ਨਵਤੇਜ ਭਾਰਤੀ ਦੀ ਕਾਵਿ-ਵਾਰਤਕ ‘ਪੁਠ-ਸਿਧ’ ਦੀ ‘ਪੁਠ-ਸਿਧ’ ਵਿਚੋਂ ਲੰਘਦਿਆਂ

ਡਾ. ਮਨਪ੍ਰੀਤ ਮਹਿਨਾਜ਼
ਨਵਤੇਜ ਭਾਰਤੀ ਸਾਡੇ ਸਮਿਆਂ ਵਿਚ ਸੂਖਮਤਾ ਅਤੇ ਵਿਰਾਟ ਮਾਨਵੀ ਚੇਤਨਾ ਦਾ ਰਚਨਾਕਾਰ ਹੈ। ਉਹ ਕੁਦਰਤ ਦੇ ਪਸਾਰੇ ਨੂੰ ਕੋਮਲ ਚਿੱਤ ਨਾਲ ਦੇਖਦਾ, ਮਾਣਦਾ ਅਤੇ ਪ੍ਰਗਟਾਉਂਦਾ ਹੈ। ਭਾਵੇਂ ਉਹ ਕੈਨੇਡਾ ਦਾ ਬਾਸ਼ਿੰਦਾ ਹੈ, ਪਰ ਉਸ ਦੀ ਰਚਨਾ ਹੱਦਾਂ-ਸਰਹੱਦਾਂ ਤੋਂ ਪਾਰ ਹੈ। ਇਉਂ ਲੱਗਦਾ ਹੈ, ਜਿੱਥੇ ਵੀ ਕਿਧਰੇ ਜੀਵਨ ਨੂੰ ਪਿਆਰ ਕਰਨ ਵਾਲੇ ਵੱਸਦੇ ਹਨ, ਉਥੇ ਹੀ ਉਸ ਦੀ ਸੁਹਜਮਈ ਕਵਿਤਾ ਤੇ ਵਾਰਤਕ ਦੀ ਛਿੱਟ ਖਿਲਰਦੀ ਜਾਂਦੀ ਹੈ। ਹੁਣ ਤੱਕ ਨਵਤੇਜ ਦੀਆਂ ਲਾਲੀ, ਲੀਲ੍ਹਾ, ਓਥੋਂ ਤੀਕ (ਕਵਿਤਾ) ਅਤੇ ਕਵੀਸ਼ਰ ਮੋਹਨ ਸਿੰਘ ਰੋਡੇ (ਵਾਰਤਕ) ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਹੁਣ ਉਸ ਦੀ ਨਵੀਂ ਵਾਰਤਕ ਪੁਸਤਕ ‘ਪੁਠ-ਸਿਧ’ (ਔਟਮ ਆਰਟ ਪ੍ਰਕਾਸ਼ਨ) ਪਾਠਕਾਂ ਦੇ ਸਾਹਵੇਂ ਹੈ।

ਇਸ ਪੁਸਤਕ ਨੂੰ ਨਿਰੋਲ ਵਾਰਤਕ ਦੀ ਸ਼੍ਰੇਣੀ ਵਿਚ ਰੱਖਣਾ ਮੈਨੂੰ ਮੁਸ਼ਕਿਲ ਜਾਪਦਾ ਹੈ। ਪੁਸਤਕ ਦਾ ਸਿਰਲੇਖ ‘ਪੁਠ-ਸਿਧ’ ਇਸੇ ਨਾਂ ਦੀ ਕਵਿਤਾ ਤੋਂ ਲਿਆ ਗਿਆ ਹੈ। ਇਸ ਕਵਿਤਾ ਤੋਂ ਹੀ ਇਸ ਦਾ ਅਰੰਭ ਹੁੰਦਾ ਹੈ, ਪੁਸਤਕ ਦਾ ਅੰਤ ਵੀ ਲਾਲੀ ਨਾਲ ਸਬੰਧਿਤ ਕਾਵਿ-ਪੰਗਤੀਆਂ ਨਾਲ ਹੁੰਦਾ ਹੈ। ਪੁਸਤਕ ਵਿਚ ਥਾਂ-ਪੁਰ-ਥਾਂ ਨਵਤੇਜ ਭਾਰਤੀ ਦੀਆਂ ਕਵਿਤਾਵਾਂ ਅਤੇ ਹੋਰ ਲੇਖਕਾਂ ਦੀਆਂ ਕਵਿਤਾਵਾਂ, ਹਾਇਕੂ ਤੇ ਕਵੀਸ਼ਰੀ ਦੇ ਹਵਾਲੇ ਦਰਜ ਹਨ। ਇਸ ਵਿਚਲੇ ਵਾਰਤਕ ਲੇਖਾਂ ਦਾ ਪਿੰਡਾਂ ਕਾਵਿ-ਸੁਹਜ ਨਾਲ ਭਿੱਜਿਆ ਹੋਇਆ ਹੈ ਅਤੇ ਸ਼ਬਦਾਂ ਦੀ ਟੁਣਕਾਰ ਕਵਿਤਾ ਦੇ ਸ਼ਬਦਾਂ ਜਿਹੀ ਹੈ, ਜਿਵੇਂ ‘ਅੱਗ ਦੀ ਉਂਗਲ ਨਾਲ ਲਿਖੇ ਅੱਖਰ’ ਲੇਖ ਦੀਆਂ ਸਤਰਾਂ ਦੇਖੀਏ, “ਬਲਦੀਆਂ ਛਿਟੀਆਂ ਦੀ ਤਿੜਤਿੜ, ਸਾਗ-ਤੌੜੀ ਦੀ ਗੜਬੜ ਗੜਬੜ, ਰੋਟੀਆਂ ਥਪਦੀ ਮਾਂ ਦੀ ਥਪਥਪ ਮੇਰੀਆਂ ਉਂਗਲਾਂ ਨੂੰ ਤਾਲ ਦਿੰਦੀ ਹੈ।”
ਪੁਸਤਕ ਦੇ ‘ਆਦਿ-ਸ਼ਬਦ’ ਵਿਚ ਭਾਰਤੀ ਆਪ ਵੀ ਕਵਿਤਾ ਤੇ ਵਾਰਤਕ ਵਿਚਲੀ ਪੱਕੀ ਲਕੀਰ ਦੀ ਸੰਭਾਵਨਾ ਨੂੰ ਖਾਰਜ ਕਰਦਾ ਹੈ, “ਜਦੋਂ ਖਿਡਾਉਣੇ ਦੀ ਮਿੱਟੀ ਗਿੱਲੀ ਹੁੰਦੀ ਹੈ, ਮੈਂ ਕਿਤੋਂ ਕਿਤੋਂ ਗੋਲਾਈਆਂ ਸਿੱਧੀਆਂ ਕਰ ਦਿੰਦਾ ਹਾਂ। ਕਿਸੇ ਨੂੰ ਇਹ ਕਵਿਤਾ ਲਗਦੀ ਹੈ, ਕਿਸੇ ਨੂੰ ਵਾਰਤਕ; ਮੈਂ ਵਾਰਤਕ ਓਸੇ ਧਿਆਨ ‘ਚੋਂ ਲਿਖਦਾ ਹਾਂ, ਜਿਸ ਵਿਚੋਂ ਕਵਿਤਾ; ਵੇਖਦਾ ਕਵਿਤਾ ਵਿਚ ਹਾਂ, ਲਿਖਦਾ ਵਾਰਤਕ ਵਿਚ।” ਕਵਿਤਾ ਜਾਂ ਵਾਰਤਕ ਹੋਣ ਦੇ ਅਹਿਸਾਸ ਨੂੰ ਇਸ ਕਿਤਾਬ ਦੀ ਪਹਿਲੀ ਕਵਿਤਾ ‘ਪੁਠ-ਸਿਧ’ ਦੇ ਮੈਟਾਫਰ ਨਾਲ ਵੀ ਸਮਝਿਆ ਜਾ ਸਕਦਾ ਹੈ। ਕਵਿਤਾ ਕੁਝ ਇਸ ਤਰ੍ਹਾਂ ਹੈ,
ਤਣੀ ‘ਤੇ ਪਾਉਣ ਵੇਲੇ
ਮੈਂ ਕੱਪੜੇ ਪੁੱਠੇ ਕਰ ਦਿੰਦਾ ਹਾਂ
ਸਰੀਰ ‘ਤੇ ਪਾਉਣ ਵੇਲੇ ਸਿੱਧੇ
ਤਣੀ ਨੂੰ ਲਗਦੈ ਮੈਂ
ਕੱਪੜੇ ਪੁੱਠੇ ਪੌਂਦਾ ਹਾਂ।
ਮੈਨੂੰ ਲੱਗਦਾ ਹੈ ਕਿ ਇਸ ਕਵਿਤਾ ਦੇ ‘ਮੈਂ’ ਕਾਵਿ-ਪਾਤਰ ਅਤੇ ਤਣੀ ਦੀ ਪੁੱਠ ਤੇ ਸਿੱਧ ਦੀ ਸਮਝ ਵਿਚ ਆਪਣੇ ਕੋਣ ਜਾਂ ਅਹਿਸਾਸ ਤੋਂ ਦੇਖਣ ਦਾ ਅੰਤਰ ਪ੍ਰਗਟ ਹੁੰਦਾ ਹੈ। ਤਣੀ ‘ਤੇ ਪਾਏ ਕੱਪੜਿਆਂ ਦੀ ਪੁਠ-ਸਿਧ ਵਾਂਗ ਇਸ ਪੁਸਤਕ ਵਿਚਲੀਆਂ ਲਿਖਤਾਂ ਕਵਿਤਾ ਜਾਂ ਵਾਰਤਕ ਵਿਚ ਵੀ ਉਸ ਕੋਣ ਜਾਂ ਅਹਿਸਾਸ ਦਾ ਅੰਤਰ ਹੈ ਕਿ ਲੇਖਕ ਨੇ ਕਵਿਤਾ ਜਾਣ ਕੇ ਉਕਰੀ ਹੋਵੇ, ਪਾਠਕ ਤੇ ਆਲੋਚਕ ਨੇ ਵਾਰਤਕ ਸਮਝ ਉਠਾਲ ਲਈ ਹੋਵੇ ਜਾਂ ਲੇਖਕ ਨੇ ਵਾਰਤਕ ਸਮਝ ਨੇ ਲਿਖੀ ਹੋਵੇ, ਪਾਠਕ ਤੇ ਆਲੋਚਕ ਨੇ ਕਵਿਤਾ ਸਮਝ ਪੜ੍ਹ ਲਈ ਹੋਵੇ।
ਮੈਂ ਇਸ ਨੂੰ ਕਾਵਿ-ਵਾਰਤਕ ਕਹਿਣਾ ਵਧੇਰੇ ਪਸੰਦ ਕਰਾਂਗੀ। ਕਾਵਿ-ਵਾਰਤਕ ਦੀ ਇਸੇ ਸ਼੍ਰੇਣੀ ਵਿਚ ਹੀ ਸੁਰਜੀਤ ਪਾਤਰ ਦੀ ਪੁਸਤਕ ‘ਸੂਰਜ ਮੰਦਿਰ ਦੀਆਂ ਪੌੜੀਆਂ’ ਨੂੰ ਰੱਖਿਆ ਜਾ ਸਕਦਾ ਹੈ। ਪੰਜਾਬੀ ਕਵੀ ਪੂਰਨ ਸਿੰਘ ਨੂੰ ਹਮੇਸ਼ਾ ਮਿਹਣੇ ਵਾਂਗ ਕਿਹਾ ਜਾਂਦਾ ਹੈ ਕਿ ਉਸ ਦੀ ਕਵਿਤਾ ਵਾਰਤਕ ਜਿਹੀ ਹੈ ਤੇ ਵਾਰਤਕ ਕਵਿਤਾ ਜਿਹੀ ਹੈ, ਪਰ ਸਵਾਲ ਹੈ ਕਿ ਇਹ ਕਿਥੋਂ ਤੱਕ ਜਾਇਜ਼ ਹੈ ਕਿ ਅਸੀਂ ਕਵਿਤਾ ਤੇ ਵਾਰਤਕ ਨੂੰ ਆਪੋ-ਆਪਣੇ ਤੈਅਸ਼ੁਦਾ ਖਾਨਿਆਂ ਵਿਚ ਬੰਦ ਕਰ ਦਈਏ ਤੇ ਇੱਕ-ਦੂਜੇ ਦੇ ਘਰ ਆਉਣੋਂ-ਜਾਣੋਂ ਵਰਜ ਦੇਈਦੇ? ਕਿਸੇ ਚੰਗੇ ਰਚਨਾਕਾਰ ਦੇ ਨਵੇਂ ਤਜਰਬਿਆਂ ਨੇ ਹੀ ਵਿਧਾ ਨੂੰ ਵਿਸ਼ਾਲ ਕਰਨਾ ਹੁੰਦਾ ਹੈ। ਨਵਤੇਜ ਭਾਰਤੀ ਕਵਿਤਾ ਅਤੇ ਵਾਰਤਕ ਦੀ ਵਿਧਾਗਤ ਸਮਰੱਥਾ ਨੂੰ ਵਿਸਤਾਰਨ ਵਾਲਾ ਸੁਘੜ ਰਚਨਾਕਾਰ ਹੈ।
ਨਵਤੇਜ ਭਾਰਤੀ ਦੀ ਕਾਵਿ-ਵਾਰਤਕ ਦੀ ਵਿਸ਼ੇਸ਼ਤਾ ਹੈ ਕਿ ਇਹ ਉਲਾਰ ‘ਭਾਵੁਕਤਾ ਦੇ ਲਿਜਲਿਜੇਪਣ’ ਤੋਂ ਦੂਰ ਵਿਚਰਦੀ ਹੈ। ਇਹ ਆਪਣੇ ਸੁਹਜ ਤੇ ਸੂਖਮਤਾ ਨਾਲ ਪਾਠਕ ਦੇ ਮਨ ਟੁੰਬਦੀ ਹੈ, ਉਸ ਦੇ ਪਰਪੱਕ ਜਾਂ ਸਥਾਪਿਤ ਵਿਚਾਰਾਂ-ਸੰਸਕਾਰਾਂ ਨੂੰ ਕੁਰੇਦਦੀ ਹੈ ਅਤੇ ਨਵੇਂ ਵਿਚਾਰਾਂ ਦੇ ਮੌਲਣ ਲਈ ਮਨ ਧਰਤ ਮੌਕਲੀ ਕਰਦੀ ਲੱਗਦੀ ਹੈ।
ਨਵਤੇਜ ਭਾਰਤੀ ਆਪਣੀ ਇਕ ਮੁਲਾਕਾਤ ਵਿਚ ਅਮਰੀਕੀ ਕਵਿਤਰੀ ਐਮਿਲੀ ਡਿਕਸਨ ਦੇ ਹਵਾਲੇ ਨਾਲ ਕਵਿਤਾ ਦਾ ਉਦੇਸ਼ ‘ਜੀਵਨ ਦੀ ਅਦਭੁੱਤਤਾ ਦਾ ਜਸ਼ਨ’ ਮਨਾਉਣਾ ਦੱਸਦਾ ਹੈ। ਮੈਨੂੰ ਨਵਤੇਜ ਭਾਰਤੀ ਦੀ ਸਾਰੀ ਕਵਿਤਾ ‘ਜੀਵਨ ਦੀ ਅਦਭੁੱਤਤਾ ਦਾ ਜਸ਼ਨ’ ਹੀ ਜਾਪਦੀ ਹੈ। ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਪੁਸਤਕ ‘ਲੀਲ੍ਹਾ’ ਦਾ ਸਿਰਲੇਖ ਸਿਰਫ ਸਿਰਲੇਖ ਮਾਤਰ ਨਹੀਂ, ਸਗੋਂ ‘ਜੀਵਨ ਦੀ ਲੀਲ੍ਹਾ’ ਭਾਵ ਜੀਵਨ ਦੀ ਅਦਭੁੱਤਤਾ ਦਾ ਜਸ਼ਨ ਤਾਂ ਰੋਡੇ ਭਰਾਵਾਂ ਦੀ, ਵਿਸ਼ੇਸ਼ ਕਰਕੇ ਨਵਤੇਜ ਭਾਰਤੀ ਦੀ ਲੇਖਣੀ ਦਾ ਕੇਂਦਰੀ ਮੋਟਿਫ ਹੋ ਨਿਬੜਦਾ ਹੈ। ਦੁਨੀਆਂ, ਮਨੁੱਖ, ਬਨਸਪਤੀ, ਜੀਵ ਜੰਤੂਆਂ-ਗੱਲ ਕੀ, ਕੁਦਰਤ ਦੇ ਇਸ ਅਨੰਤ ਪਸਾਰੇ ਦੀ ਜੀਵਨ ‘ਲੀਲ੍ਹਾ’ ਨਵਤੇਜ ਭਾਰਤੀ ਦੀ ਲੇਖਣੀ ਦਾ ਧੁਰਾ ਬਣਦੀ ਹੈ। ਪੁਸਤਕ ‘ਪੁਠ-ਸਿਧ’ ਜੀਵਨ ਦੀ ਇਸੇ ‘ਲੀਲ੍ਹਾ’ ਦੇ ਜਸ ਦੀ ਨਿਰੰਤਰਤਾ ਹੈ।
ਜਿਉਣ ਦੀ ਇਸੇ ਲੀਲ੍ਹਾ ਨੂੰ ਮਾਣਦਿਆਂ ਹੀ ਸ਼ਾਇਦ ਭਾਰਤੀ ਨੂੰ ਆਪਣੇ ਅਧਿਆਪਕ ਪ੍ਰੋ. ਪ੍ਰੀਤਮ ਸਿੰਘ ਦੇ ਪੜ੍ਹਾਏ ਪਾਠਾਂ ਦੀ ਥਾਂ ਉਸ ਦੇ ਸਿਖਾਏ ਚਿੱਠੀਆਂ ‘ਤੇ ਸੋਹਣੀ ਲਿਖਾਈ ‘ਚ ਸਿਰਨਾਵੇਂ ਲਿਖਣੇ ਤੇ ਲਿਫਾਫੇ ‘ਤੇ ਟਿਕਟ ਲਾਉਣੀ ਵੱਧ ਯਾਦ ਰਹਿੰਦੇ ਹਨ ਜਾਂ ਉਸ ਨੂੰ ਦਲੀਪ ਕੌਰ ਟਿਵਾਣਾ ਦਾ ਹਾਸਾ ਯਾਦ ਰਹਿੰਦਾ ਹੈ, “ਉਸ ਦਿਨ ਉਹਨੇ ਕੀ ਪੜ੍ਹਾਇਆ, ਯਾਦ ਨਹੀਂ। ਬਸ ਉਸ ਦਾ ਹੱਸਣਾ ਯਾਦ ਹੈ। ਇਹ ਹਾਸਾ ਅਨਪੜ੍ਹ ਸੀ, ਸਿਖਿਆ ਹੋਇਆ ਨਹੀਂ ਸੀ।” ‘ਸ਼੍ਰਿਸ਼ਟੀ ਸਾਜਣ’ ਦੀ ਲੀਲ੍ਹਾ ਨਵਤੇਜ ਭਾਰਤੀ ਨੂੰ ਏਨੀ ਅਦਭੁੱਤ ਲੱਗਦੀ ਹੈ ਕਿ ਉਹ ਕਵੀ ਬਣ ਰੱਬ ਦੇ ਨਾਲ ਇਸ ਰਚਨਕਾਰੀ ਵਿਚ ਸ਼ਾਮਿਲ ਹੋਣਾ ਚਾਹੁੰਦਾ ਹੈ,
ਜੇ ਮੈਂ ਕਵੀ ਹੁੰਦਾ
ਰੱਬ ਨਾਲ ਸ਼੍ਰਿਸ਼ਟੀ ਸਾਜਣ
ਵਿਚ ਹੱਥ ਵਟਾਉਂਦਾ
ਮਿੱਟੀ ਗੁੰਨ੍ਹਦਾ, ਰੰਗ ਘੋਲਦਾ
ਸ਼ਬਦ ਪਥ ਪਥ ਫੜਾਉਂਦਾ
ਤੇ ਜਦੋਂ ਉਹ ਥੱਕ ਜਾਂਦਾ
ਉਹਨੂੰ ਚਾਹ ਦਾ ਪਿਆਲਾ
ਬਣਾ ਕੇ ਦਿੰਦਾ।
ਜੇ ਮੈਂ ਕਵੀ ਹੁੰਦਾ
ਰੱਬ ਲਈ
ਸੁਪਨੇ ਸਾਜ ਸਾਜ ਧਰੀ ਜਾਂਦਾ
ਕਦੇ ਕਦੇ ਉਹਦੀ ਵਾਹੀ
ਵਿੰਗ-ਤੜਿੰਗੀ ਲੀਕ ਵੀ
ਸਹੀ ਕਰ ਦਿੰਦਾ।
ਇਸ ਪੁਸਤਕ ਵਿਚ ਨਵਤੇਜ ਭਾਰਤੀ ਕਵਿਤਾ, ਕਵੀ, ਪਾਠਕ, ਸੰਸਕ੍ਰਿਤੀ ਦੇ ਸਬੰਧਾਂ ਦੇ ਮੂਲ ਸਵਾਲਾਂ ਨੂੰ ਮੁਖਾਤਿਬ ਹੋਇਆ ਹੈ, ਮਸਲਨ ਕਵੀ ਕੀਹਦੇ ਲਈ ਲਿਖਦਾ ਹੈ? ਉਹ ਕਵਿਤਾ ਨੂੰ ਮਾਣਨ ਬਾਬਤ ਲਿਖਦਾ ਹੈ, “ਪੜ੍ਹੇ-ਲਿਖੇ ਕਵਿਤਾ ਦੇ ਅਰਥ ਕਰਦੇ ਹਨ, ਇਹਦੇ ਅਹਿਸਾਸ ਵਿਚ ਪੰਘਰਦੇ ਨਹੀਂ।”
ਕਵੀ ਤੇ ਪਾਠਕ ਦੇ ਰਿਸ਼ਤੇ ਬਾਰੇ ਉਸ ਦੇ ਵਿਚਾਰ ਹਨ, “ਮੇਰੀ ਜਾਂ ਬਹੁਤੀ ਸਮਕਾਲੀ ਕਵਿਤਾ, ਪਾਠਕ ਤੋਂ ਭਾਸ਼ਾ ਨਹੀਂ ਲੈਂਦੀ। ਬਹੁਤੀ ਵਾਰ ਪਾਠਕ ਉਹਦੇ ਸਾਹਮਣੇ ਨਹੀਂ ਹੁੰਦਾ।” ਕਵਿਤਾ ਤੇ ਸਮੱਸਿਆ ਦੇ ਸਬੰਧ ਨੂੰ ਮੁਖਾਤਿਬ ਹੁੰਦਿਆਂ ਉਹ ਵਿਚਾਰ ਦਿੰਦਾ ਹੈ, “ਵਾਸਤਵ ਵਿਚ ਕਵਿਤਾ ਦਾ ਸਰੋਕਾਰ ‘ਸਮੱਸਿਆ’ ਨਾਲ ਨਹੀਂ, ਸਗੋਂ ਸੰਵੇਦਨਾ ਨਾਲ ਹੈ। ਸਮੱਸਿਆ ਸੰਵੇਦਨਾ ਦਾ ਇਕ ਅੰਗ ਹੈ।” ਉਹ ਕਵਿਤਾ ਤੇ ਜਿਉਣ ਨੂੰ ਇਕਮਿਕ ਕਰਕੇ ਦੇਖਦਾ ਹੈ, “ਕਵਿਤਾ ਜਿਉਣ ਨਾਲ ਇਸ ਤਰ੍ਹਾਂ ਸਿਉਂਤੀ ਹੋਈ ਹੈ ਕਿ ਵਿਚਾਲੇ ਸਿਉਣ ਨਹੀਂ ਦਿਸਦੀ।” ਆਦਿ।
ਪੰਜਾਬੀ ਸਾਹਿਤ ਜਗਤ ਵਿਚ ਹਾਲੇ ਤੱਕ ਕਵੀਸ਼ਰੀ ਬਾਰੇ ਮੁਕਾਬਲਤਨ ਘੱਟ ਗੱਲ ਹੋਈ ਹੈ। ਭਾਰਤੀ ਦਾ ਨਿਹੋਰਾ ਹੈ, “ਪੰਜਾਬੀ ਦੇ ਕਾਵਿ ਪੰਡਿਤ ਕਵਿਤਾ ਦੇ ਪ੍ਰਵਚਨ ਵਿਚ ਕਵੀਸ਼ਰੀ ਨੂੰ ਸ਼ਾਮਿਲ ਨਹੀਂ ਕਰਦੇ।” ਉਸ ਨੂੰ ਕਵੀਸ਼ਰੀ ਕਵਿਤਾ ਨਾਲੋਂ ਇਸ ਲਈ ਅਹਿਮ ਲੱਗਦੀ ਹੈ, “ਕਵੀਸ਼ਰੀ ਨੇ ਉਨ੍ਹਾਂ ਕਥਾਵਾਂ ਘਟਨਾਵਾਂ ਨੂੰ ਜੀਭ ਦਿੱਤੀ ਹੈ, ਜਿਨ੍ਹਾਂ ਨੂੰ ਮੁਖਧਾਰਾ ਕਵਿਤਾ ਨੇ ਗੁੰਗੀਆਂ ਛੱਡ ਦਿੱਤਾ ਹੈ।” ਕਵੀਸ਼ਰੀ ਦੀ ਤਾਕਤ ਨੂੰ ਪਛਾਣਦਾ ਉਹ ਲਿਖਦਾ ਹੈ, “ਪਿਛਲੀ ਪੂਰੀ ਸਦੀ ਕਵੀਸ਼ਰੀ ਮਾਲਵੇ ਦਾ ਰਿਦਮ ਰਹੀ। ਮੋਹਨ ਸਿੰਘ ਤੇ ਉਸ ਦੇ ਸਾਥੀ ਕਵੀਸ਼ਰਾਂ ਨੇ ਲੋਕਾਂ ਨੂੰ ਕੰਵਲੇ ਤੇ ਕਰੋਧੀ ਹੋਣ ਤੋਂ ਬਚਾਈ ਰੱਖਿਆ।” ਆਦਿ।
ਇਸ ਪੁਸਤਕ ਵਿਚ ਕਵਿਤਾ ਬਾਰੇ, ਕਵਿਤਾ ਦੀ ਸਿਰਜਣਾ ਬਾਰੇ, ਕਵਿਤਾਵਾਂ ਦੇ ਵਿਸ਼ਲੇਸ਼ਣ, ਕਵੀਆਂ (ਦੇਵਨੀਤ, ਦਰਬਾਰਾ ਸਿੰਘ, ਦਲਜੀਤ ਮੋਖਾ, ਅਫਜ਼ਲ ਸਾਹਿਰ, ਗੁਰਮੀਤ ਸੰਧੂ, ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਅਮਰਜੀਤ ਚੰਦਨ, ਪ੍ਰੋ. ਮੋਹਨ ਸਿੰਘ, ਪਰਦੀਪ ਆਦਿ); ਕਵੀਸ਼ਰੀ, ਕਵਿਤਾ ਦੇ ਕਵੀਸ਼ਰੀ ਦਾ ਸਬੰਧ, ਕਵੀਸ਼ਰਾਂ ਬਾਰੇ (ਮੋਹਨ ਸਿੰਘ ਰੋਡੇ, ਕਰਨੈਲ ਸਿੰਘ ਪਾਰਸ ਆਦਿ); ਹਾਇਕੂ, ਪੰਜਾਬੀ ਹਾਇਕੂ; ਹੋਰ ਲੇਖਕਾਂ (ਦਲੀਪ ਕੌਰ ਟਿਵਾਣਾ, ਹੀਰਾ ਸਿੰਘ ਦਰਦ); ਭੂਤਵਾੜੇ ਤੇ ਉਸ ਦੇ ਭੂਤਾਂ ਬਾਰੇ (ਲਾਲੀ ਬਾਬਾ, ਗੁਰਭਗਤ ਸਿੰਘ, ਸੁਤਿੰਦਰ ਨੂਰ, ਹਰਿੰਦਰ ਮਹਿਬੂਬ, ਪ੍ਰੇਮਪਾਲੀ, ਅਮਰਜੀਤ ਸਾਥੀ, ਕੁਲਵੰਤ ਗਰੇਵਾਲ ਆਦਿ); ਭਾਰਤੀ ਦੇ ਹੋਰ ਨਜ਼ਦੀਕੀਆਂ (ਪ੍ਰੋ. ਪ੍ਰੀਤਮ ਸਿੰਘ, ਲਾਲਾ ਹੇਮਰਾਜ, ਡਾ. ਪ੍ਰੇਮ ਪ੍ਰਕਾਸ਼, ਅਵਤਾਰ ਸਿੰਘ ਬਰਾੜ, ਬਾਈ ਕਰਨੈਲ ਸਿੰਘ, ਬਾਈ ਪ੍ਰੀਤਮ ਸਿੰਘ, ਅਵਤਾਰ ਸਿੰਘ ਰੋਡੇ ਆਦਿ) ਨਾਲ ਸਬੰਧਿਤ ਲੇਖ, ਉਸ ਦੇ ਭਾਸ਼ਣ ਅਤੇ ਉਸ ਦੀਆਂ ਪਹਿਲੀਆਂ ਪੁਸਤਕਾਂ ਦੀਆਂ ਭੂਮਿਕਾਵਾਂ ਆਦਿ ਸ਼ਾਮਿਲ ਹਨ।
ਵਰਤਮਾਨ ਸਿਰਜਣਾਤਮਕ ਤੇ ਆਲੋਚਨਾਮਕ ਪੰਜਾਬੀ ਸਾਹਿਤ ਵਿਚ ਕਲੀਸ਼ੇ (ਰੂੜ੍ਹ ਹੋ ਚੁਕੇ ਸ਼ਬਦ) ਵਿਚ ਲਿਖਣ ਦਾ ਰਿਵਾਜ ਜਿਹਾ ਪੈ ਗਿਆ ਲੱਗਦਾ ਹੈ। ਇਸ ਦੇ ਉਲਟ ਨਵਤੇਜ ਭਾਰਤੀ ਆਪਣੀ ਸੱਜਰੀ ਸ਼ਬਦਾਵਲੀ ਤੇ ਸੱਜਰੇ ਮੁਹਾਵਰੇ ਨਾਲ ਪਾਠਕ ਨੂੰ ਖਿੱਚ ਪਾਉਂਦਾ ਹੈ। ਉਸ ਕੋਲ ਸ਼ਬਦਾਂ ਦਾ ਅਮੁੱਕ ਭੰਡਾਰ ਹੈ, ਪੰਜਾਬੀ ਪੇਂਡੂ ਰਹਿਤਲ ਦੇ ਜੋ ਸ਼ਬਦ ਨਵੀਂ ਪੀੜ੍ਹੀ ਵਿਸਾਰ ਚੁਕੀ ਹੈ, ਨਵਤੇਜ ਉਨ੍ਹਾਂ ਨੂੰ ਇਕ ਇਕ ਕਰਕੇ ਪਾਠਕ ਸਾਹਮਣੇ ਰੱਖਦਾ ਹੈ ਤੇ ਉਸ ਨੂੰ ਅਨੰਦਿਤ ਕਰਦਾ ਜਾਂਦਾ ਹੈ; ਮਸਲਨ ਅੱਗ ਦਾ ਫਲੂਹਾ, ਭੁਚੱਕਾ, ਚਿਹਰੇ ਦਾ ਸਲਾਲ, ਕੰਵਲਾ, ਸਰਬੰਧ, ਰਸਵੰਤ ਆਦਿ। ਉਹ ਨਵੇਂ ਸ਼ਬਦਾਂ ਦੀ ਸਿਰਜਣਾ ਵੀ ਕਰਦਾ ਹੈ, ਜਿਵੇਂ ਕਾਗਤੀ ਕਵੀ, ਸਕੂਲਦੁਆਰੇ, ਕਿਤਾਬਤ ਦੀ ਪਰੰਪਰਾ, ਨਿਰਉਮਰਾ, ਵਿਸਿਮਰਤੀ, ਬੇਸਬੱਬ ਆਦਿ। ‘ਅ’ ਜਾਂ ‘ਅਣ’ ਅਗੇਤਰ ਲਾ ਕੇ ਭਾਰਤੀ ਬੜੀ ਸੋਹਣੀ ਸ਼ਬਦ-ਰਚਨਾ ਕਰਦਾ ਹੈ; ਅਣਵੇਖਿਆ, ਅਣਮਿਲਿਆ, ਅਕਵਿਤਾ, ਅਣਚਿਤਰਿਆ, ਅਣਪੜ੍ਹਿਆ ਆਦਿ। ਉਹ ਅੰਗਰੇਜ਼ੀ ਸ਼ਬਦਾਵਲੀ ਲਈ ਪੰਜਾਬੀ ਦੇ ਢੁਕਵੇਂ ਸ਼ਬਦਾਂ ਦੀ ਤਲਾਸ਼ ਵੀ ਕਰਦਾ ਹੈ, ਜਿਵੇਂ ਕਾਤਬ (ਕੈਲੀਗਰਾਫ), ਕਲਮਤਰਾਸ਼ (ਪੈੱਨ ਕਰਾਫਟਮੈਨ) ਆਦਿ। ਨਵਤੇਜ ਭਾਰਤੀ ਪੰਜਾਬੀ ਭਾਸ਼ਾ ਦੇ ਮਰਦਾਵੇਂ ਖਾਸੇ ਸਾਹਮਣੇ ਨਾਰੀ ਉਮੁਖ ਪ੍ਰਵਚਨ ਤੇ ਭਾਸ਼ਾ ਸਿਰਜਣ ਵੱਲ ਵੀ ਰੁਚਿਤ ਹੈ, ਮਿਸਾਲ ਵਜੋਂ ਇਕ ਵਾਕ ਹੀ ਕਾਫੀ ਹੈ, “ਅਫਜ਼ਲ ਸਾਹਿਰ ਦੀ ਪੁਸਤਕ ‘ਪ੍ਰੇਮ ਕਹੇ’ ਸਰਹੱਦ ਪਾਰ ਕਰਕੇ ਆਈ ਹੈ; ਜੀ ਆਈ ਨੂੰ।”
ਨਵਤੇਜ ਭਾਰਤੀ ਦੀ ਲਿਖਤ ਪੜ੍ਹ ਕੇ ਪਾਠਕ ਦਾ ਚਿਹਰਾ ‘ਜਗਣ’ ਲੱਗਦਾ ਹੈ। ਉਸ ਦੀ ਵਾਰਤਕ ਸ਼ੈਲੀ ਦੇ ਨਮੂਨੇ ਦੇਖੀਏ ਤਾਂ ਅਮਰਜੀਤ ਚੰਦਨ ਦੀ ਭਾਸ਼ਾ ਬਾਰੇ ਲਿਖਦਿਆਂ ਉਹ ਕਮਾਲ ਦਾ ਫਿਕਰਾ ਸਿਰਜਦਾ ਹੈ, “ਉਹ ਪੰਜਾਬੀ ਦਾ ਵਿਰਲਾ ਕਵੀ ਹੈ, ਜੋ ਸ਼ਬਦਾਂ ਨੂੰ ਭੀਲਣੀ ਵਾਂਗ ਚਖ ਚਖ ਕੇ ਵਰਤਦਾ ਹੈ।” ਇਹ ਫਿਕਰਾ ਭਾਰਤੀ ‘ਤੇ ਵੀ ਪੂਰਾ ਢੁਕਦਾ ਹੈ। ਕਵੀਸ਼ਰ ਮੋਹਨ ਸਿੰਘ ਬਾਰੇ ਉਹ ਸ਼ਬਦ ਵਰਤਦਾ ਹੈ, “ਇਹ ਆਵਾਜ਼ ਕੇਵਲ ਉਚੀ ਹੀ ਨਹੀਂ ਸੀ, ਰਸ ਤੇ ਜਿਉਣ ਦੀ ਊਰਜਾ ਨਾਲ ਭਰੀ ਹੋਈ ਸੀ…ਇਹ ਰਸ ਅਤੇ ਊਰਜਾ ਉਹਦੀ ਘੰਡੀ ਵਿਚ ਨਹੀਂ ਸੀ। ਉਮਰ ਭਰ ਦੀ ਕਮਾਈ ‘ਚੋਂ ਮਿਲੀ ਸੀ।” ਜਾਂ ਮੋਹਨ ਸਿੰਘ ਦੇ ਪੈਦਾ ਹੋਣ ਬਾਰੇ ਲਿਖਦਾ ਹੈ, “ਰਫਲਾਂ, ਗੰਡਾਸੇ ਪੈਦਾ ਕਰਨ ਵਾਲੀ ਮਿੱਟੀ ਵਿਚੋਂ ਕਲਮ ਦਾ ਉਗਣਾ ਇਕ ਚਮਤਕਾਰ ਹੀ ਹੈ। ਸ਼ਾਇਦ ਰਫਲਾਂ, ਗੰਡਾਸਿਆਂ ਨਾਲ ਚੜ੍ਹਿਆ ਕਰਜ਼ ਕਲਮ ਨਾਲ ਲਹਿੰਦਾ ਹੋਣਾ ਹੈ।” ਭਾਰਤੀ ਦੀ ਸ਼ੈਲੀ ਪਾਠਕ ਨੂੰ ਕੀਲ ਲੈਂਦੀ ਹੈ।
ਨਵਤੇਜ ਭਾਰਤੀ ਦੀ ਪੁਸਤਕ ਪੜ੍ਹਨ ਵਾਲਾ ਪਾਠਕ ਏਨੀ ਸੂਖਮਤਾ ਨਾਲ ਆਪਣਾ ਆਲਾ-ਦੁਆਲਾ ਦੇਖਦਾ ਤੇ ਉਸ ਨਾਲ ਇਕਸੁਰ ਹੁੰਦਾ ਹੈ ਕਿ ਉਹ ਕਾਹਲਾ ਨਹੀਂ ਪੈ ਸਕਦਾ, ਕਿਸੇ ਨੂੰ ਨਫਰਤ ਨਹੀਂ ਕਰ ਸਕਦਾ, ਹਿੰਸਕ ਨਹੀਂ ਹੋ ਸਕਦਾ। ਵਰਤਮਾਨ ਦੌਰ ਵਿਚ ਜਿਥੇ ਚਾਰੇ-ਪਾਸੇ ਆਪਾ-ਧਾਪੀ ਪਸਰੀ ਹੋਈ ਹੈ, ਲੋਕ ਮਨੁੱਖਤਾ ਦਾ ਪੱਲਾ ਛੱਡ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉਥੇ ਨਵਤੇਜ ਭਾਰਤੀ ਲੋਕਾਈ ਨੂੰ ਹਿੰਸਾ ਵਲੋਂ ਮੋੜ ਕੇ ਸੂਖਮਤਾ ਦੀ ਉਂਗਲ ਫੜਾਉਂਦਾ ਨਜ਼ਰ ਆਉਂਦਾ ਹੈ। ਪਾਠਕ ਨੂੰ ਜਿਉਣ ਦੀ ਲੀਲ੍ਹਾ ਦੇ ਸਨਮੁਖ ਕਰਦਾ ਹੈ, ‘ਰਫਲਾਂ, ਗੰਡਾਸਿਆਂ ਨਾਲ ਚੜ੍ਹਿਆ ਕਰਜ਼ ਕਲਮ ਨਾਲ ਲਾਹੁਣ’ ਦੀ ਸੰਵੇਦਨਾ ਦਿੰਦਾ ਹੈ। ਇਨ੍ਹਾਂ ਸਮਿਆਂ ਵਿਚ ਕਿਸੇ ਕਲਮਕਾਰ ਦੇ ਅਜਿਹੇ ਕਰਮ ਦਾ ਵਿਸ਼ੇਸ਼ ਇਤਿਹਾਸਕ ਮੁੱਲ ਹੈ। ਇਹੋ ਇਸ ਪੁਸਤਕ ਦਾ ਹਾਸਲ ਹੈ।