ਸਿੱਖੀ ਦਾ ਆਧਾਰ ੴ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ੴ ਗੁਰਬਾਣੀ ਦਾ ਮੂਲ ਸੂਤਰ ਹੈ ਤੇ ‘ਮੂਲਮੰਤਰ’ ਦਾ ਅਭਿੰਨ ਅੰਗ। ਇਹ ਜਪੁਜੀ ਸਾਹਿਬ ਦੀ ਬਾਣੀ ਦੇ ਅਰੰਭ ਵਿਚ ਲਿਖਿਆ ਹੋਇਆ ਹੈ ਤੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ 567 ਵਾਰ ਹੋਰ ਥਾਂਵਾਂ ‘ਤੇ ਆਇਆ ਹੋਇਆ ਹੈ। ਇਹ 32 ਬਾਣੀਆਂ ਦੇ ਮੁੱਢ ਵਿਚ ਸੰਪੂਰਨ ਮੂਲਮੰਤਰ ਦੇ ਹਿੱਸੇ ਵਜੋਂ ਆਇਆ ਹੈ ਤੇ ਨੌਂ ਬਾਣੀਆਂ ਦੇ ਮੁੱਢ ਵਿਚ ਅੰਸ਼ਕ ਰੂਪ ਵਿਚ ਭਾਵ ‘ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ’ ਕਰ ਕੇ ਲਿਖਿਆ ਮਿਲਦਾ ਹੈ। ਇਸ ਤੋਂ ਇਲਾਵਾ ਦੋ ਬਾਣੀਆਂ ਦੇ ਅੱਗੇ ਇਹ ਕੇਵਲ ‘ੴ ਸਤਿ ਨਾਮੁ ਗੁਰਪ੍ਰਸਾਦਿ’ ਕਰਕੇ ਦਰਜ ਹੈ। ਬਾਕੀ ਥਾਂਵਾਂ ‘ਤੇ ਇਹ ‘ੴ ਸਤਿਗੁਰ ਪ੍ਰਸਾਦਿ’ ਦੀ ਸੰਖੇਪ ਇਬਾਰਤ ਨਾਲ ਲਿਖਿਆ ਹੋਇਆ ਮਿਲਦਾ ਹੈ।

ੴ ਦਾ ਇਹ ਸੂਤਰ ਤਿੰਨ ਚਿੰਨ੍ਹਾਂ ਭਾਵ ੧, ਓ ਤੇ . ਤੋਂ ਮਿਲ ਕੇ ਬਣਿਆ ਹੋਇਆ ਹੈ, ਜਿਨ੍ਹਾਂ ਦੇ ਸ੍ਰੋਤ ਵੱਖੋ ਵੱਖਰੇ ਹਨ। ਇਹ ਸਾਰੇ ਚਿੰਨ ਅੱਖਰ ਨਹੀਂ ਹਨ, ਇਸ ਲਈ ਇਨ੍ਹਾਂ ਦੇ ਜੋੜ ਨਾਲ ਕੋਈ ਵਿਆਕਰਣਕ ਸ਼ਬਦ ਨਹੀਂ ਬਣਦਾ। ਇਕ ਸ਼ਬਦ ਨਾ ਹੋਣ ਕਰਕੇ ੴ ਦਾ ਕੋਈ ਸ਼ਾਬਦਿਕ ਅਰਥ ਤੇ ਉਚਾਰਣ ਵੀ ਨਹੀਂ ਹੋ ਸਕਦਾ। ਪਰ ਤਾਂ ਵੀ ਸਾਰੇ ਵਿਦਵਾਨ, ਟੀਕਾਕਾਰ, ਰਾਗੀ, ਢਾਡੀ, ਪ੍ਰਚਾਰਕ ਤੇ ਕਥਾਕਾਰ ਆਪਣੇ ਮਨੋਂ ਹੀ ਇਸ ਨੂੰ ‘ਏਕੋਂਕਾਰ’ ਕਹਿ ਕੇ ਉਚਾਰਦੇ ਹਨ ਤੇ ਇਸ ਦਾ ਅਰਥ ‘ਰੱਬ’ ਕਰਦੇ ਆ ਰਹੇ ਹਨ। ਇਸ ਕਾਰਨ ਆਮ ਸਿੱਖ ਸ਼ਰਧਾਲੂ ਵੀ ਸੁਣ ਸੁਣਾ ਕੇ ਇਸ ਦਾ ਅਰਥ ਰੱਬ ਜਾਂ ਪਰਮਾਤਮਾ ਹੀ ਸਮਝੀ ਜਾਂਦੇ ਹਨ।
ਜੇ ੴ ਕੋਈ ਸ਼ਬਦ ਨਹੀਂ ਹੈ ਤੇ ਇਸ ਦਾ ਕੋਈ ਸ਼ਾਬਦਿਕ ਅਰਥ ਵੀ ਨਹੀਂ ਬਣਦਾ, ਤਾਂ ਸਾਫ ਹੈ ਕਿ ਗੁਰੂ ਨਾਨਕ ਨੇ ਇਸ ਦੇ ਤਿੰਨਾਂ ਚਿੰਨਾਂ ਨੂੰ ਕੋਈ ਵੱਡਾ ਤੇ ਉਚੇਰਾ ਅਰਥ ਦੇਣ ਲਈ ਸੂਤਰ-ਬੱਧ ਕੀਤਾ ਹੋਵੇਗਾ। ਇਸ ਸੂਰਤ ਵਿਚ ਇਸ ਸਾਂਝੇ ਸੂਤਰ ਦਾ ਕੋਈ ਸ਼ਾਬਦਿਕ ਅਰਥ ਨਾ ਹੋ ਕੇ ਵੀ ਇਕ ਸੂਤਰਕ ਅਰਥ ਹੋਵੇਗਾ, ਜਿਸ ਦੀ ਤਲਾਸ਼ ਕਰਨ ਦੀ ਲੋੜ ਹੈ। ਇਸ ਕਾਰਜ ਦੀ ਪੂਰਤੀ ਲਈ ਲੱਭਣਾ ਪਵੇਗਾ ਕਿ ਇਨ੍ਹਾਂ ਚਿੰਨਾਂ ਵਿਚ ਅਜਿਹੀ ਕਿਸ ਗੱਲ ਦੀ ਸਾਂਝ ਹੈ, ਜੋ ਗੁਰੂ ਸਾਹਿਬ ਨੇ ਇਨ੍ਹਾਂ ਤਿੰਨਾਂ ਨੂੰ ਇਕੱਠਿਆਂ ਇਕ ਸੂਤਰ ਵਿਚ ਉਤਾਰਨ ਬਾਰੇ ਸੋਚਿਆ। ਭਾਵ ਜੇ ਇਹ ਸਾਰੇ ਗਿਣਤੀ ਦੇ ਅੰਕ ਨਹੀਂ ਹਨ, ਪੈਂਤੀ ਦੇ ਅੱਖਰ ਨਹੀਂ ਹਨ ਤੇ ਸ਼ਕਲਾਂ ਦੇ ਆਕਾਰ ਵੀ ਨਹੀਂ, ਤਾਂ ਫਿਰ ਇਹ ਕਿਸ ਪ੍ਰਣਾਲੀ ਨਾਲ ਸਬੰਧਤ ਹਨ? ਅਜਿਹਾ ਕੀਤੇ ਬਿਨਾ ਇਸ ਨੂੰ ਕੋਈ ਅਰਥ ਦੇਣਾ ਮਨਮੁੱਖਤਾ (ਸੁਬਜeਚਟਵਿਟੇ) ਹੈ।
ਬੜੇ ਗਹੁ ਨਾਲ ਵਿਚਾਰਨ ਪਿਛੋਂ ਪਤਾ ਲਗਦਾ ਹੈ ਕਿ ਇਹ ਸਾਰੇ ਸੰਕੇਤ ਗਣਿਤ ਵਿਗਿਆਨ ਨਾਲ ਸਬੰਧਤ ਹਨ। ਮੁਢਲਾ ੧ ਅੰਕ ਗਣਿਤ ਦੀ, ਵਿਚਕਾਰਲਾ ਓ ਬੀਜ ਗਣਿਤ ਦੀ ਤੇ ਅੰਤਲੀ ਕਾਰ (. ) ਰੇਖਾ ਗਣਿਤ ਦੀ ਪ੍ਰਤੀਨਿਧਤਾ ਕਰਦੇ ਹਨ। ਭਾਵ ਤਿੰਨੇ ਅੰਗ ਮਿਲ ਕੇ ਸਮੂਹਿਕ ਰੂਪ ਵਿਚ ਤਤਕਾਲੀਨ ਗਣਿਤ ਵਿਗਿਆਨ ਦੇ ਤਿੰਨਾਂ ਅੰਗਾਂ ਦੇ ਪ੍ਰਤੀਕ ਹਨ। ਕਿਉਂਕਿ ਮੱਧ ਕਾਲ ਤੀਕ ਗਣਿਤ ਹੀ ਮੁੱਖ ਵਿਗਿਆਨ ਸੀ, ਇਸ ਲਈ ਗੁਰੂ ਨਾਨਕ ਦੀ ਰਚਨਾ ੴ ਇਕ ਵਿਗਿਆਨਕ ਸੂਤਰ ਹੈ।
ਕਈ ਸਿੱਖ ਵਿਦਵਾਨਾਂ ਨੂੰ ਗੁਰੂ ਸਾਹਿਬ ਦੀ ਗਣਿਤੀ ਚਿੰਨ੍ਹਾਂ ਦੀ ਵਰਤੋਂ ਇਕ ਓਪਰੀ ਗੱਲ ਲਗਦੀ ਹੈ ਤੇ ਕਈਆਂ ਨੂੰ ਇਹ ਅੱਖਰਦੀ ਹੈ। ਉਨ੍ਹਾਂ ਅਨੁਸਾਰ ਉਸ ਵੇਲੇ ਭਾਰਤੀ ਪਾਠਸ਼ਾਲਾਵਾਂ ਤੇ ਮਦਰੱਸਿਆਂ ਵਿਚ ਸਿਰਫ ਗੁਜ਼ਾਰੇ ਜੋਗਾ ਹੀ ਅੰਕ ਗਣਿਤ ਪੜ੍ਹਾਇਆ ਜਾਂਦਾ ਸੀ। ਬੀਜ ਗਣਿਤ ਤੇ ਰੇਖਾ ਗਣਿਤ ਦਾ ਤਾਂ ਸ਼ਾਇਦ ਕਿਸੇ ਨੂੰ ਕੋਈ ਪਤਾ ਵੀ ਨਹੀਂ ਸੀ। ਫਿਰ ਗੁਰੂ ਨਾਨਕ ਨੇ ਤਾਂ ਮੁਢਲੀ ਸਿੱਖਿਆ ਵੀ ਕਿਸੇ ਸਕੂਲ ਵਿਚੋਂ ਨਹੀਂ ਸੀ ਲਈ। ਉਹ ਤਾਂ ਵਿਰਾਗਮਈ ਰੰਗ ਵਿਚ ਰੰਗੇ ਵਿਅਕਤੀ ਵਾਂਗ ਸੋਚ ਵਿਚਾਰਾਂ ਵਿਚ ਰੁੱਝੇ ਰਹਿੰਦੇ ਸਨ। ਇਸ ਲਈ ਉਨ੍ਹਾਂ ਨੂੰ ਗਣਿਤ ਦਾ ਕੀ ਪਤਾ ਸੀ ਤੇ ਉਨ੍ਹਾਂ ਦੀ ਬਾਣੀ ਦਾ ਗਣਿਤ ਨਾਲ ਕੀ ਸਬੰਧ ਹੈ? ਪਰ ਮਾੜਾ ਮੋਟਾ ਵਿਚਾਰ ਕਰਨ ਉਪਰੰਤ ਹੀ ਇਹ ਦਲੀਲ ਅਰਥਹੀਣ ਜਾਪੇਗੀ।
ਭਲਾ ਉਹ ਗੁਰੂ ਨਾਨਕ, ਜੋ ਹਰ ਵੇਲੇ ਬ੍ਰਹਿਮੰਡ ਦਾ ਮਾਤ੍ਰਿਕ ਲੇਖਾ-ਜੋਖਾ ਜਾਣਨ ਦੀ ਤਾਂਘ ਵਿਚ ਬੇਚੈਨ ਹੋਵੇ, ਜਿਸ ਨੇ ਇਸ ਨੂੰ ਪ੍ਰਗਟਾਉਣ ਲਈ ਕੇਤੇ, ਲਖ, ਕੋਟਿ, ਅਸੰਖ ਤੇ ਅਨੰਤ ਜਿਹੀ ਗਣਿਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੋਵੇ, ਜੋ ਗਣਿਤੀ ਸ਼ਬਦਾਵਲੀ ਦੇ ਇਨ੍ਹਾਂ ਸ਼ਬਦਾਂ ਦਾ ਬਾਰੀਕੀ ਨਾਲ ਅੰਤਰ ਜਾਣਦਾ ਹੋਵੇ, ਜੋ ਇਨ੍ਹਾਂ ਗਣਿਤੀ ਹੱਦਾਂ ਨੂੰ ਪੁਲਾਂਘ ਕੇ ਕਾਇਨਾਤ ਦਾ ਅੰਤ ਜਾਣਨ ਲਈ ਬੇਤਾਬ ਹੋਵੇ, ਜਿਸ ਨੇ ਸਮਕਾਲੀ ਖੋਜ ਵਿਧੀਆਂ ਨੂੰ ਬੇਅਰਥ ਕਹਿ ਕੇ ਨਕਾਰਿਆ ਹੋਵੇ, ਜਿਸ ਨੇ ਇਨ੍ਹਾਂ ਤੋਂ ਉਪਜੀਆਂ ਧਾਰਨਾਵਾਂ ਨੂੰ ਕੂੜ ਦੀ ਦੀਵਾਰ ਦੱਸ ਕੇ ਢਾਹੁਣ ਦਾ ਇਸ਼ਾਰਾ ਕੀਤਾ ਹੋਵੇ, ਜਿਸ ਨੇ ਕੁਦਰਤ ਦੇ ਹੁਕਮ ਦੀ ਮੁੱਢ ਤੋਂ ਨਿਰਪੱਖ (ੌਬਜeਚਟਵਿe) ਤੇ ਹਉਮੈ-ਰਹਿਤ (ਂੋਨ-ੁੰਬਜeਚਟਵਿe) ਖੋਜ ‘ਤੇ ਜੋਰ ਦਿੱਤਾ ਹੋਵੇ, ਜਿਸ ਨੇ ਵਿਗਿਆਨਕ ਅਸੂਲਾਂ ਅਨੁਸਾਰ ਸਮਾਜਕ ਉਸਾਰੀ ਦੀ ਗੱਲ ਕੀਤੀ ਹੋਵੇ ਅਤੇ ਜੋ ਖੋਜ ਕਾਰਜਾਂ ਵਿਚ ਲਗਾਤਾਰ ਨਿਰਪੱਖ ਦ੍ਰਿਸ਼ਟੀਕੋਣ ਭਾਵ ‘ਨਦਰ’ (ੌਬਜeਚਟਵਿe ੌਬਸeਰਵਅਟਿਨ) ਅਪਨਾਉਣ ਦੀ ਗੱਲ ਦ੍ਰਿੜਾਉਂਦਾ ਹੋਵੇ, ਤਾਂ ਕੀ ਉਸ ਜਿਹੇ ਗੁਰੂ-ਰੂਪੀ ਪ੍ਰਤਿਭਾਸ਼ਾਲੀ ਵਿਦਵਾਨ ਦਾ ਸਬੰਧ ਗਣਿਤ ਜਿਹੇ ਵਿਗਿਆਨ ਨਾਲ ਨਾ ਹੋ ਕੇ ਕਿਸੇ ਅਗਿਆਨ ਭਰਪੂਰ ਕਰਮ-ਕਾਂਡੀ ਅੰਧ-ਵਿਸ਼ਵਾਸ ਨਾਲ ਹੋਵੇਗਾ?
ਤਸੱਲੀ ਦੀ ਗੱਲ ਇਹ ਹੈ ਕਿ ਜਪੁਜੀ ਦੀ ਸਹੀ ਵਿਆਖਿਆ ਲਈ ੴ ਦੇ ਵਿਗਿਆਨਕ ਤੇ ਗਣਿਤੀ ਅਰਥ ਹੀ ਅਰੰਭ ਤੋਂ ਅਖੀਰ ਤੀਕ ਪੂਰੇ ਉਤਰਦੇ ਹਨ। ਇਸ ਦੇ ਦੈਵੀ ਅਰਥ ਮੁੱਢੋਂ ਹੀ ਤਰਕ-ਸੰਗਤ ਨਹੀਂ ਹਨ, ਜੇ ਕੋਈ ਗੁਰੂ ਸਾਹਿਬ ਦੀ ‘ਨਦਰ’ ਨਾਲ ਵੇਖੇ। ਗੁਰੂ ਨਾਨਕ ਸਾਹਿਬ ਸੱਚ ਦੇ ਹਾਮੀ ਸਨ ਤੇ ਸ੍ਰਿਸ਼ਟੀ ਰਚਨਾ ਦੀ ਖੋਜ ਵਿਚ ਹਉਮੈ ਦਾ ਰਲਾ ਨਹੀਂ ਸਨ ਚਾਹੁੰਦੇ। ਉਹ ਟਪਾਰਾਂ ਦੀ ਥਾਂ ਸਹੀ ਸਹੀ, ਨਪੀ ਤੁਲੀ ਤੇ ਨਿਰਪੱਖ ਵਿਆਖਿਆ ਚਾਹੁੰਦੇ ਸਨ। ਕਿਉਂਕਿ ਇਹ ਸਭ ਬੇਲਾਗ ਵਿਸ਼ੇਸ਼ਤਾਈਆਂ ਗਣਿਤੀ ਵਿਗਿਆਨ ਵਿਚ ਹੀ ਮਿਲਦੀਆਂ ਸਨ, ਇਸ ਲਈ ਉਨ੍ਹਾਂ ਨੇ ਗਣਿਤ ਵਿਗਿਆਨ ਦੀਆਂ ਸਭ ਸ਼ਾਖਾਵਾਂ ਦੇ ਸੰਕੇਤਾਂ ਨੂੰ ਸੂਤਰ-ਬੱਧ ਕਰਕੇ ਜਪੁਜੀ ਦੇ ਅਰੰਭ ਵਿਚ ਲਿਖ ਦਿੱਤਾ। ਇੱਦਾਂ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਮਿਥਿਹਾਸ ਤੇ ਅਗਿਆਨ ਦੇ ਭੁਲੇਖਿਆਂ ਤੋਂ ਦੂਰ ਰੱਖ ਕੇ ਵਿਗਿਆਨਕ ਸੋਚ ਰਾਹੀਂ ਕੁਦਰਤ ਦੀਆਂ ਵਡਿਆਈਆਂ ਵਿਚਾਰਨ ਦਾ ਰਾਹ ਸੁਝਾਇਆ। ਇਹ ਉਨ੍ਹਾਂ ਦਾ ਮਾਡਲ ਵੀ ਸੀ ਤੇ ਮਨੋਰਥ ਵੀ। ਉਨ੍ਹਾਂ ਦਾ ਸੰਕਲਪ ਸੀ ਕਿ ਕੁਦਰਤ ਦੀਆਂ ਵਡਿਆਈਆਂ ਦੇ ਵਿਗਿਆਨਕ ਅਧਿਐਨ ਨਾਲ ਹੀ ਇਸ ਦੇ ਕਾਦਰ ਭਾਵ ਪ੍ਰਚਲਨ-ਪ੍ਰਬੰਧ ਦਾ ਅਸਲ ਅਕਸ਼ ਖੁਲ੍ਹ ਕੇ ਸਾਹਮਣੇ ਆਵੇਗਾ।
ਉਕਤ ਸੰਦਰਭ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਦੀ ਤੀਖਣ ਗਣਿਤੀ ਚੇਤਨਾ ਸ਼ਾਇਦ ਪਹਿਲਾਂ ਨਿੱਖਰ ਕੇ ਸਾਹਮਣੇ ਨਾ ਆਈ ਹੋਵੇ। ਭਾਵੇਂ ਇਹ ਗੱਲ ਸਿਰਫ ਇਤਫਾਕ ਹੋਵੇ, ਪਰ ਇਸ ਤਰ੍ਹਾਂ ਜਾਪਦਾ ਹੈ ਕਿ ਗੁਰੂ ਸਾਹਿਬ ਦੀ ਗਣਿਤੀ ਚੇਤਨਾ ਉਨ੍ਹਾਂ ਦੇ ਮੱਧ ਏਸ਼ੀਆਈ, ਖਾਸ ਕਰ ਕੇ ਅਰਬ ਦੇਸ਼ਾਂ ਦੇ ਦੌਰੇ ਪਿਛੋਂ ਤੇਜੀ ਨਾਲ ਉਭਰੀ। ਉਸ ਵੇਲੇ ਪੁਰਾਤਨ ਯੁਨਾਨੀ ਪੁਸਤਕਾਂ ਦਾ ਅਰਬੀ ਭਾਸ਼ਾ ਵਿਚ ਨਵਾਂ ਨਵਾਂ ਉਲਥਾ ਹੋਇਆ ਸੀ, ਜਿਨ੍ਹਾਂ ਦੀ ਵਿਗਿਆਨਕਤਾ ਨੇ ਅਰਬ ਵਾਸੀਆਂ ਨੂੰ ਪੂਰੀ ਤਰ੍ਹਾਂ ਚੁੰਧਿਆ ਰੱਖਿਆ ਸੀ। ਯੁਨਾਨ ਦਾ ਪ੍ਰਸਿੱਧ ਦਾਰਸ਼ਨਿਕ ਪਲੈਟੋ ਗਣਿਤ ਵਿਦਿਆ ਨੂੰ ਇੰਨਾ ਜਰੂਰੀ ਸਮਝਦਾ ਸੀ ਕਿ ਉਸ ਨੇ ਆਪਣੇ ਸਕੂਲ, ਜਿਸ ਨੂੰ ‘ਅਕੈਡਮੀ’ ਕਹਿੰਦੇ ਸਨ, ਦੇ ਗੇਟ ‘ਤੇ ਲਿਖ ਕੇ ਲਾਇਆ ਹੋਇਆ ਸੀ, “ਗਣਿਤ ਤੋਂ ਕੋਰਾ ਵਿਅਕਤੀ ਇੱਥੇ ਨਾ ਵੜੇ।”
ਵਿਗਿਆਨ ਦਾ ਪਿਤਾਮਾ ਕਹਾਉਣ ਵਾਲਾ ਜਗਤ-ਪ੍ਰਸਿੱਧ ਦਾਰਸ਼ਨਿਕ ਅਰਸਤੂ ਪਲੈਟੋ ਦਾ ਸ਼ਾਗਿਰਦ ਸੀ। ਇਨ੍ਹਾਂ ਤੇ ਹੋਰ ਮਹਾਨ ਪੁਰਾਤਨ ਯੁਨਾਨੀ ਫਿਲਾਸਫਰਾਂ ਦੀ ਵਿਗਿਆਨਕ ਸੋਚ ਵਾਲਾ ਗਿਆਨ ਅਰਬੀ ਉਲਥਿਆਂ ਰਾਹੀਂ ਯੂਰਪੀ ਮੁਲਕਾਂ ਵਿਚ ਪੁੱਜ ਰਿਹਾ ਸੀ, ਜਿਸ ਕਾਰਨ ਉਥੇ ਸਕਾਲਿਸਟਿਕ ਤੇ ਰੈਨੇਸਾਂਸ ਜਿਹੀਆਂ ਤਰਕਸ਼ੀਲ ਲਹਿਰਾਂ ਚਲ ਰਹੀਆਂ ਸਨ। ਉਲਥਾ ਹੋਈਆਂ ਯੁਨਾਨੀ ਪੁਸਤਕਾਂ ਵਿਚ ਇਕ ਯੂਕਲਿਡ ਦੀ 13 ਜਿਲਦਾਂ ਵਾਲੀ ਜਿਉਮੈਟਰੀ ਦੀ ਕਿਤਾਬ ਵੀ ਸ਼ਾਮਿਲ ਸੀ, ਜਿਸ ਵਿਚ ਉਸ ਨੇ ਇਕ ਸਰਲ ਰੇਖਾ ਦੀ ਕਲਪਨਾ ਕਰਕੇ ਸਿਰਫ ਦਲੀਲਾਂ ਸਹਾਰੇ ਚਾਰ ਸੌ ਤੋਂ ਵੱਧ ਪ੍ਰੋਪੋਜੀਸ਼ਨਾਂ ਹੱਲ ਕੀਤੀਆਂ ਸਨ। ਅੱਜ ਕੱਲ ਇਹ ਗਣਿਤ ਦਾ ਅਭਿੰਨ ਅੰਗ ਹਨ ਤੇ ਰੇਖਾ ਗਣਿਤ ਦੇ ਵਿਸ਼ੇ ਵਜੋਂ ਵਿਸ਼ਵ ਦੇ ਹਰ ਹਾਈ ਸਕੂਲ ਵਿਚ ਪੜ੍ਹਾਈਆਂ ਜਾਂਦੀਆਂ ਹਨ।
ਅਰਬੀ ਲੋਕਾਂ ਨੂੰ ਬੀਜ ਗਣਿਤ ਦਾ ਵੀ ਭਲੀ ਭਾਂਤ ਪਤਾ ਸੀ ਕਿ ਅਲਜਬਰੇ ਦਾ ਜਨਮਦਾਤਾ ਮੁਹੰਮਦ ਇਬਨ ਮੂਸਾ ਅਲਖਵਾਰਿਜ਼ਮੀ ਅਰਬ ਦਾ ਹੀ ਰਹਿਣ ਵਾਲਾ ਸੀ। ਨੌਂਵੀਂ ਸਦੀ ਦੇ ਇਸ ਗਣਿਤ-ਵਿਗਿਆਨੀ ਨੇ ਕਿਤਾਬ ਅਲਜ਼ਬਰ ਲਿਖ ਕੇ ਗਣਿਤ ਦੀ ਇਸ ਨਵੀਂ ਸ਼ਾਖਾ ਨੂੰ ਜਨਮ ਦਿੱਤਾ ਸੀ। ਫਿਰ ਗੁਰੂ ਨਾਨਕ ਗਣਿਤੀ ਗਿਆਨ ਦੀ ਇਸ ਫੁਹਾਰ ਤੋਂ ਕਿਵੇਂ ਅਣਭਿੱਜ ਰਹਿ ਸਕਦੇ ਸਨ? ਆਪਣੀਆਂ ਪ੍ਰਚਾਰ ਫੇਰੀਆਂ ਸਮੇਂ ਅਰਬੀ ਵਿਦਵਾਨਾਂ ਨਾਲ ਗੋਸ਼ਟੀਆਂ ਵੇਲੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨਾਲ ਉਨ੍ਹਾਂ ਨੇ ਨਵੇਂ ਗਣਿਤ ਦੇ ਮਹੱਤਵ ਨੂੰ ਹੋਰ ਦ੍ਰਿੜਤਾ ਨਾਲ ਪਰਖ ਲਿਆ ਹੋਵੇਗਾ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀਆਂ ਉਦਾਸੀਆਂ ਖਤਮ ਕਰਦਿਆਂ ਹੀ ਕਰਤਾਰਪੁਰ ਟਿਕ ਕੇ ਆਪਣੇ ਸਿੱਖੀ-ਦਰਸ਼ਨ ਦੇ ਨੀਂਹ-ਪੱਥਰ ਮੂਲਮੰਤਰ ਦਾ ਅਰੰਭ ਗਣਿਤ ਦੇ ਵਿਗਿਆਨਕ ਸੂਤਰ ੴ ਨਾਲ ਕੀਤਾ, ਜਿਸ ਵਿਚ ਗਣਿਤ ਦੀਆਂ ਸਭ ਵਿਗਿਆਨਕ ਸੰਭਾਵਨਾਵਾਂ ਸਮਾਈਆਂ ਹੋਈਆਂ ਹਨ।
ਪਰ ਅਜੋਕੇ ਸਾਰੇ ਹੀ ਸਿੱਖ ਵਿਦਵਾਨ ੴ ਦਾ ਅਰਥ ਇਕ ਸਰਬਸ਼ਕਤੀਮਾਨ ਰੱਬ ਜਾਂ ਪਰਮਾਤਮਾ ਕਰਦੇ ਹਨ। ਉਨ੍ਹਾਂ ਅਨੁਸਾਰ ੧ ਦਾ ਭਾਵ ਇਕ, ਓ ਦਾ ਮਤਲਬ ਰੱਬ ਤੇ . ਦਾ ਅਰਥ ਅਸੀਮ ਪ੍ਰਭੁਤਾ ਹੈ। ਇਹ ਅਰਥ ਬਾਣੀ ਦੇ ਸੂਤਰ ਅਨੁਸਾਰ ਸਹੀ ਨਹੀਂ ਹਨ, ਕਿਉਂਕਿ ਇਹ ਗੁਰੂ ਸਾਹਿਬ ਦੀ ਸੋਚ ਅਨੁਸਾਰ ਨਾ ਹੋ ਕੇ ਅਰਥ-ਕਰਤਾਵਾਂ ਦੀ ਮਰਜੀ ਮੁਤਾਬਕ ਹਨ। ਇਸ ਸੂਤਰ ਦੇ ਜੋ ਵੀ ਅਰਥ ਹੋਣ, ਉਹ ਤਰਕਸੰਗਤ ਹੋਣ ਤੇ ਬਾਕੀ ਦੀ ਬਾਣੀ ਲਈ ਢੁਕਵੇਂ ਹੋਣੇ ਚਾਹੀਦੇ ਹਨ। ਜੋ ਵਿਦਵਾਨ ਕਹਿੰਦੇ ਹਨ ਕਿ ਓ ਰੱਬ ਜਾਂ ਪਰਮਾਤਮਾ ਹੈ, ਉਹ ਇਹ ਨਹੀਂ ਦੇਖਦੇ ਕਿ ਅਜਿਹੀ ਪ੍ਰਕ੍ਰਿਤੀ ਦਾ ਸਬਦ ਤਾਂ ਗੁਰੂ ਸਾਹਿਬ ਨੇ ਸਾਰੇ ਜਪੁਜੀ ਵਿਚ ਕਿਧਰੇ ਨਹੀਂ ਵਰਤਿਆ, ਫਿਰ ਟੇਢੇ ਢੰਗ ਨਾਲ ਇਸ ਨੂੰ ਇਸ ਮੁਢਲੇ ਸੂਤਰ ਵਿਚ ਵਰਤਣ ਦਾ ਉਨ੍ਹਾਂ ਦਾ ਕੀ ਭਾਵ ਸੀ? ਗੁਰੂ ਸਾਹਿਬ ਲੋਕਾਂ ਦੀ ਬਾਣੀ ਵਿਚ ਸਿੱਖਿਆ ਦਿੰਦੇ ਸਨ। ਜੇ ਉਨ੍ਹਾਂ ਰੱਬ ਜਿਹਾ ਕੋਈ ਸ਼ਬਦ ਵਰਤਣਾ ਹੁੰਦਾ ਤਾਂ ਉਹ ੴ ਜਿਹੇ ਇਕ ਭੇਦ ਭਰੇ ਸੂਤਰ ਦੀ ਥਾਂ ਲੋਕਾਂ ਦੇ ਸਮਝ ਆਉਣ ਵਾਲਾ ਕੋਈ ਸਿੱਧਾ ਸਿੱਧਾ ਸ਼ਬਦ ਵਰਤਦੇ। ਸ਼ਬਦਾਂ ਦੇ ਤਾਂ ਉਹ ਧਨੀ ਸਨ ਕਿ ਉਨ੍ਹਾਂ ਨੂੰ ਕਈ ਜ਼ੁਬਾਨਾਂ ਵਿਚ ਮੁਹਾਰਤ ਹਾਸਲ ਸੀ। ਜੇ ਉਨ੍ਹਾਂ ਨੇ ਓ ਨੂੰ ਰੱਬ ਜਿਹੇ ਕਿਸੇ ਸੰਕਲਪ ਲਈ ਵਰਤਿਆ ਹੀ ਨਹੀਂ ਤਾਂ ਫਿਰ ਅਰੰਭਕ ੧ ਦਾ ਵੀ ਉਨ੍ਹਾਂ ਰਾਹੀਂ ਦੱਸਿਆ ਅਰਥ ਨਹੀਂ ਬਣਦਾ।
ਜਦੋਂ ਕਈ ਵਿਦਵਾਨਾਂ ਨੂੰ ਵਿਸ਼ੇਸ਼ ਪੁੱਛਿਆ ਗਿਆ ਕਿ ਉਹ ਰੱਬ ਦੇ ‘ਇਕ’ ਕਹਿਣ ਨੂੰ ਗੁਰੂ ਨਾਨਕ ਦੀ ਵੱਡੀ ਉਪਲਭਦੀ ਕਿਉਂ ਸਮਝਦੇ ਹਨ, ਭਾਵ ਜੇ ਰੱਬ ਇਕ ਦੀ ਥਾਂ ਦੋ ਹੁੰਦੇ ਤਾਂ ਕੀ ਫਰਕ ਪੈ ਜਾਂਦਾ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਬਹੁਤਿਆਂ ਦਾ ਗੁਣਗਾਨ ਕਰਨ ਨਾਲੋਂ ਇਕ ਦਾ ਗੁਣਗਾਨ ਕਰਨਾ ਆਸਾਨ ਕਾਰਜ ਹੈ। ਜਦੋਂ ਉਨ੍ਹਾਂ ਨੂੰ ਮੋੜਵਾਂ ਪ੍ਰਸ਼ਨ ਕੀਤਾ ਗਿਆ ਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਸਮੇਤ ਗਿਆਰਾਂ ਗੁਰੂਆਂ ਦਾ ਸਨਮਾਨ ਕਰਦੇ ਹਨ ਤੇ ਆਪਣੀ ਅਰਦਾਸ ਵਿਚ ਉਨ੍ਹਾਂ ਦਾ ਹਰ ਰੋਜ਼ ਗੁਣਗਾਨ ਕਰਦੇ ਹਨ। ਕੀ ਅਜਿਹਾ ਕਰਨਾ ਉਨ੍ਹਾਂ ਨੂੰ ਔਖਾ ਲਗਦਾ ਹੈ? ਤਾਂ ਉਨ੍ਹਾਂ ਦਾ ਉਤਰ ਨਾਂਹ ਵਿਚ ਸੀ। ਇਸ ਤੋਂ ਵੀ ਸਪਸ਼ਟ ਹੁੰਦਾ ਹੈ ਕਿ ੴ ਦੇ ਪ੍ਰਚਲਿਤ ਅਰਥ ਮਨ-ਘੜਤ ਹਨ।
ਜੋ ਵਿਦਵਾਨ ੧ ਨੂੰ ਇਸਲਾਮ ਤੋਂ ਪ੍ਰਾਪਤ ਕੀਤਾ ਤੇ ਓ ਨੂੰ ਵੈਦਿਕ ਮੂਲ ਦਾ ‘ਓਂਮ’ ਸਮਝਦੇ ਹਨ, ਉਹ ਵੀ ਗੁਰੂ ਨਾਨਕ ਦੀ ਅਦੁੱਤੀ ਪ੍ਰਤਿਭਾ ਨਾਲ ਇਨਸਾਫ ਨਹੀਂ ਕਰਦੇ। ਗੁਰੂ ਸਾਹਿਬ ਨੇ ਇਨ੍ਹਾਂ ਦੋਹਾਂ ਧਰਮਾਂ ਦੀਆਂ ਕੁਰੀਤੀਆਂ ਦੀ ਪੜਚੋਲ ਕੀਤੀ ਸੀ ਤੇ ਆਪਣੇ ਸਿੱਖਾਂ ਨੂੰ ਉਚ-ਪੱਧਰੀ ਵਿਗਿਆਨਕ ਸਿੱਖੀ ਸੋਚ ਨਾਲ ਜੋੜਿਆ ਸੀ। ਉਹ ਉਨ੍ਹਾਂ ਦੇ ਉਤਾਰੇ ਹੋਏ ਪੁਰਾਣੇ ਤੇ ਅਣਵਿਗਿਆਨਕ ਚਿੰਨ੍ਹ ਕਿਉਂ ਵਰਤਦੇ? ਸਭ ਤੋਂ ਵੱਡੀ ਹਾਸੋਹੀਣੀ ਤੇ ਨਿਰਾਸ਼ਾਜਨਕ ਸਥਿਤੀ ਤਾਂ ਉਨ੍ਹਾਂ ਵਿਦਵਾਨਾਂ ਦੀ ਹੈ, ਜੋ ਇਕ ਪਾਸੇ ਓ ਨੂੰ ਮੂਲ ਵੈਦਿਕ ਓਂਮ ਨਾਲ ਜੋੜਦੇ ਹਨ ਤੇ ਦੂਜੇ ਪਾਸੇ ਕਹਿੰਦੇ ਹਨ, “ਹਮ ਹਿੰਦੂ ਨਹੀਂ।” ਦਰਅਸਲ ਸਿੱਖ ਵਿਦਵਾਨਾਂ ਦੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਉਹ ਗੁਰਬਾਣੀ ਦੇ ਅਰਥ ਗੁਰੂ ਦੀ ਲਿਖਤ ਅਨੁਸਾਰ ਨਹੀਂ, ਸਗੋਂ ਆਪਣੀ ਮਰਜ਼ੀ ਤੇ ਸੁਵਿਧਾ ਅਨੁਸਾਰ ਕਰਦੇ ਹਨ।
ਇਹੀ ਕਾਰਨ ਹੈ ਕਿ ਜਦੋਂ ਇਹ ਵਿਦਵਾਨ ਆਪਣੇ ਅਰਥਾਂ ਨੂੰ ਬਾਣੀ ਵਿਚ ਲਾਗੂ ਕਰਦੇ ਹਨ ਤਾਂ ਫਿਰ ਅੱਗੇ ਜਾ ਕੇ ਕਠਿਨਾਈਆਂ ਵਿਚ ਪੈਂਦੇ ਹਨ। ਗੁਰੂ ਸਾਹਿਬ ਨੇ ‘ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨਾ ਸੋਹੈ’ ਲਿਖ ਕੇ ਇਸ ਬਾਰੇ ਪੂਰਵ-ਤਾੜਨਾ ਵੀ ਕੀਤੀ ਹੋਈ ਹੈ। ਮਿਸਾਲ ਵਜੋਂ ਗੁਰੂ ਨਾਨਕ ਨੇ ੴ ਤੋਂ ਬਾਅਦ ‘ਸਤਿ ਨਾਮੁ ਕਰਤਾ ਪੁਰਖੁ’ ਲਿਖਿਆ ਹੈ। ਕਰੀਬ ਸਾਰੇ ਸਿੱਖ ਵਿਦਵਾਨ ਇਸ ਦਾ ਅਰਥ ਕਰਦੇ ਹਨ, “ਇਕ ਸਰਬ ਸ਼ਕਤੀਮਾਨ ਪਰਮਾਤਮਾ ਸੱਚੇ ਨਾਂ ਵਾਲਾ ਹੈ ਤੇ ਸੰਸਾਰ ਰਚਣ ਵਾਲਾ ਪਰਮੇਸ਼ਰ ਹੈ।”
ਇਹ ਤਾਂ ਸਾਰੇ ਧਰਮਾਂ ਵਾਲੇ ਕਹੀ ਜਾਂਦੇ ਹਨ, ਇਸ ਵਿਚ ਸਿੱਖੀ ਦਾ ਵਿਗਿਆਨਕ ਦ੍ਰਿਸ਼ਟੀਕੋਣ ਵਾਲਾ ਉਹ ਵਿਲੱਖਣ ਸੰਦੇਸ਼ ਕੀ ਹੋਇਆ, ਜੋ ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਦਿੱਤਾ? ਸੂਤਰ ੴ ਦੇ ਚਿੰਨ੍ਹਾਤਮਕ ਸੰਕੇਤਾਂ ਅਨੁਸਾਰ ਇਸ ਦਾ ਅਰਥ ਹੈ ਕਿ ਸ੍ਰਿਸ਼ਟੀ ਦੇ ਸਿਰਜਣਾਤਮਕ ਕਾਰਕ ਦਾ ਅਸਲ ਨਾਂ-ਪਤਾ ਵਿਗਿਆਨਕ ਖੋਜ ਰਾਹੀਂ ਪਤਾ ਲੱਗੇਗਾ, ਸੋ ਲਾਓ। ਭਾਵ ਕਰਤਾ ਪੁਰਖ ਨੂੰ ਜਾਣਨ ਲਈ ਗਣਿਤ ਜਿਹੀ ਠੋਸ, ਸਹੀ ਤੇ ਸਾਪੇਖਿਅਕ ਵਿਧੀ ਰਾਹੀਂ ਅਟੁੱਟ ਘਾਲਣਾਵਾਂ ਦੀ ਲੋੜ ਹੈ, ਜੋ ਆਉਣ ਵਾਲੇ ਜਗਿਆਸੂਆਂ ਨੇ ਘਾਲਣੀਆਂ ਹਨ। ਹਾਲੇ ਨਾ ਤਾਂ ਪੂਰੀ ਤਰ੍ਹਾਂ ਇਹ ਪਤਾ ਹੈ ਕਿ ਇਹ ਕਾਰਕ ਹੈ ਕੀ ਤੇ ਨਾ ਹੀ ਇਹ ਪਤਾ ਹੈ ਕਿ ਇਹ ਕਿੱਥੇ ਹੈ? ਪਰ ਇਸੇ ਸੂਤਰ ਦੇ ਗੁਰ (ਾਂੋਰਮੁਲਅ) ਦੀ ਵਰਤੋਂ ਦੇ ਪ੍ਰਤਾਪ ਨਾਲ ਇੰਨੀ ਜਾਣਕਾਰੀ ਜਰੂਰ ਆਈ ਹੈ ਕਿ ਇਹ ਕਿਸੇ ਤਰ੍ਹਾਂ ਦੇ ਡਰ, ਭੈ ਤੇ ਦਬਾਓ ਤੋਂ ਪ੍ਰਭਾਵਿਤ ਨਹੀਂ ਹੁੰਦਾ, ਵੈਰ ਭਾਵ ਤੋਂ ਮੁਕਤ ਹੈ, ਜੂਨ ਧਾਰਨ ਕੀਤੇ ਬਿਨਾ ਆਪਣੇ ਆਪ ਵਿਚ ਹੀ ਹੋਂਦ ਵਿਚ ਆਇਆ ਹੋਇਆ ਤੇ ਇਕ ਕਾਲ-ਰਹਿਤ ਭਾਵ ਸਦਾ-ਸਦੀਵੀ ਬਿੰਬ ਵਾਂਗ ਹੈ।
ਗੁਰੂ ਸਾਹਿਬ ਨੇ ਹਰ ਵਿਅਕਤੀ ਖਾਸ ਤੌਰ ‘ਤੇ ਹਰ ਸਿੱਖ ਜਿੰਮੇ ਇਹ ਫਰਜ਼ ਲਾਇਆ ਹੈ ਕਿ ਉਹ ਪੂਰੀ ਤਨਦੇਹੀ ਨਾਲ ਇਸ ਕਰਤੇ ਦੇ ਇਨ੍ਹਾਂ ਗੁਣਾਂ ਨੂੰ ਪਛਾਣੇ ਤੇ ਹੋਰ ਅਜਿਹੀਆਂ ਵਡਿਆਈਆਂ ਦੀ ਪਛਾਣ ਕਰੇ। ਅਜਿਹੇ ਅਣਥੱਕ ਯਤਨਾਂ ਨਾਲ ਹੀ ਉਸ ਦੀ ਪੂਰੀ ਸ਼ਖਸੀਅਤ ਉਭਰ ਕੇ ਸਾਹਮਣੇ ਆਵੇਗੀ। ਤਦ ਹੀ ਇਸ ਨੂੰ ਇਸ ਦੇ ਸਮੁੱਚੇ ਗੁਣਾਂ ਦੀ ਪ੍ਰਤੀਨਿਧਤਾ ਕਰਦਾ ਤੇ ਸਹੀ ਪਛਾਣ ਵਾਲਾ ਨਾਂ ਦਿੱਤਾ ਜਾਵੇਗਾ। ਉਨ੍ਹਾਂ ਅਨੁਸਾਰ ਹੋਰ ਸਭ ਪ੍ਰਚਲਿਤ ਵਿਧੀਆਂ ਜਿਵੇਂ ਸੋਚਣਾ, ਮੌਨ ਸਮਾਧੀ ਲਾਉਣਾ, ਭੁੱਖੇ ਰਹਿ ਕੇ ਉਪਾਸ਼ਨਾ ਕਰਨਾ ਤੇ ਕਾਲੇ ਜਾਦੂ ਦੀਆਂ ਸਿਆਣਪਾਂ ਵਰਤਣਾ ਆਦਿ ਇਸ ਕਾਰਜ ਲਈ ਅਰਥਹੀਣ ਹਨ। ਇਨ੍ਹਾਂ ਦੀ ਵਰਤੋਂ ਨਾਲ ਸੱਚ ਦੁਆਲੇ ਇਕ ਝੂਠ ਦੀ ਦੀਵਾਰ ਉਸਰੀ ਹੋਈ ਹੈ, ਜਿਸ ਨੂੰ ਤਹਿਸ-ਨਹਿਸ ਕਰ ਕੇ ਹੀ ਅਗਲਾ ਖੋਜ ਕਾਰਜ ਸ਼ੁਰੂ ਹੋ ਸਕਦਾ ਹੈ। ਗੁਰੂ ਸਾਹਿਬ ਨੇ ਇਸ ਮਹਾਨ ਕਾਰਜ ਨੂੰ ਹਮੇਸ਼ਾ ਯਾਦ ਰੱਖਣ ਦੀ ਤਾਕੀਦ ਕੀਤੀ ਹੈ ਤੇ ਇਸ ਨੂੰ ਧਿਆਨ ਨਾਲ ਨੇਪਰੇ ਚਾੜ੍ਹਨ ਲਈ ‘ਧਿਆਉਣ’ ਅਤੇ ‘ਜਪਣ’ ਜਿਹੇ ਕ੍ਰਿਆ-ਪ੍ਰਧਾਨ ਸ਼ਬਦਾਂ ਦੀ ਵਰਤੋਂ ਕੀਤੀ ਹੈ। ਮੂਲ ਮੰਤਰ ਦੀ ਇਹ ਵਿਗਿਆਨਕ ਵਿਆਖਿਆ ਪੂਰੇ ਜਪੁਜੀ ਸਾਹਿਬ ਅਤੇ ਇਸ ਤੋਂ ਵੀ ਅੱਗੇ ਪੂਰੇ ਗੁਰੂ ਗ੍ਰੰਥ ਸਾਹਿਬ ‘ਤੇ ਪੂਰੀ ਉਤਰਦੀ ਹੈ ਤੇ ਇਸ ਨੂੰ ਚੜ੍ਹਦੀਕਲਾ ਵਾਲੇ ਅਗਾਹਾਂ-ਮੁਖੀ ਅਰਥ ਪ੍ਰਦਾਨ ਕਰਦੀ ਹੈ।
ਸਮੁੱਚੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦਾ ਸਿੱਖੀ ਦਾ ਸਿਧਾਂਤ ਇਕ ਵਿਗਿਆਨਕ ਸੂਤਰ ਨਾਲ ਅਰੰਭ ਹੁੰਦਾ ਹੈ। ਕੁਲ ਸੰਸਾਰ ਵਿਚ ਕੋਈ ਅਜਿਹੀ ਲਿਖਤ ਨਹੀਂ ਹੈ, ਜੋ ਗਣਿਤ ਦੇ ਕਿਸੇ ਵਿਗਿਆਨਕ ਸੂਤਰ ਨਾਲ ਸ਼ੁਰੂ ਹੋਈ ਹੋਵੇ। ਵਿਗਿਆਨ ਅਗਿਆਨ ਦਾ ਹਨੇਰਾ ਦੂਰ ਕਰ ਕੇ ਚਾਨਣ ਦਾ ਸੰਦੇਸ਼ ਦਿੰਦਾ ਹੈ। ਚਾਨਣ ਚੀਜ਼ਾਂ ਨੂੰ ਰੁਸ਼ਨਾਉਂਦਾ ਹੈ, ਇਸ ਲਈ ਇਹ ਗਿਆਨ ਤੇ ਸੱਚ ਦਾ ਵਾਹਨ ਹੈ। ਗਣਿਤੀ ਸੂਤਰ ੴ ਨਾਲ ਅਰੰਭ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਜਪੁਜੀ ਸਾਹਿਬ ਸਤਿ ਨੂੰ ਪ੍ਰਣਾਇਆ ਹੋਇਆ ਹੈ। ਦੁਨੀਆਂ ਦੀ ਹੋਰ ਕੋਈ ਪੁਸਤਕ ਜਾਂ ਇਬਾਰਤ ਇਸ ਤਰ੍ਹਾਂ ਵਿਗਿਆਨ ਤੇ ਸੱਚ ਦੇ ਲੇਖੇ ਲੱਗੀ ਹੋਈ (ਧeਦਚਿਅਟeਦ) ਨਹੀਂ, ਜਿਵੇਂ ਗੁਰੂ ਨਾਨਕ ਦੇ ਸਿੱਖੀ ਸਿਧਾਂਤ ਦਾ ਸ੍ਰੋਤ ਜਪੁਜੀ ਸਾਹਿਬ। ਗੁਰੂ ਨਾਨਕ ਦਾ ੴ ਪਹਿਲਾ ਅਜਿਹਾ ਵਿਗਿਆਨਕ ਸੂਤਰ ਹੈ, ਜੋ ਮਨੁੱਖਤਾ ਰਾਹੀਂ ਸਭ ਤੋਂ ਵੱਧ ਸਿਮਰਿਆ ਗਿਆ ਹੋਵੇ। ਹਰ ਇਕ ਦੀ ਜੁਬਾਨ ‘ਤੇ ਚੜ੍ਹਿਆ ਵਿਗਿਆਨ ਦੀ ਪ੍ਰੌੜਤਾ ਕਰਦਾ ਇਹ ਸੂਤਰ ਪਿਛਲੀਆਂ ਪੰਜ ਸਦੀਆਂ ਤੋਂ ਮਨੁੱਖਤਾ ਨੂੰ ਹੱਕ-ਸੱਚ ਦੀ ਅਗਵਾਈ ਦਿੰਦਾ ਆ ਰਿਹਾ ਹੈ। ਇਸ ਦੀ ਲੋਅ ਵਿਚ ਮਨੁੱਖ ਨੇ ਮਾਦੇ (ੰਅਟਟeਰ) ਦਾ ਸੀਨਾ ਖੋਲ੍ਹ ਕੇ ਅੰਦਰ ਝਾਕ ਲਿਆ ਹੈ। ਇਸ ਦੇ ਅੰਦਰ ਪਏ ਅਣੂੰਆਂ, ਪ੍ਰਮਾਣੂਆਂ ਦੀਆਂ ਪ੍ਰਕ੍ਰਿਆਵਾਂ ਦਾ ਹਿਸਾਬ-ਕਿਤਾਬ ਵੀ ਮਨੁੱਖ ਨੇ ਸਮਝ ਲਿਆ ਹੈ। ਇਸੇ ਦੀ ਸੇਧੇ ਚਲਦਾ-ਚਲਦਾ ਮਨੁੱਖ ਹੁਣ ਆਈਨਸਟੀਨ ਦੇ e=ਮਚ² ਦੇ ਸੂਤਰ ‘ਤੇ ਪਹੁੰਚ ਗਿਆ ਹੈ ਤੇ ‘ਰੱਬੀ-ਕਣ’ (੍ਹਗਿਗਸ-ਭੋਸੋਨ ਫਅਰਟਚਿਲe) ਵੀ ਖੋਜ ਚੁਕਾ ਹੈ।
ਪਰ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਇਹ ਵੀ ਕੋਈ ਅੰਤ ਨਹੀਂ, ਕਿਉਂਕਿ ਜਿਸ ਅੰਤ ਕਾਰਨ ਕੇਤੇ ਜਗਿਆਸੂ ਸਦੀਆਂ ਤੋਂ ਕੁਰਲਾ ਰਹੇ ਹਨ, ਉਹ ਅਨੰਤ ਹੈ। ਸੱਚ ਅਨੰਤ ਹੈ, ਇਸ ਨੂੰ ਕਲਾਵੇ ਵਿਚ ਲੈਣਾ ਅਸੰਭਵ ਹੈ। ਸੱਚ ਜਦੋਂ ਵੀ ਦਿਸਿਆ, ਰਾਜ ਮਹਿਲ ਦੇ ਮੁੱਖ ਦੁਆਰ ‘ਤੇ ਲੱਗੇ ਝੰਡੇ ਵਾਂਗ ਦੂਰੋਂ ਹੀ ਦਿਸੇਗਾ। ਉਸ ਅਵਸਥਾ ਤੀਕ ਪਹੁੰਚਦਿਆਂ ਅਨੇਕਾਂ ਹੋਰ ਅਜਿਹੇ ਸੂਤਰ ਆਉਣਗੇ, ਜੋ ਸ਼ਾਹ-ਮਾਰਗਾਂ ਦੇ ਮੀਲ ਪੱਥਰਾਂ ਵਾਂਗ ਇਸ ਦੀ ਸੇਧ ਦੇਣਗੇ। ਇਸ ਤਰ੍ਹਾਂ ੴ ਦੇ ਗਣਿਤੀ ਸੂਤਰ ਰਾਹੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਪੂਰੇ ਵਿਸ਼ਵ ਦੇ ਵਿਗਿਆਨ-ਤੰਤਰ ਤੇ ਇਸ ਤੋਂ ਵੀ ਅੱਗੇ ਇਸ ਦੀਆਂ ਪ੍ਰਕ੍ਰਿਆਵਾਂ ਨਾਲ ਜੁੜੀਆਂ ਹੋਈਆਂ ਹਨ। ਇਹ ਸੂਤਰ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੀਕ ਇਕੋ ਇਕ ਭਾਵੀ ਤੇ ਪ੍ਰਭਾਵੀ ਵਿਸ਼ਵ-ਚਿੰਤਨ ਪ੍ਰਣਾਲੀ ਦਾ ਦਰਜਾ ਪ੍ਰਦਾਨ ਕਰਦਾ ਰਹੇਗਾ। ਇਹ ਗੱਲ ਵੱਖਰੀ ਹੈ ਕਿ ਬਹੁਤੇ ਸਿੱਖ ਵਿਦਵਾਨ ਆਪਣੀ ਅਵਿਗਿਆਨਕ ਤੇ ਰੂੜ੍ਹੀਵਾਦੀ ਸੋਚ ਕਾਰਨ ਇਸ ਅਦੁੱਤੀ ਮੰਜ਼ਰ ਨੂੰ ਨਾ ਦੇਖ ਰਹੇ ਹੋਣ।