ਵਾਸ਼ਿੰਗਟਨ: ਸਿੱਖਾਂ ਖਿਲਾਫ ਨਫਰਤੀ ਅਪਰਾਧ ਦੇ ਤਕਰੀਬਨ 60 ਮਾਮਲੇ ਅਮਰੀਕੀ ਏਜੰਸੀ ਐਫ਼ਬੀæਆਈæ ਨੂੰ 2018 ‘ਚ ਮਿਲੇ ਹਨ। ਇਸ ਤੋਂ ਵੱਧ ਅਜਿਹੀਆਂ ਘਟਨਾਵਾਂ ਸਿਰਫ ਯਹੂਦੀਆਂ ਤੇ ਮੁਸਲਿਮ ਭਾਈਚਾਰੇ ਨਾਲ ਹੀ ਵਾਪਰੀਆਂ ਹਨ। ਇਸ ਤਰ੍ਹਾਂ ਸਿੱਖ ਅਮਰੀਕਾ ‘ਚ ਨਫਰਤ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਹਨ।
ਵੱਖ-ਵੱਖ ਏਜੰਸੀਆਂ ਕੋਲ ਪਿਛਲੇ ਸਾਲ 7,120 ਮਾਮਲੇ ਆਏ ਹਨ। ਜਦਕਿ 2017 ਵਿਚ ਇਨ੍ਹਾਂ ਦੀ ਗਿਣਤੀ 7,175 ਸੀ। ਐਫ਼ਬੀæਆਈæ ਨੇ ਕਈ ਏਜੰਸੀਆਂ ਵੱਲੋਂ ਦਿੱਤਾ ਡੇਟਾ ਰਿਲੀਜ਼ ਕੀਤਾ ਹੈ। ਇਸ ‘ਚ ਅਪਰਾਧਾਂ, ਪੀੜਤਾਂ, ਮੁਲਜ਼ਮਾਂ ਤੇ ਥਾਂਵਾਂ ਦਾ ਵੇਰਵਾ ਹੈ। ਇਹ ਅਪਰਾਧ ਨਸਲ, ਧਰਮ, ਲਿੰਗ ਤੇ ਹੋਰ ਪੱਖਾਂ ਤੋਂ ਕੀਤੇ ਗਏ ਹਨ। ਯਹੂਦੀਆਂ ਨੂੰ ਸਭ ਤੋਂ ਵੱਧ ਸ਼ਿਕਾਰ ਬਣਾਇਆ ਗਿਆ ਹੈ ਤੇ 835 ਮਾਮਲੇ ਹਨ, ਦੂਜੇ ਨੰਬਰ ਉਤੇ ਮੁਸਲਿਮ (188) ਤੇ ਤੀਜੇ ਉਤੇ ਸਿੱਖ (60) ਹਨ। 91 ਅਪਰਾਧ ਹੋਰਾਂ ਧਰਮਾਂ ਖਿਲਾਫ ਹਨ। ਹਿੰਦੂਆਂ ਨੂੰ 12 ਵਾਰ ਤੇ ਦਸ ਵਾਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਨੂੰ ਨਫਰਤ ਝੱਲਣੀ ਪਈ ਹੈ। ਸਿੱਖਾਂ ਖਿਲਾਫ ਵਾਪਰੀਆਂ ਘਟਨਾਵਾਂ ਵਿਚ 49 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ 69 ਪੀੜਤ ਹਨ। ਨਸਲੀ ਨਫਰਤ ਦੇ 4,047 ਅਪਰਾਧ ਐਫ਼ਬੀæਆਈæ ਕੋਲ ਰਿਪੋਰਟ ਕੀਤੇ ਗਏ ਹਨ। ਸਭ ਤੋਂ ਵੱਧ 1,943 ਨਫਰਤੀ ਘਟਨਾਵਾਂ ਅਫਰੀਕੀ-ਅਮਰੀਕੀਆਂ ਨਾਲ ਵਾਪਰੀਆਂ ਹਨ ਤੇ ਰੰਗ ਦੇ ਆਧਾਰ ਉਤੇ ਹਨ।
ਉਧਰ, ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਵਾਪਰਦੇ ਨਫਰਤੀ ਅਪਰਾਧ ਬੜੇ ਤਰੀਕੇ ਨਾਲ ‘ਘਟਾ ਕੇ ਪੇਸ਼ ਕੀਤੇ ਜਾਂਦੇ ਹਨ’ ਤੇ ਇਹ ਬਹੁਤ ਮੰਦਭਾਗਾ ਹੈ। 2017 ਤੋਂ ਬਾਅਦ ਸਿੱਖਾਂ ਖਿਲਾਫ ਨਫਰਤੀ ਅਪਰਾਧ 200 ਫੀਸਦ ਵਧੇ ਹਨ ਤੇ ਸਿੱਖ ਧਰਮ ਨੂੰ ਵੱਡੀ ਗਿਣਤੀ ‘ਚ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਕੁਲੀਸ਼ਨ ਦੇ ਸੀਨੀਅਰ ਮੈਨੇਜਰ (ਪਾਲਿਸੀ ਤੇ ਐਡਵੋਕੇਸੀ) ਸਿਮ ਜੇ ਸਿੰਘ ਨੇ ਕਿਹਾ ਕਿ ਅੰਕੜੇ ਸਟੀਕ ਜਾਣਕਾਰੀ ਨਹੀਂ ਦਿੰਦੇ। ਫਿਰਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਇਸ ਅਪਰਾਧ ਬਾਰੇ ਸ਼ਨਾਖਤ ਤੇ ਕਾਰਵਾਈ ਪ੍ਰਭਾਵੀ ਬਣਾਉਣ ਦੀ ਲੋੜ ਹੈ।
____________________________________
ਸ਼੍ਰੋਮਣੀ ਕਮੇਟੀ ਨੇ ਨਸਲੀ ਹਮਲਿਆਂ ‘ਤੇ ਚਿੰਤਾ ਪ੍ਰਗਟਾਈ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਵਿਚ ਸਿੱਖਾਂ ਉਤੇ ਵਧ ਰਹੇ ਨਸਲੀ ਹਮਲਿਆਂ ਉਤੇ ਚਿੰਤਾ ਪ੍ਰਗਟਾਈ ਹੈ। ਅਮਰੀਕੀ ਜਾਂਚ ਏਜੰਸੀ ਐਫ਼ਬੀæਆਈæ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿੱਖਾਂ ਖਿਲਾਫ ਅਪਰਾਧਾਂ ‘ਚ ਵਾਧਾ ਹੋਇਆ ਹੈ। 2017 ਦੇ ਮੁਕਾਬਲੇ 2018 ਵਿਚ ਅਜਿਹੇ ਵਧੇਰੇ ਕੇਸ ਦਰਜ ਹੋਏ ਹਨ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਵਿਦੇਸ਼ ਵਿਚ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਅੱਗੇ ਰਹੀ ਹੈ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਆਪਣੀ ਮਿਹਨਤ ਅਤੇ ਜਜ਼ਬੇ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ। ਮੁਲਕਾਂ ਦੀ ਤਰੱਕੀ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰੇ।
___________________________________________
2018 ਤੋਂ ਮਈ 2019 ਤੱਕ ਵਿਦੇਸ਼ਾਂ ਵਿਚ 12 ਹਜ਼ਾਰ ਭਾਰਤੀਆਂ ਦੀ ਹੋਈ ਮੌਤ
ਮੁੰਬਈ: ਜਨਵਰੀ 2018 ਤੋਂ ਮਈ 2019 ਦਰਮਿਆਨ ਵਿਦੇਸ਼ੀ ਮੁਲਕਾਂ ਵਿਚ 12223 ਭਾਰਤੀਆਂ ਦੀ ਮੌਤ ਹੋਈ ਹੈ। ਇਹ ਖੁਲਾਸਾ ਵਿਦੇਸ਼ ਵਿਭਾਗ ਵੱਲੋਂ ਆਰæਟੀæਆਈæ ਦੇ ਦਿੱਤੇ ਜਵਾਬ ਵਿਚ ਹੋਇਆ ਹੈ। ਇਸ ਹਿਸਾਬ ਨਾਲ ਇਕ ਮਹੀਨੇ ਵਿਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ 719 ਅਤੇ 23-24 ਵਿਅਕਤੀ ਪ੍ਰਤੀ ਦਿਨ ਹੈ। ਮੁੰਬਈ ਅਧਾਰਤ ਆਰæਟੀæਆਈæ ਕਾਰਕੁਨ ਜਤਿਨ ਦੇਸਾਈ ਨੇ ਕਿਹਾ ਕਿ ਵਿਦੇਸ਼ ਵਿਭਾਗ ਤੋਂ ਟੀ ਅਜੁੰਗਲਾ, ਜਮੀਰ (ਸੀæਪੀæਵੀæ) ਅਤੇ ਸੀæਪੀæਆਈæਓæ ਵੱਲੋਂ ਬੀਤੇ ਹਫਤੇ ਦੇਸਾਈ ਨੂੰ ਭੇਜੇ ਗਏ ਜਵਾਬ ਤੋਂ ਉਪਰੋਕਤ ਖੁਲਾਸਾ ਹੋਇਆ ਹੈ, ਜਿਸ ਵਿਚ ਜਨਵਰੀ 2018 ਤੋਂ ਮਈ 2019 ਦਰਮਿਆਨ ਵਿਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਦੱਸੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ ਵਿਭਾਗ ਕੋਲ ਦੱਸੇ ਗਏ ਸਮੇਂ ਵਿਚ ਵਿਦੇਸ਼ੀ ਜੇਲ੍ਹਾਂ ਵਿਚ ਮਾਰੇ ਗਏ ਭਾਰਤੀ ਕੈਦੀਆਂ ਦੀ ਕੋਈ ਜਾਣਕਾਰੀ ਨਹੀਂ ਹੈ।