ਗੁਰੂ ਨਾਨਕ ਦਾ ਨਿਰਮਲ ਪੰਥ

ਮਨਜੀਤ ਕੌਰ ਸੇਖੋਂ
ਫੋਨ: 916-690-2378
ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਏਕ ਮਰਦੇ-ਕਾਮਿਲ ਨੇ ਜਗਾਇਆ ਖਾਬ ਸੇ।
ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੀ ਧਰਤੀ ਤੋਂ ਪਰਮਾਤਮਾ ਤੇ ਮਨੁੱਖੀ ਭਾਈਚਾਰਕ ਏਕਤਾ ਦਾ ਨਾਹਰਾ ਬੁਲੰਦ ਕੀਤਾ ਅਤੇ ਹਿੰਦੋਸਤਾਨ ਦੇ ਲੋਕਾਂ ਨੂੰ ਇਕ ਖੁਆਬ, ਇਕ ਸੁਪਨੇ ਵਿਚੋਂ ਜਗਾ ਕੇ ਤਲਖ ਹਕੀਕਤਾਂ ਨਾਲ ਜੂਝਣ ਦੀ ਕਲਾ ਸਿਖਾਈ।

ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੀ 550ਵੀਂ ਵਰ੍ਹੇਗੰਢ ਦੇ ਅਨਮੋਲ ਪਲ ਸਾਡੀ ਉਮਰ ਦੇ ਹਿੱਸੇ ਆਏ ਹਨ, ਸਾਡੇ ਵੀ ਧੰਨ ਭਾਗ ਹਨ। ਸੋ ਆਓ! ਇਸ 550ਵੇਂ ਪੁਰਬ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਉਚੇ ਸੁੱਚੇ, ਸਦਾਚਾਰਕ ਜੀਵਨ ਨਾਲ ਜੋੜ ਕੇ ੴ ਨਾਲ ਇਕ ਰਸ ਹੋ ਜਾਣ ਦਾ ਅਹਿਦ ਕਰੀਏ।
ਸੰਸਾਰ ਵਿਚ ਕਰੀਬ ਛੇ ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਮੁੱਖ ਤੌਰ ‘ਤੇ ਮੁਢਲੀਆਂ ਤਿੰਨ ਹੀ ਹਨ, ਬਾਕੀ ਤਾਂ ਉਨ੍ਹਾਂ ਦਾ ਹੀ ਰੁਪਾਂਤਰਣ ਹੁੰਦਾ ਹੈ। ਪਹਿਲੀ ਗਣਿਤ ਦੀ ਭਾਸ਼ਾ ‘ਅੰਕ ਵਿਗਿਆਨ’ (ੁਂਮeਰਚਿਅਲ); ਦੂਜੀ ਹੈ, ਲਿਪੀ (Aਲਪਹਅਬeਟਚਿਅਲ) ਤੇ ਤੀਜੀ ਹੈ, ਚਿੰਨਾਂ ਦੀ ਭਾਸ਼ਾ (ੰੇਮਬੋਲਸ)।
ਅੱਜ ਤੱਕ ਕੋਈ ਐਸਾ ਭਾਸ਼ਾ ਵਿਗਿਆਨੀ ਨਹੀਂ ਹੋਇਆ, ਜਿਹਨੇ ਤਿੰਨਾਂ ਭਾਸ਼ਾਵਾਂ ਦਾ ਸੁਮੇਲ ਕੀਤਾ ਹੋਵੇ। ਕੋਈ ਵੀ ਅਜਿਹਾ ਗ੍ਰੰਥ ਨਹੀਂ, ਜਿਸ ਦੀ ਸ਼ੁਰੂਆਤ ਅੰਕ ਤੋਂ ਹੋਵੇ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸ਼ਬਦ ੴ ਵਿਚ ਇਹ ਅਦੁੱਤੀ ਸੁਮੇਲ ਉਪਲਬਧ ਹੈ। ੧ ਗਿਣਤੀ ਦਾ ਪਹਿਲਾ ਅੰਕ ‘ਇਕ’, ਓ ਗੁਰਮੁਖੀ ਲਿਪੀ ਦਾ ਪਹਿਲਾ ਅੱਖਰ ‘ਊੜਾ’, . ਚਿੰਨ੍ਹ ਭਾਸ਼ਾ ਭਾਵ ਅਨੰਤ, ਜੋ ਊੜੇ ਨੂੰ ਓਅੰਕਾਰ ਬਣਾਉਂਦਾ।
ਸੋ ਗੱਲ ਜ਼ੋਰ ਨਾਲ ਨਹੀਂ ਬਣਦੀ, ਨਾਲ ਜੁਗਤ ਜੋੜਨੀ ਪੈਂਦੀ ਹੈ। ਕਈ ਸਾਲ ਮੀਂਹ ਨਾ ਪਵੇ, ਧਰਤੀ ‘ਤੇ ਤਵਾਰੀਖ ਦੇ ਬੀਜ ਮਚ ਨਹੀਂ ਜਾਂਦੇ। ਜਦੋਂ ਵੀ ਬਾਰਸ਼ ਆਵੇਗੀ, ਸ਼ਾਨਦਾਰ ਹਰਿਆਵਲ ਉਠੇਗੀ। “ਆਓ! ਆਪਾਂ ਆਪਣੇ ਖੁਆਬ ਦੀ ਨੀਂਦ ਵਿਚੋਂ ਜਾਗੀਏ। ਆਪਣੀ ਅੰਤਰ ਆਤਮਾ ਨਾਲ ਅਹਿਦ ਕਰੀਏ ਕਿ ਅਨੰਤ ਨਾਲ ਇਕ ਸੁਰ, ਇਕ ਰਸ ਹੋ ਕੇ ਤੁਰੀਏ, ਤਾਂ ਜੁ ਇਸ ਖੂਬਸੂਰਤ ਵਰ੍ਹੇ ਸਾਡੀ ਜ਼ਿੰਦਗੀ ਵਿਚ ਸ਼ਾਨਦਾਰ ਹਰਿਆਲੀ ਆ ਜਾਵੇ।”
ਸਾਡੇ ਨਾਲ ਹੋਰ ਵੀ ਬੜੇ ਸੁਭਾਗ ਜੁੜੇ ਨੇ। ਅਸਾਂ ਗੁਰੂਆਂ, ਪੀਰਾਂ ਦੀ ਧਰਤੀ ‘ਤੇ ਜਨਮ ਲਿਆ। ਸਾਡੀ ਮਾਂ ਬੋਲੀ ਗੁਰਮੁਖੀ ਹੈ। ਸਾਡੇ ਗੁਰੂ, ਗੁਰੂ ਗ੍ਰੰਥ ਸਾਹਿਬ ਹਨ। ਅਸੀਂ ਆਪਣੀ ਚੋਗ ਚੁਗਣ ਲਈ ਪਰਵਾਸੀ ਧਰਤੀ ‘ਤੇ ਆਏ। ਪੈਰਾਂ ਸਿਰ ਹੋ ਕੇ ਇੱਥੇ ਗੁਰੂ ਅਸਥਾਨ, ਗੁਰੂ-ਘਰ ਬਣਾਏ। ਸਿਰ ਤੋੜ ਯਤਨ ਕਰ ਰਹੇ ਹਾਂ ਕਿ ਆਪਣੀ ਅਗਲੀ ਪੀੜ੍ਹੀ ਨੂੰ ਊੜੇ ਤੇ ਜੂੜੇ ਨਾਲ ਜੋੜਨ ਦੇ ਸਮਰੱਥ ਹੋ ਸਕੀਏ। ਸਾਡੇ ਬੱਚੇ ਇੱਥੋਂ ਦੇ ਸਕੂਲਾਂ ਵਿਚ ਅੰਗਰੇਜ਼ੀ ਪੜ੍ਹਦੇ ਹਨ। ਬੇਸ਼ਕ ਰੁਜ਼ਗਾਰ ਖਾਤਰ ਇੱਥੋਂ ਦੀ ਤਾਲੀਮ ਲੈਣੀ ਪੈਂਦੀ ਹੈ, ਪਰ ਹਰ ਐਤਵਾਰ ਗੁਰੂ ਘਰਾਂ ਵਿਚ ਚੱਲ ਰਹੇ ਗੁਰਮਤਿ ਪੰਜਾਬੀ ਸਕੂਲਾਂ ਵਿਚ ਗੁਰਮੁਖੀ, ਗੁਰਬਾਣੀ, ਕੀਰਤਨ ਤੇ ਗਤਕਾ ਆਦਿ ਸਿੱਖਣ ਲਈ ਆ ਜੁੜਦੇ ਹਨ। ਕਈ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਹੀ ਹੁਣ ਸਪੈਨਿਸ਼, ਜਰਮਨੀ, ਫਰੈਂਚ ਆਦਿ ਦੇ ਮੁਕਾਬਲੇ ‘ਤੇ ਪੰਜਾਬੀ ਭਾਸ਼ਾ ਵੀ ਆਣ ਖਲੋਤੀ ਹੈ, ਜਿਸ ਨੂੰ ਪੰਜਾਬੀਆਂ ਤੋਂ ਇਲਾਵਾ ਹੋਰ ਸਭਿਆਚਾਰਾਂ ਦੇ ਲੋਕ ਵੀ ਸ਼ੌਕ ਨਾਲ ਪੜ੍ਹਦੇ ਹਨ। ਇਹੀ ਤਾਂ ਮੇਰੇ ਗੁਰੂ ਨਾਨਕ ਦੀਆਂ ਰਹਿਮਤਾਂ ਨੇ।
ਪਿਛਲੇ ਵਰ੍ਹੇ ਸਿਟੀ ਕਾਲਜ ਦੇ ਵਿਦਿਆਰਥੀਆਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਨੇ ਪ੍ਰਾਪਤ ਇਕ ਟਰੈਕਟ ਦੇ ਕੁਝ ਅੰਸ਼ ਸਾਂਝੇ ਕੀਤੇ ਸਨ। ਉਨ੍ਹਾਂ ਦਾ ਇੱਥੇ ਜ਼ਿਕਰ ਕਰਨਾ ਵੀ ਸਹਾਈ ਹੋਵੇਗਾ। ਅਸੀਂ ਜਾਣਦੇ ਹਾਂ ਕਿ ਅੰਰਗੇਜ਼ੀ ਤਾਂ ਪਹਿਲਾਂ ਹੀ ਵੰਡੀ ਪਈ ਹੈ, ਛੋਟੀ ਅੰਗਰੇਜ਼ੀ ਤੇ ਵੱਡੀ ਅੰਗਰੇਜ਼ੀ, ਪਰ ਸਾਡੀ ਪੰਜਾਬੀ ਬੋਲੀ “ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ”
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ॥
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1249)
ਫਿਰ ਅੱਖਰ ਕਿਵੇਂ ਵੱਡੇ ਛੋਟੇ ਹੁੰਦੇ। ਸਾਨੂੰ ਚਾਰ ਲਕੀਰੀ ਕਾਪੀ ਨ੍ਹੀਂ ਚਾਹੀਦੀ। ਸਾਡੇ ਅੱਖਰ ਸੁਭਾਵਿਕ ਜੁੜਦੇ ਨੇ। ਸਾਡੇ ਲੋਕ ਵੀ ਜੁੜ ਕੇ ਰਹਿੰਦੇ ਨੇ। ਵੱਡੇ ਪਰਿਵਾਰਾਂ ਵਿਚ, ਰਿਸ਼ਤੇਦਾਰਾਂ ਵਿਚ, ਮਹਿਮਾਨ ਨਿਵਾਜ਼ੀ ਵਿਚ; ਇੱਕਠੇ ਸਫਰ ਕਰਨਾ ਪਿਆ ਤਾਂ ਓਪਰੇ ਨਾਲ ਵੀ ਜਾਣ-ਪਛਾਣ ਬਣਾ ਕੇ ਤੁਰੰਤ ਹੀ ਦੋਸਤੀ ‘ਚ ਜੁੜ ਜਾਂਦੇ ਹਾਂ। ਸਿਮਰਤੀ ਵਿਚ ਉਭਰਦੈ, ਜਦੋਂ ਸਭ ਤੋਂ ਪਹਿਲੀ ਸੰਥਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਣ ਲਈ ਕੀਤੀ ਸੀ, ਉਹ ਸਮੁੱਚੇ ਲੜੀਵਾਰ ਸਰੂਪ ਸਨ। ਸਾਰੀ ਦੀ ਸਾਰੀ ਬਾਣੀ, ਸਾਰੇ ਸ਼ਬਦ ਸਮੁੱਚੇ ਇਕੋ ਧਾਗੇ ਵਿਚ ਪਰੋਏ ਹੋਏ। ਸੋ ਅਕਾਲ ਪੁਰਖ ਦੀ ਮਿਹਰ-ਦ੍ਰਿਸ਼ਟੀ ਸਦਕਾ ਤੇ ਸੰਥਿਆ ਕਰਵਾਉਣ ਵਾਲੇ ਅਧਿਆਪਕ ਗੁਰੂ ਗ੍ਰੰਥ ਸਾਹਿਬ ਦੀ ਯੋਗ ਅਗਵਾਈ ਤੇ ਮਿਹਨਤ ਸਦਕਾ ਸਿਖਾਂਦਰੂ ਸਹਿਜੇ ਹੀ ਸ਼ੁੱਧ ਉਚਾਰਣ ਸਿੱਖ ਲੈਂਦਾ ਹੈ।
ਜਦੋਂ ਪੈਂਤੀ ਲਿਖੀ ਗਈ ਤਾਂ ‘A’ ਊੜੇ ਨੂੰ ਪੁੱਛਿਆ ਗਿਆ, ਬਾਕੀ ਸਾਰੇ ਅੱਖਰ ਬਰਾਬਰ ਨੇ ਤੇ ਤੂੰ ਰਤਾ ਬਾਹਰ ਨੂੰ ਕਿਉਂ? ਕਹਿੰਦਾ, ਮੈਂ ਓਅੰਕਾਰ ਬਣਨਾ। ਫੇਰ ਸਭ ਤੋਂ ਅੰਤਲੇ ਅੱਖਰ ‘ੜ’ ੜਾੜਾ ਨੂੰ ਥੋੜਾ ਥੱਲੇ ਵੱਲ ਨਿਕਲਿਆ ਵੇਖਿਆ ਤਾਂ ਉਸ ਨੂੰ ਪੁੱਛਿਆ ਕਿ ਤੂੰ ਬਾਹਰ ਨੂੰ ਕਿਉਂ? ਤਾਂ ‘ੜ’ ੜਾੜਾ ਨੇ ਕਿਹਾ ਕਿ ਊੜਾ ਅਰਸ਼ ਵੱਲ ਜਾਵੇਗਾ ਤੇ ਮੈਂ ਫਰਸ਼ ਵੱਲ। ਮੈਂ ਪੈਰ ਧਰਤ ‘ਤੇ ਟਿਕਾਏ ਨੇ। ਸੋ ਸਾਡੀ ਲਿਪੀ ਅਰਸ਼ ਤੋਂ ਫਰਸ਼ ਤੱਕ ਫੈਲੀ ਹੋਈ ਹੈ। ਫਿਰ ਵੀ ‘ੜ’ ਨੂੰ ਬਾਹਰ ਜਾਣ ਦੀ ਗਲਤੀ ਕਾਰਨ ਸਜ਼ਾ ਮਿਲੀ ਕਿ ਤੇਰੇ ਨਾਂ ਤੋਂ ਕਦੀ ਕੋਈ ਅੱਖਰ ਸ਼ੁਰੂ ਨਹੀਂ ਹੋਵੇਗਾ। ਸਿਰਫ ਜੇ ‘ੜਾੜਾ’ ਲਿਖਣਾ ਹੋਵੇ ਤਾਂ ਦੋ ਵਾਰ ‘ੜਾੜਾ’ ਪਵੇਗਾ, ਪਰ ਨਾਲ ਹੀ ਥਾਪੜਾ ਮਿਲਿਆ ਕਿ ਤੇਰੇ ਨਾਲ ਜੁੜ ਜਾਣ ਬਾਅਦ ਕਿਸੇ ਵੀ ਸ਼ਬਦ ਦੇ ਅਰਥ ਗੂੜ੍ਹੇ ਹੋ ਜਾਣਗੇ। ਜਿਵੇਂ ਪਿਆਰ ਤੋਂ ਪਿਆਰੜਾ, ਮਿੱਠਾ ਤੋਂ ਮਿੱਠੜਾ। ਬਿਰਹਾ ਨੂੰ ਭਗਤੀ ਬਣਾਉਣ ਲਈ ਬਿਰਹੜਾ। ਯਾਰ ਦਾ ਅਦਬ ਗੂੜ੍ਹਾ ਕਰਨ ਲਈ ਯਾਰੜਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ॥
ਸੋ ਜਾਹਰ ਹੈ, ਇਕੋ ਇਕ ਭਾਸ਼ਾ ਪੰਜਾਬੀ ਹੈ, ਜਿਹਦੀ ਵਿਆਕਰਣ ਵਿਚ ਵੀ ਸਭਿਆਚਾਰ ਹੈ। ਸਾਡੇ ਅਗੇਤਰ-ਪਿਛੇਤਰ ਲੱਗਦੇ ਹਨ। ਜੇ ‘ਸ’ ਅਗਤੇਰ ਲੱਗ ਜਾਵੇ ਤਾਂ ਸ਼ਬਦ+ਸਾਕਾਰ (ਫੋਸਟਿਵਿe) ਹੋ ਜਾਂਦਾ ਹੈ, ਜੇ ‘ਕ’ ਅਗੇਤਰ ਲੱਗ ਗਿਆ ਤਾਂ ਸ਼ਬਦ ਦੀ ਤਾਸੀਰ ਰਿਣਾਤਮਕ (ਂeਗਅਟਵਿe) ਹੋ ਜਾਂਦੀ ਹੈ। ਜਿਵੇਂ,
ਪੁੱਤਰ-ਸਪੁੱਤਰ, ਪੁੱਤਰੀ-ਸਪੁੱਤਰੀ
ਪੁੱਤਰ-ਕਪੁੱਤਰ, ਪੁੱਤਰੀ-?
ਸਾਡੀ ਭਾਸ਼ਾ ਵਿਚ ਪੁੱਤਰੀ ਨੂੰ ‘ਕ’ ਅਗੇਤਰ ਨਹੀਂ ਲਾ ਸਕਦੇ। ਇੰਜ ਹੀ ਸੁਪਤਨੀ ਤਾਂ ਹੁੰਦਾ ਹੈ, ਪਰ ਕੁਪਤਨੀ ਨਹੀਂ। ਔਰਤ ਦਾ ਅਦਬ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਵਰਦਾਨ ਹੈ।
ਇਸ ਤੋਂ ਪਹਿਲਾਂ ਔਰਤ ਜਾਤ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਤੁਲਸੀ ਦਾਸ ਨੇ ਲਿਖਿਆ ਸੀ,
ਢੋਲ ਗਵਾਰ ਸ਼ੂਦਰ ਪਸ਼ੂ ਨਾਰੀ।
ਇਹ ਸਭ ਤਾੜਨ ਕੇ ਅਧਿਕਾਰੀ।
ਗੁਰੂ ਨਾਨਕ ਨੇ ਔਰਤ ਜਾਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰਕੇ ਮਰਦ ਪ੍ਰਧਾਨ ਸਮਾਜ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤੇ ਦਰਸਾ ਦਿੱਤਾ ਕਿ ਔਰਤ ਤੇ ਮਰਦ-ਦੋਵੇਂ ਇਕ ਦੂਜੇ ਦੇ ਪੂਰਕ ਹਨ,
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ॥
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਓ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਮ: ੧ ਆਸਾ ਦੀ ਵਾਰ॥ ਪੰਨਾ 473)
ਔਰਤ ਦੇ ਗਰਭ ਵਿਚ ਪ੍ਰਾਣੀ ਦਾ ਸਰੀਰ ਬਣਦਾ, ਵਿਗਸਦਾ ਤੇ ਜਨਮ ਲੈਂਦਾ ਹੈ। ਫਿਰ ਔਰਤ ਦੇ ਨਾਲ ਹੀ ਉਸ ਦੀ ਕੁੜਮਾਈ ਤੇ ਵਿਆਹ ਹੁੰਦਾ ਹੈ। ਔਰਤ ਨਾਲ ਦੋਸਤੀ ਪਾ ਕੇ ਔਰਤ ਤੋਂ ਹੀ ਸੰਸਾਰ ਦੀ ਉਤਪਤੀ ਦਾ ਰਾਹ ਚੱਲਦਾ ਹੈ। ਔਰਤ ਦੀ ਮੌਤ ਪਿਛੋਂ ਹੋਰ ਔਰਤ ਦੀ ਭਾਲ ਕੀਤੀ ਜਾਂਦੀ ਹੈ। ਔਰਤ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ।
ਉਸ ਔਰਤ ਨੂੰ ਮੰਦਾ ਕਿਉਂ ਕਹੀਏ, ਜੋ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ? ਇਸ ਦਾ ਭਾਵ ਇਹ ਨਹੀਂ ਕਿ ਸਿਰਫ ਉਸੇ ਔਰਤ ਨੂੰ ਮੰਦਾ ਨਹੀਂ ਕਹਿਣਾ, ਜਿਨ੍ਹੇ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਵਾਂਗ ਰਾਜੇ ਨੂੰ ਪੈਦਾ ਕੀਤਾ ਹੋਵੇ। ਭਾਵ ਅਰਥ ਇਹੀ ਹੈ ਕਿ ਹਰ ਮਾਂ ਦੀ ਸੰਤਾਨ ਉਸ ਲਈ ‘ਰਾਜੇ’ ਵਾਂਗ ਹੁੰਦੀ ਹੈ, ਭਾਵੇਂ ਉਹ ਗਰੀਬ ਪਰਿਵਾਰ ‘ਚੋਂ ਏ ਜਾਂ ਅਮੀਰ ‘ਚੋਂ। ਹਰ ਮਾਂ ਆਪਣੀ ਸਮਰੱਥਾ ‘ਚੋਂ ਸਭ ਸੁੱਖ ਸਹੂਲਤਾਂ ਦੇ ਕੇ ਬੱਚੇ ਨੂੰ ਰਾਜਿਆਂ ਵਾਂਗ ਪਾਲਦੀ ਹੈ, ਫਿਰ ਉਸ ਨੂੰ ਕਿਉਂ ਮੰਦਾ ਕਹੀਏ? ਗੁਰੂ ਨਾਨਕ ਨੇ ਉਹ ਗੱਲ ਸਮਝਾਈ, ਜਿੱਥੇ ਦੂਜੇ ਧਰਮਾਂ ਦੀ ਪਹੁੰਚ ਨਹੀਂ ਸੀ ਹੋ ਪਾਈ।
ਗੁਰੂ ਨਾਨਕ ਦਾ ਪੰਥ ਨਿਆਰਾ ਹੈ, ਸੱਤਿਵਾਦੀ ਹੈ, ਆਸ਼ਾਵਾਦੀ ਹੈ; ਜਿਹਦੇ ਵਿਚ ਨਾਂਹ ਪੱਖੀ ਵਿਚਾਰਾਂ ਨੂੰ, ਇਨਕਾਰ ਨੂੰ ਥਾਂ ਨਹੀਂ। ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਨਹੀਂ ਕੀਤਾ, ਬਾਬੇ ਨੇ ਕਿਹਾ, “ਹਈ ਤ ਪਾਡੇ ਘਤੁ॥” ਬਾਬੇ ਦੇ ਦਰ ‘ਤੇ ਇਨਕਾਰ ਨਹੀਂ, ਇਨਕਾਰ ਤੋਂ ਪੈਦਾ ਹੁੰਦਾ ਤਕਰਾਰ। ਤਕਰਾਰ ਤੋਂ ਨਿਕਲਦੀ ਹੈ ਤਲਵਾਰ। ਬਾਬੇ ਨੇ ਸਭ ਥਾਂ ਦਲੀਲ ਵਰਤੀ, ਵਿਚਾਰ ਕੀਤੀ। ਵਿਚਾਰ ‘ਚੋਂ ਪਿਆਰ ਨਿਕਲਦਾ ਤੇ ਪਿਆਰ ਤੋਂ ਨਿਰੰਕਾਰ।
ਜਿਨਿ ਪ੍ਰੇਮ ਕੀਓ ਤਿਨਿ ਹੀ ਪ੍ਰਭਿ ਪਾਇਉ॥
ਪੰਡਿਤ ਹਰਦਿਆਲ ਨੂੰ ਬਾਬੇ ਨਾਨਕ ਨੇ ਪੁੱਛਿਆ, ਤੂੰ ਜਨੇਊ ਕਿਉਂ ਪਾਇਆ? ਪੰਡਿਤ ਨੇ ਕਿਹਾ, ਪੰਡਿਤ ਜਾਂ ਖੱਤਰੀ ਦੇ ਜਾਏ ਨੂੰ 9 ਸਾਲ ਦੀ ਉਮਰ ਵਿਚ ਜਨੇਊ ਪਾਉਣਾ ਜ਼ਰੂਰੀ ਹੈ, ਨਹੀਂ ਤਾਂ ਉਹ ਪੰਡਿਤ, ਖੱਤਰੀ ਜਾਂ ਧਰਮੀ ਨਹੀਂ ਅਖਵਾ ਸਕਦਾ। ਬਾਬੇ ਪੁੱਛਿਆ, ਦੱਸੋ ਫਿਰ ਧਰਮ ਕਿਥੋਂ ਅਰੰਭ ਹੁੰਦਾ ਤੇ ਸਮਝਾਇਆ ਤੇਰਾ ਸੂਤ ਦਾ ਜਨੇਊ ਤੈਨੂੰ ਤਾਂ ਧਰਮੀ ਬਣਾਏਗਾ, ਜੇ ਤੇਰਾ ਜਨੇਊ ਦਇਆ ਦੀ ਕਪਾਹ ਤੋਂ ਬਣਿਆ ਹੋਵੇਗਾ। ਕਪਾਹ ਤਾਂ ਕਿਹਾ, ਜਨੇਊ ਦਾ ਮੂਲ ਕਪਾਹ ਹੈ।
ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
“ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ।” ਧਰਮ ਦਇਆ ਬਿਨਾ ਕਿਵੇਂ ਪੈਦਾ ਹੋਏਗਾ? ਇਹ ਵੀ ਗੱਲ ਸੱਚ ਹੈ, ਜਦ ਤੱਕ ਬੱਚਾ ਨਹੀਂ ਹੁੰਦਾ ਤਾਂ ਕੋਈ ਮਾਂ ਵੀ ਨਹੀਂ ਕਹਿੰਦਾ। ਬੱਚੇ ਨੇ ਹੀ ਪੈਦਾ ਹੋ ਕੇ ‘ਮਾਂ’ ਦਾ ਰਿਸ਼ਤਾ ਪੈਦਾ ਕੀਤਾ। ਧਰਮ ਦਇਆ ਦਾ ਪੁੱਤਰ ਹੈ, ਧਰਮ ਨੇ ਹੀ ਦਇਆ ਨੂੰ ਮਾਂ ਦਾ ਦਰਜਾ ਦਿੱਤਾ। ਬ੍ਰਾਹਮਣ ਦੇ ਜਨੇਊ ‘ਚ ਦਇਆ ਨੂੰ ਪਹਿਲੇ ਨੰਬਰ ‘ਤੇ ਰੱਖਿਆ। ਦਸਵੇਂ ਨਾਨਕ ਵੇਲੇ ਖੰਡੇ ਬਾਟੇ ਦੀ ਦਾਤ ਦੇਣ ਸਮੇਂ ਪੰਜ ਪਿਆਰੇ ਸਾਜਣ ਵੇਲੇ ‘ਦਇਆ ਸਿੰਘ’ ਹੀ ਪਹਿਲੇ ਨੰਬਰ ‘ਤੇ ਉਠਿਆ।
ਬਾਬੇ ਨਾਨਕ ਨੇ ਲੋਕਾਂ ਦੇ ਪੱਧਰ ‘ਤੇ ਵਿਚਰ ਕੇ ਹੀ ਲੋਕਾਂ ਨੂੰ ਸੱਚ ਨਾਲ ਜੋੜਿਆ। ਉਹ ਇਕੋ ਸਮੇਂ ਗੁਰੂ, ਰਹਿਬਰ, ਸਮਾਜ ਸੁਧਾਰਕ, ਕਵੀ, ਕੀਰਤਨੀਏ ਗਾਇਕ ਤੇ ਨਾਟਕਕਾਰ ਵੀ ਬਣੇ। ਸਿੰਘ ਰੌਕਸ ਅਨੁਸਾਰ “ਸ਼ਾਇਦ ਧਰਮ ਦੀ ਸ਼ਰਧਾ ‘ਚ ਡੁੱਬੇ ਲੋਕਾਂ ਨੂੰ ਹਜਮ ਨਾ ਹੋਵੇ। ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਵਾਲੇ ਲੈਨਜ਼ ਲਾ ਕੇ ਦੇਖਣਾ ਪਵੇਗਾ। ਪੰਡਿਤ ਪੁਜਾਰੀ ਪੂਰਬ ਵੱਲ ਪਾਣੀ ਉਛਾਲ ਰਹੇ ਨੇ। ਮਨਮੱਤ ਫੈਲਾਉਣ ਲਈ ਉਹ ਨਾਟਕ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਪਾਸੇ ਖਲੋ ਕੇ ਵਰਜ ਸਕਦੇ ਸਨ। ਉਸੇ ਪਾਣੀ ਵਿਚ ਵੜ ਕੇ ਪੱਛਮ ਵੱਲ ਪਾਣੀ ਉਛਾਲਣ ਲੱਗੇ। ਪੰਡਿਤਾਂ ਪੁਜਾਰੀਆਂ ਟੋਕਿਆ ਕਿ ਪਿੱਤਰਾਂ ਨੂੰ ਪਾਣੀ ਪੂਰਬ ਵੱਲ ਭੇਜਣਾ ਹੁੰਦਾ ਹੈ। ਬਾਬੇ ਨਾਨਕ ਆਖਿਆ, ਕਰਤਾਰਪੁਰ ਵਿਖੇ ਮੇਰੇ ਖੇਤ ਸੁੱਕ ਰਹੇ ਨੇ, ਉਥੇ ਪਾਣੀ ਪਹੁੰਚਾ ਰਿਹਾਂ। ਪੰਡਿਤਾਂ ਕਿਹਾ, ਉਥੇ ਇੰਨੀ ਦੂਰ ਪਾਣੀ ਕਿਵੇਂ ਪਹੁੰਚੇਗਾ? ਬਾਬੇ ਕਿਹਾ, ਮੇਰੇ ਖੇਤ ਤਾਂ ਤੁਹਾਡੇ ਸੂਰਜ ਤੋਂ ਬਹੁਤ ਨੇੜੇ ਨੇ, ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤਾਂ ਮੇਰਾ ਪਾਣੀ ਕਰਤਾਰਪੁਰ ਕਿਉਂ ਨ੍ਹੀਂ ਪਹੁੰਚ ਸਕਦਾ। ਸਾਡਾ ਇਤਿਹਾਸ ਇਸੇ ਤੱਥ ‘ਤੇ ਖੜ੍ਹਾ ਹੈ। ਬਾਬੇ ਨੇ ਧਿਆਨ ਖਿੱਚਣਾ ਸੀ, ਜੇ ਉਹ ਪੂਰਬ ਵੱਲ ਹੀ ਪਾਣੀ ਉਛਾਲਦੇ, ਕਿਸੇ ਗੌਰ ਨਹੀਂ ਸੀ ਕਰਨੀ, ਧਿਆਨ ਨਹੀਂ ਸੀ ਦੇਣਾ।
ਐਚ. ਐਲ਼ ਬਰਾਡਸ਼ਾਅ ਅਨੁਸਾਰ “ਸਿੱਖਾਂ ਨੂੰ ਇਉਂ ਸੋਚਣਾ ਬੰਦ ਕਰਨਾ ਚਾਹੀਦਾ ਹੈ ਕਿ ਸਿੱਖੀ ਇਕ ਚੰਗਾ ਧਰਮ ਹੈ; ਸਗੋਂ ਸੋਚਣਾ ਚਾਹੀਦਾ ਹੈ ਕਿ ਸਿੱਖੀ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਤੌਰ ‘ਤੇ ਪੁਰਾਣੇ ਮੱਤਾਂ ਦੀ ਥਾਂ ਮੱਲਦਾ ਹੈ। ਇਹ ਗੱਲ ਸਿੱਧ ਕਰਨ ਲਈ ਪੁਸਤਕਾਂ ਲਿਖਣ ਦੀ ਸਖਤ ਲੋੜ ਹੈ।”
ਡਾ. ਰਾਧਾ ਕ੍ਰਿਸ਼ਨਨ ਨੇ ਆਪਣੇ ਇਕ ਭਾਸ਼ਣ ਵਿਚ ਕਿਹਾ ਸੀ, “ਗੁਰੂ ਨਾਨਕ ਨੇ ਇਕ ਅਜਿਹੀ ਕੌਮ ਬਣਾਉਣ ਦਾ ਯਤਨ ਕੀਤਾ, ਜਿਸ ਵਿਚਲੇ ਮਰਦ-ਔਰਤਾਂ ਵਿਚ ਸ੍ਵੈਮਾਣ ਤੇ ਸਾਂਝੀਵਾਲਤਾ ਹੋਵੇ।”
ਸੋ ਆਓ! ਇਸ 550ਵੇਂ ਪੁਰਬ ‘ਤੇ ਮਿਲ-ਜੁਲ ਕੇ ਸੰਗਤੀ ਰੂਪ ਵਿਚ ਗੁਰੂ ਨਾਨਕ ਦੇ ਨਿਰਮਲ ਪੰਥ ‘ਤੇ ਟੁਰਨ ਦਾ ਮੁਕੱਦਸ ਅਹਿਦ ਕਰੀਏ।