ਤੁਰਦੇ ਪੈਰਾਂ ‘ਤੇ ਖੜਾ ਆਦਮੀ

ਸੰਤੋਖ ਮਿਨਹਾਸ
ਫੋਨ: 559-283-6376
ਤੋਰ ਮਨੁੱਖ ਦੀ ਜੀਵਨ-ਧਾਰਾ ਹੈ। ਤੋਰ ਹੀ ਮਨੁੱਖ ਦੇ ਆਸ਼ੇ ਦੀ ਪੂਰਤੀ ਹੈ। ਕਦਮਾਂ ਦੀ ਆਹਟ ਉਡੀਕ ਦੀ ਅਰਜੋਈ ਹੈ। ਰਾਹ ਦੀ ਮੁਹੱਬਤ ਤੋਰ ਨੂੰ ਹਾਕ ਮਾਰਦੀ ਹੈ। ਰਾਹਾਂ ਨਾਲ ਤੋਰ ਦੀ ਮੁਹੱਬਤ ਨਵੇਂ ਦਿਸਹੱਦਿਆਂ ਦੇ ਜਲੌ ਦੀ ਥਹੁ ਪਾਉਂਦੀ ਹੈ। ਮੰਜ਼ਿਲ ਤੋਰ ਦੀ ਉਡੀਕ ਹੀ ਨਹੀਂ, ਸਗੋਂ ਟੀਚੇ ‘ਤੇ ਪਹੁੰਚਣ ਦੀ ਚੇਟਕ ਵੀ ਹੈ। ਰਾਹੀ ਪੰਧ ਦੇ ਸਿਰਜਕ ਬਣਦੇ ਹਨ। ਪੜਾਅ ਤੋਰ ਦੀ ਠਹਿਰ ਹੁੰਦੇ ਹਨ, ਸਫਰ ਦਾ ਮੁਕਾਮ ਨਹੀਂ। ਮਨੁੱਖ ਤੁਰਦਾ ਹੈ ਤਾਂ ਹੀ ਪਗਡੰਡੀਆਂ ਬਣਦੀਆਂ ਹਨ। ਡੰਡੀਆਂ ਦੀਆਂ ਪੈੜਾਂ ਰਾਹ ਦਾ ਸੁਨੇਹਾ ਹੁੰਦੀਆਂ ਹਨ। ਸੌਖੇ ਰਾਹਾਂ ਦੇ ਪਾਂਧੀ ਤੁਰ ਗਿਆਂ ਦੇ ਪੈੜ ਚਿੰਨ ਹੀ ਨਾਪਦੇ ਹਨ। ਉਨ੍ਹਾਂ ਦੀਆਂ ਪੈੜਾਂ ਦੇ ਨਿਸ਼ਾਨ ਰਾਹ-ਦਸੇਰਾ ਨਹੀਂ ਬਣਦੇ, ਸਗੋਂ ਇੱਕ ਤੋਰ ਦਾ ਦੂਜੀ ਤੋਰ ਨਾਲ ਰਲੇਵਾਂ ਹੀ ਹੁੰਦਾ ਹੈ। ਨਿਵੇਕਲੀ ਤੋਰ ਬਰਕਤੀ ਬਖਸ਼ਿਸ਼ ਵੀ ਹੈ ਤੇ ਹੁਨਰ ਵੀ। ਕਰਤੱਵੀ ਮਨੁੱਖ ਆਪਣੀ ਤੋਰ ਦੇ ਆਪ ਹਾਣੀ ਬਣਦੇ ਹਨ। ਜਾਗਦੇ ਮਨੁੱਖਾਂ ਦੇ ਪਾਏ ਰਾਹ ਅਲੌਕਿਕ ਹੁੰਦੇ ਹਨ।

ਲੋਕ ਵਿਕੋਲਿਤਰੇ ਰਾਹ ਵੇਖ ਅਚੰਭਿਤ ਵੀ ਹੁੰਦੇ ਹਨ ਤੇ ਭੈਭੀਤ ਵੀ। ਇਹ ਰਾਹ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਹੁੰਦੇ ਹਨ, ਲੋਕ ਇਨ੍ਹਾਂ ਰਾਹਾਂ ‘ਤੇ ਤੁਰਨ ਤੋਂ ਤ੍ਰਹਿੰਦੇ ਵੀ ਹਨ ਤੇ ਡਰਦੇ ਵੀ। ਇਸ ਲਈ ਨਵਂੇ ਰਾਹਾਂ ‘ਤੇ ਸੁੰਨ ਪਸਰੀ ਰਹਿੰਦੀ ਹੈ। ਹਨੇਰੇ ਰਾਹਾਂ ‘ਤੇ ਚਾਨਣ ਬੀਜਣ ਵਾਲੇ ਸਾਡੀ ਸੁਪਨਮਈ ਦੁਨੀਆਂ ਦੇ ਨਾਇਕ ਹੁੰਦੇ ਹਨ। ਸਾਨੂੰ ਜੋ ਪਰੋਸਿਆ ਮਿਲਦਾ ਹੈ, ਉਸੇ ਨੂੰ ਹੀ ਅਸੀਂ ਸੱਚ ਸਮਝ ਹੱਸ ਕੇ ਝੋਲੀ ਪਾ ਲੈਂਦੇ ਹਾਂ, ਇਸੇ ਨੂੰ ਹੀ ਆਪਣੀ ਪ੍ਰਾਪਤੀ ਸਮਝ ਡੀਂਗਾਂ ਮਾਰਦੇ ਹਾਂ। ਨਵਾਂ ਖੋਜਣ ਜਾਂ ਨਵਾਂ ਭਾਲਣ ਦੀ ਬਿਰਤੀ ਅਸੀਂ ਗਵਾ ਲਈ ਹੈ।
ਮੈਂ ਸੁਰਜੀਤ ਪਾਤਰ ਦੀ ਨਜ਼ਮ ਪੜ੍ਹ ਰਿਹਾ ਸੀ ‘ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾਂ ਤਾਂ ਰਾਹ ਬਣਦੇ।’ ਇਹ ਸਤਰਾਂ ਪੜ੍ਹਨ-ਸੁਣਨ ਨੂੰ ਤਾਂ ਚੰਗੀਆਂ ਲੱਗਦੀਆਂ ਹਨ, ਪਰ ਜਦੋਂ ਇਹ ਸਤਰਾਂ ਵਿਚਾਰ ਦੀ ਸਾਣ ‘ਤੇ ਚੜ੍ਹਦੀਆਂ ਹਨ, ਉਦੋਂ ਪਤਾ ਲੱਗਦਾ ਹੈ ਕਿ ਇਹ ਗੱਲਾਂ ਸਿਰਫ ਲਿਖਣ ਨੂੰ ਚੰਗੀਆਂ ਹੀ ਹਨ। ਅਸੀਂ ਸਾਰੇ ਉਨ੍ਹਾਂ ਰਾਹਾਂ ‘ਤੇ ਹੀ ਤੁਰੇ ਜਾ ਰਹੇ ਹਾਂ, ਜੋ ਸਾਥੋਂ ਪਹਿਲਾਂ ਵਾਲਿਆਂ ਨੇ ਪਾਏ ਸਨ। ਜੇ ਅਸੀਂ ਸੁਰਜੀਤ ਪਾਤਰ ਦੀ ਹੀ ਗੱਲ ਲੈ ਲਈਏ ਕਿ ਕੀ ਉਸ ਨੇ ਕੁਝ ਨਵਾਂ ਸਿਰਜਿਆ ਹੈ, ਜੋ ਉਸ ਤੋਂ ਪਹਿਲੇ ਕਵੀਆਂ ਨੇ ਨਹੀਂ ਸੀ ਲਿਖਿਆ? ਕੀ ਪਾਤਰ ਨੇ ਕੋਈ ਨਵੀਂ ਵਿਧਾ ਜਾਂ ਕੋਈ ਵਿਚਾਰ ਦਿੱਤਾ ਹੋਵੇ, ਜਿਸ ਨਾਲ ਪੰਜਾਬੀ ਕਾਵਿ ਜਗਤ ਵਿਚ ਖਲਬਲੀ ਮੱਚ ਗਈ ਹੋਵੇ ਜਾਂ ਜਿਸ ਵਿਚਾਰ ਨੇ ਪੰਜਾਬੀ ਕਾਵਿ ਜਗਤ ਨੂੰ ਨਵਾਂ ਮੋੜ ਦਿੱਤਾ ਹੋਵੇ ਜਾਂ ਨਵੇਂ ਲੇਖਕਾਂ ਜਾਂ ਸਮਕਾਲੀ ਲੇਖਕਾਂ ਨੇ ਉਸ ਤੋਂ ਪ੍ਰੇਰਿਤ ਹੋ ਕੇ ਕੁਝ ਨਵਾਂ ਸਿਰਜਿਆ ਹੋਵੇ?
ਅਸੀਂ ਉਹੀ ਪੜ੍ਹ-ਲਿਖ ਰਹੇ ਹਾਂ, ਜੋ ਸਾਥੋਂ ਪਹਿਲਾਂ ਲਿਖੇ ਗਏ ਸਨ। ਇਹ ਸਬਦਾਂ ਦਾ ਦੁਹਰਾਉ ਹੀ ਸਾਡਾ ਕਸਬ ਹੈ। ਹਰ ਸਾਲ ਹਜ਼ਾਰਾਂ ਕਿਤਾਬਾਂ ਛਪਦੀਆਂ ਹਨ। ਵਿਸ਼ੇ, ਨਾਂ ਜਾਂ ਵਿਧਾ ਪੱਖੋਂ ਉਹ ਸਾਨੂੰ ਵੱਖਰੀਆਂ ਜਾਪਦੀਆਂ ਹਨ। ਸਿਰਫ ਸਿਰਲੇਖ ਹੀ ਵੱਖਰੇ ਹਨ, ਕਿਤਾਬਾਂ ਵਿਚ ਦੁਹਰਾਉ ਹੀ ਹੈ, ਜੋ ਅਸੀਂ ਪਹਿਲਾਂ ਕਿਸੇ ਨਾ ਕਿਸੇ ਰੂਪ ਵਿਚ ਪੜ੍ਹਿਆ ਹੁੰਦਾ ਹੈ। ਇਕੱਲਾ ਸਾਹਿਤ ਦੇ ਖੇਤਰ ਵਿਚ ਹੀ ਨਹੀਂ, ਸਗੋਂ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਵਿਚ ਇਹੀ ਵਰਤਾਰਾ ਹੈ। ਜ਼ਿੰਦਗੀ ਵਿਚ ਵੰਨ-ਸੁਵੰਨਤਾ ਦੇ ਬਾਵਜੂਦ ਸਾਨੂੰ ਸਭ ਕੁਝ ਉਹੀ ਸੁਣਨ, ਵੇਖਣ ਜਾਂ ਕਹਿਣ ਨੂੰ ਮਿਲ ਰਿਹਾ ਹੈ, ਜੋ ਅਸੀਂ ਆਪਣੇ ਤੋਂ ਪਹਿਲੇ ਆਪਣੇ ਵਡ-ਵਡੇਰਿਆਂ ਤੋਂ ਆਪਣੀ ਝੋਲੀ ਪਾਇਆ ਹੈ।
ਸਾਡੀ ਅੱਖ ਵੇਖਦੀ ਹੈ ਕਿ ਭੀੜਾਂ ਭੱਜ ਰਹੀਆਂ ਹਨ। ਮਨੁੱਖ ਦੇ ਕਦਮਾਂ ਵਿਚ ਕਾਹਲ ਹੈ, ਉਹ ਬੇਚੈਨ ਇੰਨਾ ਕਿ ਉਸ ਦੇ ਪੈਰ ਧਰਤੀ ‘ਤੇ ਨਹੀਂ ਲੱਗ ਰਹੇ, ਭੱਜ ਭੱਜ ਹੰਭਿਆ ਪਿਆ ਹੈ। ਉਹ ਜਾ ਕਿੱਥੇ ਰਿਹਾ ਹੈ? ਜਿੱਥੇ ਕੱਲ ਗਿਆ ਸੀ ਜਾਂ ਜਿੱਥੇ ਉਹ ਹਰ ਰੋਜ਼ ਜਾਂਦਾ ਹੈ; ਪਰ ਬੋਲ-ਚਾਲ, ਕੰਮ ਕਾਰ ਤੇ ਵਿਹਾਰ ਵਿਚ ਠਹਿਰਾਉ ਨਹੀਂ ਹੈ। ਉਸ ਕੋਲ ਰੋਟੀ ਖਾਣ ਲਈ ਵੀ ਸਮਾਂ ਨਹੀਂ ਹੈ। ਇਹ ਸਭ ਕੁਝ ਸਰੀਰਕ ਹਰਕਤਾਂ ਹਨ, ਜਿਸ ਤੋਂ ਸਾਨੂੰ ਲੱਗਦਾ ਹੈ ਕਿ ਮਨੁੱਖ ਕੁਝ ਨਵਾਂ ਕਰ ਰਿਹਾ ਹੈ। ਤੋਰ ਵਿਚ ਕਾਹਲ ਸਾਨੂੰ ਨਵਾਂ ਕਰਨ ਦੀ ਕਨਸੋਅ ਜਾਪਦੀ ਹੈ। ਇਹ ਸੱਚ ਹੈ, ਉਹ ਤੁਰ ਰਿਹਾ ਹੈ, ਪਰ ਦਿਮਾਗੀ ਤੌਰ ‘ਤੇ ਉਹ ਉਥੇ ਹੀ ਖੜਾ ਹੈ, ਜਿਥੇ ਉਹ ਪਹਿਲਾਂ ਖੜਾ ਸੀ ਜਾਂ ਜਿੱਥੋਂ ਸਾਡੇ ਵਡੇਰੇ ਤੁਰੇ ਸਨ-ਉਹ ਭਾਵੇਂ ਧਾਰਮਿਕ ਖੇਤਰ ਹੋਵੇ, ਸਭਿਆਚਾਰਕ ਜਾਂ ਰਾਜਨੀਤਕ ਖੇਤਰ ਹੋਵੇ, ਹਰ ਖੇਤਰ ਵਿਚ ਉਸ ਕੋਲ ਉਹੀ ਸੋਚ ਪ੍ਰਣਾਲੀ ਹੈ, ਜੋ ਪਹਿਲੇ ਸਾਡੀ ਝੋਲੀ ਪਾ ਗਏ ਸਨ।
ਅਸੀਂ ਵਿਗਿਆਨ ਦੀ ਤਰੱਕੀ ਦੇ ਸੁੱਖ ਤਾਂ ਮਾਣ ਰਹੇ ਹਾਂ, ਪਰ ਵਿਗਿਆਨਕ ਸੋਚ ਅਪਨਾਉਣ ਤੋਂ ਇਨਕਾਰੀ ਹਾਂ। ਅਸੀਂ ਅਜੇ ਵੀ ਸਭ ਸੁੱਖ ਸਹੂਲਤਾਂ ਲਈ ਬਾਬੇ ਦੀ ਕ੍ਰਿਪਾ ਹੀ ਸਮਝਦੇ ਹਾਂ। ਤਰਕ ਵਿਵੇਕ ਤੋਂ ਮੂੰਹ ਵੱਟੀ ਬੈਠੇ ਅਸੀਂ ਅੱਜ ਵੀ ਵਹਿਮ ਭਰਮ, ਜਾਦੂ ਟੂਣੇ, ਸਾਧਾਂ ਸੰਤਾਂ ਦੀ ਭਰਮ ਸ਼ਕਤੀ ਦਾ ਸ਼ਿਕਾਰ ਹਾਂ। ਇਸ ਦੀ ਮਿਸਾਲ ਅਖਬਾਰਾਂ ਵਿਚ ਤਾਂਤਰਿਕ ਸਾਧਾਂ, ਜੋਤਿਸ਼ ਤੇ ਹੋਰ ਕਾਲੇ ਇਲਮ ਦੇ ਨਾਂ ‘ਤੇ ਛਪ ਰਹੇ ਇਸ਼ਤਿਹਾਰਾਂ ਦੀ ਭਰਮਾਰ ਹੈ। ਆਪਣੀ ਕਿਰਤ ਕਮਾਈ ਕਸ਼ਟ ਨਿਵਾਰਣ ਦੇ ਨਾਂ ‘ਤੇ ਇਨ੍ਹਾਂ ਦੀਆਂ ਜੇਬਾਂ ਭਰਨ ‘ਤੇ ਲੁਟਾ ਰਹੇ ਹਾਂ। ਅਸੀਂ ਅੱਜ ਵੀ ਉਹੀ ਕਥਾ ਵਿਖਿਆਨ ਸੁਣ ਝੂੰਮਣ ਲੱਗ ਪੈਂਦੇ ਹਾਂ, ਜਿਸ ਨੂੰ ਸੁਣ ਸਾਡੇ ਪਿਉ-ਦਾਦੇ ਸਿਰ ਮਾਰਦੇ ਸਨ।
ਇਹ ਮੰਡੀ ਦਾ ਯੁੱਗ ਹੈ। ਬਾਜ਼ਾਰ ਭਰਿਆ ਪਿਆ ਹੈ ਨਵੀਆਂ ਨਵੀਆਂ ਪ੍ਰਾਪਤੀਆਂ ਨਾਲ। ਸਾਨੂੰ ਹਰ ਚੀਜ਼ ਨਵੀਂ ਵੇਖਣ ਨੂੰ ਮਿਲ ਰਹੀ ਹੈ। ਸਾਨੂੰ ਇੰਜ ਲੱਗਦਾ ਹੈ, ਜਿਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਬਾਜ਼ਾਰ ਮਨੁੱਖ ਦੀ ਜੇਬ ਵੇਖਦਾ ਹੈ, ਉਸ ਦਾ ਪਹਿਲਾ ਕੰਮ ਹੁੰਦਾ ਹੈ ਮਨੁੱਖ ਦੀ ਜੇਬ ਵਿਚੋਂ ਕਿਵੇਂ ਪੈਸਾ ਬਾਹਰ ਕੱਢਿਆ ਜਾਵੇ ਅਤੇ ਉਹ ਬਾਜ਼ਾਰ ਦੀ ਚਕਾਚੌਂਧ ਵਿਚ ਗਵਾਚਿਆ ਰਹੇ। ਉਸ ਨੂੰ ਆਪਣੇ ਬਾਰੇ ਸੋਚਣ ਦਾ ਮੌਕਾ ਹੀ ਨਾ ਮਿਲੇ। ਬਾਜ਼ਾਰ ਇਸ ਤਰ੍ਹਾਂ ਦੇ ਤੌਰ ਤਰੀਕੇ ਈਜਾਦ ਕਰਦਾ ਹੈ ਕਿ ਮਨੁੱਖ ਨੂੰ ਮੰਡੀ ਵਿਚ ਆਈ ਹਰ ਚੀਜ਼ ਆਪਣੀ ਲੋੜ ਜਾਪੇ। ਇਸ ਮਸਨੂਈ ਲੋੜ ਨੇ ਬੰਦੇ ਦੇ ਘਰ ਸਾਮਾਨ ਨਾਲ ਤੁੰਨ ਦਿੱਤੇ ਹਨ। ਇਹ ਸਾਰੀ ਹਿਲ-ਜੁਲ ਜਾਂ ਇਹ ਮਨੁੱਖ ਦੀ ਸਰੀਰਕ ਹਰਕਤ ਸਾਨੂੰ ਮਨੁੱਖ ਦੀ ਤੋਰ ਮਹਿਸੂਸ ਹੁੰਦੀ ਹੈ, ਪਰ ਇਸ ਤੋਰ ਉਪਰ ਇੱਕ ਸੁੰਨ ਦਿਮਾਗ ਹੈ, ਜਿਸ ਨੂੰ ਜਗਾਉਣ ਲਈ ਉਸ ਕੋਲ ਸਮਾਂ ਨਹੀਂ ਹੈ। ਇਸ ਬਾਹਰੀ ਲਿਸ਼ਕਦੀ ਦਿੱਖ ਨੇ ਮਨੁੱਖ ਦੇ ਹੱਥਾਂ-ਪੈਰਾਂ ਨੂੰ ਤਾਂ ਕੰਮ ਦਿੱਤਾ, ਪਰ ਸੋਚ ਨੂੰ ਖੁੰਢੀ ਕਰ ਦਿੱਤਾ ਹੈ।
ਮਨੁੱਖ ਚੀਜ਼ਾਂ ਇੱਕਠੀਆਂ ਕਰਨ ਨੂੰ ਹੀ ਆਪਣੀ ਪ੍ਰਾਪਤੀ ਸਮਝ ਰਿਹਾ ਹੈ। ਜੋ ਗਵਾ ਰਿਹਾ ਹੈ, ਉਸ ਦਾ ਉਸ ਨੂੰ ਇਲਮ ਨਹੀਂ ਹੈ। ਇਸ ਬਾਜ਼ਾਰੀ ਨੁਮਾਇਸ਼ ਨੂੰ ਵੇਖ ਉਹ ਹਾਬੜ ਗਿਆ ਹੈ। ਹਰ ਚੀਜ਼ ਹਾਸਲ ਕਰਨ ਦੀ ਭੁੱਖ ਨੇ ਮਨੁੱਖੀ ਰਿਸ਼ਤਿਆਂ ਦੇ ਸੁੱਚਮ ਨੂੰ ਤਿਲਾਂਜਲੀ ਦੇ ਦਿੱਤੀ ਹੈ। ਮਨੁੱਖ ਦੀ ਇਹ ਹਰਕਤ ਕੋਈ ਨਵੀਂ ਦਿਸ਼ਾ ਵੱਲ ਨਹੀਂ ਜਾ ਰਹੀ, ਸਗੋਂ ਉਸ ਨੂੰ ਪਸੂ ਪ੍ਰਵਿਰਤੀ ਵੱਲ ਧੱਕ ਰਹੀ ਹੈ, ਜਿਸ ਦਾ ਉਹ ਪਹਿਲਾਂ ਮਾਲਕ ਸੀ। ਉਸ ਦੇ ਕਿਰਦਾਰ ਵਿਚ ਨਿਜੀ ਭੁੱਖ ਦੀ ਪ੍ਰਬਲ ਇੱਛਾ ਉਸੇ ਪ੍ਰਚੰਡ ਰੂਪ ਵਿਚ ਖੜੀ ਹੈ, ਜਿਸ ਤਰ੍ਹਾਂ ਪਹਿਲੇ ਸਮਿਆਂ ਵਿਚ ਹੋਇਆ ਕਰਦੀ ਸੀ। ਸਿਰਫ ਚਿਹਰਿਆਂ ‘ਤੇ ਮੁਖੌਟੇ ਹੀ ਨਵੇਂ ਹਨ।
ਇਹ ਆਮ ਹੀ ਸੁਣਨ ਜਾਂ ਪੜ੍ਹਨ ਨੂੰ ਮਿਲਦਾ ਹੈ, ਜਦੋਂ ਲੋਕ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਹਨ ਕਿ ਪਹਿਲਾਂ ਸਾਂਝੇ ਪਰਿਵਾਰਾਂ ਵਿਚ ਬਹੁਤ ਪਿਆਰ ਤੇ ਇਤਫਾਕ ਹੁੰਦਾ ਸੀ, ਸਾਰੇ ਇੱਕ ਦੂਜੇ ਦੀ ਬਹੁਤ ਇੱਜਤ ਕਰਦੇ ਸਨ। ਲੋਕ ਬੜੇ ਸੁਖੀ ਰਹਿੰਦੇ ਸਨ, ਕੋਈ ਮੋਹ-ਮਾਇਆ ਦਾ ਲਾਲਚ ਨਹੀਂ ਸੀ। ਘਰ ਕੱਚੇ ਸਨ, ਪਰ ਰਿਸ਼ਤੇ ਪੱਕੇ ਸਨ, ਆਦਿ। ਇਹ ਸਭ ਕਹਿਣ ਦੀਆਂ ਗੱਲਾਂ ਹਨ ਜਾਂ ਇਤਿਹਾਸਕ ਅਗਿਆਨ। ਜੇ ਅਸੀਂ ਇਤਿਹਾਸਕ ਪਰਿਪੇਖ ਵਿਚ ਹੀ ਵਾਚੀਏ ਤਾਂ ਉਸ ਵੇਲੇ ਵੀ ਮਨੁੱਖ ਵਿਚ ਮੋਹ ਮਾਇਆ ਦਾ ਲਾਲਚ ਤੇ ਆਪਸੀ ਈਰਖਾ ਉਨੀ ਹੀ ਸੀ, ਜਿੰਨੀ ਅੱਜ ਹੈ; ਪਰ ਅੱਜ ਘਟਨਾਵਾਂ ਤੇ ਪ੍ਰਸਥਿਤੀਆਂ ਬਦਲ ਗਈਆਂ ਹਨ। ਮਿਸਾਲ ਵਜੋਂ ਅਸੀਂ ਆਪਣੇ ਗੁਰੂ ਪਰਿਵਾਰਾਂ ਦੀ ਹੀ ਗੱਲ ਕਰ ਲਈਏ। ਕੀ ਉਸ ਵੇਲੇ ਪੈਸਾ, ਜਾਇਦਾਦ ਜਾਂ ਭਰਾਵਾਂ ਵਿਚ ਦਵੈਖ ਨਹੀਂ ਸੀ? ਕੀ ਉਸ ਵੇਲੇ ਪਰਿਵਾਰਕ ਉਲਝਣਾਂ ਨਹੀਂ ਸਨ, ਜੋ ਅੱਜ ਹਨ?
ਸੋ ਅਸੀਂ ਉਹੀ ਸਭ ਕੁਝ ਦੁਹਰਾ ਰਹੇ ਹਾਂ, ਜੋ ਪਹਿਲਾਂ ਸੀ। ਸਾਡੇ ਕੋਲ ਕੁਝ ਵੀ ਨਵਾਂ ਨਹੀਂ ਹੈ। ਜ਼ਿੰਦਗੀ ਵਿਚ ਵੱਖਰੇ ਹੋਣ ਦਾ ਜ਼ੋਖਮ ਵਡੇਰਾ ਹੈ, ਇਹ ਆਮ ਲੋਕਾਂ ਦੇ ਮੇਚ ਨਹੀਂ। ਸਾਡੇ ਲਈ ਸੌਖ ਦਾ ਅਨੰਦ ਹੀ ਸਭ ਤੋਂ ਵੱਡੀ ਮੁਰਾਦ ਹੈ। ਫਰਹਾਦ ਕੋਲ ਸਿਰਫ ਇੱਕ ਔਜ਼ਾਰ ਸੀ। ਸਾਹਮਣੇ ਉਚਾ ਪਹਾੜ, ਪਰ ਅੰਦਰ ਕੁਝ ਹਾਸਲ ਕਰਨ ਦੀ ਅੱਗ ਸੀ। ਪੈਰ ਤੁਰਦੇ ਹਨ, ਹੱਥਾਂ ਵਿਚ ਹਰਕਤ ਹੈ। ਸੋਚ ਵਿਚ ਕੁਝ ਪਾਉਣ ਦੀ ਚਿਣਗ ਹੈ। ਰਾਹ ਆਪ ਪੈਰਾਂ ਨੂੰ ਉਡੀਕਦੇ ਹਨ। ਮੰਜ਼ਿਲ ਆਪ ਸਿਰਨਾਵਾਂ ਬਣਦੀ ਹੈ। ਹੁਣ ਸਾਹਮਣੇ ਪਹਾੜ ਨਹੀਂ, ਨਿਸ਼ਾਨਾ ਹੈ। ਫਰਹਾਦ ਹੁਣ ਫਰਹਾਦ ਨਹੀਂ ਰਿਹਾ, ਸਗੋਂ ਚੱਟਾਨਾਂ ਨਾਲ ਮੱਥਾ ਲਾਉਣ ਵਾਲਾ ਪਾਂਧੀ ਬਣ ਗਿਆ। ਹੁਣ ਉਹ ਪ੍ਰੇਮੀ ਹੀ ਨਹੀਂ ਰਿਹਾ, ਸਗੋਂ ਬਿਖੜੇ ਰਾਹਾਂ ‘ਤੇ ਤੁਰਨ ਦਾ ਪਾਂਧੀ ਬਣ ਪ੍ਰੇਰਨਾ ਸਰੋਤ ਹੋ ਨਿਬੜਿਆ।
ਕਦੇ ਕਦੇ ਕੋਈ ਬਾਬਾ ਨਾਨਕ ਜਾਂ ਬੁੱਧ ਪੈਦਾ ਹੁੰਦੇ ਹਨ, ਜੋ ਸਥਾਪਤ ਕਦਰਾਂ-ਕੀਮਤਾਂ ਨਕਾਰ ਕੇ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਉਹ ਤੁਰਦੇ ਹਨ ਤਾਂ ਪੈੜਾਂ ਰਾਹ-ਦਸੇਰਾ ਬਣਦੀਆਂ ਹਨ। ਉਨ੍ਹਾਂ ਦੇ ਮੱਥੇ ਸੂਰਜਾਂ ਦੇ ਚਾਨਣ ਨਾਲ ਲਬਰੇਜ਼ ਹੁੰਦੇ ਹਨ। ਹਨੇਰੇ ਰਾਹਾਂ ‘ਤੇ ਤੁਰਨ ਲਈ ਹੱਥਾਂ ‘ਚ ਮੋਮਬੱਤੀਆਂ ਜਗਾਉਣ ਦੀ ਲੋੜ ਨਹੀਂ ਹੁੰਦੀ। ਰਾਹਾਂ ਵਿਚ ਦੀਵੇ ਬਾਲਣਾ ਚਾਹੇ ਸਾਡਾ ਕਰਮ ਹੈ। ਸਦੀਵੀ ਜੋਤ ਲਈ ਚਾਨਣ ਦੇ ਹਾਣੀ ਹੋਣਾ ਪੈਦਾ ਹੈ। ਮਾਰੂਥਲ ਸਰ ਕਰਨ ਲਈ ਪੈੜਾਂ ਚਾਹੇ ਪਹਿਰੇਦਾਰ ਨਹੀਂ ਬਣਦੀਆਂ ਪਰ ਸਿਦਕ, ਸਿਰੜ ਦਾ ਇਵਜਾਨਾ ਜਰੂਰ ਬਣਦੀਆਂ ਹਨ। ਬਾਬਾ ਨਾਨਕ ਫਿਰ ਗੁਰੂ ਨਾਨਕ ਨਹੀਂ ਸੀ ਹੋਣਾ, ਜੇ ਪਹਿਲੀਆਂ ਪਾਈਆਂ ਪੈੜਾਂ ‘ਤੇ ਤੁਰਦਾ ਤੇ ਆਪਣੇ ਪਿਤਾ ਪੁਰਖੀ ਰਸਮ ਜਨੇਊ ਪਹਿਨ ਲੈਂਦਾ ਜਾਂ ਪਾਂਧੇ ਦੀ ਰਵਾਇਤੀ ਸਿੱਖਿਆ ਦਾ ਵਿਰੋਧ ਨਾ ਕਰਦਾ; ਮੋਦੀਖਾਨੇ ਦੀ ਚੰਗੀ ਨੌਕਰੀ ਛੱਡ ਮੁੱਲਾਂ-ਮੁਲਾਣਿਆਂ ਤੇ ਪੰਡਿਤਾਂ ਦੇ ਵਹਿਮ ਭਰਮ ਤੇ ਧਰਮ ਦੇ ਨਾਂ ‘ਤੇ ਵਿਛਾਏ ਜਾਲ ਨੂੰ ਨਾ ਤੋੜਦਾ; ਰਾਜਨੀਤਕ ਜੁਲਮ ਤੇ ਨਿਆਂ ਪ੍ਰਣਾਲੀ ਵਿਚ ਆਈ ਗਿਰਾਵਟ ਵਿਰੁਧ ਹੋਕਾ ਨਾ ਦਿੰਦਾ ਜਾਂ ਸਾਰੀ ਲੋਕਾਈ ਨੂੰ ਹੱਕ ਸੱਚ ਦਾ ਰਾਹ ਵਿਖਾ ਕੇ ਨਵੇਂ ਵਿਚਾਰਾਂ ਦੇ ਲੜ ਨਾ ਲਾਉਂਦਾ। ਇਹੀ ਤੁਰਦੇ ਪੈਰਾਂ ਦੀ ਜੋਤ ਹੈ, ਜੋ ਨਵੇਂ ਮਨੁੱਖ ਸਿਰਜਦੀ ਹੈ।
ਬੁੱਧ ਫਿਰ ਬੁੱਧ ਨਹੀਂ ਸੀ ਹੋਣਾ ਜੇ ਮਹਿਲਾਂ ਵਿਚ ਬੈਠਾ ਰਾਜ ਭਾਗ ਦਾ ਅਨੰਦ ਮਾਣਦਾ ਰਹਿੰਦਾ। ਸਿਰਫ ਰਾਜਾ ਗੌਤਮ ਹੀ ਹੁੰਦਾ। ਬੁੱਧ ਬਣਨ ਲਈ ਸਭ ਕੁਝ ਤਿਆਗ ਕੇ ਨਵੇਂ ਰਾਹ ਢੂੰਡਣੇ ਪੈਂਦੇ ਹਨ। ਅਸੀਂ ਤਾਂ ਹਾਰਾਂ ਤੋਂ ਡਰਦੇ ਆਪਣਾ ਨਸੀਬ ਦੂਜਿਆਂ ਦੇ ਰਹਿਮ ‘ਤੇ ਛੱਡ ਦਿੰਦੇ ਹਾਂ, ਸੌਖ ਦੀ ਭੀਖ ਹੀ ਸਾਡੀ ਝੋਲੀ ਦੀ ਨਿਆਮਤ ਹੈ। ਅਸੀਂ ਉਥੇ ਹੀ ਖੜੇ ਹਾਂ, ਜਿੱਥੋਂ ਬਾਬੇ ਨਾਨਕ ਨੇ ਸਾਨੂੰ ਤੁਰਨ ਲਈ ਕਿਹਾ ਸੀ। ਅੱਜ ਵੀ ਭਾਗੋ ਰਾਜ-ਸੱਤਾ ਦਾ ਭਾਈਵਾਲ ਹੈ ਤੇ ਲਾਲੋ ਦੇ ਹੱਥ ਕੋਧਰੇ ਦੀ ਰੋਟੀ ਨਹੀਂ, ਖੁਦਕੁਸ਼ੀ ਦਾ ਰੱਸਾ ਹੈ। ਇਸ ਖੜੋਤ ਵਿਚ ਅਸੀਂ ਸਭ ਸ਼ਾਮਲ ਹਾਂ।