ਡੁੱਬਦੇ ਸੂਰਜ ਨੂੰ ਸਲਾਮ ਕਹਿੰਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਤਾਰੀਫ ਦੀ ਤਾਰੀਫ ਵਿਚ ਫੁਰਮਾਇਆ ਸੀ, “ਤਾਰੀਫ ਉਹ ਹੁੰਦੀ, ਜੋ ਲੋਕ, ਸਾਥੀ ਜਾਂ ਸਮਾਜ ਕਰਦਾ, ਕਿਉਂਕਿ ਤੁਹਾਡੀ ਅਸਲੀਅਤ ਤਾਂ ਦੂਜਿਆਂ ਦੀ ਤੱਕੜੀ ਵਿਚ ਹੀ ਤੁਲਦੀ। ਵਿਅਕਤੀ ਖੁਦ ਤਾਂ ਹਮੇਸ਼ਾ ਪਾਸਕੂੰ ਹੀ ਰੱਖਦਾ। ਸੱਚੀ ਤਾਰੀਫ ਕਮਾਈ ਜਾਂਦੀ, ਮੁੱਲ ਨਹੀਂ ਮਿਲਦੀ।” ਹਥਲੇ ਲੇਖ ਵਿਚ ਡਾ. ਭੰਡਾਲ ਜ਼ਿੰਦਗੀ ਦੇ ਪਿਛਲੇਰੇ ਪੰਧ ਦੀ ਗੱਲ ਕਰਦਿਆਂ ਕਹਿੰਦੇ ਹਨ, “ਡੁੱਬਦਾ ਸੂਰਜ ਕਦੇ ਵੀ ਅਕਾਰਥ ਨਹੀਂ।

ਸੂਰਜ ਡੁੱਬਣ ਲੱਗਦਾ ਤਾਂ ਪਰਿੰਦੇ ਘਰਾਂ ਨੂੰ ਪਰਤਦੇ, ਬੋਟਾਂ ਦੀ ਭੁੱਖ ਨੂੰ ਟੁੱਕਰ ਦੀ ਆਸ ਹੁੰਦੀ, ਦਰੀਂ ਉਡੀਕਦੇ ਕਲੀਰਿਆਂ ਨੂੰ ਪਿਆਰੇ ਦੀ ਦਸਤਕ ਦਾ ਹਰ ਦਮ ਭੁਲੇਖਾ ਪੈਂਦਾ ਅਤੇ ਬੁੱਢੇ ਮਾਪਿਆਂ ਦੇ ਮਨਾਂ ‘ਚ ਪਰਦੇਸੀ ਪੁੱਤ ਦੇ ਵਾਪਸ ਪਰਤਣ ਦੀ ਆਸ ਜਾਗਦੀ।…ਡੁੱਬਦਾ ਸੂਰਜ ਹਮੇਸ਼ਾ ਹੀ ਅਨੂਠੀ ਤੋਰ ਤੇ ਆਵੇਸ਼ ਵਿਚ ਹੌਲੀ ਹੌਲੀ ਪੱਛਮ ਵਿਚ ਉਤਰਦਾ ਅਤੇ ਲਾਲ ਭਾਅ ਮਾਰਦਾ ਅਲੋਪ ਹੁੰਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਜ਼ਿੰਦਗੀ ਇਕ ਸੁਪਨੇ ਦਾ ਸੱਚ, ਜੋ ਕਦੇ ਸਰਘੀ, ਕਦੇ ਛਾਅ ਵੇਲਾ, ਕਦੇ ਲੌਢਾ ਵੇਲਾ, ਕਦੇ ਤਿੱਖੜ ਦੁਪਹਿਰ, ਕਦੇ ਪੈ ਰਹੀਆਂ ਤ੍ਰਿਕਾਲਾਂ ਅਤੇ ਕਦੇ ਉਤਰ ਰਿਹਾ ਘੁਸਮੁਸਾ। ਜ਼ਿੰਦਗੀ ਦਾ ਸਫਰ, ਦਿਨ ਦੇ ਨਿਆਈਂ। ਪਹੁ ਫੁੱਟਦੀ, ਸੂਰਜ ਅੰਗੜਾਈ ਭਰਦਾ ਅਤੇ ਸਰਘੀ ਦੀ ਦਸਤਕ ਕੁਦਰਤ-ਬਰੂਹਾਂ ‘ਤੇ ਹੁੰਦੀ। ਕਿਰਨਾਂ ਦੀ ਖੁਸ਼ਬੋਈ ਧਰਤ ਨੂੰ ਭਿਉਂਦੀ, ਤ੍ਰੇਲ-ਤੁਪਕਿਆਂ ਦੀ ਲਬਰੇਜ਼ਤਾ ਫੁੱਲ-ਪੱਤੀਆਂ ‘ਤੇ ਥਰਥਰਾਉਂਦੀ, ਚੌਗਿਰਦੇ ‘ਚ ਰੰਗਾਂ ਦਾ ਬਿਖਰਾਅ ਅਤੇ ਇਸ ਵਿਚੋਂ ਜੀਵਨ ਦੇ ਰੰਗਾਂ ਦੀ ਕਸੀਦਾਕਾਰੀ ਨਜ਼ਰ ਪੈਂਦੀ।
ਜਿੰ.ਦਗੀ ਦਾ ਹਰ ਪਹਿਰ ਹੀ ਖੂਬਸੂਰਤ ਅਤੇ ਖਾਸ। ਇਸ ਦੇ ਤੁਰ ਜਾਣ ਪਿਛੋਂ ਕੁਝ ਯਾਦਾਂ ਬਚਦੀਆਂ, ਜੋ ਮਨੁੱਖ ਦਾ ਖਜਾਨਾ ਬਣਦੀਆਂ ਅਤੇ ਮਨ-ਬੀਹੀ ਵਿਚ ਫੇਰਾ ਪਾਉਂਦੀਆਂ। ਬਚਪਨ ਦਾ ਵੇਲਾ ਕੇਹਾ ਕਿ ਮਨ ਬਚਪਨ ਨੂੰ ਮੁੜ ਕੇ ਜਿਉਣਾ ਚਾਹੁੰਦਾ, ਪਰ ਇਹ ਕਦੇ ਨਹੀਂ ਪਰਤਦਾ। ਹੁੰਦੜਹੇਲ ਉਮਰ ਦੀਆਂ ਖਰਮਸਤੀਆਂ, ਅਲਬੇਲਾਪਣ ਅਤੇ ਬੇਫਿਕਰੀ ਦਾ ਚੇਤਾ, ਮਨ ਦੀ ਅਲਮਸਤੀ ਨੂੰ ਪੁਨਰ-ਸਜੀਵ ਕਰਦਾ, ਜਦ ਅਸੀਂ ਜੀਵਨ ਦੇ ਪਿਛਲੇ ਪਹਿਰ ਦੀ ਆਮਦ ਵਿਚ ਕੁਝ ਕੁ ਉਦਾਸ ਹੁੰਦੇ। ਜਵਾਨੀ ਦੀਆਂ ਬਹਾਰਾਂ ਅਤੇ ਰਾਂਗਲੇ ਦਿਨ ਕਦੋਂ ਪਰਤਦੇ ਨੇ! ਮਨ ਨਹੀਂ ਸੀ ਰੱਜਦਾ। ਉਸ ਵੇਲੇ ਤਾਂ ਮਨੁੱਖ ਖੁਦ ਬੁਢਾਪੇ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਕਦੇ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ।
ਪਰ ਬੁਢਾਪਾ ਜ਼ਿੰਦਗੀ ਦਾ ਉਹ ਸੱਚ, ਜਿਸ ਦੇ ਸਨਮੁੱਖ ਹੋਣ ਤੋਂ ਹਰ ਕੋਈ ਤ੍ਰਹਿੰਦਾ। ਡੁੱਬਦੇ ਸੂਰਜ ਵਰਗੇ ਪਲ ਜਦ ਜੀਵਨ-ਗਲੀ ਵਿਚ ਹੋਕਰਾ ਦਿੰਦੇ ਤਾਂ ਮਨ ਇਸ ਆਵਾਜ਼ ਨੂੰ ਸੁਣਨ ਤੋਂ ਮੁਨਕਰ ਹੋਣਾ ਚਾਹੁੰਦਾ, ਪਰ ਇਹ ਮੁਨਕਰੀ ਥੋੜ੍ਹ-ਚਿਰੀ ਹੁੰਦੀ, ਜਦੋਂ ਕਿ ਸੱਚ ਸਾਹਮਣੇ ਦ੍ਰਿਸ਼ਟਮਾਨ ਹੁੰਦਾ। ਜੇ ਅਸੀਂ ਚੜ੍ਹਦੇ ਸੂਰਜ ਦੀ ਆਰਤੀ ਉਤਾਰਦੇ ਹਾਂ, ਇਸ ਦੀਆਂ ਰਹਿਮਤਾਂ ਤੇ ਨਿਆਮਤਾਂ ਨੂੰ ਆਪਣਾ ਹਾਸਲ ਮੰਨਦੇ ਹਾਂ ਅਤੇ ਇਸ ਵਿਚੋਂ ਹੀ ਜੀਵਨ ਦੀਆਂ ਬਹੁਤ ਸਾਰੀਆਂ ਬਰਕਤਾਂ ਹਾਸਲ ਕਰਦੇ ਹਾਂ ਤਾਂ ਸਾਨੂੰ ਡੁੱਬਦੇ ਸੂਰਜ ਨੂੰ ਵੀ ਖੁਸ਼-ਆਮਦੀਦ ਕਹਿਣਾ ਚਾਹੀਦਾ।
ਡੁੱਬਦਾ ਸੂਰਜ, ਜਸ਼ਨ ਦਾ ਸਬੱਬ। ਸੰਧੂਰੀ ਕਿਰਨਾਂ ਵਿਚ ਜੀਵਨ ਦੇ ਸੰਧੂਰੀ ਅਤੇ ਸਾਂਵਲੇ ਰੰਗਾਂ ਦੀ ਕਲਾ-ਨਕਾਸ਼ੀ। ਇਹ ਚਿੱਤਰਕਾਰੀ ਹੀ ਮਨੁੱਖ ਦੀ ਸਮੁੱਚੀ ਜ਼ਿੰਦਗੀ ਦਾ ਦਰਪਣ।
ਡੁੱਬਦਾ ਸੂਰਜ ਕਦੇ ਵੀ ਅਕਾਰਥ ਨਹੀਂ। ਸੂਰਜ ਡੁੱਬਣ ਲੱਗਦਾ ਤਾਂ ਪਰਿੰਦੇ ਘਰਾਂ ਨੂੰ ਪਰਤਦੇ, ਬੋਟਾਂ ਦੀ ਭੁੱਖ ਨੂੰ ਟੁੱਕਰ ਦੀ ਆਸ ਹੁੰਦੀ, ਦਰੀਂ ਉਡੀਕਦੇ ਕਲੀਰਿਆਂ ਨੂੰ ਪਿਆਰੇ ਦੀ ਦਸਤਕ ਦਾ ਹਰ ਦਮ ਭੁਲੇਖਾ ਪੈਂਦਾ ਅਤੇ ਬੁੱਢੇ ਮਾਪਿਆਂ ਦੇ ਮਨਾਂ ‘ਚ ਪਰਦੇਸੀ ਪੁੱਤ ਦੇ ਵਾਪਸ ਪਰਤਣ ਦੀ ਆਸ ਜਾਗਦੀ।
ਜੀਵਨ ਦੇ ਡੁੱਬ ਰਹੇ ਸੂਰਜ ਦੀ ਕਦੇ ਵੀ ਚੜ੍ਹਦੇ ਸੂਰਜ ਨਾਲ ਤੁਲਨਾ ਨਾ ਕਰੋ। ਚੜ੍ਹਦਾ ਸੂਰਜ ਦਿਨ ਲੈ ਕੇ ਆਉਂਦਾ, ਜਦੋਂ ਕਿ ਡੁੱਬਦੇ ਸੂਰਜ ਨਾਲ ਰਾਤ ਉਤਰਦੀ। ਜੀਵਨ ਦੇ ਚੜ੍ਹਦੇ ਪਹਿਰ ਵਿਚ ਸਾਡੀ ਸੰਭਾਲ ਮਾਂਵਾਂ ਕਰਦੀਆਂ। ਲੋਰੀਆਂ ਸੁਣਾਉਂਦੀਆਂ ਤੇ ਸਦਕੇ ਜਾਂਦੀਆਂ। ਆਪ ਗਿੱਲੇ ਥਾਂ ‘ਤੇ ਪੈ ਕੇ ਬੱਚੇ ਨੂੰ ਸੁੱਕੇ ਥਾਂ ‘ਤੇ ਸੁਆਉਂਦੀਆਂ। ਬੱਚੇ ਦੇ ਕੰਡਾ ਲੱਗਣ ‘ਤੇ ਦਰਦ-ਹੂੰਗਰ ਬਣਦੀਆਂ ਅਤੇ ਉਸ ਦੀ ਪੀੜਾ ਵਿਚ ਖੁਦ ਨੂੰ ਸੂਲੀ ‘ਤੇ ਟੰਗਦੀਆਂ, ਪਰ ਜਦ ਬੁਢਾਪੇ ਵਿਚ ਸੰਭਾਲ ਦੀ ਲੋੜ ਪਈ ਤਾਂ ਇਹ ਕਿਸੇ ਨਰਸਿੰਗ ਹੋਮ ਵਿਚ ਨਰਸਾਂ ਜਾਂ ਘਰ ਵਿਚ ਬੱਚਿਆਂ ਨੇ ਕਰਨੀ! ਪਰ ਬੱਚਿਆਂ ਕੋਲੋਂ ਮਾਂ ਵਰਗੀ ਸੇਵਾ ਦੀ ਆਸ ਨਾ ਰੱਖਿਓ। ਮਾਂ ਤਾਂ ਸਮੁੱਚੀ ਤੁਹਾਡੇ ਲਈ ਸੀ, ਪਰ ਬੱਚਿਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਿੰਮੇਵਾਰੀਆਂ ਨੇ, ਜਿਨ੍ਹਾਂ ਨੂੰ ਸਮਝਣ ਅਤੇ ਉਸ ਅਨੁਸਾਰ ਖੁਦ ਨੂੰ ਢਾਲਣਾ, ਬੁਢਾਪੇ ਦੀ ਜਿੰਮੇਵਾਰੀ ਆ। ਸਮੇਂ ਮੁਤਾਬਕ ਖੁਦ ਨੂੰ ਢਾਲ ਕੇ ਖੁਸ਼ ਰਿਹਾ ਜਾ ਸਕਦਾ ਅਤੇ ਬੁਢਾਪਾ ਨਹੀਂ ਰੁਲਦਾ।
ਬਚਪਨ ਵਿਚ ਮਾਪਿਆਂ ਨੇ ਗਡੀਰਾ ਦਿਤਾ ਸੀ, ਤੁਰਨ ਦੇ ਆਸਰੇ ਲਈ, ਜਿਸ ਦੇ ਛਣਕਦੇ ਘੁੰਗਰੂਆਂ ਦੀ ਲੋਰ ਵਿਚ ਬਚਪਨੀ ਬਾਦਸ਼ਾਹਤ ਨੂੰ ਬਾਖੂਬੀ ਮਾਣਿਆ; ਪਰ ਬੁਢਾਪੇ ਵਿਚ ਡੰਗੋਰੀ ਤੁਹਾਡਾ ਆਸਰਾ ਹੋਵੇਗੀ। ਗਡੀਰੇ ਤੋਂ ਡੰਗੋਰੀ ਤੀਕ ਦਾ ਸਫਰ ਔਖਾ ਤਾਂ ਜਾਪਦਾ, ਪਰ ਇਹੀ ਸੱਚ ਆ। ਗਡੀਰੇ ਨਾਲ ਡਿੱਗਣ ਦੀ ਸੰਭਾਵਨਾ ਬਹੁਤ ਘੱਟ ਸੀ, ਕਿਉਂਕਿ ਮਾਂ ਦੀ ਨਜ਼ਰ ਹਮੇਸ਼ਾ ਤੁਹਾਡੇ ਵਿਚ ਸੀ; ਪਰ ਡੰਗੋਰੀ ਨਾਲ ਖੁਦ ਨੂੰ ਸੰਭਾਲਣ ਦੀ ਜਿੰਮੇਵਾਰੀ ਤੁਹਾਡੀ ਹੋਣੀ ਆ। ਬੱਚਿਆਂ ਕੋਲ ਸ਼ਾਇਦ ਵਿਹਲ ਨਾ ਹੋਵੇ ਕਿ ਉਹ ਤੁਹਾਡੀ ਡੰਗੋਰੀ ਬਣ ਸਕਣ। ਬਚਪਨ ਵਿਚ ਬਾਪ ਦੀ ਉਂਗਲ ਫੜ ਕੇ ਤੁਰਨਾ ਸਿੱਖਣ ਵਾਲਿਆ, ਹੁਣ ਬੱਚਿਆਂ ਜਾਂ ਅਗਲੀ ਪੀੜ੍ਹੀ ਨੇ ਉਂਗਲ ਨਹੀਂ ਫੜਾਉਣੀ। ਆਪਣਾ ਆਸਰਾ ਖੁਦ ਹੀ ਬਣਨਾ ਪੈਣਾ। ਮਾਪਿਆਂ ਦੀ ਸੰਘਣੀ ਛਾਂ ਹੇਠ ਜੇਠ-ਹਾੜ ਦੀਆਂ ਧੁੱਪਾਂ ਨੂੰ ਵੀ ਠਾਰਨ ਵਾਲਿਓ, ਬਜੁਰਗੀ ਦੀਆਂ ਵਗਣ ਵਾਲੀਆਂ ਲੂੰਆਂ ਨੂੰ ਜਰਨ ਲਈ ਤਿਆਰ ਰਹੋ। ਇਸ ਨੂੰ ਸਰਾਪ ਨਹੀਂ, ਸਗੋਂ ਜੀਵਨ ਦਾ ਇਕ ਪੜਾਅ ਹੀ ਸਮਝਣਾ। ਇਸ ਨੂੰ ਪਾਰ ਕਰਨ ਲਈ ਖੁਦ ਨੂੰ ਤਕੜਾ ਹੋਣਾ ਪੈਣਾ।
ਹੁੰਦੜਹੇਲ ਉਮਰ ਵਿਚ ਅਵਾਰਗੀ ਨਾਲ ਮਾਪਿਆਂ ਨੂੰ ਸਤਾਉਣ ਵਾਲਿਓ, ਬਜੁਰਗੀ ਵਿਚ ਹੁਣ ਕਿਸ ਨੂੰ ਸਤਾਉਗੇ। ਹੁਣ ਤੁਹਾਡੀ ਵਾਰੀ ਆ। ਬੱਚਿਆਂ ਦੀ ਆਪਣੀ ਜ਼ਿੰਦਗੀ, ਆਪਣੇ ਫਰਜ਼, ਆਪਣੀਆਂ ਤਰਜ਼ੀਹਾਂ ਤੇ ਤਮੰਨਾਵਾਂ ਹਨ, ਉਨ੍ਹਾਂ ਵਿਚ ਖਲਲ ਨਾ ਪਾਇਓ। ਸਗੋਂ ਬੱਚਿਆਂ ਨੂੰ ਆਪਣੀ ਜ਼ਿੰਦਗੀ ਜਿਉਣ ਦਿਓ। ਬੁੱਢੇ ਵਾਰੇ ਕਮਰੇ ਤੀਕ ਹੀ ਸੀਮਤ ਹੋਣ ਦੀ ਸੋਚੋ। ਆਪਣੇ ਵਿਚਾਰਾਂ ਨੂੰ ਬਦਲੋ। ਸਮਿਆਂ ਦੇ ਹਾਣੀ ਬਣਾਓ। ਖੁਦ ਨੂੰ ਨਵੀਂ ਪੀੜ੍ਹੀ ਦੇ ਹਾਣੀ ਨਾ ਸਮਝਣਾ ਅਤੇ ਨਾ ਹੀ ਉਨ੍ਹਾਂ ਨੇ ਤੁਹਾਡੀ ਸੋਚ ਦੇ ਹਾਣੀ ਹੋ ਸਕਣਾ। ਨਵੀਂ ਪੀੜ੍ਹੀ ਲਈ ਤਾਂ ਬਜੁਰਗ ਬਿਲਕੁਲ ਅਨਪੜ੍ਹ ਤੇ ਗਵਾਰ। ਕੋਈ ਨਹੀਂ ਸਮਝ। ਦੁਨੀਆਂ ਦਾ ਕੁਝ ਨਹੀਂ ਪਤਾ। ਸ਼ੋਸ਼ਲ ਮੀਡੀਏ ਜਾਂ ਨਿੱਤ ਬਦਲਦੀ ਦੁਨੀਆਂ ਦੀ ਕੋਈ ਨਹੀਂ ਖਬਰ। ਆਪਣੇ ਆਪ ਨੂੰ ਕੋਰੇ ਅਨਪੜ੍ਹ ਅਤੇ ਬੋਝ ਸਦਵਾਉਣ ਲਈ ਤਿਆਰ ਰਹੋ। ਇਸ ਅਨੁਸਾਰ ਹੀ ਆਪਣੀ ਜੀਵਨ-ਜੁਗਤ ਨੂੰ ਸੇਧਤ ਕਰਨ ਦਾ ਟੀਚਾ ਮਿੱਥੋ। ਜੇ ਸਮੇਂ ਅਨੁਸਾਰ ਨਾ ਬਦਲੇ ਤਾਂ ਤੁਸੀਂ ਬਹੁਤ ਹੀ ਮਾਯੂਸ ਤੇ ਉਦਾਸ ਹੋਵੋਗੇ। ਸਮਾਂ ਤੁਹਾਨੂੰ ਲਿਤਾੜ ਕੇ ਬਹੁਤ ਅੱਗੇ ਲੰਘ ਜਾਵੇਗਾ ਅਤੇ ਪਿੱਛੇ ਰਹਿ ਗਏ ਲੋਕ ਬਹੁਤ ਜਲਦੀ ਬੇਪਛਾਣ ਹੋ ਕੇ ਚੇਤਿਆਂ ਵਿਚੋਂ ਕਿਰ ਜਾਂਦੇ।
ਬਜੁਰਗੀ ਦੌਰਾਨ ਢਲਦੇ ਸੂਰਜ ਜਿਹੇ ਸੁਪਨਿਆਂ ਵਿਚ ਸਿਰਫ ਧੁੰਧਲਕਾ ਹੀ ਬਚਦਾ। ਕੁਝ ਵੀ ਸੰਧੂਰੀ ਜਾਂ ਸੁਨਹਿਰੀ ਨਹੀਂ ਹੁੰਦਾ। ਇਸ ਵਿਚੋਂ ਹੀ ਆਪਣਾ ਰਾਹ ਪਛਾਣਨਾ ਅਤੇ ਜੀਵਨ-ਤੋਰ ਨੂੰ ਜਾਰੀ ਰੱਖਣਾ ਪੈਣਾ। ਇੰਜ ਕਰਕੇ ਤੁਸੀਂ ਕਿਸੇ ‘ਤੇ ਨਹੀਂ, ਸਗੋਂ ਖੁਦ ‘ਤੇ ਅਹਿਸਾਨ ਕਰੋਗੇ। ਜਿੰ.ਦਗੀ ਸੁਖੀ ਤੇ ਅਸਾਨ ਹੋਵੇਗੀ ਅਤੇ ਮਾਨਸਿਕ ਪੀੜਾ ਵਿਚੋਂ ਗੁਜਰਨਾ ਨਹੀਂ ਪਵੇਗਾ।
ਕਈ ਵਾਰ ਸੂਰਜ ਡੁੱਬਣ ਲੱਗਦਾ ਤਾਂ ਤਿੱਤਰਖੰਭੀ ਵੀ ਇਸ ਨੂੰ ਹੋਰ ਮੱਧਮ ਕਰਦੀ। ਤ੍ਰਿਕਾਲੀਂ ਅੰਬਰ ‘ਚ ਗਹਿਰ ਚੜ੍ਹਦੀ। ਇਹ ਗਹਿਰ ਸਰੀਰਕ ਅਲਾਮਤਾਂ ਦੇ ਰੂਪ ਵਿਚ ਤੁਹਾਡਾ ਨਸੀਬ ਹੀ ਬਣਦੀ। ਕਈ ਬਿਮਾਰੀਆਂ ਨੇ ਬੁਢਾਪੇ ਵਿਚ ਤੁਹਾਡੇ ਦਰੀਂ ਦਸਤਕ ਜਰੂਰ ਦੇਣੀ ਅਤੇ ਤੁਸੀਂ ਇਸ ਤੋਂ ਅਵੇਸਲੇ ਵੀ ਨਹੀਂ ਹੋ ਸਕਦੇ। ਕਦੇ ਇਕ ਇਕ ਕਰਕੇ ਦੰਦ ਆਏ ਅਤੇ ਦਾੜ੍ਹਾਂ ਨਿਕਲਣ ਲੱਗਿਆਂ ਬਹੁਤ ਤਕਲੀਫ ਵੀ ਹੋਈ ਸੀ। ਬੁਢਾਪੇ ਵਿਚ ਫਿਰ ਦੰਦਾਂ ਨੇ ਇਕ ਇਕ ਕਰਕੇ ਜਾਣ ਲੱਗਿਆਂ ਪੀੜ ਦੇਣੀ ਹੈ, ਜੁਬਾੜਾ ਵੀ ਵੈਰਾਨ ਕਰਨਾ ਅਤੇ ਬੋੜਾ ਵੀ ਬਣਾਉਣਾ। ਫਿਰ ਕਿਸੇ ਡੈਂਚਰ ਦੇ ਆਸਰੇ ਹੀ ਬਾਕੀ ਜ਼ਿੰਦਗੀ ਨੂੰ ਜਿਉਣਾ ਪੈਣਾ; ਪਰ ਯਾਦ ਤਾਂ ਬਹੁਤ ਆਵੇਗਾ ਕਿ ਕਦੇ ਗੰਨੇ ਵੀ ਚੂਪਦੇ ਸੀ ਜਾਂ ਦਾਣੇ ਵੀ ਚੱਬਦੇ ਸੀ। ਅਫਸੋਸ ਮਨ ਵਿਚ ਨਾ ਪਾਲਣਾ ਕਿਉਂਕਿ ਝੋਰੇ ਵਿਚ ਜ਼ਿੰਦਗੀ ਵੀ ਮਸੋਸੀ ਜਾਂਦੀ। ਨਕਲੀ ਦੰਦਾਂ ਨਾਲ ਜੇ ਜੀਵਨ ਸੌਖਾ ਹੁੰਦਾ ਹੋਵੇ ਤਾਂ ਪਿੱਛਲਖੁਰੀ ਨਾ ਝਾਕਣਾ ਕਿਉਂਕਿ ਨਵੇਂ ਦੰਦ ਤਾਂ ਹੁਣ ਆਉਣੇ ਨਹੀਂ!
ਜਦ ਜਿੰਦ-ਸੂਰਜ ਨੇ ਡੁੱਬਣ ਦੀ ਤਿਆਰੀ ਕਰਨੀ ਤਾਂ ਕਿਸੇ ਨੇ ਤੁਹਾਡੀਆਂ ਪ੍ਰਾਪਤੀਆਂ, ਰੁਤਬਿਆਂ, ਸਮਾਜਕ ਦੇਣਾਂ ਜਾਂ ਕੀਰਤੀਆਂ ਨੂੰ ਉਹ ਸਨਮਾਨ ਨਹੀਂ ਦੇਣਾ, ਜਿਸ ਦੀ ਤਵੱਕੋ ਪਹਿਲਾਂ ਤੁਹਾਡੇ ਮਨ ਵਿਚ ਹੁੰਦੀ ਸੀ ਤੇ ਮਿਲਦਾ ਸੀ। ਹੁਣ ਤੁਸੀਂ ਬੇਪਛਾਣ ਜਿਹੇ ਹੋ ਕੇ ਭੀੜ ਦਾ ਹਿੱਸਾ ਬਣਨਾ। ਕਿਸੇ ਨੇ ਤੁਹਾਨੂੰ ਦੇਖ ਕੇ ਖੁਸ਼ ਨਹੀਂ ਹੋਣਾ, ਤੁਹਾਡੇ ਨਾਲ ਸੈਲਫੀ ਲੈਣ ਲਈ ਉਤੇਜਿਤ ਨਹੀਂ ਹੋਣਾ ਜਾਂ ਤੁਹਾਡੇ ਨਾਲ ਸਾਂਝ ‘ਤੇ ਨਾਜ਼ ਕਰਨਾ। ਆਪਣਿਆਂ ਨੇ ਵੀ ਦੁਰਕਾਰਨਾ ਤੇ ਨਕਾਰਨਾ। ਸਰੀਰਕ ਟੁੱਟ-ਭੱਜ ਦੇ ਨਾਲ ਮਨ ਵਿਚ ਵੀ ਬਹੁਤ ਸਾਰੀ ਟੁੱਟਭੱਜ ਤੇ ਤਿੜਕਣ ਤਾਂ ਹੋਵੇਗੀ; ਪਰ ਇਸ ਦੀ ਮੁਰੰਮਤ ਵੀ ਖੁਦ ਹੀ ਕਰਨੀ ਪੈਣੀ। ਕਈ ਵਾਰ ਤਾਂ ਤੁਹਾਡਾ ਦੁੱਖ ਵੰਡਾਉਣ ਵਾਲਾ ਅਤੇ ਤੁਹਾਡੇ ਨਾਲ ਬੀਤੇ ਦੀਆਂ ਬਾਤਾਂ ਸਾਂਝੀਆਂ ਕਰਨ ਵਾਲਾ ਜੀਵਨ-ਸਾਥੀ ਵੀ ਸ਼ਾਇਦ ਤੁਹਾਥੋਂ ਪਹਿਲਾਂ ਤੁਰ ਜਾਵੇ। ਅਜਿਹੇ ਵੇਲੇ ਖੁਦ ਦੀ ਮਜ਼ਬੂਤੀ ਹੀ ਕੰਮ ਆਉਣੀ।
ਢਲਦੇ ਪ੍ਰਛਾਵਿਆਂ ਦੀ ਰੁੱਤੇ ਬਲੱਡ ਪ੍ਰੈਸ਼ਰ ਵੀ ਵਧਣਾ, ਕੋਲੈਸਟਰੋਲ ਵੀ ਵਧਣਾ; ਕਦੇ ਦਿਲ ਦੀ ਬਿਮਾਰੀ, ਕਦੇ ਗੋਡਿਆਂ ਵਲੋਂ ਜੁਵਾਬ, ਕਦੇ ਬਾਈਪਾਸ ਸਰਜਰੀ, ਕਦੇ ਅੱਖਾਂ ਦਾ ਆਪਰੇਸ਼ਨ ਅਤੇ ਕਦੇ ਹੱਡੀਆਂ ਦੇ ਕਮਜੋਰ ਹੋਣ ਕਾਰਨ ਕਿਸੇ ਹੱਡੀ ਦਾ ਟੁੱਟਣਾ ਜਾਂ ਚੂਲੇ ਦੇ ਟੁੱਟਣ ਕਾਰਨ ਤੁਰਨ ਫਿਰਨ ਤੋਂ ਆਵਾਜ਼ਾਰ ਹੋਣਾ। ਅਜਿਹੇ ਵੇਲੇ ਬੈਡ ਤੀਕ ਸੀਮਤ, ਤੁਹਾਡੇ ਸੁਪਨ-ਸੰਸਾਰ ਨੂੰ ਸੌੜਾ ਤੇ ਸੀਮਤ ਕਰੇਗੀ। ਜੇ ਮਨ ਦੀਆਂ ਭਾਵਨਾਵਾਂ ਅਤੇ ਸੁੱਚੇ ਵਿਚਾਰਾਂ ਨੂੰ ਅੰਬਰੀਂ ਪਰਵਾਜ਼ ਦਿਓਗੇ ਤਾਂ ਜੀਵਨ ਦਾ ਆਖਰੀ ਸਫਰ ਸੁਖਾਲਾ ਹੋ ਜਾਵੇਗਾ।
ਜਦ ਜੀਵਨ-ਪ੍ਰਛਾਵੇਂ ਬਹੁਤ ਲੰਮੇ ਹੋ ਜਾਂਦੇ ਤਾਂ ਕਿਸੇ ਵੀ ਕਾਰਜ ਵਿਚ ਤੁਹਾਡੀ ਸਲਾਹ ਜਾਂ ਰਾਏ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਵੇਗੀ। ਜੇ ਬੱਚਿਆਂ ਨੂੰ ਖੁਦ ਫੈਸਲੇ ਲੈਣ ਅਤੇ ਆਪ ਬੇਪ੍ਰਵਾਹ ਜ਼ਿੰਦਗੀ ਜਿਉਣ ਨੂੰ ਪਹਿਲ ਦੇਵੋਗੇ ਤਾਂ ਜ਼ਿੰਦਗੀ ਸੁਖਾਲੀ ਹੋਵੇਗੀ। ਇਹ ਅਹਿਸਾਸ ਤੁਹਾਡੀ ਮਾਨਸਿਕ ਪੀੜਾ ਨਹੀਂ ਵਧਾਏਗਾ ਕਿ ਵੱਡੇ ਹੋਣ ਦੇ ਨਾਤੇ ਮੇਰੀ ਕੋਈ ਪੁੱਛ-ਗਿੱਛ ਨਹੀਂ। ਮੈਨੂੰ ਕੋਈ ਨਹੀਂ ਸਿਆਣਦਾ ਜਾਂ ਮੇਰੇ ਅਨੁਭਵ ਤੋਂ ਕੋਈ ਕੁਝ ਨਹੀਂ ਸਿੱਖਦਾ। ਬੱਚੇ ਸਾਡੇ ਤੋਂ ਸਿਆਣੇ ਤੇ ਸਮਝਦਾਰ। ਉਨ੍ਹਾਂ ਦੀਆਂ ਤਰਜ਼ੀਹਾਂ ਤੇ ਤਮੰਨਾਵਾਂ ਅਤੇ ਜੀਵਨ ਢੰਗ ਵੱਖਰਾ। ਬਜੁਰਗੀ ਜੀਵਨ-ਸ਼ੈਲੀ ਨੂੰ ਬੱਚਿਆਂ ‘ਤੇ ਨਹੀਂ ਥੋਪਿਆ ਜਾ ਸਕਦਾ। ਬਜੁਰਗਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਤਬਦੀਲੀ ਕੁਦਰਤ ਦਾ ਨਿਯਮ ਏ। ਖੁਦ ਇਸ ਨੂੰ ਮਨਜ਼ੂਰ ਕਰ ਕੇ ਇਸ ਅਨੁਸਾਰ ਜੀਵਨ ਤੋਰ ਨੂੰ ਨਿਰਧਾਰਤ ਕਰੋਗੇ ਤਾਂ ਘੱਟ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਲੰਘਣਾ ਆਸਾਨ ਹੀ ਹੋਵੇਗਾ।
ਜਦ ਸੂਰਜ ਡੁੱਬਣ ਕਿਨਾਰੇ ਹੁੰਦਾ ਤਾਂ ਸੂਰਜ ਆਪਣੀ ਸਫ ਲਪੇਟਦਾ ਅਤੇ ਰੁਖਸਤ ਹੋਣ ਦੀ ਕਾਹਲ ਕਰਦਾ। ਉਹ ਬੀਤੇ ‘ਤੇ ਸੁ.ਕਰਗੁਜ਼ਾਰ ਹੁੰਦਾ। ਇਸ ਕ੍ਰਿਤਾਰਥ ਵਿਚੋਂ ਹੀ ਉਹ ਜੀਵਨ-ਯਾਤਰਾ ਦੀਆਂ ਪ੍ਰਾਪਤੀਆਂ ਨੂੰ ਨਵੇਂ ਉਪਨਾਮ ਦਿੰਦਾ। ਬਜੁਰਗੀ ਅਵਸਥਾ ਵਿਚ ਖੁਦ ਨੂੰ ਬੜੇ ਸਹਿਜ, ਸੰਜਮ ਅਤੇ ਸੰਤੋਖ ਨਾਲ ਸਮੇਟਣਾ ਚਾਹੀਦਾ। ਬੀਤੇ ਪਲਾਂ ਨੂੰ ਮਨ-ਚਿਰਾਗ ਵਿਚ ਬਾਲ ਕੇ ਖੁਦ ਨੂੰ ਰੁਸ਼ਨਾਇਆ ਜਾਵੇ। ਬਚਪਨੀ ਸ਼ਰਾਰਤਾਂ ਨੂੰ ਚਿੱਤ ਵਿਚ ਕਿਆਸੋਗੇ ਤਾਂ ਜੀਵਨ ਦੇ ਦੁਖਦ ਪਲ, ਸੁਖਦ ਅਹਿਸਾਸਾਂ ‘ਚ ਢਲ ਜਾਣਗੇ।
ਬਜੁਰਗੀ ਪਲਾਂ ਦੌਰਾਨ ਕੁਝ ਅਜਿਹੇ ਆਹਰ ਬਣਾਓ, ਤੁਹਾਡੀ ਸੋਚ ਅਤੇ ਬਿਰਤੀ ਉਸਾਰੂ ਪਾਸੇ ਲੱਗੇ। ਇਕ ਰੁਝੇਵਾਂ ਹੋਵੇ, ਕੁਝ ਕਰਨ ਤੇ ਨਵਾਂ ਸਿਰਜਣ ਦਾ। ਨਵੀਂ ਪੀੜ੍ਹੀ ਨੂੰ ਕੁਝ ਦੇਣ, ਉਨ੍ਹਾਂ ਨਾਲ ਉਨ੍ਹਾਂ ਜਿਹੀਆਂ ਗੱਲਾਂ ਕਰਨ ਅਤੇ ਉਨ੍ਹਾਂ ਦੇ ਰੰਗ ਵਿਚ ਰੰਗੇ ਜਾਣ ਦਾ ਚਾਅ ਹੋਵੇ। ਬੱਚਿਆਂ ਵਿਚ ਬੱਚੇ ਬਣੋਗੇ ਤਾਂ ਨਵੀਂ ਪੀੜ੍ਹੀ ਅਪਨਾਵੇਗੀ। ਵਰਨਾ ਉਹ ਤੁਹਾਡੇ ਤੋਂ ਦੂਰ ਜਾਣ ਲਈ ਮੌਕੇ ਦੀ ਤਲਾਸ਼ ਵਿਚ ਰਹੇਗੀ।
ਜੀਵਨ ਦੇ ਡੁੱਬਦੇ ਸੂਰਜ ਨੂੰ ਸਲਾਮ ਕਰੋ, ਜਿੰਦ-ਸਾਹ ਨੂੰ ਰੌਸ਼ਨ ਮਾਰਗ ਬਣਾਉਣ ਲਈ, ਯਖ ਪਲਾਂ ਵਿਚ ਕੋਸੀ ਕੋਸੀ ਧੁੱਪ ਤ੍ਰੌਂਕਣੀ ਲਈ ਅਤੇ ਚਾਨਣ ਵਿਚ ਜੀਵਨ ਨੂੰ ਨਵੇਂ ਉਪਨਾਵਾਂ ਤੇ ਸਿਰਜਨਾਵਿਆਂ ਸੰਗ ਲਬਰੇਜ਼ ਕਰਨ ਲਈ।
ਡੁੱਬਦਾ ਸੂਰਜ ਹਮੇਸ਼ਾ ਹੀ ਅਨੂਠੀ ਤੋਰ ਤੇ ਆਵੇਸ਼ ਵਿਚ ਹੌਲੀ ਹੌਲੀ ਪੱਛਮ ਵਿਚ ਉਤਰਦਾ ਅਤੇ ਲਾਲ ਭਾਅ ਮਾਰਦਾ ਅਲੋਪ ਹੁੰਦਾ। ਕੁਝ ਅਜਿਹਾ ਹੀ ਹਰੇਕ ਬਜੁਰਗੀ ਦਾ ਹਾਸਲ ਹੋਵੇ ਤਾਂ ਬਜੁਰਗੀ ਦੇ ਪਲ ਵੀ ਬਾਦਸ਼ਾਹਤ ਦੀ ਬੁਲੰਦੀ ਹੁੰਦੇ।
ਡੁੱਬਦੇ ਸੂਰਜ ਨੂੰ ਨਿਹਾਰਨਾ, ਇਸ ਦੇ ਰੰਗਾਂ ਨੂੰ ਦੇਖਣਾ, ਕਿੰਨਾ ਸੁੰਦਰ ਜਾਪਦਾ। ਸੂਰਜ ਵਾਂਗ ਖੁਦ ਨੂੰ ਸੋਹਣਾ ਬਣਾਓ, ਸੁੰਦਰ ਵਿਚਾਰਾਂ, ਸੁੱਚੇ ਖਿਆਲਾਂ, ਸੁਚੱਜੀ ਜੀਵਨ-ਜਾਚ ਅਤੇ ਸੁਹੰਢਣੇ ਅਚਾਰ ਨਾਲ। ਅਜਿਹੀ ਸੁੰਦਰਤਾ ਹਰੇਕ ਨੂੰ ਤੁਹਾਡੇ ਵੰਨੀਂ ਆਕਰਸ਼ਿਤ ਕਰੇਗੀ ਅਤੇ ਚਹਿਕਦਾ ਚੌਗਿਰਦਾ ਤੁਹਾਡੀ ਹਾਮੀ ਭਰੇਗਾ। ਮਹਿਕਦੀ ਸ਼ਖਸੀਅਤ ਅਤੇ ਲਹਿਜ਼ੇ ਵਿਚ ਬਾਸਲੀਕਾ ਬੋਲ, ਜੀਵਨ-ਯਾਤਰਾ ਦੇ ਆਖਰੀ ਪੜਾਅ ਨੂੰ ਜਿਥੇ ਸੁਖਦ ਕਰਦੇ, ਉਥੇ ਹੀ ਜੀਵਨ-ਤੰਗਦਸਤੀਆਂ ਵਿਚ ਖੁੱਲ੍ਹੇਪਣ ਦਾ ਮੁਹਾਂਦਰਾ ਬਣਦੇ।
ਬਜੁਰਗੀ ਨੂੰ ਬਿਹਤਰੀਨ ਬਣਾਉਣ ਲਈ ਜਰੂਰੀ ਹੈ ਕਿ ਸਮਾਂ ਮਿਲਣ ‘ਤੇ ਹਾਣੀਆਂ ਨਾਲ ਬੀਤੇ ਪਲਾਂ ਨੂੰ ਸਾਂਝਾ ਕਰੋ। ਜਦ ‘ਕੱਠੇ ਚੋਰੀ ਦੇ ਬੇਰ ਤੋੜਦੇ ਸੀ, ਕਿਸੇ ਦੇ ਕਮਾਦ ‘ਚੋਂ ਗੰਨੇ ਭੰਨਦੇ ਸੀ ਜਾਂ ਕਿਸੇ ਦੀਆਂ ਛੱਲੀਆਂ ਤੋੜ, ਧੂਣੀ ਬਾਲ ਕੇ ਭੁੰਨਣ ਤੇ ਚੱਬਣ ਦਾ ਅਨੂਠਾ ਨਜ਼ਾਰਾ ਹੁੰਦਾ ਸੀ। ਮੰਡ ਵਿਚ ਚਾਰੇ ਪਸੂਆਂ, ਦਰਿਆਂ ਦੇ ਪਾਣੀ ਵਿਚ ਲਾਈਆਂ ਤਾਰੀਆਂ ਅਤੇ ਖਾਧੇ ਗੋਤਿਆਂ ਦੀ ਯਾਦ ਕੁਝ ਸਮੇਂ ਲਈ ਵਰਤਮਾਨ ਨੂੰ ਭੁਲਾ ਦੇਵੇਗੀ। ਫਿਰ ਜਿਉਣਾ ਹੀ ਯਾਦ ਰਹੇਗਾ ਅਤੇ ਪੀੜ ‘ਚ ਕਰਾਹੁਣਾ ਜਾਂ ਮੌਤ ਹੀ ਉਡੀਕੀ ਜਾਣਾ, ਕੁਝ ਸਮੇਂ ਲਈ ਮੁਲਤਵੀ ਹੋ ਜਾਵੇਗਾ। ਮੌਤ-ਉਡੀਕ ਨੂੰ ਮੁਲਤਵੀ ਕਰਨਾ, ਜੀਵਨ ਦੇ ਹਰੇਕ ਪਲ ਨੂੰ ਹੀ ਰੱਜ ਕੇ ਜਿਉਣਾ, ਕੁਦਰਤੀ ਸੁੰਦਰਤਾ ਨੂੰ ਨਿੱਠ ਕੇ ਵਾਚਣਾ ਅਤੇ ਅੰਤਰੀਵੀ ਸੁੰਦਰਤਾ ਦੀ ਅਮੀਰੀ ਵਿਚ ਵਾਧਾ ਜੇ ਜੀਵਨ ਦਾ ਮੰਤਵ ਹੋ ਜਾਵੇ ਤਾਂ ਜੀਵਨ-ਭਰਪੂਰਤਾ ਜੀਵਨ ਦੇ ਖਾਲੀਪਣ ਨੂੰ ਵੀ ਭਰਨ ਵਿਚ ਅਹਿਮ ਹੋਵੇਗੀ।
ਬਜੁਰਗੀ ਵਿਚ ਰਹਿ ਗਈਆਂ ਖਾਲੀ ਥਾਂਵਾਂ ਬਾਰੇ ਕਦੇ ਉਦਾਸ ਜਾਂ ਮਾਯੂਸ ਨਾ ਹੋਵੋ ਸਗੋਂ ਮਿਲੇ ਮੌਕਿਆਂ, ਮਾਣੇ ਸਾਥ, ਨਿਭਾਈਆਂ ਜਿਗਰੀ ਯਾਰੀਆਂ ਅਤੇ ਮਾਣ-ਮੱਤੀਆਂ ਰਿਸ਼ਤੇਦਾਰੀਆਂ, ਜ਼ਿਕਰਯੋਗ ਜੀਵਨ-ਯਾਦਾਂ ਜਾਂ ਜੀਵਨ ਤੋਰ ਨੂੰ ਸੁਚਾਰੂ ਪਾਸੇ ਮੋੜਨ ਵਾਲੇ ਪਲਾਂ ਨੂੰ ਜਰੂਰ ਯਾਦ ਕਰਨਾ, ਉਸਾਰੂ ਨਜ਼ਰੀਆ ਬਜੁਰਗੀ ਦਾ ਸਭ ਤੋਂ ਖੂਬਸੂਰਤ ਸਾਥ ਹੋਵੇਗਾ। ਇਹ ਯਾਦਾਂ ਹੀ ਹੁੰਦੀਆਂ, ਜੋ ਜੀਵਨ ਦੇ ਆਖਰੀ ਪੜਾਅ ਵਿਚ ਜੀਣ ਦਾ ਮੂਲ ਆਧਾਰ ਹੁੰਦੀਆਂ। ਕੌੜੀਆਂ-ਕੁਸੈਲੀਆਂ ਯਾਦਾਂ ਨੂੰ ਭੁਲਾ ਕੇ ਪਿਆਰੀਆਂ ਯਾਦਾਂ ਵਿਚ ਸਰਸ਼ਾਰ ਹੋਣਾ, ਤੁਹਾਨੂੰ ਜੀਵਨ-ਸੁਗੰਧੀ ਦਾ ਸਰਗਮ ਸਾਥ ਮਿਲੇਗਾ।
ਕੁਝ ਉਨ੍ਹਾਂ ਪਲਾਂ ਨੂੰ ਜਰੂਰ ਯਾਦ ਕਰਨਾ, ਜਦ ਔਕੜਾਂ ਤੋਂ ਉਕਤਾ ਕੇ ਨਿਰਾਸ਼ ਹੋਏ ਸੀ; ਪਰ ਉਸ ਪਲ-ਭੰਗਰੀ ਨਿਰਾਸ਼ਾ ਨੇ ਆਸ ਦਾ ਇਕ ਅਜਿਹਾ ਦੀਵਾ ਡੰਗਿਆ ਕਿ ਜੀਵਨ ਹਨੇਰੇ ਵਿਚ ਚਾਨਣ ਹੀ ਚਾਨਣ ਭਰ ਗਿਆ ਅਤੇ ਜੀਵਨ ਨੂੰ ਸੰਦਲੀ ਰੁੱਤ ਵਰ ਗਿਆ।
ਮਨ-ਜੂਹ ਵਿਚ ਸੂਰਜ-ਸੁਨੇਹਾ ਕੂਕਦਾ ਕਿ
ਡੁੱਬਦਾ ਸੂਰਜ ਸੁਖਨ-ਸੁਨੇਹਾ, ਚੇਤਰ ਮਨ ‘ਚ ਧਰਦਾ
ਸੁਰਖ ਰੰਗਾਂ ਦੀ ਆਬਸ਼ਾਰ, ਅੰਬਰ ਨਾਂਵੇਂ ਕਰਦਾ
ਦਿਨ ਦਾ ਪੰਧ ਪੂਰਾ ਕਰਕੇ, ਖੁਦ ‘ਤੇ ਨਾਜ਼ ਕਰੇਂਦਾ
ਚਾਨਣ ਤੇ ਨਿੱਘ ਦਾ ਕਿਰਨ-ਕਸੋਰਾ, ਹਰ ਜੂਹੇ ਵਰਤੇਂਦਾ
ਸੂਰਜ ਸੋਚੇ ਆਸ-ਆਭਾ ਦੀ, ਜੀਵਨੀ ਰੰਗਤ ਹੋਵੇ
ਤਾਂ ਜ਼ਿੰਦਗੀ ਦਾ ਬਾਗ-ਬਗੀਚਾ, ਰੰਗ ਮਹਿਕਾਂ ਸੰਗ ਸੋਹਵੇ
ਪ੍ਰਛਾਵੇਂ ਜਦ ਹੋਣ ਲੰਮੇਰੇ ਤਾਂ ਜੀਵਨ ਛੋਟਾ ਹੋਵੇ
ਪਰ ਸੂਰਜ ਦੇ ਕਿਰਤ-ਕਰਮ ਦੀ ਹਰ ਦਰ ਸ਼ੋਭਾ ਹੋਵੇ
ਉਤਰੇ ਸ਼ਾਮ ਤਾਂ ਚਾਨਣ ਸਹਿਕੇ, ਪੱਛਮ ਘੁਸਮੁਸਾ ਢੋਵੇ
ਸਾਹਾਂ ਦੀ ਖੜਤਾਲ ਵਿਚਾਰੀ, ਆਖਰੀ ਬੋਲ ਅਲੋਵੇ
ਸੂਰਜ ਬੰਦਗੀ ਤੇ ਸੂਰਜ ਪੂਜਾ, ਸੂਰਜ ਸ਼ਾਮ ਸਵੇਰਾ
ਸੂਰਜ ਵਰਗਾ ਜੀਵਨ ਹੁੰਦਾ, ਯੁਗਾਂ ਤੋਂ ਬਹੁਤ ਲੰਮੇਰਾ
ਵੇ ਬੀਬਾ! ਇਸ ਸੂਰਜ-ਪੰਧ ਨੂੰ ਪਾਕ-ਪਹਿਲ ਤਾਂ ਵਰੀਏ
ਲੋਕ ਮਨਾਂ ਵਿਚ ਸਦਾ ਜੀਵੀਏ, ਆ ਕੁਝ ਐਸਾ ਕਰੀਏ।
ਡੁੱਬਦਾ ਸੂਰਜ ਤਾਂ ਆਖਰੀ ਵੇਲੇ ਵੀ ਲਾਲ-ਸੂਹਾ ਹੋ ਕੇ ਆਖਰੀ ਅਲਵਿਦਾ ਕਹਿੰਦਾ। ਤੁਸੀਂ ਵੀ ਖੁਸ਼-ਮਿਜਾਜ਼ ਅਦਾ ਨਾਲ ਜੀਵਨ ਨੂੰ ਅਲਵਿਦਾ ਕਹੋਗੇ ਤਾਂ ਲੋਕ ਚੇਤਿਆਂ ਵਿਚ ਤੁਹਾਡਾ ਆਖਰੀ ਰੂਪ ਹੀ ਯਾਦ ਰਹੇਗਾ। ਚੇਤੇ ਰੱਖਣਾ! ਲੋਕ ਸਿਰਫ ਤੁਹਾਡੇ ਆਖਰੀ ਵੇਲੇ ਨੂੰ ਆਖਰੀ ਵਕਤ ਯਾਦ ਕਰਦੇ ਨੇ। ਬੀਤੇ ਸਮੇਂ ਤਾਂ ਜਲਦੀ ਹੀ ਲੋਕ-ਮਨਾਂ ਵਿਚੋਂ ਮਨਫੀ ਹੋ ਜਾਂਦੇ।
ਡੁੱਬਦੇ ਸੂਰਜ ਦੇ ਚਾਨਣ ਨੂੰ ਸ਼ਾਮ ਵੇਲੇ ਕੁਝ ਬਦਲੋਟੀਆਂ ਵੀ ਘੱਟ ਕਰਨ ਲਈ ਤਾਣ ਲਾਉਂਦੀਆਂ, ਪਰ ਸੂਰਜ ਹਾਰ ਨਹੀਂ ਮੰਨਦਾ। ਇਸ ਤਰ੍ਹਾਂ ਹੀ ਜੀਵਨ ਦੇ ਆਖਰੀ ਵਕਤ ਸਰੀਰਕ, ਮਾਨਸਿਕ, ਆਰਥਕ, ਸਮਾਜਕ ਤੇ ਘਰੋਗੀ ਚਿੰਤਾਵਾਂ, ਕਠਿਨਾਈਆਂ ਤੇ ਫਿਕਰਾਂ ਨੇ ਵੀ ਚਾਰੇ ਪਾਸਿਉਂ ਘੇਰਨਾ; ਪਰ ਇਸ ਘੇਰਾਬੰਦੀ ਦੌਰਾਨ ਸਿਰਫ ਤੁਹਾਡੀ ਨਿਜੀ ਤਕੜਾਈ, ਮਜਬੂਤ ਇੱਛਾ-ਸ਼ਕਤੀ, ਸਿਰੜ, ਧੁਨ-ਪਕੇਰਤਾ ਅਤੇ ਕਦੇ ਵੀ ਹਾਰ ਨਾ ਮੰਨਣ ਦੀ ਦਲੇਰੀ ਤੇ ਜ਼ਿੰਦਾਦਿਲੀ ਨੇ ਹੀ ਇਸ ਦੁਖਦਾਈ ਮੰਝਧਾਰ ਵਿਚੋਂ ਪਾਰ ਕਰਨਾ। ਇਹ ਮੁਸ਼ਕਿਲਾਂ ਵੀ ਤੁਹਾਡੀਆਂ ਹਰਦਿਲ-ਅਜ਼ੀਜ਼ ਬਣ ਜਾਣਗੀਆਂ।
ਸੂਰਜ ਚੜ੍ਹਦਾ ਵੀ ਲਾਲ ਅਤੇ ਲਹਿੰਦਾ ਵੀ ਲਾਲ। ਇਸ ਦਾ ਸੁਹੱਪਣ ਹੀ ਇਸ ਦੀ ਨੂਰੀ ਪਛਾਣ। ਲੋਕ ਚੜ੍ਹਦੇ ਤੇ ਡੁੱਬਦੇ ਸੂਰਜ ਦੀ ਆਭਾ ਨੂੰ ਨਿਹਾਰਦੇ। ਸੂਰਜ ਤੋਂ ਜਰੂਰ ਕੁਝ ਸਿਖਣਾ। ਕਦੇ ਵੀ ਆਪਣੇ ਰੰਗ ਨੂੰ ਫਿੱਕਾ ਨਾ ਪੈਣ ਦੇਣਾ। ਦੋਹੀਂ ਹੱਥੀਂ ਖੈਰਾਂ ਵੰਡਦੇ ਅਤੇ ਖਿੜੇ ਚਿਹਰੇ ਨਾਲ ਸੰਸਾਰ ਤੋਂ ਰੁਖਸਤ ਹੋਣਾ, ਤੁਹਾਡੀ ਰੁਖਸਤਗੀ ਹੋਰਨਾਂ ਲਈ ਸੁਰਖ-ਰੰਗਾ ਸੰਦੇਸ਼ ਹੋਵੇਗੀ। ਇਸ ਰਾਹੀਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਸਿੱਖਣ ਅਤੇ ਖੁਦ ਨੂੰ ਕਿਸੇ ਅਕੀਦੇ ਪ੍ਰਤੀ ਅਰਪਿਤ ਹੋਣ ਦਾ ਸੂਖਮ ਅਤੇ ਅਰਥ-ਭਰਪੂਰ ਸੁਨੇਹਾ ਮਿਲੇਗਾ। ਉਨ੍ਹਾਂ ਦੀ ਚੇਤਨਾ ਵਿਚ ਸਰਬ-ਵਿਆਪਕ ਸ਼ੁਭ-ਚਿੰਤਨ ਧਰਿਆ ਜਾਵੇਗਾ।
ਜੀਵਨ-ਸਫਰ ਜਦ ਸੂਰਜੀ ਸਫਰ ਬਣ ਗਿਆ ਤਾਂ ਸਫਰ ਦੀ ਸੁੰਦਰ, ਸਦ-ਉਪਯੋਗੀ ਸੰਪੂਰਨਤਾ, ਮਨੁੱਖ ਦਾ ਹਾਸਲ ਹੋਵੇਗੀ। ਸੂਰਜ ਤਾਂ ਤੁਹਾਨੂੰ ਉਡੀਕਦਾ ਹੈ, ਪਹਿਲ ਤਾਂ ਖੁਦ ਹੀ ਕਰਨੀ ਹੈ।