ਸਵਰਾਜਬੀਰ
ਆਤਿਸ਼ ਤਾਸੀਰ ਹਿੰਦੋਸਤਾਨ ਦੀ ਮਸ਼ਹੂਰ ਪੱਤਰਕਾਰ ਤਵਲੀਨ ਸਿੰਘ ਅਤੇ ਲਹਿੰਦੇ ਪੰਜਾਬ ਦੇ ਸਾਬਕਾ ਗਵਰਨਰ ਮਰਹੂਮ ਸਲਮਾਨ ਤਾਸੀਰ ਦਾ ਪੁੱਤਰ ਹੈ। ਸਲਮਾਨ ਤਾਸੀਰ ਨੂੰ ਉਸ ਦੇ ਬਾਡੀਗਾਰਡ ਨੇ 4 ਜਨਵਰੀ 2011 ਨੂੰ ਇਸ ਲਈ ਗੋਲੀ ਮਾਰ ਦਿੱਤੀ ਸੀ ਕਿਉਂਕਿ ਸਲਮਾਨ ਤਾਸੀਰ ਨੇ ਇਸਾਈ ਔਰਤ ਆਸੀਆ ਬੀਬੀ, ਜਿਸ ‘ਤੇ ਪਾਕਿਸਤਾਨ ਦੇ ਕੁਫਰ ਵਿਰੋਧੀ ਕਾਨੂੰਨ ਤਹਿਤ ਨਜ਼ਰਬੰਦ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ, ਦੀ ਹਮਾਇਤ ਕੀਤੀ ਸੀ। ਸਲਮਾਨ ਤਾਸੀਰ ਦਾ ਪਿਉ ਤੇ ਆਤਿਸ਼ ਤਾਸੀਰ ਦਾ ਦਾਦਾ ਦੀਨ ਮੁਹੰਮਦ ਤਾਸੀਰ, ਜਿਹੜਾ ਆਮ ਕਰਕੇ ਐਮ.ਡੀ. ਤਾਸੀਰ ਕਹਿ ਕੇ ਬੁਲਾਇਆ ਜਾਂਦਾ ਸੀ, 1902 ਵਿਚ ਅੰਮ੍ਰਿਤਸਰ ਦੇ ਅਜਨਾਲਾ ਕਸਬੇ ਵਿਚ ਜੰਮਿਆ। ਉਹ ਉਰਦੂ ਦਾ ਮਸ਼ਹੂਰ ਲੇਖਕ ਤੇ ਆਲੋਚਕ ਸੀ।
ਉਹ ਅੰਮ੍ਰਿਤਸਰ ਦੇ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਪੜ੍ਹਾਉਂਦਾ ਰਿਹਾ ਅਤੇ ਉਸ ਨੇ ਪ੍ਰਸਿਧ ਪੰਜਾਬੀ ਸਾਹਿਤਕਾਰ ਸੰਤ ਸਿੰਘ ਸੇਖੋਂ ਦੀ ਇਕਾਂਗੀਆਂ ਦੀ ਕਿਤਾਬ ‘ਛੇ ਘਰ’ ਦੀ ਭੂਮਿਕਾ ਲਿਖੀ ਸੀ। ਉਹਨੇ ਅੰਗਰੇਜ਼ ਔਰਤ ਕ੍ਰਿਸਟੋਬਲ ਜਾਰਜ ਨਾਲ ਸ਼ਾਦੀ ਕੀਤੀ। ਕ੍ਰਿਸਟੋਬਲ ਦੀ ਭੈਣ ਐਲਿਸ ਜਾਰਜ ਦੀ ਸ਼ਾਦੀ ਫੈਜ਼ ਅਹਿਮਦ ਫੈਜ਼ ਨਾਲ ਹੋਈ।
ਲੰਡਨ ਵਿਚ ਜੰਮਿਆ ਆਤਿਸ਼ ਨਵੀਂ ਦਿੱਲੀ ਵਿਚ ਵੱਡਾ ਹੋਇਆ, ਤਾਮਿਲ ਨਾਡੂ ਦੇ ਪਹਾੜੀ ਸ਼ਹਿਰ ਕੋਡਾਈਕਨਾਲ ਦੇ ਸਕੂਲ ਤੇ ਬਾਅਦ ਵਿਚ ਅਮਰੀਕਾ ਵਿਚ ਪੜ੍ਹਿਆ। ਉਹ ‘ਟਾਈਮ’ ਮੈਗਜ਼ੀਨ ਦਾ ਪੱਤਰਕਾਰ ਰਿਹਾ ਅਤੇ ਕਈ ਵਿਦੇਸ਼ੀ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਲਿਖਦਾ ਰਿਹਾ। ਉਸਾਮਾ ਬਿਨ-ਲਾਦਿਨ ਦੀ ਹੱਤਿਆ ਤੋਂ ਬਾਅਦ ਉਸ ਦਾ ਲਿਖਿਆ ਲੇਖ ‘ਪਾਕਿਸਤਾਨ ਦੀ ਬਦਮਾਸ਼ ਫੌਜ ਖੇਰੂੰ-ਖੇਰੂੰ ਹੋ ਚੁੱਕੀ ਰਿਆਸਤ ਚਲਾ ਰਹੀ ਹੈ’ ਬਹੁਤ ਮਸ਼ਹੂਰ ਹੋਇਆ ਸੀ। ਉਸ ਦਾ ਇਕ ਹੋਰ ਲੇਖ ‘ਮੇਰਾ ਪਿਉ ਹਿੰਦੋਸਤਾਨ ਨੂੰ ਨਫਰਤ ਕਿਉਂ ਕਰਦਾ ਸੀ’, ਜਿਹੜਾ ਵਾਲ ਸਟਰੀਟ ਜਨਰਲ ਵਿਚ ਛਪਿਆ, ਨੇ ਵੀ ਲੋਕਾਂ ਦਾ ਧਿਆਨ ਖਿੱਚਿਆ।
ਇਸ ਲੇਖ ਵਿਚ ਆਤਿਸ਼ ਤਾਸੀਰ ਨੇ ਦਲੀਲ ਦਿੱਤੀ ਕਿ ਪਾਕਿਸਤਾਨੀ ਇਸ ਲਈ ਭਾਰਤ ਨਾਲ ਨਫਰਤ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਨ ਲਈ ਭਾਰਤ ਦੀ ਹੋਂਦ ਨੂੰ ਨਕਾਰਨਾ ਪੈਂਦਾ ਹੈ। ਆਤਿਸ਼ ਨੇ ਕਈ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਵਿਚ ਨਾਵਲ ‘ਦਿ ਟੈਂਪਲ ਗੋਅਰਜ਼’ ਅਤੇ ‘ਸਟਰੇਂਜਰ ਟੂ ਹਿਸਟਰੀ; ਏ ਸੰਨਜ਼ ਜਰਨੀ ਥਰੂ ਇਸਲਾਮਿਕ ਲੈਂਡਜ਼’ ਸ਼ਾਮਲ ਹਨ। ਪੱਤਰਕਾਰ ਰੋਬਿਨ ਯਾਸੀਨ-ਕਸਬ ਅਨੁਸਾਰ ਆਤਿਸ਼ ‘ਸਟਰੇਂਜਰ ਟੂ ਹਿਸਟਰੀ’ ਵਿਚ ਆਪਣੇ ਮਾਪਿਆਂ ਦੇ ਵਿਛੋੜੇ ਨੂੰ ਪੰਜਾਬ ਦੀ ਵੰਡ ਦੇ ਪ੍ਰਤੀਕ ਵਜੋਂ ਚਿਤਰਦਾ ਹੈ ਅਤੇ ਉਹਦੇ ਲਈ ਘਰ ਵਿਚ ਆਪਣੇ ਪਿਉ ਦੀ ਗੈਰਹਾਜ਼ਰੀ ਅਣਵੰਡੇ ਹਿੰਦੋਸਤਾਨ ਦੀ ਗੈਰਹਾਜ਼ਰੀ ਹੈ। ਆਤਿਸ਼ ਨੇ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ।
ਆਪਣੀ ਮਾਂ ਨਾਲ ਜ਼ਿਆਦਾ ਜੁੜਿਆ ਹੋਣ ਕਰਕੇ ਆਤਿਸ਼ ਤਾਸੀਰ ਆਪਣੇ ਆਪ ਨੂੰ ਹਿੰਦੋਸਤਾਨੀ ਮੰਨਦਾ ਰਿਹਾ ਹੈ। ਵਿਦੇਸ਼ਾਂ ਵਿਚ ਵਸਦੇ ਲੱਖਾਂ ਹਿੰਦੋਸਤਾਨੀਆਂ ਵਾਂਗ ਉਹ ਵੀ ਲੰਡਨ ਵਿਚ ਵਸ ਗਿਆ ਅਤੇ ਉਸ ਨੇ ਆਪਣੀ ਭਾਰਤੀ ਪਛਾਣ ਲਈ ਪਰਵਾਸੀ ਭਾਰਤੀਆਂ ਨੂੰ ਦਿੱਤੀ ਜਾਂਦੀ ਨਾਗਰਿਕਤਾ ਵਾਲਾ ਕਾਰਡ ਬਣਵਾਇਆ। ਕੁਝ ਮਹੀਨੇ ਪਹਿਲਾਂ ਉਸ ਨੇ ‘ਟਾਈਮ’ ਮੈਗਜ਼ੀਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਆਲੋਚਨਾਤਮਕ ਲੇਖ ਲਿਖਿਆ ਜਿਸ ਵਿਚ ਮੋਦੀ ਨੂੰ ਵੰਡੀਆਂ ਪਾਉਣ ਵਾਲਾ ਸਿਆਸਤਦਾਨ (ਡਿਵਾਈਡਰ ਇਨ ਚੀਫ) ਕਿਹਾ ਗਿਆ। ਉਸ ਲੇਖ ਵਿਚ ਆਤਿਸ਼ ਨੇ ਲਿਖਿਆ ਕਿ ਭਾਵੇਂ ਕੁਲੀਨ ਵਰਗ ਇਹ ਵਿਸ਼ਵਾਸ ਕਰਦਾ ਰਿਹਾ ਹੈ ਕਿ ਭਾਰਤ ਵਿਚ ਉਦਾਰਵਾਦੀ ਤੇ ਸਾਂਝੀਵਾਲਤਾ ਵਾਲਾ ਸੱਭਿਆਚਾਰ ਹੈ ਪਰ ਇਹ ਸਭ ਕੁਝ ਉਹ ਬਾਹਰੀ ਪਰਤ/ਸਤਹਿ ‘ਤੇ ਹੈ; ਉਸ ਪਰਤ ਦੇ ਹੇਠਾਂ “ਭਾਰਤ ਧਾਰਮਿਕ, ਰਾਸ਼ਟਰਵਾਦ, ਮੁਸਲਮਾਨ ਵਿਰੋਧੀ ਜਜ਼ਬਿਆਂ ਅਤੇ ਜਾਤੀਵਾਦੀ ਕੱਟੜਤਾ ਦੀ ਜਿੱਲ੍ਹਣ ਵਿਚ ਫਸਿਆ ਹੋਇਆ ਹੈ।”
ਉਸ ਨੇ ਇਹ ਵੀ ਲਿਖਿਆ ਕਿ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਨਿਕਲਣ, ਦੇਸ਼ ਵਿਚ ਆਸ ਦੀ ਕੋਈ ਕਿਰਨ ਦਿਖਾਈ ਨਹੀਂ ਦਿੰਦੀ। ਤਾਸੀਰ ਨਾਲ ਅਸਹਿਮਤੀ ਪ੍ਰਗਟ ਕੀਤੀ ਜਾ ਸਕਦੀ ਹੈ ਤੇ ਅਸੀਂ ਆਪਣੇ ਪਿੰਡਾਂ ਦੇ ਸਾਂਝੀਵਾਲਤਾ ਤੇ ਭਾਈਚਾਰੇ ਵਾਲੇ ਸਭਿਆਚਾਰ ਬਾਰੇ ਬਹੁਤ ਕੁਝ ਕਹਿ ਸਕਦੇ ਹਾਂ ਪਰ ਧਾਰਮਿਕ ਰਾਸ਼ਟਰਵਾਦ ਅਤੇ ਮੁਸਲਮਾਨ ਵਿਰੋਧੀ ਜਜ਼ਬਿਆਂ ਦੇ ਵਧਣ ਤੇ ਜਾਤੀਵਾਦ ਤੋਂ ਛੁਟਕਾਰਾ ਨਾ ਹੋਣ ਦੀਆਂ ਸੱਚਾਈਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ; ਪਰ ਸੱਚ ਸੁਣਨਾ ਕੌਣ ਚਾਹੁੰਦਾ ਹੈ?
ਉਸ ਲੇਖ ਦੇ ਛਪਣ ਤੋਂ ਬਾਅਦ ਸਰਕਾਰ ਨੇ ਉਸ ਵਿਰੁਧ ਕਾਰਵਾਈ ਸ਼ੁਰੂ ਕੀਤੀ ਅਤੇ ਉਸ ਦੁਆਰਾ ਦਿੱਤੀ ਗਈ ਜਾਣਕਾਰੀ ਵਿਚ ਇਹ ਨੁਕਸ ਪਾਇਆ ਗਿਆ ਕਿ ਉਸ ਨੇ ਇਹ ਨਹੀਂ ਸੀ ਦੱਸਿਆ ਕਿ ਉਸ ਦਾ ਪਿਤਾ ਸਲਮਾਨ ਤਾਸੀਰ ਪਾਕਿਸਤਾਨੀ ਸੀ। ਉਸ ਉਤੇ ਜਾਣਕਾਰੀ ਲੁਕਾਉਣ ਦਾ ਦੋਸ਼ ਲਾਉਂਦਿਆਂ ਉਸ ਦਾ ਪਛਾਣ ਪੱਤਰ ਰੱਦ ਕਰ ਦਿੱਤਾ ਗਿਆ। ਇਸ ਬਾਰੇ ਤਾਸੀਰ ਨੇ ਕਿਹਾ, “ਮੈਂ ਹਿੰਦੋਸਤਾਨੀ ਹਾਂ ਪਰ ਸਾਡੀ ਸਰਕਾਰ ਨੇ ਮੈਨੂੰ ਜਲਾਵਤਨ ਕਰਾਰ ਦਿੱਤਾ ਹੈ।” ਉਸ ਨੇ ਇਹ ਵੀ ਦੱਸਿਆ ਕਿ ਉਹ ਲਗਭਗ 17 ਸਾਲ ਹਿੰਦੋਸਤਾਨ ਵਿਚ ਰਿਹਾ ਤੇ ਉਸ ਦਾ ਉੱਥੇ ਬੈਂਕ ਅਕਾਊਂਟ ਵੀ ਹੈ ਅਤੇ ਉਹ ਸਭ ਟੈਕਸ ਅਦਾ ਕਰਦਾ ਰਿਹਾ ਹੈ। ਤਾਸੀਰ ਨੇ ਇਹ ਵੀ ਕਿਹਾ, “ਮੇਰਾ ਦੇਸ਼ ਭਾਰਤ ਹੈ। ਇਹ ਰਿਸ਼ਤਾ ਕੁਦਰਤੀ ਹੈ। ਕਿਸੇ ਅਣਲਿਖੇ ਸੰਵਿਧਾਨ ਵਰਗਾ। ਅੱਜ ਤੋਂ ਪਹਿਲਾਂ ਮੈਨੂੰ ਕਦੇ ਵੀ ਇਹ ਜ਼ਰੂਰਤ ਮਹਿਸੂਸ ਨਹੀਂ ਸੀ ਹੋਈ ਕਿ ਮੈਂ ਇਸ ਰਿਸ਼ਤੇ ਨੂੰ ਕਿਸੇ ਤਰੀਕੇ ਨਾਲ ਪਰਿਭਾਸ਼ਿਤ ਕਰਾਂ।”
ਦਲੀਲ ਦਿੱਤੀ ਜਾ ਸਕਦੀ ਹੈ ਕਿ ਆਤਿਸ਼ ਤਾਸੀਰ ਨੇ ਸਮੇਂ ਸਿਰ ਆਪਣੇ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਤਾਸੀਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਤਾਸੀਰ ਅਨੁਸਾਰ ਉਸ ਨੂੰ ਨੋਟਿਸ ਦਾ ਜਵਾਬ ਦੇਣ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ। ਤਾਸੀਰ ਦੀ ਮਾਂ ਤਵਲੀਨ ਸਿੰਘ ਭਾਰਤ ਦੀ ਜਾਣੀ-ਪਛਾਣੀ ਪੱਤਰਕਾਰ ਹੈ। ਉਸ ਦਾ ਪਿਉ ਵੀ ਪਾਕਿਸਤਾਨ ਦਾ ਮਸ਼ਹੂਰ ਸਿਆਸਤਦਾਨ ਸੀ ਜਿਸ ਨੂੰ ਉਹਦੇ ਖਿਆਲਾਂ ਕਰਕੇ ਦਹਿਸ਼ਤਗਰਦਾਂ ਨੇ ਕਤਲ ਕਰਵਾਇਆ। ਆਤਿਸ਼ ਤਾਸੀਰ ‘ਤੇ ਕੁਲੀਨ ਵਰਗ ਨਾਲ ਸਬੰਧਿਤ ਹੋਣ ਦੀ ਊਜ ਤਾਂ ਲਾਈ ਜਾ ਸਕਦੀ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਵੀ ਪੜ੍ਹੇ-ਲਿਖੇ ਹਿੰਦੋਸਤਾਨੀ ਅਤੇ ਖਾਸ ਕਰਕੇ ਭਾਰਤ ਦੇ ਕੇਂਦਰੀ ਗ੍ਰਹਿ ਵਿਭਾਗ ਦੇ ਅਧਿਕਾਰੀ ਨੂੰ ਉਸ ਦੇ ਮਾਂ-ਪਿਉ ਦੇ ਪਿਛੋਕੜ ਬਾਰੇ ਪਤਾ ਨਹੀਂ ਹੋਵੇਗਾ। ਛੁਪਾਉਣ ਵਾਲੀ ਗੱਲ ਹੀ ਕੋਈ ਨਹੀਂ।
ਛੁਪਾਉਣ ਵਾਲੀ ਗੱਲ ਹੀ ਕੋਈ ਨਹੀਂ। ਸਾਨੂੰ ਆਤਿਸ਼ ਨੂੰ ਸ਼ਾਇਦ ਕੁਝ ਏਦਾਂ ਦਾ ਦੱਸਣਾ ਚਾਹੀਦਾ ਹੈ, “ਵੀਰ ਮੇਰੇ, ਤੂੰ ਗੁਨਾਹਗਾਰ ਏਂ! ਤੂੰ ਸਾਂਝੇ ਪੰਜਾਬ ਦਾ ਪੁੱਤਰ ਏਂ ਜਾਂ ਵੰਡੇ ਹੋਏ ਪੰਜਾਬ ਦਾ? ਇਨਸਾਨੀ ਮੁਹੱਬਤ ਤੇ ਸਾਂਝੀਵਾਲਤਾ ਦਾ ਵਜੂਦ ਹਮੇਸ਼ਾ ਖਤਰੇ ਵਿਚ ਰਿਹਾ ਹੈ ਤੇ ਅਜਿਹੇ ਜਜ਼ਬਿਆਂ ਦੇ ਸਿਰ ‘ਤੇ ਨਫਰਤ ਦੀ ਕੁਹਾੜੀ ਲਟਕਦੀ ਰਹੀ ਹੈ। ਦੋਹਾਂ ਦੇਸ਼ਾਂ ਵਿਚਲੀ ਨਫਰਤ ਦੇ ਗਰਮ ਸਿੱਕੇ ਨੇ ਤੇਰੇ ਵਜੂਦ ਨੂੰ ਸਾੜਿਆ ਤੇ ਵੰਡਿਆ ਹੋਇਆ ਹੈ। ਬਹੁਤੇ ਸਿਆਸੀ ਤੇ ਧਾਰਮਿਕ ਆਗੂ ਤਾਂ ਇਹੀ ਚਾਹੁੰਦੇ ਹਨ ਕਿ ਇਨਸਾਨ ਧਰਮਾਂ, ਫਿਰਕਿਆਂ, ਦੇਸ਼ਾਂ, ਭਾਸ਼ਾਵਾਂ ਤੇ ਹੋਰ ਵੰਡ-ਪਾਊ ਆਧਾਰਾਂ ‘ਤੇ ਵੰਡੇ ਰਹਿਣ। ਤੇਰਾ ਭਾਰਤ ਦੀ ਨਾਗਰਿਕਤਾ ਵਾਲਾ ਪਛਾਣ ਪੱਤਰ ਤੇਰੀ ਗਲਤ ਜਾਂ ਗ੍ਰਹਿ ਵਿਭਾਗ ਦੇ ਕਿਸੇ ਅਧਿਕਾਰੀ ਕਾਰਨ ਰੱਦ ਨਹੀਂ ਕੀਤਾ ਗਿਆ। ਇਹ ਫੈਸਲਾ ਉੱਚੇ ਪੱਧਰ ‘ਤੇ ਕੀਤਾ ਗਿਆ ਹੋਵੇਗਾ। ਇਹ ਫੈਸਲਾ ਇਕ ਖਾਸ ਤਰ੍ਹਾਂ ਦੀ ਸਿਆਸਤ ਦਾ ਫੈਸਲਾ ਹੈ; ਤਾਕਤਵਰ ਸਿਆਸਤਦਾਨਾਂ ਦਾ ਫੈਸਲਾ, ਜਿਹੜੇ ਆਪਣੀ ਆਲੋਚਨਾ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ; ਜਿਹੜੇ ਇਹ ਦੱਸਣਾ ਚਾਹੁੰਦੇ ਹਨ ਕਿ ਮੌਜੂਦਾ ਨਿਜ਼ਾਮ ਤੇ ਮੌਜੂਦਾ ਹਾਕਮਾਂ ਨਾਲ ਅਸਹਿਮਤੀ ਨਹੀਂ ਪ੍ਰਗਟ ਕੀਤੀ ਜਾ ਸਕਦੀ। ਤੂੰ ਅਸਹਿਮਤੀ ਹੀ ਪ੍ਰਗਟ ਨਹੀਂ ਕੀਤੀ, ਤੂੰ ਉਨ੍ਹਾਂ ਦੀ ਸਖਤ ਆਲੋਚਨਾ ਕਰਨ ਦਾ ਗੁਨਾਹ ਕੀਤਾ। ਤੂੰ ਗੁਨਾਹਗਾਰ ਏਂ ਤੇ ਸਰਕਾਰਾਂ ਨੇ ਆਪਣੇ ਵਿਰੁਧ ਬੋਲਣ ਵਾਲਿਆਂ ਨੂੰ ਸਜ਼ਾ ਤਾਂ ਦੇਣੀ ਹੀ ਹੁੰਦੀ ਹੈ। ਤੇਰਾ ਤਾਂ ਸਿਰਫ ਪਛਾਣ ਪੱਤਰ ਹੀ ਰੱਦ ਕੀਤਾ ਗਿਆ ਹੈ, 1947 ਵਿਚ ਲੱਖਾਂ ਲੋਕਾਂ ਨੇ ਹੋਈ ਵੰਡ ਦੌਰਾਨ ਨਾ ਬਿਆਨ ਕੀਤੇ ਜਾਣ ਵਾਲੇ ਦੁੱਖ ਸਹੇ। ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਤੇ ਲੱਖਾਂ ਬੇਘਰ ਹੋਏ। ਹਮਸਾਏ ਹਮਸਾਇਆਂ ਤੋਂ ਵਿਛੜ ਗਏ ਤੇ ਲੋਕਾਂ ਨੂੰ ਆਪਣੇ ਵਡੇਰਿਆਂ ਦੀ ਭੋਇੰ ਨੂੰ ਅਲਵਿਦਾ ਕਹਿਣੀ ਪਈ। ਵੰਡ ਦੇ ਇਹ ਜ਼ਖਮ ਅਜੇ ਵੀ ਤਾਜ਼ਾ ਨੇ; ਉਨ੍ਹਾਂ ਜ਼ਖਮਾਂ ਵਿਚੋਂ ਇਕ ਤੂੰ ਵੀ ਏਂ।”