ਫੁੱਟਬਾਲ ਦਾ ਮਸੀਹਾ ਸੁਖਵਿੰਦਰ ਸਿੰਘ ਸੁੱਖੀ

ਪ੍ਰਿੰ. ਸਰਵਣ ਸਿੰਘ
ਸੁਖਵਿੰਦਰ ਸੁੱਖੀ ਨੇ ਆਪਣੀ ਉਮਰ ਦੇ 70 ਸਾਲਾਂ ‘ਚੋਂ 50 ਸਾਲ ਫੁੱਟਬਾਲ ਦੇ ਲੇਖੇ ਲਾਏ। ਰਾਂਝੇ ਨੇ ਹੀਰ ਲਈ 12 ਵਰ੍ਹੇ ਮੱਝਾਂ ਚਰਾਈਆਂ। ਸੁੱਖੀ ਜੇ. ਸੀ. ਟੀ. ਮਿੱਲ, ਫਗਵਾੜਾ ਦੀ ਫੁੱਟਬਾਲ ਟੀਮ ਦਾ 17 ਸਾਲ ਕੋਚ ਰਿਹਾ। ਸਮਝ ਲਓ ਕਿ 17 ਵਰ੍ਹੇ ਮੱਝਾਂ ਚਰਾਉਂਦਾ ਰਿਹਾ। ਉਸ ਦੀ ਬਤੌਰ ਖਿਡਾਰੀ ਤੇ ਕੋਚ 29 ਸਾਲ ਜੇ. ਸੀ. ਟੀ. ਨਾਲ ਸਾਂਝ ਰਹੀ। ਜੇ. ਸੀ. ਟੀ. ਦੀ ਟੀਮ ਨੂੰ ਉਸ ਨੇ ਫਰਸ਼ ਤੋਂ ਅਰਸ਼ ‘ਤੇ ਪੁਚਾਇਆ। ਸਾਲਾਂ ਬੱਧੀ ਭਾਰਤ ਦੇ ਪ੍ਰਸਿੱਧ ਫੁੱਟਬਾਲ ਕੱਪਾਂ ਵਿਚ ਜੇ. ਸੀ. ਟੀ. ਦੀ ਤੂਤੀ ਬੋਲਦੀ ਰਹੀ। ਜੇ. ਸੀ. ਟੀ. ਨੇ 13 ਪੰਜਾਬੀ ਖਿਡਾਰੀ ਭਾਰਤੀ ਨੈਸ਼ਨਲ ਟੀਮਾਂ ਨੂੰ ਦਿੱਤੇ। ਸੁੱਖੀ ਖੁਦ ਜੇ. ਸੀ. ਟੀ. ਤੇ ਭਾਰਤੀ ਕੌਮੀ ਟੀਮਾਂ ਵਿਚ ਖੇਡਿਆ ਅਤੇ ਭਾਰਤੀ ਟੀਮਾਂ ਨੂੰ ਕੋਚਿੰਗ ਦਿੰਦਾ ਰਿਹਾ।

ਇਕ ਸਮੇਂ ਉਹ ਫੁੱਟਬਾਲ ਜਗਤ ਦਾ ‘ਕੋਚ ਆਫ ਦਾ ਮੰਥ’ ਐਲਾਨਿਆ ਗਿਆ ਯਾਨਿ ਵਿਸ਼ਵ ਪੱਧਰ ਦਾ ਕੋਚ। ਉਹ ਪਹਿਲਾ ਭਾਰਤੀ ਫੁੱਟਬਾਲ ਕੋਚ ਹੈ, ਜਿਸ ਨੂੰ ਇਹ ਸਨਮਾਨ ਮਿਲਿਆ। ਉਦੋਂ ਉਸ ਦੀ ਤਿਆਰ ਕੀਤੀ ਭਾਰਤੀ ਨੈਸ਼ਨਲ ਟੀਮ ਨੇ ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ.) ਦੀ ਟੀਮ ਨੂੰ ਹਰਾਇਆ ਸੀ। ਅਰਬੀ ਟੀਮ ਦਾ ਨਾਮਵਰ ਕੋਚ ਬੜਾ ਤਜਰਬੇਕਾਰ ਸੀ। ਪਹਿਲਾਂ ਉਹ ਓਲੰਪਿਕ ਜੇਤੂ ਫਰਾਂਸ ਦੀ ਟੀਮ ਦਾ ਕੋਚ ਰਿਹਾ ਸੀ। ਉਸ ਨੇ ਵੀ ਪੰਜਾਬੀ ਕੋਚ ਸੁੱਖੀ ਦੀ ਕੋਚਿੰਗ ਨੂੰ ਸਲਾਮ ਕੀਤੀ ਤੇ ਉਸ ਦੇ ਦਾਅ ਪੇਚਾਂ ਨੂੰ ਦਿਲੋਂ ਸਲਾਹਿਆ। ਸੁੱਖੀ ਆਪਣੇ ਮਿਲਾਪੜੇ ਸੁਭਾਅ ਨਾਲ ਵਿਰੋਧੀਆਂ ਦਾ ਦਿਲ ਜਿੱਤਦਾ ਰਿਹਾ। ਜਿੰਨਾ ਉਹ ਧਰਤੀ ਦੇ ਉਪਰ ਦਿਸਿਆ, ਓਦੂੰ ਵੱਧ ਧਰਤੀ ਹੇਠ ਵਿਚਰਿਆ।
ਸੁੱਖੀ ‘ਕੱਲਾ ਵਿਅਕਤੀ ਨਹੀਂ, ਇਕ ਸੰਸਥਾ ਦਾ ਨਾਂ ਹੈ। ਉਸ ਦੀ ਫੁੱਟਬਾਲ ਪ੍ਰਤੀ ਵਿਸ਼ੇਸ਼ ਪਹੁੰਚ ਤੇ ਵਿਸ਼ੇਸ਼ ਦ੍ਰਿਸ਼ਟੀਕੋਣ ਹੈ। ਭਾਰਤੀ ਫੁੱਟਬਾਲ ਦੀ ਕੋਚਿੰਗ ਵਿਚ ਇਕ ਸਮੇਂ ਉਹ ਸਰਬੋਤਮ ਕੋਚ ਸੀ। ਵਿਸ਼ਵ ਦੇ ਕਹਿੰਦੇ-ਕਹਾਉਂਦੇ ਖਿਡਾਰੀ ਉਸ ਦੇ ਗੁਰ ਹਾਸਲ ਕਰਦੇ ਸਨ। ਭਾਰਤੀ ਖਿਡਾਰੀਆਂ ਦਾ ਉਹ ਮੁਰਸ਼ਦ ਸੀ। ਉਸ ਦੇ ਗੁਰ, ਤਜਰਬੇ, ਖੇਡ ਦੀ ਵਿਲੱਖਣਤਾ ਤੇ ਕੋਚਿੰਗ ਸਕਿੱਲ ਨੂੰ ਮੁੱਖ ਰੱਖਦਿਆਂ ਏਸ਼ੀਅਨ ਕਨਫੈਡਰੇਸ਼ਨ ਨੇ ਉਸ ਨੂੰ ਸਰਬੋਤਮ ਕੋਚ ਦੇ ਅਵਾਰਡ ਨਾਲ ਸਨਮਾਨਿਆ ਸੀ। ਉਹ ਖੇਡ ਦੇ ਦਾਅ-ਪੇਚਾਂ ਦਾ ਧਨੀ ਸੀ। ਉਸ ਨੂੰ ਖਿਡਾਰੀਆਂ ਅੰਦਰ ਛੁਪੀਆਂ ਸੰਭਾਵਨਾਵਾਂ ਦਾ ਗੈਬੀ ਗਿਆਨ ਸੀ। ਇਹੋ ਕਾਰਨ ਹੈ ਕਿ ਉਸ ਦੀ ਕੋਚਿੰਗ ਨੇ ਸਾਧਾਰਨ ਘਰਾਂ ਦੇ ਸਾਧਾਰਨ ਮੁੰਡਿਆਂ ਨੂੰ ਫੁੱਟਬਾਲ ਦੇ ਨਾਇਕ ਬਣਾਇਆ। ਸੁੱਖੀ ਨੇ ਅਖਬਾਰਾਂ ਲਈ ਵੀ ਕੁਝ ਖੇਡ ਲੇਖ ਲਿਖੇ ਅਤੇ ਵਿਸ਼ਵ ਪ੍ਰਸਿੱਧ ਫੁੱਟਬਾਲ ਕੱਪਾਂ ‘ਤੇ ਟੀ. ਵੀ. ਤੋਂ ਮਾਹਿਰਾਨਾ ਟਿੱਪਣੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ।
ਅੱਜ ਕੱਲ੍ਹ ਉਹ ਆਪਣੀ ਪਤਨੀ ਸੁਖਦੇਵ ਕੌਰ ਨਾਲ ਫਗਵਾੜੇ ਰਿਟਾਇਰ ਜੀਵਨ ਬਿਤਾ ਰਿਹੈ। ਖੇਡਣ ਵੇਲੇ ਉਹਦਾ ਵਜ਼ਨ 63 ਤੋਂ 67 ਕਿੱਲੋ ਵਿਚਕਾਰ ਰਿਹਾ ਸੀ, ਹੁਣ 73-74 ਕਿੱਲੋ ਹੈ। ਜੁੱਸਾ ਫਿੱਟ ਰੱਖਣ ਲਈ ਲੰਮੀਆਂ ਸੈਰਾਂ ਕਰਦੈ ਤੇ ਮੁੜ੍ਹਕਾ ਵਹਾਉਂਦੀਆਂ ਕਸਰਤਾਂ। ਹਾਲੇ ਸਾਰੇ ਅੰਗ ਹਰੀ ਕਾਇਮ ਹਨ। ਗਾਲੜੀ ਸਿਰੇ ਦਾ ਹੈ, ਜਿਸ ਕਰਕੇ ਹਾਸਾ ਠੱਠਾ ਚਲਦਾ ਰਹਿੰਦੈ। ਫਗਵਾੜੇ ਪੰਜਾਬ ਦਾ ਪੇਲੇ ਇੰਦਰ ਸਿੰਘ, ਕੋਚ ਜਗੀਰ ਸਿੰਘ, ਡੀ. ਪੀ. ਈ. ਸੀਤਲ ਸਿੰਘ, ਫੁੱਟਬਾਲ ਦੇ ਹੋਰ ਖਿਡਾਰੀ, ਜੇ. ਸੀ. ਟੀ. ਦੇ ਅਧਿਕਾਰੀ, ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਤੇ ਹੋਰ ਕਈ ਦੋਸਤ ਮਿੱਤਰ ਉਹਦੇ ਅੰਗ-ਸੰਗ ਹਨ। ਘਰ ਆਏ-ਗਏ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਸੁਖਦੇਵ ਕੌਰ ਦੀ ਪ੍ਰਾਹੁਣਚਾਰੀ ਨਾਲ ਸੁੱਖੀ ਦੀ ਬੱਲੇ ਬੱਲੇ ਹੈ। ਉਨ੍ਹਾਂ ਦੀ ਧੀ ਅਮਨਪ੍ਰੀਤ ਕੌਰ ਪਵਾਰ ਨਾਰਵੇ ਵਿਚ ਵਿਆਹੀ ਹੈ ਤੇ ਪੁੱਤਰ ਗੁਰਸ਼ਰਨ ਸਿੰਘ ਸੰਧੂ ਕੈਨੇਡਾ ਵਿਚ ਹੈ, ਜਿਸ ਦਾ ਵਿਆਹ ਅਪਰੈਲ ਵਿਚ ਹੋਣਾ ਹੈ।
ਅਰਬਨ ਅਸਟੇਟ, ਫਗਵਾੜਾ ਦੇ ਜਿਸ ਸਜੇ-ਧਜੇ ਘਰ ਵਿਚ ਉਹ ਰਹਿ ਰਿਹੈ, ਉਹਦੀ ਸਪੋਰਟਸ ਕੋਟੇ ਵਾਲੀ ਮੁਢਲੀ ਅਲਾਟਮੈਂਟ ਏਸ਼ੀਆ ਦੇ ਫੁੱਟਬਾਲ ਜਰਨੈਲ, ਮਰਹੂਮ ਜਰਨੈਲ ਸਿੰਘ ਨੂੰ ਹੋਈ ਸੀ, ਜੋ ਉਸ ਨੇ ਦਰਿਆਦਿਲੀ ਨਾਲ ਸੁੱਖੀ ਦੇ ਖਾਤੇ ਪਾ ਦਿੱਤੀ। ਜਰਨੈਲ ਸਿੰਘ ਮੁੱਢ ਤੋਂ ਹੀ ਸੁੱਖੀ ਦਾ ਮਦਦਗਾਰ ਤੇ ਮਹਿਰਮ ਬਣਿਆ ਰਿਹਾ, ਜਿਸ ਦੀਆਂ ਮਿਹਰਾਂ ਨੂੰ ਉਹ ਕਦੇ ਨਹੀਂ ਭੁੱਲਿਆ। ਉਹ ਅਕਸਰ ਕਹਿੰਦਾ ਹੈ ਕਿ ਉਹਦਾ ਕੈਰੀਅਰ ਸਰਦਾਰ ਜਰਨੈਲ ਸਿੰਘ ਨੇ ਹੀ ਬਣਾਇਆ।
ਇਕ ਮੁਲਾਕਾਤ ਵਿਚ ਮੈਂ ਉਸ ਨੂੰ ਪੁੱਛਿਆ, ਤੁਹਾਨੂੰ ‘ਕੋਚ ਆਫ ਦਾ ਮੰਥ’ ਅਵਾਰਡ ਕਿਹੜੀ ਪ੍ਰਾਪਤੀ ਕਰਕੇ ਮਿਲਿਆ ਤਾਂ ਉਸ ਦਾ ਉੱਤਰ ਸੀ, “ਕੋਚ ਆਫ ਦਾ ਮੰਥ ਅਵਾਰਡ ਮੈਨੂੰ ਉਦੋਂ ਮਿਲਿਆ, ਜਦੋਂ ਕਰੀਬ ਸਾਰੇ ਏਸ਼ੀਆ ਮਹਾਂਦੀਪ ਵਿਚ ਵਰਲਡ ਕੱਪ ਲਈ ਕੁਆਲੀਫਾਇੰਗ ਮੁਕਾਬਲੇ ਹੋ ਰਹੇ ਸਨ ਤੇ ਸਾਰੇ ਕੋਚ ਪੱਬਾਂ ਭਾਰ ਸਨ। ਯੂ. ਏ. ਈ. ਦੀ ਟੀਮ, ਜਿਸ ਨੂੰ ਸਾਡੀ ਟੀਮ ਨੇ ਹਰਾਇਆ, ਉਸ ‘ਤੇ ਅਰਬਾਂ ਰੁਪਏ ਖਰਚੇ ਗਏ ਸਨ। ਉਸ ਦੇ ਫਰਾਂਸੀਸੀ ਕੋਚ ਦੀ ਤਨਖਾਹ ਉਦੋਂ 50 ਹਜ਼ਾਰ ਅਮਰੀਕੀ ਡਾਲਰ ਮਹੀਨਾ ਸੀ। ਉਹ 1984 ਦੀ ਓਲੰਪਿਕ ਜੇਤੂ ਤੇ 1986 ਦੇ ਵਿਸ਼ਵ ਕੱਪ ਦੀ ਬਰਾਂਜ਼ ਮੈਡਲ ਜੇਤੂ ਫਰਾਂਸ ਦੀ ਟੀਮ ਦਾ ਕੋਚ ਰਹਿ ਚੁਕਾ ਸੀ। ਯੂ. ਏ. ਈ. ਦੀ ਟੀਮ ਨੂੰ ਹਰਾਉਣਾ ਮੇਰੀ ਕੋਚਿੰਗ ਦੀ ਪਹਿਲੀ ਵੱਡੀ ਪ੍ਰਾਪਤੀ ਸੀ, ਜਿਸ ਵਿਚ ਖਿਡਾਰੀਆਂ ਦਾ ਵੱਡਾ ਯੋਗਦਾਨ ਸੀ। ਉਹਦੇ ਨਾਲ ਮੇਰੀ ਜਿੰਮੇਵਾਰੀ ਹੋਰ ਵਧ ਗਈ ਸੀ ਤੇ ਮੈਂ ਹੋਰ ਸ਼ਿੱਦਤ ਨਾਲ ਕੋਚਿੰਗ ਵਿਚ ਪਰਪੱਕ ਹੋਣ ਲੱਗ ਪਿਆ। ਨਵੀਆਂ ਖੇਡ ਪੁਸਤਕਾਂ ਤੇ ਖੇਡ ਮੈਗਜ਼ੀਨਾਂ ਦਾ ਅਧਿਐਨ ਕਰਦਾ ਰਿਹਾ।”
ਸੁੱਖੀ ਅਜੇ ਪੰਜ ਕੁ ਸਾਲ ਦਾ ਸੀ, ਜਦੋਂ ਖੂਹ ਵਿਚ ਡਿੱਗ ਪਿਆ ਸੀ। ਕੁਦਰਤੀ ਇਕ ਬੰਦਾ ਮੌਕੇ ‘ਤੇ ਬਹੁੜ ਪਿਆ, ਜਿਸ ਨੇ ਉਸ ਨੂੰ ਡੁਬਣੋਂ ਬਚਾਇਆ। ਨਾ ਕੇਵਲ ਬਚਾਇਆ ਸਗੋਂ ਬਾਅਦ ਵਿਚ ਉਸ ਨੇ ਰਿਸ਼ਤਾ ਵੀ ਕਰਵਾਇਆ ਤੇ ਸੁੱਖੀ ਦਾ ਘਰ ਵਸਾਇਆ। ਉਸ ਦਾ ਰਿਸ਼ਤਾ ਪਿੰਡ ਹਿਆਤਪੁਰ ਰੁੜਕੀ ਦੀ ਨੈਰੋਬੀ ਵਿਚ ਜਨਮੀ ਬੀਬੀ ਸੁਖਦੇਵ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ ਇਕ ਧੀ ਤੇ ਇਕ ਪੁੱਤ ਪੈਦਾ ਹੋਏ। ਜੇ ਕਿਤੇ ਉਹ ਖੂਹ ਵਿਚ ਡੁੱਬ ਜਾਂਦਾ ਤਾਂ ਕਦੋਂ ਦਾ ਭੁੱਲ ਭੁਲਾ ਜਾਂਦਾ, ਪਰ ਫੁੱਟਬਾਲ ਦੀ ਖੇਡ ਨੇ ਉਸ ਨੂੰ ਦੁਨੀਆਂ ਦੇ 25-30 ਮੁਲਕ ਵਿਖਾਉਣੇ ਸਨ, ਜਿਥੇ ਸੁੱਖੀ-ਸੁੱਖੀ ਕਰਵਾਉਣੀ ਸੀ।
ਉਹਦੀਆਂ ਤਿਆਰ ਕੀਤੀਆਂ ਟੀਮਾਂ ਨੇ ਕਲਕੱਤੇ ਦੀਆਂ ਈਸਟ ਬੰਗਾਲ, ਮੁਹੰਮਦਨ ਸਪੋਰਟਿੰਗ ਤੇ ਮੋਹਨ ਬਾਗਾਨ ਜਿਹੀਆਂ ਨਾਮੀ ਟੀਮਾਂ ‘ਤੇ ਲੱਤ ਫੇਰਨੀ ਸੀ। ਪੰਜਾਬ ਵਿਚ ਫੁੱਟਬਾਲ ਖਿਡਾਰੀਆਂ ਦੀ ਪਨੀਰੀ ਤਿਆਰ ਕਰਨੀ ਸੀ। ਪੰਜਾਬੀ ਖਿਡਾਰੀਆਂ ਦਾ ਯੋਗ ਮੁੱਲ ਪੁਆਉਣਾ ਤੇ ਉਨ੍ਹਾਂ ਦੀ ਕਦਰ ਕਰਨੀ ਸਿਖਾਉਣੀ ਸੀ। ਪੰਜਾਬ ਤੋਂ ਅਮਰੀਕ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਤੇਜਿੰਦਰ ਕੁਮਾਰ, ਗੁਰਟੇਕ ਸਿੰਘ, ਰਾਮ ਪਾਲ, ਹਰਦੀਪ ਸੰਘਾ, ਦਲਜੀਤ ਸਿੰਘ, ਹਰਦੀਪ ਗਿੱਲ, ਦੀਪਕ, ਪ੍ਰਭਜੋਤ ਸਿੰਘ, ਸੁਰਜੀਤ ਸਿੰਘ ਤੇ ਵਰਿੰਦਰ ਸਿੰਘ ਜਿਹੇ ਖਿਡਾਰੀ ਭਾਰਤੀ ਕੌਮੀ ਟੀਮਾਂ ਨੂੰ ਦੇਣੇ ਸਨ। ਉਸ ਨੇ ਡੁਰੰਡ ਕੱਪ, ਡੀ. ਸੀ. ਐਮ. ਕੱਪ, ਭਾਰਤੀ ਫੁੱਟਬਾਲ ਲੀਗ ਤੇ ਹੋਰ ਕਈ ਥਾਂਈਂ ਬੈਸਟ ਕੋਚ ਐਲਾਨੇ ਜਾਣ ਦੇ ਨਾਲ ਵਿਸ਼ਵ ਪੱਧਰ ਦਾ ਕੋਚ ਬਣਨਾ ਸੀ।
ਸੁੱਖੀ ਦਾ ਜਨਮ 6 ਜੁਲਾਈ 1948 ਨੂੰ ਪਿੰਡ ਫਤਿਹਪੁਰ ਖੁਰਦ, ਜਿਲਾ ਹੁਸ਼ਿਆਰਪੁਰ ਵਿਚ ਹੋਇਆ ਸੀ। ਸਕੂਲ ‘ਚ ਉਹਦੀ ਜਨਮ ਮਿਤੀ 6 ਜੁਲਾਈ 1949 ਲਿਖੀ ਗਈ, ਜਿਸ ਦਾ ਉਸ ਨੂੰ ਫਾਇਦਾ ਹੀ ਹੋਇਆ। ਉਹਦਾ ਜੱਦੀ ਪਿੰਡ ਫਤਿਹਪੁਰ ਮਾਹਿਲਪੁਰ ਲਾਗੇ ਹੈ, ਜਿਥੋਂ ਦੇ ਇਲਾਕੇ ਦੀ ਮਿੱਟੀ ਨੂੰ ਫੁੱਟਬਾਲ ਦੇ ਖਿਡਾਰੀ ਪੈਦਾ ਕਰਨ ਦੀ ਬਖਸ਼ਿਸ਼ ਹੈ, ਜਿਵੇਂ ਸੰਸਾਰਪੁਰ ਦੇ ਇਲਾਕੇ ਦੀ ਮਿੱਟੀ ਨੂੰ ਹਾਕੀ ਦੇ ਖਿਡਾਰੀ ਪੈਦਾ ਕਰਨ ਦਾ ਵਰ ਹੈ। ਸੁੱਖੀ ਦੀ ਮਾਤਾ ਜਗੀਰ ਕੌਰ ਤੇ ਪਿਤਾ ਪ੍ਰੀਤਮ ਸਿੰਘ ਖੇਤੀ ਕਰਦੇ ਸਨ, ਜੋ ਚਲਾਣਾ ਕਰ ਚੁਕੇ ਹਨ। ਸੁੱਖੀ ਹੋਰੀਂ ਤਿੰਨ ਭਰਾ ਸਨ ਤੇ ਇਕ ਭੈਣ। ਸੁੱਖੀ ਦਾ ਬਾਬਾ ਫੌਜ ਵਿਚ ਸੀ, ਜਿਸ ਨੂੰ ਬਹਾਦਰੀ ਵਿਖਾਉਣ ਬਦਲੇ ਮੈਡਲ ਮਿਲੇ ਤੇ ਬਾਰ ਵਿਚ ਤਿੰਨ ਮੁਰੱਬੇ ਭੋਇੰ ਮਿਲੀ। ਬਾਬੇ ਦੇ ਰਿਟਾਇਰ ਹੋਣ ਪਿੱਛੋਂ ਸਾਰਾ ਪਰਿਵਾਰ ਬਾਰ ਦੇ ਮੁਰੱਬਿਆਂ ‘ਤੇ ਚਲਾ ਗਿਆ ਸੀ।
1947 ਦੇ ਉਜਾੜੇ ਵੇਲੇ ਉਹ ਟੋਭਾ ਟੇਕ ਸਿੰਘ ਦੇ ਚੱਕ 98 ਦੀ ਝੋਟੇ ਦੇ ਸਿਰ ਵਰਗੀ ਭੋਇੰ ਛੱਡ ਕੇ ਮੁੜ ਫਤਿਹਪੁਰ ਖੁਰਦ ਆ ਗਏ ਸਨ, ਜਿਥੇ ਕੁਝ ਮਹੀਨਿਆਂ ਪਿਛੋਂ ਸੁੱਖੀ ਦਾ ਜਨਮ ਹੋਇਆ। ਉਸ ਨੇ ਅੱਠ ਜਮਾਤਾਂ ਫਤਿਹਪੁਰ ਪੜ੍ਹੀਆਂ ਅਤੇ 9ਵੀਂ, 10ਵੀਂ ਤੇ 11ਵੀਂ ਗੜ੍ਹਸੰਕਰ ਤੋਂ ਕੀਤੀ। ਕਦੇ ਉਹ ਹਾਕੀ ਖੇਡ ਲੈਂਦਾ, ਕਦੇ ਫੁੱਟਬਾਲ। ਜੁੱਸੇ ਦਾ ਭਾਵੇਂ ਹਲਕਾ ਫੁਲਕਾ ਸੀ, ਪਰ ਸੀ ਚੀੜ੍ਹਾ। ਮਾੜੀ ਮੋਟੀ ਸੱਟ ਫੇਟ ਦੀ ਪਰਵਾਹ ਨਹੀਂ ਸੀ ਕਰਦਾ। ਕੱਦ ਨਿੱਕਾ ਹੋਣ ਕਰਕੇ ਉਹਦਾ ਨਾਂ ਪੈ ਗਿਆ ਸੀ, ‘ਲਾਲ ਵਹੁਟੀ’ ਜਿਸ ਨੂੰ ਚੀਚ ਵਹੁਟੀ ਵੀ ਕਹਿੰਦੇ ਹਨ। ਪਹਿਲਾਂ ਉਹ ਆਰੀਆ ਕਾਲਜ, ਨਵਾਂ ਸ਼ਹਿਰ ਪੜ੍ਹਨ ਲੱਗਾ, ਫਿਰ ਜਰਨੈਲ ਸਿੰਘ ਦੇ ਆਖੇ ਖਾਲਸਾ ਕਾਲਜ, ਮਾਹਿਲਪੁਰ ਚਲਾ ਗਿਆ ਤੇ ਫਿਰ ਡੀ. ਏ. ਵੀ. ਕਾਲਜ, ਜਲੰਧਰ। ਬੀ. ਏ. ਉਸ ਨੇ ਬਰੇਕਾਂ ਲਾ ਕੇ ਕੀਤੀ। ਉਹ ਜਿਸ ਟੀਮ ਵਿਚ ਵੀ ਖੇਡਿਆ, ਉਹ ਯੂਨੀਵਰਸਿਟੀ ਚੈਂਪੀਅਨ ਬਣਦੀ ਰਹੀ ਤੇ ਯੂਨੀਵਰਸਿਟੀ ਇੰਟਰਵਰਸਿਟੀ ਚੈਂਪੀਅਨ। 1971 ਵਿਚ ਉਹ ਪੰਜਾਬ ਵੱਲੋਂ ਸੰਤੋਸ਼ ਟਰਾਫੀ ਖੇਡਿਆ ਤੇ ਫਿਰ ਲਗਾਤਾਰ 10-12 ਸਾਲ ਖੇਡਦਾ ਰਿਹਾ।
1966 ਵਿਚ ‘ਲਾਲ ਵਹੁਟੀ’ ਬਣਿਆ ਸੁੱਖੀ, ਰੈਫਰੀ ਬਣੇ ਜਰਨੈਲ ਸਿੰਘ ਦੀ ਨਜ਼ਰੇ ਚੜ੍ਹ ਗਿਆ, ਜਿਸ ਨੇ ਪਹਿਲੀ ਸਲਾਹ ਉਸ ਨੂੰ ਸਰੀਰ ਤਕੜਾ ਬਣਾਉਣ ਦੀ ਦਿੱਤੀ ਤੇ ਕਿਹਾ ਕਿ ਫੁੱਟਬਾਲ ਖੇਡਣੀ ਹੈ ਤਾਂ ਮਾਹਿਲਪੁਰ ਕਾਲਜ ਚਲਾ ਜਾਹ। ਫਿਰ ਚੱਲ ਸੋ ਚੱਲ ਹੋ ਗਈ। ਬੀ. ਏ. ਕੀਤੀ ਤਾਂ ਡੀ. ਏ. ਵੀ. ਜਲੰਧਰ ਵੱਲੋਂ ਫੁੱਟਬਾਲ ਖੇਡਣ ਲਈ ਐਮ. ਏ. ‘ਚ ਦਾਖਲਾ ਲੈ ਲਿਆ। ਫਿਰ ਕਲੱਬਾਂ ‘ਚ ਖੇਡਣ ਲੱਗ ਪਿਆ। ਨਕਦ ਇਨਾਮ ਮਿਲਣ ਲੱਗ ਪਏ ਤੇ ਨੌਕਰੀ ਮਿਲਣ ਦੀਆਂ ਆਸਾਂ ਜਾਗ ਪਈਆਂ। ਇਕ ਵਾਰ ਕਿਸੇ ਕਲੱਬ ਨੇ ਜਵਾਬ ਦਿੱਤਾ ਤਾਂ ਜਰਨੈਲ ਸਿੰਘ ਫਿਰ ਰਹਿਬਰ ਆ ਬਣਿਆ, ਜਿਸ ਨੇ ਮੱਤ ਦਿੱਤੀ ਕਿ ਐਨ. ਆਈ. ਐਸ਼, ਪਟਿਆਲੇ ਤੋਂ ਫੁੱਟਬਾਲ ਦਾ ਕੋਚਿੰਗ ਕੋਰਸ ਕਰ ਲੈ, ਜੋ ਜ਼ਿੰਦਗੀ ਭਰ ਕੰਮ ਆਵੇਗਾ। ਤੇ ਉਹੀ ਕੋਰਸ ਉਸ ਨੂੰ ਉਮਰ ਭਰ ਦੀਆਂ ਰੋਟੀਆਂ ਦੇ ਗਿਆ।
ਫਿਰ ਉਹ ਬੀ. ਐਸ਼ ਐਫ਼ ਵਿਚ ਸਬ ਇੰਸਪੈਕਟਰ ਭਰਤੀ ਹੋ ਗਿਆ ਤੇ ਬੀ. ਐਸ਼ ਐਫ਼ ਵੱਲੋਂ ਫੁੱਟਬਾਲ ਖੇਡਣ ਲੱਗਾ। ਇੰਸਪੈਕਟਰ ਬਣਿਆ ਤਾਂ ਨੌਕਰੀ ਛੱਡ ਦਿੱਤੀ, ਨਹੀਂ ਤਾਂ ਆਈ. ਜੀ. ਬਣ ਕੇ ਰਿਟਾਇਰ ਹੁੰਦਾ। ਉਹ 8 ਵਾਰ ਇੰਡੀਆ ਦੀਆਂ ਟੀਮਾਂ ਵਿਚ ਖੇਡਿਆ ਤੇ 11 ਵਾਰ ਸੰਤੋਸ਼ ਟਰਾਫੀਆਂ। ਉਸ ਦੀਆਂ ਪ੍ਰਾਪਤੀਆਂ ਵਿਚ 1986 ‘ਚ ਭਾਰਤ ਦੀ ਅੰਡਰ-16 ਟੀਮ, 1988-90 ਵਿਚ ਅੰਡਰ-19 ਟੀਮ, 1990-91 ਵਿਚ ਭਾਰਤੀ ਸੀਨੀਅਰ ਟੀਮ ਦਾ ਅਸਿਸਟੈਂਟ ਕੋਚ, 2002 ਵਿਚ ਭਾਰਤੀ ਟੀਮ ਦਾ ਟੈਕਨੀਕਲ ਡਾਇਰੈਕਟਰ, 1992-2002 ਤਕ ਭਾਰਤੀ ਟੀਮਾਂ ਨਾਲ ਕੋਚ, 1992-2009 ਤਕ ਜੇ. ਸੀ. ਟੀ. ਦੀ ਟੀਮ ਦਾ ਕੋਚ ਅਤੇ 2009 ਵਿਚ ਓਲੰਪਿਕ ਕੁਆਲੀਫਾਈ ਕਰਨ ਲਈ ਭਾਰਤੀ ਟੀਮ ਅੰਡਰ-23 ਦਾ ਕੋਚ ਬਣਨਾ ਸ਼ਾਮਲ ਹੈ। 1997 ਵਿਚ ਉਸ ਨੂੰ ਨੈਸ਼ਨਲ ਫੁੱਟਬਾਲ ਲੀਗ ਦਾ ਬੈਸਟ ਕੋਚ ਅਵਾਰਡ ਅਤੇ 1992 ਤੇ 96 ਵਿਚ ਡੁਰੰਡ ਕੱਪ ਦਾ ਬੈਸਟ ਕੋਚ ਅਵਾਰਡ ਮਿਲਿਆ।
ਉਸ ਦੀਆਂ ਤਿਆਰ ਕੀਤੀਆਂ ਟੀਮਾਂ ਨੇ 1995 ਵਿਚ ਸਿਸਰਜ਼ ਕੱਪ, 1997 ਵਿਚ ਰੋਵਰਜ਼ ਕੱਪ, 1995 ਤੇ 96 ਵਿਚ ਫੈਡਰੇਸ਼ਨ ਕੱਪ, 1992 ਤੇ 96 ਵਿਚ ਡੁਰੰਡ ਕੱਪ, 1996 ਵਿਚ ਆਈ. ਐਫ਼ ਏ. ਸ਼ੀਲਡ, 1997 ਵਿਚ ਇੰਡੀਅਨ ਲੀਗ ਤੇ 2009 ਵਿਚ ਸੈਫ ਚੈਂਪੀਅਨਸ਼ਿਪ ਸਮੇਤ ਦਰਜਨ ਦੇ ਕਰੀਬ ਵੱਡੀਆਂ ਜਿੱਤਾਂ ਜਿੱਤੀਆਂ; ਪਰ ਅਫਸੋਸ ਇਸ ਗੱਲ ਦਾ ਰਿਹਾ ਕਿ ਏਨੀ ਘਾਲਣਾ ਦੇ ਬਾਵਜੂਦ ਉਸ ਨੂੰ ਦਰੋਣਾਚਾਰੀਆ ਅਵਾਰਡ ਨਾ ਮਿਲ ਸਕਿਆ। ਕੀ ਪਤਾ ਕੋਈ ਅਦਾਰਾ ਉਸ ਨੂੰ ਬੁੱਢੇਵਾਰੇ ਹੀ ਯਾਦ ਕਰ ਲਵੇ? ਸੁੱਖੀ ਵਰਗੇ ਕੋਚ ਨਿੱਤ ਨਿੱਤ ਨਹੀਂ ਜੰਮਦੇ।