ਹਰਭਜਨ ਸਿੰਘ ਬਾਜਵਾ
ਫੋਨ: +91-98767-41231
ਮੈਂ ਬਟਾਲੇ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ‘ਤੇ ਸੁਰਿੰਦਰ ਕੌਰ ਅਤੇ ਜਗਜੀਤ ਸਿੰਘ ਜ਼ੀਰਵੀ ਨੂੰ ਪ੍ਰੋਗਰਾਮ ਲਈ ਸੱਦਿਆ ਸੀ। ਇਹ ਪ੍ਰੋਗਰਾਮ ਸ਼ਾਮ ਨੂੰ ਬਟਾਲੇ ਹੋਣਾ ਸੀ। ਡਾ. ਐਸ਼ ਪੀ. ਸਿੰਘ ਨੂੰ ਉਨ੍ਹਾਂ ਬਾਰੇ ਪਤਾ ਲੱਗਾ ਕਿ ਇਹ ਦੋਵੇਂ ਬਟਾਲਾ ਵਿਖੇ ਸ਼ਿਵ ਦੀ ਬਰਸੀ ‘ਤੇ ਆ ਰਹੇ ਹਨ। ਉਹ ਉਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕਰਤਾ-ਧਰਤਾ ਸਨ, ਕਿਉਂਕਿ ਉਪ ਕੁਲਪਤੀ ਡਾ. ਹਰਭਜਨ ਸਿੰਘ ਸੋਚ ਬਾਹਰ ਗਏ ਹੋਏ ਸਨ। ਡਾ. ਐਸ਼ ਪੀ. ਸਿੰਘ ਦਾ ਮੈਨੂੰ ਸੁਨੇਹਾ ਆਇਆ, “ਬਾਜਵਾ, ਇਕ ਸ਼ਾਮ ਲਈ ਸੁਰਿੰਦਰ ਕੌਰ ਤੇ ਜਗਜੀਤ ਸਿੰਘ ਜ਼ੀਰਵੀ ਨੂੰ ਯੂਨੀਵਰਸਿਟੀ ਲੈ ਕੇ ਆ, ਅਸੀਂ ਵੀ ਇਨ੍ਹਾਂ ਦਾ ਗੀਤ-ਸੰਗੀਤ ਸੁਣ ਲਵਾਂਗੇ।”
ਮੈਂ ਸੁਰਿੰਦਰ ਕੌਰ ਤੇ ਜਗਜੀਤ ਸਿੰਘ ਜ਼ੀਰਵੀ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਉਨ੍ਹਾਂ ਦਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਹਨ। ਉਹ ਦੋਵੇਂ ਮੰਨ ਗਏ। ਪ੍ਰੋਗਰਾਮ ਖਤਮ ਕਰਕੇ ਉਹ ਰਾਤ ਨੂੰ ਸਾਡੇ ਕੋਲ ਹੀ ਰਹੇ। ਅਗਲੇ ਦਿਨ ਅਸੀਂ ਅੰਮ੍ਰਿਤਸਰ ਗਏ ਤੇ ਡਾ. ਐਸ਼ ਪੀ. ਸਿੰਘ ਨੂੰ ਮਿਲੇ। ਉਨ੍ਹਾਂ ਨੇ ਸ਼ਾਮ ਦਾ ਪ੍ਰੋਗਰਾਮ ਦਿੱਤਾ ਤੇ ਨਾਲ ਹੀ ਆਖਿਆ ਕਿ ਗੈਸਟ ਹਾਊਸ ਵਿਚ ਠਹਿਰੋ, ਕਿਉਂਕਿ ਰਾਤ ਨੂੰ ਵੀ ਰਹਿਣ ਦਾ ਪ੍ਰੋਗਰਾਮ ਉਥੇ ਹੀ ਸੀ। ਜ਼ੀਰਵੀ ਤਾਂ ਜ਼ੀਰੇ ਚਲਾ ਗਿਆ ਤੇ ਫਿਰ ਸ਼ਾਮ ਨੂੰ ਆ ਗਿਆ। ਸੁਰਿੰਦਰ ਕੌਰ ਤੇ ਅਸੀਂ ਬਾਕੀ ਸਾਰੇ ਪਹਿਲਾਂ ਪਿੰਗਲਵਾੜੇ ਗਏ। ਉਥੇ ਡਾ. ਇੰਦਰਜੀਤ ਕੌਰ ਨੂੰ ਮਿਲੇ। ਭਗਤ ਪੂਰਨ ਸਿੰਘ ਦਾ ਅਜਾਇਬ ਘਰ ਦੇਖਿਆ।
ਪ੍ਰੋ. ਸਰਬਜੀਤ ਸਿੰਘ ਛੀਨਾ ਖਾਲਸਾ ਕਾਲਜ ਪੜ੍ਹਾਉਂਦੇ ਸਨ। ਉਨ੍ਹਾਂ ਮੈਨੂੰ ਆਖਿਆ, “ਬਾਜਵਾ, ਦੁਪਹਿਰ ਦੀ ਰੋਟੀ ਸੁਰਿੰਦਰ ਕੌਰ ਮੇਰੇ ਘਰ ਖਾਏਗੀ, ਨਾਲੇ ਮੇਰੇ ਸਾਰੇ ਪਰਿਵਾਰ ਨੂੰ ਮਿਲੇਗੀ।” ਦੁਪਹਿਰ ਨੂੰ ਅਸੀਂ ਸਾਰੇ ਪ੍ਰੋ. ਛੀਨਾ ਦੇ ਘਰ ਗਏ। ਉਨ੍ਹਾਂ ਦੀ ਘਰਵਾਲੀ ਨੇ ਸੁਰਿੰਦਰ ਕੌਰ ਨੂੰ ਬੇਨਤੀ ਕੀਤੀ, “ਭੈਣ ਜੀ, ਅਸੀਂ ਰਾਤ ਨੂੰ ਤਾਂ ਤੁਹਾਡੇ ਗੀਤ ਨਹੀਂ ਸੁਣ ਸਕਣੇ, ਸਾਨੂੰ ਘਰੇ ਹੀ ਬਿਨਾ ਸਾਜ਼ਾਂ ਦੇ ਕੁਝ ਗੀਤ ਸੁਣਾ ਦਿਓ।” ਸੁਰਿੰਦਰ ਕੌਰ ਨੇ ਤਿੰਨ ਚਾਰ ਗੀਤ ਸੁਣਾਏ। ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ।
ਸ਼ਾਮ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਚ ਸੁਰਿੰਦਰ ਕੌਰ ਤੇ ਜ਼ੀਰਵੀ ਦੇ ਗੀਤਾਂ ਦਾ ਪ੍ਰੋਗਰਾਮ ਹੋਇਆ। ਹਾਲ ਸਰੋਤਿਆਂ ਨਾਲ ਪੂਰਾ ਭਰਿਆ ਹੋਇਆ ਸੀ। ਉਨ੍ਹਾਂ ਦੋਹਾਂ ਦਾ ਸਨਮਾਨ ਕੀਤਾ ਗਿਆ। ਉਸ ਸਮੇਂ ਮੈਂ ਡਾ. ਐਸ਼ ਪੀ. ਸਿੰਘ ਨੂੰ ਕਿਹਾ, “ਡਾ. ਸਾਹਿਬ, ਸੁਰਿੰਦਰ ਕੌਰ ਲੋਕ ਗਾਇਕਾ ਏ। ਇਸ ਲਈ ਕੁਝ ਕਰ ਦਿਓ।”
ਡਾ. ਸਾਹਿਬ ਦਾ ਜਵਾਬ ਸੀ, “ਬਾਜਵਾ, ਵੀ. ਸੀ. ਇਸ ਸਮੇਂ ਡਾ. ਹਰਭਜਨ ਸਿੰਘ ਸੋਚ ਏ। ਇਸ ਕਰਕੇ ਮੈਂ ਅਜੇ ਕੁਝ ਨਹੀਂ ਕਰ ਸਕਦਾ।”
ਦੋ ਤਿੰਨ ਮਹੀਨੇ ਪਿਛੋਂ ਡਾ. ਐਸ਼ ਪੀ. ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਬਣ ਗਏ। ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਆਖਿਆ, “ਡਾ. ਸਾਹਿਬ, ਹੁਣ ਤੁਹਾਡੇ ਕੋਲ ਪੂਰੀ ਤਾਕਤ ਹੈ, ਹੁਣ ਹੀ ਸੁਰਿੰਦਰ ਕੌਰ ਲਈ ਕੁਝ ਕਰ ਦਿਓ।”
ਮਹੀਨੇ ਕੁ ਪਿਛੋਂ ਮੈਨੂੰ ਡਾ. ਸਾਹਿਬ ਦੇ ਪੀ. ਏ. ਦਾ ਫੋਨ ਆਇਆ, “ਸਾਨੂੰ ਸੁਰਿੰਦਰ ਕੌਰ ਦਾ ਫੋਨ ਤੇ ਪਤਾ ਦੱਸੋ।” ਮੈਂ ਉਤਰ ਦਿੱਤਾ, ਪਹਿਲਾਂ ਇਹ ਦੱਸੋ ਕਿ ਉਸ ਦੇ ਫੋਨ ਤੇ ਪਤੇ ਦੀ ਕੀ ਲੋੜ ਪੈ ਗਈ ਏ? ਪਹਿਲਾਂ ਦੱਸੋ, ਫਿਰ ਉਸ ਦਾ ਫੋਨ ਤੇ ਪਤਾ ਦੱਸਾਂਗਾ। ਪੀ. ਏ. ਦਾ ਉਤਰ ਮਿਲਿਆ, “ਤੁਹਾਡੇ ਲਈ ਖੁਸ਼ੀ ਵਾਲੀ ਗੱਲ ਏ। ਵੀ. ਸੀ. ਸਾਹਿਬ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਦੇ ਰਹੇ ਹਨ।” ਫਿਰ ਮੈਂ ਪੀ. ਏ. ਨੂੰ ਸੁਰਿੰਦਰ ਕੌਰ ਦਾ ਫੋਨ ਨੰਬਰ ਤੇ ਪਤਾ ਦੇ ਦਿੱਤਾ।
ਅਜਿਹੇ ਫੈਸਲੇ ਬਹੁਤ ਘੱਟ ਇਨਸਾਨ ਕਰਦੇ ਹਨ। ਅਜਿਹੇ ਫੈਸਲੇ ਸਾਹਿਤਕਾਰਾਂ, ਕਲਾਕਾਰਾਂ ਬਾਰੇ ਡਾ. ਮਹਿੰਦਰ ਸਿੰਘ ਰੰਧਾਵਾ ਕਰਿਆ ਕਰਦੇ ਸਨ ਜਾਂ ਫਿਰ ਡਾ. ਐਸ਼ ਪੀ. ਸਿੰਘ ਨੇ ਆਪਣੇ ਵੀ. ਸੀ. ਹੋਣ ਸਮੇਂ ਵਿਚ ਦੋ ਚੰਗੇ ਫੈਸਲੇ ਕੀਤੇ ਸਨ-ਪਹਿਲਾ ਸੁਰਿੰਦਰ ਕੌਰ ਨੂੰ ਡਾਕਟਰੇਟ ਦੀ ਡਿਗਰੀ ਦੇਣ ਵਾਲਾ ਅਤੇ ਦੂਜਾ ਆਪਣੇ ਪਿੰਡ ਦਾ ਨੀਂਹ ਪੱਥਰ ਗਿਆਨੀ ਗੁਰਦਿੱਤ ਸਿੰਘ ਕੋਲੋਂ ਰਖਵਾਉਣ ਵਾਲੇ, ਜੋ ਪਿਛੋਂ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਕੋਲੋਂ ਖੋਹ ਕੇ ਸਰਕਾਰੀ ਬਣਾ ਲਿਆ ਸੀ, ਜਦੋਂ ਕਿ ਉਹ ਸਾਰੀ ਜ਼ਮੀਨ ਯੂਨੀਵਰਸਿਟੀ ਦੀ ਸੀ।
ਉਸ ਸਮੇਂ ਤਕ ਕਿਸੇ ਯੂਨੀਵਰਸਿਟੀ ਨੇ ਕਿਸੇ ਪੰਜਾਬੀ ਲੋਕ ਗਾਇਕ ਨੂੰ ਡਾਕਟਰੇਟ ਦੀ ਡਿਗਰੀ ਨਹੀਂ ਸੀ ਦਿੱਤੀ। ਇਹ ਪਹਿਲਾ ਕੰਮ ਡਾ. ਐਸ਼ ਪੀ. ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ. ਸੀ. ਹੋਣ ਵੇਲੇ ਕੀਤਾ ਸੀ। ਜਦੋਂ ਯੂਨੀਵਰਸਿਟੀ ਵਲੋਂ ਸੁਰਿੰਦਰ ਕੌਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਉਣਾ ਹੈ ਤੇ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਜਾਣੀ ਹੈ ਤਾਂ ਸੁਰਿੰਦਰ ਕੌਰ ਦਾ ਉਤਰ ਆਇਆ, “ਮੈਨੂੰ ਦੱਸੋ ਇਸ ਪ੍ਰੋਗਰਾਮ ਦੇ ਕਿੰਨੇ ਪੈਸੇ ਦਿਓਗੇ ਤਾਂ ਹੀ ਮੈਂ ਆਵਾਂਗੀ।”
ਵੀ. ਸੀ. ਦੇ ਪੀ. ਏ. ਨੇ ਮੈਨੂੰ ਕਿਹਾ, “ਬਾਜਵਾ, ਸੁਰਿੰਦਰ ਕੌਰ ਤਾਂ ਯੂਨੀਵਰਸਿਟੀ ਆਉਣ ਦੇ ਪੈਸੇ ਮੰਗ ਰਹੀ ਹੈ। ਅਸੀਂ ਤਾਂ ਉਸ ਨੂੰ ਡਾਕਟਰੇਟ ਦੀ ਡਿਗਰੀ ਦੇ ਰਹੇ ਹਾਂ।”
ਮੈਂ ਕਿਹਾ, “ਮੈਂ ਉਸ ਨੂੰ ਖੁਦ ਸਮਝਾਉਂਦਾ ਹਾਂ।”
ਫਿਰ ਮੈਂ ਸੁਰਿੰਦਰ ਕੌਰ ਦੀ ਲੜਕੀ ਡੌਲੀ ਨੂੰ ਫੋਨ ਕਰਕੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੁਰਿੰਦਰ ਕੌਰ ਨੂੰ ਡਾਕਟਰੇਟ ਦੀ ਡਿਗਰੀ ਦੇ ਰਹੀ ਹੈ ਤੇ ਉਹ ਅੱਗੋਂ ਪੈਸੇ ਮੰਗ ਰਹੇ ਹਨ। ਡੌਲੀ ਨੇ ਮੈਨੂੰ ਆਖਿਆ, “ਅੰਕਲ ਮੈਂ ਮਾਤਾ ਨੂੰ ਸਮਝਾਉਂਦੀ ਹਾਂ।” ਉਹਨੇ ਸੁਰਿੰਦਰ ਨੂੰ ਦਿੱਲੀ ਤੋਂ ਚੰਡੀਗੜ੍ਹ ਆਪਣੇ ਕੋਲ ਸੱਦਿਆ ਤੇ ਸਾਰਾ ਕੁਝ ਸਮਝਾਇਆ। ਫਿਰ ਸੁਰਿੰਦਰ ਨੂੰ ਪਤਾ ਲੱਗਾ ਕਿ ਉਹ ਪਹਿਲੀ ਲੋਕ ਗਾਇਕਾ ਹੈ, ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰੇਟ ਦੀ ਡਿਗਰੀ ਦੇ ਰਹੀ ਹੈ।
ਯੂਨੀਵਰਸਿਟੀ ਨੇ ਚੰਗਾ ਪ੍ਰੋਗਰਾਮ ਕਰਕੇ ਸੁਰਿੰਦਰ ਕੌਰ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ। ਉਸ ਸਮੇਂ ਸਾਰੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੇ ਡਾ. ਐਸ਼ ਪੀ. ਸਿੰਘ ਦੇ ਇਸ ਫੈਸਲੇ ਦੀ ਬਹੁਤ ਸ਼ਲਾਘਾ ਕੀਤੀ।