ਬੇਲਗਾਮ ਮਹਿੰਗਾਈ ਨੇ ਕੀਤਾ ਲੋਕਾਂ ਦੇ ਨੱਕ ਵਿਚ ਦਮ

ਨਵੀਂ ਦਿੱਲੀ: ਬੇਲਗਾਮ ਹੋਈ ਮਹਿੰਗਾਈ ਨੇ ਲੋਕਾਂ ਦਾ ਫਿਕਰ ਵਧਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਇਕ ਐਲਾਨ ਅਨੁਸਾਰ ਪ੍ਰਚੂਨ ਵਿਚ ਮੁਦਰਾ ਸਫੀਤੀ ਦੀ ਦਰ ਵਧ ਕੇ 4æ62 ਫੀਸਦੀ ਹੋ ਗਈ ਹੈ, ਜਦੋਂਕਿ 2 ਮਹੀਨੇ ਪਹਿਲਾਂ ਇਹ ਦਰ 3æ99 ਫੀਸਦੀ ਸੀ। ਰਿਜ਼ਰਵ ਬੈਂਕ ਨੇ ਇਹ ਪੁਸ਼ਟੀ ਸਤੰਬਰ ਮਹੀਨੇ ਦੀ ਉਪਭੋਗਤਾ ਮੁੱਲ ਸੂਚੀ ਦੇ ਆਧਾਰ ‘ਤੇ ਕੀਤੀ ਹੈ।

ਇਸ ਦੇ ਨਾਲ ਹੀ ਖਾਧ ਪਦਾਰਥਾਂ ਦੇ ਪੱਧਰ ਉਤੇ ਮੁਦਰਾ ਸਫੀਤੀ ਦੀ ਦਰ 7æ89 ਫੀਸਦੀ ਦਰਜ ਕੀਤੀ ਗਈ ਹੈ, ਜਦਕਿ ਅਕਤੂਬਰ ਵਿਚ ਇਹ ਦਰ 5æ31 ਫੀਸਦੀ ਸੀ। ਮਹਿੰਗਾਈ ਵਿਚ ਵਾਧੇ ਦੀ ਇਸ ਦਰ ਨੇ ਜਿਥੇ ਆਮ ਲੋਕਾਂ ਦੇ ਘਰੇਲੂ ਬਜਟ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਆਮ ਆਦਮੀ ਦੀ ਰਸੋਈ ਉਤੇ ਵੀ ਮਾਰ ਪਈ ਹੈ।
ਜਿਥੋਂ ਤੱਕ ਕੀਮਤਾਂ ਵਿਚ ਵਾਧੇ ਦਾ ਸੰਕਟ ਹੈ, ਤਾਂ ਇਹ ਵਾਧਾ ਹਰੇਕ ਵਸਤੂ ‘ਚ ਹਰੇਕ ਪੱਧਰ ਉਤੇ ਹੋਇਆ ਹੈ। ਫਿਰ ਵੀ ਆਟਾ, ਦਾਲ, ਖੰਡ, ਘਿਓ, ਫਲ ਅਤੇ ਸਬਜ਼ੀਆਂ ਦੇ ਵਧਦੇ ਭਾਅ ਨੇ ਆਮ ਆਦਮੀ ਦੀ ਖਰੀਦ ਸ਼ਕਤੀ ਨੂੰ ਘੱਟ ਕੀਤਾ ਹੈ। ਇਸ ਨਾਲ ਬਾਜ਼ਾਰ ਵਿਚ ਵਿੱਤੀ ਸੰਕਟ ਪੈਦਾ ਹੋ ਗਿਆ ਹੈ। ਇਸ ਪੂਰੇ ਮਾਮਲੇ ਵਿਚ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਨਾ ਤਾਂ ਇਸ ਸਥਿਤੀ ਨੂੰ ਲੈ ਕੇ ਸੱਤਾਧਾਰੀ ਪੱਖ ਦੇ ਕੰਨਾਂ ‘ਤੇ ਜੂੰ ਸਰਕੀ ਹੈ ਅਤੇ ਨਾ ਹੀ ਵਿਰੋਧੀ ਧਿਰ ਦੇ ਚਿਹਰੇ ਉਤੇ ਆਮ ਲੋਕਾਂ ਪ੍ਰਤੀ ਚਿੰਤਾ ਵਾਲੇ ਭਾਵ ਦਿਸ ਰਹੇ ਹਨ। ਲਿਹਾਜ਼ਾ, ਆਮ ਆਦਮੀ ਬਦਲਦੀਆਂ ਸਥਿਤੀਆਂ ਅਨੁਸਾਰ ਆਪਣੇ-ਆਪ ਨੂੰ ਢਾਲਣ ਲਈ ਮਜਬੂਰ ਹੋਇਆ ਦਿਖਾਈ ਦਿੰਦਾ ਹੈ।
ਆਰਥਿਕ ਮਾਹਿਰਾਂ ਅਨੁਸਾਰ ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਵਿੱਤੀ ਸਥਿਤੀ ਦੀ ਲਗਾਤਾਰ ਵਿਗੜਦੀ ਹਾਲਤ ਮੁੜ ਲੀਹ ਉਤੇ ਨਹੀਂ ਪੈ ਰਹੀ, ਜਿਸ ਨਾਲ ਆਮ ਆਦਮੀ ਅਤੇ ਖਾਸ ਤੌਰ ‘ਤੇ ਪੇਂਡੂ ਖੇਤਰ ਦੀ ਆਰਥਿਕਤਾ ਬਹੁਤ ਪ੍ਰਭਾਵਿਤ ਹੋਈ ਹੈ। ਇਕ ਰਿਪੋਰਟ ਅਨੁਸਾਰ ਮਹਿੰਗਾਈ ਅਤੇ ਮੁਦਰਾ ਸਫੀਤੀ ਦੀ ਹਾਲਤ ਵਿਚ ਵਿਗਾੜ ਘਰੇਲੂ ਵਸਤੂਆਂ, ਖਾਸ ਤੌਰ ਉਤੇ ਦਾਲਾਂ, ਫਲਾਂ ਅਤੇ ਸਬਜ਼ੀਆਂ ਦੇ ਭਾਅ ਵਧਣ ਨਾਲ ਆਇਆ ਹੈ। ਦਾਲਾਂ, ਫਲ ਅਤੇ ਸਬਜ਼ੀਆਂ ਦੀਆਂ ਕੀਮਤਾਂ ਦੇ ਵਾਧੇ ਨੇ ਬਾਜ਼ਾਰ ਦੇ ਸੰਪੂਰਨ ਸੰਤੁਲਨ ਨੂੰ ਵਿਗਾੜ ਕੇ ਰੱਖ ਦਿੱਤਾ ਹੈ।
ਬਾਜ਼ਾਰ ਨਾਲ ਸਬੰਧਤ ਅਰਥ-ਸ਼ਾਸਤਰੀਆਂ ਅਨੁਸਾਰ ਮੌਜੂਦਾ ਸਮੇਂ ਵਿਚ ਦੇਸ਼ ਵਿਚ ਮੌਜੂਦ ਮੰਦੀ ਅਤੇ ਮੁਦਰਾ ਸਫੀਤੀ ਦੇ ਲਈ ਦਾਲਾਂ, ਸਬਜ਼ੀਆਂ ਅਤੇ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਜ਼ਿੰਮੇਵਾਰ ਹਨ। ਜਿਵੇਂ-ਜਿਵੇਂ ਦੇਸ਼ ਵਿਚ ਕੀਮਤਾਂ ਵਧ ਰਹੀਆਂ ਹਨ ਅਤੇ ਮਹਿੰਗਾਈ ਦੀ ਰਫਤਾਰ ਵਧੀ ਹੈ, ਉਸੇ ਅਨੁਪਾਤ ਨਾਲ ਮੁਦਰਾ ਸਫੀਤੀ ਨੇ ਵੀ ਕਰਵਟ ਲਈ ਹੈ। ਪਰ ਹੇਠਲੇ ਪੱਧਰ ‘ਤੇ ਆਮਦਨ ਵਿਚ ਵਾਧਾ ਨਹੀਂ ਹੋ ਰਿਹਾ ਹੈ। ਆਰਥਿਕ ਮਾਹਿਰਾਂ ਦੇ ਅਨੁਸਾਰ ਘਰੇਲੂ ਪੱਧਰ ਦੀ ਇਸ ਕੀਮਤ ਅਸਥਿਰਤਾ ਨੇ ਆਮ ਆਦਮੀ ਦੀ ਖਰੀਦ ਸ਼ਕਤੀ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ।
ਰਾਸ਼ਟਰੀ ਗਣਨਾ ਦਫਤਰ ਦੀ ਲੀਕ ਹੋਈ ਇਕ ਰਿਪੋਰਟ ਵਿਚ ਵੀ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਚਾਰ ਦਹਾਕਿਆਂ ਵਿਚ ਪਹਿਲੀ ਵਾਰ ਪੇਂਡੂ ਪੱਧਰ ‘ਤੇ ਆਈ ਸੁਸਤੀ ਦੇ ਕਾਰਨ ਆਮ ਆਦਮੀ ਦੀ ਖਰੀਦ ਸ਼ਕਤੀ ਵਿਚ ਕਮੀ ਆਈ ਹੈ। ਸਰਕਾਰ ਨੇ ਵੀ ਜਿਵੇਂ ਅਸਿੱਧੇ ਢੰਗ ਨਾਲ ਇਸ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ, ਪਰ ਉਸ ਨੇ ਇਸ ਰਿਪੋਰਟ ਦੇ ਅੰਕੜਿਆਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਰਥ-ਸ਼ਾਸਤਰੀਆਂ ਦੇ ਅਨੁਸਾਰ ਦੇਸ਼ ਦੀ ਮੌਜੂਦਾ ਸਥਿਤੀ ਨੇ ਰੁਜ਼ਗਾਰ ਦੇ ਮੌਕਿਆਂ ਨੂੰ ਬਹੁਤ ਘੱਟ ਕੀਤਾ ਹੈ ਅਤੇ ਵਪਾਰਕ ਅਤੇ ਉਦਯੋਗਿਕ ਜਗਤ ਦੀਆਂ ਨੌਕਰੀਆਂ ਉਤੇ ਵੀ ਬੁਰਾ ਪ੍ਰਭਾਵ ਪਾਇਆ ਹੈ। ਵਪਾਰ ਦੇ ਖੇਤਰ ਵਿਚ ਵੀ ਇਸ ਸਥਿਤੀ ਦੇ ਕਾਰਨ ਇਕ ਠਹਿਰਾਅ ਆਇਆ ਹੈ, ਜਿਸ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿਚ ਕਮੀ ਹੁੰਦੀ ਨਜ਼ਰ ਆਈ ਹੈ।
___________________________________________
ਮੋਦੀ ਸਰਕਾਰ ਦੇਸ਼ ਨੂੰ ਭੁੱਖਮਰੀ ਵੱਲ ਧੱਕ ਰਹੀ ਹੈ: ਕਾਂਗਰਸ
ਨਵੀਂ ਦਿੱਲੀ: ਪਿਛਲੇ ਚਾਰ ਦਹਾਕਿਆਂ ਵਿਚ ਪਹਿਲੀ ਵਾਰ 2017-18 ਵਿਚ ਖਪਤਕਾਰਾਂ ਦੀ ਖਰਚ ਸਮਰੱਥਾ ਘਟਣ ਸਬੰਧੀ ਸਰਕਾਰੀ ਸਰਵੇਖਣ ਦੇ ਅੰਕੜਿਆਂ ਵੱਲ ਇਸ਼ਾਰਾ ਕਰਦਿਆਂ ਕਾਂਗਰਸ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਭੁੱਖਮਰੀ ਵੱਲ ਧੱਕ ਰਹੀ ਹੈ। ਕੌਮੀ ਅੰਕੜਾ ਦਫਤਰ (ਐਨæਐਸ਼ਓæ) ਵੱਲੋਂ ਕੀਤੇ ਗਏ ਸੱਜਰੇ ਖਪਤ ਖਰਚਿਆਂ ਬਾਰੇ ਸਰਵੇਖਣ ਵਿਚ ਕਿਹਾ ਗਿਆ ਸੀ ਕਿ ਪਿਛਲੇ ਚਾਰ ਦਹਾਕਿਆਂ ਵਿਚ ਪਹਿਲੀ ਵਾਰ 2017-18 ਦੌਰਾਨ ਖਪਤਕਾਰਾਂ ਵੱਲੋਂ ਪ੍ਰਤੀ ਮਹੀਨਾ ਕੀਤਾ ਜਾਂਦਾ ਖਰਚ ਘਟਿਆ ਹੈ, ਜਿਸ ਦਾ ਮੁੱਖ ਕਾਰਨ ਪੇਂਡੂ ਖੇਤਰਾਂ ਵਿਚ ਘਟੀ ਮੰਗ ਹੈ।