ਸਿਆਸੀ ਹਲਚਲ ਦਾ ਪਿਛਲਾ ਦੌਰ ਬਨਾਮ ਅਜੋਕਾ ਦੌਰ

-ਜਤਿੰਦਰ ਪਨੂੰ
ਭਾਰਤ ਵਿਚ ਇਸ ਵਕਤ ਅੰਦਰੋ-ਅੰਦਰ ਸਿਆਸੀ ਹਲਚਲ ਦੀ ਧੜਕਣ ਮਹਿਸੂਸ ਕੀਤੀ ਜਾ ਰਹੀ ਹੈ ਤੇ ਕਿਆਸ ਕਰਨਾ ਹਾਲ ਦੀ ਘੜੀ ਔਖਾ ਹੈ ਕਿ ਪਿਛੋਂ ਇਹ ਕਿਹੋ ਜਿਹੇ ਸਿੱਟੇ ਕੱਢੇਗੀ! ਪਿਛਲੇ ਦਿਨਾਂ ਵਿਚ ਭਾਰਤ ਦੀ ਨਿਆਂ ਪਾਲਿਕਾ ਨੇ ਜੋ ਫੈਸਲੇ ਦਿੱਤੇ ਹਨ, ਉਨ੍ਹਾਂ ਨਾਲ ਸਿਆਸੀ ਧੜਕਣ ਹੋਰ ਤੇਜ਼ ਹੋਣ ਲੱਗ ਪਈ ਹੈ, ਪਰ ਇਹ ਕਿਸ ਪਾਸੇ ਵੱਲ ਵਧੇਗੀ, ਇਹ ਅੰਦਾਜ਼ਾ ਅਜੇ ਨਹੀਂ ਹੋ ਰਿਹਾ। ਇੱਕ ਗੱਲ ਲਗਭਗ ਸਾਫ ਹੈ ਕਿ ਜਿਵੇਂ ਗੁਜਰਾਤ ਦੰਗਿਆਂ ਪਿਛੋਂ ਉਥੇ ਰਾਜ ਚਲਾ ਰਹੀ ਧਿਰ ਦਾ ਘੱਟ-ਗਿਣਤੀਆਂ ਵੱਲੋਂ ਕਿਸੇ ਕਿਸਮ ਦਾ ਵਿਰੋਧ ਹੋਣਾ ਲਗਭਗ ਬੰਦ ਵਾਂਗ ਹੋ ਗਿਆ ਸੀ, ਬਾਬਰੀ ਮਸਜਿਦ ਨੂੰ ਰੱਦ ਕਰਨ ਤੇ ਰਾਮ ਮੰਦਿਰ ਦੀ ਉਸਾਰੀ ਲਈ ਸਹਿਮਤੀ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਲਗਭਗ ਓਦਾਂ ਦਾ ਅਸਰ ਇਸ ਵਾਰੀ ਸਾਰੇ ਦੇਸ਼ ਵਿਚ ਵੇਖਿਆ ਗਿਆ ਹੈ।

ਮੁਸਲਿਮ ਇਤਹਾਦੁਲ ਮੁਸਲਮੀਨ ਪਾਰਟੀ ਦੇ ਆਗੂ ਤੇ ਪਾਰਲੀਮੈਂਟ ਮੈਂਬਰ ਅਸਦੁਦੀਨ ਓਵੈਸੀ ਤੋਂ ਬਿਨਾ ਕੋਈ ਬਹੁਤਾ ਉਭਾਸਰ ਕੇ ਬੋਲਣ ਵਾਲਾ ਨਹੀਂ ਦਿੱਸਦਾ, ਸਗੋਂ ਜਿਨ੍ਹਾਂ ਨੇ ਕੇਸ ਕੀਤਾ ਤੇ ਲੜਿਆ ਸੀ, ਉਹ ਇਸ ਫੈਸਲੇ ਨੂੰ ਪ੍ਰਵਾਨ ਕਰਨ ਦੀ ਗੱਲ ਕਹਿ ਰਹੇ ਹਨ। ਖੱਬੇ ਪੱਖੀਆਂ ਦੀ ਜਿਸ ਧਿਰ ਨੇ ਇਸ ਫੈਸਲੇ ‘ਤੇ ਕੁਝ ਕਿੰਤੂ ਕੀਤਾ ਹੈ, ਉਸ ਨੇ ਬੜੇ ਚੋਣਵੇਂ ਸ਼ਬਦਾਂ ਨਾਲ ਕੀਤਾ ਹੈ, ਪਰ ਭਾਰਤ ਦੀ ਰਾਜਨੀਤੀ ਦੇ ਹਾਲੇ ਤੱਕ ਦੀ ਮੁੱਖ ਵਿਰੋਧੀ ਧਿਰ ਮੰਨੀ ਜਾਣ ਵਾਲੀ ਕਾਂਗਰਸ ਪਾਰਟੀ ਨੇ ਕਿੰਤੂ ਕਰਨ ਤੋਂ ਵੀ ਝਿਜਕ ਵਿਖਾਈ ਹੈ। ਇਸ ਤੋਂ ਪਹਿਲਾਂ ਜਦੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਤੋੜੀ ਗਈ ਸੀ, ਉਦੋਂ ਕਾਂਗਰਸ ਦੇ ਕੁਝ ਆਗੂਆਂ ਨੇ ਵਿਰੋਧ ਕੀਤਾ ਸੀ ਤੇ ਕੁਝ ਉਦੋਂ ਹੀ ਵਿਰੋਧੀ ਧਿਰ ਦੀ ਜ਼ਿਮੇਵਾਰੀ ਨਿਭਾਉਣ ਤੋਂ ਇਹ ਸੋਚ ਕੇ ਭੱਜ ਗਏ ਸਨ ਕਿ ਇਨ੍ਹਾਂ ਫੈਸਲਿਆਂ ਦਾ ਵਿਰੋਧ ਕਰਨ ਦਾ ਸਮਾਂ ਹੀ ਨਹੀਂ ਤਾਂ ਸਿਰ ਨਾ ਫਸਾਈਏ। ਅਯੁੱਧਿਆ ਦਾ ਕੇਸ ਦੂਜਾ ਹੈ, ਜਿਸ ਨੇ ਵਕਤ ਦੇ ਇਸ ਵਹਿਣ ਨੂੰ ਹੋਰ ਅੱਗੇ ਵਧਾਇਆ ਹੈ ਤੇ ਇਸ ਦੇ ਨਾਲ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਫੈਸਲੇ ਸਰਕਾਰੇ-ਦਰਬਾਰੇ ਜਿੱਥੋਂ ਵੀ ਆਉਣ, ਘੱਟ-ਗਿਣਤੀਆਂ ਦੀ ਤਸੱਲੀ ਵਾਲੇ ਨਹੀਂ ਆਉਣ ਲੱਗੇ।
ਇੱਕ ਸਮੇਂ ਤੱਕ ਇਸ ਦੇਸ਼ ਵਿਚ ਘੱਟ-ਗਿਣਤੀਆਂ ਨੂੰ ਰਾਜਨੀਤੀ ਦੇ ਮੋਹਰੇ ਬਣਾਉਣ ਤੇ ਵੋਟਾਂ ਲਈ ਵਰਤਣ ਦਾ ਜੋ ਰੁਝਾਨ ਹੋ ਗਿਆ ਸੀ, ਉਸ ਦਾ ਉਲਟ ਅਸਰ ਹੈ ਕਿ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਇੱਕ ਧਿਰ ਨੇ ਸਿਰਫ ਇਸੇ ਵਰਤਾਰੇ ਦੇ ਵਿਰੋਧ ਦੇ ਨਾਂ ‘ਤੇ ਆਪਣੇ ਨਾਲ ਤੋਰ ਕੇ ਰਾਜਸੀ ਲਾਹਾ ਖੱਟਿਆ ਹੈ। ਜਿਸ ਪਾਰਟੀ ਨੂੰ ਪੰਜਾਹ ਸਾਲਾਂ ਤੱਕ ਕਾਰੋਬਾਰੀਆਂ ਤੇ ਵਪਾਰੀਆਂ, ਅਤੇ ਇਸ ਤੋਂ ਵਧ ਕੇ ਜ਼ਖੀਰੇਬਾਜ਼ਾਂ ਦੀ ਪਾਰਟੀ ਤੱਕ ਕਿਹਾ ਜਾਂਦਾ ਰਿਹਾ, ਉਹ ਅੱਜ ਨਵੇਂ ਰੂਪ ਵਿਚ ਉਨ੍ਹਾਂ ਲੋਕਾਂ ਦੀ ਪਾਰਟੀ ਬਣੀ ਪਈ ਹੈ, ਜੋ ਭਾਵੇਂ ਰੇੜ੍ਹੀ ਲਾਉਣ ਜਾਂ ਰਿਕਸ਼ਾ ਵਾਹੁੰਦੇ ਹੋਣ, ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਨ ਕਿ ਅੱਠ ਸੌ ਸਾਲਾਂ ਪਿੱਛੋਂ ‘ਸਾਡਾ ਰਾਜ’ ਆਇਆ ਹੈ। ਜਦੋਂ ਇਹ ਵਰਤਾਰਾ ਅਜੇ ਉਭਰਨਾ ਸ਼ੁਰੂ ਹੋਇਆ ਸੀ, ਇਸ ਦੇ ਅੱਗੇ ਸਿਧਾਂਤਕ ਪੱਖ ਤੋਂ ਜਿਨ੍ਹਾਂ ਨੂੰ ਖੜੋਣਾ ਚਾਹੀਦਾ ਸੀ, ਉਹ ਰਾਜਸੀ ਲੋੜਾਂ ਵਾਸਤੇ ਇਸ ਨੂੰ ਵਰਤਣ ਦੇ ਰਾਹ ਪਏ ਰਹੇ ਸਨ।
ਸਾਰੇ ਜਾਣਦੇ ਹਨ ਕਿ ਆਜ਼ਾਦੀ ਮਿਲਣ ਤੋਂ ਡੇਢ ਸਾਲ ਪਿਛੋਂ ਜਦੋਂ ਬਾਬਰੀ ਮਸਜਿਦ ਵਿਚ ਮੂਰਤੀਆਂ ਰੱਖੀਆਂ ਗਈਆਂ, ਜਿਨ੍ਹਾਂ ਦੇ ਰੱਖਣ ਨੂੰ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਕਾਰਵਾਈ ਮੰਨਿਆ ਹੈ, ਉਸ ਪਿਛੋਂ ਉਸ ਕੰਪਲੈਕਸ ਨੂੰ ਤਾਲਾ ਲਾਇਆ ਗਿਆ ਸੀ ਤੇ ਲੱਗਾ ਰਿਹਾ ਸੀ। ਆਪਣੀ ਮਾਂ ਦੇ ਕਤਲ ਪਿੱਛੋਂ ਰਾਜੀਵ ਗਾਂਧੀ ਨੇ ਜਦੋਂ ਪਹਿਲੀ ਚੋਣ ਲੜੀ ਤਾਂ ਆਪਣੇ ਦੁਆਲੇ ਜੁੜੀ ਜੁੰਡੀ ਦੇ ਆਖੇ ਲੱਗ ਕੇ ਇਹ ਤਾਲਾ ਖੋਲ੍ਹਣ ਦਾ ਕੰਮ ਉਸੇ ਨੇ ਕੀਤਾ ਸੀ ਤੇ ਆਪਣੇ ਆਪ ਨੂੰ ਸੈਕੂਲਰ ਪਾਰਟੀ ਦੇ ਆਗੂ ਦੀ ਥਾਂ ਦੇਸ਼ ਦੀ ਹਿੰਦੂ ਬਹੁਗਿਣਤੀ ਲਈ ਹੀਰੋ ਵਜੋਂ ਪੇਸ਼ ਕੀਤਾ ਸੀ। ਨਤੀਜਾ ਇਹ ਨਿਕਲਿਆ ਸੀ ਕਿ ਕਾਂਗਰਸ ਪਾਰਟੀ ਉਦੋਂ ਚਾਰ ਸੌ ਤੋਂ ਵੱਧ ਸੀਟਾਂ ਲੈ ਗਈ ਸੀ ਤੇ ਹਿੰਦੂਤਵ ਦੀ ਝੰਡਾ ਬਰਦਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਸਿਰਫ ਦੋ ਸੀਟਾਂ ਤੱਕ ਰਹਿ ਗਈ ਸੀ। ਇਸ ਨੂੰ ਕਾਂਗਰਸ ਆਪਣੇ ਲਈ ਇੱਕ ਲੁਕਮਾਨੀ ਨੁਸਖਾ ਮੰਨ ਬੈਠੀ ਅਤੇ ਇਸੇ ਰਸਤੇ ਚੱਲਣ ਲੱਗ ਪਈ। ਰਾਜੀਵ ਗਾਂਧੀ ਦੀ ਮੌਤ ਪਿਛੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਨਰਸਿਮਹਾ ਰਾਓ ਨੇ ਤਾਂ ਭਾਜਪਾ ਲੀਡਰਸ਼ਿਪ ਨਾਲ ਸਾਂਝ ਨਿਭਾਉਣ ਦੀ ਵੀ ਓੜਕ ਕਰ ਦਿੱਤੀ ਸੀ।
ਕਮਿਊਨਿਸਟ ਪਾਰਟੀ ਦੇ ਇੱਕ ਮਰਹੂਮ ਨੇਤਾ ਦੀ ਕਹੀ ਇਹ ਗੱਲ ਸਾਨੂੰ ਅੱਜ ਵੀ ਯਾਦ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਇੱਕ ਦਿਨ ਪਹਿਲਾਂ ਨਰਸਿਮਹਾ ਰਾਓ ਨੇ ਖੱਬੇ ਪੱਖੀ ਆਗੂਆਂ ਨੂੰ ਬੁਲਾਇਆ ਸੀ। ਉਹ ਉਸ ਦੇ ਘਰ ਜਾ ਕੇ ਡਰਾਇੰਗ ਰੂਮ ਵਿਚ ਬੈਠੇ ਚਾਹ ਪੀਂਦੇ ਰਹੇ ਅਤੇ ਨਰਸਿਮਹਾ ਰਾਓ ਅੰਦਰ ਭਾਜਪਾ ਦੇ ਤਿੰਨ ਵੱਡੇ ਆਗੂਆਂ ਨਾਲ ਮਸਜਿਦ ਨੂੰ ਢਾਹੇ ਜਾਣ ਦੀ ਗੋਂਦ ਗੁੰਦਣ ਲੱਗਾ ਰਿਹਾ ਸੀ। ਉਹ ਜਾਣਦਾ ਸੀ ਕਿ ਅਗਲੀ ਵਾਰੀ ਉਸ ਨੇ ਪ੍ਰਧਾਨ ਮੰਤਰੀ ਨਹੀਂ ਰਹਿ ਸਕਣਾ, ਇਸ ਲਈ ਪਾਰਟੀ ਜਾਂ ਦੇਸ਼ ਦਾ ਜੋ ਮਰਜ਼ੀ ਬਣਦਾ ਰਹੇ, ਆਪਣੇ ਧਰਮ ਦੇ ਸੇਵਕ ਹੋਣ ਦੀ ਭੱਲ ਖੱਟਣ ਦਾ ਮੌਕਾ ਮਿਲਿਆ ਹੈ ਤਾਂ ਵਰਤ ਲੈਣਾ ਚਾਹੀਦਾ ਹੈ। ਨਹਿਰੂ ਵਾਲਾ ਸੈਕੂਲਰਜ਼ਿਮ ਉਸ ਨੂੰ ਚਾਹੀਦਾ ਹੀ ਨਹੀਂ ਸੀ। ਪਿਛੋਂ ਵੀ ਕਾਂਗਰਸ ਪਾਰਟੀ ਨੇ ਪੰਡਿਤ ਅਖਵਾਉਣ ਦੇ ਬਾਵਜੂਦ ਸੈਕੂਲਰਿਜ਼ਮ ‘ਤੇ ਪਹਿਰਾ ਦਿੰਦੇ ਰਹੇ ਜਵਾਹਰ ਲਾਲ ਨਹਿਰੂ ਦੀ ਸਿੱਖਿਆ ਦਾ ਚੇਤਾ ਕਦੇ ਨਹੀਂ ਕੀਤਾ, ਆਪਣੇ ਨਾਲਾਇਕ ਸਲਾਹਕਾਰਾਂ ਦੇ ਫਾਰਮੂਲੇ ਤੇ ਫਾਰਮੂਲੀਆਂ ਅਜ਼ਮਾਉਣ ਦੇ ਰਾਹ ‘ਤੇ ਚੱਲਦੀ ਇੱਕ ਪਿੱਛੋਂ ਦੂਜੀ ਗਲਤੀ ਕਰ ਕੇ ਆਪਣੀਆਂ ਜੜ੍ਹਾਂ ਖੋਖਲੀਆਂ ਕਰਦੀ ਰਹੀ ਸੀ। ਆਰ. ਐਸ਼ ਐਸ਼ ਨਾਲ ਸਾਂਝ ਵਾਲੇ ਬੰਦਿਆਂ ਨੂੰ ਪਾਰਟੀ ਵਿਚ ਵੱਡੀਆਂ ਪੋਸਟਾਂ ਦੇਣ ਦਾ ਅਮਲ ਜਾਰੀ ਰਿਹਾ ਤੇ ਅੱਜ ਜਿਨ੍ਹਾਂ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ, ਉਨ੍ਹਾਂ ਵਿਚੋਂ ਤਿੰਨਾਂ ਵਿਚ ਉਦੋਂ ਵਾਲੇ ਸਾਬਕਾ ਕਾਂਗਰਸੀ ਆਗੂ ਮੁੱਖ ਮੰਤਰੀ ਹਨ।
ਸੈਕੂਲਰ ਪੈਂਤੜਾ ਜਵਾਹਰ ਲਾਲ ਨਹਿਰੂ ਦਾ ਸੀ, ਜਿਸ ਖਿਲਾਫ ਪਹਿਲੀ ਚੋਣ ਵਿਚ ਅੱਜ ਵਾਲੀ ਭਾਜਪਾ ਬਣਨ ਤੋਂ ਪਹਿਲੀ ਜਨ ਸੰਘ ਤੋਂ ਵੀ ਪਹਿਲਾਂ ਵਾਲੀ ਹਿੰਦੂ ਮਹਾਂ ਸਭਾ ਨੇ ਇੱਕ ਸਾਧੂ ਇਹ ਕਹਿ ਕੇ ਖੜਾ ਕੀਤਾ ਸੀ ਕਿ ਕਿਉਂਕਿ ਨਹਿਰੂ ਨੇ ਆਪਣੀ ਧੀ ਮੁਸਲਮਾਨਾਂ ਦੇ ਘਰ ਵਿਆਹ ਦਿੱਤੀ ਹੈ, ਇਸ ਲਈ ਉਹ ਦੇਸ਼ ਦਾ ਆਗੂ ਨਹੀਂ ਚਾਹੀਦਾ। ਮੁਸਲਿਮ ਮੁੰਡੇ ਦੇ ਨਾਲ ਨਹੀਂ, ਨਹਿਰੂ ਦੀ ਧੀ ਨੇ ਪਾਰਸੀ ਮੁੰਡੇ ਨਾਲ ਵਿਆਹ ਕਰਵਾਇਆ ਸੀ, ਪਰ ਇਹ ਝੂਠ ਬੋਲ ਕੇ ਜਿਸ ਸੰਤ ਨੂੰ ਉਦੋਂ ਖੜਾ ਕੀਤਾ ਗਿਆ, ਉਸ ਨੇ ਆਪਣੇ ਮੂੰਹ ‘ਤੇ ਪੱਟੀ ਬੰਨ੍ਹ ਲਈ ਕਿ ਇਹੋ ਜਿਹੇ ਨਹਿਰੂ ਦੇ ਖਿਲਾਫ ਬੋਲਣਾ ਵਾਧੂ ਦੀ ਗੱਲ ਹੈ, ਮੈਂ ਕੁਝ ਬੋਲਣਾ ਹੀ ਨਹੀਂ। ਨਹਿਰੂ ਨੇ ਕਿਹਾ ਸੀ ਕਿ ਸਾਧੂ ਨੇ ਬੋਲਣਾ ਨਹੀਂ, ਮੈਂ ਉਸ ਹਲਕੇ ਵਿਚ ਵੀ ਨਹੀਂ ਜਾਵਾਂਗਾ, ਲੋਕਾਂ ਨੂੰ ਠੀਕ ਜਾਂ ਗਲਤ ਦਾ ਫੈਸਲਾ ਕਰ ਲੈਣ ਦਿਆਂਗਾ। ਉਥੇ ਨਹਿਰੂ ਜਿੱਤ ਗਿਆ ਸੀ ਤੇ ਸਾਧੂ ਦੀ ਜ਼ਮਾਨਤ ਜ਼ਬਤ ਹੋਈ ਸੀ। ਚੋਣਾਂ ਵਿਚ ਹਾਰ ਗਏ ਸਾਧੂ ਨੇ ਆਪ ਟੈਲੀਗਰਾਮ ਭੇਜ ਕੇ ਨਹਿਰੂ ਨੂੰ ਵਧਾਈ ਦਿੱਤੀ ਅਤੇ ਨਾਲ ਇਹ ਕਿਹਾ ਸੀ ਕਿ ਤੂੰ ਨਹੀਂ, ਤੇਰਾ ਸੈਕੂਲਰ ਸਿਧਾਂਤ ਜਿੱਤਿਆ ਹੈ। ਅੱਜ ਦੇ ਕਾਂਗਰਸੀਆਂ ਨੂੰ ਉਹ ਯਾਦ ਹੀ ਨਹੀਂ।
ਪੈਂਤੜੇ ਤੋਂ ਥਿੜਕੀ ਹੋਈ ਇਸ ਪਾਰਟੀ ਨੇ ਆਪਣਾ ਨੁਕਸਾਨ ਵੀ ਕਰਵਾਇਆ ਤੇ ਦੇਸ਼ ਦਾ ਵੀ ਕਰਵਾ ਲੈਣ ਪਿਛੋਂ ਅਜੇ ਤੱਕ ਭਵਿੱਖ ਦਾ ਪੈਂਤੜਾ ਤੈਅ ਨਹੀਂ ਕਰ ਸਕੀ। ਖੱਬੇ ਪੱਖੀਆਂ ਤੋਂ ਇਸ ਨੂੰ ਕੁਝ ਆਸਰਾ ਅਜਿਹੇ ਔਝੜ ਭਰਪੂਰ ਦੌਰ ਦੌਰਾਨ ਮਿਲ ਸਕਦਾ ਸੀ, ਪਰ ਜਦੋਂ ਕਾਂਗਰਸ ਦੀ ਚੜ੍ਹਤ ਸੀ, ਉਸ ਦੇ ਆਗੂ ਖੱਬੇ ਪੱਖੀਆਂ ਦੀਆਂ ਜੜ੍ਹਾਂ ਵੱਢਣ ਲਈ ਅੱਜ ਦੇ ਭਾਜਪਾਈਆਂ ਤੋਂ ਵੀ ਵੱਧ ਕੋਸ਼ਿਸ਼ ਕਰਦੇ ਰਹੇ ਸਨ। ਅੱਜ ਉਸ ਪਾਰਟੀ ਦੇ ਬਹੁਤੇ ਲੀਡਰ ਚੁੱਪ ਰਹਿਣ ਵਿਚ ਸੁਖ ਭਾਲਦੇ ਹਨ ਤੇ ਜੋ ਥੋੜ੍ਹਾ-ਬਹੁਤ ਬੋਲਦੇ ਹਨ, ਉਹ ਹਰ ਗੱਲ ਇਥੋਂ ਸ਼ੁਰੂ ਕਰਦੇ ਹਨ ਕਿ ਸਾਡੇ ਆਗੂ ਰਾਹੁਲ ਨੇ ਆਹ ਕਿਹਾ ਹੈ ਤੇ ਪ੍ਰਿਅੰਕਾ ਨੇ ਔਹ ਕਿਹਾ ਹੈ, ਤਾਂ ਕਿ ਕੱਲ੍ਹ ਨੂੰ ਭਾਜਪਾ ਵਿਚ ਜਾਣ ਦੀ ਲੋੜ ਪਵੇ ਤਾਂ ਇਹ ਕਹਿਣ ਜੋਗੇ ਰਹਿਣ ਕਿ ਅਸੀਂ ਆਪਣੇ ਪੱਲਿਓਂ ਕੁਝ ਕਿਹਾ ਹੀ ਨਹੀਂ ਸੀ।
ਰਾਹੁਲ ਤੇ ਪ੍ਰਿਅੰਕਾ-ਦੋਵੇਂ ਜਣੇ ਆਰ. ਐਸ਼ ਐਸ਼ ਦਾ ਵਿਰੋਧ ਕਰਦੇ ਹਨ, ਉਸ ਦੀ ਉਸ ਵਿਚਾਰਧਾਰਾ ਦਾ ਵਿਰੋਧ ਨਹੀਂ ਕਰਦੇ, ਜਿਸ ਨੇ ਅੱਜ ਬਹੁ-ਗਿਣਤੀ ਭਾਈਚਾਰੇ ਦੇ ਗਰੀਬ ਤੋਂ ਗਰੀਬ ਬੰਦੇ ਦੇ ਮਨ ਵਿਚ ਵੀ ਇਹ ਗੱਲ ਭਰ ਦਿੱਤੀ ਹੈ ਕਿ ਅੱਠ ਸੌ ਸਾਲਾਂ ਬਾਅਦ ‘ਸਾਡਾ ਰਾਜ’ ਆਇਆ ਹੈ। ਸੱਚਾਈ ਇਹ ਹੈ ਕਿ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਇਸ ਤਰ੍ਹਾਂ ਦੀ ਭਾਵਨਾ ਭਰ ਕੇ ਭਾਰਤ ਨੂੰ ਪਿਛਲੇ ਸਮੇਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਮਾੜੀ ਆਰਥਕਤਾ ਵਿਚ ਏਨਾ ਉਲਝਾ ਦਿੱਤਾ ਗਿਆ ਹੈ ਕਿ ਨੀਵਾਣਾਂ ਵੱਲ ਜਾਣ ਤੋਂ ਪਿਛਾਂਹ ਨੂੰ ਇਸ ਦਾ ਮੋੜਾ ਕੱਟ ਸਕਣਾ ਮੁਸ਼ਕਿਲ ਜਾਪਣ ਲੱਗ ਪਿਆ ਹੈ। ਇਸ ਦੇ ਬਾਵਜੂਦ ਲੋਕ ਇਸ ਬਾਰੇ ਨਹੀਂ ਸੋਚ ਰਹੇ।
ਆਮ ਲੋਕ ਬਹੁਤੀਆਂ ਡੂੰਘੀਆਂ ਗੱਲਾਂ ਕਦੇ ਵੀ ਨਹੀਂ ਸੋਚਦੇ ਹੁੰਦੇ, ਉਨ੍ਹਾਂ ਦੀ ਬੋਲੀ ਵਿਚ ਨਿੱਤ ਦਿਨ ਉਨ੍ਹਾਂ ਦੇ ਕੋਲ ਰਹਿ ਕੇ ਇਹ ਗੱਲਾਂ ਉਨ੍ਹਾਂ ਤੱਕ ਪਹੁੰਚਾਉਣੀਆਂ ਪੈਂਦੀਆਂ ਹਨ। ਅੱਜ ਅਜਿਹੀ ਕੋਈ ਖਾਸ ਲਹਿਰ ਨਹੀਂ ਦਿਸਦੀ। ਮੁਲਕਾਂ ਦੇ ਇਤਿਹਾਸ ਵਿਚ ਕਈ ਵਾਰੀ ਚੁੱਪ ਦਾ ਦੌਰ ਵੀ ਆਉਂਦਾ ਹੁੰਦਾ ਹੈ, ਪਰ ਫਿਰ ਲੋਕਾਂ ਦੀ ਚੁੱਪ ਟੁੱਟਣ ਪਿਛੋਂ ਉਹ ਕੁਝ ਵੀ ਹੁੰਦਾ ਵੇਖਿਆ ਗਿਆ ਹੈ, ਜਿਸ ਦਾ ਕਿਸੇ ਨੂੰ ਚੇਤਾ ਨਹੀਂ ਸੀ। ਭਾਰਤ ਵਿਚ ਰਾਜ ਕਰਨ ਵਾਲਿਆਂ ਨੂੰ ਵੀ ਤੇ ਰਾਜ ਤੋਂ ਪਾਸੇ ਰਹਿਣ ਦੀ ਔਖ ਕੱਟਣ ਵਾਲਿਆਂ ਨੂੰ ਵੀ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਜੇ ਪਹਿਲਾ ਦੌਰ ਟਿਕਾਊ ਨਹੀਂ ਸੀ ਤਾਂ ਅੱਜ ਵਾਲਾ ਵੀ ਸਦੀਵੀ ਨਹੀਂ ਬਣਨ ਲੱਗਾ, ਵਕਤ ਦਾ ਪਹੀਆ ਮੁੜ ਕੇ ਵੀ ਕਿਸੇ ਪਾਸੇ ਨੂੰ ਗਿੜ ਸਕਦਾ ਹੈ।