ਪਾਕਿਸਤਾਨ ਵਿਚ ਸਰਬਜੀਤ ਸਿੰਘ ਦੇ ਕਤਲ ਨੇ ਲੋਕਾਂ ਨੂੰ ਬਹੁਤ ਸਾਰੇ ਸਵਾਲਾਂ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦੇਣ ਤੋਂ ਬਾਅਦ ਤਾਂ ਸਵਾਲਾਂ ਦੀ ਕਤਾਰ ਹੋਰ ਵੀ ਲੰਮੀ ਹੋ ਗਈ ਜਾਪਦੀ ਹੈ। ਇਨ੍ਹਾਂ ਸਵਾਲਾਂ ਦੀ ਇਕ ਲੜੀ ਬਦਲਾਖੋਰੀ ਨਾਲ ਜਾ ਜੁੜਦੀ ਹੈ। ਅਸਲ ਵਿਚ ਇਹ ਬਦਲਾਖੋਰੀ ਹੀ ਉਹ ਮੁੱਦਾ ਹੈ ਜਿਸ ਦੀ ਕੋਈ ਵੀ ਤੰਦ ਅੱਜ ਤੱਕ ਕਿਸੇ ਦੇ ਹੱਥ ਨਹੀਂ ਆਈ। ਇਹ ਤੰਦਾਂ ਤਕਰੀਬਨ ਛੇ ਦਹਾਕੇ ਪਹਿਲਾਂ ਹੋਂਦ ਵਿਚ ਆਏ ਪਾਕਿਸਤਾਨ ਨਾਲ ਸਿੱਧੀਆਂ ਜੁੜੀਆਂ ਹੋਈਆਂ ਹਨ। ਉਦੋਂ ਹਮਸਾਏ ਮਾਂ-ਪਿਉ ਜਾਏ ਰਾਤੋ-ਰਾਤ ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ ਅਤੇ ਦੇਖਦਿਆਂ-ਦੇਖਦਿਆਂ ਸੰਸਾਰ ਦੇ ਸਭ ਤੋਂ ਭਿਆਨਕ ਹਾਦਸਿਆਂ ਵਿਚੋਂ ਇਕ ਪੰਜਾਬ ਦੀ ਧਰਤੀ ਉਤੇ ਵਾਪਰ ਗਿਆ। ਇਸ ਦੀਆਂ ਚੀਸਾਂ ਅੱਜ ਤੱਕ ਵੀ ਮੱਠੀਆਂ ਨਹੀਂ ਪਈਆਂ, ਸਗੋਂ ਇਹ ਦਰਦ ਪੀੜ੍ਹੀ-ਦਰ-ਪੀੜ੍ਹੀ ਅਗਾਂਹ ਤੁਰਦਾ ਗਿਆ ਹੈ। ਦੋ-ਢਾਈ ਦਹਾਕੇ ਪਹਿਲਾਂ ਭਿੱਖੀਵਿੰਡ ਦੇ ਸਾਧਾਰਨ ਜਿਹੇ ਟੱਬਰ ਦਾ ਨੌਜਵਾਨ ਸਰਬਜੀਤ ਸਿੰਘ ਬਦਲਾਖੋਰੀ ਦੀ ਵਿਛਾਈ ਜਾ ਚੁੱਕੀ ਉਸੇ ਬਿਸਾਤ ਦਾ ਹਿੱਸਾ ਬਣ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਲਹਿੰਦੇ ਪੰਜਾਬ ਵਿਚ ਕਸੂਰ ਲਾਗਿਉਂ ਫੜਿਆ ਗਿਆ ਤਾਂ ਉਸ ਉਤੇ 14 ਬੇਕਸੂਰ ਲੋਕਾਂ ਨੂੰ ਮਾਰਨ ਦੇ ਦੋਸ਼ ਸਨ। ਸਰਬਜੀਤ ਸਿੰਘ ਦੀ ਇਨ੍ਹਾਂ ਬੇਕਸੂਰ ਲੋਕਾਂ ਨਾਲ ਸਿੱਧੀ ਕੋਈ ਦੁਸ਼ਮਣੀ ਨਹੀਂ ਸੀ, ਬੱਸ ਉਹ ਅਚੇਤ-ਸੁਚੇਤ ਉਨ੍ਹਾਂ ਤੰਦਾਂ ਦੇ ਤਾਣੇ ਵਿਚ ਸਹਿਜੇ ਹੀ ਫਿਟ ਕਰ ਦਿੱਤਾ ਗਿਆ ਸੀ ਜਿਸ ਵਿਚ ਦੋਵੇਂ ਗੁਆਂਢੀ ਮੁਲਕ ਦਹਾਕਿਆਂ ਤੋਂ ਫਸੇ ਹੋਏ ਹਨ। ਇਸੇ ਕੜੀ ਵਿਚ ਪਾਕਿਸਤਾਨ ਵਿਚ ਜੰਮਿਆ ਨੌਜਵਾਨ ਅਜਮਲ ਕਸਾਬ ਅਤੇ ਕਸ਼ਮੀਰ ਵਿਚ ਪਲਿਆ-ਵਧਿਆ ਅਫਜ਼ਲ ਗੁਰੂ ਆਉਂਦਾ ਹੈ। ਇਹ ਕੜੀ ਬਹੁਤ ਲੰਮੀ ਸੂਚੀ ਦਾ ਇਕ ਨਿੱਕਾ ਜਿਹਾ ਅੰਗ ਮਾਤਰ ਹੈ। ਇਹ ਅਸਲ ਵਿਚ ਬੰਦੇ ਦੀ ਹੋਣੀ ਦੀ ਕੋਈ ਦਰਦਨਾਕ ਬਾਤ ਹੈ ਜਿਹੜੀ ਰੁਕਣ ਦਾ ਨਾਂ ਨਹੀਂ ਲੈ ਰਹੀ। ਇਹ ਸਭ ਦੇ ਸਾਹਮਣੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰ ਰਹੀ ਹੈ, ਪਰ ਇਸ ਨੂੰ ਠੱਲ੍ਹ ਪਾਉਣ ਵਾਲੀ ਆਵਾਜ਼ ਉਸ ਰੂਪ ਵਿਚ ਬੁਲੰਦ ਨਹੀਂ ਹੋ ਰਹੀ ਜਿਸ ਰੂਪ ਵਿਚ ਹੋਣੀ ਚਾਹੀਦੀ ਸੀ। ਜਿਹੜੇ ਇਸ ਬਾਰੇ ਸੋਚਦੇ ਹਨ, ਉਨ੍ਹਾਂ ਦੀ ਇਸ ਤੰਦ-ਤਾਣੇ ਵਿਚ ਕੋਈ ਵੱਟੀ ਨਹੀਂ ਜਾਂਦੀ। ਇਹ ਆਵਾਮ ਦਾ ਉਹ ਹਿੱਸਾ ਹੈ ਜਿਹੜਾ ਚਾਰ ਦਿਨ ਤੜਫ-ਕੁਰਲਾ ਕੇ ਆਪਣੀਆਂ ਆਂਦਰਾਂ ਨੂੰ ਠਾਰਨ ਦਾ ਭਰਮ ਪਾਲ ਲੈਂਦਾ ਹੈ। ਉਸ ਦਾ ਇਹ ਭਰਮ ਵਾਰ-ਵਾਰ ਟੁੱਟਦਾ ਹੈ, ਪਰ ਸ਼ਾਇਦ ਚੰਗੀ ਗੱਲ ਵੀ ਇਹੀ ਹੈ ਕਿ ਇਹ ਭਰਮ ਅਜੇ ਤੱਕ ਬਰਕਰਾਰ ਹੈ। ਇਸ ਭਰਮ ਵਿਚ ਹੀ ਮਨੁੱਖੀ ਜ਼ਿੰਦਗੀ ਦੇ ਜਲੌਅ ਦਾ ਸੱਚ ਲੁਕਿਆ ਹੋਇਆ ਹੈ।
ਪਿਛਲਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ 1947 ਦੀ ਵੰਡ ਸਮੇਂ ਇਸੇ ਸੱਚ ਨੂੰ ਟੁੱਕਿਆ ਗਿਆ ਸੀ, ਪਰ ਇਹ ਸਮੇਂ ਦੀ ਹੀ ਕੋਈ ਸਿਤਮਜ਼ਰੀਫੀ ਹੈ ਕਿ ਹੁਣ ਇਸੇ ਸੱਚ ਨੂੰ ਇਕ ਵਾਰ ਫਿਰ ਟੁੱਕਿਆ ਜਾ ਰਿਹਾ ਹੈ। ਸਰਬਜੀਤ ਸਿੰਘ ਦੇ ਟੱਬਰ ਦਾ ਦਰਦ ਬਿਨਾਂ ਸ਼ੱਕ ਬਹੁਤ ਵੱਡਾ ਹੈ, ਪਰ ਸਰਬਜੀਤ ਦੀ ਜ਼ਿੰਦਗਾਨੀ ਲਈ ਕਈ ਸਾਲਾਂ ਤੋਂ ਵਿਲਕ ਰਹੀ ਉਸ ਦੀ ਭੈਣ ਦਾ ਜਿਹੜਾ ਰੰਗ ਸਰਬਜੀਤ ਸਿੰਘ ਮੌਤ ਤੋਂ ਬਾਅਦ ਸਾਹਮਣੇ ਆਇਆ ਹੈ, ਉਹ ਧਿਆਨ ਦੀ ਵਧੇਰੇ ਮੰਗ ਕਰਦਾ ਹੈ; ਕਿਉਂਕਿ ਜਿਸ ਸੱਚ ਦੀ ਰਾਖੀ ਲਈ ਆਵਾਮ ਦਾ ਵੱਡਾ ਹਿੱਸਾ ਦਿਆਨਤਦਾਰੀ ਨਾਲ ਇੰਨੇ ਸਾਲਾਂ/ਦਹਾਕਿਆਂ ਤੋਂ ਤੰਦਾਂ ਦੀ ਸਾਂਝ ਵਧਾਉਣ ਵਿਚ ਲੱਗਿਆ ਹੋਇਆ ਹੈ, ਇਸ ਦੁਖਿਆਰੀ ਭੈਣ ਦੇ ਹੰਝੂਆਂ ਅਤੇ ਹਉਕਿਆਂ ਦੀ ਭੇਟ ਚੜ੍ਹ ਚੱਲਿਆ ਹੈ। ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਕਿਹਾ ਹੈ ਕਿ ਉਹ ਭਾਰਤ ਵਿਚ ਧੜਾ-ਧੜ ਆ ਰਹੇ ਪਾਕਿਸਤਾਨੀ ਅਦਾਕਾਰਾਂ, ਗਾਇਕਾਂ ਅਤੇ ਹੋਰ ਕਲਾਕਾਰਾਂ ਦੀ ਆਮਦ ਰੋਕਣ ਲਈ ਮੁੰਬਈ ਜਾ ਕੇ ਮੋਰਚਾ ਲਾਵੇਗੀ। ਭੈਣ ਦਲਬੀਰ ਦੀ ਇਹ ਭਾਸ਼ਾ ਉਨ੍ਹਾਂ ਸ਼ਿਵ ਸੈਨਿਕਾਂ ਨਾਲ ਜਾ ਜੁੜੀ ਹੈ ਜਿਨ੍ਹਾਂ ਦੀ ਸਿਆਸਤ ਫਿਰਕੂ ਪਾੜਾ ਵਧਾ ਕੇ ਹੀ ਚੱਲਦੀ ਹੈ। ਮੁੰਬਈ ਵਿਚ ਜਿਸ ਤਰ੍ਹਾਂ ਦੀ ਸਰਗਰਮੀ ਅਤੇ ਸਿਆਸਤ ਸ਼ਿਵ ਸੈਨਾ ਪਿਛਲੇ ਕਈ ਦਹਾਕਿਆਂ ਤੋਂ ਚਲਾ ਰਹੀ ਹੈ, ਉਸ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਕਿ ਇਹ ਮਨੁੱਖਤਾ ਦੇ ਖਿਲਾਫ ਹੈ। ਹੁਣ ਵੀ ਪਹਿਲਾਂ ਇਨ੍ਹਾਂ ਕੁਝ ਖਾਸ ਧਿਰਾਂ ਨੇ ਹੀ ਸਰਬਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਅਤੇ ਆਪਣੇ ਪੰਜਾਬ ਦੀ ਸਰਕਾਰ ਜਿਸ ਨੂੰ ਦੇਸ਼ ਦੇ ਬੜੇ ਹੰਢੇ-ਵਰਤੇ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਚਲਾ ਰਹੇ ਹਨ, ਸ਼ਿਵ ਸੈਨਾ ਦੀ ਇਸ ਕੋਝੀ ਸਿਆਸਤ ਦੇ ਗੇੜ ਵਿਚ ਆ ਗਏ ਅਤੇ ਉਨ੍ਹਾਂ ਨੇ ਸਰਬਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ। ਸਿਆਸੀ ਵਿਸ਼ਲੇਸ਼ਣਕਾਰ ਇਸ ਨੂੰ ਨਿਰੋਲ ਸਿਆਸਤ ਕਰਾਰ ਦੇ ਰਹੇ ਹਨ; ਪਰ ਸਵਾਲਾਂ ਦਾ ਸਵਾਲ ਤਾਂ ਇਹੀ ਹੈ ਕਿ ਅਜਿਹੇ ਐਲਾਨਾਂ ਨਾਲ ਆਮ ਲੋਕਾਂ ਦਾ ਕਿੰਨਾ ਕੁ ਵਾਹ-ਵਾਸਤਾ ਹੈ! ਇਸੇ ਪ੍ਰਸੰਗ ਵਿਚ ਜੇ ਸਰਬਜੀਤ ਦੀ ਦੇਹ ਭਿੱਖੀਵਿੰਡ ਪੁੱਜਣ ਵਾਲੇ ਦਿਨ ਸਿਆਸਤਦਾਨਾਂ ਵੱਲੋਂ ਖੇਡੀ ਗਈ ਖੇਡ ਬਾਰੇ ਗੱਲ ਤੋਰੀ ਜਾਵੇ ਤਾਂ ਇਸ ਝੂਠੀ ਸਿਆਸਤ ਦੀਆਂ ਤੰਦਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਿਆਸਤ ਦੀਆਂ ਇਹੀ ਉਹ ਤੰਦਾਂ ਹਨ ਜਿਹੜੀਆਂ ਸਮੁੱਚੀ ਮਨੁੱਖਤਾ ਦੇ ਖਿਲਾਫ ਭੁਗਤਦੀਆਂ ਹਨ। ਸ਼ਾਇਦ ਇਸੇ ਕਰ ਸਰਹੱਦ ਦੇ ਆਰ-ਪਾਰ ਸਰਬਜੀਤ ਸਿੰਘਾਂ ਅਤੇ ਅਜਮਲ ਕਸਾਬਾਂ ਦੀ ਕੋਈ ਕਮੀ ਨਹੀਂ ਹੈ। ਜ਼ਾਹਿਰ ਹੈ ਕਿ ਬਦਲਾਖੋਰੀ ਦੇ ਇਸ ਸਿਲਸਿਲੇ ਦਾ ਕਿਤੇ ਕੋਈ ਅੰਤ ਨਜ਼ਰੀਂ ਨਹੀਂ ਪੈ ਰਿਹਾ। ਇਸ ਲਈ ਹੁਣ ਦਲਬੀਰ ਕੌਰ ਵਾਂਗ ਨਫਰਤ ਦੀ ਅੱਗ ਵਿਚ ਉਬਲਣ ਦੀ ਥਾਂ, ਜ਼ਿੰਦਗੀ ਦੇ ਜਲੌਅ ਨੂੰ ਬਰਕਰਾਰ ਰੱਖਣ ਦੀ ਕੋਈ ਮੁਹਿੰਮ ਵਿੱਢਣੀ ਚਾਹੀਦੀ ਹੈ। ਜੇ ਅਜਿਹਾ ਹੋ ਸਕਿਆ ਤਾਂ ਅਸੀਂ ਦਵਿੰਦਰਪਾਲ ਸਿੰਘ ਭੁੱਲਰ ਅਤੇ ਉਹਦੇ ਵਰਗੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗਾਨੀਆਂ ਬਚਾਉਣ ਦੇ ਰਾਹ ਪੈ ਸਕਾਂਗੇ। ਇਹੀ ਉਹ ਸੱਚ ਹੈ, ਜਿਸ ਨੂੰ ਸਵੀਕਾਰ ਕਰ ਕੇ ‘ਜ਼ਿੰਦਗਾਨੀ ਲੈਣ ਲਈ ਨਹੀਂ, ਬਚਾਉਣ ਲਈ’ ਦੀ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ। ਇਹ ਰਾਹ ਬਹੁਤ ਔਖਾ ਹੈ ਪਰ ਇਸ ਰਾਹ ਉਤੇ ਚੱਲਣਾ ਅਸੰਭਵ ਵੀ ਨਹੀਂ ਕਿਉਂਕਿ ਜ਼ਿੰਦਗੀ ਦੇ ਗੀਤ ਗਾਉਣ ਵਾਲੇ ਨਾਇਕ ਸਦਾ ਚੌਥੀ ਕੂਟ ਵੱਲ ਹੀ ਸਫਰ ਕਰਦੇ ਹਨ।
Leave a Reply