ਸਾਡੇ ਸਮਾਜ ਵਿਚ ਧੀਆਂ ਦਾ ਕਾਰਜ ਕਰਨਾ ਮਾਪਿਆਂ ਉਤੇ ਇਕ ਵੱਡੀ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਮਾਪਿਆਂ ਦੀ ਰੀਝ ਆਪਣੀ ਧੀ ਲਈ ਚੰਗੇ ਤੋਂ ਚੰਗਾ ਵਰ ਲੱਭਣ ਦੀ ਹੁੰਦੀ ਹੈ। ਵਿਦੇਸ਼ਾਂ ਦੀ ਲਲਕ ਵੀ ਸਾਡੇ ਸਮਾਜ ਦਾ ਇਕ ਸੱਚ ਹੈ। ਧੀ ਦੇ ਬਹਾਨੇ ਬਾਕੀ ਟੱਬਰ ਵੀ ਇੰਗਲੈਂਡ, ਅਮਰੀਕਾ ਪਹੁੰਚ ਜਾਊ, ਇਹ ਲਾਲਚ ਸਾਡੇ ਕਿਤੇ ਧੁਰ ਅੰਦਰ ਵੱਸਿਆ ਹੁੰਦਾ ਹੈ। ਇਸੇ ਦਾ ਲਾਭ ਕਈ ਵਾਰ ਸਾਡੇ ਹੀ ਲਾਲਚੀ ਲੋਕ ਉਠਾ ਜਾਂਦੇ ਹਨ। ਇਹੋ ਕੁਝ ਵਾਪਰਦਾ ਹੈ ਇਸ ਕਹਾਣੀ ਵਿਚ। ਕਹਾਣੀਕਾਰ ਅਵਤਾਰ ਸਿੰਘ ਬਿਲਿੰਗ ਸ਼ਾਇਦ ਅਜਿਹੀਆਂ ਕੁਝ ਕਥਾਵਾਂ ਦਾ ਆਪ ਗਵਾਹ ਹੈ। -ਸੰਪਾਦਕ
ਅਵਤਾਰ ਸਿੰਘ ਬਿਲਿੰਗ
ਮੇਰੇ ਚਾਚੇ ਨੂੰ ਜਿਵੇਂ ਅਚਾਨਕ ਹੀ ਓਪਰੀ ਕਸਰ ਹੋ ਜਾਣ ਵਾਗੂੰ ਵੱਡੀ ਕੁੜੀ ਜੀਤੋ ਦੇ ਵਿਆਹ ਦਾ ਫਿਕਰ ਚਿੰਬੜ ਗਿਆ। ਆਪਣਾ ਕਾਲਜਾ ਫੜੀ ਖੜ੍ਹੀ ਚਾਚੀ ਨੇ ਵੀ ਮੈਨੂੰ ਅਤੇ ਮੇਰੀ ਘਰਵਾਲੀ ਨੂੰ ਇਕ ਪਾਸੇ ਲਿਜਾ ਕੇ ਬੜੀ ਅਪਣੱਤ ਨਾਲ ਆਖਿਆ, “ਦੇਖ ਪੁੱਤ, ਤੁਸੀਂ ਪੜ੍ਹੇ ਲਿਖੇ, ਅਰ ਅਸੀਂ ਅਨਪੜ੍ਹ-ਨਪਥਰ। ਬਾਹਰ ਫਿਰੇ-ਤੁਰੇ ਬੰਦੇ ਨੂੰ ਸੌ ਜਾਣੂ-ਪਛਾਣੂ ਟੱਕਰਦੈ। ਐਕਣੇ ਸਬੱਬ ਬਣ ਜਾਂਦੈ।” ਤੇ ਫੇਰ ਚਾਚੇ ਤੋਂ ਰਿਹਾ ਨਾ ਗਿਆ, “ਇਹਨੇ ਤਾਂ ਭਾਈ ਇਹੀ ਘਿਣਾਂ ਜਿਹੀਆਂ ਜੋਤਾ-ਭਰ ਪਾਈ ਜਾਣੀ ਐਂ। ਸਵਾਲਾਂ ਦਾ ਸਵਾਲ ਇਹ ਐ, ਬਈ, ਆਪਣੀ ਜੀਤੋ ਨੇ ਐਸੇ ਸਾਲ ਬਾਰਾਂ ਕਰ ਲੀਆਂ ਨੇ। ਜੇ ਹੁਣੇ ਤੋਂ ਲੱਭਣ ਲੱਗਾਂਗੇ ਤਾਂ ਕਿਤੇ ਜਾ ਕੇ ਕੋਈ ਚੱਜ ਦਾ ਮੁੰਡਾ ਥਿਆਊ। ਤੁਸੀਂ ਵੀ ਨਿਗ੍ਹਾ ਰੱਖਿਓ।”
ਵਿਆਹ ਦੀ ਦੇਵੀ ਜਿਵੇਂ ਕੌਲੇ ਓਹਲੇ ਖੜ੍ਹੀ ਹੀ ਚਾਚੇ-ਚਾਚੀ ਦੀ ਇਹ ਗੁਫਤਗੂ ਸੁਣ ਰਹੀ ਹੋਵੇ। ਦਸ ਦਿਨ ਨਹੀਂ ਪਏ ਜਦੋਂ ਸਾਡੇ ਮਾਮਾ ਜੀ ਦੀ ਲੜਕੀ ਕਾਕੀ ਨੇ ਮਾਜਰੀ ਜੱਟਾਂ, ਆਪਣੇ ਸਹੁਰਿਆਂ ਤੋਂ ਆ ਕੇ ਮੁੰਡੇ ਦੀ ਦੱਸ ਪਾ ਦਿੱਤੀ, “ਵੀਰੇ? ਮੁੰਡਾ ਤਾਂ ਸਾਡੀ ਪੱਤੀ ‘ਚ ਹੈਗਾ। ਸੋਹਣਾ ਸੁਨੱਖਾ, ਅਰ ਲੰਬਾ-ਲੰਝਾ ਜੁਆਨ। ਛੇ ਕੀਲੇ ਨਿਆਈਂ ‘ਚ ਨੇ। ਜ਼ਮੀਨ-ਨਿਰੀ ਝੋਟੇ ਦਾ ਸਿਰ। ਅਸੀਂ ਵੀ ਕਈ ਸਾਲ ਜ਼ਬਤੀ ‘ਤੇ ਵਾਹੀ ਐ।” ਸਿਫਤਾਂ ਕਰਦੀ ਕਾਕੀ-ਭੈਣ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ।
“ਧੀਏ! ਫੇਰ ਤਾਂ ਰੰਗੇ ਲੱਗ ਜੂ। ਤੁਸੀਂ ਭੈਣਾਂ-ਭੈਣਾਂ ਨੇ ਗੁਆਂਢਣਾਂ ਬਣ ਜਾਣੈਂ। ਨਾਲੇ, ਬਾਹਲੀ ਦੂਰ ਵੀ ਨਹੀਂ। ਆਹ ਪਈ ਐ, ਮਾਜਰੀ ਜੱਟਾਂ ਦੀ।” ਚਾਚੀ ਨੂੰ ਦੱਸ ਕੀ ਪਾਈ ਜਿਵੇਂ ਮੁਨਾਖੇ ਨੂੰ ਦੋ ਅੱਖਾਂ ਮਿਲ ਗਈਆਂ ਹੋਣ।
ਛੇ ਕਿੱਲਿਆਂ ਨੇ ਹੀ ਸਾਡੀਆਂ ਅੱਖਾਂ ਚੁੰਧਿਆ ਦਿੱਤੀਆਂ। ਅਸੀਂ ਇਹ ਪੁੱਛਣਾ ਹੀ ਭੁੱਲ ਗਏ ਕਿ ਮੁੰਡਾ ਕੀ ਕਰਦਾ ਹੈ। ਪਰ ਮੇਰੀ ਧਰਮ ਪਤਨੀ ਅਜਿਹੇ ਮਾਮਲਿਆਂ ਵਿਚ ਬੜੀ ਨਘੋਚਣ ਹੈ।
“ਭੈਣ ਜੀ? ਛੇ ਕਿਲਿਆਂ ਆਲਾ ਮੁੰਡਾ ਤਾਂ ਜੇ ਆਪਾਂ ਦੀਵਾ ਲੈ ਕੇ ਟੋਲ੍ਹਣ ਤੁਰ ਪੀਏ ਤਾਂ ਵੀ ਨਾ ਥਿਆਵੇ ਆਪਣੇ ਏਸ ਢਾਹੇ ਦੇ ਇਲਾਕੇ ‘ਚ।” ਉਸ ਨੇ ਹੀ ਆਖਰ ਜਿਰਾਹ ਕਰਨ ਦਾ ਹੌਸਲਾ ਕੀਤਾ।
ਤੇ ਫੇਰ ਮੇਰੀ ਤਰਫ ਇਸ਼ਾਰਾ ਕਰਦੀ ਬੋਲੀ, “ਲੈ, ਇਨ੍ਹਾਂ ਦੇ ਹਿੱਸੇ ਵੀ ਮਸਾਂ ਇਕ ਕਿੱਲਾ ਆਉਂਦੈ। ਇਹ ਤਾਂ ਨੌਕਰੀ ਐ ਜਿਹੜੀ ਸਾਰੀਆਂ ਕਮੀਆਂ-ਪੇਸ਼ੀਆਂ ਨੂੰ ਢਕ ਲੈਂਦੀ ਐ।”
“ਨਾ ਭਾਬੀ! ਨੌਕਰੀ-ਨੁਕਰੀ ਕੋਈ ਨ੍ਹੀਂ- ਉਥੇ। ਐਵੇਂ ਮੈਂ ਟਰਪਲ ਮਾਰਾਂ। ਉਹ ਤਾਂ ਸਿੱਧੇ ਸਾਦੇ ਜੱਟ ਨੇ, ਭਾਈ। ਮੁੰਡਾ, ਦਸਵੀਂ ਜ਼ਰੂਰ ਪੜ੍ਹਿਆ ਹੋਇਐ। ਖੇਤੀ ਦਾ ਸਾਰਾ ਕੰਮ ਜਾਣਦੈ। ਮੈਂਸ ਵੀ ਰੱਖੀ ਹੋਈ ਤੀ, ਕਿਸੇ ਟੈਮ!” ਭੈਣ ਨੇ ਫੇਰ ਜਿਵੇਂ ਡੈਕ ਦੀ ਸੁੱਚ ਦੱਬ ਦਿੱਤੀ।
“ਨਾ ਭਲਾ? ਹੁਣ ਖੇਤੀ ਨ੍ਹੀਂ ਕਰਦੇ, ਉਹ ਬੀਬੀ?” ਘਰਵਾਲੀ ਦੀ ਚੋਭ ਤੋਂ ਸੁਰਤ ਸਿਰ ਹੁੰਦਿਆਂ ਹੀ ਮੈਂ ਸਵਾਲ ਕੀਤਾ।
“ਵੇ ਛੱਡ ਪਰੇ। ਤੈਂ ਵੀ ਕਰਤੀ ਉਹੀ ਗੱਲ, ਪੜ੍ਹਾਕੂਆਂ ਆਲੀ। ਖੇਤੀ-ਖੂਤੀ ‘ਚ ਭਲਾ ਕੀ ਪਿਐ?” ਕਾਕੀ ਭੈਣ ਨੇ ਮੈਨੂੰ ਜਵਾਨਾਂ ਵਾਗੂੰ ਘੂਰਿਆ, “ਮਿੱਟੀ ਨਾਲ ਮਿੱਟੀ ਹੋਣ ਨੂੰ ਅਰ ਆੜ੍ਹਤੀਆਂ ਮੂਹਰੇ ਲੇਲ੍ਹੜੀਆਂ ਕੱਢਣ ਨੂੰ ਸਾਡੇ ਵਰਗੇ ਥੋੜ੍ਹੇ ਨੇ? ਉਨ੍ਹਾਂ ਦਾ ਬੁੜ੍ਹਾ ਤਾਂ ਬੀਰ ਅਗਾਊਂ ਠੇਕਾ ਲੈ ਕੇ ਬੰਕ ‘ਚ ਸਿੱਟ ਜਾਂਦੈ। ਮੁੰਡੇ ਅਰ ਕੁੜੀ ਦੇ ਨਾਉਂ ਕਾਪੀ ਸਾਂਝੀ ਐ। ਪਹਿਲਾਂ ਤਾਂ ਪਿਓ ਕਈ ਸਾਲ ਆਇਆ ਹੀ ਨਹੀਂ। ਪੂਰਾ ਜੁਗਾੜ ਸੀ, ਖੇਤੀ ਦਾ, ਉਨ੍ਹਾਂ ਵੇਲਿਆਂ ‘ਚ।” ਰੀਲ੍ਹ ਵਾਂਗ ਉਧੜਦੀ ਭੈਣ ਨੇ ਘਰ ਦੀ ਸਾਰੀ ਤਸਵੀਰ ਸਾਡੇ ਸਾਹਮਣੇ ਸਪਸ਼ਟ ਕਰ ਦਿੱਤੀ ਅਤੇ ਫੇਰ ਨਾਟਕੀ ਮੋੜ ਦਿੰਦਿਆਂ ਆਖਿਆ, “ਵੇ ਹੁਣ ਤਾਂ ਸਾਰਾ ਟੱਬਰ ਇੰਗਲੈਂਡ ਗਿਆ ਹੋਇਐ। ਇਕ ਏਸ ਮੁੰਡੇ ਨੂੰ ਛੱਡ ਕੇ। ਜਿੱਦਣ ਆਪਣੀ ਜੀਤੋ ਦੇ ਹੱਥ ਪੀਲੇ ਹੋ ਗਏ, ਸਮਝ ਲਿਓ ਇਹ ਵੀ ਅੰਗਰੇਜ਼ਣ ਬਣ ਗਈ?”
“ਜੇ ਮੁੰਡਾ ਏਧਰ ਵੀ ਰਹੇ ਤਾਂ ਵੀ ਛੇ ਏਕੜ ਸਿਆੜ ਕੋਈ ਮਾਇਨਾ ਰੱਖਦੇ ਨੇ। ਦੂਜਾ ਭਰਾ, ਇੰਗਲੈਂਡ ਤੋਂ ਆ ਕੇ ਤਾਂ ਹਿੱਸਾ ਵੰਡਾਉਣੋਂ ਰਿਹਾ?” ਮੈਥੋਂ ਅਚਾਨਕ ਸਲਾਹ ਦਿੱਤੀ ਗਈ।
“ਤੁਸੀਂ ਵੀ ਉਹੀ ਗੱਲ ਕਰ’ਤੀ, ਮੂਰਖਾਂ ਆਲੀ? ਐਧਰ ਰਹਿਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ, ਮਾਅਰਾਜ?” ਮੇਰੀ ਅਰਧੰਗਣੀ ਨੇ ਇਸ ਤਰ੍ਹਾਂ ਉਭੜ ਕੇ ਆਖਿਆ ਜਿਵੇਂ ਜੀਤੋ ਦੀ ਥਾਂ ਉਸ ਦੇ ਆਪਣੇ ਮਨ ਦੀ ਕਿਸੇ ਨੁੱਕਰ ਵਿਚ ਸੁੱਤੀ ਪਈ ਕੋਈ ਰੀਝ ਫੇਰ ਤੋਂ ਅੰਗੜਾਈ ਲੈ ਰਹੀ ਹੋਵੇ।
ਨੇੜੇ ਹੀ ਪੈਂਦੀ ਪਹਿਲੀ ਤਾਰੀਖ ਨੂੰ ਅਸੀਂ ਮਾਜਰੀ ਜੱਟਾਂ ਪਹੁੰਚ ਗਏ। ਆਪਣੀ ਚਾਚੀ ਦੇ ਭਰਾ ਨੂੰ ਮੈਂ ਇਕ ਦਿਨ ਪਹਿਲਾਂ ਹੀ ਜਾ ਕੇ ਸਕੂਟਰ ਉਤੇ ਬਿਠਾ ਲਿਆਇਆ ਸਾਂ। ਮੈਂ ਆਪ ਤਾਏ ਅਤੇ ਭਰਾ ਦੀ ਜਗ੍ਹਾ ਸਾਂ।
“ਦੇਖੋ, ਪ੍ਰੋਫੈਸਰ ਸਾਹਬ? ਜਿਥੇ ਜਿਥੇ ਦਾ ਅੰਨ ਜਲ ਹੁੰਦੈ ਆਦਮੀ ਨੂੰ ਹਰ ਹੀਲੇ ਚੁਗਣਾ ਪੈਂਦੈ।” ਕਿਲ੍ਹੇ ਵਰਗੇ ਮਕਾਨ ਵਿਚ ਬੈਠੇ ਵਲਾਇਤੀ ਪਿਤਾ ਨੇ ਗੱਲ ਛੇੜੀ।
ਉਸ ਦੇ ਸਿਓ ਵਰਗੇ ਰੰਗ ਦੀ ਝਾਲ ਝੱਲੀ ਨਹੀਂ ਸੀ ਜਾਂਦੀ।
ਚਾਚਾ, ਮੈਨੂੰ ਪਹਿਲਾਂ ਹੀ ਪੜ੍ਹਾ ਕੇ ਲੈ ਗਿਆ ਸੀ ਕਿ ਉਸ ਦਾ ਪੱਖ ਵੀ ਮੈਂ ਹੀ ਪੇਸ਼ ਕਰਨਾ ਸੀ। ਦੂਜੇ ਪਾਸਿਓਂ ਪੂਰੀ ਤੋਘ ਵੀ ਕੱਢਣੀ ਸੀ।
ਉਂਜ, ਅੰਦਰੋ ਅੰਦਰ ਮੈਂ ਠਰਿਆ ਪਿਆ ਸਾਂ। ਕੀ ਪਤਾ, ਕਿੰਨੀ ਕੁ ‘ਫੂੰ-ਫਾਂ’ ਵਾਲੇ ਬੰਦੇ ਹੋਣਗੇ?
ਪਰ ਮੇਰੇ ਅੰਦਾਜ਼ੇ ਦੇ ਉਲਟ ਇੰਗਲੈਂਡੀਆ ਹਰਬੰਸ ਸਿੰਘ ਤਾਂ ਸਾਫ-ਸਪਸ਼ਟ ਇਨਸਾਨ ਸੀ- ਪੈਸੇ ਨਾਲ ਨੱਕੋ ਨੱਕ ਭਰ ਕੇ ਵੀ ਛਲਕਣ ਦੀ ਗੁੰਜਾਇਸ਼ ਨਹੀਂ ਸੀ।
“ਤੁਸੀਂ ਤਾਂ ਕਾਫੀ ਅਰਸਾ ਬਾਹਰ ਕੱਢਿਆ, ਸਰਦਾਰ ਸਾਹਬ? ਥੋਨੂੰ ਆਪ ਨੂੰ ਮੁਲਕ ਕਿਹੜਾ ਚੰਗਾ ਲੱਗਿਐ?” ਜਾ ਕੇ ਬੈਠਦੀ ਸਾਰ ਹੀ ਮੱਥੇ ਉਤੇ ਆਇਆ ਪਸੀਨਾ ਪੂੰਝਦੇ ਹੋਏ ਓਪਰੀ ਜਿਹੀ ਚੁੱਪ ਤੋੜਨੀ ਵੀ ਮੇਰੇ ਹੀ ਹਿੱਸੇ ਆਈ ਸੀ।
“ਇਹੀ ਗੱਲ ਮੇਰੀ ਹੋਰ ਵੀ ਕਈਆਂ ਨਾਲ ਹੋਈ ਐ, ਪ੍ਰੋਫੈਸਰ ਸਾਹਬ? ਪਰ ਅਗਲੇ ਇਤਬਾਰ ਨ੍ਹੀਂ ਕਰਦੇ। ਕਹਿੰਦੇ, ਐਵੇਂ ਜੱਭਲੀਆਂ ਮਾਰਦੈ ਇੰਗਲੈਂਡੀਆ ਹਰਬੰਸ ਸਿਹੁੰ। ਸੌ ਦੀ ਇਕ ਸੁਣਾਵਾਂ, ਸਰਦਾਰ ਬਹਾਦਰ? ਸਾਡੀ ਐਹ ਜੰਮਣ-ਭੋਇੰ ਨਾਲ ਦੀ ਕੋਈ ਰੀਸ ਨਹੀਂ। ਸਾਰਾ ਜੱਗ ਘੁੰਮ ਦੇਖਿਐ। ਐਸਾ ਰੰਗਲਾ ਮੁਲਕ ਨਹੀਂ ਕੋਈ।” ਹਰਬੰਸ ਸਿੰਘ ਸ਼ਾਇਦ ਭਾਵੁਕ ਹੋ ਗਿਆ ਸੀ, “ਮਾਮਲਾ ਹੋਰ ਐ। ਸਾਡੇ ਲੋਕ ਨਿਕੰਮੇ ਅਰ ਲੀਡਰ ਬੇਈਮਾਨ। ਅਸੀਂ ਸਭ ਲਾਲਚੀ, ਨਿਖੱਟੂ, ਕੰਮਚੋਰ। ਮੰਨ ਲਿਆ, ਉਥੇ ਸਹੂਲਤਾਂ ਨੇ ਪਰ ਤੁਸੀਂ ਲੈ ਲਓ ਸਹੂਲਤਾਂ? ਥੋਡੇ ਖੇਤੀ ਫਾਰਮਾਂ ਨੂੰ ਵੀ ਸੜਕਾਂ ਨਿਕਲ ਸਕਦੀਐਂ। ਕਟਾਓ, ਤੀਜਾ ਹਿੱਸਾ ਆਮਦਨ ਟੈਕਸ। ਅਸੀਂ ਏਥੇ ਸਿਰਫ ਹੱਕਾਂ ਖਾਤਰ ਕਾਂਵਾਂ-ਰੌਲੀ ਪਾਉਣ ਜਾਣਦੇ ਆਂ। ਫਰਜ਼ਾਂ ਆਲਾ ਤਾਂ ਵਰਕਾ ਹੀ ਪਾੜ ਦਿਓ। ਉਥੇ ਗੱਲ ਜਮਾਂ ਹੀ ਉਲਟ ਐ।”
ਇਸ ਤੋਂ ਮਗਰੋਂ ਹੀ ਹਰਬੰਸ ਸਿੰਘ ਨੇ ਆਪਣੀ ਅੰਨ-ਜਲ ਵਾਲੀ ਗੱਲ ਛੇੜੀ ਸੀ।
ਪਿਛਲੇ ਅਠਾਰਾਂ ਸਾਲਾਂ ਤੋਂ ਉਹ ਵਲਾਇਤ ਦਾ ਦਾਣਾ-ਪਾਣੀ ਚੁਗਦਾ ਆਇਆ ਸੀ। ਪੜ੍ਹਾਈ ਪੱਖੋਂ ਨਿਰਾ ਅੰਗੂਠਾ ਛਾਪ। ਕਿੱਤੇ ਵਜੋਂ ਡਰਾਈਵਰ। ਪਹਿਲਾਂ ਜਰਮਨੀ ਵਿਚ ਧੱਕੇ ਖਾਧੇ, ਫੇਰ ਫਰਾਂਸ ਜਾ ਬੈਠਿਆ। ਕਿਸੇ ਏਜੰਟ ਨਾਲ ਮਿਲ ਕੇ ਚੋਰੀ ਇੰਗਲਿਸ਼ ਚੈਨਲ ਪਾਰ ਕੀਤਾ ਅਤੇ ਬਰਤਾਨੀਆ ਜਾ ਵੱਸਿਆ।
“ਠਾਰਾਂ ਸਾਲ ਕਹਿ ਦੇਣੇ ਸੁਖਾਲੇ ਨੇ। ਰਾਮ ਚੰਦਰ ਜੀ ਨੇ ਵੀ ਸਿਰਫ ਚੌਦਾਂ ਵਰ੍ਹਿਆਂ ਦਾ ਬਨਵਾਸ ਭੋਗਿਆ ਸੀ। ਏਧਰ ਤਾਂ, ਪ੍ਰੋਫੈਸਰ ਸਾਹਬ, ਸਭ ਨੇ ਮੰਨ ਲਿਆ ਸੀ, ਬਈ, ਇੰਗਲੈਂਡੀਆ ਤਾਂ ਓਧਰ ਦਾ ਹੀ ਹੋ ਕੇ ਰਹਿ ਗਿਐ। ਉਧਰੇ ਕਿਸੇ ਮੇਮ ਨਾਲ ਮੀਜ਼ੋ ਮਿਲਗੀ ਐ, ਉਹਦੀ। ਉਨੀਵੇਂ ਸਾਲ ਕਾਗਜ਼ ਪੱਤਰ ਪੂਰੇ ਹੋਇਆਂ ਤੋਂ ਜਦੋਂ ਮੈਂ ਪਿੰਡ ਮੁੜਿਆ ਤਾਂ ਆਹ ਬੀਹੀ ਦੇ ਮੋੜ ‘ਤੇ ਆ ਕੇ ਆਪਣਾ ਦਰ ਭੁੱਲ ਕੇ ਗੁਆਂਢੀਆਂ ਦੇ ਘਰੇ ਜਾ ਵੜਿਆ। ਸਾਡੇ ਦਰਾਂ ਮੂਹਰੇ ਖੜ੍ਹੀ ਭਾਰੀ ਨਿੰਮ ਕਿਤੇ ਦੀਂਹਦੀ ਨਹੀਂ ਸੀ।”
ਇੰਗਲੈਂਡ-ਕਥਾ ਜਾਰੀ ਸੀ।
ਏਨੇ ਨੂੰ ਵਿਚਾਰ ਅਧੀਨ ਲੜਕਾ ਚਾਂਦੀ ਦੀ ਟਰੇਅ ਵਿਚ ਖਾਸਾ ਸਾਰਾ ਨਿਕਸੁੱਕ ਜਿਹਾ ਰੱਖ ਕੇ ਚਾਹ ਲੈ ਆਇਆ ਅਤੇ ਕੁਝ ਮਿੰਟ ਸਾਡੇ ਸਾਹਮਣੇ ਮੂਰਤ ਬਣਿਆ ਬੈਠਾ ਰਿਹਾ। ਮਨ ਵਿਚ ਆਈ, ਬੁਲਾ ਕੇ ਤਾਂ ਦੇਖ ਲਵਾਂ? ਕੀ ਸੱਚਮੁੱਚ ਮੈਟ੍ਰਿਕ ਪਾਸ ਵੀ ਹੈ?
ਪਰ ਘਰ ਦੇ ਠਾਠ-ਬਾਠ ਨੇ ਜਿਵੇਂ ਮੇਰਾ ਮੂੰਹ ਠਾਕ ਦਿੱਤਾ ਹੋਵੇ। ਆਪਣੇ ਆਪ ਤੋਂ ਬਾਗੀ ਹੋ ਕੇ ਸਿਰਫ ਮੈਂ ਮੁੰਡੇ ਦਾ ਨਾਂ ਹੀ ਪੁੱਛ ਸਕਿਆ। ਬੋਲਣ ਨੂੰ ਸਾਊ ਸੀ ਅਤੇ ਦੇਖਣ ਨੂੰ ਸੁਨੱਖਾ।
“ਓਧਰ ਕੰਮ-ਧੰਦਾ ਕੀ ਕਰਦੇ ਨੇ, ਆਪਣੇ ਪੰਜਾਬੀ?” ਮੁੰਡੇ ਵਲੋਂ ਧਿਆਨ ਹਟਾ ਕੇ ਮੈਂ ਫੇਰ ਹਰਬੰਸ ਸਿੰਘ ਨੂੰ ਮੁਖਾਤਬ ਸੀ।
“ਕਰਨਾ ਕੀ ਐ? ਆਹੀ ਗੋਹਾ-ਕੂੜਾ ਜਿਹੜਾ ਐਥੇ ਆਪਾਂ ਕਰਦੇ ਆਂ। ਹੁਣ ਜੇ ਤੁਸੀਂ ਕਹੋ, ਓਧਰ ਜਾਂਦਿਆਂ ਨੂੰ ਹੀ ਥੋਨੂੰ ਪ੍ਰੋਫੈਸਰੀ ਮਿਲ ਜਾਊ, ਇਹ ਤਾਂ ਤੁਸੀਂ ਭੁੱਲ ਹੀ ਜਾਓ। ਉਥੇ ਤਾਂ ਕਿਰਤ ਕਰਨੀ ਪੈਂਦੀ ਐ ਪ੍ਰੋਫੈਸਰ ਸਾਹਿਬ, ਡਟਵੀਂ ਲੇਬਰ। ਦੋ ਘੰਟੇ ਲਗਾਤਾਰ ਦੇਹ ਤੋੜਵਾਂ ਕੰਮ। ਫੇਰ ਪੰਦਰਾਂ ਮਿੰਟ ਰੈਸਟ। ਚਾਹ ਪੀ ਲੋ। ਚਾਹੇ ਟਾਇਲੈਟ ਜਾ ਆਓ ਜਾਂ ਆਰਾਮ ਫੁਰਮਾ ਲਓ। ਪਰ ਕੰਮ ਦੇ ਦੋ ਘੰਟੇ ਪੂਰੀ ਕੜਿੱਲ ਕੱਢ ਦਿੰਦੇ ਨੇ। ਮਸ਼ੀਨ ਦੇ ਨਾਲ ਈ ਆਦਮੀ ਵੀ ਪੂਰਾ ਚਰਕਚੁੰਡਾ ਬਣ ਜਾਂਦੈ। ਆਪਣੇ ਏਧਰ ਵਾਗੂੰ ਨਹੀਂ ਬਈ, ਕੰਮ ਕਰਦੇ ਹੀ ਬਿਸਮੀਂ ਜਾਓ। ਐਥੇ ਮੱਕੀ-ਮੂੰਗਫਲੀ ਗੁੱਡਦੇ ਦਿਹਾੜੀਏ ਦੇਖੀਦੇ ਸਨ। ਕਈ ਤਾਂ ਮੋਤੀ ਮਜਹਬੀ ਵਰਗੇ ਡੱਬਾ ਚੱਕ ਕੇ ਜੰਗਲ ਪਾਣੀ ਨੂੰ ਹੀ ਤੁਰੇ ਰਹਿੰਦੇ ਪਰ ਉਥੇ ਆਹ ਮਕਰ ਵਿਦਿਆ ਨਹੀਂ ਚਲਦੀ। ਮੈਨੂੰ ਵੀ ਕਈ ਪਾਪੜ ਵੇਲਣੇ ਪਏ ਸੀ, ਉਥੇ।
ਡਰੈਵਰੀ ਵੀ ਕੀਤੀ, ਲੋਹੇ ਦੀ ਢਲਾਈ ਵੀ ਪਾਉਂਦਾ ਰਿਹਾ ਅਰ ਅਖੀਰ ‘ਚ ਬੇਕਰੀ ‘ਚੋਂ ਰਿਟਾਇਰ ਹੋਇਆਂ। ਜੇ ਥੋਡੇ ਕੋਲ ਓਧਰੋਂ ਆ ਕੇ ਕੋਈ ਜਣਾ ਫਰੌਟੀਆਂ ਮਾਰੇ ਬਈ, ਮੈਂ ਤਾਂ ਓਧਰ ਡਿਪਟੀ ਲੱਗਿਆ ਹੋਇਐਂ ਤਾਂ ਉਹਨੂੰ ਮਾੜਾ ਜਿਹਾ ਮੇਰੇ ਮੂੰਹ ‘ਤੇ ਲਿਆਇਓ। ਭਾਈ ਸਾਹਬ, ਉਥੇ ਹਮ੍ਹਾਂ ਤੁਮ੍ਹਾਂ ਸਭ ਭੱਠ ਝੋਕਦੇ ਨੇ। ਅੱਛਾ, ਜੇ ਤੁਸੀਂ ਕਹੋ; ਹਾਏ, ਹਾਏ। ਮੇਰੀ ਜਨਾਨੀ ਤਾਂ ਮੇਰੇ ਨਾਲ ਏ ਕੰਮ ਕਰੂ। ਹੋਰ ਕਿਸੇ ਮਰਦ ਦਾ ਤਾਂ ਮੈਂ ਪਰਛਾਵਾਂ ਵੀ ਨ੍ਹੀਂ ਪੈਣ ਦੇਣਾ ਇਹਦੇ ‘ਤੇ। ਨਹੀਂ, ਭਾਈ ਸਾਹਬ! ਇਹ ਨ੍ਹੀਂ ਹੋ ਸਕਦਾ। ਜਿਥੇ ਲੇਬਰ ਮਿਲੇ, ਕਰਨੀ ਪੈਂਦੀ ਐ। ਵਿਹਲੇ ਰਹਿ ਕੇ ਪਲ ਨਹੀਂ ਪੂਰਾ ਹੁੰਦਾ।”
ਇੰਗਲੈਂਡੀਆ ਹਰਬੰਸ ਸਿੰਘ ਕਿਸੇ ਲੋਰ ਵਿਚ ਕਹਾਣੀ ਕਹੀ ਜਾ ਰਿਹਾ ਸੀ ਅਤੇ ਉਸ ਓਪਰੇ ਘਰ ਵਿਚ ਵੀ ਅਸੀਂ ਆਪਣਿਆਂ ਵਾਂਗ ਬੈਠੇ ਸਾਂ। “ਅੱਛਾ, ਸਰਦਾਰ ਸਾਹਬ? ਮੁੰਡੇ ਅਰ ਕੁੜੀ ਨੂੰ ਤਾਂ ਤੁਸੀਂ ਬਾਹਰ ਲੈ ਹੀ ਜਾਣੈਂ। ਥੋਡੀ ਕੋਈ ਹੋਰ ਮੰਗ ਵੀ ਹੋਊਗੀ?” ਜਕਦੇ ਜਿਹੇ ਮੈਂ ਪੁੱਛਿਆ।
“ਹਾਂ ਜੀ। ਬੜੀ ਭਾਰੀ ਮੰਗ ਹੈਗੀ, ਸਾਡੀ। ਮੁੰਡੇ ਦਾ ਵਿਆਹ ਕਰਨ ਲਈ ਹੀ ਤਾਂ ਬਾਹਰੋਂ ਆਇਆ ਹਾਂ? ਕੁੜੀ-ਮੁੰਡੇ ਨੂੰ ਓਧਰ ਲਿਜਾਣ ‘ਚ ਆਪਾਂ ਚੁਟਕੀ ਨਹੀਂ ਵੱਜਣ ਦੇਣੀ। ਹਾਂ, ਕੁੜੀ ਅਸੀਂ ਜ਼ਰੂਰ ਪਸੰਦ ਦੀ ਲੈਣੀ ਐ, ਸੁੱਘੜ-ਸਿਆਣੀ, ਸ਼ਰੀਫ ਅਰ ਬਿਊਟੀਫੁੱਲ। ਬੱਸ, ਅੱਖ ‘ਚ ਪਾਈ ਨਾ ਰੜਕੇ। ਇਹ ਨਾ ਹੋਵੇ ਬਈ ਓਧਰਲੀ ਸੁਸਾਇਟੀ ‘ਚ ਜਾ ਕੇ ਸਾਨੂੰ ਠਿੱਠ ਕਰੇ। ਇਹੀ ਮੰਗ ਐ ਸਾਡੀ ਤਾਂ। ਬਾਕੀ ਲਟਰਮ-ਪਟਰਮ ਜਿਹਾ ਤਾਂ ਹਰੇਕ ਦੇ ਹੀ ਦਿੰਦੈ।”
ਅਖੀਰ ਪ੍ਰੋਗਰਾਮ ਉਲੀਕਿਆ ਗਿਆ ਕਿ ਇੰਗਲੈਂਡੀਆ ਹਰਬੰਸ ਸਿੰਘ ਆਪਣੀ ਘਰਵਾਲੀ ਅਤੇ ਸਾਹਿਬਜ਼ਾਦੇ ਸਮੇਤ ਦੇਖ ਦਿਖਾਈ ਖਾਤਰ ਸਿੱਧਾ ਸਾਡੇ ਪਿੰਡ ਹੀ ਆ ਜਾਵੇਗਾ। ਮੁੰਡੇ ਦੇ ਭਰਾ-ਭਰਜਾਈ ਨੇ ਬਰਤਾਨੀਆ ਤੋਂ ਕੁਝ ਦਿਨ ਪਛੜ ਕੇ ਆਉਣਾ ਸੀ। ਜੇ ਉਹ ਵੀ ਉਦੋਂ ਤਕ ਪਹੁੰਚ ਗਏ ਤਾਂ ਜੀ ਆਇਆਂ ਨੂੰ।
“ਅਸੀਂ ਇਕੋ ਦਿਨ ‘ਚ ਸਾਰੇ ਥਾਈਂ ਗੇੜਾ ਮਾਰ ਆਉਣੈ। ਦਸਾਂ ਵੀਹਾਂ ਕੁੜੀਆਂ ‘ਚੋਂ ਜਿਹੜੀ ਜਚ ਗਈ, ਉਸੇ ਦੇ ਗਲ ‘ਚ ਜੈ ਮਾਲਾ ਪਾ ਦੇਣੀ ਐਂ।”
ਹਰਬੰਸ ਸਿੰਘ ਦਾ ਇਹ ਐਲਾਨ ਸੁਣ ਕੇ ਇਕ ਵਾਰੀ ਤਾਂ ਮੇਰੇ ਮਨ ਵਿਚ ਆਈ ਕਿ ਆਖ ਦੇਵਾਂ, “ਸਰਦਾਰ ਜੀ! ਪਹਿਲਾਂ ਤੁਸੀਂ ਹੋਰ ਸਾਰੇ ਪਾਸੇ ਹੀ ਨਿਗ੍ਹਾ ਮਾਰ ਲੋ। ਜੇ ਕੋਈ ਸਮਝ ‘ਚ ਨਾ ਆਈ ਤਾਂ ਏਧਰ ਆ ਜਿਓ।” ਪਰ ਇਹ ਹੋਛੀ ਜਿਹੀ ਗੱਲ ਮੂੰਹੋਂ ਕੱਢ ਕੇ ਮੈਂ ਮਸੀਂ ਹੱਥ ਆਇਆ ਸੁਨਹਿਰਾ ਮੌਕਾ ਗੁਆਉਣਾ ਨਹੀਂ ਸੀ ਚਾਹੁੰਦਾ।
ਵਲਾਇਤ ਵਾਲਿਆਂ ਨੇ ਅੱਜ ਜੀਤੋ ਨੂੰ ਦੇਖਣ ਆਉਣਾ ਸੀ। ਖੂਬ ਤਿਆਰੀ ਸੀ ਸਾਡੀ। ਚਾਚੇ ਦਾ ਭਾਵੇਂ ਸੱਠਵਿਆਂ ਵਿਚ ਬਣਿਆ ਪੱਕਾ ਮਕਾਨ ਸੀ ਪਰ ਟੀ-ਆਇਰਨ ਨੇ ਬਨੇਰਾ ਚੁਫੇਰਿਓਂ ਚੁੱਕ ਦਿੱਤਾ ਸੀ। ਇਸ ਖਾਮੀ ਨੂੰ ਲੁਕਾਉਣ ਲਈ ਸਾਰਾ ਪ੍ਰੋਗਰਾਮ ਸਾਡੇ ਘਰ ਹੀ ਰੱਖਿਆ ਗਿਆ ਸੀ। ਕਾਜੂ, ਦਾਖਾਂ ਅਤੇ ਵਧੀਆ ਕਿਸਮ ਦੀ ਮਠਿਆਈ ਮੈਂ ਖੰਨੇ ਸ਼ਹਿਰ ਤੋਂ ਖਰੀਦ ਕੇ ਲਿਆਇਆ ਸਾਂ। ਘਰਵਾਲੀ ਨੇ ਸ਼ੋਅਕੇਸਾਂ ਵਿਚ ਫੂੰਦੇ ਜਿਹੇ ਲਟਕਾ ਕੇ ਡਰਾਇੰਗ ਰੂਮ ਦੀ ਵੀ ਚੰਗੀ ਟੌਅਰ ਕੱਢ ਦਿੱਤੀ ਸੀ।
“ਕੁੜੀ ਸਾਡੀ ਹੋਗੀ, ਪ੍ਰੋਫੈਸਰ ਸਾਹਬ?” ਹਰਬੰਸ ਸਿੰਘ ਨੇ ਉਠਣ ਲੱਗੇ ਨੇ ਬੜੇ ਹੌਸਲੇ ਅਤੇ ਤਪਾਕ ਨਾਲ ਆਖਿਆ।
“ਤਾਂ ਫੇਰ ਸ਼ਗਨ-ਸਗਾਰਤ ਕਰੇ ਜਾਓ ਮਾਸੜ ਜੀ?” ਕੋਲ ਖੜ੍ਹੀ ਮੇਰੀ ਜੀਵਨ ਸਾਥਣ ਨੂੰ ਨਵੀਂ ਬਣੀ ਰਿਸ਼ਤੇਦਾਰੀ ਦਾ ਜਿਵੇਂ ਝੱਲ ਜਿਹਾ ਚੜ੍ਹ ਗਿਆ ਹੋਵੇ।
“ਨਾ ਬੀਬਾ, ਬੇਵਿਚਾਰੀ ਗੱਲ ਆਪਾਂ ਥੋੜ੍ਹੋ ਕਰਨੀ ਐਂ? ਜ਼ਬਾਨ ਵੀ ਕੋਈ ਚੀਜ਼ ਹੁੰਦੀ ਐ। ਨਾਲੇ ਕੱਲ੍ਹ ਦਾ ਦਿਨ ਹੀ ਤਾਂ ਵਿਚਾਲੇ ਐ? ਮੁੰਡੇ ਦੇ ਭਰਾ-ਭਰਜਾਈ ਨੇ ਪਰਸੋਂ ਨੂੰ ਉਡ ਕੇ ਆ ਪਹੁੰਚਣੈਂ ਅਰ ਚੌਥੇ ਨੂੰ ਅਸੀਂ ਫੇਰ ਥੋਡੇ ਕੋਲ ਖੜ੍ਹੇ ਐਂ।”
ਜਾਣ ਤੋਂ ਪਹਿਲਾਂ ਉਹ ਸਾਡੇ ਚਾਚੇ ਦੇ ਘਰ ਵੀ ਚੱਕਰ ਲਾ ਆਏ ਸਨ। “ਜਦੋਂ ਹਾਂ ਹੀ ਹੋਗੀ ਫੇਰ ਆਪਾਂ ਨੂੰ ਵੀ ਕੀ ਇਤਰਾਜ਼ ਐ? ਅਗਲਿਆਂ ਦੇ ਅੰਗ ਸਾਕ ਨੇ। ਆਖਰ ਕੱਲ੍ਹ ਨੂੰ ਵੀ ਤਾਂ ਇਨ੍ਹਾਂ ਓਸ ਘਰ ਹੀ ਮਿਲਣਾ-ਵਰਤਣੈਂ।”
ਮੇਰੀ ਪਤਨੀ ਦੇ ਸੰਸਾ ਜ਼ਾਹਰ ਕਰਨ ਉਤੇ ਮੈਂ ਆਖ ਦਿੱਤਾ ਸੀ।
ਚੌਥੇ ਦੀ ਮਿੱਥੀ ਤਾਰੀਖ ਨੂੰ ਪਹਿਲਾਂ ਤਾਂ ਅਸੀਂ ਢਕੀ ਮੁੱਠੀ ਰੱਖਣੀ ਹੀ ਠੀਕ ਸਮਝੀ ਪਰ ਫੇਰ ਗੱਲ ਸੌ ਫੀਸਦੀ ਸਿਰੇ ਚੜ੍ਹ ਗਈ ਸਮਝ ਕੇ ਨੇੜੇ ਦੇ ਸਾਕ-ਸਬੰਧੀਆਂ ਦੇ ਮੂੰਹ ਵਿੰਗੇ ਹੋਣ ਤੋਂ ਬਚਣ ਲਈ ਅਸੀਂ ਉਨ੍ਹਾਂ ਨੂੰ ਵੀ ਸੱਦੇ ਘੱਲ ਦਿੱਤੇ।
ਉਦਣ ਸਿਰਫ ਚਾਹ ਦਾ ਹੀ ਪ੍ਰੋਗਰਾਮ ਸੀ। ਅੱਜ ਰੋਟੀ ਦਾ ਢਾਣਸ ਵੀ ਕੀਤਾ ਗਿਆ ਸੀ।
“ਹੁਣ ਰੋਟੀ ਦਾ ਫਿਕਰ ਤਾਂ ਜ਼ਨਾਨੀਆਂ ਨੂੰ ਹੀ ਹੁੰਦੈ ਜੀ। ਆਦਮੀਆਂ ਨੇ ਤਾਂ ਸਿਰਫ ਕੁਰਸੀ ਨਾਲ ਕੁਰਸੀ ਜੋੜ ਕੇ ਜੱਕੜਾਂ ਵੱਢਣੀਆਂ ਹੋਈਆਂ।” ਇੰਜ ਮੇਰੀ ਅਰਧੰਗਣੀ ਤਾਂ ਕਿੰਨਾ ਹੀ ਖੱਟਾ ਮਿੱਠਾ ਅਤੇ ਚਟਪਟਾ ਬਣਾਈ ਬੈਠੀ ਬੂੰਦੀ ਬਣਾਉਣ ਲਈ ਵੀ ਬਜ਼ਿੱਦ ਸੀ। ਰਾਜ ਮਾਂਹ ਭਿਉਂਤੇ ਪਏ ਸਨ। ਰਸੋਈ ਵਿਚ ਬਣਦੇ ਸੂਜ਼ੀ ਦੇ ਕੜਾਹ ਦੀ ਵਾਸ਼ਨਾ ਨੇ ਮੇਰੀ ਭੁੱਖ ਚਮਕਾ ਦਿੱਤੀ ਸੀ। ਸਾਡੇ ਸਕਿਆਂ ਵਿਚੋਂ ਮੇਰੀਆਂ ਭਰਜਾਈਆਂ ਵੀ ਸਜ-ਧਜ ਕੇ ਹਾਜ਼ਰ ਸਨ। ਕੰਜ-ਕੁਆਰੀ ਜੀਤੋ ਦੁਲਹਨ ਵਾਂਗ ਸਜੀ ਬੈਠੀ ਸੀ।
“ਕੀ ਪਤੈ ਕੁੜੇ? ਚੁੰਨੀ ਚੜ੍ਹਾ ਕੇ ਹੀ ਲੈ ਜਾਣ? ਇਨ੍ਹਾਂ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ।” ਅੰਗ ਅੰਗ ਵਿਚੋਂ ਖੇੜਾ ਡੋਲ੍ਹਦੀ, ਮੇਰੀ ਚਾਚੀ ਕਹਿ ਰਹੀ ਸੀ।
ਉਸ ਤੋਂ ਬਾਹਰ ਦੀ ਬਾਹਰ ਹੀ ਚਾਚਾ ਕਾਰ ਦੇਣੀ ਵੀ ਮੰਨ ਗਿਆ ਸੀ। ਬਲੱਡ ਪਰੈਸ਼ਰ ਦੀ ਮਰੀਜ਼ ਹੋਣ ਕਾਰਨ ਅਸੀਂ ਚਾਚੀ ਨੂੰ ਦੱਸਣ ਤੋਂ ਸੰਕੋਚ ਕੀਤਾ ਸੀ। ਸਾਰਾ ਜੁਗਾੜ ਚਾਚੇ ਨੇ ਆਪਣੀ ਜ਼ਮੀਨ ਬੈਅ ਕਰਕੇ ਬਣਾਉਣਾ ਸੀ। ਚਾਰ-ਪੰਜ ਸੈਟ ਸੋਨੇ ਦੇ ਵੀ ਪਾਉਣੇ ਹੀ ਬਣਦੇ ਸਨ।
“ਜਿੱਕਣ ਮਰਜ਼ੀ ਲੈ ਜਾਣ, ਮੇਰੀ ਧੀ ਨੂੰ। ਕੇਰਾਂ ਵਲਾਇਤ ਲੈ ਜਾਣ। ਘਰ ਦਾ ਸਾਰਾ ਦਲਿੱਦਰ ਦੂਰ ਹੋ ਜੂ, ਸ਼ਿੰਗਾਰਾ ਸਿਆਂ। ਤੇਰੇ ਚਾਚਾ-ਚਾਚੀ ਨੇ ਤਾਂ ਪਰਿਵਾਰ ਸਣੇ ਓਧਰ ਜਾਣਾ ਹੀ ਹੋਇਆ। ਕਦੇ ਆਪਾਂ ਨੂੰ ਵੀ ਜਹਾਜ਼ ਦੀ ਝਾਂਟੀ ਮਿਲੇ ਜਾਊ।”
ਖੁਸ਼ੀ ਨਾਲ ਲੋਟ ਪੋਟ ਹੋਈ, ਮੇਰੀ ਬੇਬੇ ਨੇ ਵੀ ਆਪਣੇ ਦਿਲ ਦੀ ਗੱਲ ਆਖੀ। ਉਸ ਨੂੰ ਜੀਤੀ ਤੋਂ ਛੋਟੀਆਂ ਦੋ ਕੁੜੀਆਂ ਅਤੇ ਲੜਕੇ ਪ੍ਰਿੰਸ ਦੇ ਭਵਿੱਖ ਸੌਰ ਜਾਣ ਦੀ ਵੀ ਉਮੀਦ ਸੀ।
“ਲੈ ਭੈਣੇ! ਉਹ ਤਾਂ ਆ ਵੀ ਗਏ?” ਬਾਹਰ ਫਿਰਨੀ ਤੋਂ ਕਿਸੇ ਕਾਰ ਦੀ ਗੂੰਜ ਸੁਣਾਈ ਦਿੰਦੀ ਤਾਂ ਕੜਾਹੀ ਵਿਚ ਖੁਰਚਣਾ ਖੜਕਾਉਂਦੀ ਮੇਰੀ ਸੁਪਤਨੀ ਰਸੋਈ ਤੋਂ ਬਾਹਰ ਆ ਜਾਂਦੀ।
ਉਡੀਕ ਉਡੀਕ ਅਸੀਂ ਸੁੱਕ ਗਏ ਸਾਂ।
ਅਖੀਰ ਆਪਣੀ ਨਵੀਂ ਉਸਰੀ ਕੋਠੀ ਦੀ ਮੰਮਟੀ ਉਪਰੋਂ ਟਿਕਟਿਕੀ ਲਾਈ ਪ੍ਰਾਹੁਣਿਆਂ ਦਾ ਰਾਹ ਤੱਕਦਾ, ਮੈਂ ਬੇਸਬਰਾ ਹੋ ਕੇ ਹੇਠਾਂ ਉਤਰਿਆ।
“ਸ਼ਿੰਗਾਰ ਪੁੱਤਰ? ਤੂੰ ਮੂਹਰੇ ਪੁਲ ‘ਤੇ ਜਾ ਕੇ ਮਹਿਮਾਨਾਂ ਦਾ ਸੁਆਗਤ ਕਰੀਂ।”
ਚਾਚਾ ਵੀ ਗੁਰਗਾਬੀ ਲਿਸ਼ਕਾ ਕੇ ਆ ਪਹੁੰਚਿਆ। “ਏਸ ਭਾਅ ਆਪਾਂ ਨੂੰ ਇਹ ਸੌਦਾ ਮਹਿੰਗਾ ਨਹੀਂ। ਕੁੜੀ ਸੁਥਰੀ ਐ। ਉਨ੍ਹਾਂ ਦੇ ਮਨ ਪੁੜ ਜਾਣੀ ਐਂ। ਜ਼ਮੀਨ ਵੀ ਆਪਾਂ ਨੇ ਰੱਖ ਕੇ ਕੀ ਕਰਨੀ ਐਂ? ਜਦ ਏਧਰ ਰਹਿਣਾ ਹੀ ਨਹੀਂ?” ਚਾਚਾ, ਹੱਫਲਿਆ ਫਿਰਦਾ ਸੀ।
ਮੈਨੂੰ ਉਸ ਤੋਂ ਖਿੱਝ ਆਉਣ ਲੱਗੀ ਸੀ, “ਸੌਦੇ ਵਾਲਾ ਜ਼ਿਕਰ ਕਿਤੇ ਉਨ੍ਹਾਂ ਸਾਹਮਣੇ ਨਾ ਕਰ ਬੈਠੀਂ ਚਾਚਾ?”
“ਓਏ, ਨਹੀਂ ਕਰਦਾ। ਨਹੀਂ ਕਰਦਾ। ਮੈਂ ਏਨਾ ਬੇਵਿਚਾਰਾ ਨਹੀਂ। ਊਂ ਵਿਆਹ ਸੱਚੀਓਂ ਇਕ ਸੌਦਾ ਹੀ ਹੁੰਦੈ।”
ਮੈਥੋਂ ਹੋਰ ਬਰਦਾਸ਼ਤ ਨਾ ਹੋਇਆ। ਚਾਚੇ ਨੇ ਹੁਣ ਮੁੰਡੇ ਕੁੜੀ ਦੀ ਖਰੀਦੋ-ਫਰੋਖਤ, ਹਾੜਨ-ਤੋਲਣ ਵਰਗੀ ਮੁਹਾਰਨੀ ਅਰੰਭ ਦੇਣੀ ਸੀ। ਮੈਂ ਆਉਣ ਵਾਲਿਆਂ ਨੂੰ ਅੱਗਿਓਂ ਮਿਲਣ ਲਈ ਬੱਸ ਅੱਡੇ ਵੱਲ ਚੱਲ ਪਿਆ।
ਰਾਹ ਵਿਚ ਵੀ ਚਾਚੇ ਦੇ ਬੋਲ, ਜਿਨ੍ਹਾਂ ਨੂੰ ਉਹ ਸੰਸਾਰੀ ਕਾਰ ਵਿਹਾਰ ਆਖਦਾ, ਮੇਰੇ ਕੰਨਾਂ ਵਿਚ ਗੂੰਜਦੇ ਰਹੇ, “ਕਾਕਾ ਜੀ, ਬਿਆਹ ‘ਚ ਬਗੈਰ ਪੁੱਛੇ, ਸਭ ਕੁਸ਼ ਹਾੜਿਆ-ਤੋਲਿਆ ਜਾਂਦੈ। ਦੇਣ-ਲੈਣ ਕਾਰਮਿਆਂ ਜਾਂਦੈ। ਬਰਾਤ ਦੀ ਰੋਟੀ, ਚੰਗੀ ਸੇਵਾ-ਸਭ ਕੁਸ਼ ਬਾਰੇ ਸ਼ਰਤਾਂ ਤੈਅ ਹੁੰਦੀਐਂ। ਕੁੜੀ ਮੁੰਡੇ ਦੀ ਨਿਰਖ ਪਰਖ ਹੁੰਦੀ ਐ।”
ਪਰ ਹੁਣ ਮੈਨੂੰ ਆਉਣ ਵਾਲਿਆਂ ਦੀ ਉਡੀਕ ਸੀ। ਬੱਸ ਸਟੈਂਡ ਵਿਚ ਮੈਂ ਇਕੱਲਾ ਬੈਠਾ ਸਾਂ। ਕਿੰਨੀ ਦੇਰ ਹੋ ਗਈ ਸੀ। ਕੋਈ ਹੋਰ ਸਵਾਰੀ ਨਹੀਂ ਸੀ ਆਈ। ਜਿਹੜੇ ਇਕ ਦੋ ਬੰਦੇ ਆਏ ਸਨ, ਉਹ ਅੱਡੇ ਦੇ ਬਾਹਰ ਹੀ ਪੁਲ ਉਤੇ ਖੜ੍ਹ ਗਏ ਸਨ।
ਬੱਸ ਸਟੈਂਡ ਵਿਚਲੇ ਸੀਮਿੰਟ ਦੇ ਬੈਂਚ ਉਤੇ ਬੈਠਾ ਬਿਠਾਇਆ ਹੀ ਜਿਵੇਂ ਮੈਂ ਇਕ ਵਾਰੀ ਫੇਰ ਆਪਣੇ ਘਰ ਪਹੁੰਚ ਗਿਆ ਸਾਂ। ਧੂੜ ਉਡਾਉਂਦੀ ਮਾਰੂਤੀ ਵੈਨ ਸਾਡੇ ਦਰਾਂ ਮੂਹਰੇ ਆ ਕੇ ਰੁਕੀ ਸੀ। ਸਮੁੰਦਰੋਂ ਪਾਰ ਦੇ ਸੋਹਣੇ ਸੱਜਣ ਬੋਚ-ਬੋਚ ਪੱਬ ਧਰਦੇ, ਗੱਡੀ ਵਿਚੋਂ ਉਤਰੇ। ਸਾਡੇ ਪਰਿਵਾਰ ਦੀ ਮਰਿਆਦਾ ਅਨੁਸਾਰ ਇਕ ਇਕ ਕਰਕੇ ਅਸੀਂ ਉਨ੍ਹਾਂ ਨੂੰ ਖੁਸ਼ਬੂਆਂ ਵੰਡਦੇ, ਹਾਰਾਂ ਨਾਲ ਲੱਦ ਦਿੱਤਾ। ਫੇਰ ਨਿੱਕੀਆਂ ਨਿੱਕੀਆਂ ਮਸ਼ਕਰੀਆਂ ਕਰਦੀ, ਵਿਚੋਲਣ ਬਣੀ ਕਾਕੀ-ਭੈਣ ਸਾਡੀ ਜੀਤੀ ਦੇ ਕੇਸਾਂ ਵਿਚ ਲਾਲ ਰੰਗ ਦਾ ਪਰਾਂਦਾ ਆਪੇ ਗੁੰਦਣ ਲੱਗੀ। ਤੇ ਫੇਰ ਸ਼ਗਨ ਪਾਉਂਦੀਆਂ ਅਜਨਬੀ ਔਰਤਾਂ ਦੇ ਵਿਚਕਾਰ ਸੁੰਗੜੀ ਬੈਠੀ ਜੀਤਾਂ ਦੇ ਪੱਲੇ ਦੀ ਗੁਲਾਬੀ ਚੁੰਨੀ ਵਿਚੋਂ ਖੰਮ੍ਹਣੀ ਬੰਨ੍ਹਿਆਂ ਗੁੱਟ, ਲੈਚੀਆਂ, ਬਾਦਾਮ, ਛੁਹਾਰੇ, ਮਿਸਰੀ ਸਾਰਾ ਨਿਕਸੁੱਕ ਜਿਹਾ ਬਾਹਰ ਝਾਕਦਾ ਦਿਖਾਈ ਦਿੱਤਾ ਅਤੇ ਫੇਰ ਮੋਤੀ ਚੂਰ ਦੇ ਇਕ ਲੱਡੂ ਨੂੰ ਜੀਤੋ ਦੀ ਸੋਨੇ ਨਾਲ ਲੱਦੀ ਅੰਗਰੇਜ਼ਣ ਸੱਸ ਨੇ ਚੁੱਕਿਆ। ਕੰਬਦੇ ਹੱਥਾਂ ਨਾਲ ਭੋਰ ਕੇ ਸ਼ਗਨ ਦੇਣ ਲਈ ਕੁੜੀ ਦੇ ਬੁੱਲ੍ਹਾਂ ਤਕ ਲੈ ਗਈ ਤਾਂ ਸਾਰੀਆਂ ਕੁੜੀਆਂ-ਚਿੜੀਆਂ ਖਿੜ ਖਿੜਾ ਕੇ ਹੱਸ ਪਈਆਂ।
“ਮਖਿਆ, ਕਦੋਂ ਦਾ ਉਡੀਕਦੈਂ, ਵੀਰ?” ਕਾਕੀ-ਭੈਣ ਦੀ ਆਵਾਜ਼ ਆਈ।
ਮੇਰਾ ਸੁਫਨਾ ਟੁੱਟਿਆ। ਮੈਂ ਆਪਣੇ ਮੱਥੇ ਉਤੇ ਆਇਆ ਪਸੀਨਾ ਪੂੰਝਿਆ।
ਕਾਕੀ-ਭੈਣ ਪਿੱਛੇ ਹੀ ਰੁਕ ਗਈ, ਟੈਂਪੂ ਵਿਚੋਂ ਉਤਰੀ ਸੀ। “ਵੇ ਵੀਰਾ! ਦੁਨੀਆਂ ਦਾ ਤਾਂ ਤੱਗ ਟੁੱਟ ਗਿਐ, ਹੁਣ। ਜੱਗੋਂ ਤੇਰਹਵੀਂ ਹੋਈ, ਤਾਂਹੀ ਤਾਂ ਸਾਡੇ ਨਾਲ? ਵੇ ਵਲਾਇਤੀਏ ਜਹਾਜ਼ੋਂ ਮਗਰੋਂ ਉਤਰੇ ਪਹਿਲਾਂ ਜਾਏ ਖਾਣੇ ਦੇ ਸਾਡੇ ਹੀ ਲੋਕਾਂ ਨੇ ਆਪਣੇ ਅੰਗਾਂ-ਸਾਕਾਂ ‘ਚੋਂ ਕੁੜੀਆਂ ਢੋ-ਢੋ ਕੇ ਇੰਗਲੈਂਡੀਆਂ ਦੇ ਘਰੇ, ਜੈਤੋ ਆਲੀ ਮੰਡੀ ਲਾ ਕੇ ਰੱਖ’ਤੀ। ਪਰ ਮੁੰਡੇ ਦੇ ਭਰਾ-ਭਰਜਾਈ ਕੱਲ੍ਹ ਪਿੰਡ ਪਹੁੰਚੇ ਤਾਂ ਕਹਿੰਦੇ, ‘ਅਸੀਂ ਤਾਂ ਉਧਰੋਂ ਹੀ ਨਾਲ ਆਏ ਇਕ ਲਿਹਾਜ਼ੀ ਨਾਲ ਜ਼ਬਾਨ ਕਰ ਆਏ ਹਾਂ। ਲੱਖਾਂ ਦੀ ਸਾਮੀ ਤੋਂ ਹੁਣ ਬੇਜ਼ਬਾਨ ਵੀ ਕਿਵੇਂ ਹੋਇਆ ਜਾ ਸਕਦੈ?”
ਹੰਭੀ-ਹਾਰੀ, ਬੇਮਾਣੀ ਜਿਹੀ ਖੜ੍ਹੀ, ਕਾਕੀ ਭੈਣ ਤੋਂ ਭਲਾ, ਮੈਂ ਕੀ ਸਵਾਲ ਪੁੱਛਾਂ?
Leave a Reply