ਸ਼ਰਧਾਲੂਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖ ਰਹੀਆਂ ਨੇ ਖੁਫੀਆ ਏਜੰਸੀਆਂ

ਅੰਮ੍ਰਿਤਸਰ: ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਦੋ ਜਣਿਆਂ ਕੋਲੋਂ ਅਟਾਰੀ ਸਰਹੱਦ ਉਤੇ ਕਸਟਮ ਵਿਭਾਗ ਵੱਲੋਂ ਅਫੀਮ ਅਤੇ ਭੁੱਕੀ ਬਰਾਮਦ ਹੋਣ ਤੋਂ ਬਾਅਦ ਸੁਰੱਖਿਆ ਤੇ ਖੁਫੀਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਪਾਕਿਸਤਾਨ ਦੀ ਆਈæਐਸ਼ਆਈæ ਏਜੰਸੀ ਵੱਲੋਂ ਹੁਣ ਤਸਕਰੀ ਲਈ ਜਥਿਆਂ ਰਾਹੀਂ ਜਾਂਦੇ ਸ਼ਰਧਾਲੂਆਂ ਨੂੰ ਵਰਤਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਹ ਸ਼ਰਧਾਲੂ ਅਟਾਰੀ ਸਰਹੱਦ ਰਸਤੇ ਵਾਪਸ ਪਰਤੇ ਸਨ। ਕਸਟਮ ਵਿਭਾਗ ਨੇ ਕੀਤੀ ਜਾਂਚ ਦੌਰਾਨ ਇਨ੍ਹਾਂ ਕੋਲੋਂ ਕੁਝ ਸ਼ੱਕੀ ਸਾਮਾਨ ਬਰਾਮਦ ਕੀਤਾ ਸੀ। ਕਸਟਮ ਵਿਭਾਗ ਨੂੰ ਸ਼ੱਕ ਸੀ ਕਿ ਇਹ ਨਸ਼ੀਲਾ ਪਦਾਰਥ ਅਫੀਮ ਹੈ ਪਰ ਸ਼ਰਧਾਲੂਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਪਾਕਿਸਤਾਨ ਤੋਂ ਸ਼ਿਲਾਜੀਤ ਲੈ ਕੇ ਆਏ ਹਨ। ਕਸਟਮ ਵਿਭਾਗ ਨੇ ਜਾਂਚ ਮਗਰੋਂ ਦਾਅਵਾ ਕੀਤਾ ਕਿ ਇਹ ਪਦਾਰਥ ਅਫੀਮ ਹੈ। ਕਸਟਮ ਵਿਭਾਗ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। ਕਸਟਮ ਵਿਭਾਗ ਨੇ ਦਾਅਵਾ ਕੀਤਾ ਕਿ ਇਹ ਲਗਭਗ 700 ਗ੍ਰਾਮ ਅਫੀਮ ਤੇ 290 ਗ੍ਰਾਮ ਭੁੱਕੀ ਹੈ। ਇਸ ਤੋਂ ਇਲਾਵਾ ਇਕ ਡਾਇਰੀ ਵੀ ਬਰਾਮਦ ਕੀਤੀ ਹੈ, ਜਿਸ ਵਿਚ ਪਾਕਿਸਤਾਨੀ ਫੋਨ ਨੰਬਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਖੁਫੀਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ।
ਸਰਹੱਦ ਉਤੇ ਤਾਇਨਾਤ ਖੁਫੀਆ ਤੇ ਸੁਰੱਖਿਆ ਏਜੰਸੀਆਂ ਇਸ ਨੂੰ ਪਾਕਿਸਤਾਨੀ ਏਜੰਸੀ ਆਈæਐਸ਼ਆਈæ ਦੀ ਕਾਰਵਾਈ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਇਸ ਖੁਫੀਆ ਏਜੰਸੀ ਵੱਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਭਾਰਤ ਵਿਚ ਨਸ਼ੀਲੇ ਪਦਾਰਥਾਂ, ਜਾਅਲੀ ਕਰੰਸੀ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਰਹੀ ਹੈ, ਹੁਣ ਉਸ ਵੱਲੋਂ ਜਥੇ ਰਾਹੀਂ ਜਾਂਦੇ ਸ਼ਰਧਾਲੂਆਂ ਦੀ ਵਰਤੋਂ ਕੀਤੀ ਗਈ ਹੈ। ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਆਗੂ ਹਰਪਾਲ ਸਿੰਘ ਭੁੱਲਰ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਮੰਨਿਆ ਕਿ ਇਹ ਦੋਵੇਂ ਵਿਅਕਤੀ ਉਨ੍ਹਾਂ ਦੀ ਜਥੇਬੰਦੀ ਵੱਲੋਂ ਸ਼ਰਧਾਲੂ ਵਜੋਂ ਮੱਥਾ ਟੇਕਣ ਲਈ ਗਏ ਸਨ। ਇਹ ਦੋਵੇਂ ਫਾਜ਼ਿਲਕਾ ਦੇ ਪਿੰਡ ਝੁਰੜਖੇੜਾ ਨਾਲ ਸਬੰਧਤ ਹਨ। ਉਨ੍ਹਾਂ ਆਖਿਆ ਕਿ ਇਹ ਜਥੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਜਾਪਦੀ ਹੈ। ਉਨ੍ਹਾਂ ਆਖਿਆ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਦੋ ਜਣਿਆਂ ਕੋਲੋਂ ਪਾਕਿਸਤਾਨ ਤੋਂ ਪਰਤਦਿਆਂ ਅਫੀਮ ਅਤੇ ਭੁੱਕੀ ਫੜੇ ਜਾਣ ਨਾਲ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਆਵਾਜਾਈ ਉਤੇ ਕੋਈ ਅਸਰ ਨਹੀਂ ਹੋਵੇਗਾ।