ਕਰੇ ਬੁਲੰਦ ਪੁਕਾਰ ਮੁਨਾਦੀ

ਬਲਜੀਤ ਬਾਸੀ
ਪੁਰਾਣੇ ਜ਼ਮਾਨੇ ਤੋਂ ਹੀ ਆਮ ਜਨਤਾ ਤੱਕ ਸਰਕਾਰ, ਸਥਾਨਕ ਅਧਿਕਾਰੀਆਂ ਜਾਂ ਸੰਸਥਾਵਾਂ ਵਲੋਂ ਕੋਈ ਖਾਸ ਫੁਰਮਾਨ ਜਾਂ ਇਤਲਾਹ ਪਹੁੰਚਾਉਣ ਲਈ ਮੁਨਾਦੀ ਕਰਵਾਈ ਜਾਂਦੀ ਰਹੀ ਹੈ। ਮੁਨਾਦੀ ਕਰਨ ਵਾਲਾ ਪਹਿਲਾਂ ਢੋਲ, ਘੜਿਆਲ ਜਾਂ ਹੋਰ ਨਹੀਂ ਤਾਂ ਪੀਪਾ ਹੀ ਕੁੱਟ ਕੁੱਟ ਕੇ ਗਲੀ-ਮੁਹੱਲੇ ਦੇ ਲੋਕਾਂ ਦੇ ਕੰਨ ਖੜੇ ਕਰਦਾ ਹੈ, ਜਿਸ ਦਾ ਮਨਸ਼ਾ ਹੁੰਦਾ ਹੈ ਕਿ ਕੋਈ ਖਾਸ ਸੂਚਨਾ ਦਿੱਤੀ ਜਾਣ ਵਾਲੀ ਹੈ। ਅਕਸਰ ਹੀ ਗਲੀ-ਮੁਹੱਲੇ ਦੇ ਕੁਝੇ ਬੱਚੇ ਤੇ ਕਈ ਵਾਰੀ ਕੁਝ ਹੋਰ ਲੋਕ ਵੀ ਢੰਡੋਰਚੀ ਵੱਲ ਕੰਨ ਕਰਕੇ ਖੜੇ ਹੋ ਜਾਂਦੇ ਹਨ। ਦੁਨੀਆਂ ਭਰ ਦੇ ਬੰਦਿਆਂ ਦੀ ਫਿਤਰਤ ਹੈ ਕਿ ਉਹ ਕੋਈ ਨਵੀਂ ਤਾਜ਼ੀ ਸੁਣਨ ਲਈ ਕਾਹਲੇ ਪਏ ਰਹਿੰਦੇ ਹਨ। ਮੁਨਾਦੀ ਵਾਲਾ ਪਹਿਲਾਂ ਕੁਝ ਅਜਿਹੇ ਸ਼ਬਦ ਬੋਲਦਾ ਹੈ, ‘ਸੁਣੋ ਸੁਣੋ ਸੁਣੋ’ ਤੇ ਫਿਰ ਅਸਲੀ ਐਲਾਨ ਸ਼ੁਰੂ ਕਰਦਾ ਹੈ।

ਮੈਨੂੰ ਯਾਦ ਹੈ, ਸਾਡੇ ਪਿੰਡ ਦਾ ਮਰਾਸੀ ਗਲੀ ਦੇ ਮੋੜ ‘ਤੇ ਖੜਾ ਹੋ ਕੇ ਪਹਿਲਾਂ ਢੋਲ ਵਜਾਉਂਦਾ ਸੀ ਤੇ ਫਿਰ ਆਪਣੀ ਗਰਮਾ ਗਰਮ ਖਬਰ ਸੁਣਾਉਂਦਾ ਸੀ। ਕਈ ਵਾਰੀ ਇਕ ਤੋਂ ਵੱਧ ਜਾਣਕਾਰੀਆਂ/ਐਲਾਨ ਹੁੰਦੇ ਸਨ ਤਾਂ ਉਹ ਸਭ ਨੂੰ ਨੰਬਰਵਾਰ ਉਚਾਰਦਾ ਸੀ, “ਪਹਿਲੀ ਮਣਿਆਦੀ ਏਹੇ ਆ ਕਿ ਡੀਪੂ ਵਿਚ ਖੰਡ ਆ ਗਈ ਹੈ, ਕਲ੍ਹ ਸਵੇਰੇ ਸ਼ਕੰਡੀ ਜਾ ਕੇ ਆਪਣੀ ਆਪਣੀ ਖੰਡ ਲੈ ਲਵੋ; ਦੂਜੀ ਮਣਿਆਦੀ ਏਹੇ ਆ ਕਿ ਕਲ੍ਹ ਨੂੰ ਮਾਹੀਏ ਦੇ ਚੌਂਤੇ ਦਸੀਲਦਾਰ ਸਹਿਬ ਪਧਾਰਨਗੇ, ਜਿਸ ਕਿਸੇ ਨੇ ਅੰਤਕਾਲ ਜਾਂ ਕੋਈ ਹੋਰ ਕੰਮ ਕਰਾਉਣਾ ਹੋਵੇ ਦਕਾਲਾਂ ਨੂੰ ਚਾਰ ਵਜਦੇ ਮਿਲ ਲਵੇ; ਤੀਜੀ ਮਣਿਆਦੀ ਏਹੇ ਆ…।” ਤੇ ਉਹ ਢੋਲ ‘ਤੇ ਆਖਰੀ ਡਗਾ ਮਾਰਦਾ ਅਗਲੀ ਗਲੀ ਦੇ ਮੋੜ ‘ਤੇ ਨਿਕਲ ਜਾਂਦਾ ਸੀ। ਗੁਲਾਮ ਰਸੂਲ ਆਲਮਪੁਰੀ ਦੇ ਕਿੱਸੇ ਯੂਸਫ-ਜ਼ੁਲੈਖਾਂ ਵਿਚ ਯੂਸਫ ਨੂੰ ਵੇਚਣ ਦੀ ਮੁਨਾਦੀ ਹੁੰਦੀ ਹੈ,
ਅੰਤ ਜੁਮਾ ਜਾਂ ਅਗਲਾ ਆਇਆ,
ਫਿਰੀ ਮੁਨਾਦੀ ਸਾਰੇ।
ਯੂਸੁਫ ਨੂੰ ਅੱਜ ਵੇਚਣ ਲੱਗਾ,
ਮਾਲਿਕ ਵਿਚ ਬਾਜ਼ਾਰੇ।
ਮਾਹ ਕਨਆਨੀ ਵਿਕਣ ਲੱਗਾ ਸੁ,
ਮਿਸਰ ਗਈਆਂ ਪੈ ਵਾਰਾਂ।
ਸ਼ੋਅਲਾ ਸ਼ੌਕ ਚਮਕਿਆ ਸੀਨੇ,
ਜਲ ਬਲ ਗਏ ਹਜ਼ਾਰਾਂ।
ਮੁਨਾਦੀ ਨੂੰ ਮਨਾਦੀ ਵੀ ਤੇ ਸਾਡੇ ਇਲਾਕੇ ਵਿਚ ਇਸ ਦੇ ਮਣਿਆਦੀ ਜਾਂ ਮੁਣਿਆਦੀ ਰੁਪਾਂਤਰ ਵੀ ਉਚਾਰੇ ਜਾਂਦੇ ਹਨ। ਮੁਨਾਦੀ ਨੂੰ ਅਖਬਾਰ ਦੀਆਂ ਸੁਰਖੀਆਂ ਵਾਂਗ ਹੀ ਦਿਲਚਸਪੀ ਨਾਲ ਸੁਣਿਆ ਜਾਂਦਾ ਸੀ। ਆਮ ਤੌਰ ‘ਤੇ ਮੁਨਾਦੀ ਖਾਓ-ਪੀਏ ਹੁੰਦੀ ਸੀ, ਜਦੋਂ ਸਾਰੇ ਲੋਕ ਘਰੋ ਘਰੀਂ ਹੁੰਦੇ ਸਨ। ਅੱਜ ਕਲ੍ਹ ਤਾਂ ਰਿਕਸ਼ੇ ਵਾਲੇ ਤੇ ਹੋਰ ਤਾਂ ਹੋਰ ‘ਮਬੈਲ’ ਵੀ ਇਹੋ ਕੰਮ ਕਰਨ ਲੱਗ ਪਏ ਹਨ। ਮੁਨਾਦੀ ਲਈ ਢਿੰਡੋਰਾ, ਡੌਂਡੀ ਸ਼ਬਦ ਵੀ ਚਲਦੇ ਹਨ, ਪਰ ਇਨ੍ਹਾਂ ਸ਼ਬਦਾਂ ਦੀ ਕੁਝ ਕੁਝ ਅਵਨਤੀ ਹੋ ਗਈ ਹੈ, ਇਸ ਲਈ ਇਹ ਨਿਖੇਧਾਤਮਕ ਭਾਵਾਂ ਵਿਚ ਵਰਤੇ ਜਾਣ ਲੱਗੇ ਹਨ। ‘ਡੌਂਡੀ ਪਿੱਟਣਾ’ ਦਾ ਮਤਲਬ ਕਿਸੇ ਦੀ ਬੁਰਾਈ ਨਸ਼ਰ ਕਰਨਾ ਹੈ।
ਮੁਨਾਦੀ ਮੁਢਲੇ ਤੌਰ ‘ਤੇ ਅਰਬੀ ਭਾਸ਼ਾ ਦਾ ਸ਼ਬਦ ਹੈ, ਜੋ ਭਾਰਤੀ ਭਾਸ਼ਾਵਾਂ ਵਿਚ ਫਾਰਸੀ ਰਾਹੀਂ ਦਾਖਲ ਹੋਇਆ। ਅਰਬੀ ਵਿਚ ਹੀ ਇਸ ਦਾ ਉਚਾਰਣ ਮੁਨਾਦੀ ਜਿਹਾ ਹੈ, ਜੋ ਫਾਰਸੀ ਵਿਚ ਆ ਕੇ ਮੁਨਾਦੀ ਤੋਂ ਇਲਾਵਾ ਮਨਾਦੀ ਵੀ ਬਣ ਗਿਆ। ਫਾਰਸੀ ਵਿਚ ਮੁਨਾਦੀ ਦਾ ਅਰਥ ਮੁਨਾਦੀ ਕਰਨ ਵਾਲਾ ਅਰਥਾਤ ਢੰਢੋਰਚੀ ਵੀ ਹੈ, ਢੰਢੋਰਾ ਵੀ ਤੇ ਢੋਲ ਵੀ। ਉਂਜ ਫਾਰਸੀ ਵਿਚ ਢੰਡੋਰਚੀ ਲਈ ਮੁਨਾਦੀਗਰ ਸ਼ਬਦ ਵੀ ਹੈ। ਇਸੇ ਨਾਲ ਸਬੰਧਤ ਇਕ ਸ਼ਬਦ ਮੁਨਾਦਾ ਹੈ, ਜਿਸ ਦਾ ਅਰਥ ਹੈ-ਬੁਲਾਇਆ ਗਿਆ, ਸੱਦਿਆ ਗਿਆ।
ਸਪਸ਼ਟ ਹੈ ਕਿ ਮੁਨਾਦੀ ਸ਼ਬਦ ਵਿਚ ਸੱਦਣ/ਬੁਲਾਉਣ ਦੇ ਭਾਵ ਹੋਣਗੇ। ਮੁਨਾਦੀ-ਏ-ਇਸਲਾਮ ਦਾ ਅਰਥ ਹੈ, ਨਿਮਾਜ਼ ਲਈ ਬੁਲਾਉਣ ਵਾਲਾ ਅਰਥਾਤ ਮੁਅੱਜ਼ਿਨ। ਦਰਅਸਲ ਅਰਬੀ ਵਿਚ ਮੁਨਾਦੀ ਦਾ ਅਰਥ ਸੱਦਣ, ਬੁਲਾਉਣ ਤੋਂ ਬਿਨਾ ਸੱਦਣ ਵਾਲਾ, ਬੁਲਾਉਣ ਵਾਲਾ ਵੀ ਹੈ। ਅਰਬੀ ਦੇ ਮੁਨਾਦੀ ਸ਼ਬਦ ਵਿਚ ‘ਮੁ’ ਤਾਂ ਇਕ ਅਗੇਤਰ ਹੀ ਹੈ, ਜੋ ਆਮ ਹੀ ਇਸ ਭਾਸ਼ਾ ਦੇ ਧਾਤੂਆਂ ਅੱਗੇ ਲੱਗ ਕੇ ਹੋਰ ਸ਼ਬਦ ਬਣਾਉਂਦਾ ਹੈ। ਇਹ ਧਾਤੂ ਨਾਦਿ ਜਿਹਾ ਹੈ।
ਸੈਮਿਟਿਕ ਧਾਤੂ ਨਦਹ ਵਿਚ (ਨੂਨ ਦਾਲ ਵਾ) ਸੱਦਣ, ਬੁਲਾਉਣ, ਪੁਕਾਰਨ; ਚੀਕਣ, ਸ਼ੋਰ ਮਚਾਉਣ, ਹੋਕਾ ਦੇਣ ਤੋਂ ਇਲਾਵਾ ਐਲਾਨ ਜਾਂ ਘੋਸ਼ਣਾ ਕਰਨ ਤੇ ਹੋਰ ਅੱਗੇ ਮਿਲਣੀ, ਬੈਠਕ, ਸਭਾ, ਮੀਟਿੰਗ ਅਰਥਾਤ ਜੋ ਸੱਦੇ ਜਾਂ ਬੁਲਾਏ ਗਏ, ਆਦਿ ਦੇ ਭਾਵ ਵੀ ਹਨ। ਦਰਅਸਲ ਇਸ ਧਾਤੂ ਵਿਚ ਸਿਲ੍ਹ, ਨਮੀ, ਗਿੱਲੇਪਣ ਦੇ ਭਾਵ ਵੀ ਹਨ, ਪਰ ਇਸ ਪਾਸੇ ਅਸੀਂ ਨਹੀਂ ਜਾਣਾ। ਇਸ ਤੋਂ ਬਣੇ ਇਕ ਸ਼ਬਦ ‘ਨਿਦਾ’ ਦਾ ਅਰਥ ਹੈ-ਸੱਦਾ, ਪੁਕਾਰ, ਹਾਲ ਦੁਹਾਈ। ‘ਮਹਾਨ ਕੋਸ਼’ ਵਿਚ ਇਸ ਦਾ ਇੰਦਰਾਜ ਮੌਜੂਦ ਹੈ, ਪਰ ਪੰਜਾਬੀ ਵਿਚ ਬਹੁਤ ਘਟ ਸੁਣਿਆ ਹੈ। ਹਾਂ, ਖਾਸ ਨਾਂਵਾਂ ਵਿਚ ਜ਼ਰੂਰ ਇਹ ਸ਼ਬਦ ਵਰਤਿਆ ਮਿਲਦਾ ਹੈ। ਨਿਦਾ ਫਾਜ਼ਲੀ ਹਿੰਦੀ-ਉਰਦੂ ਦੇ ਮਸ਼ਹੂਰ ਕਵੀ ਤੇ ਗੀਤਕਾਰ ਹੋਏ ਹਨ। ਮਧ ਯੁੱਗ ਵਿਚ ਅਰਬੀਆਂ ਦਾ ਸਪੇਨ ‘ਤੇ ਸਿਆਸੀ ਗਲਬਾ ਰਿਹਾ ਹੈ। ਇਸ ਸਮੇਂ ਦੌਰਾਨ ਅਨੇਕਾਂ ਅਰਬੀ ਸ਼ਬਦ ਸਪੇਨੀ ਭਾਸ਼ਾ ਵਿਚ ਚਲੇ ਗਏ। ਮੁਨਾਦ ਜਿਹੇ ਸ਼ਬਦ ਅੱਗੇ ਅਰਬੀ ਆਰਟੀਕਲ ‘ਅਲ’ ਲੱਗ ਕੇ ਇੱਕ ਸ਼ਬਦ ਬਣਿਆ, ਅਲਮੋਨੇਦਾ (Aਲਮੋਨeਦਅ), ਜਿਸ ਦਾ ਸਪੈਨਿਸ਼ ਵਿਚ ਅਰਥ ਨਿਲਾਮੀ ਵੀ ਹੋ ਗਿਆ ਹੈ। ਧਿਆਨ ਦਿਉ, ਨਿਲਾਮੀ ਵੀ ਬੋਲ ਬੋਲ ਕੇ ਕੀਤੀ ਜਾਂਦੀ ਹੈ, ਇਸੇ ਲਈ ਇਸ ਵਾਸਤੇ ਪੰਜਾਬੀ ਸ਼ਬਦ ਬੋਲੀ ਵੀ ਹੈ। ਇਤਿਹਾਸਕ ਤੌਰ ‘ਤੇ ਯੁਧ ਆਦਿ ਤੋਂ ਲੁੱਟੇ ਹੋਏ ਮਾਲ ਦੀ ਅਜਿਹੀ ਨਿਲਾਮੀ ਕੀਤੀ ਜਾਂਦੀ ਸੀ। ਅੱਜ ਕਲ੍ਹ ਪੁਰਾਣੀਆਂ ਕਲਾਂ ਵਸਤਾਂ ਵੇਚਣ ਹਿੱਤ ਲੱਗੇ ਮੇਲੇ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ।
ਸਪੈਨਿਸ਼ ਵਾਂਗ ਹੀ ਗਰੀਕ, ਲਾਤੀਨੀ ਆਦਿ ਭਾਸ਼ਾਵਾਂ ਵਿਚ ਵੀ ਅਰਬੀ ਤੇ ਹੋਰ ਸਾਮੀ ਭਾਸ਼ਾਵਾਂ ਦੇ ਸ਼ਬਦ ਰਚੇ ਮਿਚੇ ਹਨ, ਪਰ ਇਹ ਵੀ ਵਿਚਾਰ ਹੈ ਕਿ ਹਿੰਦ-ਇਰਾਨੀ ਪਰਿਵਾਰ, ਖਾਸ ਤੌਰ ‘ਤੇ ਵੈਦਿਕ ਕਾਲ ਦੇ ਸ਼ਬਦ ਵੀ ਅਰਬੀ ਤੇ ਹੋਰ ਸਾਮੀ ਭਾਸ਼ਾਵਾਂ ਵਿਚ ਦਾਖਲ ਹੋਣ ਦੇ ਪ੍ਰਮਾਣ ਮਿਲਦੇ ਹਨ। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਨਾਦਿ ਧਾਤੂ/ਸ਼ਬਦ ਨੂੰ ਇਸ ਦੀ ਮਿਸਾਲ ਮੰਨਦਿਆਂ ਇਸ ਦੀ ਸੰਸਕ੍ਰਿਤ ਨਾਦ ਨਾਲ ਸਮਾਨਤਾ ਦਰਸਾਈ ਹੈ। ਨਾਦ ਵਿਚ ਆਵਾਜ਼, ਧੁਨੀ, ਵਾਜਾ, ਰਾਗ ਦੇ ਭਾਵ ਹਨ। ਅਸੀਂ ਇਸ ਤੋਂ ਬਣਿਆ ਇੱਕ ਸ਼ਬਦ ਨਦੀ ਲੈਂਦੇ ਹਾਂ। ਨਦੀ ਦਾ ਮੂਲ ਅਰਥ ਸ਼ੂਕਦੀ ਹੈ ਕਿਉਂਕਿ ਪਹਾੜਾਂ ਪਰਬਤਾਂ ਤੇ ਹੋਰ ਉਚੀਆਂ ਨੀਵੀਆਂ ਥਾਂਵਾਂ ‘ਤੇ ਵਗਦੀ ਹੋਈ ਨਦੀ ਖੂਬ ਸ਼ੋਰ ਮਚਾਉਂਦੀ ਹੈ। ਨਦੀ ਤੋਂ ਹੀ ਵਿਗੜ ਕੇ ਨਈ/ਨੈਅ ਸ਼ਬਦ ਹੋਂਦ ਵਿਚ ਆਏ। ਬ੍ਰਹਮਪੁਤਰ ਜਿਹੇ ਵੱਡੇ ਦਰਿਆ ਜਾਂ ਸਮੁੰਦਰ ਨੂੰ ਨਦ ਆਖਦੇ ਹਨ। ਨਦ ਵਿਚ ਸਮੁੱਚਤਾ ਜਾਂ ਵਿਸ਼ਾਲਤਾ ਦਾ ਭਾਵ ਆ ਜਾਂਦਾ ਹੈ, ਕਿਉਂਕਿ ਨਦ ਪਾਣੀ ਦਾ ਇਕ ਵੱਡਾ ਭੰਡਾਰਾ ਹੈ। ਇਸੇ ਪ੍ਰਸੰਗ ਵਿਚ ਵਡਨੇਰਕਰ ਨੇ ਕੁਝ ਅਰਬੀ ਮੁਸਲਮਾਨ ਸੰਗਠਨਾਂ ਜਿਵੇਂ ਨਦਵਾਤੁਲ ਉਲੇਮਾ, ਨਦਵਾਤੁਲ ਇਸਲਾਮ ਜਾਂ ਨਦਵਾਤੁਲ ਮੁਜਾਹਦੀਨ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਉਸ ਨੇ ਸੰਸਕ੍ਰਿਤ ਸਮੁੱਚ, ਵਿਸ਼ਾਲਤਾ ਦਾ ਅਰਥ ਗ੍ਰਹਿਣ ਕਰ ਗਏ ‘ਨਦ’ ਦੇ ਸਮਾਨਅੰਤਰ ਅਰਬੀ ਨਦਵਾ ਸ਼ਬਦ ਦੇ ਸੰਗਠਨ, ਸਮੁੱਚ ਵਾਲੇ ਅਰਥਾਂ ਨੂੰ ਰੱਖਿਆ ਹੈ।
ਮੇਰੀ ਜਾਚੇ ਇਸ ਤਰ੍ਹਾਂ ਦਰਸਾਈ ਸਮਾਨਤਾ ਵਿਚ ਬਹੁਤਾ ਤਰਕ ਨਹੀਂ। ਅਰਬੀ ਨਦਵਾ ਦੇ ਸੰਗਠਨ, ਸਮੁੱਚ ਦੇ ਅਰਥ ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ਨਦਹ ਸ਼ਬਦ ਦੇ ਸੱਦਣ, ਬੁਲਾਉਣ ਦੇ ਅਰਥਾਂ ਤੋਂ ਵਿਗਸਦੇ ਹਨ, ਅਰਥਾਤ ਉਹ ਸਮੂਹ ਜਾਂ ਸੰਗਠਨ, ਜਿਸ ਨੂੰ ਕਿਸੇ ਮਕਸਦ ਹਿੱਤ ਸੱਦਿਆ ਜਾਂ ਬੁਲਾਇਆ ਗਿਆ ਹੈ। ਉਂਜ ਵੀ ਮੈਨੂੰ ਅਰਬੀ ਨਦਹ ਅਤੇ ਸੰਸਕ੍ਰਿਤ ਨਦ ਵਿਚ ਅਰਥਾਂ ਤੇ ਧੁਨੀ ਦੀ ਸਮਾਨਤਾ ਸਬੱਬੀਂ ਜਾਪਦੀ ਹੈ। ਦੋਹਾਂ ਵਿਚ ਸੱਚਮੁੱਚ ਦੀ ਰਿਸ਼ਤੇਦਾਰੀ ਸਾਬਿਤ ਕਰਨ ਲਈ ਬਹੁਤ ਖੋਜ ਤੇ ਵਿਵੇਚਨ ਦੀ ਲੋੜ ਹੁੰਦੀ ਹੈ, ਜੋ ਵਡਨੇਰਕਰ ਦੇ ਲੇਖ ਵਿਚ ਗਾਇਬ ਹੈ। ਫਿਰ ਵੀ ਪਾਠਕਾਂ ਦੀ ਖੁਰਾਕ ਲਈ ਮੈਂ ਉਨ੍ਹਾਂ ਦੀ ਰਾਇ ਪੇਸ਼ ਕੀਤੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਾਚੀਨ ਕਾਲ ਵਿਚ ਸਾਮੀ ਅਤੇ ਵੈਦਿਕੀ ਵਿਚਾਲੇ ਸ਼ਬਦਾਂ ਦਾ ਵਟਾਂਦਰਾ ਹੁੰਦਾ ਰਿਹਾ ਹੋਵੇਗਾ।
ਅਰਬੀ ਤੋਂ ਹੀ ਆਏ ਮਿਆਦੀ ਸ਼ਬਦ ਦਾ ਪੰਜਾਬੀ ਵਿਚ ਇੱਕ ਵਿਗੜਿਆ ਰੂਪ ਮੁਣਿਆਦੀ ਹੈ, ਜੋ ਮੁਨਾਦੀ ਦਾ ਵੀ ਵਿਗੜਿਆ ਰੂਪ ਹੈ। ਦੋਹਾਂ ਸ਼ਬਦਾਂ ਵਿਚਾਲੇ ਕੋਈ ਸਜਾਤੀ ਸਾਂਝ ਨਹੀਂ ਹੈ। ਮਿਆਦ ਦਾ ਅਰਥ ਹੈ-ਅਵਧੀ, ਨਿਸਚਿਤ ਸਮਾਂ, ਮੁਕੱਰਰ ਕੀਤਾ ਵਕਤ। ਇਸ ਤੋਂ ਬਣੇ ਮਿਆਦੀ ਦਾ ਅਰਥ ਹੋਇਆ-ਇਕ ਨਿਸਚਿਤ ਸਮੇਂ ਤੱਕ ਦਾ, ਕਾਲਿਕ। ਇਹ ਸ਼ਬਦ ਇਕਰਾਰ ਕਰਨ ਦੇ ਅਰਥਾਂ ਵਾਲੇ ਧਾਤੂ ‘ਵਅਦ’ ਅੱਗੇ ਅਰਬੀ ਅਗੇਤਰ ‘ਮ’ ਲੱਗ ਕੇ ਬਣਿਆ ਹੈ। ਸ਼ਾਬਦਿਕ ਅਰਥ ਬਣਿਆ-ਜਦ ਤੱਕ ਵਾਅਦਾ ਕੀਤਾ ਗਿਆ। ਦਰਅਸਲ ਵਾਅਦਾ ਵੀ ਏਥੇ ਥਾਂ ਸਿਰ ਹੈ। ਅੰਤ ਵਿਚ ਧਨੀ ਰਾਮ ਚਾਤ੍ਰਿਕ ਦੀ ਇਕ ਕਵਿਤਾ ਵਿਚ ਮੁਨਾਦੀ ਸ਼ਬਦ ਦੀ ਟੋਹ ਲਈਏ,
ਜੀਆ! ਨਿੰਦਾ ਚੁਗਲੀ ਦਾ ਤੂੰ,
ਕਾਹਨੂੰ ਹੋ ਗਿਓਂ ਆਦੀ?
ਐਬ ਪਰਾਏ ਫੋਲ ਫੋਲ ਕੇ,
ਕਰਨਾ ਏਂ ਰੋਜ਼ ਮੁਨਾਦੀ।
ਆਪਣੀ ਬੁੱਕਲ ਵਿਚ ਜੇ ਝਾਤੀ,
ਮਾਰ ਕਦੇ ਸ਼ਰਮਾਂਦੋਂ,
ਤੌਬਾ ਕਰ ਬਖਸ਼ਾ ਲੈਂਦੇ,
ਹਟ ਜਾਂਦੀ ਭੈੜੀ ਵਾਦੀ।