ਕੀ ਗੁਰੂ ਨਾਨਕ ਦੇਵ ਜੀ ਦਸਤਾਰਧਾਰੀ ਸਨ?

ਡਾ. ਆਸਾ ਸਿੰਘ ਘੁੰਮਣ, ਨਡਾਲਾ
ਫੋਨ: 91-97798-53245
ਗੁਰੂ ਨਾਨਕ ਦੇਵ ਜੀ ਜਿਹੀਆਂ ਮਹਾਨ ਸ਼ਖਸੀਅਤਾਂ ਲਈ ਬਾਹਰੀ ਸਰੂਪ ਭਾਵੇਂ ਉਨਾ ਅਹਿਮ ਨਹੀਂ ਹੁੰਦਾ, ਜਿੰਨਾ ਇੱਕ ਆਮ ਵਿਅਕਤੀ ਲਈ; ਫਿਰ ਵੀ ਜਦੋਂ ਤੋਂ ਉਨ੍ਹਾਂ ਦੇ ਕਾਲਪਨਿਕ ਚਿੱਤਰ ਸਾਹਮਣੇ ਆਉਣੇ ਸ਼ੁਰੂ ਹੋਏ, ਇਹ ਇੱਕ ਵੱਡੇ ਵਿਵਾਦ ਦਾ ਹਿੱਸਾ ਰਿਹਾ ਹੈ ਕਿ ਕੀ ਗੁਰੂ ਜੀ ਦਸਤਾਰਧਾਰੀ ਸਨ ਜਾਂ ਨਹੀਂ? ਇਹ ਵਿਸ਼ਾ ਸੋਭਾ ਸਿੰਘ ਵੱਲੋਂ ਬਣਾਏ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਮਕਬੂਲ ਹੋਣ ਪਿਛੋਂ ਸੰਜੀਦਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਗੁਰੂ ਜੀ ਦੇ ਸਮੇਂ ਦਾ ਕੋਈ ਐਸਾ ਚਿੱਤਰ ਨਹੀਂ, ਜਿੱਥੋਂ ਅਸੀਂ ਇਹ ਜਾਣ ਸਕੀਏ ਕਿ ਗੁਰੂ ਨਾਨਕ ਦੇਵ ਜੀ ਵੇਖਣ ਵਿਚ ਕਿਸ ਤਰ੍ਹਾਂ ਦੇ ਸਨ। ਹਾਂ, ਪਹਿਰਾਵੇ ਬਾਰੇ ਅਤੀਤ ਵਿਚੋਂ ਕੁਝ ਕੁਝ ਸੰਕੇਤ ਜ਼ਰੂਰ ਮਿਲਦੇ ਹਨ।

ਗੁਰੂ ਜੀ ਦੀਆਂ ਸਿਖਿਆਵਾਂ ਅਤੇ ਫਲਸਫਾ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਸਾਂਭੀ ਉਨ੍ਹਾਂ ਦੀ ਬਾਣੀ ਕਰਕੇ ਸਾਡੇ ਕੋਲ ਮਹਿਫੂਜ਼ ਹਨ, ਪਰ ਉਨ੍ਹਾਂ ਦੇ ਜੀਵਨ ਬਾਰੇ ਜਾਣਨ ਲਈ ਸਾਡੇ ਕੋਲ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਜਨਮ-ਸਾਖੀਆਂ ਹੀ ਸਭ ਤੋਂ ਨੇੜਲੇ ਸਰੋਤ ਮੰਨੇ ਜਾਂਦੇ ਹਨ। ਜਨਮ-ਸਾਖੀਆਂ ਬਾਰੇ ਸਭ ਵਿਦਵਾਨਾਂ ਦੀ ਰਾਏ ਸਹੀ ਹੈ ਕਿ ਇਹ ਸ਼ਰਧਾ ਵਿਚੋਂ ਉਪਜਿਆ ਸਾਹਿਤ ਹੈ ਜਾਂ ਇਨ੍ਹਾਂ ਦੇ ਲਿਖਣ ਵਾਲਿਆਂ ਦਾ ਮਕਸਦ ਇਤਿਹਾਸ ਲਿਖਣ ਦੀ ਥਾਂ ਕੁਝ ਹੋਰ ਹੀ ਸੀ!
ਗੋਬਿੰਦ ਸਿੰਘ ਲਾਂਬਾ ਦਾ ਇਹ ਵਿਚਾਰ ਠੀਕ ਲੱਗਦਾ ਹੈ ਕਿ ਭਾਈ ਗੁਰਦਾਸ ਦੀ ਪਹਿਲੀ ਵਾਰ ਵੀ ਸ਼ਰਧਾ-ਕੇਂਦਰਤ ਸਾਖੀ ਹੀ ਕਹੀ ਜਾ ਸਕਦੀ ਹੈ। ਇਸ ਵਾਰ ਅਤੇ ਜਨਮ-ਸਾਖੀਆਂ ਨੂੰ ਇੰਨ-ਬਿੰਨ ਸਹੀ ਨਹੀਂ ਮੰਨਿਆ ਜਾ ਸਕਦਾ। ਜਨਮ-ਸਾਖੀਆਂ ਵਿਚਲੀਆਂ ਕਈ ਅਣਹੋਣੀਆਂ ਅਤੇ ਅਤਿਕਥਨੀਆਂ ਨੇ ਸਾਖੀਆਂ ਪ੍ਰਤੀ ਸਾਡੀ ਪਹੁੰਚ ਨਾਕਾਰਾਤਮਕ ਬਣਾ ਦਿੱਤੀ ਹੈ। ਡਬਲਿਯੂ. ਐਚ. ਮੈਕਲੌਡ ਦੇ ਵਿਸ਼ਲੇਸ਼ਣ ਪਿਛੋਂ ਜਨਮ-ਸਾਖੀਆਂ ਵੱਲ ਸਿੱਖ ਵਿਦਵਾਨਾਂ ਦਾ ਧਿਆਨ ਵਧੇਰੇ ਖਿੱਚਿਆ ਗਿਆ ਹੈ ਅਤੇ ਇਸ ਅਹਿਮ ਤੱਥ ਵੱਲ ਗੌਰ ਕੀਤਾ ਜਾ ਰਿਹਾ ਹੈ ਕਿ ਸਾਡੀਆਂ ਮੌਖਿਕ ਰਵਾਇਤਾਂ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ। ਉਂਜ ਜੇ ਗਹੁ ਨਾਲ ਵਾਚੀਏ ਤਾਂ ਮੈਕਲੌਡ ਵੀ ਮੰਨਦਾ ਹੈ ਕਿ ਜਨਮ-ਸਾਖੀਆਂ ਵਿਚ ਦਿੱਤਾ ਬਹੁਤ ਕੁਝ ਅਜਿਹਾ ਹੈ, ਜਿਸ ਨੂੰ ਦਲੀਲ ਨਾਲ ਨਿਤਾਰਨ ਦੀ ਲੋੜ ਹੈ।
ਗੁਰੂ ਨਾਨਕ ਜਦ ਸੁਲਤਾਨਪੁਰ ਲੋਧੀ ਵਿਖੇ ਮੋਦੀ ਦੇ ਤੌਰ ‘ਤੇ ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾ ਰਹੇ ਸਨ ਤਾਂ ਇੱਕ ਵਿਸ਼ੇਸ਼ ਦਿਨ ਉਨ੍ਹਾਂ ‘ਤੇ ਪਰਮਾਤਮਾ ਵੱਲੋਂ ਅਸਲੀ ਅਹਿਮ ਕਾਰਜ ਨਿਭਾਏ ਜਾਣ ਦਾ ਅਹਿਸਾਸ ਭਰ ਗਿਆ। ਇਸ ਘਟਨਾ ਨੂੰ ਸਿੱਖ ਜਗਤ ਵਿਚ ਵੇਈਂ ਪ੍ਰਵੇਸ਼ ਵਾਲੀ ਸਾਖੀ ਵਜੋਂ ਜਾਣਿਆ ਜਾਂਦਾ ਹੈ। ਇਹ ਉਨ੍ਹਾਂ ਦੀ ਨਿਰੰਤਰ ਭਗਤੀ, ਗਹਿਰੇ ਚਿੰਤਨ-ਮੰਥਨ ਅਤੇ ਦੁਨਿਆਵੀ ਵਿਸ਼ਲੇਸ਼ਣ ਦੇ ਫੈਸਲਾਕੁਨ ਦਿਨ ਸਨ। ਤਿੰਨ ਦਿਨਾ ਜਾਂ ਸੱਤ ਦਿਨਾ ਚਿੰਤਨ ਪਿਛੋਂ ਉਨ੍ਹਾਂ ਨੇ “ਇਕ ਓਂਕਾਰ” ਦਾ ਸੰਦੇਸ਼ ਦਿੱਤਾ, “ਨ ਕੋ ਹਿੰਦੂ ਨਾ ਮੁਸਲਮਾਨ” ਦਾ ਨਾਅਰਾ ਬੁਲੰਦ ਕੀਤਾ ਅਤੇ ਠੋਕ ਵਜਾ ਕੇ ਕਿਹਾ, “ਏਕੋ ਸਿਮਰੋ ਨਾਨਕਾ ਦੂਜਾ ਨਾਹੀ ਕੋਇ॥”
ਆਪਣੇ ਪ੍ਰਵਚਨ ਸਾਰੀ ਦੁਨੀਆਂ ਵਿਚ ਪ੍ਰਚਾਰਨ/ਪ੍ਰਸਾਰਨ ਲਈ ਚਾਰ ਲੰਮੀਆਂ ਉਦਾਸੀਆਂ ‘ਤੇ ਚੱਲਣ ਤੋਂ ਪਹਿਲਾਂ ਉਨ੍ਹਾਂ ਉਦਾਸੀ ਪਹਿਰਾਵਾ ਧਾਰਨ ਕਰ ਲਿਆ। ਹਾਲਾਂਕਿ ਗੁਰੂ ਜੀ ਲਈ ਬਾਹਰੀ ਦਿੱਖ ਕੋਈ ਬਹੁਤੇ ਅਰਥ ਨਹੀਂ ਸੀ ਰੱਖਦੀ, ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਹਰ ਸਮਾਜ ਵਿਚ ਪਹਿਰਾਵਾ ਵੀ ਕਈ ਸੰਕੇਤਾਂ ਦਾ ਮੁਜੱਸਮਾ ਹੁੰਦਾ ਹੈ। ਭਾਈ ਗੁਰਦਾਸ ਇਸ ਬਾਰੇ ਫੁਰਮਾਉਂਦੇ ਹਨ, “ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤਿ ਚਲਾਈ।” ਲੰਬੀਆਂ-ਚੌੜੀਆਂ ਉਦਾਸੀਆਂ ਉਪਰੰਤ ਜਦ ਗੁਰੂ ਜੀ ਵਾਪਸ ਕਰਤਾਰਪੁਰ ਪਹੁੰਚੇ ਤਾਂ ਉਨ੍ਹਾਂ ਉਦਾਸੀਆਂ ਵਾਲਾ ਬਾਣਾ ਉਤਾਰ ਕੇ ਗ੍ਰਹਿਸਥੀਆਂ ਵਾਲਾ ਪਹਿਰਾਵਾ ਪਹਿਨ ਲਿਆ, “ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ।” ਸਾਫ ਜਾਹਰ ਹੈ ਕਿ ਗੁਰੂ ਜੀ ਪਹਿਰਾਵੇ ਨੂੰ ਬਣਦਾ ਮਹੱਤਵ ਦਿੰਦੇ ਸਨ।
ਭਾਈ ਮਿਹਰਬਾਨ ਵਾਲੀ ਜਨਮ ਸਾਖੀ ਵੇਈਂ ਪ੍ਰਵੇਸ਼ ਬਾਰੇ ਇੰਜ ਬੋਲਦੀ ਹੈ, “ਜਦਿ ਬਾਬਾ ਨਾਨਕ ਜੀ ਇਸਨਾਨ ਕਰਿ ਨਿਕਲਤਾ ਤਬ ਚਾਕਰ ਕੱਪੜੇ ਅਗੈ ਆਣਿ ਧਰਤਾ। ਬਾਬਾ ਨਾਨਕ ਜੀ ਪਗ ਬਾਂਧਿ ਕਰ ਧੋਤੀ ਕਰਿ ਕਰਿ, ਚਾਦਰ ਓਢਿ ਕਰਿ, ਤਰਪਨ ਨੇਮ ਗਾਇਤਰੀ ਪੜ ਕਰਿ,…ਬਾਹਰ ਦਰਿਆਵ ਉਪਰਿ ਆਤਾ…।”
ਉਸ ਵਿਸ਼ੇਸ਼ ਦਿਨ, ਜਿਸ ਦਿਨ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਜੀ ਤਿੰਨ ਦਿਨ ਲਈ ਵੇਈਂ ਵਿਚ ਅਲੋਪ ਹੋ ਗਏ ਅਤੇ ਪਰਮਾਤਮਾ ਨਾਲ ਰੁਬਰੂ ਹੋਏ, ਸਾਖੀਕਾਰ ਇਸ ਤਰ੍ਹਾਂ ਲਿਖਦਾ ਹੈ, “…ਜਿਉਂ ਕੱਪੜੇ ਉਤਾਰਿ ਨਫਰ ਕਉ ਪਕੜਾਏ ਜੂੜਾ ਕਰਿ ਕਰਿ ਜਿਉ ਦਰੀਆਵ ਵਿਚ ਦੁਬਕੀ ਮਾਰੀ ਤਿਉ ਫੇਰਿ ਨਾ ਨਿਕਲਿਆ…।”
ਪ੍ਰੋ. ਸਾਹਿਬ ਸਿੰਘ ਆਪਣੀ ਪੁਸਤਕ “ਜੀਵਨ-ਬਿਰਤਾਂਤ: ਗੁਰੂ ਨਾਨਕ ਦੇਵ ਜੀ” ਵਿਚ ਇਕ ਫੁਟ-ਨੋਟ ਰਾਹੀਂ ਵਿਸ਼ੇਸ਼ ਕਥਨ ਕਰਦੇ ਹਨ, “ਇਹ ਜਨਮ-ਸਾਖੀ ਬਾਬਾ ਪ੍ਰਿਥੀ ਚੰਦ ਦੇ ਪੁੱਤਰ ਬਾਬਾ ਮੇਹਰਬਾਨ ਦੀ ਲਿਖਾਈ ਹੋਈ ਹੈ। ਪਾਠਕ ਲਫਜ਼ ‘ਜੂੜਾ’ ਵੱਲ ਧਿਆਨ ਦੇਣ। ਗੁਰੂ ਨਾਨਕ ਦੇਵ ਜੀ ਕੇਸਾਧਾਰੀ ਸਨ।”
ਭਾਈ ਗੁਰਦਾਸ ਆਪਣੀ 32ਵੀਂ ਵਾਰ ਵਿਚ ਪੰਜਾਬ ਅਤੇ ਮਿਸਰ ਸਮੇਤ ਹੋਰ ਕਈ ਦਸਤਾਰਧਾਰੀ ਸਮਾਜਾਂ ਵਿਚ ਵਿਆਪਕ ਪ੍ਰਚਲਿਤ ਰਿਵਾਜ ਬਾਰੇ ਲਿਖਦੇ ਹਨ ਕਿ ਨੰਗੇ ਸਿਰ ਦਾ ਕੀ ਅਰਥ ਲਿਆ ਜਾਂਦਾ ਹੈ,
ਠੰਢੇ ਖੁਹਹੁ ਨ੍ਹਾਇ ਕੈ ਪਗ ਵਿਸਾਰਿ ਆਇਆ ਸਿਰਿ ਨੰਗੈ।
ਘਰ ਵਿਚਿ ਰੰਨਾ ਕਮਲੀ ਧੁਸੀ ਲੀਤੀ ਦੇਖਿ ਕੁਢੰਗੈ।
ਰੰਨਾ ਦੇਖਿ ਪਿਟੰਦੀਆ ਢਾਹਾ ਮਾਰੈ ਹੋਇ ਨਿਸੰਗੇ।
ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ।
ਨਾਇਣ ਪੁਛਦੀ ਪਿਟਦੀਆ ਕਿਸੇ ਦੈ ਨਾਇ ਅਲ੍ਹਾਣੀ ਅੰਗੈ।
ਸਹੁਰੇ ਪੁਛਹ ਜਾਇ ਕੈ ਕਉਣ ਮੁਆ ਨੁਹ ਉਤਰ ਮੰਗੈ।
ਕਾਵਾ ਰੌਲਾ ਮੂਰਖ ਸੰਗੈ।੧੯।
ਜਦ ਜੈ ਰਾਮ ਨੂੰ ਗੁਰੂ ਨਾਨਕ ਦੇ ਵੇਈਂ ਵਿਚ ਡੁੱਬ ਜਾਣ ਦੀ ਖਬਰ ਦਿੱਤੀ ਗਈ ਤਾਂ ਉਨ੍ਹਾਂ ਦੀ ਪ੍ਰਤੀਕ੍ਰਿਆ ਵੀ ਧਿਆਨ ਮੰਗਦੀ ਹੈ, “ਤਬ ਜੈ ਰਾਮ ਕਉ ਖਬਰ ਭਈ, ਉਨਿ ਲਾਹ ਪਗ ਭੁਇੰ ਨਾਲ ਮਾਰੀ, ਸਿਆਪਾ ਹੂਆ…।” ਉਧਰੋਂ ਜਦ ਨਵਾਬ ਦੌਲਤ ਖਾਨ ਤੱਕ ਗੁਰੂ ਜੀ ਦੇ ਵੇਈਂ ਵਿਚ ਗੁੰਮ ਹੋ ਜਾਣ ਦੀ ਖਬਰ ਪਹੁੰਚੀ ਤਾਂ ਉਸ ਨੇ ਜੈ ਰਾਮ ਨੂੰ ਬੁਲਾਵਾ ਭੇਜਿਆ। “…ਤਬ ਜੈ ਰਾਮ ਸਿਰਿ ਪਟੁਕੈ ਬਧੇ ਦਵਲਤ ਖਾਨਿ ਪਾਸਿ ਜਾਇ ਖੜਾ ਹੋਆ…।” ਸਭ ਪਾਸੇ ਹਾਹਾਕਾਰ ਮੱਚ ਗਈ। ਸਾਰਾ ਦਿਨ ਢੂੰਡਣ ਪਿਛੋਂ ਦੌਲਤ ਖਾਨ ਲੋਧੀ ਨੇ ਜੈ ਰਾਮ ਨੂੰ ਦਮ-ਦਿਲਾਸਾ ਦਿੱਤਾ ਅਤੇ ਉਨ੍ਹਾਂ ਦੇ ਸਿਰ ਪੱਗ ਬੰਨਵਾਈ, “ਚਾਰ ਪਹਰਿ ਦਿਨਿ ਦਵਲਤ ਖਾਨ ਢੂਢਿ ਰਹਿਆ ਦਰੀਆਉ; ਸਾਂਝਿ ਕਉ ਘਰਿ ਆਇਆ। ਆਇ ਕਰ ਜੈ ਰਾਮ ਕਉ ਸਰਪਾਉ ਪਹਰਾਇਆ…।”
ਜਦ ਗੁਰੂ ਜੀ ਦੇ ਫਕੀਰ ਹੋਣ ਦੀ ਖਬਰ ਤਲਵੰਡੀ ਪਹੁੰਚੀ ਤਾਂ ਮਹਿਤਾ ਕਾਲੂ ਫਿਕਰਮੰਦ ਹੋ ਗਏ। ਉਨ੍ਹਾਂ ਭਾਈ ਮਰਦਾਨੇ ਨੂੰ ਸੁਲਤਾਨਪੁਰ ਲੋਧੀ ਸੁਰ-ਖਬਰ ਲੈਣ ਲਈ ਭੇਜਿਆ। “ਮਰਦਾਨਾ ਆਇ ਨਾਨਕ ਨੁ ਮਿਲਿਆ, ਆਖਿਆ, ਨਾਨਕ ਜੀ ਯਹ ਕਿਆ ਕੀਤੋਸੁ। ਚੰਗੇ ਭਲਿਆ ਛਡਿ ਕੇ ਅੰਗੋਛਾ ਸਿਰਿ ਬੰਧਿਓ।” ਉਨ੍ਹਾਂ ਦਾ ਸਿਰ-ਵਸਤਰ ‘ਅੰਗੋਛਾ’ ਫਕੀਰੀ ਧਾਰਨ ਦਾ ਸੰਕੇਤ ਸੀ।
ਸਾਫ ਜਾਹਰ ਹੈ ਕਿ ਭਾਈਆ ਜੈ ਰਾਮ ਅਤੇ ਗੁਰੂ ਨਾਨਕ ਦੇਵ ਦੋਨੋਂ ਦਸਤਾਰਧਾਰੀ ਸਨ ਤੇ ਅਜਿਹਾ ਪੇਸ਼ ਕਰਨ ਵਿਚ ਸਾਖੀਕਾਰ ਦਾ ਕੋਈ ਛੁਪਿਆ ਏਜੰਡਾ ਨਜ਼ਰ ਨਹੀਂ ਆਉਂਦਾ।