ਗਾਇਕ ਦਿਲਸ਼ਾਦ ਅਖਤਰ ਦੇ ਅੰਗ-ਸੰਗ

ਗੀਤਕਾਰ ਵਜੋਂ ਗੂੜ੍ਹੀ ਪਛਾਣ ਬਣਾਉਣ ਵਾਲਾ ਧਰਮ ਸਿੰਘ ਕੰਮੇਆਣਾ ਬਹੁ-ਵਿਧਾਈ ਲੇਖਕ ਹੈ। ਉਸ ਨੇ ਕਵਿਤਾਵਾਂ ਤੇ ਗੀਤਾਂ ਤੋਂ ਇਲਾਵਾ ਨਾਵਲ, ਬਾਲ ਸਾਹਿਤ ਤੇ ਹੋਰ ਬੜਾ ਕੁਝ ਲਿਖਿਆ ਹੈ। ਹੁਣੇ-ਹੁਣੇ ਉਸ ਦੀ ਸਵੈ-ਜੀਵਨੀ ‘ਟੁੱਟੇ ਹੋਏ ਪੁਲ’ ਆਈ ਹੈ, ਜਿਸ ਵਿਚ ਉਹਨੇ ਆਪਣੀ ਜ਼ਿੰਦਗੀ ਅਤੇ ਕਾਰਗੁਜ਼ਾਰੀ ਬਾਰੇ ਖੂਬ ਟਿੱਪਣੀਆਂ ਕੀਤੀਆਂ ਹਨ। ਇਹ ਰਚਨਾ ਇਸੇ ਕਿਤਾਬ ਵਿਚੋਂ ਲਈ ਗਈ ਹੈ। ਇਸ ਵਿਚ ਉਮਦਾ ਗਾਇਕ ਦਿਲਸ਼ਾਦ ਅਖਤਰ ਦੇ ਸ਼ੁਰੂਆਤੀ ਦੌਰ ਬਾਬਤ ਚਰਚਾ ਰੂਹ ਨਾਲ ਕੀਤੀ ਗਈ ਹੈ।

-ਸੰਪਾਦਕ

ਧਰਮ ਸਿੰਘ ਕੰਮੇਆਣਾ
ਫੋਨ: +91-98760-62329

ਸੰਨ 1982 ਵਿਚ ਮੈਂ ਪ੍ਰਾਈਵੇਟ ਤੌਰ ‘ਤੇ ਬੀ. ਏ. ਭਾਗ ਦੂਜਾ ਦੀ ਤਿਆਰੀ ਕਰ ਰਿਹਾ ਸਾਂ, ਜਦੋਂ ਦਿਲਸ਼ਾਦ ਅਖਤਰ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਵਿਚ ਪ੍ਰੈਪ ‘ਚ ਦਾਖਲਾ ਲੈ ਲਿਆ। ਅਸੀਂ ਅਕਸਰ ਮਿਲਣ ਲੱਗੇ। ਕਾਲਜ ਰੋਡ ‘ਤੇ ਸਥਿਤ ਜਗਤ (ਜਗਤ ਨਰਾਇਣ) ਦੀ ਚਾਹ ਦੀ ਕੰਟੀਨ ਸਾਡੇ ਮੇਲ ਮਿਲਾਪ ਦਾ ਮੁੱਖ ਅੱਡਾ ਸੀ। ਇਥੇ ਹੋਰ ਵੀ ਕਈ ਮਿੱਤਰ ਆ ਜੁੜਦੇ ਤੇ ਸਾਹਿਤ, ਗੀਤਕਾਰੀ ਗਾਇਕੀ ਤੇ ਪੰਜਾਬੀ ਫਿਲਮਾਂ ਸਬੰਧੀ ਗੱਲਾਂ ਬਾਤਾਂ ਕਰਦੇ। ਮੈਂ ਦਿਲਸ਼ਾਦ ਨਾਲ ਆਪਣਾ ਕੋਈ ਨਵਾਂ ਗੀਤ ਸਾਂਝਾ ਕਰਦਾ ਤੇ ਉਹ ਅਗਲੇ ਦਿਨ ਉਸ ਦੀ ਤਰਜ਼ ਬਣਾ ਕੇ ਸੁਣਾਉਂਦਾ। ਮੈਂ ਫਰੀਦਕੋਟ ਤੋਂ ਜਦੋਂ ਆਪਣੇ ਪਿੰਡ ਵਲੀਂ ਤੁਰਦਾ ਤਾਂ ਅਨੇਕਾਂ ਅਣਲਿਖੇ ਗੀਤਾਂ ਦੇ ਮੁਖੜੇ ਮੇਰੇ ਨਾਲ ਤੁਰਦੇ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਬਠਿੰਡਾ ਜ਼ੋਨ ਦਾ ਯੂਥ ਫੈਸਟੀਵਲ ਕਰਵਾਇਆ ਗਿਆ ਤਾਂ ਦਿਲਸ਼ਾਦ ਨੇ ਬ੍ਰਿਜਿੰਦਰਾ ਕਾਲਜ, ਫਰੀਦਕੋਟ ਦੇ ਵਿਦਿਆਰਥੀ ਵਜੋਂ ਸੁਗਮ-ਸੰਗੀਤ ਮੁਕਾਬਲੇ ਵਿਚ ਹਿੱਸਾ ਲਿਆ ਤੇ ਮੇਰਾ ਗੀਤ ‘ਆਖੇ ਲੱਗ ਜਾ ਤੂੰ ਮੰਨ ਲੈ ਨੀ ਫੱਕਰਾਂ ਦੇ ਕਹਿਣੇ’ ਗਾ ਕੇ ਪ੍ਰਥਮ ਰਿਹਾ। ਫਿਰ ਉਸ ਨੇ ਇਹੀ ਗੀਤ ਗਾ ਕੇ ਯੂਨੀਵਰਸਿਟੀ ਪੱਧਰ ਦੇ ਯੂਥ ਫੈਸਟੀਵਲ ਵਿਚੋਂ ਗੋਲਡ ਮੈਡਲ ਜਿੱਤਿਆ। ਇਸ ਨਾਲ ਵਿਦਿਆਰਥੀਆਂ ਅਤੇ ਬੁੱਧੀਜੀਵੀ ਵਰਗ ਵਿਚ ਗਾਇਕ ਤੇ ਗੀਤਕਾਰ ਵਜੋਂ ਸਾਡੀ ਦੋਹਾਂ ਦੀ ਪਛਾਣ ਉਭਰਨ ਲੱਗੀ।
ਮੇਰੇ ਮਨ ਵਿਚ ਸੋਚ ਆਈ ਕਿ ਦਿਲਸ਼ਾਦ ਦੀ ਗਾਇਕੀ ਦੀ ਕਿਧਰੇ ਨਾਈਟ ਕਰਵਾਈ ਜਾਵੇ। ਮੇਰੇ ਗੀਤ ਅਤੇ ਉਸ ਦੀ ਆਵਾਜ਼। ਸਾਹਿਤ ਸਭਾ, ਜਲਾਲਾਬਾਦ (ਪੱਛਮੀ), ਜ਼ਿਲ੍ਹਾ ਫਿਰੋਜ਼ਪੁਰ ਦੇ ਅਹੁਦੇਦਾਰ ਤੇ ਮੈਂਬਰ ਮੇਰਾ ਚੰਗਾ ਇੱਜਤ-ਮਾਣ ਕਰਦੇ ਸਨ। ਇਨ੍ਹਾਂ ਸੱਜਣਾਂ ਵਿਚੋਂ ਦਿਆਲ ਸਿੰਘ ਪਿਆਸਾ, ਮਦਨਦੀਪ ਸਿੰਘ, (ਜੋ ‘ਦੇਸ਼ ਸੇਵਕ’ ਦਾ ਸੰਪਾਦਕ ਵੀ ਬਣਿਆ), ਸੁਰਿੰਦਰ ਖੰਨਾ (ਕਾਲਜ ਲੈਕਚਰਰ) ਤੇ ਅਸ਼ੋਕ ਮੌਜੀ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਮੈਂ ਇਕ ਸ਼ਾਇਰ ਹੱਥ ਦਿਨ ਆਦਿ ਮਿਥ ਕੇ ਉਨ੍ਹਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਤੁਸੀਂ ਤਿਆਰੀ ਕਰ ਲਵੋ, ਮੈਂ ਦਿਲਸ਼ਾਦ ਨੂੰ ਲੈ ਕੇ ਆਵਾਂਗਾ, ਆਪਾਂ ਉਸ ਦੀ ਗਾਇਕੀ ਦੀ ਨਾਈਟ ਕਰਵਾਉਣੀ ਹੈ। ਦਿਲਸ਼ਾਦ ਤਿਆਰੀ ਕਰਨ ਲੱਗਾ। ਉਨ੍ਹੀਂ ਦਿਨੀਂ ਅਸੀਂ ਉਸ ਦਾ ਗਾਇਕ ਵਜੋਂ ਨਾਂ ਰੱਖਣ ਬਾਰੇ ਸੋਚਿਆ। ਘਰ ਵਿਚ ਸਾਰੇ ਉਸ ਨੂੰ ਸ਼ਾਦੀ ਕਹਿ ਕੇ ਬੁਲਾਉਂਦੇ ਸਨ ਤੇ ਉਸ ਦਾ ਗਾਇਕ ਵਜੋਂ ਨਾਂ ਦਿਲਸ਼ਾਦ ਮੁਹੰਮਦ ਰੱਖਣ ਦਾ ਫੈਸਲਾ ਕੀਤਾ ਗਿਆ, ਪਰ ਵਿਚਾਰ ਵਟਾਂਦਰੇ ਪਿਛੋਂ ਅਸੀਂ ਉਸ ਦਾ ਨਾਂ ਮੁਹੰਮਦ ਦਿਲਸ਼ਾਦ ਕਰ ਦਿੱਤਾ (ਪਰ ਬਾਅਦ ਵਿਚ ਪ੍ਰਚਲਿਤ ਦਿਲਸ਼ਾਦ ਅਖਤਰ ਹੀ ਹੋਇਆ)।
ਸ਼ਾਇਰ ਸੱਜਣ ਹੱਥ ਸੁਨੇਹਾ ਭੇਜਣ ਪਿਛੋਂ ਅਸੀਂ ਸਾਹਿਤ ਸਭਾ ਵਲੋਂ ਕੋਈ ਕਾਰਡ ਆਦਿ ਪਹੁੰਚਾਉਣ ਦੀ ਉਡੀਕ ਕਰਨ ਲੱਗੇ, ਪਰ ਉਧਰੋਂ ਕੋਈ ਖਬਰਸਾਰ ਨਾ ਮਿਲੀ। ਹਾਰ ਕੇ ਮੈਂ ਮਿਥੇ ਦਿਨ ਤੋਂ ਇਕ ਦਿਨ ਪਹਿਲਾਂ ਜਲਾਲਾਬਾਦ (ਪੱਛਮੀ) ਪਹੁੰਚ ਗਿਆ ਅਤੇ ਪ੍ਰੋਗਰਾਮ ਬਾਰੇ ਪੁੱਛਿਆ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਉਹ ਸ਼ਾਇਰ ਸੱਜਣ ਉਨ੍ਹਾਂ ਕੋਲ ਸੁਨੇਹਾ ਲੈ ਕੇ ਪਹੁੰਚਿਆ ਹੀ ਨਹੀਂ ਸੀ। ਮੈਂ ਆਪਣੇ ਨਿੱਘੇ ਸਬੰਧਾਂ ਦਾ ਹੱਕ ਜਤਾ ਕੇ ਕਿਹਾ, “ਵੇਖੋ ਮਿੱਤਰੋ! ਦਿਲਸ਼ਾਦ ਦੀ ਇਹ ਪਹਿਲੀ ਨਾਈਟ ਹੋਣੀ ਆ, ਮੈਂ ਥੁੱਕ ਕੇ ਨਹੀਂ ਚੱਟ ਸਕਦਾ। ਜਿਵੇਂ ਵੀ ਹੋਵੇ, ਆਪਾਂ ਕੱਲ੍ਹ ਰਾਤੀਂ ਉਸ ਦਾ ਪ੍ਰੋਗਰਾਮ ਕਰਵਾਉਣੈ, ਨਹੀਂ ਤਾਂ ਉਹ ਨਿਰਾਸ਼ ਹੋ ਜਾਏਗਾ।”
ਸਾਹਿਤ ਸਭਾ ਵਾਲੇ ਮੇਰੇ ਸਾਰੇ ਮਿੱਤਰਾਂ ਨੇ ਵਿਸ਼ਵਾਸ ਦਿਵਾਇਆ, “ਧਰਮ ਜੀ! ਅਸੀਂ ਤੁਹਾਡਾ ਮਾਣ ਰੱਖਾਂਗੇ। ਤੁਹਾਡੇ ਵਲੋਂ ਮਿਥਿਆ ਪ੍ਰੋਗਰਾਮ ਹਰ ਹਾਲ ਹੋਵੇਗਾ। ਆਪਾਂ ਹੁਣੇ ਈ ਸਾਰੇ ਪ੍ਰਬੰਧ ਕਰ ਲੈਂਦੇ ਆਂ।”
ਸਭ ਤੋਂ ਪਹਿਲਾਂ ਅਸੀਂ ਪੰਜਾਬੀ ਸ਼ਾਇਰਾ ਤੇ ਸਥਾਨਕ ਸਾਹਿਤ ਸਭਾ ਦੀ ਪ੍ਰਮੁੱਖ ਅਹੁਦੇਦਾਰ ਸ੍ਰੀਮਤੀ ਤ੍ਰਿਪਤ ਤ੍ਰਿਸ਼ਨਾ ਨੂੰ ਮਿਲੇ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪ੍ਰਿੰਸੀਪਲ ਸਨ। ਪ੍ਰੋਗਰਾਮ ਉਨ੍ਹਾਂ ਦੇ ਸਕੂਲ ਦੀ ਗਰਾਊਂਡ ਵਿਚ ਕਰਨ ਦਾ ਫੈਸਲਾ ਹੋਇਆ। ਸਮਾਂ ਸ਼ਾਮੀਂ 8 ਵਜੇ ਰੱਖ ਲਿਆ। ਫਿਰ ਕਾਰਡ ਛਪਵਾਉਣ ਲਈ ਮੈਟਰ ਤਿਆਰ ਕੀਤਾ। ਕਾਰਡ ਛਾਪਣ ਦਾ ਕੰਮ ਬੜੀ ਤੇਜ਼ੀ ਨਾਲ ਹੋਇਆ ਤੇ ਫਿਰ ਕਈ ਮੈਂਬਰਾਂ ਦੀ ਡਿਊਟੀ ਕਾਰਡ ਵੰਡਣ ਦੀ ਲਾ ਦਿੱਤੀ। ਸਾਊਂਡ ਸਰਵਿਸ ਵਾਲੇ ਨੂੰ ਮਿਲ ਕੇ ਇਸ ਦਾ ਵੀ ਪ੍ਰਬੰਧ ਕਰ ਲਿਆ। ਸਾਰੇ ਪ੍ਰਬੰਧ ਮੁੰਕਮਲ ਹੋ ਜਾਣ ‘ਤੇ ਮੈਂ ਰਾਤ ਨੂੰ ਬੇਫਿਕਰ ਹੋ ਕੇ ਸੁੱਤਾ ਅਤੇ ਸਵੇਰੇ ਦਿਲਸ਼ਾਦ ਨੂੰ ਦੱਸਣ ਲਈ ਕੋਟਕਪੂਰੇ ਨੂੰ ਚੱਲ ਪਿਆ। ਘਰ ਗਿਆ ਤਾਂ ਦਿਲਸ਼ਾਦ ਦੇ ਮਾਤਾ ਜੀ ਕਹਿਣ ਲੱਗੇ, “ਧਰਮ ਉਹ ਤਾਂ ਤੈਨੂੰ ਫਰੀਦਕੋਟ ਲੱਭਣ ਗਿਐ।” ਮੈਂ ਕਿਹਾ ਕਿ ਜਦ ਉਹ ਆਵੇ ਤਾਂ ਉਸ ਨੂੰ ਕਹਿਣਾ ਤਿਆਰੀ ਕਰ ਲਵੇ। ਮੈਂ ਆਪਣੇ ਪਿੰਡ ਜਾ ਕੇ ਜਲਦੀ ਵਾਪਸ ਆ ਰਿਹਾਂ।
ਜਦ ਮੈਂ ਪਿੰਡੋਂ ਹੋ ਕੇ ਦਿਲਸ਼ਾਦ ਦੇ ਘਰ ਪਹੁੰਚਿਆ ਤਾਂ ਉਹ ਤਿਆਰ ਬੈਠਾ ਸੀ। ਸਾਜ਼ਿੰਦਿਆਂ ਦੇ ਤੌਰ ‘ਤੇ ਉਸ ਦੀ ਰਿਸ਼ਤੇਦਾਰੀ ਵਿਚੋਂ (ਪਿੰਡ ਵਾਂਦਰ ਜਟਾਣਾ ਤੋਂ) ਕ੍ਰਿਸ਼ਨ ਅਤੇ ਉਸ ਦਾ ਛੋਟਾ ਭਰਾ ਦਰਸ਼ਨ (ਮਰਹੂਮ) ਆਏ ਬੈਠੇ ਸਨ (ਪ੍ਰਸਿਧ ਗਾਇਕਾ ਗੁਰਲੇਜ਼ ਅਖਤਰ ਦਰਸ਼ਨ ਦੀ ਬੇਟੀ ਹੈ)। ਚੌਥਾ ਸਾਡੇ ਨਾਲ ਦਿਲਸ਼ਾਦ ਦਾ ਭਰਾ ਗੁਰਾਂਦਿੱਤਾ ਸ਼ਾਮਲ ਸੀ। ਅਸੀਂ ਚਾਰੇ ਜਣੇ ਬੱਸ ‘ਤੇ ਚਾਰ ਕੁ ਵਜੇ ਤਕ ਜਲਾਲਾਬਾਦ (ਪੱਛਮੀ) ਪਹੁੰਚ ਗਏ। ਸਾਹਿਤ ਸਭਾ ਵਾਲੇ ਕਈ ਸੱਜਣ ਮੈਨੂੰ ਕਹਿਣ ਲੱਗੇ, “ਕੰਮੇਆਣਾ ਸਹਿਬ! ਇਹ ਜਵਾਕ ਜਿਹਾ ਕੀ ਲੈ ਆਂਦਾ। ਵੇਖਿਓ ਜੇ ਕਿਤੇ ਸਾਡੀ ਛੋਤ ਨਾ ਲੁਹਾ ਦੇਵੇ ਸਰੋਤਿਆਂ ਤੋਂ!” ਮੈਂ ਕਿਹਾ, “ਕਾਹਲੇ ਨਾ ਪਓ, ਪ੍ਰੋਗਰਾਮ ਤੋਂ ਬਾਅਦ ਗੱਲ ਕਰਨੀ।”
ਦਿਲਸ਼ਾਦ ਨੇ ਆਪਣੇ ਪੱਕੇ ਰੰਗ ‘ਤੇ ਹਲਕਾ-ਹਲਕਾ ਪਾਊਡਰ ਅਤੇ ਗੁਲਾਲੀ ਜਿਹੀ ਲਾ ਕੇ ਆਪਣੇ ਚਿਹਰੇ ਦੀ ਮੇਕਅੱਪ ਕੀਤੀ। ਤੇੜ ਚਾਦਰਾ ਬੰਨ੍ਹ ਕੇ ਉਪਰੋਂ ਕਲੀਆਂ ਵਾਲਾ ਕਢਾਈਦਾਰ ਕੁੜਤਾ ਪਾ ਲਿਆ ਤੇ ਲੱਕ ਦੁਆਲੇ ਚੁੰਨੀ ਬੰਨ੍ਹ ਲਈ। ਸਟੇਜ ‘ਤੇ ਜਾਣ ਸਮੇਂ ਉਸ ਨੇ ਹੱਥ ਵਿਚ ਆਲਮ ਲੁਹਾਰ ਵਾਂਗ ਚਿਮਟਾ ਫੜ ਲਿਆ। ਪ੍ਰੋਗਰਾਮ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨਾਲ ਦਿਲਸ਼ਾਦ ਦੀ ਜਾਣ-ਪਛਾਣ ਕਰਵਾਈ। ਬਾਅਦ ਵਿਚ ਦਿਲਸ਼ਾਦ ਨੇ ਸਟੇਜ ਨੂੰ ਮੱਥਾ ਟੇਕ ਕੇ ਅਲਾਪ ਲਿਆ ਤੇ ਸਭ ਤੋਂ ਪਹਿਲਾਂ ਇਹ ਸ਼ਿਅਰ ਬੋਲਿਆ:
ਹੁਸਨ ਜਵਾਨੀ ਤੇ ਰੰਗ ਫੁੱਲਾਂ ਦੇ
ਇਹ ਮੁੱਦਤ ਰਹਿੰਦੇ ਨਾਹੀਂ
ਲੱਖ ਟਕਿਆਂ ਦਾ ਮੈਂ ਮਾਣ ਕਰੇਂਦੀ
ਇਹ ਬਾਜ਼ਾਰ ਵਿਕੇਂਦੇ ਨਾਹੀਂ।
ਚਾਰ ਚੁਫੇਰਿਓਂ ਭਰਪੂਰ ਤਾੜੀਆਂ ਵੱਜੀਆਂ ਤੇ ਸਰੋਤਿਆਂ ਨੇ ਖੁੱਲ੍ਹੇ ਦਿਲ ਨਾਲ ਵਾਹ-ਵਾਹ ਕੀਤੀ (ਪਿਛੋਂ ਮੈਂ ਦਿਲਸ਼ਾਦ ਨੂੰ ਕਈ ਵਾਰ ਕਿਹਾ ਸੀ ਕਿ ਜਿੰਨਾ ਰੂਹ ਨਾਲ ਤੂੰ ਇਹ ਸ਼ਿਅਰ ਜਲਾਲਾਬਾਦ ਵਾਲੀ ਨਾਈਟ ‘ਚ ਗਾਇਆ ਸੀ, ਫਿਰ ਤੂੰ ਕਦੇ ਵੀ ਓਨਾ ਸੋਹਣਾ ਨਹੀਂ ਗਾ ਸਕਿਆ। ਉਦੋਂ ਤਾਂ ਇੰਜ ਮਾਪਿਆ ਸੀ ਜਿਵੇਂ ਸਾਰਾ ਬ੍ਰਹਿਮੰਡ ਤੇਰੇ ਨਾਲ ਗਾਉਣ ਲੱਗ ਪਿਆ ਹੋਵੇ)। ਇਕ ਗੀਤ ਪਿੱਛੋਂ ਦੂਜਾ, ਫਿਰ ਤੀਜਾ, ਚੌਥਾ! ਸਰੋਤੇ ‘ਇਕ ਹੋਰ, ਇਕ ਹੋਰ’ ਦੀ ਫਰਮਾਇਸ਼ ਕਰਦੇ ਰਹੇ ਅਤੇ ਦੇਰ ਰਾਤ ਤਕ ਦਿਲਸ਼ਾਦ ਦੀ ਗਾਇਕੀ ਅਤੇ ਮੇਰੇ ਗੀਤਾਂ ਦਾ ਅਨੰਦ ਮਾਣਦੇ ਰਹੇ। ਇਹ ਪ੍ਰੋਗਰਾਮ ਦਿਲਸ਼ਾਦ ਦੀ ਗਾਇਕੀ ਦੀ ਵੱਡੀ ਸ਼ੁਰੂਆਤ ਹੋ ਨਿਬੜਿਆ।
ਮੈਨੂੰ ਫੁਰਨਾ ਫੁਰਿਆ ਕਿ ਦਿਲਸ਼ਾਦ ਨੂੰ ਰੇਡੀਓ ਸਟੇਸ਼ਨ ਜਲੰਧਰ ਤੋਂ ਗਵਾਇਆ ਜਾ ਸਕਦਾ ਹੈ। ਦਿਲਸ਼ਾਦ ਆਪਣੇ ਭਰਾ ਗੁਰਾਂਦਿੱਤੇ ਨਾਲ ਪਹਿਲਾਂ ਵੀ ਰੇਡੀਓ ਸਟੇਸ਼ਨ ਦਾ ਗੇੜਾ ਲਾ ਚੁਕਾ ਸੀ, ਪਰ ਉਹ ਆਡੀਸ਼ਨ ਪਾਸ ਨਹੀਂ ਸੀ ਕਰ ਸਕਿਆ। ਮੈਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ। ਦਿਲਸ਼ਾਦ ਜਿਹਾ ਸੁਰੀਲਾ ਗਾਇਕ ਉਸ ਸਮੇਂ ਛੋਟੀ ਉਮਰ ਦਾ ਹੋਣ ਕਾਰਨ ਸ਼ਾਇਦ ਠੀਕ ਪੇਸ਼ਕਾਰੀ ਨਹੀਂ ਦੇ ਸਕਿਆ ਹੋਵੇਗਾ? ਖੈਰ! ਮੇਰੀ ਉਦੋਂ ਤਕ ਰੇਡੀਓ ਸਟੇਸ਼ਨ ਦੇ ਪੰਜਾਬੀ ਪ੍ਰੋਗਰਾਮਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਕਾਫੀ ਜਾਣ-ਪਛਾਣ ਬਣ ਚੁਕੀ ਸੀ।
ਸੰਨ 1978-79 ਤੋਂ ਰੇਡੀਓ ਦੇ ‘ਯੁਵਵਾਣੀ’ ਪ੍ਰੋਗਰਾਮ ਦੇ ਇੰਚਾਰਜ ਅੰਮ੍ਰਿਤ ਲਾਲ ਪਾਲ ਅਤੇ ਪੰਜਾਬੀ ਪ੍ਰੋਗਰਾਮਾਂ ਦੇ ਪ੍ਰੋਡਿਊਸਰ ਤੇ ਸਾਹਿਤਕਾਰ ਹਰਭਜਨ ਬਟਾਲਵੀ ਨਾਲ ਮੇਰੀ ਚੰਗੀ ਨੇੜਤਾ ਸੀ। ਮੈਂ ਆਪਣਾ ਰਸੂਖ ਵਰਤ ਕੇ ਚੰਗਾ ਲਿਖਣ ਵਾਲੇ ਕਈ ਨਵੇਂ ਲੇਖਕਾਂ ਨੂੰ ਰੇਡੀਓ ਸਟੇਸ਼ਨ ਤੋਂ ਰਚਨਾਵਾਂ ਪੜ੍ਹਨ ਦਾ ਮੌਕਾ ਦਿਵਾਇਆ ਸੀ।
ਇਕ ਦਿਨ ਮੈਂ ਤੇ ਦਿਲਸ਼ਾਦ ਜਲੰਧਰ ਚਲੇ ਗਏ। ਮੈਂ ਹਰਭਜਨ ਬਟਾਲਵੀ ਨੂੰ ਮਿਲ ਕੇ ਆਪਣੇ ਆਉਣ ਦਾ ਮਕਸਦ ਦੱਸਿਆ। ਬਟਾਲਵੀ ਦਿਲਸ਼ਾਦ ਦੇ ਪਿਤਾ ਜਨਾਬ ਕੀੜੇ ਖਾਂ ਸ਼ੁਕੀਨ ਅਤੇ ਮਾਮਾ ਜੀ ਸਾਬਰ ਹੁਸੈਨ ਸਾਬਰ (ਨਰਿੰਦਰ ਬੀਬਾ ਨਾਲ ਇਨ੍ਹਾਂ ਦਾ ਦੋਗਾਣਾ ਪ੍ਰਸਿੱਧ ਹੋਇਆ ਸੀ, ‘ਮੇਰੀ ਡਿੱਗ ਪਈ ਚਰ੍ਹੀ ਵਿਚ ਗਾਨੀ, ਵੇ ਚੁੱਕ ਲਿਆ ਮੋਰ ਬਣ ਕੇ’) ਦੇ ਨਾਂ ਤੋਂ ਜਾਣੂ ਸਨ। ਬਟਾਲਵੀ ਕਹਿਣ ਲੱਗੇ, “ਤੁਸੀਂ ਕੁਦਰਤੀ ਬੜੇ ਮੌਕੇ ਸਿਰ ਆਏ ਓ। ਅੱਜ ਲਾਈਟ ਵੋਕਲ (ਸੁਗਮ ਸੰਗੀਤ) ਦੀ ਆਡੀਸ਼ਨ ਚੱਲ ਰਹੀ ਏ। ਮੈਂ ਕਲਸੀ ਸਾਹਿਬ (ਬਲਬੀਰ ਸਿੰਘ ਕਲਸੀ, ਮੁਖੀ ਸੰਗੀਤ ਵਿਭਾਗ, ਰੇਡੀਓ ਸਟੇਸ਼ਨ) ਨੂੰ ਕਹਿ ਦਿੰਨਾਂ। ਉਹ ਇਸ ਤੋਂ ਹੁਣੇ ਫਾਰਮ ਭਰਵਾ ਕੇ ਉਮੀਦਵਾਰਾਂ ‘ਚ ਸ਼ਾਮਲ ਕਰ ਲੈਣਗੇ।” ਦਿਲਸ਼ਾਦ ਤੋਂ ਕਲਸੀ ਸਾਹਿਬ ਨੇ ਦੋ-ਤਿੰਨ ਗੀਤ ਸੁਣੇ ਅਤੇ ਕਾਫੀ ਪ੍ਰਸੰਨ ਹੋਏ। ਉਨ੍ਹਾਂ ਕਿਹਾ, “ਅਸੀਂ ਕੁਝ ਦਿਨਾਂ ਤੱਕ ਪ੍ਰੋਗਰਾਮ ਦੀ ਚਿੱਠੀ ਪਾ ਦਿਆਂਗੇ।”
ਰੇਡੀਓ ਸਟੇਸ਼ਨ ਤੋਂ ਵਿਹਲੇ ਹੋ ਕੇ ਅਸੀਂ ਰੋਜ਼ਾਨਾ ‘ਜੱਗ ਬਾਣੀ’ ਦੇ ਦਫਤਰ ਲੇਖਕ/ਪੱਤਰਕਾਰ ਬਖਸ਼ਿੰਦਰ ਨੂੰ ਮਿਲਣ ਗਏ। ਬਖਸ਼ਿੰਦਰ ਨਾਲ ਵੀ ਮੇਰੀ ਚੰਗੀ ਜਾਣ-ਪਛਾਣ ਸੀ। ਮੈਂ ਉਸ ਨਾਲ ਦਿਲਸ਼ਾਦ ਦਾ ਤੁਆਰਫ ਕਰਵਾਇਆ ਤੇ ਦਿਲਸ਼ਾਦ ਬਾਰੇ ਲਿਖਿਆ ਆਪਣਾ ਲੇਖ ਉਸ ਨੂੰ ‘ਜੱਗ ਬਾਣੀ’ ਵਿਚ ਛਾਪਣ ਲਈ ਦਿੱਤਾ। ਬਖਸ਼ਿੰਦਰ ਕਹਿਣ ਲੱਗਾ, “ਧਰਮ ਮੈਂ ਵੀ ਇਕ ਨਵੇਂ ਗਾਇਕ ਬਾਰੇ ਲਿਖਿਐ। ਕੱਲ੍ਹ ਦੇ ‘ਜੱਗ ਬਾਣੀ’ ਵਿਚ ਪੜ੍ਹ ਲਈਂ। ਉਹ ਮੁੰਡਾ ਕਮਾਲ ਦਾ ਗਾਉਂਦੈ। ਜੇ ਉਸ ਨੂੰ ਚੰਗੇ ਸ਼ਾਇਰਾਂ ਦੇ ਗੀਤ ਮਿਲ ਜਾਣ ਤਾਂ ਉਸ ਦੀ ਬੜੀ ਛੇਤੀ ਬੱਲੇ-ਬੱਲੇ ਹੋ ਸਕਦੀ ਐ।” ਮੈਂ ਗਾਇਕ ਦਾ ਨਾਂ ਪੁਛਿਆ ਤਾਂ ਉਸ ਨੇ ਦੱਸਿਆ, “ਉਹ ਏਧਰ ਜਲੰਧਰ ਨੇੜਲੇ ਇਕ ਪਿੰਡ ਦਾ ਈ ਮੁੰਡਾ ਐ, ਹੰਸ ਰਾਜ ਹੰਸ।” (ਸੱਚੀ ਹੀ ਬਾਅਦ ਵਿਚ ਹੰਸ ਰਾਜ ਹੰਸ ਪੰਜਾਬੀ ਦਾ ਵੱਡਾ ਗਾਇਕ ਬਣ ਕੇ ਉਭਰਿਆ ਅਤੇ ਹੁਣ ਮੈਂਬਰ ਪਾਰਲੀਮੈਂਟ ਵੀ ਬਣ ਗਿਆ ਹੈ)।
ਅਸੀਂ ਜਲੰਧਰੋਂ ਵਾਪਸ ਆ ਕੇ ਰੇਡੀਓ ਸਟੇਸ਼ਨ ਦੀ ਚਿੱਠੀ ਉਡੀਕਣ ਲੱਗੇ। ਅਖੀਰ ਮਹੀਨੇ ਕੁ ਬਾਅਦ ਡਾਕੀਏ ਨੇ ਦਿਲਸ਼ਾਦ ਦੇ ਘਰ ਰੇਡੀਓ ਸਟੇਸ਼ਨ ਦੀ ਚਿੱਠੀ ਫੜਾਈ ਤਾਂ ਸਭ ਇਹ ਪੜ੍ਹ ਕੇ ਖੁਸ਼ ਹੋਏ ਕਿ ਦਿਲਸ਼ਾਦ ਨੂੰ ਰੇਡੀਓ ‘ਤੇ ਗਾਉਣ ਲਈ ਚੁਣ ਲਿਆ ਸੀ ਅਤੇ ਤਿੰਨ ਗੀਤਾਂ ਦੀ ਰਿਕਾਰਡਿੰਗ ਕਰਵਾਉਣ ਲਈ ਤਾਰੀਕ ਵੀ ਦਿੱਤੀ ਗਈ ਸੀ।
ਦਿੱਤੀ ਗਈ ਮਿਤੀ ਨੂੰ ਮੈਂ ਅਤੇ ਦਿਲਸ਼ਾਦ ਸਮੇਂ ਸਿਰ ਰੇਡੀਓ ਸਟੇਸ਼ਨ ਪਹੁੰਚ ਗਏ। ਜਦ ਕਲਸੀ ਸਾਹਿਬ ਨੂੰ ਮਿਲੇ ਤਾਂ ਉਨ੍ਹਾਂ ਤੋਂ ਪਤਾ ਲੱਗਾ ਕਿ ਰੇਡੀਓ ‘ਤੇ ਕਿਸੇ ਪੁਰਾਣੇ ਸ਼ਾਇਰ ਜਾਂ ਰੇਡੀਓ ਵਲੋਂ ਮਾਨਤਾ ਪ੍ਰਾਪਤ ਗੀਤਕਾਰ ਦੇ ਗੀਤ ਹੀ ਗਾਏ ਜਾ ਸਕਦੇ ਹਨ। ਉਨ੍ਹਾਂ ਸਾਨੂੰ ਪੰਜਾਬੀ ਦੇ ਦਸ-ਬਾਰਾਂ ਗੀਤਕਾਰਾਂ ਬਾਰੇ ਦੱਸਿਆ, ਜੋ ਮਾਨਤਾ ਪ੍ਰਾਪਤ ਗੀਤਕਾਰ ਸਨ। ਮੇਰੇ ਮਨ ਨੂੰ ਇਸ ਗੱਲ ਨੇ ਠੇਸ ਪਹੁੰਚਾਈ। ਦਿਲ ‘ਚ ਪ੍ਰਬਲ ਇੱਛਾ ਸੀ ਕਿ ਮੇਰੇ ਗੀਤ ਰੇਡੀਓ ਸਟੇਸਨ ਤੋਂ ਨਸ਼ਰ ਹੋਣ। ਉਦੋਂ ਤਕ ਪੇਂਡੂ ਖੇਤਰ ਵਿਚ ਟੀ. ਵੀ. ਬਹੁਤਾ ਪ੍ਰਚਲਿਤ ਨਹੀਂ ਸੀ ਹੋਇਆ, ਲੋਕ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਕਾਫੀ ਸੁਣਦੇ ਸਨ। ਰੇਡੀਓ ਤੋਂ ਗੀਤ ਬ੍ਰਾਡਕਾਸਟ ਹੋਣ ਨਾਲ ਗਾਇਕ ਅਤੇ ਗੀਤਕਾਰ ਨੂੰ ਖੂਬ ਮਕਬੂਲੀਅਤ ਮਿਲਦੀ ਸੀ। ਰੇਡੀਓ ਤੋਂ ਗਾਉਣ ਵਾਲੇ ਗਾਇਕ ਹੋਰਨਾਂ ਨਾਲੋਂ ਆਪਣਾ ਵਡੱਪਣ ਦਿਖਾਉਣ ਲਈ ਆਪਣੇ ਆਪ ਨੂੰ ‘ਰੇਡੀਓ ਸਿੰਗਰ’ ਆਖ ਕੇ ਖੁਸ਼ੀ ਮਹਿਸੂਸ ਕਰਦੇ ਸਨ। ਦਿਲਸ਼ਾਦ ਕੋਲ ਕਿਸੇ ਹੋਰ ਗੀਤਕਾਰ ਦੇ ਗੀਤ ਨਾ ਹੋਣ ਕਾਰਨ ਮਜਬੂਰੀ ਵੱਸ ਉਸ ਨੂੰ ਮੇਰੇ ਗੀਤ ਬਾਬੂ ਸਿੰਘ ਮਾਨ ਦੇ ਕਹਿ ਕੇ ਗਾਉਣੇ ਪਏ।
ਬਾਅਦ ਵਿਚ ਮੈਂ ਇਕ ਵਾਰ ਰੇਡੀਓ ਸਟੇਸ਼ਨ ‘ਤੇ ਕਾਵਿ-ਪਾਠ ਲਈ ਗਿਆ ਤਾਂ ਹਰਭਜਨ ਸਿੰਘ ਬਟਾਲਵੀ ਨੂੰ ਮਿਲ ਕੇ ਇਸ ਵਿਸ਼ੇ ਬਾਰੇ ਗਿਲਾ ਜਾਹਰ ਕੀਤਾ। ਉਹ ਕਹਿਣ ਲੱਗੇ, “ਕੰਮੇਆਣਾ ਜੀ! ਇਨ੍ਹੀਂ ਦਿਨੀਂ ਪੰਜਾਬੀ ਪ੍ਰੋਗਰਾਮਾਂ ਦਾ ਸਾਰਾ ਕਾਰ-ਮੁਖਤਿਆਰ ਮੇਰੇ ਕੋਲ ਆ। ਮੀਸ਼ਾ ਜੀ (ਪੰਜਾਬੀ ਕਵੀ ਸੋਹਣ ਸਿੰਘ) ਛੁੱਟੀ ਲੈ ਕੇ ਵਿਦੇਸ਼ ਦੌਰੇ ‘ਤੇ ਗਏ ਹੋਏ ਨੇ। ਤੁਹਾਨੂੰ ਜੇ ਜ਼ੁਬਾਨੀ ਯਾਦ ਹਨ ਤਾਂ ਆਪਣੇ ਅੱਠ ਗੀਤ ਮੈਨੂੰ ਲਿਖ ਕੇ ਦੇ ਦਿਓ।”
ਮੈਂ ਬਟਾਲਵੀ ਸਾਹਿਬ ਤੋਂ ਕਾਗਜ਼ ਲੈ ਕੇ ਅੱਠ ਗੀਤ ਲਿਖ ਦਿੱਤੇ। ਉਨ੍ਹਾਂ ਮੈਥੋਂ ਅਰਜ਼ੀ ਲਿਖਵਾਈ ਅਤੇ ਗੀਤ ਉਸ ਨਾਲ ਨੱਥੀ ਕਰ ਕੇ ਡਾਕ ਨੂੰ ਮਾਰਕ ਕਰ ਦਿੱਤੀ। ਮੈਂ ਰੇਡੀਓ ਸਟੇਸ਼ਨ ਦੇ ਸੰਗੀਤ ਸੈਕਸ਼ਨ ਦੇ ਇੰਚਾਰਜ ਬਲਬੀਰ ਸਿੰਘ ਕਲਸੀ ਨੂੰ ਵੀ ਇਸ ਬਾਬਤ ਮਿਲਿਆ। ਮਨ ਵਿਚ ਆਸ ਲੈ ਕੇ ਮੈਂ ਜਲੰਧਰੋਂ ਪਿੰਡ ਵਾਪਸ ਆ ਗਿਆ।
ਕੁਝ ਸਮਾਂ ਬੀਤਣ ਪਿਛੋਂ ਮੈਨੂੰ ਰੇਡੀਓ ਸਟੇਸ਼ਨ ਦੀ ਚਿੱਠੀ ਮਿਲੀ। ਮੈਂ ਮਾਨਤਾ ਪ੍ਰਾਪਤ ਗੀਤਕਾਰ ਬਣ ਗਿਆ ਸੀ। ਰੇਡੀਓ ਸਟੇਸ਼ਨ ਵਲੋਂ ਭੇਜੇ ਗਏ ਐਗਰੀਮੈਂਟ ਫਾਰਮ ‘ਤੇ ਦਸਤਖਤ ਕਰ ਕੇ ਮੈਂ ਜਵਾਬੀ ਚਿੱਠੀ ਜਲੰਧਰ ਭੇਜ ਦਿੱਤੀ।

1981-82 ਦੇ ਇਨ੍ਹਾਂ ਸਮਿਆਂ ਵਿਚ ਭਾਵੇਂ ਪੰਜਾਬ ਵਿਚ ਵੀ ਇਕਾ-ਦੁਕਾ ਰਿਕਾਰਡਿੰਗ ਕੰਪਨੀਆਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ, ਫਿਰ ਵੀ ਅਜੇ ਤਕ ਐਚ. ਐਮ. ਵੀ. ਨਵੀਂ ਦਿੱਲੀ ਦੀ ਇਸ ਖੇਤਰ ਵਿਚ ਸਰਦਾਰੀ ਸੀ। ਐਚ. ਐਮ. ਵੀ. ਨੇ ਉਤਰੀ ਭਾਰਤ ਦੀਆਂ ਭਾਸ਼ਾਵਾਂ ਦੇ ਗੀਤ-ਸੰਗੀਤ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਇਕ ਸਮੇਂ ਇਤਿਹਾਸਕ ਰੋਲ ਅਦਾ ਕੀਤਾ ਹੈ। ਕੋਲੰਬੀਆ, ਕੋਹਿਨੂਰ ਆਦਿ ਜਿਹੀਆਂ ਕੰਪਨੀਆਂ ਨੇ ਵੀ ਪੰਜਾਬੀ ਗਾਇਕੀ ਦੇ ਤਵੇ (ਡਿਸਕ) ਰਿਕਾਰਡ ਕਰ ਕੇ ਕੱਢੇ, ਪਰ ਐਚ. ਐਮ. ਵੀ. ਦੀ ਸਰਦਾਰੀ ਨੂੰ ਕੋਈ ਨਾ ਤੋੜ ਸਕਿਆ। ਪਿਛੋਂ ਕੋਲੰਬੀਆ ਕੰਪਨੀ ਵੀ ਐਚ. ਐਮ. ਵੀ. ਦੇ ਪ੍ਰਬੰਧ ਅਧੀਨ ਆ ਗਈ। ਗਾਇਕ ਇਸ ਕੰਪਨੀ ਦਫਤਰ ਦੇ ਗੇੜੇ ਲਾਉਂਦੇ ਥੱਕ ਜਾਂਦੇ, ਤੇ ਕਿਸੇ ਕਿਸੇ ਨੂੰ ਹੀ ਇਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦਾ ਥਾਪੜਾ ਪ੍ਰਾਪਤ ਹੁੰਦਾ। ਜਿਸ ਗਾਇਕ ਦੀ ਰਿਕਾਰਡਿੰਗ ਐਚ. ਐਮ. ਵੀ. ਵਿਚ ਹੋ ਜਾਂਦੀ, ਉਹ ਦਿਨਾਂ ਵਿਚ ਹੀ ਪੰਜਾਬ ਦਾ ਪ੍ਰਸਿੱਧ ਗਾਇਕ ਬਣ ਜਾਂਦਾ। ਲੋਕ ਵਿਆਹ-ਸ਼ਾਦੀ ਸਮੇਂ ਉਸ ਦਾ ਅਖਾੜਾ ਲਵਾ ਕੇ ਮਾਣ ਮਹਿਸੂਸ ਕਰਦੇ। ਮੇਰੀ ਜਾਣਕਾਰੀ ਅਨੁਸਾਰ ਕੰਪਨੀ ਜਿਸ ਗਾਇਕ ਨੂੰ ਰਿਕਾਰਡ ਕਰਦੀ, ਉਸ ਨੂੰ ਆਉਣ-ਜਾਣ ਦਾ ਫਸਟ ਕਲਾਸ ਰੇਲਵੇ ਦਾ ਕਿਰਾਇਆ ਦਿੰਦੀ, ਰਿਕਾਰਡ ਦੀ ਵਿਕਰੀ ਅਨੁਸਾਰ ਗਾਇਕ ਤੇ ਗੀਤਕਾਰ ਨੂੰ ਰਾਇਲਟੀ ਭੇਜਦੀ ਰਹਿੰਦੀ (5 ਫੀਸਦੀ ਗਾਇਕ ਤੇ 3 ਫੀਸਦੀ ਗੀਤਕਾਰ ਨੂੰ)। ਉਨ੍ਹਾਂ ਸਮਿਆਂ ਵਿਚ ਇਹ ਵਿਕ ਵੀ ਹਜ਼ਾਰਾਂ ਤਕ ਜਾਂਦੀ ਸੀ। ਜਿਨ੍ਹਾਂ ਗਾਇਕਾਂ ਨੂੰ ਐਚ. ਐਮ. ਵੀ. ਵਿਚ ਮੌਕਾ ਨਾ ਮਿਲਦਾ, ਉਹ ਏਧਰ ਓਧਰ ਹੱਥ ਪੱਲਾ ਮਾਰਦੇ। ਅਜਿਹੇ ਨਵੇਂ ਗਾਇਕਾਂ ਦੀ ਰਿਕਾਰਡਿੰਗ ਕਰਨ ਵਾਲੀ ਵਰਮਾ ਕੰਪਨੀ ਕਦੇ ਮੋਗੇ ਖੁੱਲ੍ਹੀ ਸੀ, ਪਰ ਕੁਝ ਤਵੇ (ਡਿਸਕ) ਕੱਢ ਕੇ ਬੰਦ ਹੋ ਗਈ। ਗੁਰਪਾਲ ਸਿੰਘ ਪਾਲ ਦਾ ਪ੍ਰਸਿਧ ਗੀਤ ‘ਪਾਲੀ ਪਾਣੀ ਖੂਹ ਤੋਂ ਭਰੇ’ ਵਰਮਾ ਕੰਪਨੀ ਨੇ ਹੀ ਰਿਕਾਰਡ ਕੀਤਾ ਸੀ।
ਮੈਂ ਤੇ ਦਿਲਸ਼ਾਦ ਅਖਤਰ ਇਕ ਦਿਨ ਸਵੇਰ ਵੇਲੇ ਜਨਤਾ ਐਕਸਪ੍ਰੈਸ ਟ੍ਰੇਨ ‘ਤੇ ਸਵਾਰ ਹੋ ਕੇ ਕੋਟਕਪੂਰਿਓਂ ਦਿੱਲੀ ਵਲ ਚੱਲ ਪਏ। ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਪਹੁੰਚ ਕੇ ਦਰਿਆਗੰਜ ਚੌਕ ਤਕ ਰਿਕਸ਼ਾ ਲਿਆ ਅਤੇ ਉਥੋਂ ਪੈਦਲ ਚੱਲ ਕੇ ਨੇੜੇ ਹੀ ਸਥਿਤ ਭਰਤਪੁਰ ਰੋਡ ‘ਤੇ ਐਚ. ਐਮ. ਵੀ. ਦੇ ਦਫਤਰ ਚਲੇ ਗਏ। ਅਸੀਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜ਼ਹੀਰ ਅਹਿਮਦ ਨੂੰ ਮਿਲੇ। ਉਨ੍ਹਾਂ ਕੰਪਨੀ ਨਾਲ ਸਬੰਧਤ ਹੰਢੇ ਵਰਤੇ ਸਾਜ਼ਿੰਦਿਆਂ ਦੀ ਸੰਗਤ ਵਿਚ ਦਿਲਸ਼ਾਦ ਨੂੰ ਸੁਣਿਆ ਅਤੇ ਸਾਨੂੰ ਰਿਕਾਰਡਿੰਗ ਲਈ ਤਾਰੀਕ ਦੇ ਦਿੱਤੀ। ਅਸੀਂ ਉਹ ਰਾਤ ਦਿੱਲੀ ਦੇ ਇਕ ਹੋਟਲ ਵਿਚ ਗੁਜ਼ਾਰ ਕੇ (ਰਾਤ ਨੂੰ ਅੰਮ੍ਰਿਤਾ ਪ੍ਰੀਤਮ ਨਾਲ ਫੋਨ ‘ਤੇ ਕਾਫੀ ਗੱਲਾਂ ਹੋਈਆਂ ਪਰ ਉਨ੍ਹਾਂ ਦੇ ਕਿਧਰੇ ਹੋਰ ਰੁਝੇਵੇਂ ਕਾਰਨ ਮਿਲਾਪ ਨਹੀਂ ਹੋ ਸਕਿਆ) ਅਗਲੇ ਦਿਨ ਵਾਪਸ ਆ ਗਏ।
ਦਿੱਤੀ ਮਿਤੀ ਨੂੰ ਮੈਂ, ਦਿਲਸ਼ਾਦ ਤੇ ਗੁਰਾਂਦਿੱਤਾ ਕੰਪਨੀ ਦੇ ਸਟੂਡੀਓ ਪਹੁੰਚ ਗਏ। ਕੰਪਨੀ ਦਾ ਦਫਤਰ ਅਤੇ ਸਟੂਡੀਓ ਇਕੋ ਹੀ ਬਿਲਡਿੰਗ ਵਿਚ ਸੀ। ਉਦੋਂ ਸਟੂਡੀਓ ਵਿਚ ਏਅਰ ਕੰਡੀਸ਼ਨਰ ਦੀ ਸਹੂਲਤ ਨਾ ਹੋਣ ਕਾਰਨ ਗਰਮੀ ਹੋਣ ਕਾਰਨ ਰਿਕਾਰਡਿੰਗ ਕਾਫੀ ਔਖੀ ਹੁੰਦੀ ਸੀ, ਕਿਉਂਕਿ ਰਿਕਾਰਡਿੰਗ ਸਮੇਂ ਪੱਖੇ ਬੰਦ ਕਰਨ ਪਿਛੋਂ ਸਟੂਡੀਓ ਵਿਚਲਾ ਹੁੰਮਸ ਗਾਇਕ ਤੇ ਸਾਜ਼ਿੰਦਿਆਂ ਨੂੰ ਪਸੀਨੋ-ਪਸੀਨੀ ਕਰ ਦਿੰਦਾ ਸੀ। ਜਦੋਂ ਕਿਸੇ ਗੀਤ ਦੀ ਰਿਕਾਰਡਿੰਗ ਸਮੇਂ ਵਾਰ-ਵਾਰ ਰੀ-ਟੇਕ ਲੈਣੀ ਪੈਂਦੀ ਤਾਂ ਸਾਰੇ ਬੜਾ ਔਖਾ ਮਹਿਸੂਸ ਕਰਦੇ।
ਦਿਲਸ਼ਾਦ ਨੇ ਕਿਸੇ ਹੰਢੇ ਹੋਏ ਗਾਇਕ ਵਾਂਗ ਰਿਕਾਰਡਿੰਗ ਕਰਵਾਈ। ਬਸ ਇਕ ਅੱਧੇ ਗੀਤ ‘ਤੇ ਮਾੜੀ ਮੋਟੀ ਰੀ-ਟੇਕ ਲੈਣੀ ਪਈ, ਪਰ ਉਦੋਂ ਹੁਣ ਵਾਂਗ ਜਿਥੋਂ ਨੁਕਸ ਪਿਆ, ਉਥੋਂ ਹੀ ਫਿਰ ਰਿਕਾਰਡਿੰਗ ਸ਼ੁਰੂ ਕਰਨ ਦੀ ਥਾਂ ਵੰਨ ਟਰੈਕ ਸਟੂਡੀਓ ਹੋਣ ਕਾਰਨ ਸਾਰਾ ਗੀਤ ਮੁੱਢੋਂ ਸੁੱਢੋਂ ਹੀ ਰਿਕਾਰਡ ਕਰਨਾ ਪੈਂਦਾ ਸੀ (ਅਜੋਕੇ ਮਲਟੀ ਟਰੈਕ ਸਟੂਡੀਓ ਵਿਚ ਰਿਕਾਰਡਿੰਗ ਕਰਨੀ ਪਹਿਲਾਂ ਨਾਲੋਂ ਬਹੁਤ ਆਸਾਨ ਹੋ ਗਈ ਹੈ; ਭਾਵੇਂ ਇਕ-ਇਕ ਪੰਕਤੀ ਗਾ ਕੇ ਰਿਕਾਰਡਿੰਗ ਕਰਵਾ ਲਵੋ। ਜਿਥੋਂ ਗਲਤੀ ਹੋਈ ਹੈ, ਗੀਤ ਦਾ ਓਨਾ ਕੁ ਹਿੱਸਾ ਹੀ ਮੁੜ ਗਾਉਣਾ ਪੈਂਦਾ ਹੈ)। ਕੰਪਨੀ ਨੇ ਈ. ਪੀ. ਰਿਕਾਰਡ ਕੱਢਣ ਲਈ ਦਿਲਸ਼ਾਦ ਦੀ 10 ਮਿੰਟ ਦੀ ਰਿਕਾਰਡਿੰਗ ਕੀਤੀ। ਉਦੋਂ ਗੀਤਾਂ ਨੂੰ ਰਿਕਾਰਡ ਦੇ ਸਮੇਂ ਅਨੁਸਾਰ ਢਾਲ ਕੇ ਰਿਕਾਰਡ ਕੀਤਾ ਜਾਂਦਾ ਸੀ, ਭਾਵ ਪਹਿਲਾਂ ਰਿਹਰਸਲ ਕਰ ਕੇ ਸਮਾਂ ਨੋਟ ਕੀਤਾ ਜਾਂਦਾ ਸੀ, ਫਿਰ ਸਮਾਂ ਘਟਾਉਣ ਜਾਂ ਵਧਾਉਣ ਲਈ ਸੰਗੀਤਕ ਸਾਜ਼ਾਂ ਦੇ ਵੱਜਣ ਦੇ ਸਮੇਂ ਨੂੰ ਜਾਂ ਗੀਤ ਦਾ ਕੋਈ ਬੋਲ ਘਟਾ ਕੇ ਜਾਂ ਦੁਹਰਾ ਕੇ ਗੀਤ ਨੂੰ ਮਿਥੇ ਸਮੇਂ ਅਨੁਸਾਰ ਕਰ ਲਿਆ ਜਾਂਦਾ ਸੀ। ਢਾਈ ਮਿੰਟ ਦਾ ਇਕ ਗੀਤ ਰਿਕਾਰਡ ਕਰਦੇ ਸਨ।
ਇਨ੍ਹਾਂ ਸਮਿਆਂ ਵਿਚ ਪੰਜਾਬੀ ਗਾਇਕਾਂ ਦੀ ਘੜਮੱਸ ਅਤੇ ਅੱਗੇ ਵਧਣ ਲਈ ਅਪਨਾਏ ਜਾਂਦੇ ਪੁੱਠੇ ਸਿੱਧੇ ਤਰੀਕਿਆਂ ਕਾਰਨ ਰਿਕਾਰਡਿੰਗ ਕੰਪਨੀਆਂ ਦਾ ਪੁਰਾਣਾ ਸਰੂਪ ਬਦਲਣ ਲੱਗ ਪਿਆ। ਨਵੇਂ ਗਾਇਕ ਆਪਣੀ ਰਿਕਾਰਡਿੰਗ ਕਰਵਾਉਣ ਅਤੇ ਆਪਣਾ ਤਵਾ ਦੂਜਿਆਂ ਤੋਂ ਪਹਿਲਾਂ ਰਿਲੀਜ਼ ਕਰਵਾਉਣ ਲਈ ਕੰਪਨੀ ਨੂੰ ਪੈਸੇ ਦੇ ਕੇ ਆਪਣੇ ਤਵੇ (ਡਿਸਕ) ਦੇ ਆਪ ਹੀ ਪ੍ਰੋਡਿਊਸਰ ਬਣ ਜਾਂਦੇ।
ਜਦੋਂ ਦਿਲਸ਼ਾਦ ਦੀ ਰਿਕਾਡਿੰਗ ਕਾਫੀ ਸਮੇਂ ਤਕ ਰਿਲੀਜ਼ ਨਾ ਕੀਤੀ ਗਈ ਤਾਂ ਉਹ ਦਿੱਲੀ ਜਾ ਕੇ ਜ਼ਹੀਰ ਅਹਿਮਦ ਨੂੰ ਮਿਲਿਆ। ਉਨ੍ਹਾਂ ਦਿਲਸ਼ਾਦ ਨੂੰ ਵੀ ਆਪਣੇ ਤਵੇ ਦਾ ਪ੍ਰੋਡਿਊਸਰ ਬਣਨ ਲਈ ਕਿਹਾ ਅਤੇ 9000 ਰੁਪਏ ਮੰਗੇ। ਦਿਲਸ਼ਾਦ ਅਜੇ ਉਭਰਦਾ ਗਾਇਕ ਸੀ। ਉਸ ਕੋਲ ਅਜੇ ਮਾਇਆ ਨਹੀਂ ਸੀ ਆਈ। ਉਹ ਤਾਂ ਅਕਸਰ ਕਿਹਾ ਕਰਦਾ ਸੀ, “ਧਰਮ, ਕਦੇ ਮੈਂ ਵੀ ਹੋਰਨਾਂ ਗਾਇਕਾਂ ਵਾਂਗ ਕਾਰ ‘ਤੇ ਅਖਾੜਾ ਲਾਉਣ ਜਾਇਆ ਕਰੂੰ ਕਿ ਬਸ ਏਵੇਂ ਬੀਤ ਜੂੰ!” ਮੈਂ ਹੌਸਲਾ ਦਿੰਦਾ, “ਦਿਲ ਰੱਖ, ਤੇਰਾ ਵੀ ਜ਼ਮਾਨਾ ਆਏਗਾ।” ਉਸ ਨੇ ਮੈਨੂੰ ਕਿਹਾ ਕਿ ਤੂੰ ਇਹ ਪੈਸੇ ਦੇ ਦੇ ਪਰ ਮੇਰਾ ਤਰਕ ਸੀ ਕਿ ਪ੍ਰਸਿਧ ਹੋ ਕੇ ਗਾਇਕ ਨੇ ਹੀ ਮਾਇਆ ਕਮਾਉਣੀ ਹੁੰਦੀ ਹੈ, ਗੀਤਕਾਰ ਦੇ ਪੱਲੇ ਤਾਂ ਫੋਕਾ ਨਾਂ ਹੀ ਰਹਿ ਜਾਂਦਾ ਹੈ, ਇਸ ਲਈ ਇਹ ਝਾਲ ਤਾਂ ਤੈਨੂੰ ਹੀ ਝੱਲਣੀ ਚਾਹੀਦੀ ਹੈ। ਉਂਜ ਵੀ ਮੈਂ ਵਿਦਿਆਰਥੀ ਸਾਂ ਅਤੇ ਸਾਂਝੇ ਪਰਿਵਾਰ ਵਿਚੋਂ ਏਨੀ ਰਕਮ ਇਸ ਮਕਸਦ ਲਈ ਮੰਗਣੀ ਮੁਸ਼ਕਿਲ ਸੀ। ਇਉਂ ਦਿਲਸ਼ਾਦ ਦੀ ਇਹ ਰਿਕਾਰਡਿੰਗ ਰੀਲ ਵਿਚ ਹੀ ਬੰਦ ਰਹਿ ਗਈ।

ਇਸ ਸਮੇਂ ਦੌਰਾਨ ਗੀਤਾਂ ਦੇ ਨਾਲ-ਨਾਲ ਮੈਂ ਕਵਿਤਾਵਾਂ ਵੀ ਲਿਖਦਾ ਰਿਹਾ, ਜੋ ਪੰਜਾਬੀ ਦੇ ਮੁੱਖ ਰਸਾਲਿਆਂ ਤੇ ਅਖਬਾਰਾਂ ਵਿਚ ਛਪਦੀਆਂ ਰਹੀਆਂ। ਮੇਰੀਆਂ ਇਨ੍ਹਾਂ ਕਵਿਤਾਵਾਂ ਦਾ ਬਹੁਤਾ ਵਿਸ਼ਾ-ਵਸਤੂ ਕਿਸਾਨੀ ਦੀ ਕੰਗਾਲੀ ‘ਤੇ ਆਧਾਰਿਤ ਹੈ। ਇਹ ਕਵਿਤਾਵਾਂ ਪ੍ਰਗਤੀਵਾਦੀ ਆਸ਼ੇ ਦੇ ਅਨੁਸਾਰੀ ਸਿਰਜੀਆਂ ਗਈਆਂ ਹਨ, ਜੋ ਕਿਸਾਨਾਂ-ਮਜ਼ਦੂਰਾਂ ਨੂੰ ਆਪਣੀ ਲੁੱਟ-ਖਸੁੱਟ ਬਾਰੇ ਜਾਗਰੂਕ ਹੋਣ ਲਈ ਪ੍ਰੇਰਦੀਆਂ ਹਨ। ਨਾਗਮਣੀ, ਆਰਸੀ, ਸਿਰਜਣਾ, ਪ੍ਰੀਤ ਲੜੀ ਅਤੇ ਲੋਅ ਵਰਗੇ ਪ੍ਰਸਿਧ ਰਸਾਲਿਆਂ ਵਿਚ ਮੇਰੀਆਂ ਕਵਿਤਾਵਾਂ ਛਪਦੀਆਂ। ਨਾਗਮਣੀ ਦੀ ਸੰਪਾਦਕ ਅੰਮ੍ਰਿਤਾ ਪ੍ਰੀਤਮ, ਆਰਸੀ ਦੇ ਸੰਪਾਦਕ ਭਾਪਾ ਪ੍ਰੀਤਮ ਸਿੰਘ, ਸਿਰਜਣਾ ਦੇ ਸੰਪਾਦਕ ਡਾ. ਰਘਬੀਰ ਸਿੰਘ, ਪ੍ਰੀਤ ਲੜੀ ਦੇ ਸੰਸਥਾਪਕ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਲੋਅ ਦੇ ਸੰਪਾਦਕ ਪ੍ਰਸਿਧ ਸ਼ਾਇਰ ਪ੍ਰਮਿੰਦਰਜੀਤ ਸਨ।
ਇਕ ਦਿਨ ਫਰੀਦਕੋਰਟ ਵਿਚ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਮੰਚਨ ਸੀ। ਮੈਂ ਵੀ ਪ੍ਰੋਗਰਾਮ ਦੇਖਣ ਚਲਾ ਗਿਆ। ਗੁਰਸ਼ਰਨ ਸਿੰਘ ਨੇ ਨਾਟਕ ਲਿਖਣ ਅਤੇ ਖੇਡਣ ਦੇ ਨਾਲ-ਨਾਲ ਪੰਜਾਬੀ ਪਾਠਕਾਂ ਤਕ ਮਿਆਰੀ ਪੁਸਤਕਾਂ ਸਸਤੀ ਕੀਮਤ ‘ਤੇ ਪਹੁੰਚਾਉਣ ਲਈ ਆਪਣੇ ਮਰਹੂਮ ਮਿੱਤਰ, ਪ੍ਰਸਿਧ ਪੰਜਾਬੀ ਲੇਖਕ ਅਤੇ ਹਿੰਦੀ ਫਿਲਮਾਂ ਦੇ ਅਦਾਕਾਰ ਬਲਰਾਜ ਸਾਹਨੀ ਦੇ ਨਾਂ ‘ਤੇ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਖੋਲ੍ਹਿਆ ਹੋਇਆ ਸੀ ਜਿਸ ਨੂੰ ਹੁਣ ਬਠਿੰਡਾ ਤੋਂ ਕਹਾਣੀਕਾਰ ਅਤਰਜੀਤ ਚਲਾ ਰਹੇ ਹਨ। ਜਦ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਹ ਕਹਿਣ ਲੱਗੇ, “ਧਰਮ, ਪਿਛਲੇ ਸਮਿਆਂ ਵਿਚ ਰਸਾਲਿਆਂ ਵਿਚ ਤੇਰੀਆਂ ਕਈ ਵਧੀਆ ਕਵਿਤਾਵਾਂ ਪੜ੍ਹੀਆਂ ਨੇ। ਤੂੰ ਇੰਜ ਕਰ, ਇਨ੍ਹਾਂ ਨੂੰ ਇਕੱਠੀਆਂ ਕਰ ਕੇ ਖਰੜਾ ਮੈਨੂੰ ਦੇ ਦੇਹ। ਮੈਂ ਤੇਰੀ ਕਿਤਾਬ ਛਾਪਾਂਗਾ। ਤੈਨੂੰ 10 ਫੀਸਦੀ ਰਾਇਲਟੀ ਦੇ ਦਿਆਂਗਾ।”
ਮੈਂ ਖਰੜਾ ਤਿਆਰ ਕਰ ਕੇ ਇਸ ਦਾ ਨਾਂ ‘ਮੈਨੂੰ ਹੱਸਣਾ ਭੁੱਲ ਗਿਆ ਮਾਂ!’ ਰੱਖਿਆ। ਭਾਅ ਜੀ (ਗੁਰਸ਼ਰਨ ਸਿੰਘ) ਨੇ 1982 ਵਿਚ 80 ਪੰਨਿਆਂ ਦੀ ਇਹ ਪੁਸਤਕ ਛਾਪ ਕੇ ਕੀਮਤ 3 ਰੁਪਏ ਰੱਖੀ। ਜੇ ਕੋਈ ਉਨ੍ਹਾਂ ਤੋਂ ਖਰੀਦਦਾ ਤਾਂ ਉਹ 2 ਰੁਪਏ ਵਿਚ ਹੀ ਦੇ ਦਿੰਦੇ। ਇਹ ਪੁਸਤਕ ਹਜ਼ਾਰਾਂ ਦੀ ਗਿਣਤੀ ਵਿਚ ਵਿਕੀ।
ਸਾਹਿਤ ਸਭਾ, ਕੋਟਕਪੁਰਾ ਵਲੋਂ ਜਦ ਮੇਰੀ ਪੁਸਤਕ ‘ਮੈਨੂੰ ਹੱਸਣਾ ਭੁੱਲ ਗਿਆ ਮਾਂ!’ ਰਿਲੀਜ਼ ਕੀਤੀ ਗਈ ਤਾਂ ਪ੍ਰਧਾਨਗੀ ਮੰਡਲ ਵਿਚ ਜਸਵੰਤ ਸਿੰਘ ਕੰਵਲ, ਪ੍ਰੋ. ਕਿਸ਼ਨ ਸਿੰਘ, ਦੇਵਿੰਦਰ ਸਤਿਆਰਥੀ, ਗੁਰਸ਼ਰਨ ਸਿੰਘ ਅਤੇ ਗੁਰਚਰਨ ਰਾਮਪੁਰੀ ਸ਼ਾਮਲ ਸਨ (ਕਿਤਾਬ ਦੀਆਂ 200 ਕਾਪੀਆਂ ਉਸੇ ਵਕਤ ਵਿਕ ਗਈਆਂ)। ਬਾਅਦ ਵਿਚ ਇਸੇ ਸਭਾ ਵਲੋਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਵਿਚ ਇਸ ਕਿਤਾਬ ‘ਤੇ ਭਾਵਪੂਰਤ ਗੋਸ਼ਟੀ ਵੀ ਕਰਵਾਈ ਗਈ।
ਪ੍ਰੋ. ਕਿਸ਼ਨ ਸਿੰਘ ਅਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵਿਚਾਲੇ ਵਿਚਾਰਧਾਰਕ ਨੋਕ-ਝੋਕ ਚੱਲਦੀ ਰਹਿੰਦੀ ਸੀ। ਪ੍ਰੋ. ਕਿਸ਼ਨ ਸਿੰਘ ਗੁਰਬਾਣੀ ਦੇ ਰੂਹਾਨੀ ਫਲਸਫੇ ਦਾ ਮਾਰਕਸਵਾਦ ਨਾਲ ਸਬੰਧ ਜੋੜਦਾ ਸੀ। ਉਸ ਦੀ ਆਲੋਚਨਾ ਦੀ ਇਕ ਪੁਸਤਕ ਦਾ ਨਾਂ ਵੀ ‘ਗੁਰਬਾਣੀ ਤੇ ਮਾਰਕਸਵਾਦ’ ਹੈ। ਪ੍ਰਿੰਸੀਪਲ ਸੇਖੋਂ ਪ੍ਰੋ. ਕਿਸ਼ਨ ਸਿੰਘ ਦੀ ਇਸ ਧਾਰਨਾ ਨੂੰ ਗੈਰ ਵਿਗਿਆਨਕ ਸਮਝਦਾ ਸੀ। ਉਸ ਅਨੁਸਾਰ ਗੁਰਬਾਣੀ ਮੱਧ-ਯੁੱਗ ਦੀ ਕਾਵਿ-ਸਿਰਜਣਾ ਹੈ ਅਤੇ ਮਾਰਕਸਵਾਦ ਆਧੁਨਿਕ ਸਰਮਾਏਦਾਰੀ ਦੌਰ ਦੀ ਉਪਜ ਹੈ। ਦੋਹਾਂ ਫਲਸਫਿਆਂ ਦਾ ਧਰਾਤਲ ਵੱਖਰਾ ਹੈ, ਇਨ੍ਹਾਂ ਵਿਚ ਸਮਾਨਤਾ ਵਾਲੀ ਕੋਈ ਗੱਲ ਨਹੀਂ।
ਪ੍ਰੋ. ਕਿਸ਼ਨ ਸਿੰਘ ਦੀ ਇਕ ਆਪੇ ਬਣਾਈ ਧਾਰਨਾ ਦਾ ਵੀ ਮੈਨੂੰ ਚੇਤਾ ਆ ਰਿਹਾ ਹੈ। ਇਕ ਮਿਲਣੀ ਸਮੇਂ ਕਹਿਣ ਲੱਗਾ, “ਧਰਮ, ਮੈਂ ਉਸ ਲੇਖਕ ਬਾਰੇ ਲਿਖਦਾ ਹਾਂ, ਜਿਸ ਦੀ ਉਮਰ ਚਾਲੀ ਸਾਲ ਤੋਂ ਵੱਧ ਹੋਵੇ।”
“ਪ੍ਰੋ. ਸਾਹਿਬ ਇਹ ਕੀ ਮਾਪਦੰਡ ਆ?” ਮੈਂ ਹੈਰਾਨੀ ਪ੍ਰਗਟ ਕੀਤੀ।
“ਚੜ੍ਹਦੀ ਜਵਾਨੀ ‘ਚ ਬਹੁਤ ਲੇਖਕ ਬਣਦੇ ਆ, ਪਰ ਬਾਅਦ ਵਿਚ ਕਬੀਲਦਾਰੀ ‘ਚ ਸ਼ੌਕ ਰੁਕ ਜਾਂਦੈ। ਜਿਨ੍ਹਾਂ ਵਿਚ ਪ੍ਰਤਿਭਾ ਹੁੰਦੀ ਹੈ, ਉਹ ਨਿਰੰਤਰ ਲਿਖਦੇ ਰਹਿੰਦੇ ਆ। ਫਿਰ ਉਨ੍ਹਾਂ ਦੀਆਂ ਰਚਨਾਵਾਂ ਵਲ ਮੇਰਾ ਧਿਆਨ ਜਾਂਦੈ, ਬਈ ਇਹ ਅਸਲ ਲੇਖਕ ਹਨ।”

ਐਚ. ਐਮ. ਵੀ. ਜਿਹੀਆਂ ਵੱਡੀਆਂ ਰਿਕਾਰਡਿੰਗ ਕੰਪਨੀਆਂ ਦੀ ਬੇਰੁਖੀ ਕਾਰਨ ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿਚ ਕਈ ਨਿੱਕੀਆਂ ਵੱਡੀਆਂ ਰਿਕਾਰਡਿੰਗ ਕੰਪਨੀਆਂ ਤੇਜ਼ੀ ਨਾਲ ਖੁੱਲ੍ਹਣ ਲੱਗੀਆਂ। ਹੁਣ ਤਵੇ ਦੀ ਥਾਂ ਕੈਸੇਟ ਦਾ ਰੁਝਾਨ ਬੜੀ ਤੇਜ਼ੀ ਨਾਲ ਹੋ ਰਿਹਾ ਸੀ। ਸਰੋਤੇ ਨਵੀਆਂ-ਨਵੀਆਂ ਕੈਸੇਟਾਂ ਖਰੀਦ ਕੇ ਕੈਸੇਟ ਪਲੇਅਰ (ਲੋਕ ਬੋਲੀ ਅਨੁਸਾਰ ਟੇਪਰਕਾਟ) ਰਾਹੀਂ ਸੁਣਦੇ। ਬਾਕੀ ਕੈਸੇਟਾਂ ਘਰ ਅਤੇ ਲੱਚਰ ਕਿਸਮ ਦੀਆਂ ਕੈਸੇਟਾਂ ਟਿਊਬਵੈਲ ਨਾਲ ਬਣੇ ਕਮਰੇ ‘ਚ ਬੈਠ ਕੇ ਸੁਣੀਆਂ ਜਾਂਦੀਆਂ। ਪਸੂ ਚਾਰਦੇ ਡਾਂਗਰੀ ਸਰਕੜੇ ਦੇ ਕਾਨਿਆਂ ਨਾਲ ਤਾਰਾਂ ਬੰਨ੍ਹ ਕੇ (ਜਿਥੇ ਕਿਤੇ ਵੀ ਪਸੂ ਚਾਰਦੇ ਹੁੰਦੇ) ਕੋਲੋਂ ਲੰਘਦੇ ਬਿਜਲੀ ਦੇ ਖੰਭਿਆਂ ਉਪਰਲੀਆਂ ਤਾਰਾਂ ਉਤੇ ਕਾਨੇ ਟੰਗ ਕੇ ਕੁੰਡੀ ਕਨੈਕਸ਼ਨ ਲਾ ਲੈਂਦੇ ਅਤੇ ਮਨ-ਪਸੰਦ ਗੀਤ ਸੁਣਦੇ। ਵਿਆਹ ਸ਼ਾਦੀਆਂ ਸਮੇਂ ਵੀ ਤਵਿਆਂ ਵਾਲੀ ਮਸ਼ੀਨ (ਡਿਸਕ ਪਲੇਅਰ) ਦੀ ਥਾਂ ਡੈਕ ਖੜਕਣ ਲੱਗ ਪਏ। ਇਉਂ ਉਨ੍ਹਾਂ ਗਾਇਕਾਂ ਦੀ ਵੀ ਲੋਕਾਂ ਨਾਲ ਪਛਾਣ ਕਾਇਮ ਹੋਣ ਲੱਗੀ, ਜਿਨ੍ਹਾਂ ਦੇ ਪਹਿਲਾਂ ਤਵੇ ਨਹੀਂ ਸਨ ਆਏ, ਪਰ ਹੁਣ ਕੈਸੇਟਾਂ ਰਾਹੀਂ ਉਨ੍ਹਾਂ ਦੀ ਗਾਇਕੀ ਪੰਜਾਬੀ ਸਰੋਤਿਆਂ ਦੀਆਂ ਬਰੂਹਾਂ ਉਤੇ ਆ ਗਈ ਸੀ। ਚੰਗੇ ਗਾਇਕ ਅਖਾੜਾ ਲਾਉਣ ਦੇ ਕਈ ਹਜ਼ਾਰ ਰੁਪਏ ਲੈਣ ਲੱਗ ਪਏ ਸਨ।
ਦਿਲਸ਼ਾਦ ਦੀ ਮੁੱਢਲੀ ਪਛਾਣ ਵੀ ਇੰਜ ਹੀ ਬਣਨੀ ਸ਼ੁਰੂ ਹੋਈ। ਉਸ ਦੀ ਗਾਇਕੀ ਦੀ ਇਕ ਨਾਈਟ ਨਾਨਕ ਨੀਰ ਨੇ ਅਬੋਹਰ ਵਿਚ ਕਰਵਾਈ। ਉਸ ਪ੍ਰੋਗਰਾਮ ਦੀ ਰਿਕਾਰਡਿੰਗ ਬਠਿੰਡਾ ਦੀ ਕੈਸੇਟ ਕੰਪਨੀ ਪਾਇਲ ਨੇ ਸਾਥੋਂ ਬਿਨਾ ਪੁੱਛੇ ਹੀ ਰਿਲੀਜ਼ ਕਰ ਦਿੱਤੀ। ਮੇਰਾ ਅਤੇ ਦਿਲਸ਼ਾਦ ਦਾ ਮਕਸਦ ਜਿਵੇਂ ਕਿਵੇਂ ਸਰੋਤਿਆਂ ਤੱਕ ਪਹੁੰਚਣਾ ਸੀ, ਇਸ ਲਈ ਅਸੀਂ ਚੁੱਪ ਹੀ ਰਹੇ। ਭਾਵੇਂ ‘ਤੇਰਾ ਚੁੰਨੀ ਦੇ ਪੱਲੇ ਓਹਲੇ ਹੱਸਣਾ’ ਨਾਂ ਨਾਲ ਕੱਢੀ ਗਈ ਇਸ ਕੈਸੇਟ ਵਿਚ ਮਿਊਜ਼ਿਕ ਦੇ ਨਾਂ ‘ਤੇ ਤਬਲਾ ਤੇ ਬੈਂਜੋ ਹੀ ਸੁਣਦੀ ਸੀ, ਪਰ ਮੇਰੇ ਗੀਤਾਂ ਦੇ ਬੋਲਾਂ ‘ਤੇ ਦਿਲਸ਼ਾਦ ਦੀ ਗਾਇਕੀ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ। ਕੰਪਨੀ ਨੇ ਇਹ ਕੈਸੇਟ ਹਜ਼ਾਰਾਂ ਦੀ ਗਿਣਤੀ ਵਿਚ ਵੇਚੀ। ਚਰਨ ਸਿੰਘ ਬੰਬੀਹਾ ਭਾਈ ਤੇ ਸੁਰਿੰਦਰ ਪ੍ਰੀਤ ਘਣੀਆ ਜਿਹੇ ਪੰਜਾਬੀ ਸ਼ਾਇਰ ਅਤੇ ਗਾਇਕੀ ਦੇ ਸ਼ੈਦਾਈ ਮੈਨੂੰ ਮਿਲਣ ਤਾਂ ਦੱਸਦੇ ਹੁੰਦੇ ਨੇ, “ਸਾਡੇ ਕੋਲ ਤੁਹਾਡੀ ਇਹ ਕੈਸੇਟ ਅਜੇ ਵੀ ਸਾਂਭ ਕੇ ਰੱਖੀ ਹੋਈ ਆ। ਕਦੇ-ਕਦੇ ਸੁਣ ਕੇ ਯਾਦਾਂ ਤਾਜ਼ੀਆਂ ਕਰ ਲਈਦੀਆਂ। ਰੂਹ ਖੇੜੇ ਵਿਚ ਆ ਜਾਂਦੀ ਐ।”