ਚੜ੍ਹਾਵਾ ਰਾਸ਼ੀ ਨਾਲ ਬਾਬੇ ਨਾਨਕ ਦੇ ਨਾਂ ‘ਤੇ ਖੁੱਲ੍ਹਣਗੇ ਸਕੂਲ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਸੰਗਤ ਦੇ ਚੜ੍ਹਾਵੇ ਤੋਂ ਇਕੱਠੀ ਹੋਈ ਲਗਭਗ ਦਸ ਕਰੋੜ ਰੁਪਏ ਦੀ ਰਕਮ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਗੁਰੂ ਸਾਹਿਬ ਦੇ ਨਾਂ ‘ਤੇ ਸਕੂਲ ਖੋਲ੍ਹਣ ਦੀ ਯੋਜਨਾ ਹੈ।

ਇਹ ਨਗਰ ਕੀਰਤਨ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਭਾਰਤ ਦੇ 17 ਰਾਜਾਂ ਵਿਚੋਂ ਲੰਘਦਾ ਹੋਇਆ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ ਸੀ ਜਿਸ ਦੌਰਾਨ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਭੇਟਾ ਕੀਤੇ ਚੜ੍ਹਾਵੇ ਤੋਂ ਲਗਭਗ 10 ਕਰੋੜ 13 ਲੱਖ 68 ਹਜ਼ਾਰ ਰੁਪਏ ਇਕੱਠੇ ਹੋਏ ਹਨ। ਜਦੋਂਕਿ ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਦਾ ਕੁੱਲ ਖਰਚ ਇਕ ਕਰੋੜ 73 ਲੱਖ 4 ਹਜ਼ਾਰ ਰੁਪਏ ਹੋਇਆ ਹੈ। ਇਸ ਸਬੰਧੀ ਨਗਰ ਕੀਰਤਨ ਸਬ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਕੀਤੀ।
ਮੀਟਿੰਗ ਵਿਚ ਨਗਰ ਕੀਰਤਨ ਦੌਰਾਨ ਇਕੱਠੇ ਹੋਏ ਚੜ੍ਹਾਵੇ ਅਤੇ ਖਰਚ ਦੇ ਵੇਰਵਿਆਂ ‘ਤੇ ਚਰਚਾ ਕੀਤੀ ਗਈ। ਮੀਟਿੰਗ ਦੇ ਸਮੂਹ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਿਫਾਰਸ਼ ਕੀਤੀ ਕਿ ਸੰਗਤ ਵੱਲੋਂ ਭੇਟ ਕੀਤੀ ਇਸ ਰਕਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰ ਵਜੋਂ ਗੁਰੂ ਸਾਹਿਬ ਦੇ ਨਾਂ ਉਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੰਗਤ ਦੇ ਸਹਿਯੋਗ ਨਾਲ ਵਧੀਆ ਸਕੂਲ ਖੋਲ੍ਹੇ ਜਾਣ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਸਹਿਮਤੀ ਕਾਰਨ ਹੀ ਸੰਭਵ ਹੋਇਆ ਹੈ।
ਨਗਰ ਕੀਰਤਨ ਦੇ ਕੋਆਰਡੀਨੇਟਰ ਮਨਜੀਤ ਸਿੰਘ ਬਾਠ ਸਕੱਤਰ ਨੇ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਸੰਗਤ ਦੇ ਚੜ੍ਹਾਵੇ ਤੋਂ ਲਗਭਗ 10 ਕਰੋੜ 13 ਲੱਖ 68 ਹਜ਼ਾਰ 601 ਰੁਪਏ ਦੀ ਰਕਮ ਇਕੱਠੀ ਹੋਈ ਹੈ। ਜਦੋਂਕਿ ਕੁੱਲ ਖਰਚਾ ਇਕ ਕਰੋੜ 73 ਲੱਖ ਚਾਰ ਹਜ਼ਾਰ 444 ਰੁਪਏ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੰਗਤ ਵੱਲੋਂ ਸਤਿਕਾਰ ਵਜੋਂ ਸੋਨਾ, ਚਾਂਦੀ ਅਤੇ ਵਿਦੇਸ਼ੀ ਕਰੰਸੀ ਆਦਿ ਦਾ ਚੜ੍ਹਾਵਾ ਵੀ ਭੇਟ ਕੀਤਾ ਗਿਆ।
____________________________________________
ਸਰਕਾਰੀ ਤੀਰਥ ਯਾਤਰਾ ਯੋਜਨਾ ‘ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ
ਭੁਪਾਲ: ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਹਾਲ ਹੀ ‘ਚ ਸ਼ੁਰੂ ਕੀਤੀ ਆਪਣੀ ਤੀਰਥ ਯਾਤਰਾ ਯੋਜਨਾ ਵਿਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਇਸ ਯੋਜਨਾ ਤਹਿਤ ਸੂਬੇ ਦੇ ਲੋਕਾਂ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਰਾਜ ਸਰਕਾਰ ਵੱਲੋਂ ਸਪਾਂਸਰ ਕੀਤੀ ਜਾਂਦੀ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਸਕੀਮ ‘ਚ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।