੇਸ਼ਾਂ ਤੋਂ ਸਿੱਖ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਕਰਤਾਰਪੁਰ ਲਾਂਘੇ ਦੇ 9 ਨਵੰਬਰ ਨੂੰ ਰਸਮੀ ਉਦਘਾਟਨ ਤੋਂ ਬਾਅਦ ਹੁਣ ਤੱਕ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸਿਰਫ 4æ7 ਫੀਸਦੀ ਹੀ ਰਹੀ ਹੈ। ਦੋਵਾਂ ਦੇਸ਼ਾਂ ਵਿਚ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਭੇਜਣ ਲਈ ਸਮਝੌਤਾ ਹੋਇਆ ਸੀ ਪਰ 9 ਨਵੰਬਰ ਨੂੰ 562 ਦੇ ਕਰੀਬ ਵਿਸ਼ੇਸ਼ ਸ਼ਰਧਾਲੂਆਂ ਦੇ ਜਥੇ ਨੂੰ ਛੱਡ ਕੇ, ਦੂਸਰੇ ਦਿਨ 239, ਤੀਸਰੇ ਤੇ ਗੁਰਪੁਰਬ ਵਾਲੇ ਦਿਨ 532, ਚੌਥੇ ਦਿਨ 272 ਤੇ ਪੰਜਵੇਂ ਦਿਨ 241 ਸ਼ਰਧਾਲੂ ਹੀ ਪਾਕਿਸਤਾਨ ਦਰਸ਼ਨਾਂ ਲਈ ਗਏ ਹਨ। ਜੇ ਪਾਕਿਸਤਾਨ ਰਵਾਨਾ ਹੋਏ ਸ਼ਰਧਾਲੂਆਂ ਦੀ ਗਿਣਤੀ ਵੱਲ ਨਜ਼ਰ ਮਾਰੀਏ ਤਾਂ ਇਹ ਸਿਰਫ 4æ7 ਫੀਸਦੀ ਹੀ ਬਣਦੀ ਹੈ। ਇਸ ਦਾ ਮੁੱਖ ਕਾਰਨ ਭਾਰਤ ਵਾਲੇ ਪਾਸੇ ਵਰਤੀ ਜਾ ਰਹੀ ਸਖਤੀ ਹੈ।
ਵੱਡੀ ਗਿਣਤੀ ਸ਼ਰਧਾਲੂ ਨਿਰਾਸ਼ ਹਨ ਤੇ ਭਾਰਤ ਸਰਕਾਰ ਨੂੰ ਕੋਸ ਰਹੇ ਹਨ। ਸ਼ਰਧਾਲੂਆਂ ਦੀ ਖੱਜਲ ਖੁਆਰੀ ਦਾ ਵੱਡਾ ਕਾਰਨ ਜਾਗਰੂਕਤਾ ਦੀ ਘਾਟ ਹੈ। ਪੇਂਡੂ ਇਲਾਕਿਆਂ ਤੋਂ ਆਈ ਵੱਡੀ ਗਿਣਤੀ ਸੰਗਤ ਬਿਨਾ ਆਨਲਾਈਨ ਰਜਿਸਟਰੇਸ਼ਨ ਤੋਂ ਹੀ ਪਾਕਿਸਤਾਨ ਜਾਣ ਲਈ ਇਥੇ ਪੁੱਜ ਰਹੀ ਹੈ। ਜ਼ਿਆਦਾਤਰ ਸ਼ਰਧਾਲੂਆਂ ਕੋਲ ਪਾਸਪੋਰਟ ਹੀ ਨਹੀਂ ਹਨ। ਯਾਦ ਰਹੇ ਕਿ ਪਾਕਿਸਤਾਨ ਅਤੇ ਭਾਰਤ ਵਿਚ ਹੋਏ ਸਮਝੌਤੇ ਮੁਤਾਬਕ ਭਾਰਤੀ ਸ਼ਰਧਾਲੂਆਂ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ ਹਾਲਾਂਕਿ ਇਸ ਉਤੇ ਵੀਜ਼ਾ ਲਵਾਉਣ ਦੀ ਲੋੜ ਨਹੀਂ। ਪਾਕਿਸਤਾਨ ਨੇ ਭਾਵੇਂ ਖੁੱਲ੍ਹਦਿਲੀ ਦਿਖਾਉਂਦੇ ਹੋਏ ਬਾਅਦ ਵਿਚ ਇਹ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਪਛਾਣ ਪੱਤਰ ਨਾਲ ਸ਼ਰਧਾਲੂ ਦਰਸ਼ਨ ਕਰ ਸਕਦੇ ਹਨ ਪਰ ਭਾਰਤ ਇਸ ਗੱਲ ਲਈ ਰਾਜ਼ੀ ਨਹੀਂ ਹੋਇਆ। ਇਸ ਤੋਂ ਇਲਾਵਾ ਅਪਲਾਈ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਾਂਦੀ ਪੁਣਛਾਣ ਤੋਂ ਵੀ ਸ਼ਰਧਾਲੂ ਨਿਰਾਸ਼ ਤੇ ਡਰੇ ਹੋਏ ਹਨ। ਪੁਲਿਸ ਮੁਲਾਜ਼ਮ ਸ਼ਰਧਾਲੂ ਦੇ ਘਰ ਪਹੁੰਚ ਕੇ ਉਸ ਤੋਂ ਪੁੱਛਗਿੱਛ ਕਰਦੇ ਹਨ।
ਸ਼ਰਧਾਲੂਆਂ ਨੂੰ ਆਨਲਾਈਨ ਫਾਰਮ ਭਰਨ ਦੀ ਸਹੂਲਤ ਤਾਂ ਦਿੱਤੀ ਗਈ ਹੈ ਪਰ ਪ੍ਰਕਿਰਿਆ ਇੰਨੀ ਗੁੰਝਲਦਾਰ ਬਣਾ ਦਿੱਤੀ ਗਈ ਹੈ ਕਿ ਇਸ ਨੂੰ ਪਾਰ ਕਰਨਾ ਸੌਖਾ ਨਹੀਂ ਹੈ। ਇਸ ਵਿਚ ਸਭ ਤੋਂ ਔਖਾ ਕੰਮ ਤਸਵੀਰ ਤੇ ਪਾਸਪੋਰਟ ਦੇ ਪਹਿਲੇ ਤੇ ਆਖਰੀ ਪੰਨੇ ਦੀਆਂ ਫਾਈਲਾਂ ਬਣਾ ਕੇ ਉਸ ਨੂੰ ਆਨਲਾਈਨ ਕਰਨਾ ਹੈ। ਇਸ ਔਖੀ ਪ੍ਰਕਿਰਿਆ ਵਿਚੋਂ ਹਰ ਸ਼ਰਧਾਲੂ ਨੂੰ ਨਿਕਲਣਾ ਪੈਂਦਾ ਹੈ। ਜ਼ਿਆਦਾਤਰ ਸ਼ਰਧਾਲੂਆਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਹੀ ਨਹੀਂ, ਉਥੇ ਦੂਸਰੇ ਪਾਸੇ ਸ਼ਰਧਾਲੂਆਂ ਦੀ ਪਰੇਸ਼ਾਨੀ ਦਾ ਇੰਟਰਨੈੱਟ ਕੈਫੇ ਵਾਲੇ ਖੂਬ ਫਾਇਦਾ ਉਠਾ ਰਹੇ ਹਨ। ਸ਼ਰਧਾਲੂਆਂ ਦਾ ਆਨਲਾਈਨ ਫਾਰਮ ਭਰਨ ਲਈ ਕੈਫੇ ਚਾਲਕਾਂ ਵਲੋਂ 500 ਰੁਪਏ ਤੱਕ ਵਸੂਲੇ ਜਾ ਰਹੇ ਹਨ। ਤਸਵੀਰ ਦਾ ਸਾਈਜ਼ 50 ਕੇæਬੀæ ਨਿਰਧਾਰਿਤ ਕੀਤਾ ਗਿਆ ਹੈ। ਜੇ ਕਿਸੇ ਸ਼ਰਧਾਲੂ ਦੀ ਤਸਵੀਰ ਦਾ ਸਾਈਜ਼ 50 ਕੇæਬੀæ ਤੋਂ ਵਧ ਗਿਆ ਤਾਂ ਵੀ ਅਪਲਾਈ ਨਹੀਂ ਹੁੰਦਾ। ਇਸੇ ਤਰ੍ਹਾਂ ਪਾਸਪੋਰਟ ਦੀ ਪੀæਡੀæਐਫ਼ ਫਾਈਲ ਦਾ ਸਾਈਜ਼ 500 ਕੇæਬੀæ ਤੋਂ ਘੱਟ ਹੋਣਾ ਚਾਹੀਦਾ ਹੈ। ਜੇ ਇਹ ਸਾਈਜ਼ ਵੀ ਵਧ ਗਿਆ ਤਾਂ ਰਜਿਸਟ੍ਰੇਸ਼ਨ ਨਹੀਂ ਹੁੰਦੀ।
ਸ਼ਰਧਾਲੂ ਇਕ ਪਾਸੇ ਫਾਰਮ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਜਿਨ੍ਹਾਂ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਉਨ੍ਹਾਂ ਲਈ ਦੂਸਰੀ ਸਮੱਸਿਆ ਪੁਲਿਸ ਜਾਂਚ ਦੀ ਖੜ੍ਹੀ ਹੋ ਜਾਂਦੀ ਹੈ। ਸ਼ਰਧਾਲੂਆਂ ਨੂੰ ਪੁਲਿਸ ਕਰਮਚਾਰੀਆਂ ਨੂੰ ਵੀ ‘ਖਰਚੇ ਪਾਣੀ’ ਲਈ 200 ਤੋਂ 500 ਰੁਪਏ ਦੇਣੇ ਪੈ ਰਹੇ ਹਨ। ਇਸ ਤੋਂ ਇਲਾਵਾ ਜਾਅਲੀ ਆਨਲਾਈਨ ਵੈੱਬਸਾਈਟਾਂ ਰਾਹੀਂ ਵੀ ਸ਼ਰਧਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ। ਜ਼ਿਆਦਾਤਰ ਸ਼ਰਧਾਲੂਆਂ ਨੂੰ ਆਨਲਾਈਨ ਰਜਿਸਟਰੇਸ਼ਨ 4 ਤੋਂ 5 ਹਜ਼ਾਰ ਵਿਚ ਪੈ ਰਹੀ ਹੈ ਤੇ ਉਹ ਪਾਕਿਸਤਾਨ ਦੀ 20 ਡਾਲਰ ਫੀਸ ਉਤੇ ਸਵਾਲ ਚੁੱਕਣ ਵਾਲੇ ਭਾਰਤ ਦੇ ਸਿਆਸੀ ਆਗੂਆਂ ਨੂੰ ਕੋਸ ਰਹੇ ਹਨ। ਦਰਅਸਲ, ਭਾਰਤ ਵਾਲੇ ਪਾਸੇ ਸ਼ਰਧਾਲੂਆਂ ਉਤੇ ਕੀਤੀ ਜਾ ਰਹੀ ਸਖਤੀ ਨੂੰ ਜਾਣਬੁਝ ਕੇ ਅੜਿੱਕੇ ਡਾਹੁਣ ਵਜੋਂ ਵੇਖਿਆ ਜਾ ਰਿਹਾ ਹੈ। ਸਵਾਲ ਉਠ ਰਹੇ ਹਨ ਕਿ ਭਾਰਤੀ ਲੋਕ ਦੂਜੇ ਮੁਲਕ ਵਿਚ ਜਾ ਰਹੇ ਹਨ, ਇਸ ਲਈ ਸਖਤੀ ਨਾਲ ਛਾਣਬੀਣ ਦਾ ਹੱਕ ਉਸ ਮੁਲਕ ਦਾ ਬਣਦਾ ਹੈ। ਜੇ ਪਾਕਿਸਤਾਨ ਬਿਨਾ ਪਾਸਪੋਰਟ ਤੋਂ ਕਿਸੇ ਵੀ ਪਛਾਣ ਪੱਤਰ ਰਾਹੀਂ ਇਜਾਜ਼ਤ ਦੇ ਰਿਹਾ ਹੈ ਤਾਂ ਭਾਰਤ ਸਰਕਾਰ ਇਸ ਉਤੇ ਇਤਰਾਜ਼ ਕਿਉਂ ਕਰ ਰਹੀ ਹੈ।
ਸਰਕਾਰ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਕਿ 70 ਫੀਸਦੀ ਪੇਂਡੂ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ। ਸਰਕਾਰ ਪਛਾਣ ਵਜੋਂ ਆਧਾਰ ਕਾਰਡ ਨੂੰ ਸਭ ਤੋਂ ਪੁਖਤਾ ਸਬੂਤ ਮੰਨਦੀ ਹੈ ਤੇ ਭਾਰਤ ਦੇ ਹਰ ਨਾਗਰਿਕ ਕੋਲ ਇਹ ਆਧਾਰ ਕਾਰਡ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਫਿਰ ਪਾਸਪੋਰਟ ਨੂੰ ਹੀ ਕਿਉਂ ਮਾਨਤਾ ਦਿੱਤੀ ਜਾ ਰਹੀ ਹੈ। ਦਰਅਸਲ ਭਾਰਤ ਸਰਕਾਰ ਕਦੇ ਵੀ ਲਾਂਘੇ ਦੇ ਹੱਕ ਵਿਚ ਨਹੀਂ ਰਹੀ ਤੇ ਇਸ ਨੂੰ ਮਜਬੂਰੀ ਵੱਸ ਪਾਕਿਸਤਾਨ ਦੀ ਪਹਿਲਕਦਮੀ ਪਿੱਛੇ ਤੁਰਨਾ ਪਿਆ ਹੈ। ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲਾਂਘੇ ਰਾਹੀਂ ਅਤਿਵਾਦੀ ਆਉਣ ਦੇ ਖਦਸ਼ੇ ਖੜ੍ਹੇ ਕਰਦੇ ਰਹੇ ਹਨ।
_________________________
ਕਰਤਾਰਪੁਰ ਜਾਣ ਲਈ ਇਸ ਤਰ੍ਹਾਂ ਕਰੋ ਅਪਲਾਈ
ਯਾਤਰੀ ਸਿਰਫ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਅਜਿਹਾ ਕਰਨ ਲਈ ਉਹ ਜਾਂ ਤਾਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹਨ ਜਾਂ ਉਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓæਸੀæਆਈæ) ਕਾਰਡ ਹੋਣੇ ਚਾਹੀਦੇ ਹਨ। ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ prakashpurb550.mha.gov.in/kpr ਉਤੇ ਰਜਿਸਟਰ ਕਰਨਾ ਹੋਵੇਗਾ। ਯਾਤਰਾ ਤੋਂ ਚਾਰ ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਦੀ ਸੂਚਨਾ ਮਿਲੇਗੀ। ਯਾਤਰਾ ਬਿਨਾ ਵੀਜ਼ੇ ਤੋਂ ਹੋਵੇਗੀ ਪਰ ਇਸ ਲਈ ਇਸ ਆਨਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਜ਼ਰੂਰੀ ਹੋਵੇਗਾ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ। ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਈ-ਮੇਲ ਆਈæਡੀæ ਜ਼ਰੂਰੀ ਨਹੀਂ ਹੈ। ਹਾਲਾਂਕਿ ਜੇ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈ-ਮੇਲ ਆਈæਡੀæ ਮੁਹੱਈਆ ਕਰੋਗੇ ਤਾਂ ਇਲੈਕਟਰਾਨਿਕ ਟਰੈਵਲ ਆਥੋਰਾਈਜੇਸ਼ਨ (ਈæਟੀæਏæ) ਨੂੰ ਈ-ਮੇਲ ਵਿਚ ਅਟੈਚਮੈਂਟ ਦੇ ਤੌਰ ‘ਤੇ ਹਾਸਲ ਕੀਤਾ ਜਾ ਸਕਦਾ ਹੈ। ਬਦਲ ਦੇ ਤੌਰ ‘ਤੇ ਮੋਬਾਇਲ ਸੰਦੇਸ਼ ਵਿਚ ਦਿੱਤੇ ਲਿੰਕ ਤੋਂ ਈæਟੀæਏæ ਡਾਊਨਲੋਡ ਕੀਤਾ ਜਾ ਸਕਦਾ ਹੈ। ਭਾਰਤ ਵਲੋਂ ਇਹ ਯਾਤਰਾ ਮੁਫਤ ਹੈ ਪਰ ਪਾਕਿਸਤਾਨ ਵਲੋਂ ਪ੍ਰਤੀ ਯਾਤਰੀ 20 ਡਾਲਰ ਦੀ ਫੀਸ ਲਈ ਜਾਵੇਗੀ ਜੋ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਹੋਵੇਗੀ। ਪਾਸਪੋਰਟ ਨੂੰ ਸਿਰਫ ਪਛਾਣ ਪੱਤਰ ਵਜੋਂ ਵਰਤਿਆ ਜਾਵੇਗਾ।