ਫਿਲਮ ਬਣਾਉਣ ਦੇ ਨਵੇਂ ਰੁਝਾਨ ਅਤੇ ਰਣਨੀਤੀਆਂ

ਸੁਰਿੰਦਰ ਸਿੰਘ ਭਾਟੀਆ
ਅਮਰੀਕਾ ਦੀ ਫਿਲਮ ਇੰਡਸਟਰੀ 23 ਅਪਰੈਲ 1896 ਨੂੰ ਸ਼ੁਰੂ ਹੋਈ ਸੀ। ਉਸ ਪਿਛੋਂ ਹੁਣ ਤੱਕ ਫਿਲਮ ਉਦਯੋਗ ਵਿਚ ਕਈ ਅਹਿਮ ਤਬਦੀਲੀਆਂ ਆਈਆਂ। ਫਿਲਮੀ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਫਿਲਮਾਂ ਜਦੋਂ ਸਾਈਲੈਂਟ ਤੋਂ ਆਵਾਜ਼ ਦੀ ਦੁਨੀਆਂ ਵਿਚ ਦਾਖਲ ਹੋਈਆਂ ਤਾਂ ਇਹ ਇਕ ਵੱਡੀ ਪ੍ਰਾਪਤੀ ਮੰਨੀ ਗਈ। ਸਿਨੇਮਾ ਸਨਅਤ ਨੇ ਬਲੈਕ ਐਂਡ ਵਾਈਟ ਦੇ ਜ਼ਮਾਨੇ ਤੋਂ ਕਲਰ ਫਿਲਮੀ ਦੁਨੀਆਂ ਵਿਚ ਦਾਖਲਾ ਲਿਆ ਤਾਂ ਇਸ ਨੂੰ ਅਜੂਬਾ ਕਰਾਰ ਦਿੱਤਾ ਗਿਆ। ਫਿਲਮਾਂ ਨੇ 70 ਐਮ. ਐਮ. ਸਿਨੇਮਾਸਕੋਪ ਤੋਂ ਸਫਰ ਤੈਅ ਕਰਦਿਆਂ 3-ਡੀ ਤੱਕ ਤਰੱਕੀ ਹਾਸਿਲ ਕੀਤੀ; ਪਰ ਪਿਛਲੇ ਇਕ ਦਹਾਕੇ ਵਿਚ ਡਿਜੀਟਲ ਯੁਗ ਨੇ ਫਿਲਮੀ ਦੁਨੀਆਂ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਹੈ। ਨਵੀਂਆਂ ਨਵੀਂਆਂ ਤਕਨੀਕਾਂ ਇਜਾਦ ਹੋਈਆਂ, ਫਿਲਮ ਬਣਾਉਣ ਦੇ ਢੰਗ-ਤਰੀਕਿਆਂ, ਐਡਿਟਿੰਗ, ਪੋਸਟ ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਮਾਰਕੀਟ ਆਦਿ ਫਿਲਮ ਦੇ ਹਰ ਵਿਭਾਗ ਵਿਚ ਬੜਾ ਕੁਝ ਬਦਲਿਆ ਹੈ।

ਇਸੇ ਸਿਲਸਿਲੇ ਵਿਚ ਪਿਛਲੇ ਦਿਨੀਂ ਇਕ ਫਿਲਮ ਸੈਮੀਨਾਰ ‘ਨਿਊ ਟਰੈਂਡਸ ਐਂਡ ਸਟਰੈਟਿਜਿਜ਼ ਇਨ ਫਿਲਮ ਮੇਕਿੰਗ’ ਆਰਟ ਥਿਏਟਰ, ਸ਼ਿਕਾਗੋ ਵਿਚ ਹੋਇਆ, ਜਿਸ ਵਿਚ ਫਿਲਮ ਸਨਅਤ, ਫਿਲਮੀ ਚੈਨਲਾਂ ਦੇ ਐਡੀਟਰ, ਫਿਲਮੀ ਰਿਪੋਟਰ ਤੇ ਸਿਨੇ ਪ੍ਰੇਮੀ ਸ਼ਾਮਿਲ ਹੋਏ। ਇਸ ਦੇ ਪੈਨਲ ਵਿਚ ਹਾਲੀਵੁੱਡ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਡੇਵਿਡ ਵੈਦਰਸਬੀ ਅਤੇ ਨਿਰਦੇਸ਼ਕਾ ਪੈਮਲਾ ਸ਼ਰੋਡ ਐਡਰਸਨ ਸਨ। ਸੈਮੀਨਾਰ ਵਿਚ ਫਿਲਮ ਸੰਸਾਰ ਦੇ ਤੇਜੀ ਨਾਲ ਬਦਲਦੇ ਢਾਂਚੇ ਦੀ ਚਰਚਾ ਪ੍ਰਮੁਖ ਸੀ। ਜਿਥੇ ਦਰਸ਼ਕਾਂ ਨੇ ਪੈਨਲ ਮੈਂਬਰਾਂ ਨਾਲ ਸਵਾਲ-ਜਵਾਬ ਕੀਤੇ, ਉਥੇ ਦਰਸ਼ਕਾਂ ਨੇ ਆਪਣੇ ਵਿਚਾਰ ਵੀ ਖੁਲ੍ਹ ਕੇ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸੀਰੀਗੋ ਮੀਮਸ ਨੇ ਨਿਭਾਈ।
ਅਜੋਕੇ ਤਕਨੀਕੀ ਦੌਰ ਵਿਚ ਫਿਲਮ ਬਣਾਉਣ ਲਈ ਇਕ ਫਿਲਮਸਾਜ਼ ਨੂੰ ਕਿਨ੍ਹਾਂ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਇਕ ਫਿਲਮਸਾਜ਼ ਲਈ ਅੱਜ ਦੇ ਡਿਜੀਟਲ ਮਾਹੌਲ ਵਿਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਹਨ। ਪਹਿਲੇ ਸਮੇਂ ਵਿਚ ਕੈਮਰੇ ਨੂੰ ਚਲਾਉਣ ਲਈ ਕਈ ਸਹਾਇਕਾਂ ਦੀ ਲੋੜ ਹੁੰਦੀ ਸੀ। ਜੇ ਏਰੀਅਲ ਸ਼ਾਟ ਲੈਣਾ ਹੈ ਤਾਂ ਏਅਰ ਕਰਾਫਟ ਮਾਊਂਟਿਡ ਕੈਮਰੇ ਦੀ ਲੋੜ ਹੁੰਦੀ ਸੀ ਤੇ ਕੈਮਰੇ ਵੀ ਕਾਫੀ ਭਾਰੇ ਹੁੰਦੇ ਸਨ, ਪਰ ਅੱਜ ਸਿਨੇਮੈਟੋਗ੍ਰਾਫਰ ਕਾਫੀ ਹਲਕੇ ਕੈਮਰਿਆਂ ਦੀ ਵਰਤੋਂ ਕਰ ਰਹੇ ਹਨ ਤੇ ਏਰੀਅਲ ਸ਼ਾਟ ਡਰੋਨ ਨਾਲ ਲਏ ਜਾਂਦੇ ਹਨ।
ਪਹਿਲੇ ਜ਼ਮਾਨੇ ਵਿਚ ਫਿਲਮ ਦੀਆਂ ਸ਼ੂਟ ਰੀਲਾਂ ਨੂੰ ਐਡਿਟਿੰਗ ਟੇਬਲ ਤੇ ਐਡੀਟਰ ਨੂੰ ਆਪ ਖੁਦ ਕੱਟਣਾ ਤੇ ਜੋੜਨਾ ਪਂੈਦਾ ਸੀ। ਹੁਣ ਐਡਿੰਟਿਗ ਲਈ ਨਵੇਂ ਸਾਫਟਵੇਅਰ ਮਾਰਕੀਟ ਵਿਚ ਮੌਜੂਦ ਹਨ। ਫਿਲਮ ਦੀ ਐਡਿਟਿੰਗ ਸ਼ੂਟਿੰਗ ਦੌਰਾਨ ਹੀ ਕੰਪਿਊਟਰ ‘ਤੇ ਹੋ ਜਾਂਦੀ ਹੈ। ਕੰਪਿਊਟਰ ਗ੍ਰਾਫਿਕਸ ਜਿਹੇ ਤਕਨੀਕੀ ਖੇਤਰ ਵਿਚ ਅਜ ਸਪੈਸ਼ਲ ਵਿਜ਼ੂਅਲ ਇਫੈਕਟ ਦ੍ਰਿਸ਼ ਫਿਲਮਾਉਣ ਲਈ ਗਰੀਨ ਬੈਕਗਰਾਊਂਡ ਦੀ ਵਰਤੋਂ ਹੋਣ ਲੱਗ ਪਈ ਹੈ। ਵੱਡੇ ਵੱਡੇ ਫਿਲਮ ਸਟੂਡੀਓ ਵੀ ਡਿਜੀਟਲ ਤਕਨੀਕ, ਕੰਪਿਊਟਰ ਗ੍ਰਾਫਿਕਸ ਸਿਸਟਮ ਅਤੇ ਸਪੈਸ਼ਲ ਇਫੈਕਟ ਵਿਚ ਤਬਦੀਲ ਹੋ ਰਹੇ ਹਨ। ਸਪੈਸ਼ਲ ਇਫੈਕਟਸ ਫਿਲਮ ਦੇ ਤਕਨੀਕੀ ਪੱਖ ਤੋਂ ਬਹੁਤ ਅਹਿਮ ਹੋ ਗਏ ਹਨ ਤੇ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ ਕਰਕੇ ਅੱਜ ਫਿਲਮਾਂ ਵਿਚ ਆਧੁਨਿਕੀਕਰਨ ਦੀ ਦੌੜ ਵਧ ਰਹੀ ਹੈ। ਨਿਰਮਾਤਾ, ਨਿਰਦੇਸ਼ਕ ਤੇ ਕਲਾਕਾਰਾਂ ਨੂੰ ਨਵੇਂ ਤਕਨੀਕੀ ਕੰਮਾਂ ਦਾ ਗਿਆਨ ਹੋਣਾ ਬਹੁਤ ਜਰੂਰੀ ਹੋ ਗਿਆ ਹੈ। ਅੱਜ ਨਿਰਦੇਸ਼ਕ ਵੀ ਇਸ ਵਿਚ ਮੁਹਾਰਤ ਹਾਸਲ ਕਰ ਰਹੇ ਹਨ।
ਡੇਵਿਡ ਨੇ ਕਿੰਤੂ ਵੀ ਕੀਤਾ ਕਿ ਭਾਵੇਂ ਇਹ ਠੀਕ ਹੈ, ਡਿਜੀਟਲ ਦੌਰ ਨਾਲ ਨਵਾਂਪਣ ਆਇਆ ਹੈ, ਉਸ ਨਾਲ ਕੰਮ ਬਹੁਤ ਆਸਾਨ ਹੋ ਗਿਆ ਹੈ, ਪਰ ਇਸ ਨਾਲ ਇਕ ਘਾਟ ਇਹ ਵੀ ਹੈ ਕਿ ਹਰ ਰੋਜ ਨਵੀਂ ਤਕਨੀਕ ਮਾਰਕੀਟ ਵਿਚ ਆ ਰਹੀ ਹੈ। ਡਿਜੀਟਲ ਨੇ ਜਿਥੇ ਕਈ ਸਹੂਲਤਾਂ ਮੁਹੱਈਆ ਕੀਤੀਆਂ ਹਨ, ਉਥੇ ਨੁਕਸਾਨ ਵੀ ਕੀਤਾ ਹੈ। ਫਿਲਮ ਪ੍ਰੋਡਕਸ਼ਨ ਦੇ ਸਾਜੋਸਮਾਨ ਵਿਚ ਜਲਦੀ ਹੀ ਤਬਦੀਲੀ ਹੋ ਜਾਂਦੀ ਹੈ, ਦੂਜਾ ਇਹ ਸਾਰੇ ਬਹੁਤ ਮਹਿੰਗੇ ਹਨ। ਨਵੇਂ ਫਿਲਮਸਾਜ਼ ਦਾ ਬਜਟ ਤਾਂ ਪਹਿਲਾਂ ਹੀ ਘੱਟ ਹੁੰਦਾ ਹੈ, ਇਸ ਲਈ ਵਾਰ ਵਾਰ ਇਨ੍ਹਾਂ ਨੂੰ ਖਰੀਦਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਥੇ ਨਵੀਂ ਤਕਨੀਕ ਨਾਲ ਫਿਲਮਸਾਜ਼ ਨੂੰ ਫਾਇਦਾ ਹੋਇਆ ਹੈ, ਉਥੇ ਤਬਦੀਲੀ ਹੋਣ ਕਾਰਨ ਪਹਿਲੇ ਖਰੀਦੇ ਕੈਮਰੇ ਦੀ ਵਰਤੋਂ ਘਟ ਜਾਂਦੀ ਹੈ। ਭਾਵੇਂ ਮੋਬਾਈਲ ਫੋਨ ਮੇਕਿੰਗ ਨੇ ਲਾਗਤ ਵਿਚ ਕਮੀ ਕੀਤੀ ਹੈ, ਫਿਰ ਵੀ ਇਫੈਕਟਸ ਦੇ ਖਰਚੇ ਵਧੇ ਹਨ।
ਡਿਜੀਟਲ ਸਮੇਂ ਵਿਚ ਫਿਲਮ ਡਿਸਟ੍ਰੀਬਿਊਸ਼ਨ ਖੇਤਰ ਵਿਚ ਕੀ ਤਬਦੀਲੀ ਆਈ ਹੈ ਤੇ ਇਕ ਫਿਲਮਸਾਜ਼ ਕੀ ਮਹਿਸੂਸ ਕਰ ਰਿਹਾ ਹੈ? ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਫਿਲਮ ਮੁਕੰਮਲ ਹੋਣ ਪਿਛੋਂ ਜੇ ਨਿਰਮਾਤਾ ਆਪ ਮੂਵੀ ਰਿਲੀਜ਼ ਨਹੀਂ ਕਰਦਾ ਤਾਂ ਡਿਸਟ੍ਰੀਬਿਊਟਰ ਦੀ ਲੋੜ ਪੈਂਦੀ ਹੈ। ਫਿਲਮ ਡਿਸਟ੍ਰੀਬਿਊਸ਼ਨ ਵਿਚ ਡਿਸਟ੍ਰੀਬਿਊਟਰ ਕੋਲ ਵੱਧ ਕੰਟਰੋਲ ਹੁੰਦਾ ਹੈ। ਫਿਲਮ ਨੂੰ ਸਿਨੇਮਾ ਘਰਾਂ ਵਿਚ ਲਾਉਣ ਲਈ ਉਹ ਕਈ ਕਮਰਸ਼ੀਅਲ ਪੱਖ ਵੇਖਦਾ ਹੈ ਤਾਂ ਜੋ ਲਾਭ ਹੋ ਸਕੇ। ਡਿਸਟ੍ਰੀਬਿਊਟਰ ਕਮਿਊਨਿਟੀ ਥਿਏਟਰ ਵਿਚ ਜਾਂ ਮਿਊਜ਼ੀਅਮ ਵਿਚ ਫਿਲਮ ਨਹੀਂ ਲਾਉਂਦਾ, ਉਹ ਆਪਣੇ ਪਸੰਦ ਦੇ ਥਿਏਟਰ ਵਿਚ ਮੂਵੀ ਰਿਲੀਜ਼ ਕਰਦਾ ਹੈ; ਇੰਜ ਤੁਹਾਡੀ ਫਿਲਮ ਅਸਲ ਦਰਸ਼ਕਾਂ ਤੱਕ ਨਹੀਂ ਪਹੁੰਚਦੀ।
ਪਹਿਲਾਂ ਕਈ ਨਿਰਮਾਤਾ ਹੀ ਫਿਲਮ ਰਿਲੀਜ਼ ਕਰ ਦਿੰਦੇ ਸਨ, ਪਰ ਤਜਰਬੇ ਦੀ ਘਾਟ ਕਾਰਨ ਘਾਟਾ ਪੈ ਜਾਂਦਾ ਸੀ। ਬਦਲੇ ਮਾਹੌਲ ਵਿਚ ਅੱਜ ਸੁਤੰਤਰ ਫਿਲਮਸਾਜ਼ ਵੀ ਖੁਦ ਫਿਲਮ ਰਿਲੀਜ਼ ਕਰ ਰਹੇ ਹਨ। ਸੈਲਫ ਡਿਸਟ੍ਰੀਬਿਊਸ਼ਨ ਜਾਂ ਸਟਰੀਮਿੰਗ ਰਾਹੀਂ ਫਿਲਮ ਜਲਦ ਦਰਸਕਾਂ ਤੱਕ ਪਹੁੰਚ ਜਾਂਦੀ ਹੈ। ਸਟਰੀਮਿੰਗ ਦੀ ਡਿਮਾਂਡ ਵੱਧ ਰਹੀ ਹੈ। ਸਟਰੀਮਿੰਗ ਲਈ ਲਿੰਕ ਦਾ ਕੋਡ ਹੀ ਭੇਜ ਦਿੱਤਾ ਜਾਂਦਾ ਹੈ। ਫਿਲਮਾਂ ਲਈ ਸ਼ੋਸ਼ਲ ਮੀਡੀਏ ਦਾ ਮਹੱਤਵ ਬਹੁਤ ਵੱਧ ਗਿਆ ਹੈ। ਨੈਟਵਰਕ ਨਾਲ ਵਪਾਰਕ ਲਾਭ ਵੀ ਹੁੰਦਾ ਹੈ। ਲੋਕ ਪ੍ਰੋਮੋ ਵੇਖ ਕੇ ਸਿਨੇਮਾ ਹਾਲ ਵਿਚ ਮੂਵੀ ਦੇਖਣ ਜਾਂਦੇ ਹਨ। ਪ੍ਰੋਮੋਸ਼ਨ ਦੇ ਢੰਗ ਤਰੀਕੇ ਵੀ ਬਦਲ ਗਏ ਹਨ। ਡਿਜੀਟਲ ਮੀਡੀਏ ਨੇ ਘਰ ਘਰ ਤੱਕ ਪਹੁੰਚ ਬਣਾ ਲਈ ਹੈ। ਇਸ ਵੇਲੇ ਨੈਟਫਲੈਕਸ ਦੇ ਕਰੀਬ 94 ਮਿਲੀਅਨ ਮੈਂਬਰ ਹਨ। ਨੈਟਫਲੈਕਸ, ਐਪਲ, ਅਮਾਜ਼ੋਨ, ਬੀ. ਬੀ. ਸੀ., ਹੁਲੋ, ਚਿਲ ਆਦਿ ਕਈ ਕੰਪਨੀਆਂ ਆਪ ਫਿਲਮਾਂ ਬਣਾ ਰਹੀਆਂ ਹਨ ਜਾਂ ਫਾਈਨਾਂਸ ਕਰ ਰਹੀਆਂ ਹਨ। ਕਈ ਫਿਲਮਾਂ ਨੇ ਵੱਡੇ ਇਨਾਮ ਵੀ ਪ੍ਰਾਪਤ ਕੀਤੇ ਹਨ।
ਸਟਰੀਮਿੰਗ ਨਾਲ ਕੌਮਾਂਤਰੀ ਆਮਦਨ ਵਿਚ ਚੋਖਾ ਵਾਧਾ ਹੋਇਆ ਹੈ। ਕੁਝ ਸਾਲ ਪਹਿਲਾਂ ਅਮਰੀਕਾ ਵਿਚ ਘਰੇਲੂ ਸਿਨੇਮਾ ਆਮਦਨ ਕੌਮਾਂਤਰੀ ਆਮਦਨ ਤੋਂ ਵੱਧ ਹੁੰਦੀ ਸੀ, ਪਰ ਹੁਣ ਡਿਜੀਟਲ ਲਿੰਕ ਰਾਹੀਂ ਫਿਲਮਸਾਜ਼ ਨੂੰ ਘਰੇਲੂ ਆਮਦਨ ਦੇ ਮੁਕਾਬਲੇ ਕੌਮਾਂਤਰੀ ਆਮਦਨ ਵਿਚ ਵੱਧ ਲਾਭ ਹੁੰਦਾ ਹੈ।
ਫਿਲਮ ਫੈਸੀਟਵਲ ਵਿਚ ਫਿਲਮ ਰਿਲੀਜ਼ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਫਿਲਮਾਂ ਨੂੰ ਚੰਗਾ ਹੁੰਗਾਰਾ ਮਿਲਦਾ ਹੈ। ਫੈਸਟੀਵਲ ਤਜਰਬੇਕਾਰ ਪ੍ਰਬੰਧਕ ਖੁਦ ਚਾਹੁੰਦੇ ਹਨ ਕਿ ਤਹਾਡੀ ਫਿਲਮ ਵੱਖਰੇ ਵਿਸ਼ੇ ‘ਤੇ ਪ੍ਰਯੋਗਾਤਮਕ ਫਿਲਮ ਹੋਵੇ। ਫਿਲਮ ਫੈਸਟੀਵਲਾਂ ਦੀ ਗਿਣਤੀ ਬਹੁਤ ਹੈ। ਸੋ ਇਸ ਕਰਕੇ ਇਹ ਦੇਖਣਾ ਪੈਂਦਾ ਹੈ ਕਿ ਕਿਸ ਫੈਸਟੀਵਲ ਵਿਚ ਤੁਹਾਡੀ ਫਿਲਮ ਦੇ ਦਰਸ਼ਕ ਹਨ। ਨਵੇਂ ਨਿਰਮਾਤਾ ਨੂੰ ਫੈਸਟੀਵਲ ਵਿਚ ਫਿਲਮ ਭੇਜਣ ਦੀ ਮੁਸ਼ਕਿਲ ਹੈ, ਪਰ ਜਦੋਂ ਫਿਲਮਸਾਜ਼ ਵਜੋਂ ਨਾਮਣਾ ਖੱਟ ਲੈਂਦੇ ਹੋ ਤਾਂ ਫਿਲਮ ਫੈਸਟੀਵਲਾਂ ਦੇ ਪ੍ਰਬੰਧਕ ਖੁਦ ਹੀ ਤੁਹਾਥੋਂ ਫਿਲਮ ਦੀ ਮੰਗ ਕਰਦੇ ਹਨ ਤੇ ਫੀਸ ਵੀ ਕੋਈ ਨਹੀਂ ਲੈਂਦੇ, ਤਾਂ ਜੋ ਵੱਖ ਵੱਖ ਉਮਰ ਦੇ ਦਰਸ਼ਕਾਂ ਤੱਕ ਫਿਲਮ ਦਾ ਸੰਦੇਸ਼ ਪਹੁੰਚ ਸਕੇ। ਪਾਮੇਲਾ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ, ਮੈਨੂੰ ਫੈਸਟੀਵਲ ਵਿਚ ਫਿਲਮ ਭੇਜਣ ਦੀ ਫਰਮਾਇਸ਼ ਖੁਦ ਪ੍ਰਬੰਧਕ ਹੀ ਭੇਜਦੇ ਹਨ।
ਅਜੋਕੇ ਸਮੇਂ ਵਿਚ ਦਰਸ਼ਕਾਂ ਦੀ ਫਿਲਮ ਦੇਖਣ ਦੀ ਰੁਚੀ ਵਿਚ ਆਈ ਤਬਦੀਲੀ ਦੇ ਸਵਾਲ ‘ਤੇ ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੇ ਫਿਲਮ ਦੇਖਣ ਦੇ ਰੁਝਾਨ ਵਿਚ ਕਾਫੀ ਤਬਦੀਲੀ ਆਈ ਹੈ। ਦਰਸ਼ਕਾਂ ਲਈ ਵੀ ਜਰੂਰੀ ਨਹੀਂ ਕਿ ਥਿਏਟਰ ਵਿਚ ਜਾ ਕੇ ਹੀ ਮੂਵੀ ਦੇਖਣੀ ਹੈ। ਆਨ ਡਿਮਾਂਡ ਸਟਰੀਮਿੰਗ ਰਾਹੀਂ ਟੀ. ਵੀ. ‘ਤੇ ਉਹ ਕਿਤੇ ਵੀ ਤੇ ਕਿਸੇ ਵੀ ਸਮੇਂ ਮੂਵੀ ਦੇਖ ਸਕਦੇ ਹਨ।
ਦਰਸ਼ਕਾਂ ਦੀ ਫਿਲਮ ਦੇਖਣ ਦੀ ਰੁਚੀ ਵਿਚ ਵੀ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਸਰਵੇ ਮੁਤਾਬਕ ਪੂਰੀ ਦੁਨੀਆਂ ਵਿਚ ਟੀਨਏਜ ਵਰਗ ਦੀ ਸਿਨੇਮਾ ਹਾਲ ਵਿਚ ਜਾ ਕੇ ਫਿਲਮ ਦੇਖਣ ਦੀ ਇੱਛਾ ਘਟਦੀ ਜਾ ਰਹੀ ਹੈ। ਅਮਰੀਕਾ ਵਿਚ 12 ਤੋਂ 24 ਸਾਲ ਉਮਰ ਵਰਗ ‘ਚ ਸਿਨੇਮਾ ਦੇਖਣ ਦੀ ਰੁਚੀ ਘਟੀ ਹੈ, ਜੋ 2009 ਵਿਚ 34% ਸੀ ਅਤੇ 2016 ਵਿਚ ਘਟ ਕੇ 29% ਰਹਿ ਗਈ, ਤੇ ਹੁਣ 2019 ਵਿਚ ਇਸ ਵਿਚ ਹੋਰ ਕਮੀ ਆਈ ਹੈ; ਪਰ ਵੱਡੀ ਭਾਵ 55+ ਉਮਰ ਦੇ ਲੋਕਾਂ ਵਿਚ ਥਿਏਟਰ ਵਿਚ ਜਾ ਕੇ ਮੂਵੀ ਦੇਖਣ ਦਾ ਰੁਝਾਨ ਵਧਿਆ ਹੈ।
ਦਰਸ਼ਕਾਂ ਵਿਚ ਫੈਥ ਬੈਸ ਮੂਵੀ ਦੀ ਮੰਗ ਵਧੀ ਹੈ। ਇਨ੍ਹਾਂ ਫਿਲਮਾਂ ਨੇ ਚੋਖੀ ਕਮਾਈ ਕੀਤੀ ਹੈ, ਜਿਵੇਂ ‘ਪੈਸਨ ਆਫ ਕ੍ਰਿਸਟ’ 35 ਮਿਲੀਅਨ ਡਾਲਰ ਦੇ ਬਜਟ ਨਾਲ ਤਿਆਰ ਹੋਈ, ਪਰ ਇਸ ਨੇ 612 ਮਿਲੀਅਨ ਡਾਲਰ ਦੀ ਕਮਾਈ ਕੀਤੀ। ‘ਗਾਡ ਇਜ਼ ਨਾਟ ਡੈਡ’, ‘ਵਾਰ ਰੂਮ’, ‘ਹੈਵਨ ਇਜ਼ ਫਾਰ ਰੀਅਲ’, ‘ਗੋਸਪਲ’, ‘ਮਰਾਈਕਲ ਫਰਾਮ ਹੈਵਨ’ ਆਦਿ ਨੇ ਰਿਕਾਰਡ ਤੋੜ ਕਮਾਈ ਕੀਤੀ। ਇਨ੍ਹਾਂ ਫਿਲਮਾਂ ਨੇ ਆਨ ਡਿਮਾਂਡ ਸਟਰੀਮਿੰਗ ਤੇ ਹੋਮ ਵੀਡੀਓ ‘ਤੇ ਵੀ ਰੱਜਵੀਂ ਕਮਾਈ ਕੀਤੀ।
ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ‘ਤੇ ਬਣੀਆਂ ਫਿਲਮਾਂ ਵੱਧ ਸਫਲ ਹੋ ਰਹੀਆਂ ਹਨ। 1996 ਵਿਚ 7% ਫਿਲਮਾਂ ਦਾ ਨਿਰਮਾਣ ਹੋਇਆ ਸੀ, ਪਰ ਇਸ ਸਮੇਂ 30% ਫਿਲਮਾਂ ਬਣੀਆਂ ਹਨ, ਜੋ ਬਾਕਸ ਆਫਿਸ ‘ਤੇ ਤਗੜਾ ਬਿਜਨਸ ਕਰ ਰਹੀਆਂ ਹਨ। ‘ਡੀਪ ਵਾਟਰ ਹੋਰੀਜਨ’, ‘ਪਰਫੈਕਟ ਸਟਰੋਮ’, ‘ਐਵੈਟਰ’, ‘ਅਲੀ’, ‘ਅਮੈਰਿਕਨ ਗੈਂਗਸਟਰ’ ਜਿਹੀਆਂ ਦਸਤਾਵੇਜ਼ੀ ਫਿਲਮਾਂ ਵੀ ਪਹਿਲਾਂ ਤੋਂ ਵੱਧ ਬਣ ਰਹੀਆਂ ਹਨ ਤੇ ਲੋਕ ਇਨ੍ਹਾਂ ਨੂੰ ਵੀ ਫੀਚਰ ਫਿਲਮਾਂ ਵਾਂਗ ਪਸੰਦ ਕਰ ਰਹੇ ਹਨ।
ਡਰਾਉਣੀਆਂ ਫਿਲਮਾਂ (ਹਾਰਰ ਮੂਵੀ) ਇਸ ਵੇਲੇ ਟਾਪ ਬਿਜਨਸ ਕਰ ਰਹੀਆਂ ਹਨ। 2016 ਵਿਚ ਅਜਿਹੀਆਂ 1028 ਫਿਲਮਾਂ ਬਣੀਆਂ ਸਨ, ਜੋ 2006 ਵਿਚ ਬਣੀਆਂ ਫਿਲਮਾਂ ਤੋਂ ਦੁੱਗਣੀਆਂ ਤੇ 1996 ਨਾਲੋਂ 4 ਗੁਣਾਂ ਵੱਧ ਸਨ। 2019 ਵਿਚ ਇਸ ਵਿਚ ਹੋਰ ਵੀ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਘੱਟ ਡਰਾਉਣੀ ਇਮੇਜ਼ ਵਾਲੀਆਂ ਫਿਲਮਾਂ ਵੱਧ ਸਫਲ ਹੋਈਆਂ ਹਨ।
ਫਿਲਮ ਲਈ ਫਾਈਨਾਂਸ ਦੇ ਪ੍ਰਬੰਧ ਬਾਰੇ ਪੈਨਲ ਨੇ ਕਿਹਾ ਕਿ ਹੁਣ ਕਰਾਊਡ ਫੰਡਿੰਗ ਆਨ ਲਾਈਨ ਨਾਲ ਫਿਲਮਾਂ ਨੂੰ ਇੰਡੀ ਤੇ ਕਿਕ ਵਾਲਿਆਂ ਵਲੋਂ ਕਾਫੀ ਮਦਦ ਮਿਲ ਰਹੀ ਹੈ। ਮਿਸਾਲ ਵਜੋਂ ਮੂਵੀ ‘ਵੀਰੋਨਿਕਾ ਮਾਰਸ’ ਨੂੰ ਆਨ ਲਾਈਨ ਕਰੀਬ 5.7 ਮਿਲੀਅਨ ਡਾਲਰ ਲੋਕਾਂ ਨੇ ਇਕੱਠਾ ਕਰ ਕੇ ਦਿੱਤਾ। ‘ਸੁਪਰ ਟਰੂਪਰ 2’, ‘ਵਿਸ਼ ਆਈ ਵਾਜ਼ ਹੇਅਰ’ ਅਤੇ ‘ਲੇਜ਼ਰ ਟੀਮ’ ਨੂੰ ਵੀ ਚੋਖੀ ਰਕਮ ਆਨ ਲਾਈਨ ਰਾਹੀਂ ਸਿਨੇ ਪ੍ਰੇਮੀਆਂ ਵਲੋਂ ਨਿਰਮਾਤਾ ਨੂੰ ਫਿਲਮ ਬਣਾਉਣ ਲਈ ਦਿੱਤਾ ਗਿਆ। ਖਾਸ ਗੱਲ ਹੈ ਕਿ ਇਹ ਪੈਸੇ ਕਿਸੇ ਨੂੰ ਮੋੜਨੇ ਵੀ ਨਹੀਂ ਹਨ, ਇਸ ‘ਤੇ ਕੋਈ ਵਿਆਜ ਵੀ ਨਹੀਂ ਹੈ ਅਤੇ ਫਿਲਮ ‘ਤੇ ਕਿਸੇ ਦਾ ਕੰਟਰੋਲ ਵੀ ਨਹੀਂ, ਪਰ ਦਰਸ਼ਕਾਂ ਨੂੰ ਤੁਹਾਡੇ ਵਲੋਂ ਵਧੀਆ ਤੇ ਉਚੇ ਮਿਆਰ ਦੀ ਮੂਵੀ ਦੀ ਤਵੱਕੋ ਜਰੂਰ ਰਹਿੰਦੀ ਹੈ। ਫਾਈਨਾਂਸ ਲਈ ਇਕ ਹੋਰ ਤਰੀਕਾ ਫਿਲਮ ਗਰਾਂਟ ਲਈ ਅਪਲਾਈ ਕਰਨਾ ਚਾਹੀਦਾ ਹੈ। ਕਮਿਊਨਿਟੀ ਸਪੋਰਟ ਨਾਲ ਫੰਡ ਇਕੱਠਾ ਹੋ ਸਕੇ ਤਾਂ ਹੋਰ ਵੀ ਵਧੀਆ ਹੈ।
ਫਿਲਮ ਸਕੂਲ ਦੇ ਮਹੱਤਵ ਬਾਰੇ ਉਨ੍ਹਾਂ ਕਿਹਾ ਕਿ ਅੱਜ ਦੇ ਟਾਪ ਦੇ ਫਿਲਮਸਾਜ਼ ਕਦੀ ਵੀ ਫਿਲਮ ਸਕੂਲ ਨਹੀਂ ਗਏ, ਡਿਜੀਟਲ ਯੁਗ ਨੇ ਆਪਣੇ ਆਪ ਸਿੱਖਣ ਕਲਾ ਵਿਚ ਵਾਧਾ ਕੀਤਾ ਹੈ।
ਕੀ ਨਵੇਂ ਫਿਲਮਸਾਜ਼ ਨੂੰ ਫਿਲਮ ਸਕੂਲ ਦੀ ਪੜ੍ਹਾਈ ਫਾਇਦਾ ਦਿੰਦੀ ਹੈ ਜਾਂ ਤੁਸੀਂ ਕਿਸੇ ਸਕੂਲ ਤੋਂ ਪੜ੍ਹਾਈ ਕੀਤੀ ਹੈ? ਜਵਾਬ ਵਿਚ ਪੈਮਲਾ ਨੇ ਦਸਿਆ ਕਿ ਮੈਂ ਫਿਲਮ ਸਕੂਲ ਵਿਚ ਕੋਈ ਪੜ੍ਹਾਈ ਹਾਸਿਲ ਨਹੀਂ ਕੀਤੀ। ਮੈਂ ਸਾਊਥ ਸ਼ਿਕਾਗੋ ਵਿਚ ਰਹਿੰਦੀ ਹਾਂ ਤੇ ਉਥੇ ਹੀ ਇਕ ਸਕੂਲ ਵਿਚ ਪੜ੍ਹਾਉਂਦੀ ਸੀ, ਦੂਜਾ ਮੇਰਾ ਫੀਲਡ ਜਰਨਲਿਜ਼ਮ ਦਾ ਸੀ, ਸੋ ਉਸ ਦਾ ਮੈਨੂੰ ਫਾਇਦਾ ਮਿਲਿਆ। ਨਵੇਂ ਫਿਲਮਸਾਜ਼ ਲਈ ਫਿਲਮ ਸਕੂਲ ਫਾਇਦੇਮੰਦ ਹੈ। ਉਹ ਸਕੂਲ ਵਿਚੋਂ ਮੁਢਲੀਆਂ ਬਾਰੀਕੀਆਂ ਸਿੱਖ ਲੈਂਦੇ ਹਨ, ਜਿਸ ਜ਼ਰੀਏ ਵਧੀਆ ਫਿਲਮ ਬਣਾਉਣ ਦੇ ਸਮਰਥ ਹੋ ਜਾਂਦੇ ਹਨ।
ਨਿਰਮਾਤਾ ਨਿਰਦੇਸ਼ਕ ਦੇ ਇਸ ਮੁਕਾਮ ‘ਤੇ ਪਹੁੰਚ ਕੇ ਕਿਸ ਨਵੀਂ ਚੀਜ ਦਾ ਪਤਾ ਲੱਗਾ, ਜੋ ਪਹਿਲਾ ਨਹੀਂ ਪਤਾ ਸੀ? ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਅੱਜ ਇਹ ਫਰਕ ਹੈ, ਮਾਰਕੀਟਿੰਗ ਦੀ ਸਮਝ ਪਹਿਲਾਂ ਤੋਂ ਵੱਧ ਹੈ। ਪਹਿਲਾਂ ਇੰਨਾ ਪਤਾ ਨਹੀਂ ਸੀ ਕਿ ਫਿਲਮ ਕਿਸ ਤਰ੍ਹਾਂ ਪੇਸ਼ ਕਰਨੀ ਹੈ? ਪਹਿਲੀ ਫਿਲਮ ਰਿਲੀਜ਼ ਵੇਲੇ ਮਾਰਕੀਟਿੰਗ ਦਾ ਇੰਨਾ ਗਿਆਨ ਨਹੀਂ ਸੀ, ਪਰ ਹੁਣ ਸ਼ੋਸ਼ਲ ਮੀਡੀਏ ਦੀ ਵਰਤੋਂ ਵੱਧ ਕਰਨ ਲੱਗ ਪਏ ਹਾਂ।
ਇਸ ਮੌਕੇ ਫਿਲਮ ‘ਲੌਸਟ ਗਰਲ’ ਵੀ ਦਿਖਾਈ ਗਈ। ਫਿਲਮ ਦੇ ਡਾਇਰੈਕਟਰ ਐਡਵਰਡ ਜੇ. ਵਿਲਸਨ ਹਨ। ਫਿਲਮ ਵਿਚ ਐਕਟਰ ਸਿਮਸਨ ਹੈਂਡਰਸਨ ਨੇ ‘ਜੈ’ ਦੀ ਤੇ ਅਦਾਕਾਰਾ ਕ੍ਰਿਸਟੀਨਾ ਏਲੀਸ ਨੇ ‘ਨੋਲਾ’ ਦੀ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਨੌਜਵਾਨ ਲੜਕੀ ਨੋਲਾ ਨੌਕਰੀ ਕਰ ਕੇ ਆਪਣੇ ਛੋਟੇ ਭਰਾ ਦੀ ਦੇਖ-ਰੇਖ ਕਰਦੀ ਹੈ, ਘਰ ਦਾ ਖਰਚਾ ਚਲਾਉਂਦੀ ਹੈ। ਉਸ ਦੀ ਮਾਂ ਕੋਈ ਕੰਮ ਨਹੀਂ ਕਰਦੀ, ਹਰ ਰੋਜ ਪਾਰਟੀਆਂ ਵਿਚ ਚਲੀ ਜਾਂਦੀ ਹੈ। ਜਦ ਉਹ ਮਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਤਾਂ ਝਗੜਾ ਹੁੰਦਾ ਹੈ। ਜ਼ਿੰਦਗੀ ਦੀ ਇਸੇ ਕਸ਼ਮਕਸ਼ ਦੌਰਾਨ ਨੋਲਾ ਇਕ ਨੌਜਵਾਨ ਜੈ ਦੇ ਸੰਪਰਕ ਵਿਚ ਆਉਂਦੀ ਹੈ। ਉਸ ਨੂੰ ਚੰਗਾ ਇਨਸਾਨ ਸਮਝ ਕੇ ਉਸ ‘ਤੇ ਯਕੀਨ ਕਰ ਲੈਂਦੀ ਹੈ, ਪਰ ਪਿਛੋਂ ਪਤਾ ਚਲਦਾ ਹੈ ਕਿ ਜੈ ਇਕ ਡਰੱਗ ਡੀਲਰ ਹੈ ਤੇ ਕਈ ਗਰੋਹਾਂ ਨਾਲ ਉਸ ਦੀ ਦੁਸ਼ਮਣੀ ਹੈ। ਨੋਲਾ ਨੂੰ ਵੀ ਇਸ ਗੈਂਗ ਵਾਰ ਦੀ ਮਾਰ ਝੱਲਣੀ ਪੈਂਦੀ ਹੈ। ਉਹ ਇਸ ਮੁਸੀਬਤ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਅੰਤ ਵਿਚ ਸਫਲ ਹੋ ਜਾਂਦੀ ਹੈ ਤੇ ਜੈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਫਿਲਮ ਦੇ ਡਾਇਰੈਕਟਰ ਐਡਵਰਡ ਜੇ. ਵਿਲਸਨ ਨੇ ਕਿਹਾ ਕਿ ਉਹ ਸਾਊਥ ਸਾਈਡ ਸ਼ਿਕਾਗੋ ਵਿਚ ਰਹਿੰਦੇ ਹਨ ਤੇ ਇਸ ਸਮੱਸਿਆ ਨੂੰ ਅੱਖੀਂ ਦੇਖ ਚੁਕੇ ਹਨ। ਫਿਲਮ ਦੀ ਸਾਰੀ ਸ਼ੂਟਿੰਗ ਵੀ ਸਾਊਥ ਸਾਈਡ ਸ਼ਿਕਾਗੋ ਵਿਚ ਕੀਤੀ ਗਈ ਹੈ। ਫਿਲਮ ਇਹ ਸੰਦੇਸ਼ ਦਿੰਦੀ ਹੈ ਕਿ ਆਸ, ਉਮੀਦ ਤੇ ਹਿੰਮਤ ਨਾਲ ਤੁਸੀਂ ਹਰ ਸਮੱਸਿਆ ਵਿਚੋਂ ਨਿਕਲ ਸਕਦੇ ਹੋ। ਜੇ ਇੱਛਾ ਸ਼ਕਤੀ ਮਜਬੂਤ ਹੋਵੇ ਤਾਂ ਤੁਸੀਂ ਕਮਿਊਨਿਟੀ ਦੇ ਸਹਿਯੋਗ ਨਾਲ ਇਨ੍ਹਾਂ ਗਰੁਪਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਫਿਲਮ ਦੀ ਹੀਰੋਇਨ ਕ੍ਰਿਸਟੀਨਾ ਏਲੀਸ ਨੇ ਕਿਹਾ ਕਿ ਉਹ ਸਾਊਥ ਸ਼ਿਕਾਗੋ ਵਿਚ ਹੀ ਰਹੀ ਹੈ, ਇਸ ਤਰ੍ਹਾਂ ਦੇ ਮਾਹੌਲ ਤੋਂ ਜਾਣੂ ਹੈ ਤੇ ਜੋ ਕੁਝ ਦੇਖਿਆ ਹੈ, ਉਸ ਨਾਲ ਨੋਲਾ ਦਾ ਕਿਰਦਾਰ ਨਿਭਾਉਣ ਵਿਚ ਉਸ ਨੂੰ ਕਾਫੀ ਮਦਦ ਮਿਲੀ ਹੈ। ਐਕਟਰ ਸਿਮਸਨ ਹੈਂਡਰਸਨ ਨੇ ਵੀ ਇਸ ਗੱਲ ਦੀ ਹਾਮੀ ਭਰੀ। ਉਹ ਵੀ ਸਾਊਥ ਸ਼ਿਕਾਗੋ ਨਾਲ ਸਬਧੰਤ ਹੋਣ ਕਰਕੇ ਉਸ ਨੇ ਬਚਪਨ ਤੋਂ ਸਭ ਕੁਝ ਭਲੀ ਭਾਂਤ ਵਾਚਿਆ ਹੈ। ਇਹ ਸਭ ‘ਜੈ’ ਦਾ ਰੌਲ ਅਦਾ ਕਰਨ ਵਿਚ ਬਹੁਤ ਸਹਾਇਕ ਹੋਇਆ।