ਡਿਫਾਲਟਰ ਹੋਏ ਕਿਸਾਨਾਂ ਨੂੰ ਘੇਰਨ ਲੱਗੇ ਸਹਿਕਾਰੀ ਬੈਂਕ

ਚੰਡੀਗੜ੍ਹ: ਸਹਿਕਾਰੀ ਬੈਂਕ ਨੇ ਕਿਸਾਨਾਂ ਉਤੇ ਉਗਰਾਹੀ ਲਈ ਦਬਾਅ ਬਣਾਉਣ ਲਈ 4298 ਕਿਸਾਨਾਂ ਦੇ ਵਾਰੰਟ ਕਢਵਾਏ ਹਨ ਤੇ 48 ਵਿਰੁੱਧ ਕਾਰਵਾਈ ਕਰਵਾਈ ਹੈ। ਬੈਂਕ ਦਾ 58 ਫੀਸਦੀ ਕਰਜ਼ਾ ਵਾਪਸ ਨਹੀਂ ਹੋਇਆ ਹੈ, ਹੁਣ ਡਿਫਾਲਟਰਾਂ ਨੂੰ ਨੋਟਿਸ ਕੱਢ ਕੇ ਵਾਰੰਟ ਜਾਰੀ ਕਰਨ ਦਾ ਤਰੀਕਾ ਅਪਣਾਇਆ ਜਾਣ ਲੱਗਾ ਹੈ।

ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀ ਕਰ ਰਹੇ ਕਿਸਾਨ ਅਤੇ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਕਈ ਥਾਂਵਾਂ ਉਤੇ ਬੈਂਕ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਟਕਰਾਅ ਦੀ ਹਾਲਤ ਵੀ ਪੈਦਾ ਹੋ ਜਾਂਦੀ ਹੈ। ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਕਰਜ਼ਾ ਮੁਆਫੀ ਦੀ ਉਡੀਕ ਕਰਦਿਆਂ ਬਹੁਤ ਸਾਰੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੂੰ ਵੱਧ ਵਿਆਜ ਦੇਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਖੇਤ ਮਜ਼ਦੂਰਾਂ ਦੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਸਹਿਕਾਰੀ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤੇ ਸੀ ਪਰ ਉਸ ਉਤੇ ਵੀ ਅਮਲ ਨਹੀਂ ਹੋ ਸਕਿਆ।
ਸਰਕਾਰੀ ਐਲਾਨ ਨਾਲ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੀਆਂ ਚੂਲਾਂ ਹਿੱਲ ਗਈਆਂ ਹਨ ਕਿਉਂਕਿ ਕਿਸਾਨਾਂ ਨੂੰ ਆੜ੍ਹਤੀਆਂ ਦੇ ਕਰਜ਼ੇ ਸਮੇਤ ਸਾਰਾ ਕਰਜ਼ਾ ਮੁਆਫੀ ਦੀ ਆਸ ਸੀ ਜਿਸ ਕਰਕੇ ਉਨ੍ਹਾਂ ਕਰਜ਼ਿਆਂ ਦੀਆਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ। ਇਸ ਵੇਲੇ ਸਹਿਕਾਰੀ ਬੈਂਕ ਦਾ 58 ਫੀਸਦੀ ਪੈਸਾ ਖਾਤੇ ਪਿਆ ਹੈ। ਇਸ ਦੀਆਂ 89 ਬਰਾਂਚਾਂ ਵਿਚੋਂ ਸਿਰਫ 24 ਬਰਾਂਚਾਂ ਹੀ ਮਾਮੂਲੀ ਮੁਨਾਫੇ ਵਿਚ ਹਨ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਹਿਰਾ (ਡਾਲੇਕੇ) ਦੀ 55 ਕੁ ਸਾਲਾ ਵਿਧਵਾ ਕਸ਼ਮੀਰ ਕੌਰ ਦੇ ਘਰ ਕੁਝ ਦਿਨ ਪਹਿਲਾਂ ਕਰਜ਼ੇ ਦੀ ਅਦਾਇਗੀ ਨਾ ਕਰਨ ਉਤੇ ਆਏ ਨੋਟਿਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਪਰਿਵਾਰ ਅਜੇ ਉਹ ਦਿਨ ਨਹੀਂ ਸੀ ਭੁਲਾ ਸਕਿਆ ਜਦੋਂ ਕਰੀਬ ਦੋ ਸਾਲ ਪਹਿਲਾਂ ਕਸ਼ਮੀਰ ਕੌਰ ਦੇ ਪਤੀ ਸਰਮੈਲ ਸਿੰਘ ਦੇ ਨਾਂ ਕਰਜ਼ੇ ਦਾ ਨੋਟਿਸ ਆਇਆ ਸੀ ਜਿਸ ਦਾ ਉਸ ਦੇ ਦਿਲ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਦੁਨੀਆਂ ਤੋਂ ਹੀ ਰੁਖਸਤ ਹੋ ਗਿਆ। ਕੁਝ ਦਿਨ ਪਹਿਲਾਂ ਵਿਧਵਾ ਕਸ਼ਮੀਰ ਕੌਰ ਆਪਣੀ ਵੱਡੀ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਸੀ ਤਾਂ ਪਰਿਵਾਰ ਨੂੰ ਕਰਜ਼ੇ ਦੀ ਅਦਾਇਗੀ ਨਾ ਕਰਨ ਉਤੇ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਵਾਲਾ ਨੋਟਿਸ ਫਿਰ ਮਿਲ ਗਿਆ।
ਸਰਮੈਲ ਸਿੰਘ ਦੀ ਮੌਤ ਉਪਰੰਤ ਪੌਣੇ ਤਿੰਨ ਏਕੜ ਜ਼ਮੀਨ ਨਾਲ ਦੋ ਲੜਕੀਆਂ ਵਾਲੇ ਪਰਿਵਾਰ ਦੀ ਪਾਲਣਾ ਕਰ ਰਹੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਹ ਵੱਡੀ ਦੇ ਲੜਕੀ ਦੇ ਵਿਆਹ ਦੀਆਂ ਤਿਆਰੀਆਂ ਤਾਂ ਕਰ ਰਹੀ ਹੈ ਪਰ ਕਰਜ਼ਾ ਉਸ ਦੇ ਪਤੀ ਦੀ ਜਾਨ ਲੈ ਕੇ ਵੀ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਿਹਾ। ਸਰਮੈਲ ਸਿੰਘ ਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਨੇ ਇਕੱਠਿਆਂ ਹੀ ਇਕ ਮਈ, 2009 ਨੂੰ ਇਕ-ਇਕ ਲੱਖ ਰੁਪਏ ਦਾ ਕਰਜ਼ਾ ਤਰਨ ਤਾਰਨ ਦੇ ਸੈਂਟਰਲ ਸਹਿਕਾਰੀ ਬੈਂਕ ਕੋਲੋਂ ਲਿਆ ਸੀ। ਕਸ਼ਮੀਰ ਕੌਰ ਨੇ ਬੈਂਕ ਵੱਲੋਂ ਜਾਰੀ ਕੀਤੀ ਕਾਪੀ ਦੇ ਹਵਾਲੇ ਨਾਲ ਦੱਸਿਆ ਕਿ ਬੈਂਕ ਨੇ ਇਕ ਲੱਖ ਰੁਪਏ ਦੀ ਥਾਂ ਉਤੇ 90,000 ਰੁਪਏ ਹੀ ਦਿੱਤੇ ਸਨ। ਉਸ ਦੇ ਪਤੀ ਨੇ ਕਈ ਕਿਸ਼ਤਾਂ ਅਦਾ ਕੀਤੀਆਂ ਸਨ ਪਰ ਫਿਰ ਵੀ ਬੈਂਕ ਨੇ ਉਸ ਦੇ ਪਤੀ ਦੇ ਨਾਂ ਜਾਰੀ ਕੀਤੇ ਇਕ ਰਜਿਸਟਰਡ ਪੱਤਰ ਰਾਹੀਂ ਇਸ ਸਾਲ ਮਾਰਚ ਮਹੀਨੇ ਤੱਕ 2,28,097 ਰੁਪਏ ਦੀ ਵਿਆਜ ਸਣੇ ਅਦਾਇਗੀ ਕੀਤੇ ਜਾਣ ਦਾ ਨੋਟਿਸ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਪੌਣੇ ਤਿੰਨ ਏਕੜ ਦੀ ਖੇਤੀ ਨਾਲ ਤਾਂ ਪਰਿਵਾਰ ਦੀ ਰੋਟੀ ਆਦਿ ਦਾ ਖਰਚ ਵੀ ਨਹੀਂ ਚਲਾਇਆ ਜਾ ਰਿਹਾ ਤਾਂ ਅਜਿਹੇ ਹਾਲਾਤ ‘ਚ ਉਹ ਕਰਜ਼ੇ ਦੀ ਅਦਾਇਗੀ ਕਿਵੇਂ ਕਰੇਗੀ।
___________________________________________
ਕਰਜ਼ਾ ਮੁਆਫੀ ਦੀ ਝਾਕ ‘ਚ ਡਿਫਾਲਟਰ ਹੋਏ ਕਿਸਾਨ
ਬਠਿੰਡਾ: ਸਰਕਾਰ ਵੱਲੋਂ ਫਸਲੀ ਕਰਜ਼ੇ ਮੁਆਫ ਕਰਨ ਦੇ ਵਾਅਦੇ ਕਾਰਨ ਮੁਆਫੀ ਨੂੰ ਉਡੀਕਦੇ ਕਿਸਾਨ ਡਿਫਾਲਟਰ ਹੋ ਗਏ ਹਨ। ਕੇਂਦਰੀ ਸਹਿਕਾਰੀ ਬੈਂਕਾਂ ਨੇ ਡਿਫਾਲਟਰ ਕਿਸਾਨਾਂ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਵਿਚ ਕਰੀਬ 1500 ਕਰਜ਼ਈ ਕਿਸਾਨਾਂ ਦੀ ਜ਼ਮੀਨ ਕੁਰਕੀ ਲਈ ਸਾਲਸੀ ਕੇਸਾਂ ਦੀ ਤਿਆਰੀ ਵਿੱਢ ਦਿੱਤੀ ਹੈ। ਬੈਂਕਾਂ ਦਾ ਕਰਜ਼ਾ ਡੁੱਬਣ ਦਾ ਡਰ ਹੈ।
ਬਠਿੰਡਾ ਜ਼ਿਲ੍ਹੇ ਵਿਚ ਕਰੀਬ ਪੰਜ ਹਜ਼ਾਰ ਕਿਸਾਨਾਂ ਵੱਲ ਜ਼ਿਆਦਾ ਪੈਸਾ ਫਸਿਆ ਹੋਇਆ ਹੈ ਤੇ ਫਰੀਦਕੋਟ ਜ਼ਿਲ੍ਹੇ ਵਿਚ ਗਿਣਤੀ 2600 ਹੈ। ਬਠਿੰਡਾ ਜ਼ਿਲ੍ਹੇ ਦੇ ਕੇਂਦਰੀ ਸਹਿਕਾਰੀ ਬੈਂਕ ਨੇ ਅਜਿਹੇ 1047 ਵੱਡੇ ਕਿਸਾਨ ਸ਼ਨਾਖਤ ਕੀਤੇ ਹਨ ਜੋ ਡਿਫਾਲਟਰ ਹੋ ਗਏ ਹਨ। ਇਨ੍ਹਾਂ ‘ਚੋਂ ਖੇਤੀ ਲਿਮਟਾਂ ਵਾਲੇ 675 ਕਿਸਾਨ ਡਿਫਾਲਟਰ ਹਨ ਜਿਨ੍ਹਾਂ ਸਿਰ 22æ97 ਕਰੋੜ ਦਾ ਕਰਜ਼ਾ ਖੜ੍ਹਾ ਹੈ। ਕਿਸਾਨਾਂ ਨੇ ਕਰਜ਼ ਮੁਆਫੀ ਝਾਕ ਵਿਚ ਕਿਸ਼ਤਾਂ ਨਹੀਂ ਭਰੀਆਂ ਤੇ ਹੁਣ ਬੈਂਕ ਦੇ ਨੋਟਿਸ ਆ ਗਏ ਹਨ। ਬੈਂਕਾਂ ਤਰਫੋਂ ਹਰ ਜ਼ਿਲ੍ਹੇ ‘ਚ ਉੱਪਰਲੇ-50 ਡਿਫਾਲਟਰਾਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਹਨ। ਬਠਿੰਡਾ ਜ਼ਿਲ੍ਹੇ ਵਿਚ 17 ਸਹਿਕਾਰੀ ਬੈਂਕ ਬਰਾਂਚਾਂ ਦਾ ਐਨæਪੀæਏ ਬਹੁਤ ਜ਼ਿਆਦਾ ਹੈ।
________________________________________________
ਵਾਰੰਟਾਂ ਖਿਲਾਫ ਨਿੱਤਰੀਆਂ ਕਿਸਾਨ ਜਥੇਬੰਦੀਆਂ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਦਾਅਵਿਆਂ ਦੇ ਚੱਲਦਿਆਂ ਕਰਜ਼ਾ ਵਸੂਲੀ ਲਈ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਕੱਢਣ ਅਤੇ ਸਖਤੀ ਕਰਨ ਖਿਲਾਫ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿਚ ਨਿੱਤਰ ਆਈਆਂ ਹਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਰੱਜ ਕੇ ਝੂਠ ਬੋਲਦਿਆਂ ਪੰਜਾਬ ਵਿਚ ਆਪਣੀ ਸਰਕਾਰ ਬਣਾ ਲਈ। ਉਨ੍ਹਾਂ ਨੇ ਕਿਸਾਨਾਂ ਨੂੰ ਚੋਣਾਂ ਸਮੇਂ ‘ਕਰਜ਼ਾ ਕੁਰਕੀ ਖਤਮ-ਫਸਲ ਦੀ ਪੂਰੀ ਰਕਮ’ ਦਾ ਨਾਅਰਾ ਦਿੰਦਿਆਂ ਕਈ ਸਬਜ਼ਬਾਗ ਦਿਖਾਏ ਸਨ। ਕਾਂਗਰਸ ਨੇ ਵੱਡੇ-ਵੱਡੇ ਸ਼ੋਸ਼ਿਆਂ ਨਾਲ ਸਰਕਾਰ ਤਾਂ ਬਣਾ ਲਈ, ਪਰ ਕਿਸਾਨਾਂ ਨੂੰ ਹਾਸਲ ਕੁਝ ਨਹੀਂ ਹੋਇਆ। 4700 ਕਰੋੜ ਦਾ ਕੁੱਲ ਕਰਜ਼ਾ ਮੁਆਫ ਹੋਇਆ ਪਰ ਕਰਜ਼ਾ ਮੁਆਫੀ ਦੀ ਆਸ ਵਿਚ ਡਿਫਾਲਟਰ ਹੋਏ ਕਿਸਾਨਾਂ ਨੂੰ ਇਸ ਤੋਂ ਵੱਧ ਵਿਆਜ ਪੈ ਗਿਆ। ਹਾਲਤ ਇਹ ਹੈ ਕਿ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਹਨ ਅਤੇ ਕੁਰਕੀ ਵੀ।