ਹਰਪਾਲ ਸਿੰਘ
ਆਜ਼ਾਦੀ ਅਤੇ ਬਰਾਬਰੀ ਲਈ ਲੜਨ ਮਰਨ ਦੀ ਤਾਂਘ ਮਨੁੱਖੀ ਸੁਭਾਅ ਵਿਚ ਹੁੰਦੀ ਹੈ। ਕੋਈ ਵੀ ਲਹਿਰ ਜਿਹੜੀ ਮਨੁੱਖ ਦੀ ਸੰਪੂਰਨ ਆਜ਼ਾਦੀ ਅਤੇ ਭਾਈਚਾਰਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਹੈ, ਉਸ ਦਾ ਵੇਲੇ ਦੀ ਰਾਜਸੀ ਸ਼ਕਤੀ ਨਾਲ ਟਕਰਾਅ ਲਾਜ਼ਮੀ ਹੋ ਜਾਂਦਾ ਹੈ।ਰਾਜਸੀ ਸ਼ਕਤੀ ਤੋਂ ਬਿਨਾਂ ਕੌਮ ਦਾ ਕੋਈ ਮਾਣ ਸਤਿਕਾਰ ਨਹੀਂ ਹੁੰਦਾ ਅਤੇ ਨਾ ਹੀ ਕੋਈ ਪਛਾਣ ਹੁੰਦੀ ਹੈ। ਉਹ ਕੌਮ ਪਸ਼ੂ ਸਮਾਨ ਹੁੰਦੀ ਹੈ ਜੋ ਹਾਕਮਾਂ ਦੇ ਰਹਿਮੋ-ਕਰਮ ‘ਤੇ ਪਲਦੀ ਹੈ। ਹੌਲੀ-ਹੌਲੀ ਸਮੇਂ ਨਾਲ ਅਜਿਹੀ ਕੌਮ ਆਪਣਾ ਵਜੂਦ ਗੁਆ ਬਹਿੰਦੀ ਹੈ। ਗਾਹੇ-ਬਗਾਹੇ ਸਮਾਜ ‘ਚੋਂ ਕੋਈ ਮਹਾਨ ਇਨਕਲਾਬੀ ਸ਼ਖ਼ਸੀਅਤ ਉਠਦੀ ਹੈ ਜੋ ਆਪਣੇ ਮਿਸ਼ਨ ਦੀ ਪੂਰਤੀ ਲਈ ਸੰਘਰਸ਼ ਦੇ ਰਾਹ ਪੈ ਜਾਂਦੀ ਹੈ।
ਸਿੱਖ ਗੁਰੂਆਂ ਨੇ ਜੋ ਖਾਲਸੇ ਦੀ ਸਿਰਜਣਾ ਕੀਤੀ, ਉਸ ਦਾ ਮਨੋਰਥ ਜਨਤਕ ਇਨਕਲਾਬ ਲਿਆਉਣ ਲਈ ਰਾਜਨੀਤਕ ਸ਼ਕਤੀ ਹਾਸਲ ਕਰਨਾ ਸੀ ਤਾਂ ਜੋ ਸਮਾਜ ਦੇ ਦੱਬੇ-ਕੁਚਲੇ, ਨਿਰਾਸਰੇ ਤੇ ਲੁੱਟੇ-ਪੁੱਟੇ ਲੋਕ ਆਪਣੀ ਹੋਣੀ ਦਾ ਫੈਸਲਾ ਆਪ ਕਰ ਸਕਣ। ਸਿੱਖ ਸਵੈ-ਰਾਜ ਦੀ ਚਾਹਤ ਦਾ ਸਿਹਰਾ ਸੰਸਾਰ ਦੇ ਦੋ ਮਹਾਂਨਾਇਕਾਂ-ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿੱਖ ਮਤ ਦੇ ਧਾਰਮਿਕ ਅਤੇ ਸਭਿਆਚਾਰਕ ਇਨਕਲਾਬ ਨੂੰ ਫੌਜੀ ਇਨਕਲਾਬ ਦੇ ਰਾਹੇ ਪਾ ਦਿੱਤਾ। ਫੌਜੀ ਲਹਿਰ ਦਾ ਨਿਸ਼ਾਨਾ ਸਿੱਖ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਕਰਨਾ ਸੀ। ਗੁਰੂਆਂ ਨੇ ਧਰਮ ਦੀ ਨੀਂਹ ਬਰਾਬਰੀ ਦੇ ਸਿਧਾਂਤ ਉਤੇ ਰੱਖੀ ਸੀ ਅਤੇ ਇਹ ਸਿਧਾਂਤ ਲਹਿਰ ਦੇ ਇਨਕਲਾਬੀ ਦੌਰ ਵਿਚ ਅਮਲੀ ਤੌਰ ‘ਤੇ ਲਾਗੂ ਰਿਹਾ।
ਹਕੂਮਤ ਖ਼ਿਲਾਫ਼ ਸਿੱਖਾਂ ਦੀ ਖੁੱਲ੍ਹਮ-ਖੁੱਲ੍ਹੀ ਲੜਾਈ ਦਾ ਮੁੱਢ ਉਦੋਂ ਬੱਝਾ ਜਦੋਂ ਸਿੱਖਾਂ ਨੇ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਫੜ ਲਿਆ ਅਤੇ ਫਿਰ ਮੋੜਨ ਤੋਂ ਇਨਕਾਰ ਕਰ ਦਿੱਤਾ। ‘ਗੁਰੂ ਬਿਲਾਸ’ ਦੇ ਕਰਤਾ ਅਨੁਸਾਰ ਇਸ ਘਟਨਾ ਬਾਰੇ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ,
ਤਿਨ ਕੋ ਬਾਜ ਨਹੀਂ ਮੈਂ ਦੇਨਾ॥
ਤਾਜ ਬਾਜ ਤਿਨ ਤੇ ਸਭ ਲੇਨਾ॥
ਏਸ ਰਾਜ ਮੈ ਤਿਨ ਕਾ ਲੇਹੋ॥
ਗਰੀਬ ਅਨਾਥਿਨ ਕੋ ਸਭ ਦੇਹੋ॥
ਬਚਿੱਤਰ ਨਾਟਕ ਵਿਚ ਗੁਰੂ ਗੋਬਿੰਦ ਸਿੰਘ ਲਿਖਦੇ ਹਨ,
ਯਾਹੀ ਬਾਜ ਧਰਾ ਹਮ ਜਨਮੇ॥
ਸਮਝ ਲੇਹ ਸਾਧੂ ਸਭ ਮਨ ਮੇ॥
ਧਰਮ ਚਲਾਵਤ ਸੰਤ ਉਭਾਰਿਨ॥
ਦੁਸ਼ਟ ਸਭਨ ਕੋ ਮੂਲ ਉਪਾਰਿਨ॥
ਇਕ ਹੋਰ ਥਾਂ ਉਹ ਲਿਖਦੇ ਹਨ,
ਹਮ ਇਹ ਕਾਜ ਜਗਤ ਮੇ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸ਼ਟ ਦੋਖੀਜਨ ਪਕਰਿ ਪਛਾਰੋ॥
ਮੀਰੀ ਪੀਰੀ ਦੇ ਸੰਕਲਪ ਨੂੰ ‘ਰਾਜ ਬਿਨਾਂ ਨਾ ਧਰਮ ਚਲੈ ਹੈ’ ਨਾਲ ਇਕਮਿਕ ਕੀਤਾ। ਧਾਰਮਿਕ ਤੇ ਸਿਆਸੀ ਜਬਰ ਵਿਰੁਧ ਲੰਬੀ ਜੱਦੋਜਹਿਦ ਕੀਤੀ। ਗੁਰੂਆਂ ਦੁਆਰਾ 260 ਸਾਲਾਂ ਦੇ ਅਰਸੇ ਦੌਰਾਨ ਸਿਰਜੀ ਵਿਚਾਰਧਾਰਾ ਨੂੰ ਪਹਿਲੀ ਵਾਰ ਅਮਲੀ ਰੂਪ ਦੇਣ ਦਾ ਸਿਹਰਾ ਸਿਰਫ਼ ਉਸ ਮਹਾਨ ਨਾਇਕ ਨੂੰ ਜਾਂਦਾ ਹੈ ਜਿਸ ਨੂੰ ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੰਦਾ ਸਿੰਘ ਬਹਾਦਰ ਇਸ ਗੱਲ ਨੂੰ ਭਲੀਭਾਂਤ ਜਾਣਦਾ ਸੀ ਕਿ “ਨਿਰਵਾਣ ਜਾਂ ਮੋਕਸ਼ ਸਿਰਫ਼ ਵਿਚਾਰ ਹੀ ਹੈ। ਇਕ ਪਵਿੱਤਰ ਤਾਂਘ, ਇਕ ਇੱਛਾ ਅਤੇ ਇਸ ਦੀ ਕੋਈ ਠੋਸ ਹਕੀਕਤ ਨਹੀਂ ਹੈ। ਦੂਜੇ ਬੰਨੇ ਰਾਜ ਜਾਂ ਬਾਦਸ਼ਾਹਤ ਠੋਸ ਹਕੀਕਤ ਹੈ ਜਿਸ ਬਾਰੇ ਵਿਚਾਰਿਆ ਜਾ ਸਕਦਾ ਹੈ ਅਤੇ ਇਹ ਖਿੱਚ ਪਾਊ ਵੀ ਹੈ।” (ਐਮæ ਐਸ਼ ਚੰਦੇਲਾ)। ਰਾਜ ਸਥਾਪਤੀ ਦੇ ਬੰਦੇ ਦੇ ਵਾਅਦੇ ਨੇ ਸਿੱਖਾਂ ਦੀ ਸੋਝੀ ਅਤੇ ਰਵੱਈਏ ਵਿਚ ਹੈਰਾਨੀਜਨਕ ਤਬਦੀਲੀ ਲੈ ਆਂਦੀ। ਉਹ ਕਰਮਯੋਗੀ ਸੀ। ਉਸ ਨੇ ਜੋ ਚਿਤਰਿਆ, ਉਹ ਕਰ ਵਿਖਾਇਆ। “ਗੀਤਾ ਦੇ ਉਪਦੇਸ਼ ‘ਤੇ ਪੂਰਾ ਉਤਰਦਾ ਜਿਉਂਦਾ ਜਾਗਦਾ ਮਨੁੱਖ ਇਸ ਧਰਤੀ ‘ਤੇ ਪੈਦਾ ਹੋਇਆ ਹੈ ਤਾਂ ਉਹ ਕੇਵਲ ਬੰਦਾ ਬਹਾਦਰ ਹੀ ਹੈ।” (ਐਮæ ਐਸ਼ ਚੰਦੇਲਾ) ਸੁਖਦਿਆਲ ਸਿੰਘ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ’ ਵਿਚ ਲਿਖਦੇ ਹਨ, “ਬੰਦੇ ਬਹਾਦਰ ਦਾ ਸਿੱਖ ਇਤਿਹਾਸ ਵਿਚ ਉਹ ਸਥਾਨ ਹੈ ਜਿਹੜਾ ਯੂਨਾਨ ਦੇ ਇਤਿਹਾਸ ਵਿਚ ਸਿਕੰਦਰ ਦਾ; ਫਰਾਂਸ ਦੇ ਇਤਿਹਾਸ ਵਿਚ ਨੈਪੋਲੀਅਨ ਦਾ ਅਤੇ ਰੂਸ ਦੇ ਇਤਿਹਾਸ ਵਿਚ ਲੈਨਿਨ ਦਾ ਹੈ।” ਗੁਰੂ ਗੋਬਿੰਦ ਸਿੰਘ ਦੇ ਅਕਾਲ ਚਲਾਣੇ (1708) ਤੋਂ ਬਾਅਦ ਸਿੱਖ ਸੰਘਰਸ਼ ਦਾ ਦੂਜਾ ਦੌਰ ਸ਼ੁਰੂ ਹੁੰਦਾ ਹੈ ਜਿਸ ਦਾ ਪਹਿਲਾ ਮਹਾਨ ਨਾਇਕ ਬੰਦਾ ਸਿੰਘ ਬਹਾਦਰ ਸੀ।
ਪੋਰਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਹੀ ਪਹਿਲਾ ਅਜਿਹਾ ਨੇਤਾ ਸੀ ਜਿਸ ਨੇ ਪੰਜਾਬ ਨੂੰ ਸੁਤੰਤਰ ਮੁਲਕ ਦੇ ਤੌਰ ‘ਤੇ ਸਥਾਪਤ ਕੀਤਾ। ਸਿੱਖਾਂ ਲਈ ਉਹ ਰਾਜ ਦਾ ਮਾਲਕ ਸੀ, ਰਾਜ ਸਥਾਪਤ ਕਰਨ ਵਾਲਾ ਝੰਡਾਬਰਦਾਰ ਸੀ ਅਤੇ ਇਸ ਗੱਲ ਦੀ ਉਤਮ ਮਿਸਾਲ ਸੀ ਕਿ ਰਾਜ ਭਾਗ ਸਥਾਪਤ ਕਰ ਲੈਣ ਬਾਅਦ ਵੀ ਬੰਦ-ਬੰਦ ਕਟਵਾ ਕੇ ਸ਼ਹਾਦਤ ਦਿੱਤੀ ਜਾ ਸਕਦੀ ਹੈ। ਬੰਦਾ ਬਹਾਦਰ ਦੇ ਜੀਵਨ ਸੰਘਰਸ਼ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਸਿੱਖ ਇਤਿਹਾਸ ਦੀ ਫੋਲਾ-ਫਰਾਲੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਇਸ ਗੱਲ ਨੂੰ ਭਲੀਭਾਂਤ ਸਮਝਿਆ ਜਾ ਸਕੇ ਕਿ ਸੱਚ ਕੀ ਸੀ ਅਤੇ ਸੱਚ ਕੀ ਹੈ?
ਸਿੱਖ ਇਤਿਹਾਸ ਬਾਰੇ ਲਿਖਤੀ ਸਮੱਗਰੀ ਬਹੁਤ ਘੱਟ ਮਿਲਦੀ ਹੈ। ਜੋ ਥੋੜ੍ਹਾ ਬਹੁਤ ਮਿਲਦਾ ਵੀ ਹੈ, ਉਹ ਇਤਨਾ ਗੰਧਲਾ ਹੈ ਕਿ ਸਿੱਖ ਇਤਿਹਾਸ ਚਿਤਰਨ ਲੱਗਿਆਂ ਸਿੱਖ ਇਤਿਹਾਸ ਨਾਲ ਪੂਰਾ ਇਨਸਾਫ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਚ ਕੇਵਲ ਅਸਪਸ਼ਟ ਲੋਕ ਪਰੰਪਰਾਵਾਂ ਦੀ ਹੋਂਦ ਹੈ ਜਿਸ ਵਿਚ ਮਿਥਾਂ ਤੇ ਪੌਰਾਣਿਕ ਕਥਾਵਾਂ ਦੀ ਪੱਧਰ ਤੋਂ ਉਪਰ ਉਠ ਕੇ ਪ੍ਰਮਾਣਿਕ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਸਾਡੇ ਵਿਦਵਾਨ, ਲਿਖਾਰੀ ਅਤੇ ਕਥਾਵਾਚਕ ਕਿੱਸੇ-ਕਹਾਣੀਆਂ ਅਤੇ ਇਤਿਹਾਸਕ ਘਟਨਾਵਾਂ ਵਿਚ ਅੰਤਰ ਨਹੀਂ ਕਰ ਸਕੇ। ਗ਼ੈਰ-ਪੰਜਾਬੀ ਅਤੇ ਕਈ ਪੰਜਾਬੀ ਇਤਿਹਾਸਕਾਰ ਤਾਂ ਇਹ ਖੁੱਲ੍ਹ ਵੀ ਲੈਣ ਲੱਗ ਪਏ ਹਨ ਕਿ ਸਿੱਖਾਂ ਦਾ ਆਪਣਾ ਕੋਈ ਇਤਿਹਾਸ ਹੀ ਨਹੀਂ ਹੈ। ਪੰਜਾਬੀਆਂ ਵਿਚ ਨਾ ਤਾਂ ਇਤਿਹਾਸਕ ਸੂਝ ਹੈ ਅਤੇ ਨਾ ਹੀ ਇਤਿਹਾਸ ਸਬੰਧੀ ਇਨ੍ਹਾਂ ਦੀ ਕੋਈ ਰੁਚੀ ਹੈ। ਸਿੱਖੀ ਦੀ ਆਪਣੇ ਇਤਿਹਾਸਕ ਬਿਰਤਾਂਤ ਦੀ ਸਿਰਜਣਾ ਉਤੇ ਪਕੜ ਨਹੀਂ। ਸਿੱਖ ਦੂਜੇ ਇਤਿਹਾਸਕਾਰਾਂ ਦੁਆਰਾ ਸਿਰਜੇ ਇਤਿਹਾਸ ਨੂੰ ਹੀ ਸੱਚ ਮੰਨ ਕੇ ਸਵੀਕਾਰ ਕਰਦੇ ਆਏ ਹਨ ਅਤੇ ਇਸ ‘ਤੇ ਮਾਣ ਮਹਿਸੂਸ ਕਰਦੇ ਹਨ।” (ਪੰਨੂ)
ਇਤਿਹਾਸਕਾਰ ਦਾ ਸਬੰਧ ਅਤੀਤ, ਵਰਤਮਾਨ ਅਤੇ ਮਨੁੱਖੀ ਵਰਤਾਰੇ ਨਾਲ ਹੁੰਦਾ ਹੈ। ਉਹ ਨਾ ਤਾਂ ਅਤੀਤ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਨਾ ਹੀ ਅਤੀਤ ਨੂੰ ਸਭ ਕੁਝ ਮੰਨ ਕੇ ਇਤਿਹਾਸਕ ਸਿਰਜਣਾ ਕਰਦਾ ਹੈ। ਉਸ ਦਾ ਆਪਣਾ ਵਰਤਮਾਨ, ਵਿਚਾਰਧਾਰਾ ਅਤੇ ਖਾਸ ਕਿਸਮ ਦੀ ਮਨੋਬਿਰਤੀ ਹੁੰਦੀ ਹੈ। ਉਹ ਅਤੀਤ ਨੂੰ ਵਰਤਮਾਨ ਦੀ ਕਸੌਟੀ ‘ਤੇ ਪਰਖ ਕੇ ਕਿਸੇ ਠੋਸ, ਨਿਰਪੱਖ ਅਤੇ ਨਿਆਂਇਕ ਨਤੀਜੇ ‘ਤੇ ਪਹੁੰਚਣ ਦਾ ਯਤਨ ਕਰਦਾ ਹੈ। ਆਪਣੇ ਸਮੇਂ ਦੀ ਵਿਚਾਰਧਾਰਾ ਦਾ ਗੂੜ੍ਹਾ ਰੰਗ ਵੀ ਉਸ ਉਪਰ ਚੜ੍ਹਿਆ ਹੁੰਦਾ ਹੈ। ਇਤਿਹਾਸਕ ਸਿਰਜਣਾ ਕਰਨ ਸਮੇਂ ਉਹ ਯਥਾਰਥਵਾਦ ਦਾ ਪੱਲਾ ਵੀ ਨਹੀਂ ਛੱਡਦਾ।
ਆਧੁਨਿਕ ਯੁੱਗ ਵਿਚ ਸਿੱਖ ਇਤਿਹਾਸ ਨੂੰ ਵਿਗਿਆਨਕ ਢੰਗ ਨਾਲ ਸਮਝਣ ਅਤੇ ਲਿਖਣ ਦੀ ਲੋੜ ਹੈ। ਵਿਗਿਆਨਕ ਪੜਚੋਲ ਇਤਿਹਾਸ ਨੂੰ ਦਲੀਲਾਂ, ਨਿਆਂ, ਨਿਰਪੱਖ ਗਵਾਹੀਆਂ, ਨੁਕਤਾਚੀਨੀ ਆਦਿ ਦੀ ਕਸਵੱਟੀ ‘ਤੇ ਪਰਖਦੀ ਹੈ। ਇਤਿਹਾਸ ਕੋਈ ਜਿੰਦਹੀਣ ਵਸਤੂ ਨਹੀਂ, ਇਹ ਸ਼ਕਤੀ ਦਾ ਪ੍ਰਤੀਕ ਹੈ ਜੋ ਨਿਰਬਲ ਅਤੇ ਮੁਰਦਾ ਕੌਮਾਂ ਲਈ ਸੰਜੀਵਨੀ ਦਾ ਕੰਮ ਕਰਦਾ ਹੈ। ਵਿਚਾਰਾਂ ਨੂੰ ਹਵਾ ਵਿਚ ਖਿਲਾਰ ਕੇ, ਹਨੇਰੇ ਵਿਚ ਗੁਆ ਕੇ ਤੁਸੀਂ ਸਿੱਖ ਇਤਿਹਾਸ ਦੀ ਨਿਰਪੱਖ ਸਿਰਜਣਾ ਨਹੀਂ ਕਰ ਸਕਦੇ। ਇਤਿਹਾਸ ਦੇ ਵਾ-ਵਰੋਲਿਆਂ ਵਿਚ ਬਿਖਰੀ ਸਿੱਖੀ ਨੂੰ ਮੁਕਤੀ ਤਦ ਹੀ ਮਿਲੇਗੀ ਜਦੋਂ ਨਵੇਂ ਵਿਚਾਰਾਂ ਦਾ ਸੂਰਜ ਤੁਹਾਨੂੰ ਇਤਿਹਾਸਕ ਸੱਚ ਦੀ ਖੋਜ ਅਰਪਣ ਕਰੇਗਾ। ਸਿੱਖ ਇਤਿਹਾਸ ਨੂੰ ਸਮਝਣ ਲਈ ਉਸ ਦੇ ਸਿਧਾਂਤਾਂ, ਅਕੀਦਿਆਂ, ਰਸਮਾਂ-ਰਿਵਾਜਾਂ, ਸਭਿਆਚਾਰ ਅਤੇ ਵਿਚਾਰਧਾਰਾ ਦਾ ਡੂੰਘਾ ਅਧਿਐਨ ਕਰਨਾ ਪਵੇਗਾ। ਇਹ ਸੱਚ ਦੀ ਖੋਜ ਹੈ। ਤੁਹਾਡੇ ਵਿਰਸੇ ਦੀ ਖੋਜ ਹੈ। ਫੈਸਲਾ ਤੁਸੀਂ ਕਰਨਾ ਹੈ, ਸੱਚ ਕੀ ਸੀ, ਸੱਚ ਕੀ ਹੈ ਅਤੇ “ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ” (ਗੁਰੂ ਗ੍ਰੰਥ ਸਾਹਿਬ, ਸਫਾ 918) ਦਾ ਸੰਕਲਪ ਕੀ ਹੈ?
ਸਮੁੱਚੇ ਮਾਨਵੀ ਇਤਿਹਾਸ ਵਿਚ ਸਿੱਖ ਲਹਿਰ ਨੇ ਅਨੋਖੀ, ਵੱਖਰੀ ਅਤੇ ਸਰਬਸਾਂਝੀ ਵਿਚਾਰਧਾਰਾ ਦੀ ਸਿਰਫ਼ ਸਿਰਜਣਾ ਹੀ ਨਹੀਂ ਕੀਤੀ, ਸਗੋਂ ਇਸ ‘ਤੇ ਪਹਿਰਾ ਵੀ ਦਿੱਤਾ ਹੈ। ਸਿੱਖ ਆਦਰਸ਼ਾਂ ਨੇ ਹੀ ਸਿੱਖ ਇਤਿਹਾਸ ਦੀ ਰਚਨਾ ਕੀਤੀ। ਸਿੱਖ ਗੁਰੂਆਂ ਨੇ ਸਿੱਖੀ ਵਿਚਾਰਧਾਰਾ ਅਤੇ ਨਿਸ਼ਾਨੇ ਨਿਸ਼ਚਿਤ ਕੀਤੇ। ਲਗਭਗ 260 ਸਾਲਾਂ ਤੱਕ ਇਸ ਨੂੰ ਜਥੇਬੰਦ ਕੀਤਾ ਅਤੇ ਇਸ ਨੂੰ ਨਿਸ਼ਚਿਤ ਵਿਚਾਰਧਾਰਕ ਸੇਧ ਤੋਂ ਥਿੜਕਣ ਤੋਂ ਬਚਾਇਆ। ਲਹਿਰ ਨੂੰ ਨਿਰੰਤਰਤਾ ਦਿੱਤੀ ਅਤੇ ਅੰਤ ਵਿਚ ਇਸ ਨੂੰ ਐਸੇ ਰਾਹ ਪਾ ਦਿੱਤਾ ਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਵੀ ਇਹ ਆਪਣੇ ਆਪ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਚਲਦੀ ਰਹੀ। ਜੇ ਸਿੱਖ ਲਹਿਰ ਕੋਲ ਵੀ ਗੁਰੂਆਂ ਦੀ ਅਗਵਾਈ ਨਾ ਹੁੰਦੀ ਤਾਂ ਇਸ ਦਾ ਹਾਲ ਵੀ ਬਾਕੀ ਲਹਿਰਾਂ ਵਾਂਗ ਹੁੰਦਾ। ਬਾਕੀ ਆਦਰਸ਼ਵਾਦੀ ਲਹਿਰਾਂ ਵਾਂਗ ਇਹ ਵੀ ਵਿਚਾਰਾਂ ਦੇ ਵਾ-ਵਰੋਲਿਆਂ ਵਿਚ ਗੁੰਮ ਹੋ ਜਾਂਦੀ।
Leave a Reply