ਖੜੀ ਉਂਗਲੀ, ਪੋਚਵੀਂ ਪੱਗ-ਸੰਤੋਖ ਸਿੰਘ ਧੀਰ

ਸੰਜੀਵਨ ਸਿੰਘ ਮੁਹਾਲੀ
ਫੋਨ: 91-94174-60656
ਖੜੀ ਉਂਗਲੀ, ਪੋਚਵੀਂ ਪੱਗ, ਸਲੀਕੇਦਾਰ ਪਹਿਰਾਵਾ, ਖਾਣ-ਪੀਣ ਦਾ ਸ਼ਊਰ, ਰਫਤਾਰ ਅਤੇ ਗੁਫਤਾਰ ਵਿਚ ਮੜਕ। ਕਲਮ ਵਿਚ ਲੋਕਾਈ ਦਾ ਦਰਦ, ਝੁੱਗੀਆਂ-ਢਾਰਿਆਂ, ਦੱਬੇ-ਕੁਚਲਿਆਂ, ਪੀੜਤਾਂ, ਬੇਵੱਸ, ਲਾਚਾਰਾਂ, ਨਿਆਸਰਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਜੁੱਰਅਤ। ਵਹਿਣਾਂ ਦੇ ਉਲਟ ਚੱਲਣ ਦਾ ਸ਼ੌਕੀਨ। ਬਣੇ-ਬਣਾਏ ਰਾਹਾਂ ‘ਤੇ ਨਹੀਂ, ਸਗੋਂ ਜਿੱਥੇ ਤੁਰਿਆ ਉਥੇ ਰਾਹ ਬਣਾਏ। ਆਪਣੀ ਸੋਚ, ਵਿਚਾਰਧਾਰਾ ‘ਤੇ ਅੜੇ-ਖੜੇ ਰਹਿਣ ਦਾ ਜੇਰਾ।

ਆਪਣੇ ਨਿਵਾਰ ਦੇ ਪਲੰਘ ਦੇ ਪਾਵਿਆਂ ਨੂੰ ਬਾਦਸ਼ਾਹਾਂ, ਰਾਜਿਆਂ-ਮਹਾਰਾਜਿਆਂ ਦੇ ਤਖਤੋ-ਤਾਜ ਤੋਂ ਉਚੇ ਤੇ ਬੁਲੰਦ ਹੋਣ ਦਾ ਅਹਿਸਾਸ। ਵੱਡੇ ਤੋਂ ਵੱਡੇ ਦੁੱਖ-ਤਕਲੀਫ ਅਤੇ ਮੁਸੀਬਤ ਨੂੰ ਖਿੜੇ-ਮੱਥੇ ਪ੍ਰਵਾਨ ਕਰਨ ਦੀ ਜੁਰਅਤ। ਗਰੀਬੀ, ਤੰਗ-ਦਸਤੀ, ਭੁੱਖ-ਨੰਗ ਨੂੰ ਮਾਣਨ ਦੀ ਜਾਚ-ਇਹ ਸੀ ਮੇਰੇ ਤਾਏ, ਮੇਰੇ ਭਾਪਾ ਜੀ ਸੰਤੋਖ ਸਿੰਘ ਧੀਰ ਦੀ ਪਛਾਣ। ਉਨ੍ਹਾਂ ਦੀ ਸ਼ਖਸੀਅਤ। ਉਨ੍ਹਾਂ ਦੀ ਹੋਂਦ।

ਜੇ ਕੋਈ ਪੁੱਤ ਹੋਵੇ ਤਾਂ ਨਵਰੀਤ ਜਿਹਾ, ਜਿਸ ਨੇ ਆਪਣੇ ਭਾਪਾ ਜੀ ਦਾ ਸਰੀਰ ਪੀ. ਜੀ. ਆਈ ਨੂੰ ਇਹ ਕਹਿ ਕੇ ਦਾਨ ਕਰਨ ਦਾ ਫੈਸਲਾ ਕੀਤਾ, “ਮੇਰੇ ਪਿਓ ਨੇ ਆਪਣੀ ਕਲਮ ਸਮਾਜ ਦੇ ਭਲੇ, ਲੋਕਾਈ ਦੀ ਬਿਹਤਰੀ ਲਈ ਵਾਹੀ, ਉਸ ਦਾ ਸਰੀਰ ਸੜ ਕੇ ਸੁਆਹ ਹੋਣ ਨਾਲੋਂ ਤਾਂ ਲੋਕਾਂ ਦੇ ਹੀ ਕੰਮ ਆਉਣਾ ਚਾਹੀਦਾ ਐ। ਮੇਰੇ ਭਾਪਾ ਜੀ ਦੀਆਂ ਲਿਖਤਾਂ ਨੇ ਸਮਾਜ ਅਤੇ ਆਲਾ-ਦੁਆਲਾ ਰੌਸ਼ਨ ਕੀਤਾ। ਉਨ੍ਹਾਂ ਦੇ ਸਰੀਰ ਦੀ ਵਰਤੋਂ ਵੀ ਲੋਕ-ਕਲਿਆਣ ਲਈ ਹੀ ਹੋਣੀ ਚਾਹੀਦੀ ਐ।”
ਜੇ ਕੋਈ ਭਾਈ ਹੋਵੇ ਤਾਂ ਰਿਪੁਦਮਨ ਸਿੰਘ ਰੂਪ ਜਿਹਾ, ਜਿਸ ਨੇ ਛੋਟੇ ਭਾਈ ਹੋਣ ਦਾ ਆਪਣਾ ਫਰਜ਼ ਅੰਤ ਤੱਕ ਨਿਭਾਇਆ। ਆਪਣੇ ਪੁੱਤਰਾਂ, ਪੋਤੇ-ਪੋਤੀਆਂ ਨੂੰ ਆਪਣੇ ਰਾਮ ਵਰਗੇ ਭਾਈ ਦੇ ਪਾਏ ਪੂਰਨਿਆਂ ‘ਤੇ ਤੋਰਿਆ। ਸਾਹਿਤਕ ਹਲਕੇ ਦੋਹਾਂ ਨੂੰ ਰਾਮ-ਲੱਛਮਣ ਦੀ ਜੋੜੀ ਕਹਿੰਦੇ ਹਨ।
ਜੇ ਕੋਈ ਨੂੰਹ ਹੋਵੇ ਤਾਂ ਰਜਨੀ ਭਾਬੀ ਜਿਹੀ। ਆਮ ਤੌਰ ‘ਤੇ ਕਿਹਾ ਜਾਂਦਾ ਹੈ, ਇਹ ਤਾਂ ਧੀਆਂ ਵਰਗੀ ਨੂੰਹ ਐ ਪਰ ਰਜਨੀ ਧੀਆਂ ਤੋਂ ਵੀ ਵਧ ਕੇ ਨੂੰਹ ਸੀ। ਭਾਬੀ ਨੇ ਬੀਬੀ ਅਤੇ ਭਾਪਾ ਜੀ ਦੇ ਆਖਰੀ ਸਮੇਂ ਉਹ ਕੰਮ ਵੀ ਬਿਨਾ ਮੱਥੇ ਵੱਟ ਪਾਏ, ਆਪਣਾ ਫਰਜ਼ ਅਤੇ ਜਿੰਮੇਵਾਰੀ ਸਮਝ ਕੇ ਕੀਤੇ, ਜਿਨ੍ਹਾਂ ਨੂੰ ਕਰਨ ਲੱਗਿਆਂ ਸ਼ਾਇਦ ਧੀਆਂ ਵੀ ਨੱਕ-ਬੁੱਲ ਮਾਰਨ। ਜਦ ਭਾਪਾ ਜੀ ਦੇ ਸਰੀਰ ਨੂੰ ਦਾਨ ਕਰਨ ਬਾਰੇ ਭਾਬੀ ਨਾਲ ਗੱਲ ਕੀਤੀ ਤਾਂ ਉਹ ਕੁਰਲਾ ਉਠੀ। ਵਿਲਕਦੀ ਹੋਈ ਕਹਿਣ ਲੱਗੀ, “ਨਹੀਂ, ਮੈਂ ਆਪਣੇ ਭਾਪਾ ਜੀ ਦਾ ਸਰੀਰ ਨ੍ਹੀਂ ਦਾਨ ਦੂਨ ਕਰਨਾ। ਸਾਰੀ ਉਮਰ ਉਨ੍ਹਾਂ ਕਸ਼ਟ ਸਹੇ, ਮਰ ਕੇ ਵੀ! ਨਹੀਂ, ਨਹੀਂ, ਮੈਂ ਨ੍ਹੀਂ, ਮੈਂ ਤਾਂ ਆਪਣੇ ਭਾਪਾ ਜੀ ਦਾ ਸਸਕਾਰ ਕਰੂੰਗੀ। ਪਤਾ ਨ੍ਹੀਂ ਕੀ ਦੁਰਦਸ਼ਾ ਕਰਨਗੇ ਪੀ. ਜੀ. ਆਈ. ਆਲੇ ਭਾਪਾ ਜੀ ਦੀ…।”
ਮੈਨੂੰ ਆਪਣੀ ਗੱਲ ਪੁੱਗਦੀ ਨਜ਼ਰ ਆਈ, ਕਿਉਂਕਿ ਮੈਂ ਵੀ ਭਾਪਾ ਜੀ ਦਾ ਸਰੀਰ ਦਾਨ ਕਰਨ ਦੇ ਹੱਕ ਵਿਚ ਨਹੀਂ ਸਾਂ। ਮੈਂ ਅੰਦਰਖਾਤੇ ਪੂਰੀ ਟਿੱਲ ਵੀ ਲਾਈ, ਸਭ ਨੂੰ ਆਪਣੇ ਹੱਕ ‘ਚ ਕਰਨ ਦੀ। ਭਾਬੀ ਦੀ ਰਾਏ ਨੇ ਮੈਨੂੰ ਤਸੱਲੀ ਦਿੱਤੀ। ਮੈਂ ਸਾਰੀਆਂ ਭੈਣਾਂ ਨੂੰ ਵੀ ਟੋਹ ਲਿਆ ਸੀ। ਸਭ ਦੀ ਰਾਏ ਭਾਬੀ ਤੇ ਮੇਰੀ ਰਾਏ ਤੋਂ ਉਲਟ ਸੀ, ਪਰ ਪਿਛੋਂ ਮੈਨੂੰ ਸਾਡੀ ਗਲਤੀ ਦਾ ਅਹਿਸਾਸ ਹੋਇਆ। ਜੇ ਸਾਡੀ ਗੱਲ ਮੰਨ ਲਈ ਜਾਂਦੀ ਤਾਂ ਅੱਜ ਭਾਪਾ ਜੀ ਦੀ ਆਭਾ ਨੇ ਹੋਰ ਨਹੀਂ ਸੀ ਲਿਸ਼ਕਣਾ। ਹੋਰ ਨਹੀਂ ਸੀ ਬੁਲੰਦੀ ‘ਤੇ ਪਹੁੰਚਣਾ। ਧੀਰ ਦੇ ਵਾਰਿਸਾਂ ਨੇ ਧੀਰ ਦੇ ਅਸਲੀ ਵਾਰਿਸ ਨਹੀਂ ਸੀ ਹੋਣਾ।

ਭਾਪਾ ਜੀ ਦੀ ਆਖਰੀ ਦਮ ਤੱਕ ਜਵਾਨ ਅਤੇ ਨਿਰੋਗ ਰਹਿਣ ਦੀ ਤੀਬਰ ਇੱਛਾ ਸੀ। ਘਟਨਾ ਬੇਸ਼ਕ ਪੁਰਾਣੀ ਹੈ, ਕੋਈ ਵੀਹ-ਪੱਚੀ ਸਾਲ ਪੁਰਾਣੀ। ਮੈਂ ਤੇ ਭਾਪਾ ਜੀ ਖਰੜ ਕਿਸੇ ਕੰਮ ਗਏ। ਮੁਹਾਲੀ ਆਉਣ ਲਈ ਬੱਸ ਵਿਚ ਬੈਠੇ ਤਾਂ ਭਾਪਾ ਜੀ ਦੀ ਹਮ ਉਮਰ ਇਕ ਔਰਤ ਤਾਕੀ ਕੋਲ ਆ ਕੇ ਕਹਿਣ ਲੱਗੀ, “ਬਾਬਾ ਯੋਹ ਬੱਸ ਕਿੱਥੇ ਜਾਹਾ।”
ਭਾਪਾ ਜੀ ਦੀ ਸ਼ਕਲ ਵੇਖਣ ਵਾਲੀ ਸੀ।
“ਪਤਾ ਨ੍ਹੀਂ ਗੁੱਡੀ ਕਿੱਥੇ ਜਾਹਾ।” ਭਾਪਾ ਜੀ ਨੇ ਕਿਹਾ। ਉਸ ਦੇ ਜਾਣ ਪਿਛੋਂ ਕਹਿਣ ਲੱਗੇ, “ਦੇਖ ਤਾਂ ਸ਼ਰਮ ਨ੍ਹੀਂ ਆਉਂਦੀ ਮੈਨੂੰ ਬਾਬਾ ਕਹਿੰਦੀ ਨੂੰ।”
“ਭਾਪਾ ਜੀ ਹੁਣ ਤੁਸੀਂ ਬੁੜ੍ਹੇ ਹੋ ਗਏ।” ਮੈਂ ਹੱਸਦਿਆਂ ਕਿਹਾ।
“ਚੁੱਪ ਕਰ ਓਏ, ਭੁਕਾਈ ਨਾ ਮਾਰ।” ਇਹ ਕਹਿ ਕੇ ਭਾਪਾ ਜੀ ਦੂਰ ਖੜੀ ਉਸ ਔਰਤ ਨੂੰ ਘੂਰਨ ਲੱਗੇ।

ਭਾਪਾ ਜੀ ਅਤੇ ਬੀਬੀ (ਤਾਈ) ਦੀ ਨੋਕ-ਝੋਕ ਬੜੀ ਅਨੰਦਮਈ, ਸੁਆਦਲੀ ਅਤੇ ਦਿਲਚਸਪ ਹੁੰਦੀ ਸੀ। ਦੁਸਹਿਰੇ ਪਿਛੋਂ ਇਕ ਦਿਨ ਭਾਪਾ ਜੀ ਬੈਠੇ ਰਾਤ ਦੀ ਰੋਟੀ ਖਾ ਰਹੇ ਸਨ। ਮੈਂ ਵੀ ਕੁਦਰਤੀ ਚਲਾ ਗਿਆ।
“ਆ ਬਈ ਬੱਬੂ ਸਿਆਂ, ਆ ਗਿਆ।” ਭਾਪਾ ਜੀ ਨੇ ਰੋਟੀ ਖਾਂਦਿਆਂ ਕਿਹਾ।
“ਹਾਂ ਜੀ ਆ ਗਿਆ।” ਮੈਂ ਬੈਠਦਿਆਂ ਕਿਹਾ।
“ਬੱਬੂ ਦੀਨ, ਬੱਬੂ ਅਲੀ, ਬੱਬੂ ਖਾਨ।” ਭਾਪਾ ਜੀ ਨੇ ਇਕੋ ਸਾਹੇ ਕਿਹਾ। ਜਦ ਵੀ ਮੈਂ ਜਾਣਾ, ਭਾਪਾ ਜੀ ਨੇ ਅਕਸਰ ਕਹਿਣਾ।
“ਹਾਂ ਜੀ।” ਮੈਂ ਕਹਿਣਾ।
“ਰੋਟੀ ਖਾ ਲਾ।”
“ਨਹੀਂ ਭਾਪਾ ਜੀ, ਰੋਟੀ ਨ੍ਹੀਂ ਖਾਣੀ।”
“ਰੋਟੀ ਲਿਆਵਾਂ ਹੋਰ।” ਬੀਬੀ ਨੇ ਕਿਹਾ।
“ਪਹਿਲਾਂ ਇਹ ਤਾਂ ਮੁੱਕ ਲੈਣ ਦੇਹ।”
“ਚੱਲ ਚੰਗਾ।” ਬੀਬੀ ਨੇ ਅਖਬਾਰ ਚੁੱਕ ਕੇ ਫਰੋਲਦੀ ਨੇ ਕਿਹਾ।
“ਦੀਵਾਲੀ ਕਦ ਦੀ ਐ।” ਭਾਪਾ ਜੀ ਨੇ ਬੀਬੀ ਤੋਂ ਪੁੱਛਿਆ।
“ਛੇ, ਸੱਤ, ਅੱਠ, ਨੌਂ, ਦਸ ਤਾਰੀਖ ਦੀ ਐ ਮੇਰੇ ਖਿਆਲ ‘ਚ।” ਬੀਬੀ ਨੇ ਬੇਧਿਆਨੀ ਵਿਚ ਕਿਹਾ।
“ਗਿਆਰਾਂ, ਬਾਰਾਂ, ਤੇਰਾਂ, ਚੌਦਾਂ ਪੰਦਰਾਂ, ਸੋਲਾਂ, ਸਤਾਰਾਂ ਸਾਰਾ ਮਹੀਨਾ ਗਿਣ ਦੇਹ, ਤੇਰੇ ਜੰਮਣ ਬਿਨਾ ਕਿਆ ਥੁੜਿਆ ਤੀ।” ਭਾਪਾ ਜੀ ਨੇ ਰੋਟੀ ਖਾਣੀ ਛੱਡਦਿਆਂ ਕਿਹਾ।
“ਤੇਰੇ ਨਾਲ ਤਾਂ ਗੱਲ ਕਰਨਾ ਵੀ ਬਾਬਾ ਚੁਰਾਸੀਆਂ ਦਾ ਘਾਟਾ ਐ।” ਬੀਬੀ ਨੇ ਅਖਬਾਰ ਰੱਖ ਕੇ ਅੰਦਰ ਜਾਂਦੀ ਨੇ ਕਿਹਾ।
ਇਕ ਦਿਨ ਦੁਪਹਿਰੇ ਰੋਟੀ ਖਾਣ ਵੇਲੇ ਭਾਪਾ ਜੀ ਦੇ ਕਫ ਦਾ ਬਟਨ ਟੁੱਟਣ ਕਾਰਨ ਕਫ ਸਬਜ਼ੀ ਨਾਲ ਲਿਬੜ ਰਿਹਾ ਸੀ, ਤੇ ਕਫ ਕਮੀਜ਼ ਲਿਬੇੜ ਰਿਹਾ ਸੀ।
“ਥੋਡੀ ਬੁਰਸ਼ਟ ਅੱਧੀ ਬਾਹਾਂ ਦੀ ਕਰ ਦੇਣੀ ਐ।” ਕੋਲ ਬੈਠੀ ਬੀਬੀ ਨੇ ਕਿਹਾ।
“ਕਿਉਂ? ਕੀ ਗੱਲ ਹੋ’ਗੀ?” ਭਾਪਾ ਜੀ ਨੇ ਰੋਟੀ ਖਾਂਦਿਆਂ ਕਿਹਾ।
“ਕਫ ਨਾਲ ਕਮੀਜ਼ ਲਿਬੜ ਰਹੀ ਐ।” ਬੀਬੀ ਨੇ ਭੋਲੇ-ਭਾਅ ਕਿਹਾ।
“ਦੁਰ-ਫਿੱਟੇ ਮੂੰਹ ਤੇਰੇ, ਆਏਂ ਨ੍ਹੀਂ ਕਹਿੰਦੀ ਕਫ ਦਾ ਬਟਨ ਲਾ ਦਿੰਨੀ ਆਂ, ਕਹਿੰਦੀ ਕਮੀਜ਼ ਅੱਧੀਆਂ ਬਾਹਾਂ ਦੀ ਕਰ ਦਿੰਨੀ ਆਂ, ਕੱਲ ਨੂੰ ਕਮੀਜ਼ ਦੇ ਕਾਲਰ ਲਾਹ ਦਈਂ, ਪਰਸੋਂ ਨੂੰ ਪੱਲੇ ਵੱਢ ਦੀਂ।”

ਬਲਵੰਤ ਗਾਰਗੀ ਨਾਲ ਨੇੜਤਾ ਤੇ ਮਿੱਤਰਤਾ ਜੱਗ ਜਾਹਰ ਸੀ, ਭਾਪਾ ਜੀ ਦੀ। ਜਿੱਥੇ ਯਾਰੀ ਹੋਵੇ, ਉਥੇ ਸ਼ਿਕਵੇ-ਸ਼ਿਕਾਇਤਾਂ, ਰੋਸੇ-ਗਿਲੇ ਅਕਸਰ ਹੁੰਦੇ ਹੀ ਹਨ। ਪਹਿਲੀ ਗੱਲ ਤਾਂ ਯਾਰ ਲੜਦੇ ਘੱਟ ਹੀ ਹਨ। ਜੇ ਲੜ ਪੈਣ ਤਾਂ ਲੜਦੇ ਵੀ ਸ਼ੌਕਣਾਂ ਵਾਂਗੂੰ ਹਨ। ਗੱਲ ਉਨ੍ਹਾਂ ਦਿਨਾਂ ਦੀ ਹੈ, ਜਦ ਗਾਰਗੀ ਸਾਹਿਬ ਕੁਝ ਸਮੇਂ ਲਈ ਚੰਡੀਗੜ੍ਹ ਰਹਿਣ ਲਈ ਆਏ। ਪੰਜਾਬੀ ਰੰਗਮੰਚ ਨਾਲ ਸਬੰਧਤ ਕਿਸੇ ਸੰਸਥਾ ਦਾ ਸਰਪ੍ਰਸਤ ਬਣਨ ਲਈ ਮੈਨੂੰ ਗਾਰਗੀ ਸਾਹਿਬ ਨੂੰ ਮਿਲਣਾ ਪੈ ਗਿਆ।
“ਭਾਪਾ ਜੀ ਮੈਂ ਗਾਰਗੀ ਨੂੰ ਮਿਲਣ ਜਾਣੈ।” ਮੈਂ ਕਮਰੇ ਵਿਚ ਵੜਦੇ ਸਾਰ ਕਿਹਾ।
“ਜਾਹ ਫੇਰ।” ਉਨ੍ਹਾਂ ਅਖਬਾਰ ਪੜ੍ਹਦਿਆਂ ਬਿਨਾ ਮੇਰੇ ਵੱਲ ਦੇਖਿਆਂ ਕਿਹਾ।
“ਤੁਹਾਡਾ ਨਾਂ ਲੈ ਕੇ ਮਿਲ ਲਵਾਂ, ਮੈਨੂੰ ਤਾਂ ਜਾਣਦੇ ਨਹੀਂ ਨਾ ਗਾਰਗੀ ਸਾਹਿਬ।”
“ਨਾ, ਨਾ ਨਾਂਓ ਨ੍ਹੀਂ ਲੈਣਾ, ਬਿਲਕੁਲ ਨ੍ਹੀਂ। ਸਾਲਾ ਚੰੰਡੀਗੜ੍ਹ ਬੈਠਾ ਹੋਵੇ, ਮਿਲਣ ਤਾਂ ਕੀ ਆਉਣੈ, ਫੋਨ ਵੀ ਨ੍ਹੀਂ।” ਭਾਪਾ ਜੀ ਨੇ ਅਖਬਾਰ ਰੱਖ ਕੇ ਉਂਗਲੀ ਖੜੀ ਕਰਕੇ ਕਿਹਾ।
ਉਨ੍ਹੀਂ ਦਿਨੀਂ ਗਾਰਗੀ ਸਾਹਿਬ ਅਤੇ ਭਾਪਾ ਜੀ ਦੀ ਤੂੰ ਤੜੱਕ ਚੱਲ ਰਹੀ ਸੀ। ਮੈਂ ਗਾਰਗੀ ਸਾਹਿਬ ਦੇ ਘਰ ਗਿਆ। ਪੰਜਾਬੀ ਨਾਟਕ ਨਾਲ ਜੁੜੇ ਹੋਣ ਦਾ ਜ਼ਿਕਰ ਕਰਨ ਪਿਛੋਂ ਆਪਣੀ ਗੱਲ ਕਰਕੇ ਮੈਂ ਗਾਰਗੀ ਸਾਹਿਬ ਤੋਂ ਇਜਾਜ਼ਤ ਲੈਂਦਿਆਂ ਕਿਹਾ, “ਗਾਰਗੀ ਸਾਹਿਬ, ਧੀਰ ਸਾਹਿਬ ਨੂੰ ਜਾਣਦੇ ਓਂ?” ਮੈਂ ਝਿਜਕਦਿਆਂ ਕਿਹਾ।
“ਹਾਂ, ਜਾਣਦਾਂ, ਕੀ ਗੱਲ?”
“ਮੈਂ ਭਤੀਜਾ ਆਂ ਜੀ ਧੀਰ ਸਾਹਿਬ ਦਾ।”
“ਸਕਾ?”
“ਜੀ।”
“ਬੈਠ ਫੇਰ ਯਾਰ, ਫੇਰ ਤਾਂ ਤੂੰ ਮੇਰਾ ਵੀ ਭਤੀਜਾ ਹੋਇਆ। ਕੀ ਹਾਲ ਐ ਓਸ ਕੰਜਰ ਦਾ, ਉਹਨੂੰ ਪਤਾ ਨ੍ਹੀਂ ਗਾਰਗੀ ਚੰਡੀਗੜ੍ਹ ਐ, ਮਿਲਣ ਕਿਉਂ ਨ੍ਹੀਂ ਆਇਆ ਹੁਣ ਤੱਕ। ਉਹਨੂੰ ਕਹੀਂ ਮੈਨੂੰ ਫੋਨ ਕਰੇ।” ਗਾਰਗੀ ਸਾਹਿਬ ਨੇ ਨੌਕਰ ਨੂੰ ਚਾਹ ਬਣਾਉਣ ਲਈ ਕਿਹਾ।
“ਹਾਂ ਬਈ ਜਾ ਆਇਆਂ ਆਪਣੇ ਗਾਰਗੀ ਕੋਲ?”
“ਹਾਂ ਜੀ।” ਮੈਂ ਡਰਦਿਆਂ ਕਿਹਾ।
“ਕੀ ਕਹਿੰਦਾ। ਨਾਂਓ ਲਿਆ ਮੇਰਾ ਕਿ ਨਹੀਂ?” ਭਾਪਾ ਜੀ ਨੇ ਮੰਜੇ ‘ਤੇ ਬੈਠੇ ਚਾਹ ਦੀ ਚੁਸਕੀ ਲੈਂਦਿਆਂ ਕਿਹਾ।
“ਕਹਿੰਦਾ ਧੀਰ ਨੂੰ ਪਤਾ ਨ੍ਹੀਂ ਗਾਰਗੀ ਚੰਡੀਗੜ੍ਹ ਰਹਿ ਰਿਹਾ ਐ। ਉਹਨੂੰ ਕਹੀਂ ਮੈਨੂੰ ਫੋਨ ਕਰੇ।” ਮੈਂ ਡਰਦੇ ਨੇ ਇਕ ਸਤਰੀ ਜਵਾਬ ਦਿੱਤਾ।
“ਮੈਂ ਕਿਉਂ ਕਰਾਂ ਫੋਨ, ਉਹ ਨ੍ਹੀਂ ਕਰ ਸਕਦਾ, ਉਹ ਨਵਾਬ ਐ ਬਾਲ੍ਹਾ। ਅੱਛਾ ਆਏਂ ਦੱਸ ਤੇਰੇ ਕੋਲ ਹੈ ਗਾਰਗੀ ਦਾ ਫੋਨ।” ਮੈਂ ਗਾਰਗੀ ਦਾ ਫੋਨ ਮਿਲਾ ਕੇ ਭਾਪਾ ਜੀ ਨੂੰ ਰਸੀਵਰ ਫੜਾ ਦਿੱਤਾ।
“ਹੈਲੋ ਕੌਣ ਬੋਲਦੈ? ਗਾਰਗੀ ਬੋਲਦੈ! ਓਏ ਕੰਜਰਾਂ, ਗਾਰਗੀਆ, ਤੈਨੂੰ ਸ਼ਰਮ ਤਾਂ ਨ੍ਹੀਂ ਆਉਂਦੀ, ਧੀਰ ਤੇ ਗਾਰਗੀ ਇੱਕੋ ਸ਼ਹਿਰ ‘ਚ ਹੋਣ ਪਰ ਮਿਲਣ ਨਾ, ਊਂ ਗੱਲ ਤਾਂ ਤੇਰੀ ਵੀ ਠੀਕ ਐ। ਤੂੰ ਮੇਰੇ ਸ਼ਹਿਰ ਆਇਐਂ, ਮੈਨੂੰ ਕਰਨਾ ਚਾਹੀਦਾ ਸੀ ਫੋਨ। ਅੱਛਾ ਆਏਂ ਕਰ ਕੱਲ੍ਹ ਨੂੰ ਆ ਜਾਹ, ਸਾਗ ਮੱਕੀ ਦੀ ਰੋਟੀ ਖਾਵਾਂਗੇ, ਧੁੱਪੇ ਬਹਿ ਕੇ, ਨਾਲ ਪੀਵਾਂਗੇ ਲੱਸੀ, ਠੀਕ ਐ ਫੇਰ। ਕੱਲ ਨੂੰ ਮਿਲਦੇ ਆਂ।”
ਦੂਜੇ ਦਿਨ ਜਦ ਮੈਂ ਗਿਆ, ਗਾਰਗੀ ਸਾਹਿਬ ਅਤੇ ਭਾਪਾ ਜੀ ਬਾਹਰ ਵਿਹੜੇ ‘ਚ ਬੈਠੇ ਮੱਕੀ ਦੀ ਰੋਟੀ ਸਾਗ ਨਾਲ ਖਾਂਦੇ ਉਚੀ ਉਚੀ ਠਹਾਕੇ ਮਾਰ ਰਹੇ ਸਨ। ਕੋਲ ਬੀਬੀ (ਤਾਈ ਜੀ) ਬੈਠੀ ਸੀ।
“ਗਾਰਗੀ ਇਹ ਸੰਜੀਵਨ ਐ, ਭਤੀਜਾ ਐ ਮੇਰਾ, ਨਾਟਕ ਲਿਖਦੈ ਇਹ ਵੀ।” ਭਾਪਾ ਜੀ ਨੇ ਮੇਰੀ ਵਾਕਫੀਅਤ ਕਰਾਉਂਦਿਆਂ ਕਿਹਾ।
“ਮੈਂ ਜਾਣਦਾਂ, ਇਹਦੇ ਕਰਕੇ ਈ ਮਿਲੇ ਆਂ ਆਪਾਂ।” ਗਾਰਗੀ ਸਾਹਿਬ ਨੇ ਲੱਸੀ ਦਾ ਗਲਾਸ ਮੂੰਹ ਨੂੰ ਲਾਉਂਦਿਆਂ ਕਿਹਾ।
“ਹੁਣ ਜਦ ਕਿਤੇ ਇਹ ਲਿਖਣ ਦੀ ਲੋੜ ਪਵੇ, ਸਾਡੀ ਮਨ-ਮਨਾਈ ਕਿਵੇਂ ਹੋਈ ਤਾਂ ਆਪਣੇ ਭਤੀਜੇ ਦਾ ਜ਼ਿਕਰ ਕਰਨਾ ਨਾ ਭੁੱਲ ਜਿਓ ਕਿਤੇ।” ਮੈਂ ਕਿਹਾ।
“ਹਾਂ, ਹਾਂ ਕਿਉਂ ਨ੍ਹੀਂ।” ਭਾਪਾ ਜੀ ਅਤੇ ਗਾਰਗੀ ਸਾਹਿਬ ਨੇ ਠਹਾਕਾ ਲਾਇਆ। ਉਸ ਦਿਨ ਇਹ ਠਹਾਕੇ ਦੇਰ ਰਾਤ ਤੱਕ ਗੂੰਜਦੇ ਰਹੇ।

ਇਕ ਦਿਨ ਭਾਪਾ ਜੀ ਕੋਲ ਘਰੇ ਦਿੱਲੀ ਤੋਂ ਉਨ੍ਹਾਂ ਦੇ ਅਜ਼ੀਜ਼ ਮਿੱਤਰ ਗੁਰਬਚਨ ਸਿੰਘ ਭੁੱਲਰ ਤੇ ਮੋਹਨ ਭੰਡਾਰੀ ਅਤੇ ਕੁਝ ਹੋਰ ਸਾਹਿਤਕ ਮਿੱਤਰ ਆਏ ਹੋਏ ਸਨ। ਅਜਿਹੇ ਮੌਕੇ ਭਾਪਾ ਜੀ ਅਕਸਰ ਮੈਨੂੰ ਵੀ ਬੁਲਾ ਲੈਂਦੇ। ਸਾਹਿਤਕ, ਸਮਾਜਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਵਿਚਾਰਾਂ, ਦਲੀਲਾਂ ਅਤੇ ਬਹਿਸ-ਮੁਬਾਹਿਸਿਆਂ ਦਾ ਦੌਰ ਚੱਲ ਰਿਹਾ ਸੀ।
ਭੰਡਾਰੀ ਸਾਹਿਬ ਕਹਿਣ ਲੱਗੇ, “ਹੈਂ ਧੀਰ ਸਾਹਿਬ ਹੁਣ ਗੁਰਦੁਆਰਿਆਂ ‘ਚ ਉਹ ਗੱਲ ਨ੍ਹੀਂ ਰਹੀ।”
“ਕਿਉਂ ਕੀ ਹੋ ਗਿਆ?” ਭਾਪਾ ਜੀ ਨੇ ਕਿਹਾ।
“ਛੋਟੇ ਹੁੰਦੇ ਅਸੀਂ ਪਿੰਡ ਗੁਰਦੁਆਰੇ ਜਾਣਾ, ਜਦ ਭਾਈ ਜੀ ਨੇ ਪ੍ਰਸ਼ਾਦ ਦੇਣਾ ਬੁੱਕ ਭਰ ਜਾਂਦੀ ਸੀ।” ਭੰਡਾਰੀ ਸਾਹਿਬ ਨੇ ਮਾਖਤਾ ਕੀਤਾ, “ਹੁਣ ਊਂਈ ਭੋਰਾ ਜਿਹਾ ਦੇ ਦਿੰਦੇ ਨੇ ਕੜਾਹ।”
ਭਾਪਾ ਜੀ ਨੇ ਕਿਹਾ, “ਕੜਾਹ ਅੱਜ ਵੀ ਉਨਾ ਈ ਦਿੰਦੈ ਗੁਰਦੁਆਰੇ ਆਲਾ ਭਾਈ, ਜਿੰਨਾ ਪਹਿਲਾਂ ਦਿੰਦਾ ਤੀ। ਭੰਡਾਰੀ ਬੀਰ ਪਹਿਲਾਂ ਤੂੰ ਤੀ ਜੁਆਕ, ਤੇਰੀ ਬੁੱਕ ਹੁੰਦੀ ਤੀ ਛੋਟੀ, ਭਰ ਜਾਂਦੀ ਤੀ ਪ੍ਰਸ਼ਾਦ ਨਾਲ, ਹੁਣ ਤੇਰੀ ਬੁੱਕ ਬੜੀ ਹੋ ਗਈ ਭਾਈ ਭੰਡਾਰੀ।” ਕਾਫੀ ਦੇਰ ਇਸ ਮੁੱਦੇ ‘ਤੇ ਠਹਾਕਿਆਂ ਅਤੇ ਚਟਕਾਰਿਆਂ ਨਾਲ ਚਰਚਾ ਹੁੰਦੀ ਰਹੀ।

“ਬਾਵਾ ਜੀ ਬੀਸ ਸਾਲ ਸੇ ਸ਼ਰਾਬ ਪੀ ਰਹੇ ਹੈਂ?” ਪੀ. ਜੀ. ਆਈ. ਦੇ ਗੈਸਟਰੋਲੋਜੀ ਵਿਭਾਗ ਵਿਚ ਦਾਖਲ ਭਾਪਾ ਜੀ ਦਾ ਇਲਾਜ ਕਰ ਰਹੇ ਦੱਖਣੀ ਸੂਬੇ ਦੇ ਡਾਕਟਰ ਨੇ ਮੈਨੂੰ ਅਤੇ ਰੰਜੀਵਨ ਨੂੰ ਸਵਾਲ ਕੀਤਾ। ਰੋਮੀ ਅਤੇ ਰਵੀ (ਧੀਰ ਸਾਹਿਬ ਦੇ ਦੋਹਤੇ) ਕੁਝ ਸਮੇਂ ਲਈ ਘਰ ਅਰਾਮ ਕਰਨ ਚਲੇ ਗਏ ਸਨ। ਉਨ੍ਹਾਂ ਰਾਤ ਰਹਿਣਾ ਸੀ। ਅਸੀਂ ਦੋਵੇਂ ਚੁੱਪ ਰਹੇ। ਡਾਕਟਰ ਭਾਪਾ ਜੀ ਦਾ ਚੈਕਅਪ ਕਰਨ ਲੱਗਾ। ਜਦ ਡਾਕਟਰ ਜਾਣ ਲੱਗਾ, ਉਹਨੇ ਫੇਰ ਉਹੀ ਸਵਾਲ ਕੀਤਾ, “ਬਾਵਾ ਜੀ ਬੀਸ ਸਾਲ ਸੇ ਸ਼ਰਾਬ ਪੀ ਰਹੇ ਹੈਂ?”
ਹੁਣ ਮੈਥੋਂ ਰਹਿ ਨਾ ਹੋਇਆ, ਮੈਂ ਕਿਹਾ, “ਡਾਕਟਰ ਸਾਹਿਬ ਬਾਵਾ ਜੀ ਬੀਸ ਸਾਲ ਸੇ ਨਹੀਂ, ਸਾਠ ਸਾਲ ਸੇ ਸ਼ਰਾਬ ਪੀ ਰਹੇ ਹੈਂ। ਆਪ ਕੋ ਮਾਲੂਮ ਹੈ ਯੇਹ ਬਾਵਾ ਜੀ ਸ਼ਰਾਬ ਕੈਸੇ ਪੀਤੇ ਹੈ? ਏਕ ਪੈਗ ਪੀਤੇ ਹੈਂ, ਹਰ ਰੋਜ਼, ਵੋਹ ਭੀ ਏਕ ਘੰਟੇ ਮੇਂ। ਆਪ ਕੋ ਮਾਲੂਮ ਹੈ ਡਾਕਟਰ ਸਾਹਿਬ, ਯੇਹ ਬਾਵਾ ਜੀ ਕੌਨ ਹੈਂ? ਯੇਹ ਬਾਵਾ ਜੀ ਪੰਜਾਬੀ ਕੇ ਇੰਟਰਨੈਸ਼ਨਲ ਫੇਮ ਕੇ ਰਾਈਟਰ ਹੈਂ, ਇਨਕਾ ਨਾਮ ਹੈ ਸੰਤੋਖ ਸਿੰਘ ਧੀਰ। ਹੋ ਸਕਤਾ ਹੈ ਪੰਜਾਬ ਸਰਕਾਰ ਇਨਕੀ ਬਿਮਾਰੀ ਕਾ ਨੋਟਿਸ ਭੀ ਲੈ।”

ਭਾਪਾ ਜੀ ਨੂੰ ਪੀ. ਜੀ. ਆਈ. ਦਾਖਲ ਕਰਵਾਉਣ ਲਈ ਨਵਰੀਤ ਫਾਈਲ ਬਣਵਾਉਣ ਲਈ ਲਾਈਨ ਵਿਚ ਖੜਾ ਸੀ। ਭਾਪਾ ਜੀ ਸਟਰੈਚਰ ‘ਤੇ ਪਏ ਸਨ, ਮੈਂ ਕੋਲ ਖੜਾ ਸੀ।
“ਭਾਪਾ ਜੀ ਕੀ ਹਾਲ ਐ?” ਮੈਂ ਕਿਹਾ।
“ਠੀਕ ਐ, ਬਸ ਭੁੱਖ ਨ੍ਹੀਂ ਲੱਗਦੀ। ਕੰਬਲ ਦੇ ਦੇਹ, ਠੰਡ ਲੱਗਦੀ ਐ।” ਭਾਪਾ ਜੀ ਨੇ ਕਿਹਾ।
“ਭਾਪਾ ਜੀ ਖਬਰ ਦੇ ‘ਤੀ ਸਾਰੇ ਅਖਬਾਰਾਂ ਨੂੰ।” ਮੈਂ ਕਿਹਾ।
“ਚੱਲੋ ਠੀਕ ਐ, ਜਿਮੇ ਤੇਰੀ ਮਰਜ਼ੀ।” ਭਾਪਾ ਜੀ ਨੇ ਕਿਹਾ।
“ਭਾਪਾ ਜੀ ਸਰਕਾਰੀ ਤੌਰ ‘ਤੇ ਇਲਾਜ ਕਰਵਾਉਣ ਦੀ ਕਰਾਂ ਕੋਸ਼ਿਸ਼, ਕਰਾਂ ਕਿਸੇ ਨਾਲ ਗੱਲ।” ਮੈਂ ਫੇਰ ਕਿਹਾ।
“ਕੀ ਲੋੜ ਐ ਕਿਸੇ ਸਰਕਾਰ ਸਰਕੂਰ ਦੇ ਇਲਾਜ ਦੀ, ਆਪਾਂ ਸਾਰੀ ਉਮਰ ਨ੍ਹੀਂ ਪਰਵਾਹ ਕੀਤੀ ਕਿਸੇ ਸਰਕਾਰ ਦੀ, ਹੁਣ ਕੀ ਲੋੜ ਐ?” ਭਾਪਾ ਜੀ ਨੇ ਪੂਰੇ ਜਲਾਲ ਵਿਚ ਉਂਗਲੀ ਖੜੀ ਕਰਕੇ ਕਿਹਾ।
“ਆਪਾਂ ਕਿਸੇ ਤੋਂ ਖੈਰਾਤ ਨ੍ਹੀਂ ਮੰਗ ਰਹੇ, ਤੁਸੀਂ ਹੱਕਦਾਰ ਓ ਭਾਪਾ ਜੀ, ਜੇ ਸਰਕਾਰ ਧੀਰ ਦੇ ਇਲਾਜ ਦਾ ਇੰਤਜ਼ਾਮ ਨ੍ਹੀਂ ਕਰੂਗੀ ਤਾਂ ਹੋਰ ਕੀਹਦਾ ਕਰੂਗੀ।” ਮੈਂ ਭਾਪਾ ਜੀ ਨੂੰ ਮਨਾਉਣ ਦੇ ਲਹਿਜ਼ੇ ਵਿਚ ਕਿਹਾ, ਪਰ ਭਾਪਾ ਜੀ ਨੇ ਕੋਈ ਹੁੰਗਾਰਾ ਨਾ ਭਰਿਆ।

ਧੀਰ ਦਾ ਭਤੀਜਾ ਹੋਣ ‘ਤੇ ਮੈਂ ਅਭਿਮਾਨ ਵਰਗਾ ਮਾਨ ਮਹਿਸੂਸ ਕਰਦਾਂ। ਭਾਪਾ ਜੀ ਦੇ ਕੁਝ ਸਾਹਿਤਕ ਮਿੱਤਰਾਂ ਦਾ ਮੈਨੂੰ ਸਾਹਿਤਕ ਕਾਕਾ ਕਹਿਣ ‘ਤੇ ਮੇਰਾ ਜਵਾਬ ਹੁੰਦਾ, “ਜਗੀਰਦਾਰਾਂ ਦੇ ਕਾਕਿਆਂ ਨੂੰ ਵਿਰਸੇ ‘ਚੋਂ ਜ਼ਮੀਨ-ਜਾਇਦਾਦ, ਧਨ-ਦੌਲਤ ਮਿਲਦਾ ਐ, ਉਹ ਚਾਹੇ ਲੁਟਾਉਣ, ਚਾਹੇ ਉਜਾੜਨ-ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਮੇਰੀ ਸਾਹਿਤਕ ਕਾਕੇ ਵਜੋਂ ਜਿੰਮੇਵਾਰੀ ਬਹੁਤ ਅਹਿਮ ਹੈ। ਬਿਲਕੁਲ ਤਲਵਾਰ ਦੀ ਧਾਰ ‘ਤੇ ਤੁਰਨ ਵਾਂਗ। ਮੈਂ ਧੀਰ ਦੇ ਸਾਹਿਤਕ ਖਜਾਨੇ ਵਿਚ ਕੋਈ ਵਾਧਾ ਕਰ ਸਕਾਂ ਚਾਹੇ ਨਾ, ਪਰ ਇਸ ਵਿਰਾਸਤੀ ਦੌਲਤ ਨੂੰ ਖੋਰਾ ਲਾਉਣ ਦਾ ਮੈਨੂੰ ਹਰਗਿਜ਼ ਕੋਈ ਅਧਿਕਾਰ ਨਹੀਂ।”

ਪੀ. ਜੀ. ਆਈ. ਵੱਲੋਂ ਭਾਪਾ ਜੀ ਦਾ ਸਰੀਰ ਪ੍ਰਾਪਤ ਕਰਨ ਪਿਛੋਂ ਤੋਹਫੇ ਵਜੋਂ ਦਿੱਤੇ ਬੂਟੇ ਨੂੰ ਉਨ੍ਹਾਂ ਦੀ ਤੀਜੀ ਤੇ ਚੌਥੀ ਪੀੜ੍ਹੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਲਾਉਣ ਮੌਕੇ ਮੇਰੇ ਮਨ ਵਿਚ ਖਿਆਲ ਆ ਰਿਹਾ ਸੀ ਕਿ ਲੋਕ ਆਪਣੀਆਂ ਦੋ-ਦੋ, ਤਿੰਨ-ਤਿੰਨ ਪੁਸ਼ਤਾਂ ਲਈ ਧਨ ਦੌਲਤ, ਜ਼ਮੀਨ ਜਇਦਾਦ ਛੱਡ ਕੇ ਜਾਂਦੇ ਹਨ, ਪਰ ਸੰਤੋਖ ਸਿੰਘ ਧੀਰ ਆਪਣੇ ਪਿੱਛੇ ਐਨਾ ਨਾਮਣਾ, ਸ਼ੋਹਰਤ ਅਤੇ ਜੱਸ ਖੱਟ-ਕਮਾ ਕੇ ਛੱਡ ਗਿਆ। ਆਉਣ ਵਾਲੀਆਂ ਸੱਤ ਪੁਸ਼ਤਾਂ ਬਿਨਾ ਕੋਈ ਤਰੱਦਦ ਕੀਤੇ, ਇਸ ਦਾ ਨਿੱਘ ਮਾਣ ਸਕਦੀਆਂ ਹਨ, ਖੱਟੀ ਖਾ ਸਕਦੀਆ ਹਨ। ਬਸ਼ਰਤੇ ਕੋਈ ਬਦਨਾਮੀ ਨਾ ਖੱਟਣ।