ਕਾਰੇ ਜਾਬਰਾਂ-ਬਾਬਰਾਂ ਦੇ!

ਆਈ ਚੱਲਦੀ ਰੀਤ ਸਿਆਸਤਾਂ ਦੀ, ਪਾਟੋ-ਧਾੜ ਤੋਂ ਖਾਣੀਆਂ ਖੱਟੀਆਂ ਜੀ।
ਪਾ ਕੇ ਫਿਰਕਿਆਂ ਵਿਚ ਤਕਰਾਰਬਾਜੀ, ਸਾਂਝ ਵਾਲੀਆਂ ਪੋਚਣੀਆਂ ਫੱਟੀਆਂ ਜੀ।
ਵਰਤਮਾਨ ਦੇ ਦੁੱਖਾਂ ਦਾ ਹੱਲ ਚਾਹੀਏ, ਕਬਰਾਂ ਕਾਹਨੂੰ ਪੁਰਾਣੀਆਂ ਪੱਟੀਆਂ ਜੀ।
ਸਦੀਆਂ ਪਹਿਲੋਂ ਸੀ ਨਾਨੀ ਨੇ ਖਸਮ ਕੀਤਾ, ਦੋਹਤੇ ਭਰਨ ਕਿਉਂ ਉਹਦੀਆਂ ਚੱਟੀਆਂ ਜੀ।
ਜ਼ੁਲਮੋ-ਸਿਤਮ ਦੀ ਗੱਲ ਨਾ ਨਵੀਂ ਕੋਈ, ਕਿੱਸੇ ਬਹੁਤ ਇਤਿਹਾਸ ਵਿਚ ਜਾਬਰਾਂ ਦੇ।
‘ਕਾਰੇ’ ਇੱਕੋ ਜਿਹੇ ਹੋਣਗੇ ਸਾਰਿਆਂ ਦੇ, ਗੱਦੀ ਮੱਲ ਕੇ ਬੈਠਿਆਂ ‘ਬਾਬਰਾਂ’ ਦੇ!