ਕਸ਼ਮੀਰ ਵਿਚ ਟੈਗੋਰ

ਬੰਗਲਾ ਸਾਹਿਤ ਅਤੇ ਸੰਗੀਤ ਨੂੰ ਨਵੇਂ ਸਿਰਿਓਂ ਘੜਨ ਵਾਲੇ ਮਹਾਂਕਵੀ ਰਬਿੰਦਰਨਾਥ ਟੈਗੋਰ (7 ਮਈ 1861-7 ਅਗਸਤ 1941) ਦੀਆਂ ਕਈ ਰਚਨਾਵਾਂ ਕਸ਼ਮੀਰੀ ਭਾਸ਼ਾ ਵਿਚ ਅਨੁਵਾਦ ਹੋਈਆਂ। ਉਹ ਇਕ ਵਾਰ ਕਸ਼ਮੀਰ ਗਏ ਸਨ। ਇਹ ਪਿਛਲੀ ਸਦੀ ਦੇ ਦੂਜੇ ਦਹਾਕੇ ਦੀ ਗੱਲ ਹੈ। ਉਨ੍ਹਾਂ ਦੀਆਂ ਕਈ ਰਚਨਾਵਾਂ ਵਿਚ ਕਸ਼ਮੀਰ ਦਾ ਚੋਖਾ ਜ਼ਿਕਰ ਆਇਆ ਹੈ। ਇਸ ਲੇਖ ਵਿਚ ਹਰਮਿੰਦਰ ਸਿੰਘ ਹਰਜੀ ਨੇ ਉਨ੍ਹਾਂ ਦੀ ਕਸ਼ਮੀਰ ਨਾਲ ਸਾਂਝ ਬਾਰੇ ਗੱਲਾਂ-ਬਾਤਾਂ ਕੀਤੀਆਂ ਹਨ।

-ਸੰਪਾਦਕ

ਹਰਮਿੰਦਰ ਸਿੰਘ ਹਰਜੀ
ਮਹਾਂਕਵੀ ਰਬਿੰਦਰਨਾਥ ਟੈਗੋਰ ਇਕ ਵਾਰ 1915 ਵਿਚ ਕਸ਼ਮੀਰ ਗਏ। ਕਸ਼ਮੀਰ ਘਾਟੀ ਵਿਚ ਠਹਿਰਨ ਸਮੇਂ ਕਸ਼ਮੀਰ ਦੀ ਖੂਬਸੂਰਤੀ ਬਾਰੇ ਆਪਣੇ ਮਨ ਵਿਚ ਜੋ ਅਕਸ ਉਲੀਕੇ, ਉਨ੍ਹਾਂ ਦਾ ਪ੍ਰਗਟਾਵਾ ਅਕਸਰ ਉਹ ਆਪਣੀਆਂ ਲਿਖਤਾਂ ਵਿਚ ਕਰਦੇ ਰਹੇ। ਉਸ ਸਮੇਂ ਮਹਾਰਾਜਾ ਪ੍ਰਤਾਪ ਸਿੰਘ ਕਸ਼ਮੀਰ ‘ਤੇ ਸ਼ਾਸਨ ਕਰਦੇ ਸਨ। ਮਹਾਰਾਜਾ ਗੁਲਾਬ ਸਿੰਘ ਨੇ 1846 ਵਿਚ ਸਿੱਖ ਰਾਜ ਦੇ ਪਤਨ ਪਿਛੋਂ ਕਸ਼ਮੀਰ ਨੂੰ ਅੰਗਰੇਜ਼ਾਂ ਪਾਸੋਂ 75 ਲੱਖ ਚਿਲਕੀ ਰੁਪਏ ਵਿਚ ਖਰੀਦਿਆ ਅਤੇ 1948 ਤੱਕ ਡੋਗਰਿਆਂ ਨੇ ਕਸ਼ਮੀਰ ‘ਤੇ ਰਾਜ ਕੀਤਾ। ਇਸ ਘਿਨਾਉਣੀ ਖਰੀਦ ਵਿਚ ਸਿਰਫ ਕਸ਼ਮੀਰ ਦੇ ਲੋਕ ਤੇ ਧਰਤੀ ਹੀ ਨਹੀਂ ਸੀ, ਸਗੋਂ ਨਦੀ ਨਾਲੇ, ਚਸ਼ਮੇ, ਦਰਿਆ, ਝੀਲਾਂ-ਦਰਿੰਦ, ਪਰਿੰਦ, ਚਰਿੰਦ ਅਤੇ ਬਨਸਪਤੀ ਵੀ ਸ਼ਾਮਲ ਸੀ। ਅਲਾਮਾ ਇਕਬਾਲ ਨੇ ਇਸ ਨੂੰ ਬੈਅਨਾਮਾ ਅੰਮ੍ਰਿਤਸਰ ਦਾ ਨਾਂ ਦਿੱਤਾ ਹੈ। ਉਸ ਨੇ ਫਾਰਸੀ ਸ਼ਿਅਰ ਵਿਚ ਕਸ਼ਮੀਰ ਦੇ ਲੋਕਾਂ ਦੀ ਗੁਲਾਮੀ ਦਾ ਪ੍ਰਗਟਾਵਾ ਕੀਤਾ ਹੈ।
ਦਹਕਾਨ-ਵਾ-ਕਸ਼ਤ,
ਜੂਹੇ-ਵਾ-ਖਿਆਬਾ,
ਫਰ-ਵਾ-ਖਤੰਗ।
ਕੋਮੇ-ਵਾ-ਫਰ-ਵਾ-ਖਤੰਗ,
ਵਚੈ ਅਰਜਾਂਹ,
ਫਰ-ਵਾ-ਖਤੰਗ।
(ਦਹਕਾਨ=ਕਿਸਾਨ, ਕਸ਼ਤ=ਖੇਤੀਬਾੜੀ, ਜੂਹੇ=ਨਹਿਰ, ਖਿਆਬਾ=ਕਿਆਰੀ, ਕੋਮ=ਲੋਕ, ਵਾ=ਨਾਲ, ਫਰ=ਸ਼ਾਨੋਸ਼ੌਕਤ, ਖਤੰਗ=ਬਿਰਖ= ਜਿਸ ਬਿਰਖ ਦੀ ਲੱਕੜੀ ਨਾਲ ਤੀਰ ਕਮਾਨ ਬਣਦੇ ਹਨ, ਵਚੈ=ਸਸਤੇ ਵਿਚ, ਅਰਜਾਂਹ=ਭਾਅ)
ਭਾਵ, ਕਿਸਾਨ ਉਸ ਦੀ ਖੇਤੀਬਾੜੀ, ਨਹਿਰਾਂ, ਕਿਆਰੀਆਂ ਅਤੇ ਕੌਮ ਦੀ ਇੱਜਤ ਸ਼ਾਨੋ-ਸ਼ੌਕਤ ਤੇ ਬਿਰਖ ਸਸਤੇ ਭਾਅ ਖਰੀਦੇ।
ਰਬਿੰਦਰਨਾਥ ਟੈਗੋਰ ਮਹਾਰਾਜਾ ਪ੍ਰਤਾਪ ਸਿੰਘ ਦੇ ਸ਼ਾਸਨ ਕਾਲ ਵਿਚ ਕਸ਼ਮੀਰ ਆਏ। ਉਸ ਦੇ ਸੰਗ ਉਸ ਦਾ ਪੁੱਤਰ ਰਤਿੰਦਰਨਾਥ ਟੈਗੋਰ ਤੇ ਨੂੰਹ ਅਤੇ ਇਕ ਹੋਰ ਬੰਗਾਲੀ ਸ਼ਾਇਰ ਸਤਿੰਦਰ ਨਾਥ ਚੈਟਰਜੀ ਵੀ ਸੀ। ਟੈਗੋਰ ਨੂੰ ਇਕ ਬੰਗਾਲੀ ਵਿਅਕਤੀ ਜਗਦੀਸ਼ ਚੰਦਰ ਚੈਟਰਜੀ ਨੇ ਕਸ਼ਮੀਰ ਆਉਣ ਦਾ ਸੱਦਾ ਦਿੱਤਾ ਸੀ, ਜੋ ਸ੍ਰੀਨਗਰ ਵਿਖੇ ਚੰਦਰ ਚੈਟਰਜੀ ਦੇ ਖੋਜ ਤੇ ਵਿਕਾਸ ਵਿਭਾਗ ਵਿਚ ਸੰਚਾਲਕ ਦੇ ਅਹੁਦੇ ‘ਤੇ ਕੰਮ ਕਰਦਾ ਸੀ। ਇਸ ਵਿਭਾਗ ਨੂੰ ਉਸ ਸਮੇਂ ਵਿਦਿਆਪੀਠ ਆਖਦੇ ਸਨ।
ਜਦੋਂ ਰਬਿੰਦਰਨਾਥ ਟੈਗੋਰ ਰਾਵਲਪਿੰਡੀ ਰਸਤੇ ਕਸ਼ਮੀਰ ਆਏ ਤਾਂ ਉਨ੍ਹਾਂ ਦਾ ਜਗਦੀਸ਼ ਚੰਦਰ ਚੈਟਰਜੀ ਨੇ ਸਵਾਗਤ ਕੀਤਾ। ਉਸ ਨੇ ਮੋਜ਼ਿਜ਼ ਮਹਿਮਾਨਾਂ ਦੇ ਠਹਿਰਨ ਦਾ ਪ੍ਰਬੰਧ ਡਲ ਝੀਲ ਵਿਖੇ ਹਾਊਸ ਬੋਟ ਵਿਚ ਕੀਤਾ, ਜਿਸ ਦਾ ਨਾਂ ਪਰੇਸਤਾਨ (ਪਰੀਆਂ ਦਾ ਦੇਸ਼) ਸੀ। ਇਸ ਹਾਊਸ ਬੋਟ ਦਾ ਸਾਰਾ ਫਰਨੀਚਰ ਅਖਰੋਟ ਦੀ ਲੱਕੜ ਵਿਚ ਚਿੱਤਰਕਾਰੀ ਦੇ ਕੰਮ ਨਾਲ ਬਣਿਆ ਸੀ। ਇਸ ਦੀ ਸਜਾਵਟ ਕਸ਼ਮੀਰੀ ਗਲੀਚਿਆਂ ਅਤੇ ਖਿੜਕੀਆਂ ‘ਤੇ ਪੱਟ (ਰੇਸ਼ਮ) ਦੇ ਪਰਦਿਆਂ ਨਾਲ ਕੀਤੀ ਗਈ ਸੀ। ਜਗਦੀਸ਼ ਚੰਦਰ ਚੈਟਰਜੀ ਆਪ ਸਨਮਾਨਤ ਮਹਿਮਾਨਾਂ ਦੀ ਸੇਵਾ ਕਰਦੇ ਸਨ ਅਤੇ ਉਨ੍ਹਾਂ ਦੀ ਖਾਹਿਸ਼ ਅਨੁਸਾਰ ਉਨ੍ਹਾਂ ਨੂੰ ਕਸ਼ਮੀਰ ਦੀਆਂ ਰਮਣੀਕ ਤੇ ਖੂਬਸੂਰਤ ਥਾਂਵਾਂ ਦੇ ਸੈਰ-ਸਪਾਟੇ ਲਈ ਲੈ ਜਾਂਦੇ ਸਨ। ਸ਼ਖਸੀ ਰਾਜ ਵੇਲੇ ਰਿਵਾਜ਼ ਅਤੇ ਸਰਕਾਰੀ ਹੁਕਮ ਹੁੰਦਾ ਸੀ ਕਿ ਕਸ਼ਮੀਰ ਵਿਚ ਬਾਹਰੋਂ ਆਈ ਉਚ ਸ਼ਖਸੀਅਤ ਨੂੰ ਸਰਕਾਰੀ ਅਧਿਕਾਰੀ ਦੇ ਦਫਤਰ ਜਾ ਕੇ ਮਹਿਮਾਨਾਂ ਲਈ ਰੱਖੀ ਪੁਸਤਕ ‘ਤੇ ਆਪਣੇ ਵਿਚਾਰ ਤੇ ਖਿਆਲ ਅੰਕਿਤ ਕਰਨੇ ਜ਼ਰੂਰੀ ਸਨ।
ਟੈਗੋਰ ਨੂੰ ਜਦੋਂ ਇਹ ਸੂਚਨਾ ਮਿਲੀ ਤਾਂ ਉਸ ਨੇ ਆਪਣੇ ਮੇਜ਼ਬਾਨ ਨੂੰ ਸਪਸ਼ਟ ਸ਼ਬਦਾਂ ਵਿਚ ਸੂਚਿਤ ਕੀਤਾ, “ਨਾ ਤਾਂ ਮੈਂ ਮਹਾਰਾਜੇ ਜਾਂ ਰੈਜੀਡੈਂਟ ਨੂੰ ਮਿਲਣ ਜਾਵਾਂਗਾ ਅਤੇ ਨਾ ਹੀ ਮਹਿਮਾਨਾਂ ਲਈ ਪੁਸਤਕ ‘ਤੇ ਆਪਣੇ ਵਿਚਾਰ ਪ੍ਰਗਟਾਵਾਂਗਾ। ਮੇਰੀ ਜਾਚੇ ਕਸ਼ਮੀਰ ਦੀ ਮਜ਼ਲੂਮ ਰਈਅਤ ਚੀਥੜਿਆਂ ਨਾਲ ਤਨ ਕਜਦੀ ਹੈ ਅਤੇ ਕਰੜੀ ਮਿਹਨਤ ਪਿਛੋਂ ਵੀ ਇਨ੍ਹਾਂ ਨੂੰ ਦੋ ਟੁੱਕ ਰੋਟੀ ਦੇ ਨਸੀਬ ਨਹੀਂ ਹੁੰਦੇ। ਇਹ ਗਰੀਬ ਲੋਕ ਮੇਰੇ ਧਿਆਨ ਦੇ ਹੱਕਦਾਰ ਹਨ।”
ਸ੍ਰੀਨਗਰ ਠਹਿਰਾਉ ਸਮੇਂ ਸ੍ਰੀ ਪ੍ਰਤਾਪ ਕਾਲਜ ਦੇ ਪ੍ਰਬੰਧਕਾਂ ਨੇ ਟੈਗੋਰ ਨੂੰ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਭੇਜਿਆ, ਜੋ ਇਨ੍ਹਾਂ ਨੇ ਸਵੀਕਾਰ ਕੀਤਾ ਅਤੇ ਕਾਲਜ ਪੁੱਜਣ ‘ਤੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੇ ਇਨ੍ਹਾਂ ਦਾ ਰੌਚਿਕ ਤੇ ਹਾਰਦਿਕ ਸੁਆਗਤ ਕੀਤਾ। ਸਾਰੇ ਵਿਦਿਆਰਥੀ ਕਾਲਜ ਦੇ ਆਡੀਟੋਰੀਅਮ (ਹਾਲ) ਵਿਚ ਮਹਾਂਕਵੀ ਟੈਗੋਰ ਦੇ ਦਰਸ਼ਨਾਂ ਲਈ ਵਿਆਕੁਲ ਸਨ। ਹਾਲ ਵਿਚ ਪ੍ਰਵੇਸ਼ ਹੋਣ ‘ਤੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੇ ਤਾੜੀਆਂ ਦੀ ਗੂੰਜ ਨਾਲ ਭਾਰਤੀ ਸਭਿਅਤਾ ਅਤੇ ਸਖਾਫਤ ਦੇ ਦੂਤ ਦਾ ਸਵਾਗਤ ਕੀਤਾ।
ਮਹਾਂਕਵੀ ਟੈਗੋਰ ਜਦੋਂ ਭਾਸ਼ਣ ਦੇਣ ਲਈ ਮੰਚ ‘ਤੇ ਆਏ, ਉਨ੍ਹਾਂ ਵਿਦਿਆਰਥੀਆਂ ਤੋਂ ਇਹ ਪੁੱਛਿਆ ਕਿ ਕਿਸੇ ਕੋਲ ਉਸ ਦੀ 1913 ਵਿਚ ਨੋਬੇਲ ਜੇਤੂ ਪੁਸਤਕ ‘ਗੀਤਾਂਜਲੀ’ ਹੈ? ਇਕ ਵਿਦਿਆਰਥੀ ਨੇ ਸਭਾ ‘ਚੋਂ ਉਠ ਕੇ ਉਨ੍ਹਾਂ ਨੂੰ ‘ਗੀਤਾਂਜਲੀ’ ਦਿੱਤੀ। ਇਸ ਵਿਚੋਂ ਮਹਾਂਕਵੀ ਨੇ ਲਾਸਾਨੀ ਕਵਿਤਾ (ਨਜ਼ਮ) ਪੜ੍ਹ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ, ਜਿਸ ਵਿਚ ਮਨੁੱਖ ਦਾ ਦੇਸ਼ ਲਈ ਪਿਆਰ ਅਤੇ ਉਸ ਦੀ ਮਨਭਾਉਂਦੀ ਖਾਹਿਸ਼ ਦਾ ਵਰਣਨ ਸੀ। ਇਸ ਅਨੁਸਾਰ ਸ਼ਾਇਰ ਦੀ ਦ੍ਰਿਸ਼ਟੀ ਵਿਚ ਸਾਰੀ ਦੁਨੀਆਂ ਨਾਲ ਇਕ-ਮਿਕ ਹੋ ਕੇ ਪ੍ਰੇਮ ਕਰਨਾ। ਲੋਕਾਈ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕਰਨੀ, ਜੋ ਭਾਰਤੀ ਸਭਿਅਤਾ ਦਾ ਅਹਿਮ ਮੂਲ ਤੱਤ ਹੈ। ਮਾਨਵੀ ਏਕਤਾ, ਤਰਕ ਬੁੱਧੀ ਆਧਾਰਿਤ ਆਜ਼ਾਦੀ, ਭਾਰਤੀ ਸਭਿਅਤਾ ਦੀ ਅਹਿਮ ਬੁਨਿਆਦ ਹੈ। ਅਸੀਂ ਭਾਰਤ ਦੇ ਉਚੇਰੇ ਕਿਰਦਾਰ ਤੇ ਸਿਧਾਂਤ ਨੂੰ ਭੁੱਲ ਚੁਕੇ ਹਾਂ, ਜਿਸ ਨੇ ਸਾਰੀ ਦੁਨੀਆਂ ਨੂੰ ਆਪਣੀ ਹਿੱਕ ਵਿਚ ਸਮੇਟਿਆ ਹੋਇਆ ਸੀ। ਮੁਨਵਰ ਲਖਨਵੀ ਨੇ ਕਵਿਤਾ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਹੈ:
ਜਿਥੇ ਸਿਰ ਖੱਮ ਨਾ ਹੋਵੇ
ਖਤਰੇ ਦੀ ਬੋ ਨਾ ਆਉਂਦੀ ਹੋਵੇ
ਜਿਥੇ ਸਿੱਖਿਆ ਵਿਚ ਨਾ ਰੁਕਾਵਟ ਹੋਵੇ
ਜਿਥੇ ਝਗੜਿਆਂ, ਬਖੇੜਿਆਂ ਨੇ
ਘਰ ਨਾ ਗਾਲੇ ਹੋਣ
ਜਿਥੇ ਸੰਸਾਰ ਦੇ ਟੁਕੜੇ
ਤੇ ਤਿਣਕੇ ਨਾ ਕੀਤੇ ਹੋਣ
ਜਿਥੇ ਤੇਰੀ ਰਹਿਨੁਮਾਈ ਵਿਚ
ਦਿਲ ਉਨਤੀ ਦਾ ਧੁਰਾ ਹੋਵੇ
ਜਿਥੇ ਹੁਸ਼ਿਆਰੀ ਵਿਚ
ਆਪਣਾ ਦੇਸ਼ ਅੱਗੇ ਵਧੇ
ਉਥੇ ਐ ਮੇਰੇ ਖਾਲਕ
ਮੇਰਾ ਦੇਸ਼ ਨੀਂਦਰ ਤੋਂ ਜਾਗੇ।
ਸ੍ਰੀਨਗਰ ਵਿਚ ਟੈਗੋਰ ਦੀ ਪ੍ਰਧਾਨਗੀ ਵਿਚ ਵਿਸ਼ਾਲ ਆਵਾਮੀ ਕਵੀ ਦਰਬਾਰ ਜ਼ੈਨਾ ਕੱਦਲ, ਦਰਿਆ ਜਿਹਲਮ ਦੇ ਕਿਨਾਰੇ ਸਥਿਤ ਪ੍ਰਸਿਧ ਗਿਆਤਾ ਪੰਡਿਤ ਅਨੰਦ ਕੋਲ ਬਾਂਮਜਾਈ ਦੇ ਘਰ ਕਰਵਾਇਆ ਗਿਆ। ਕਵੀ ਦਰਬਾਰ ਵਿਚ ਟੈਗੋਰ ਮਹਿਜੂਰ ਅਤੇ ਮਾਸਟਰ ਜਿੰਦਕੋਲ ਦੇ ਕਲਾਮਾਂ ਨੂੰ ਸੁਣ ਕੇ ਦਾਦ ਤੇ ਪ੍ਰਸ਼ੰਸਾ ਕਰਨੋਂ ਨਾ ਰਹਿ ਸਕਿਆ। ਕਸ਼ਮੀਰ ਵਿਚ ਆਪਣੇ ਕਿਆਮ ਸਮੇਂ ਟੈਗੋਰ ਮਾਰਤੰਡ ਦੇ ਅੱਠਵੀਂ ਸਦੀ ਵਿਖੇ ਲਲਤਾਦਿਤਿਆ ਦੇ ਸ਼ਾਸਨ ਕਾਲ ਵਿਚ ਉਸਾਰੇ ਖਾਲਸ ਪੱਥਰ ਦੇ ਮੰਦਿਰਾਂ ਦੀ ਬਣਤਰ ਤੇ ਕਾਰੀਗਰੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਵਾਰ ਵਾਰ ਇਹ ਮੰਦਿਰ ਦੇਖਣ ਦੀ ਖਾਹਿਸ਼ ਪ੍ਰਗਟ ਕੀਤੀ। ਕਸ਼ਮੀਰ ਦੇ ਕੁਦਰਤੀ ਦਿਲ-ਖਿੱਚਵੇਂ ਤੇ ਹੁਸੀਨ ਨਜ਼ਾਰੇ ਅਤੇ ਡਲ ਦੀ ਰਮਣੀਕ ਫਿਜ਼ਾ ਉਨ੍ਹਾਂ ਦੇ ਕਾਵਿਕ ਜਜ਼ਬਿਆਂ ਨੂੰ ਹਲੂਣਾ ਦੇਣ ਲਈ ਕਾਫੀ ਸਨ। ਉਸੇ ਸਮੇਂ ਟੈਗੋਰ ਨੇ ਕਸ਼ਮੀਰ ਪ੍ਰਤੀ ‘ਮਾਨਸੀ’ ਸਿਰਲੇਖ ਹੇਠ ਕਵਿਤਾ ਲਿਖੀ, ਜਿਸ ਦੇ ਅਨੁਵਾਦਤ ਸ਼ਿਅਰ ਇਥੇ ਦਰਜ ਕੀਤੇ ਹਨ:
ਅੱਜ ਪਹੁ ਫੁਟਾਲੇ, ਇਸ ਬਾਗ ਵਿਚ
ਸ਼ਬਨਮ ਦੇ ਕਤਰੇ ਦਰਿਆ ਕਿਨਾਰੇ
ਬੇਦ ਦੇ ਪੱਤਰਾਂ ਤੇ ਧੁੱਪ ਦੀ ਸਰਸਰਾਹਟ
ਨਾਲ ਲਿਸ਼ਕ ਰਹੇ ਨੇ।
ਫਿਰ ਬੇਦ ਦੇ ਰੁੱਖ
ਇਕ ਦੂਜੇ ਨਾਲ ਰਲਣ ਲੱਗਦੇ ਨੇ।
ਅਤੇ
ਸ਼ਾਇਰ ਦੇ ਦਿਲ ਵਿਚ ਸਿਮਟ ਕੇ
ਆਪਣੀ ਥਾਂ ਬਣਾ ਲੈਂਦੇ ਨੇ।
ਫਿਰ ਇਉਂ ਲੱਗਦਾ ਜਿਵੇਂ ਇਕ ਥਾਂ ‘ਤੇ
ਇਕੱਠੇ ਹੋ ਗਏ ਹੋਣ।
ਕਸ਼ਮੀਰ ਦੇ ਸੈਰ-ਸਪਾਟੇ ਸਮੇਂ ਟੈਗੋਰ ਡਲ ਝੀਲ ਦੇ ਹਾਊਸ ਬੋਟ ਨੂੰ ਛੱਡ ਕੇ ਰਾਮ ਮੁਨਸ਼ੀ ਬਾਗ ਦਰਿਆ ਜਿਹਲਮ ਦੇ ਕਿਨਾਰੇ ਹਾਊਸ ਬੋਟ ਵਿਚ ਰਹਿਣ ਲੱਗੇ। ਜਿਥੇ ਉਨ੍ਹਾਂ ਨੇ ‘ਬਲਾਕਾ’ (ਰਾਜ ਹੰਸ ਦੀ ਉਡਾਨ) ਸਿਰਲੇਖ ਹੇਠ ਨਜ਼ਮ ਲਿਖੀ, ਜਿਸ ਵਿਚ ਮਹਾਂਕਵੀ ਨੇ ਕਸ਼ਮੀਰ ਦੇ ਹੁਸਨ ਦੀ ਤਸਵੀਰ ਖਿਆਲੀ ਕੀਤੀ ਹੈ। ਆਥਣ ਵੇਲੇ ਟੈਗੋਰ ਹਾਊਸ ਬੋਟ ਦੀ ਛੱਤ ‘ਤੇ ਬਹਿ ਕੇ ਦਰਿਆ ਦੀਆਂ ਲਹਿਰਾਂ ਦਾ ਦ੍ਰਿਸ਼ ਵੇਖ ਰਹੇ ਸਨ ਕਿ ਉਸੇ ਸਮੇਂ ਸਫੈਦ ਹੰਸਾਂ ਦਾ ਇਕ ਝੁੰਡ ਉਪਰੋਂ ਪਰਵਾਜ਼ ਕਰਕੇ ਫਲਕ ਦੀ ਪੌਣ ਵਿਚ ਉਡਦਾ ਰਿਹਾ। ਇਹ ਚਿੱਟੇ ਹੰਸ ਅਜੋਕੇ ਕਲਾ ਵਣਜ ਕੇਂਦਰ ਦੇ ਬਾਗ ਵਿਚ ਫਲਕ ਨਾਲ ਗੱਲਾਂ ਕਰਦੇ ਚਿਨਾਰਾਂ ਦੇ ਰੁੱਖਾਂ ‘ਤੇ ਬਸੇਰਾ ਕਰਦੇ ਸਨ। ਇਹ ਦ੍ਰਿਸ਼ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਤ ਹੋਏ। ਨਜ਼ਮ ਦੇ ਕੁਝ ਪਦ:
ਸੁਰਖ ਸ਼ਾਮ ਦੀਆਂ ਛਾਂਵਾਂ ਵਿਚ,
ਜਿਹਲਮ ਦੀਆਂ ਲਹਿਰਾਂ,
ਸੁਨਹਿਰੀ ਤਾਰਿਆਂ ਦਾ
ਪ੍ਰਕਾਸ਼ ਬਖੇਰ ਰਹੀਆਂ ਸਨ।
ਤਾਰਿਆਂ ਦਾ ਜਲੂਸ,
ਪਾਣੀ ‘ਤੇ ਵਹਿੰਦੇ ਫੁੱਲਾਂ ਵਾਂਗ ਜਾ ਰਿਹਾ ਸੀ
ਦਰਿਆ ਦੇ ਕਿਨਾਰੇ ਉਚੇ ਪਹਾੜ ਤੇ ਕੋਹ
ਪਹਿਰੇਦਾਰਾਂ ਦੀ ਤਰ੍ਹਾਂ ਸਿੱਧੇ ਖੜ੍ਹੇ ਹਨ।
ਅਤੇ
ਤਖਲੀਕ ਖੁਆਬ ਵਿਚ
ਆਪਣੀ ਪੂਰਤੀ ਲੱਭ ਰਹੀ ਹੈ।
1916 ਵਿਚ ਟੈਗੋਰ ਦਾ ਬੰਗਾਲੀ ਭਾਸ਼ਾ ਵਿਚ ਕਾਵਿ-ਸੰਗ੍ਰਿਹ ‘ਬਲਾਕਾ’ ਪ੍ਰਕਾਸ਼ਿਤ ਹੋਇਆ, ਜਿਸ ਵਿਚ ਕਸ਼ਮੀਰ ਬਾਰੇ ਸਾਰੀਆਂ ਕਵਿਤਾਵਾਂ ਸ਼ਾਮਲ ਸਨ।
ਸ਼ਾਇਰ-ਏ-ਕਸ਼ਮੀਰ ਗੁਲਾਮ ਅਹਿਮਦ ਮਹਿਜੂਰ ਪ੍ਰਤੀ ਮਹਾਂਕਵੀ ਟੈਗੋਰ ਨਾਲ ਸਬੰਧਾਂ ਬਾਰੇ ਕੁਝ ਹਕੀਕੀ ਤੱਥ ਪ੍ਰਾਪਤ ਹੋਏ ਸਨ। ਦਰਅਸਲ ਮਹਿਜੂਰ ਪ੍ਰਤੀ ਟੈਗੋਰ ਨੂੰ ਪੂਰੀ ਜਾਣਕਾਰੀ ਉਸ ਵੇਲੇ ਪ੍ਰਾਪਤ ਹੋਈ, ਜਦੋਂ ਉਘੇ ਤੇ ਪ੍ਰਗਤੀਵਾਦੀ ਕਲਾਕਾਰ ਬਲਰਾਜ ਸਾਹਨੀ ਨੇ ਜਨਵਰੀ 1938 ਵਿਚ ਸ਼ਾਂਤੀ ਨਿਕੇਤਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਤ੍ਰੈਮਾਸਿਕ ਰਸਾਲੇ ਵਿਚ ਮਹਿਜੂਰ ਬਾਰੇ ਲੇਖ ਪ੍ਰਕਾਸ਼ਿਤ ਕੀਤਾ। ਇਸ ਤੋਂ ਪਹਿਲਾਂ 1935 ਵਿਚ ਦੈਨਿਕ ਉਰਦੂ ਅਖਬਾਰ ‘ਮਾਰਤੰਡ’ ਵਿਚ ਦਵਿੰਦਰ ਸਤਿਆਰਥੀ ਦਾ ਮਹਿਜੂਰ ਬਾਰੇ ਲੇਖ ਪ੍ਰਕਾਸ਼ਿਤ ਹੋਇਆ ਸੀ। ਇਸ ਦੇ ਨਾਲ ਹੀ ਕਿਸੇ ਗੈਰ-ਕਸ਼ਮੀਰੀ ਨੇ ਮਹਿਜੂਰ ਦੀ ਗਜ਼ਲ ਅਨੁਵਾਦ ਕਰਕੇ ‘ਮਾਡਰਨ ਰਿਵਿਊ’ ਵਿਚ ਪ੍ਰਕਾਸ਼ਿਤ ਕੀਤੀ ਸੀ। ਇਨ੍ਹਾਂ ਪ੍ਰਕਾਸ਼ਨਾਂ ਰਾਹੀਂ ਟੈਗੋਰ ਤੇ ਮਹਿਜੂਰ ਵਿਚਾਲੇ ਅਦਿੱਖ ਰਿਸ਼ਤੇ ਹੋਰ ਪੀਢੇ ਹੋ ਗਏ।
ਜਦੋਂ ਟੈਗੋਰ ਨੇ ਮਾਡਰਨ ਰਿਵਿਊ ਵਿਚ ਮਹਿਜੂਰ ਦੀ ਗਜ਼ਲ ਦਾ ਅਨੁਵਾਦ ਪੜ੍ਹਿਆ ਤਾਂ ਉਸ ਨੂੰ ਇਹ ਕਲਾਮ ਬਹੁਤ ਪਸੰਦ ਆਇਆ। ਟੈਗੋਰ ਨੇ ਸ਼ਾਂਤੀ ਨਿਕੇਤਨ ਦੇ ਅਧਿਆਪਕ ਤੇ ਲੋਕ ਗੀਤ ਮਿਸ਼ਨ ਦੇ ਡਾਇਰੈਕਟਰ ਦਵਿੰਦਰ ਸਤਿਆਰਥੀ ਨੂੰ 1940 ਵਿਚ ਮਹਿਜੂਰ ਦੇ ਜੀਵਨ ਅਤੇ ਰਚਨਾ ਪ੍ਰਤੀ ਵੇਰਵਾ ਇਕੱਠਾ ਕਰਨ ਲਈ ਕਸ਼ਮੀਰ ਭੇਜਿਆ। ਸਤਿਆਰਥੀ ਨੇ ਇਕ ਮਹੀਨਾ ਸ੍ਰੀਨਗਰ ਰਹਿ ਕੇ ਇਸ ਸਭ ਦੀ ਸ਼ੀਰਾਜ਼ਾਬੰਦੀ ਕੀਤੀ ਅਤੇ ਉਰਦੂ ਅਨੁਵਾਦ ਅਨੰਦ ਕੋਲ ਬਾਂਮਜਾਈ ਨੇ ਕੀਤਾ। ਜਦੋਂ ਦਵਿੰਦਰ ਸਤਿਆਰਥੀ ਨੇ ਇਹ ਸਾਰਾ ਕਲਾਮ ਟੈਗੋਰ ਨੂੰ ਦਿਖਾਇਆ ਤਾਂ ਮਹਾਂਕਵੀ ਬਹੁਤ ਖੁਸ਼ ਹੋਏ ਅਤੇ ਮਹਿਜੂਰ ਦੇ ਗੀਤ ਦਾ ਅਨੁਵਾਦ ਸੁਣ ਕੇ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਕਿਹਾ, “ਜੇ ਮਹਿਜੂਰ ਬੰਗਾਲੀ ਭਾਸ਼ਾ ਤੋਂ ਜਾਣੂ ਹੁੰਦਾ ਤੇ ਮੈਂ ਬਿਨਾ ਕਿਸੇ ਸੰਕੋਚ ਦੇ ਕਹਿੰਦਾ ਕਿ ਉਸ ਨੇ ਮੇਰੇ ਹੀ ਖਿਆਲਾਂ ਦੀ ਤਰਜਮਾਨੀ ਕੀਤੀ ਹੈ, ਕਿਉਂਕਿ ਸ਼ਾਇਰੀ ਵਿਚ ਉਸ ਦੇ ਖਿਆਲ ਬਹੁਤ ਹੱਦ ਤੱਕ ਮੇਰੇ ਖਿਆਲਾਂ ਨਾਲ ਮਿਲਦੇ-ਜੁਲਦੇ ਹਨ।” ਇਕ ਬਿਆਨ ਵਿਚ ਟੈਗੋਰ ਨੇ ਮਹਿਜੂਰ ਨੂੰ ਕਸ਼ਮੀਰ ਦਾ ਵਰਡਜ਼ ਵਰਥ ਕਿਹਾ ਸੀ। ਇਸ ਕਦਰਦਾਨੀ ਦੇ ਇਵਜ਼ ਮਹਿਜੂਰ ਨੇ ਇਹ ਸ਼ਿਅਰ ਲਿਖੇ:
ਮੇਰੇ ਗੁਲਸ਼ਨ ਦੇ ਗੁਲਾਲ ਖਿੜੇ ਹਨ
ਖੇੜੇ ‘ਚ ਭਰਪੂਰ ਲੋਕ
ਤਸਵੀਰਾਂ ਖਿੱਚ ਰਹੇ ਕਸ਼ਮੀਰੀਆਂ ਨੂੰ
ਬੰਗਾਲੀ ਬੁਲਬੁਲ ਮੁਬਾਰਕ ਹੋਵੇ
ਮੇਰੀ ਸਹੇਲੀ ਮੈਂ ਆਪਣਾ ਜੋਬਨ
ਕਿਸ ਨੂੰ ਦਿਖਾਵਾਂ।
ਕਸ਼ਮੀਰ ਦੇ ਉਘੇ ਵਿਦਵਾਨ ਅਤੇ ਖੋਜੀ ਪ੍ਰੋ. ਪ੍ਰਿਥਵੀ ਨਾਥ ਪੁਸ਼ਪ ਨੇ ਇਸ ਵਿਚਾਰ ‘ਤੇ ਸਵਾਲੀਆ ਚਿੰਨ੍ਹ ਲਾਇਆ ਹੈ ਅਤੇ ਹੁਣ ਵੀ ਗੌਰਤਲਬ ਹੈ ਕਿ ਕਿਹੜੇ ਸ਼ਬਦਾਂ ਵਿਚ ਟੈਗੋਰ ਨੇ ਮਹਿਜੂਰ ਨੂੰ ਪ੍ਰਸ਼ੰਸਾ ਨਾਲ ਨਿਵਾਜਿਆ। ਮਹਿਜੂਰ ਨੂੰ ਕਸ਼ਮੀਰ ਦਾ ਵਰਡਜ਼ ਵਰਥ ਕਹਿਣਾ ਸਿਰਫ ਕਿਆਸੀ ਹੋਈ ਗੱਲ ਹੈ, ਜਿਸ ਨੂੰ ਖੁਦ ਮਹਿਜੂਰ ਤੇ ਉਸ ਦੇ ਪੁੱਤਰ ਮੁਹੰਮਦ ਅਮੀਨ ਨੇ ਕੁਸ਼ਲ ਚੁਤਰਾਈ ਨਾਲ ਘੜ ਕੇ ਮਹਿਜੂਰ ਨਾਲ ਮਨਸੂਬ ਕੀਤਾ ਹੈ, ਪਰ ਇਸ ਕਥਨ ਦਾ ਕੋਈ ਲਿਖਤੀ ਪ੍ਰਮਾਣ ਪ੍ਰਾਪਤ ਨਹੀਂ ਅਤੇ ਨਾ ਹੀ ਸ਼ਾਂਤੀ ਨਿਕੇਤਨ ਦੇ ਭੰਡਾਰ ਵਿਚ ਇਸ ਦਾ ਕੋਈ ਪ੍ਰਮਾਣ ਮਿਲਦਾ ਹੈ। ਜਿਥੋਂ ਤੱਕ ਰਬਿੰਦਰਨਾਥ ਟੈਗੋਰ ਦੇ ਰਚੇ ਸਾਹਿਤ ਦਾ ਤਅਲੁਕ ਹੈ, ਜਿੰਨਾ ਉਸ ਦੇ ਸਾਹਿਤ ਦਾ ਅਨੁਵਾਦ ਕਸ਼ਮੀਰੀ ਭਾਸ਼ਾ ਵਿਚ ਹੋਇਆ, ਓਨਾ ਕਿਸੇ ਕਲਮਕਾਰ ਦੇ ਸਾਹਿਤ ਦਾ ਨਹੀਂ ਹੋਇਆ।
ਕਸ਼ਮੀਰੀ ਭਾਸ਼ਾ ਬੰਗਾਲੀ ਸਾਹਿਤ ਦੇ ਸਰਮਾਏ ਨਾਲ ਨੱਕੋ-ਨੱਕ ਭਰੀ ਹੈ। ਗੀਤਾਂਜਲੀ ਦਾ ਪਹਿਲਾ ਅਨੁਵਾਦ ਕਸ਼ਮੀਰੀ ਭਾਸ਼ਾ ਵਿਚ ਮਰਹੂਮ ਸਰਵਾ ਨੰਦ ਪ੍ਰੇਮੀ ਨੇ ਵਾਰਤਕ ਵਿਚ ਕੀਤਾ ਹੈ, ਪਰ ਇਸ ਵਿਚੋਂ ਮਹਾਂਕਵੀ ਟੈਗੋਰ ਦੀ ਕਾਵਿ-ਕਲਾ ਅਤੇ ਹੁਨਰ ਦੀ ਨਜ਼ਾਕਤ ਗਾਇਬ ਹੈ। ਭਾਰਤ ਦੇ ਸਾਰੇ ਕਵੀਆਂ ‘ਚੋਂ ਟੈਗੋਰ ਨੂੰ ਬੁਲੰਦ ਮੁਕਾਮ ‘ਤੇ ਸਥਾਪਤ ਕਰਨ ਵਿਚ ਮਰਹੂਮ ਆਰਿਫ ਬੇਗ ਦਾ ‘ਫਲਾਗਨੀ’ ਦਾ ਕਸ਼ਮੀਰੀ ਭਾਸ਼ਾ ਵਿਚ ਅਨੁਵਾਦ ਅਹਿਮ ਹੈ। ਇਸ ਦਿਲਚਸਪ ਕਾਵਿ-ਨਾਟਕ ਵਿਚ ਮੌਸਮਾਂ ਦਾ ਹਾਲ ਅਤੇ ਮਿਜ਼ਾਜ ਦਾ ਨਿਵੇਕਲਾ ਅੰਦਾਜ਼ੇ-ਬਿਆਨ ਹੈ।
ਟੈਗੋਰ ਦੇ ‘ਚੀਖਰ ਬਾਲੀ’ ਨਾਵਲ ਦਾ ਅਨੁਵਾਦ ਕਸ਼ਮੀਰੀ ਭਾਸ਼ਾ ਦੇ ਪ੍ਰਸਿਧ ਕਲਮਕਾਰ ਪ੍ਰੋ. ਪੁਸ਼ਪ ਨੇ ਕੀਤਾ ਸੀ। ਇਸ ਨਾਵਲ ਵਿਚ ਇਨਸਾਨੀ ਜਜ਼ਬਿਆਂ ਦਾ ਬਿਆਨ ਯਾਨਿ ਹਵਸ, ਸਿਧਾਂਤ ਅਤੇ ਘਰ ਦੇ ਬਖੇੜਿਆਂ ਤੇ ਇਸ਼ਕ ਦੇ ਵਲਵਲੇ ਮੂਰਤੀਮਾਨ ਕੀਤੇ ਹਨ। ਟੈਗੋਰ ਦੇ ‘ਰਾਜਾ ਤੇ ਰਾਣੀ’ ਨਾਵਲ ਦਾ ਕਸ਼ਮੀਰੀ ਅਨੁਵਾਦ ਅਮੀਨ ਕਾਮਲ ਨੇ ਕੀਤਾ ਹੈ। ਇਸ ਨਾਵਲ ਦਾ ਪ੍ਰਸੰਗ ਕਸ਼ਮੀਰ ਨਾਲ ਸਬੰਧਤ ਹੈ। ਇਸ ਵਿਚ ਕਸ਼ਮੀਰੀਆਂ ਦੇ ਹਯਾ ਤੇ ਮਾਨਵੀ ਗੈਰਤ ਅਤੇ ਮਾਣ ਨੂੰ ਕੁਸ਼ਲ ਢੰਗ ਨਾਲ ਉਜਾਗਰ ਕੀਤਾ ਗਿਆ ਹੈ, ਜਿਵੇਂ ਪੰਜਾਬ ਦਾ ਰਾਜਾ ਵਿਕਰਮ, ਕਸ਼ਮੀਰੀ ਸ਼ਹਿਜ਼ਾਦੀ ਦੇ ਇਸ਼ਕ ਵਿਚ ਮੋਹਿਤ ਹੋ ਕੇ ਰਈਅਤ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਗਿਆ ਸੀ ਅਤੇ ਆਪਣੀ ਸਾਰੀ ਸਲਤਨਤ ਦਾ ਕੰਮ ਕਾਜ ਸ਼ਹਿਜ਼ਾਦੀ ਦੇ ਹੱਥ ਵਿਚ ਦੇ ਦਿੰਦਾ ਹੈ।
ਸ਼ਹਿਜ਼ਾਦੇ ਦੀ ਐਸ਼ਪ੍ਰਸਤੀ ਤੋਂ ਤੰਗ ਆ ਕੇ ਸ਼ਹਿਜ਼ਾਦੀ ਦੇ ਰਿਸ਼ਤੇਦਾਰ ਸਲਤਨਤ ਦੇ ਕੰਮ-ਕਾਜ ‘ਤੇ ਹਾਵੀ ਹੋ ਜਾਂਦੇ ਹਨ। ਰਾਜੇ ਦੀ ਲਾਪ੍ਰਵਾਹੀ ਤੋਂ ਲਾਭ ਪ੍ਰਾਪਤ ਕਰਕੇ ਆਪਣੀਆਂ ਜੇਬਾਂ ਭਰਨ ਲੱਗ ਪੈਂਦੇ ਹਨ। ਸ਼ਹਿਜ਼ਾਦੀ ਆਪਣੇ ਪਤੀ ਨੂੰ ਦੇਸ਼ ਦੀ ਵਿਗੜੀ ਸਥਿਤੀ ਦੀ ਸ਼ਿਕਾਇਤ ਕਰਦੀ ਹੈ, ਪਰ ਰਾਜਾ ਆਪਣੀ ਮਦਮਸਤੀ ਦੇ ਸਾਗਰ ਵਿਚੋਂ ਬਾਹਰ ਆਉਣ ਦਾ ਹੀਆ ਨਹੀਂ ਕਰਦਾ ਤਾਂ ਉਹ ਤੰਗ ਆ ਕੇ ਕਸ਼ਮੀਰ ਆਉਂਦੀ ਹੈ ਅਤੇ ਆਪਣੇ ਭਰਾ ਕਮਾਰ ਸੈਨ ਨੂੰ ਸਾਰਾ ਹਾਲ ਸੁਣਾਉਂਦੀ ਹੈ ਤੇ ਰਾਜੇ ਨੂੰ ਸਿੱਧੇ ਰਾਹ ਪਾਉਣ ਲਈ ਮਦਦ ਮੰਗਦੀ ਹੈ।
ਉਧਰ, ਰਾਜਾ ਵਿਕਰਮ ਆਪਣੀ ਪਤਨੀ ਦੇ ਨੱਸ ਜਾਣ ‘ਤੇ ਲੋਹਾ-ਲਾਖਾ ਹੋ ਕੇ ਕਸ਼ਮੀਰ ‘ਤੇ ਧਾਵਾ ਬੋਲ ਦਿੰਦਾ ਹੈ। ਸ਼ਹਿਜ਼ਾਦਾ ਕਮਾਰ ਸੈਨ ਤੇ ਸ਼ਹਿਜ਼ਾਦੀ ਜੰਗਲ ਵਿਚ ਪਨਾਹ ਲੈਂਦੇ ਹਨ। ਸ਼ਹਿਜ਼ਾਦਾ ਕਮਾਰ ਸੈਨ ਰਾਜਾ ਵਿਕਰਮ ਸਾਹਮਣੇ ਗੋਡੇ ਟੇਕਣ ਤੋਂ ਇਨਕਾਰ ਕਰਦਾ ਹੈ। ਆਪਣਾ ਸਿਰ ਕਲਮ ਕਰਕੇ ਰਾਜੇ ਵਿਕਰਮ ਨੂੰ ਆਪਣੀ ਭੈਣ (ਸ਼ਹਿਜ਼ਾਦੀ) ਰਾਹੀਂ ਤੋਹਫੇ ਵਜੋਂ ਭੇਜ ਦਿੰਦਾ ਹੈ ਅਤੇ ਸ਼ਹਿਜ਼ਾਦੀ ਆਪ ਵੀ ਧਰਤੀ ‘ਤੇ ਡਿੱਗ ਕੇ ਪ੍ਰਾਣ ਤਿਆਗ ਦਿੰਦੀ ਹੈ।
ਟੈਗੋਰ ਦੇ ‘ਕੁਰਬਾਨੀ’ ਨਾਟਕ ਦਾ ਕਸ਼ਮੀਰੀ ਭਾਸ਼ਾ ਵਿਚ ਅਨੁਵਾਦ ਨੂਰ ਮੁਹੰਮਦ ਰੋਸ਼ਨ ਨੇ 1961 ਵਿਚ ਕੀਤਾ ਅਤੇ ਇਸ ਨਾਟਕ ਨੂੰ ਮੌਲਾਨਾ ਆਜ਼ਾਦ ਵੂਮੈਨ ਕਾਲਜ ਸ੍ਰੀਨਗਰ ਨੇ ਪ੍ਰਕਾਸ਼ਿਤ ਕੀਤਾ। ਇਸ ਸੰਗ੍ਰਿਹ ਵਿਚ ਟੈਗੋਰ ਦੇ ਨਾਟਕ ਕੁਰਬਾਨੀ ਤੋਂ ਇਲਾਵਾ ‘ਚੰਡਾਲਨੀ’ ਦਾ ਅਨੁਵਾਦ ਵੀ ਸ਼ਾਮਲ ਹੈ। ਟੈਗੋਰ ਦੇ ਹੋਰ ਤਿੰਨ ਨਾਟਕਾਂ ‘ਡਾਕਘਰ’, ‘ਮੁਕਤੀ ਧਾਰਾ’ ਅਤੇ ‘ਗੁਲ-ਲਾਲਾ’ ਦਾ ਤਰਤੀਬਵਾਰ ਅਮੀਨ ਕਾਮਲ, ਅਲੀ ਮੁਹੰਮਦ ਲੋਨ ਅਤੇ ਨੂਰ ਮੁਹੰਮਦ ਰੋਸ਼ਨ ਨੇ ਕਸ਼ਮੀਰੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਰਬਿੰਦਰਨਾਥ ਟੈਗੋਰ ਦੀ ਕਸ਼ਮੀਰ ਦੇ ਉਘੇ ਸ਼ਾਇਰ ਆਰਿਫ ਬੇਗ ਨੇ ਇਨ੍ਹਾਂ ਢੁਕਵੇਂ ਸ਼ਬਦਾਂ ਵਿਚ ਪ੍ਰਸ਼ੰਸਾ ਕੀਤੀ ਹੈ:
ਤੇਰੀ ਗੀਤਾਂਜਲੀ ਕ੍ਰਿਸ਼ਨ ਦੀ ਗੀਤਾ ਹੈ
ਤੇਰੀ ਅੰਮ੍ਰਿਤਧਾਰਾ
ਆਬ-ਏ-ਹਯਾਤ ਨਾਲ ਛਲਕ ਰਹੀ ਹੈ
ਤੂੰ ਸੁਰਾਹੀ ਦਾ ਮੂੰਹ ਸ਼ਰਾਬ ਨਾਲ
ਕੰਢਿਆਂ ਤੱਕ ਭਰ ਦਿੱਤਾ ਹੈ।
ਤੇਰੀ ਗਲੀ ਵਿਚ ਇਸੇ ਕਰਕੇ
ਆਸ਼ਕਾਂ ਦੀ ਭੀੜ ਨਜ਼ਰ ਆਉਂਦੀ ਹੈ।
ਵਿਚਾਰ ਤੇ ਗਿਆਨ ਦਾ ਸੌਦਾ ਸਸਤਾ ਹੈ
ਪਰ ਜਾਂਬਾਜ਼ ਆਪਣਾ ਸਿਰ ਦੇ ਕੇ
ਤੇਰਾ ਸੰਗੀਤ ਪ੍ਰਾਪਤ ਕਰਦੇ ਹਨ।
ਚੌਖੰਡੀ ਚਰਚਾ ਹੈ
ਕਿ ਸਾਕੀ ਸ਼ਰਾਬ ਵਰਤਾ ਰਿਹਾ ਹੈ।
ਇਸ ਖਬਰ ਨੂੰ ਸੁਣ ਕੇ ‘ਆਰਿਫ’ ਤੇਰੀ
ਮਹਿਫਿਲ ਵਿਚ ਪੁੱਜ ਗਿਆ ਹੈ।
ਰਬਿੰਦਰਨਾਥ ਟੈਗੋਰ ਦੀ ਕਸ਼ਮੀਰ ਵਿਚ ਆਮਦ ਆਪਣੇ ਆਪ ਵਿਚ ਇਤਿਹਾਸਕ ਤੱਥ ਹੈ ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਟੈਗੋਰ ਅਨੁਸਾਰ ਅਨੇਕ ਧਰਮਾਂ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਮਨੁੱਖ ਧਰਤੀ ਨੂੰ ਘਰ ਵਾਂਗ ਆਪਣੇ ਕਲਾਵੇ ਵਿਚ ਲੈਂਦੇ ਹਨ।
ਕੁਝ ਪਲ ਉਸ ਦੀ ਆਮਦ ਦੇ
ਤੁਹਾਡੇ ਨਾਲ ਸਾਂਝੇ ਕਰਦਾ ਹਾਂ।
ਫਿਜ਼ਾ ਦੀ ਸਫੀਨਾਂ ਵਿਚ ਇਤਿਹਾਸ ਦੇ
ਕੁਝ ਫੁੱਲ ਭਰਦਾ ਹਾਂ।