ਪੰਜਾਬ ਜਾਗ੍ਰਿਤੀ ਲਹਿਰ ਅਤੇ ਯੂਰਪੀਅਨ ਰੈਨੇਸਾਂਸ ਲਹਿਰ

ਹਾਰ ਜਿੱਤ ਦੀਆਂ ਜੜ੍ਹਾਂ ਵਿਚ
ਡਾ. ਸੁਖਪਾਲ ਸੰਘੇੜਾ
ਪ੍ਰੋਫੈਸਰ, ਫਿਜ਼ਿਕਸ ਅਤੇ ਕੰਪਿਊਟਰ ਸਾਇੰਸ,
ਪਾਰਕ ਯੂਨੀਵਰਸਟੀ, ਅਮਰੀਕਾ।
ਜਾਣਕਾਰੀ ਤੇ ਪਿੱਠਭੂਮੀ: ਇਸ ਲੇਖ ਲੜੀ ਦੇ ਹੁਣ ਤੱਕ ਦੇ ਲੇਖਾਂ ਤੋਂ ਸਪਸ਼ਟ ਹੋ ਚੁਕਾ ਹੈ ਕਿ ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਲਹਿਰ ਇੱਕੋ ਜਿਹੇ ਚੱਜਾਂ, ਤੱਤਾਂ-ਅੰਸ਼ਾਂ, ਕੰਮਾਂ ਅਤੇ ਉਦੇਸ਼ਾਂ ਵਾਲੀਆਂ ਦੋ ਸਮਕਾਲੀ ਲਹਿਰਾਂ ਸਨ। ਇਸ ਦਿਲਚਸਪ ਪ੍ਰਸਥਿਤੀ ਦਾ ਲਾਭ ਉਠਾਉਂਦਿਆਂ ਅਸੀਂ ਇਨ੍ਹਾਂ ਲਹਿਰਾਂ ਦੇ ਤੁਲਨਾਤਮਕ ਵਿਸ਼ਲੇਸ਼ਣ ਰਾਹੀਂ ਸਮੁੱਚੇ ਰੂਪ ਵਿਚ ਇਨ੍ਹਾਂ ਲਹਿਰਾਂ ਦੀ ਕਾਮਯਾਬੀ ਜਾਂ ਨਾਕਾਮਯਾਬੀ ਦੇ ਮੁੱਖ ਲੱਛਣਾਂ ਦੀ ਪਛਾਣ ਤੇ ਜਾਂਚ-ਪੜਤਾਲ ਕੀਤੀ। ਇਨ੍ਹਾਂ ਲੱਛਣਾਂ ਤੋਂ ਅਸੀਂ ਲੱਭਿਆ ਕਿ ਸਾਂਝੇ ਚੱਜਾਂ, ਤੱਤਾਂ-ਅੰਸ਼ਾਂ, ਕੰਮਾਂ ਅਤੇ ਉਦੇਸ਼ਾਂ ਦੇ ਬਾਵਜੂਦ ਇਨ੍ਹਾਂ ਦੋ ਸਮਕਾਲੀ ਲਹਿਰਾਂ ਵਿਚੋਂ, ਸਪਸ਼ਟ ਤੌਰ ‘ਤੇ ਰੈਨੇਸਾਂਸ ਲਹਿਰ ਆਪਣੇ ਉਦੇਸ਼ਾਂ ਦੀ ਪੂਰਤੀ ਵਿਚ ਕਾਮਯਾਬ ਹੋਈ, ਤੇ ਦੂਜੀ ਯਾਨਿ ਪੰਜਾਬ ਜਾਗ੍ਰਿਤੀ ਲਹਿਰ ਕੱਢ-ਪਾ ਕੇ ਬੁਰੀ ਤਰ੍ਹਾਂ ਫੇਲ੍ਹ; ਭਾਵੇਂ ਗੁਰੂ ਸਾਹਿਬਾਨ ਦੇ ਸਮੇਂ ਕਾਮਯਾਬੀ ਨਾਲ ਚਲਾਈ ਗਈ। ਇੰਜ ਕਿਉਂ ਹੋਇਆ? ਇਸ ਸਵਾਲ ਦਾ ਜਵਾਬ ਲੱਭਣਾ ਇਸ ਲੇਖ ਦਾ ਮੁੱਖ ਉਦੇਸ਼ ਹੈ।

ਇਸ ਸਵਾਲ ਦੇ ਜਵਾਬ ਦੀ ਤਲਾਸ਼ ਵਿਚ ਚੁਕਿਆ ਪਹਿਲਾ ਕਦਮ ਹੋਏਗਾ, ਇਹ ਸਵਾਲ ਪੁੱਛਣਾ: ਇਨ੍ਹਾਂ ਦੋ ਲਹਿਰਾਂ ਤੇ ਇਨ੍ਹਾਂ ਦੀ ਪਿੱਠਭੂਮੀ ਵਿਚ ਮੁੱਖ ਭਿੰਨਤਾ ਕੀ ਸੀ? ਇਤਿਹਾਸ ਦੀ ਫਿਲਮ ਪਿਛਾਂਹ ਨੂੰ ਮੋੜੋ, ਉਸ ਮੁਕਾਮ ਤੱਕ ਜਿੱਥੇ ਰੈਨੇਸਾਂਸ ਲਹਿਰ ਯੂਰਪ ਨੂੰ ਆਧੁਨਿਕ ਯੁੱਗ ਨਾਲ ਜੋੜਦੀ ਹੈ। ਇਸ ਮੁਕਾਮ ‘ਤੇ ਖੜ੍ਹ ਕੇ ਅਸੀਂ ਅੱਗੇ ਅਤੇ ਪਿੱਛੇ ਨੂੰ ਝਾਤ ਮਾਰ ਕੇ ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਲਹਿਰ ਵਿਚਾਲੇ ਮੁੱਖ ਉਚਿਤ ਭਿੰਨਤਾਵਾਂ ਦੀ ਸ਼ਨਾਖਤ ਕਰ ਸਕਾਂਗੇ। ਇਹੀ ਨਹੀਂ, ਅਸੀਂ ਹਰੇਕ ਪਛਾਣੀ ਭਿੰਨਤਾ ਦੀ ਜਾਂਚ ਕਰਾਂਗੇ ਕਿ ਉਹ ਕਿੰਜ ਜਿੱਤ ਜਾਂ ਹਾਰ ਦਾ ਕਾਰਨ ਬਣੀ?
ਲਹਿਰ ਦਾ ਧਰਮ ਵਿਚ ਵਟਣਾ: ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਜਾਗ੍ਰਿਤੀ ਲਹਿਰ-ਦੋਵੇਂ ਮਾਨਵਵਾਦੀ ਲਹਿਰਾਂ ਅਧਿਆਤਮਵਾਦ ਦੇ ਘੇਰੇ ਵਿਚ ਹੀ ਸ਼ੁਰੂ ਹੋਈਆਂ। ਮਿਸਾਲ ਵਜੋਂ ਸਿੱਖ ਲਹਿਰ ਦੇ ਬਾਨੀ ਗੁਰੂ ਨਾਨਕ ਦੇਵ ਦੀ ਪਰਿਵਾਰਕ ਪਿੱਠਭੂਮੀ ਭਾਵੇਂ ਹਿੰਦੂ ਧਰਮ ਸੀ, ਪਰ ਉਹ ਕਿਸੇ ਵੀ ਖੁਦ ਸੰਗਠਿਤ ਧਰਮ ਦੇ ਪੈਰੋਕਾਰ ਨਹੀਂ ਸਨ, ਨਾ ਹੀ ਅਜਿਹੇ ਕਿਸੇ ਧਰਮ ਦੀ ਸਥਾਪਨਾ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਲਹਿਰ ਦਾ ਉਦੇਸ਼ ਸੀ। ਇਹੀਓ ਹਾਲ ਭਗਤਾਂ ਤੇ ਸੂਫੀ-ਫਕੀਰਾਂ ਦਾ ਸੀ। ਪੰਜਾਬ ਜਾਗ੍ਰਿਤੀ ਲਹਿਰ ਦੀ ਇਸ ‘ਸੰਗਠਿਤ ਧਰਮ’ ਰਹਿਤ ਨੀਤੀ ਦੀ ਗਵਾਹ, ਲਹਿਰ-ਸੰਚਾਲਕਾਂ ਦੇ ਕੰਮਾਂ ਦੇ ਨਾਲ ਗੁਰਬਾਣੀ ਵੀ ਹੈ,
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)
ਗੁਰਬਾਣੀ ਵਿਚ ਇਸ ਅਤੇ ਇਸ ਤੋਂ ਪਹਿਲੀਆਂ ਦੋ ਟੂਕਾਂ ਦਾ ਭਾਵ ਹੈ-ਮੈਂ ਕਿਸੇ ਧਰਮ ਦੀਆਂ ਰੀਤਾਂ, ਜਿਵੇਂ ਰੋਜੇ, ਤੀਰਥ ਯਾਤਰਾ, ਪੂਜਾ ਆਦਿ ਨਹੀਂ ਨਿਭਾਉਂਦਾ। ਮੈਂ ਅਜਿਹੇ ਕਿਸੇ ਧਰਮ, ਹਿੰਦੂਵਾਦ, ਇਸਲਾਮ ਆਦਿ ਨੂੰ ਨਹੀਂ, ਸਿਰਫ ਇਕ ਰੱਬ ਨੂੰ ਮੰਨਦਾ ਹਾਂ।
ਰੈਨੇਸਾਂਸ ਲਹਿਰ ਦੇ ਮਾਨਵਵਾਦੀ, ਭਾਵੇਂ ਚਰਚ ਦੀਆਂ ਕੁਰੀਤੀਆਂ, ਦੁਰਵਰਤੋਂ ਤੇ ਦੁਰਵਿਹਾਰ ਵਿਰੁਧ ਤਰਕ ਦਾ ਹੱਲਾ ਬੋਲ ਰਹੇ ਸਨ, ਪਰ ਉਹ ਇਸਾਈ ਧਰਮ ਦੇ ਪੈਰੋਕਾਰ ਸਨ। ਅਧਿਆਤਮਵਾਦ ਦੇ ਘੇਰੇ ਵਿਚ ਸ਼ੁਰੂ ਹੋਈਆਂ ਇਹ ਦੋ ਮਾਨਵਵਾਦੀ ਲਹਿਰਾਂ ਧਰਮ ਦੇ ਦ੍ਰਿਸ਼ਟੀਕੋਣ ਤੋਂ, ਸਮਾਂ ਪਾ ਕੇ ਦੋ ਵਿਰੋਧੀ ਦਿਸ਼ਾਵਾਂ ਵਿਚ ਵਿਕਸਿਤ ਹੋਈਆਂ। ਯੂਰਪ ਵਿਚ ਜਦੋਂ ਵਿਗਿਆਨਕ ਖੋਜਾਂ ਨੇ ਸਿੱਧ ਕਰਨਾ ਸ਼ੁਰੂ ਕਰ ਦਿੱਤਾ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ ਤਾਂ ਚਰਚ ਲੀਡਰਾਂ ਨੇ ਸ਼ੱਰੇਆਮ ਵਿਗਿਆਨ ਖਿਲਾਫ ਖੜ੍ਹੇ ਹੋ ਕੇ ਇਨ੍ਹਾਂ ਖੋਜਾਂ ਨਾਲ ਸਬੰਧਿਤ ਵਿਗਿਆਨੀਆਂ ਨੂੰ ਖੱਜਲ-ਖੁਆਰ ਕਰਨਾ ਸ਼ੁਰੂ ਕਰ ਦਿੱਤਾ; ਚਰਚ ਲੀਡਰਾਂ ਦੀ ਸਮਝ ਅਨੁਸਾਰ ਇਹ ਸੱਚ ਬਾਈਬਲ ਵਿਚ ਪੇਸ਼ ਕੀਤੇ ਬ੍ਰਹਿਮੰਡ ਦੇ ਮੱਤ ਦੇ ਸੂਤ ਨਹੀਂ ਸੀ ਬਹਿੰਦਾ।
ਰੈਨੇਸਾਂਸ ਮਾਨਵਵਾਦੀ ਲਹਿਰ ਨੇ ਆਪਣੀ ਤਰਕਸ਼ੀਲਤਾ ‘ਤੇ ਪਹਿਰਾ ਦਿੰਦਿਆਂ ਚਰਚ ਵਲੋਂ ਲਏ ਵਿਗਿਆਨ ਵਿਰੋਧੀ ਸਟੈਂਡ ਨੂੰ ਰੱਦ ਕਰਦਿਆਂ ਵਿਗਿਆਨ ਦਾ ਸਾਥ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਮਾਨਵਵਾਦੀ ਲਹਿਰ ਅਧਿਆਤਮਵਾਦ ਦੇ ਘੇਰੇ ਤੋਂ ਬਾਹਰ ਹੋ ਨਿਕਲੀ। ਰੈਨੇਸਾਂਸ ਮਾਨਵਵਾਦੀਆਂ ਦੀ ਤਰਕਸ਼ੀਲ ਸੋਚ ਤੇ ਵਿਗਿਆਨਕ ਖੋਜਾਂ ਦੇ ਜ਼ਰੀਏ ਯੂਰਪ ਨੇ ਖੇਤਰ ਵਿਚ ਤਰੱਕੀ ਕੀਤੀ, ਤੇ ਨਤੀਜੇ ਵਜੋਂ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਦੇ ਚਿੰਤਕ ਤੇ ਲੋਕ ਜ਼ਿਆਦਾਤਰ ਵਿਗਿਆਨਕ ਤੇ ਭਵਿੱਖਮੁਖੀ ਸੋਚ ਅਪਨਾਉਂਦੇ ਗਏ। ਇਸ ਤਰ੍ਹਾਂ ਰੈਨੇਸਾਂਸ ਨੇ ਹੌਲੀ ਹੌਲੀ ਯੂਰਪ ਨੂੰ ਮੱਧਕਾਲੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ।
ਗੁਰੂ ਨਾਨਕ ਨੇ ਸੰਸਥਾਗਤ ਧਰਮਾਂ ਤੋਂ ਉਪਰ ਉਠਦਿਆਂ ਇਨ੍ਹਾਂ ਦੀਆਂ ਕੁਰੀਤੀਆਂ ਅਤੇ ਹੋਰ ਸਮਾਜਕ ਤੇ ਰਾਜਨੀਤਕ ਬੁਰਾਈਆਂ ਦਾ ਵਿਰੋਧ ਕਰ ਕੇ ਵਿਸ਼ਵ ਸੁਭਾਅ ਵਾਲੀ ਇਕ ਮਾਨਵਵਾਦੀ ਲਹਿਰ ਸ਼ੁਰੂ ਕੀਤੀ, ਜਿਹਨੂੰ ਜਾਰੀ ਰੱਖਦਿਆਂ ਹੋਰ ਗੁਰੂ ਸਾਹਿਬਾਨ ਨੇ ਅੱਗੇ ਵਧਾਇਆ। ਗੁਰੂ ਸਾਹਿਬਾਨ ਦੀ ਅਗਵਾਈ ਵਿਚ ਇਹ ਲਹਿਰ ਦੋ ਸਦੀਆਂ ਤੋਂ ਵੀ ਲੰਬੇ ਅਰਸੇ ਤਕ ਸਫਲਤਾ ਨਾਲ ਚੱਲੀ। ਇਸ ਲਹਿਰ ਦੀ ਪੰਜਾਬੀ ਸਮਾਜ ਸਣੇ ਭਾਰਤੀ ਸਮਾਜ ਤੇ ਸਮੁੱਚੀ ਮਨੁੱਖਤਾ ਨੂੰ ਵਡਮੁੱਲੀ ਇਤਿਹਾਸਕ ਦੇਣ ਹੈ। ਹੇਠਾਂ ਦਰਜ ਕੁਝ ਤੱਥਾਂ ਨੂੰ ਵੱਖ ਵੱਖ ਇਤਿਹਾਸਕਾਰ ਤੇ ਵਿਦਵਾਨ ਆਪੋ-ਆਪਣੇ ਢੰਗਾਂ, ਵਿਆਖਿਆਵਾਂ ਨਾਲ ਪੇਸ਼ ਕਰ ਸਕਦੇ ਹਨ, ਪਰ ਇਹ ਇਤਿਹਾਸਕ ਸੱਚਾਈਆਂ ਹਨ।
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਲਦੀ ਹੀ ਗੁਰੂ ਸਾਹਿਬਾਨ ਦੀ ਸਿੱਖ ਮਾਨਵਵਾਦੀ ਲਹਿਰ ਦਾ ਪਤਨ ਸ਼ੁਰੂ ਹੋ ਗਿਆ, ਜਦੋਂ ਇਹਦੇ ‘ਤੇ ਦੋ ਪਾਸੜ ਹਮਲਾ ਹੋਇਆ-ਸਿਆਸੀ ਤੇ ਸਮਾਜਕ। ਸਿਆਸੀ ਪਾਸਿਓਂ ਸੰਨ 1716 ਵਿਚ ਬੰਦਾ ਬਹਾਦਰ ਦੀ ਸ਼ਹੀਦੀ ਪਿਛੋਂ ਮੁਗਲ ਹਕੂਮਤ ਨੇ ਹਕੂਮਤ ਵਿਰੁਧ ਲੜਦੇ ਸਿੱਖਾਂ ‘ਤੇ ਪਰਿਵਾਰਾਂ ਸਮੇਤ ਅੰਨਾ ਜ਼ੁਲਮ ਢਾਹਿਆ। ਫਿਰ ਵੀ ਸਿੱਖਾਂ ਨੇ ਜਿਵੇਂ-ਕਿਵੇਂ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਹੱਕ-ਸੱਚ ਲਈ ਤੇ ਜ਼ੁਲਮ ਵਿਰੁਧ ਸੰਘਰਸ਼ ਜਾਰੀ ਰੱਖਿਆ। ਹਥਿਆਰਬੰਦ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਮਲੀਆ ਮੇਟ ਕਰਨ ਵਿਚ ਅਸਫਲ ਰਹੀ ਹਕੂਮਤ ਵਲੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਸੰਨ 1733 ਈਸਵੀ ਵਿਚ ਸਿੱਖਾਂ ਅੱਗੇ ਤਿੰਨ ਪਰਗਣਿਆਂ ਦੀ ਜਗੀਰ ਭੇਟਾ ਦੀ ਪੇਸ਼ਕਸ਼ ਰੱਖੀ, ਜੋ ਕੁਝ ਝਿਜਕ ਪਿਛੋਂ ਸਵੀਕਾਰ ਕਰ ਲਈ ਗਈ। ਇੰਜ ਕਪੂਰ ਸਿੰਘ, ਨਵਾਬ ਕਪੂਰ ਸਿੰਘ ਬਣ ਗਿਆ। ਇਤਿਹਾਸਕਾਰਾਂ ਤੇ ਵਿਦਵਾਨਾਂ ਮੁਤਾਬਕ ਇਹ ਸਿੱਖ ਲਹਿਰ ਦੇ ਨਿਘਾਰ ਦੀ ਸ਼ੁਰੂਆਤ ਸੀ; ਸਿੱਖਾਂ ਵਿਚ ਉਪਜੀ ਰਾਜ-ਸੱਤਾ ਦੀ ਲਾਲਸਾ ਨੇ ਮਾਨਵਵਾਦੀ ਸਿੱਖ ਲਹਿਰ ਦੇ ਉਦੇਸ਼ਾਂ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ।
ਸਮਾਜਕ ਪਾਸਿਓਂ, ਗੁਰੂ ਸਾਹਿਬਾਨ ਦੇ ਸਮੇਂ ਦੌਰਾਨ ਹੀ ਸਿੱਖ ਮਾਨਵਵਾਦੀ ਲਹਿਰ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ। ਮਿਸਾਲ ਵਜੋਂ ਵਿਸਤ੍ਰਿਤ ਸਿੱਖ ਲਹਿਰ ਵਿਚ ਉਠੀਆਂ ਵਿਰੋਧੀ ਧਿਰਾਂ, ਜਿਵੇਂ ਉਦਾਸੀ, ਮੀਣੇ ਅਤੇ ਹੰਦਾਲੀਏ ਫਿਰਕਿਆਂ ਵੱਲੋਂ ਪੇਸ਼ ਕੀਤੀਆਂ ਜਨਮ ਸਾਖੀਆਂ, ਜਿਨ੍ਹਾਂ ਵਿਚ ਗੁਰੂ ਨਾਨਕ ਬਾਰੇ ਕੁਝ ਮਨਘੜਤ ਕਰਾਮਾਤੀ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਧਿਰਾਂ ਦੇ ਮੰਤਵਾਂ ਦਾ ਅੰਦਾਜ਼ਾ ਲਾਉਣ ਲਈ, ਮਿਸਾਲ ਵਜੋਂ, ਨੋਟ ਕਰੋ ਕਿ ਉਦਾਸੀ ਫਿਰਕੇ ਦੇ ਪੈਰੋਕਾਰਾਂ ਨੂੰ ਬ੍ਰਾਹਮਣੀ ਫਲਸਫੇ ਤੇ ਰਹੁ-ਰੀਤਾਂ ਵਿਚ ਸਿਖਲਾਈ ਦਿੱਤੀ ਜਾਂਦੀ ਸੀ।
ਜਦੋਂ ਯੂਰਪ ਆਧੁਨਿਕ ਯੁੱਗ ਵਿਚ ਪ੍ਰਵੇਸ਼ ਕਰ ਰਿਹਾ ਸੀ, ਉਸ ਸਮੇਂ ਦੌਰਾਨ 1738 ਈਸਵੀ ਵਿਚ ਭਾਈ ਮਨੀ ਸਿੰਘ ਦੀ ਸ਼ਹੀਦੀ ਪਿਛੋਂ ਹਕੂਮਤ ਵਲੋਂ ਕੀਤੀ ਜਾ ਰਹੀ ਸਖਤੀ ਕਾਰਨ ਸਿੱਖੀ ਭੇਸ ਵਿਚ ਦਰਬਾਰ ਸਾਹਿਬ ਤੇ ਹੋਰ ਸਿੱਖ ਕੇਂਦਰਾਂ ਦਾ ਸੰਚਾਲਨ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਨਿਰਮਲੇ ਬ੍ਰਾਹਮਣ ਪੁਜਾਰੀ ਤੇ ਉਦਾਸੀ ਫਿਰਕੇ ਦੇ ਸੰਚਾਲਕ ਦਰਬਾਰ ਸਾਹਿਬ ਅਤੇ ਹੋਰ ਸਿੱਖ ਕੇਂਦਰਾਂ ਵਿਚ ਘੁਸਪੈਠ ਕਰ ਗਏ। ਇੰਜ ਉਨ੍ਹਾਂ ਨੇ ਇਨ੍ਹਾਂ ਸਿੱਖ ਕੇਂਦਰਾਂ ‘ਚ ‘ਪੁਜਾਰੀਆਂ’ ਦਾ ਧੰਦਾ ਸ਼ੁਰੂ ਕਰ ਦਿੱਤਾ; ਸਿੱਖ ਲਹਿਰ ਪ੍ਰਚਾਰ ਕੇਂਦਰ ਪੂਜਾ-ਅਸਥਾਨ ਬਣ ਗਏ, ਉਥੇ ਚੜ੍ਹਾਵਾ ਚੜ੍ਹਨਾ ਸ਼ੁਰੂ ਹੋ ਗਿਆ, ਤੇ ਨਾਲ ਹੀ ਬ੍ਰਾਹਮਣਵਾਦੀ ਰਹੁ-ਰੀਤਾਂ ਲਾਗੂ ਹੋ ਗਈਆਂ। ਯਾਦ ਰਹੇ, ਗੁਰੂ ਸਾਹਿਬਾਨ ਵਲੋਂ ਚਲਾਈ ਗਈ ਮਾਨਵਵਾਦੀ ਲਹਿਰ ਵਿਚ ਪੁਜਾਰੀਆਂ ਜਾਂ ਬ੍ਰਾਹਮਣਵਾਦ ਲਈ ਕੋਈ ਥਾਂ ਨਹੀਂ, ਸਗੋਂ ਗੁਰੂ ਸਾਹਿਬਾਨ ਸਣੇ ਪੰਜਾਬ ਜਾਗ੍ਰਿਤੀ ਲਹਿਰ ਦੇ ਸੰਚਾਲਕਾਂ ਨੇ ਪੁਜਾਰੀਆਂ ਅਤੇ ਬ੍ਰਾਹਮਣਵਾਦ ਦੀਆਂ ਕੁਰੀਤੀਆਂ ਤੇ ਪਖੰਡਾਂ ਦਾ ਵਿਰੋਧ ਕੀਤਾ। ਇਸ ਤਰ੍ਹਾਂ ਨਿਰਮਲੇ ਬ੍ਰਾਹਮਣ ਪੁਜਾਰੀਆਂ ਤੇ ਉਦਾਸੀ ਫਿਰਕੇ ਨੇ ਸਿੱਖੀ ਦੇ ਸਥਾਪਤ ਕੀਤੇ ਪ੍ਰਚਾਰ ਕੇਂਦਰਾਂ ‘ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਪੂਜਾ-ਅਸਥਾਨਾਂ ਵਿਚ ਬਦਲ ਦਿੱਤਾ; ਹਿੰਦੂ ਮੰਦਿਰਾਂ ਵਾਂਗ ਹੀ ਉਥੇ ਭਾਂਤ ਭਾਂਤ ਦੇ ਕਰਮ-ਕਾਂਡ ਤੇ ਰੀਤੀਆਂ ਸ਼ੁਰੂ ਕਰ ਦਿੱਤੀਆਂ, ਜੋ ਸਿੱਖੀ ਵਿਚ ਉਨ੍ਹਾਂ ਬ੍ਰਾਹਮਣਵਾਦੀ ਰਹੁ-ਰੀਤਾਂ ਦਾ ਅਰੰਭ ਸੀ, ਜਿਨ੍ਹਾਂ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਹੈ।
ਇੰਜ 18ਵੀਂ ਸਦੀ ਵਿਚ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਸਿਆਸੀ ਪਾਸਿਓਂ ਕਪੂਰ ਸਿੰਘ ਦੇ ‘ਨਵਾਬ’ ਬਣ ਜਾਣ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਸਿੱਖ ਮਿਸਲਾਂ ਵਿਚ ਵਟ ਗਈ, ਤੇ ਸਮਾਜਕ ਪੱਖੋਂ ਸਿੱਖੀ ਬਰਾਂਡ ਵਾਲੇ ਬ੍ਰਾਹਮਣਵਾਦ ਨਾਲ ਪ੍ਰਫੁਲਿਤ ਸੰਸਥਾਗਤ ਧਰਮ ਵਿਚ। ਇਹ ਸਭ ਕੁਝ ਹੋ ਚੁਕਾ ਸੀ, ਸੰਨ 1799 ਵਿਚ ਸ਼ੁਕਰਚੱਕੀਆ ਮਿਸਲ ਦੇ ਮਿਸਲਦਾਰ ਰਣਜੀਤ ਸਿੰਘ ਦੀ ਫੌਜ ਵਲੋਂ ਲਾਹੌਰ ‘ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ। ਰਣਜੀਤ ਸਿੰਘ ਨੂੰ ਮੌਕਾ ਮਿਲਿਆ ਗੁਰੂ ਸਾਹਿਬਾਨ ਦੀ ਸ਼ੁਰੂ ਕੀਤੀ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦਾ, ਤੇ ਇਹਦੇ ਉਦੇਸ਼ਾਂ ਦੇ ਅਨੁਕੂਲ ਲੋਕਤੰਤਰ ਸਥਾਪਤ ਕਰਨ ਦਾ। ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਹੈ, ਰਣਜੀਤ ਸਿੰਘ ਨੇ ਇਹ ਮੌਕਾ ਖੁੰਝਾ ਦਿੱਤਾ।
ਸਵਾਲ ਹੈ ਕਿ ਕਿਉਂ ਰੈਨੇਸਾਂਸ ਦੇ ਮਾਨਵਵਾਦੀ ਸੰਸਥਾਗਤ ਧਰਮ ਦੀ ਵਲਗਣ ਵਿਚੋਂ ਵੀ ਨਿਕਲ ਆਏ, ਪਰ ਗੁਰੂ ਸਾਹਿਬਾਨ ਵਲੋਂ ਸੰਸਥਾਗਤ ਧਰਮਾਂ ਤੋਂ ਉਪਰ ਉਠ ਕੇ ਚਲਾਈ ਸਿੱਖ ਮਾਨਵਵਾਦੀ ਲਹਿਰ ਦੇ ਕਾਰਕੁਨ ਤੇ ਸੰਗਤਾਂ ਇਸ ਲਹਿਰ ਨੂੰ ਸੰਸਥਾਗਤ ਧਰਮ ਵਿਚ ਵਟਦਿਆਂ ਨਾ ਸਿਰਫ ਦੇਖਦੇ ਰਹੇ, ਸਗੋਂ ਉਨ੍ਹਾਂ ਨੇ ਇਸ ਤਬਦੀਲੀ ਨੂੰ ਮਾਨਤਾ ਵੀ ਦੇ ਦਿੱਤੀ?
ਇਹਦਾ ਮੂਲ ਕਾਰਨ ਹੈ-ਵਿਗਿਆਨ ਤੇ ਵਿਗਿਆਨਕ ਪਹੁੰਚ।
ਵਿਗਿਆਨ ਤੇ ਵਿਗਿਆਨਕ ਪਹੁੰਚ ਰੋਲ: ਵਿਗਿਆਨ ਨੇ ਧਰਤੀ ‘ਤੇ ਮਨੁੱਖ ਤੇ ਮਨੁੱਖੀ ਸਮਾਜ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਵਿਗਿਆਨ ਉਸ ਗਿਆਨ ਤੇ ਖੋਜ ਖੇਤਰ ਦਾ ਨਾਂ ਹੈ, ਜਿਸ ਵਿਚ ਬ੍ਰਹਿਮੰਡ ਅਤੇ ਇਸ ਵਿਚਲੀਆਂ ਚੀਜ਼ਾਂ ਤੇ ਵਰਤਾਰਿਆਂ ਬਾਰੇ ਵਿਗਿਆਨਕ ਵਿਧੀ ਵਰਤ ਕੇ ਗਿਆਨ ਖੋਜਿਆ ਤੇ ਇਕੱਤਰ ਕੀਤਾ ਜਾਂਦਾ ਹੈ। ਇਸ ਵਿਧੀ ਅਧੀਨ ਕਿਸੇ ਵਿਚਾਰ ਅਧੀਨ ਚੀਜ਼, ਵਰਤਾਰੇ ਜਾਂ ਸਮੱਸਿਆ ਦੀ ਨਜ਼ਰਸਾਨੀ ਜਾਂ ਨਿਰੀਖਣ ਦੌਰਾਨ ਇਕੱਤਰ ਕੀਤੇ ਤੱਥਾਂ ਤੇ ਗਿਣਤੀਆਂ-ਮਿਣਤੀਆਂ, ਜਿਨ੍ਹਾਂ ਨੂੰ ਅੰਕੜੇ ਕਿਹਾ ਜਾਂਦਾ ਹੈ, ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗਾਂ ਨਾਲ ਨਤੀਜਿਆਂ ‘ਤੇ ਪਹੁੰਚਿਆ ਜਾਂਦਾ ਹੈ। ਇਸ ਤਰ੍ਹਾਂ ਭੌਤਿਕ ਪ੍ਰਮਾਣਾਂ ਤੇ ਤਜਰਬਿਆਂ ਦੇ ਆਧਾਰ ‘ਤੇ ਯੋਜਨਾਬੱਧ ਤਰੀਕੇ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਵਿਗਿਆਨਕ ਵਿਧੀ ਦੇ ਨਜ਼ਰੀਏ ਤੋਂ ਚੀਜ਼ਾਂ, ਚੀਜ਼ਾਂ ਦੇ ਆਪਸੀ ਸਬੰਧਾਂ, ਵਰਤਾਰਿਆਂ ਅਤੇ ਸਮੱਸਿਆਵਾਂ ਨਾਲ ਨਜਿੱਠਣ ਨੂੰ ਵਿਗਿਆਨਕ ਪਹੁੰਚ ਕਿਹਾ ਜਾਂਦਾ ਹੈ, ਤੇ ਵਿਗਿਆਨਕ ਪਹੁੰਚ ‘ਤੇ ਆਧਾਰਿਤ ਸੋਚ ਨੂੰ ਵਿਗਿਆਨਕ ਸੋਚ ਜਾਂ ਵਿਗਿਆਨਕ ਸੋਚਣੀ ਕਿਹਾ ਜਾਂਦਾ ਹੈ। ਵਿਗਿਆਨਕ ਵਿਧੀ ਸਿਰਫ ਵਿਗਿਆਨ ਦੇ ਖੇਤਰ ਵਿਚ ਹੀ ਨਹੀਂ, ਕਿਸੇ ਵੀ ਖੇਤਰ ਵਿਚ ਵਰਤੀ ਜਾ ਸਕਦੀ ਹੈ।
ਗੁਰੂ ਨਾਨਕ ਨੇ ਸੰਸਥਾਗਤ ਧਰਮਾਂ ਤੋਂ ਉਪਰ ਉਠ ਕੇ, ਇਨ੍ਹਾਂ ਧਰਮਾਂ ਦੀਆਂ ਕੁਰੀਤੀਆਂ ਅਤੇ ਹੋਰ ਸਮਾਜਕ ਤੇ ਰਾਜਨੀਤਕ ਬੁਰਾਈਆਂ ਦਾ ਵਿਰੋਧ ਕਰਦਿਆਂ ਵਿਸ਼ਵ ਸੁਭਾਅ ਵਾਲੀ ਇਕ ਮਾਨਵਵਾਦੀ ਲਹਿਰ ਸ਼ੁਰੂ ਕੀਤੀ, ਜੋ ਅਧਿਆਤਮਵਾਦੀ ਫਲਸਫੇ ਦੇ ਚੌਖਟੇ ਵਿਚ ਵੀ ਭਵਿੱਖਮੁਖੀ ਪਹੁੰਚ ਤੇ ਵਿਗਿਆਨਕ ਸੁਭਾਅ ਵਾਲੀ ਸੀ। ਵਿਗਿਆਨ ਵਿਧੀ ਦੀ ਕਸਵੱਟੀ ਚਾੜ੍ਹਿਆਂ ਅੰਧ-ਵਿਸ਼ਵਾਸਾਂ ਤੇ ਅਡੰਬਰਾਂ-ਪਖੰਡਾਂ ਦਾ ਪਹਿਲੇ ਸੱਟੇ ਹੀ ਪਰਦਾ ਫਾਸ਼ ਹੋ ਜਾਂਦਾ ਹੈ। ਇਸੇ ਲਈ ਜਿਵੇਂ ਗੁਰਬਾਣੀ ਸ਼ਾਹਦੀ ਭਰਦੀ ਹੈ, ਪੰਜਾਬ ਜਾਗ੍ਰਿਤੀ ਲਹਿਰ ਦੇ ਸੰਚਾਲਕਾਂ ਨੇ ਵਿਗਿਆਨਕ ਵਿਧੀ ਦੇ ਅੰਸ਼ ਤਰਕਸ਼ੀਲਤਾ ਦਾ ਛਾਣਨਾ ਲਾ ਕੇ ਧਾਰਮਿਕ ਕੁਰੀਤੀਆਂ, ਅੰਧ-ਵਿਸ਼ਵਾਸਾਂ ਤੇ ਪਖੰਡਾਂ ਨੂੰ ਨਕਾਰਿਆ, ਸਫਲਤਾ ਨਾਲ। ਪੰਜਾਬ ਜਾਗ੍ਰਿਤੀ ਲਹਿਰ ਸੰਚਾਲਕਾਂ ਦੀ ਤਰਕਸ਼ੀਲਤਾ ਤੋਂ ਬਿਨਾ ਪੰਜਾਬ ਸਣੇ ਭਾਰਤ ਵਿਚ ਉਸ ਸਮੇਂ ਵਿਗਿਆਨ ਦੇ ਖੇਤਰ ਵਿਚ ਕੋਈ ਲਹਿਰ ਨਹੀਂ ਸੀ ਚੱਲ ਰਹੀ। ਇਸ ਦੇ ਉਲਟ ਯੂਰਪੀਅਨ ਰੈਨੇਸਾਂਸ ਲਹਿਰ ਨੂੰ ਪੈਦਾ ਤੇ ਵਿਕਸਿਤ ਕਰਨ ਵਿਚ ਵਿਗਿਆਨ ਨੇ ਸਿੱਧੇ ਤੇ ਅਸਿੱਧੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ।
ਰੈਨੇਸਾਂਸ ਦਾ ਸਮਾਂ ਵਿਗਿਆਨਕ ਇਨਕਲਾਬ ਦਾ ਸਮਾਂ ਸੀ, ਜਦੋਂ ਖੋਜ ਦੇ ਖੇਤਰ ਵਿਚ ਯੂਰਪ ਨੇ ਮੱਲਾਂ ਮਾਰੀਆਂ। ਮਿਸਾਲ ਵਜੋਂ ਇਸ ਸਮੇਂ ਦੌਰਾਨ ਵਿਗਿਆਨਕ ਖੋਜ ਨੇ ਧਾਰਮਿਕ ਲੀਡਰਾਂ ਨੂੰ ਕ੍ਰੋਧਿਤ ਕਰਦਿਆਂ ਬ੍ਰਹਿਮੰਡ ਦਾ ਮਾਡਲ ਬਦਲ ਕੇ ਰੱਖ ਦਿੱਤਾ, ਜਿਸ ਵਿਚ ਹੁਣ ਧਰਤੀ ਬ੍ਰਹਿਮੰਡ ਦੀ ਕੇਂਦਰ ਨਹੀਂ, ਸਗੋਂ ਹੋਰਾਂ ਗ੍ਰਹਿਆਂ ਸਮੇਤ ਸੂਰਜ ਦੁਆਲੇ ਘੁੰਮਦੀ ਹੈ। ਇਸ ਸਮੇਂ ਦੌਰਾਨ ਹੀ ਵਿਗਿਆਨ ਵਿਚ ਨਿਊਟਨ ਦਾ ਗੁਰੂਤਾ ਖਿੱਚ ਨਿਯਮ ਵਿਕਸਿਤ ਹੋਇਆ, ਜਿਸ ਅਨੁਸਾਰ ਸਿਰਫ ਧਰਤੀ ‘ਤੇ ਹੀ ਨਹੀਂ, ਸਗੋਂ ਸਾਰੇ ਬ੍ਰਹਿਮੰਡ ਵਿਚ ਹਰ ਮਾਦਕ ਚੀਜ਼ ਦੂਜੀਆਂ ਸਭ ਮਾਦਕ ਚੀਜ਼ਾਂ ਨੂੰ ਆਪਣੀ ਤਰਫ ਖਿੱਚਦੀ ਹੈ ਤੇ ਇਹ ਖਿੱਚ ਸ਼ਕਤੀ ਮਿਣੀ ਜਾ ਸਕਦੀ ਹੈ। ਇਸ ਖੋਜ ਨੇ ਸਿਰਫ ਵਿਗਿਆਨੀਆਂ ਵਿਚ ਹੀ ਨਹੀਂ, ਹੋਰ ਚਿੰਤਕਾਂ ਤੇ ਆਮ ਲੋਕਾਂ ਵਿਚ ਵੀ ਨਵਾਂ ਉਤਸ਼ਾਹ ਭਰ ਦਿੱਤਾ; ਉਨ੍ਹਾਂ ਨੂੰ ਦਿਸਣ ਲੱਗ ਪਿਆ ਕਿ ਹੁਣ ਸਿਰਫ ਇਸ ਦੁਨੀਆਂ ਨੂੰ ਹੀ ਨਹੀਂ, ਸਗੋਂ ਵਿਗਿਆਨਕ ਨਿਯਮ ਖੋਜ ਕੇ ਸਾਰੇ ਬ੍ਰਹਿਮੰਡ ਨੂੰ ਸਮਝਿਆ ਜਾ ਸਕਦਾ ਹੈ।
ਇਹ ਵਿਗਿਆਨਕ ਮਾਹੌਲ ਸੀ, ਜਿਸ ਵਿਚ ਰੈਨੇਸਾਂਸ ਮਾਨਵਵਾਦੀ ਲਹਿਰ ਨੇ ਤਰਕਸ਼ੀਲਤਾ ‘ਤੇ ਪਹਿਰਾ ਦਿੰਦਿਆਂ ਚਰਚ ਵਲੋਂ ਲਏ ਵਿਗਿਆਨ ਵਿਰੋਧੀ ਸਟੈਂਡ ਨੂੰ ਰੱਦ ਕੀਤਾ ਤੇ ਵਿਗਿਆਨ ਦਾ ਸਾਥ ਦਿੱਤਾ। ਇੰਜ ਹੌਲੀ ਹੌਲੀ ਰੈਨੇਸਾਂਸ ਮਾਨਵਵਾਦੀ ਲਹਿਰ ਅਧਿਆਤਮਵਾਦ ਦੇ ਘੇਰੇ ਤੋਂ ਬਾਹਰ ਹੋ ਨਿਕਲੀ। ਵਿਗਿਆਨ ਸਹਾਰੇ, ਰੈਨੇਸਾਂਸ ਲਹਿਰ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਇੱਧਰ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦਾ ਵਿਗਿਆਨਕ ਮਾਹੌਲ ਗੈਰ-ਹਾਜ਼ਰ ਸੀ। ਇਸੇ ਕਰਕੇ ਉਦਾਸੀ ਫਿਰਕੇ ਦੇ ਸੰਚਾਲਕ ਸਿੱਖ ਪ੍ਰਚਾਰ ਕੇਂਦਰਾਂ ‘ਤੇ ਕਬਜ਼ਾ ਕਰਕੇ ਉਨ੍ਹਾਂ ਵਿਚ ਬ੍ਰਾਹਮਣਵਾਦ ਲਾਗੂ ਕਰਨ ‘ਚ ਸਫਲ ਹੋ ਗਏ। ਇੱਥੇ ਹੀ ਬੱਸ ਨਹੀਂ, ਉਹ ਗੁਰੂ ਸਾਹਿਬਾਨ ਦੇ ਪੈਦਾ ਕੀਤੇ, ਸੰਸਥਾਗਤ ਧਰਮਾਂ ਦੇ ਘੇਰਿਆਂ ਤੋਂ ਆਜ਼ਾਦ, ਸਿੱਖ ਨੂੰ ਮਾਨਵਵਾਦੀ ਲਹਿਰ ਦੇ ਕਾਰਕੁਨ ਤੋਂ ਆਪਣੇ ਨਵੇਂ ਸਿਰਜੇ ਬ੍ਰਾਹਮਣਵਾਦੀ ਸੰਸਥਾਗਤ ਧਰਮ ਦੇ ਸ਼ਰਧਾਲੂ ਬਣਾਉਣ ਵਿਚ ਵੀ ਸਫਲ ਹੋਏ। ਇਹ ਕੌੜਾ ਸੱਚ ਹੈ ਕਿ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰ-ਹਾਜ਼ਰੀ ਵਿਚ ਇਹ ਹਾਲ ਹੋਇਆ ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਸਾਹਿਬਾਨ ਦੇ ਸਾਜੇ ਸਿੱਖ ਜਾਂ ਪੰਜਾਬ ਦੇ ‘ਰੈਨੇਸਾਂਸ ਮੈਨ’ ਦਾ, ਜਿਹਨੇ ਪੰਜਾਬ ਨੂੰ ਆਧੁਨਿਕ ਯੁੱਗ ਨਾਲ ਜੋੜਨਾ ਸੀ। ਉਹ ਜਾਂ ਕਹਿ ਲਓ ਪੰਜਾਬ ਬ੍ਰਾਹਮਣਵਾਦੀ ਫਲਸਫੇ ਤੇ ਅਮਲ ਵੱਲ ਨੂੰ ਕੂਹਣੀ-ਮੋੜ ਕੱਟ ਗਿਆ।
ਸਿੱਖ ਮਾਨਵਵਾਦੀ ਲਹਿਰ ਨੂੰ ਸੰਸਥਾਗਤ ਧਰਮ ਵਿਚ ਵਟਾਉਣ ਦੇ ਕਾਰਨਾਮੇ ਨੂੰ ਸਿੱਖ ਸੰਗਤਾਂ ਵਲੋਂ ਮਾਨਤਾ ਦਾ ਦੂਜਾ ਮੁੱਖ ਮੂਲ ਕਾਰਨ ਸੀ-ਉਨ੍ਹਾਂ ਦੀ ਭੂਤਮੁਖੀ ਸੋਚ ਤੇ ਪਹੁੰਚ।
ਭੂਤਮੁਖੀ ਸੋਚ ਤੇ ਪਹੁੰਚ ਦਾ ਰੋਲ: ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚਲੇ ਲੋਕਾਂ ਦੇ ਵਤੀਰੇ ਦੀ ਤੁਲਨਾ ਵਿਚ ਇੱਕ ਅਹਿਮ ਕਾਰਕ ਵਿਚਾਰਨਾ ਬਣਦਾ ਹੈ, ਭੂਤਮੁਖੀ ਸੋਚ ਤੇ ਪਹੁੰਚ। ਇਹ ਅਜਿਹੀ ਸੋਚ ਤੇ ਪਹੁੰਚ ਹੈ, ਜਿਹਨੂੰ ਰੱਖਣ ਤੇ ਅਪਨਾਉਣ ਵਾਲੇ ਲੋਕ ਬੀਤੇ ਸਮੇਂ ਦੇ ਮਸਲਿਆਂ ‘ਤੇ ਲੜਦੇ ਰਹਿੰਦੇ ਹਨ, ਤੇ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਵੀ ਬੀਤੇ ਵਿਚੋਂ ਖੋਜਣ ਦੀ ਕੋਸ਼ਿਸ਼ ਕਰਦੇ ਹਨ। ਭੂਤਮੁਖੀ ਸੋਚ ਵਾਲੇ ਬੰਦੇ ਵਿਚ ‘ਜੜ੍ਹਤਾ’ ਬਹੁਤ ਹੁੰਦੀ ਹੈ। ‘ਜੜ੍ਹਤਾ’ ਫਿਜ਼ਿਕਸ ਦਾ ਇੱਕ ਸੰਕਲਪ ਹੈ: ਕਿਸੇ ਵੀ ਭੌਤਿਕ ਚੀਜ਼ ਵਿਚ ਜੜ੍ਹਤਾ ਦੀ ਮਾਤਰਾ ਜਿੰਨੀ ਵੱਧ ਹੋਵੇਗੀ, ਉਹ ਚੀਜ਼ ਤਬਦੀਲੀ ਦਾ ਉਨਾ ਵੱਧ ਵਿਰੋਧ ਕਰੇਗੀ। ਪੰਜਾਬੀਆਂ ਦੀ ਜੜ੍ਹਤਾ, ਪੱਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਬਹੁਤ ਹੈ, ਜਿਸ ਦੀ ਇੱਕ ਮੁੱਖ ਵਜ੍ਹਾ ਪੰਜਾਬੀਆਂ ਦਾ ਵੱਧ ਭੂਤਮੁਖੀ ਹੋਣਾ ਹੈ, ਜਿਹਦੇ ਕਾਰਨ ਇਤਿਹਾਸਕ ਹਨ।
ਜੇ ਸਾਰੇ ਨਹੀਂ ਤਾਂ ਬਹੁਤੇ ਸੰਗਠਿਤ ਧਰਮ ਸੁਭਾਵਿਕ ਹੀ ਪਿਛਾਂਹ-ਖਿੱਚੂ ਹੁੰਦੇ ਨੇ ਜਾਂ ਹੋ ਨਿਬੜਦੇ ਨੇ, ਤੇ ਨਤੀਜੇ ਵਜੋਂ ਲੋਕਾਂ ਨੂੰ ਭੂਤਮੁਖੀ ਸੋਚ ਮੁਹੱਈਆ ਕਰਦੇ ਨੇ। ਇਸ ਦੇ ਉਲਟ ਵਿਗਿਆਨ ਆਪਣੀ ਪਰਿਭਾਸ਼ਾ ਤੋਂ ਹੀ ਅਗਾਂਹ-ਵਧੂ ਹੁੰਦਾ ਹੈ ਅਤੇ ਵਿਗਿਆਨਕ ਪਹੁੰਚ ਭਵਿਖ-ਮੁਖੀ। ਪੱਛਮ ਵਿਚ ਵਿਗਿਆਨ ਤੇ ਧਰਮ ਵਿਚਾਲੇ ਸ਼ੁਰੂ ਤੋਂ ਹੀ ਚੱਲੀ ਆਉਂਦੀ ਟੱਕਰ ਇਸ ਸੱਚ ਦੀ ਗਵਾਹ ਹੈ। ਪ੍ਰਾਚੀਨ ਕਾਲ ਵਿਚ ਕੁਦਰਤੀ ਵਰਤਾਰਿਆਂ ਬਾਰੇ ਮਨੁੱਖ ਦੇ ਅਗਿਆਨ ਨੇ ਰੱਬ ਤੇ ਦੇਵੀ-ਦੇਵਤਿਆਂ ਜਿਹੇ ਸੰਕਲਪਾਂ ਨੂੰ ਜਨਮ ਦਿੱਤਾ, ਜੋ ਕਈ ਰੂਪਾਂ ਵਿਚ ਪ੍ਰਾਚੀਨ ਪੂਰਬੀ ਤੇ ਕਿਸੇ ਹੱਦ ਤੱਕ ਪੱਛਮੀ ਫਲਸਫੇ ਵਿਚ ਵੀ ਭਾਰੂ ਰਹੇ। ਕਰੀਬ 2600 ਸਾਲ ਪਹਿਲਾਂ ਹੀ ਪੱਛਮੀ ਫਲਸਫੇ ਵਿਚ ਇਹ ਸਥਿਤੀ ਬਦਲਨੀ ਸ਼ੁਰੂ ਹੋ ਗਈ ਸੀ, ਜਦੋਂ ਗਰੀਕ ਫਿਲਾਸਫਰ ਥੇਲਜ਼ (624 ਤੋਂ 546 ਈਸਾ ਪੂਰਵ) ਨੇ ਇਹ ਵਿਚਾਰ ਵਿਕਸਿਤ ਕੀਤਾ ਕਿ ਬ੍ਰਹਿਮੰਡ ਤੇ ਇਸ ਵਿਚਲੇ ਵਰਤਾਰਿਆਂ ਨੂੰ ਬਿਨਾ ਰੱਬ, ਧਰਮ ਤੇ ਮਿਥਿਹਾਸ ਦਾ ਸਹਾਰਾ ਲਏ ਸਮਝਿਆ ਜਾ ਸਕਦਾ ਹੈ। ਉਸ ਅਨੁਸਾਰ ਜਟਿਲ ਦਿਸਦੇ ਕੁਦਰਤੀ ਵਰਤਾਰਿਆਂ ਨੂੰ ਸਾਦੇ ਸਿਧਾਂਤਾਂ ਵਿਚ ਸੰਗੋੜ ਕੇ ਉਨ੍ਹਾਂ ਵਰਤਾਰਿਆਂ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਇਥੋਂ ਪੱਛਮੀ ਫਲਸਫੇ ਵਿਚ ਵਿਗਿਆਨ ਦਾ ਮੁੱਢ ਬੱਝਦਾ ਹੈ।
ਪ੍ਰਾਚੀਨ ਭਾਰਤੀ ਫਲਸਫੇ ਵਿਚ ਭਾਵੇਂ ਗਰੀਕ ਫਲਸਫੇ ਵਾਂਗ ਹੀ ਐਟਮਵਾਦ ਦੇ ਕੁਝ ਅੰਸ਼ ਸਨ: ਵੇਦਿਕ ਰਿਸ਼ੀ ਅਰੂਨੀ (ਅੱਠਵੀਂ ਈਸਾ ਪੂਰਵ ਸਦੀ) ਅਤੇ ਚਾਰਵਾਕ, ਜੈਨ, ਤੇ ਅਜੀਵਿਕਾ (ਸੱਤਵੀਂ ਈਸਾ ਪੂਰਵ ਸਦੀ) ਜਿਹਿਆਂ ਸਦਕਾ; ਪਰ ਕੱਟੜ ਹਿੰਦੂ ਧਾਰਮਿਕ ਫਲਸਫਾ ਹੀ ਸਮੁੱਚੇ ਫਲਸਫੇ ‘ਤੇ ਭਾਰੂ ਰਿਹਾ। ਅਮਲੀ ਤੌਰ ‘ਤੇ ਪ੍ਰਾਚੀਨ ਭਾਰਤੀ ਫਲਸਫੇ ਤੇ ਸੰਸਕ੍ਰਿਤੀ ਵਿਚੋਂ ਵਿਗਿਆਨ ਤੇ ਵਿਗਿਆਨਕ ਸੋਚ ਕਰੀਬ ਗਾਇਬ ਰਹੇ। “ਪਹਿਲਾਂ ਯੁੱਗ ਸੱਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਪਿਛੋਂ ਹੁਣ ਦਾ ਯੁੱਗ ਕਲਯੁੱਗ ਹੈ।” ਇਸ ਸਮੇਤ ਹਿੰਦੂ ਧਾਰਮਿਕ ਫਲਸਫੇ ਤੇ ਚਿੰਤਨ ਵਿਚਲੀਆਂ ਅਜਿਹੀਆਂ ਪਿਛਲ-ਖੁਰੀ ਧਾਰਨਾਵਾਂ ਨੇ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰ-ਹਾਜ਼ਰੀ ਸਦਕਾ ਭਾਰਤੀ ਲੋਕਾਂ ਦੀ ਮਾਨਸਿਕਤਾ ਤੇ ਚਿੰਤਨ ਵਿਚ ਭੂਤਮੁਖੀ ਪਹੁੰਚ ਕੁੱਟ ਕੁੱਟ ਕੇ ਭਰ ਦਿੱਤੀ, ਜੋ ਅੱਜ ਤੱਕ ਅਮਰ ਹੈ।
ਭੂਤਮੁਖੀ ਪਹੁੰਚ ਦਾ ਸਭ ਤੋਂ ਖਤਰਨਾਕ ਖਾਸਾ ਇਹ ਹੁੰਦਾ ਹੈ ਕਿ ਇਹ ਠੀਕ ਸਵਾਲ ਪੁੱਛਣ ਅਤੇ ਚੀਜ਼ਾਂ ਤੇ ਵਰਤਾਰਿਆਂ ਨੂੰ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਵੇਖਣ ਦਾ ਵਿਵੇਕ ਬੁੱਧੀ ਕੋਲੋਂ ਖੋਹ ਲੈਂਦੀ ਹੈ ਜਾਂ ਉਸ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ।
ਭੂਤਮੁਖੀ ਸੋਚ ਤੇ ਪਹੁੰਚ ਕਾਰਨ ਪੰਜਾਬ ਦੇ ਲੋਕਾਂ ਵਿਚ ‘ਜੜ੍ਹਤਾ’ ਯੂਰਪੀਅਨ ਲੋਕਾਂ ਨਾਲੋਂ ਵੱਧ ਸੀ, ਇਸ ਲਈ ਤਬਦੀਲੀ ਦਾ ਵਿਰੋਧ ਕਰਨ ਦੀ ਸਮਰੱਥਾ ਵੀ ਉਨੀ ਹੀ ਵੱਧ ਸੀ। ਜਦੋਂ ਗੁਰੂ ਸਾਹਿਬਾਨ ਨੇ ਧਾਰਮਿਕ ਕੁਰੀਤੀਆਂ, ਖੋਖਲੀਆਂ ਰਸਮਾਂ ਅਤੇ ਪਖੰਡਾਂ ਤੇ ਜਾਤ-ਪਾਤ ਜਿਹੀਆਂ ਲਾਹਨਤਾਂ ਦਾ ਤਾਰਕਿਤ ਖੰਡਨ ਕਰਦਿਆਂ ਲੋਕਾਂ ਨੂੰ ਉਨ੍ਹਾਂ ਤੋਂ ਤੋੜ-ਵਿਛੋੜਾ ਕਰਨ ਦਾ ਸੱਦਾ ਦਿੱਤਾ ਤਾਂ ਲੋਕ ਇਹ ਤਬਦੀਲੀ ਆਪਣੇ ਜੀਵਨ ਵਿਚ ਲਾਗੂ ਕਰਨ ਤੋਂ ਹਿਚਕਿਚਾਉਣ ਲੱਗੇ। ਜਦ ਉਦਾਸੀ ਫਿਰਕੇ ਨੇ ਸਿੱਖੀ ਦੇ ਸਥਾਪਤ ਕੀਤੇ ਪ੍ਰਚਾਰ ਕੇਂਦਰਾਂ ‘ਤੇ ਕਬਜ਼ਾ ਕਰਕੇ ਉਨ੍ਹਾਂ ਵਿਚ ਸਿੱਖੀ ਦੇ ਨਾਂ ‘ਤੇ ਸੰਸਥਾਗਤ ਧਰਮ ਸ਼ੁਰੂ ਕੀਤਾ, ਇਸ ਕਾਰਨਾਮੇ ਨੂੰ ਮਾਨਤਾ ਦੇਣ ਵਿਚ ਲੋਕਾਂ ਨੂੰ ਕੋਈ ਤਕਲੀਫ ਨਾ ਹੋਈ; ਉਨ੍ਹਾਂ ਦੇ ਭਾਣੇ ਇਹ ਅੱਛਾ ਸੌਦਾ ਸੀ: ਗੁਰੂ ਦੇ ਸਿੱਖ ਵੀ ਬਣੇ ਰਹੋ ਤੇ ਬਦਲਨਾ ਵੀ ਨਾ ਪਿਆ; ਨਾਲੇ ਪੁੰਨ, ਨਾਲੇ ਫਲੀਆਂ।
ਸਿੱਟੇ: ਮੁੱਕਦੀ ਗੱਲ, ਮੂਲ ਰੂਪ ਵਿਚ ਫੌਜਾਂ ਦੀ ਜਿੱਤ ਦਾ ਸਿਹਰਾ ਵਿਗਿਆਨ, ਵਿਗਿਆਨਕ ਸੋਚ ਤੇ ਭਵਿੱਖਮੁਖੀ ਪਹੁੰਚ ਸਿਰ ਬੱਝਦਾ ਹੈ। ਹਾਰ ਦੀ ਲਾਅਨਤ ਭੂਤਮੁਖੀ ਪਹੁੰਚ ਅਤੇ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰ-ਹਾਜ਼ਰੀ ‘ਤੇ ਪੈਂਦੀ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਬ੍ਰਾਹਮਣਵਾਦੀ ਫਲਸਫੇ ‘ਤੇ ਅਮਲ ਰੱਦ ਕਰਦੀ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਦੇ ਉਦੇਸ਼ਾਂ ਨਾਲ ਅਸਹਿਮਤ ਕੁਝ ਮੱਤ ਜਾਂ ਫਿਰਕੇ ਸਨ, ਜੋ ਗੁਰੂ ਸਾਹਿਬਾਨ ਤੋਂ ਬਾਅਦ ਲਹਿਰ ਨੂੰ ਗੁਰੂ ਸਾਹਿਬਾਨ ਦੇ ਨਾਂ ‘ਤੇ ਇੱਕ ਸੰਸਥਾਗਤ ਧਰਮ ਵਿਚ ਬਦਲਣ ਵਿਚ ਕਾਮਯਾਬ ਹੋਏ; ਪੰਜਾਬ ਵਿਚ ਸਦੀਆਂ ਤੋਂ ਪ੍ਰਚਲਿਤ ਭੂਤਮੁਖੀ ਪਹੁੰਚ ਦੀ ਮੌਜੂਦਗੀ ਅਤੇ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰ-ਹਾਜ਼ਰੀ ਸਦਕਾ। ਇਸ ਤਰ੍ਹਾਂ ਪੰਜਾਬ ਜਾਂ ਗੁਰੂ ਸਾਹਿਬਾਨ ਦਾ ਸਿਰਜਿਆ ਸਿੱਖ ਜਾਂ ਪੰਜਾਬ ਦੇ ‘ਰੈਨੇਸਾਂਸ ਮੈਨ’ ਬ੍ਰਾਹਮਣਵਾਦੀ ਫਲਸਫੇ ਤੇ ਅਮਲ ਨੂੰ ਮਾਨਤਾ ਦੇਣ ਵੱਲ ਨੂੰ ਕੂਹਣੀ-ਮੋੜ ਕੱਟ ਗਿਆ। ਇਹਦੇ ਉਲਟ ਰੈਨੇਸਾਂਸ ਦੌਰਾਨ ਤੇ ਰੈਨੇਸਾਂਸ ਪਿਛੋਂ ਵਿਗਿਆਨ ਤੇ ਵਿਗਿਆਨਕ ਸੋਚ ਸਦਕਾ ਯੂਰਪ ਅਤੇ ਰੈਨੇਸਾਂਸ ਦੇ ਵਾਰਿਸਾਂ ਵਲੋਂ ਸ਼ੁਰੂ ਕੀਤੇ ਦੇਸ਼ ਅਮਰੀਕਾ ਤੇ ਕੈਨੇਡਾ, ਭਵਿੱਖਮੁਖੀ ਪਹੁੰਚ ਅਪਨਾਉਂਦਿਆਂ ਅੱਗੇ ਵਧਦੇ ਗਏ। ਬਾਕੀ ਭਾਰਤ ਵਾਂਗ ਹੀ ਪੰਜਾਬ ਦੀ ਮੂਲ ਸਮੱਸਿਆ ਹੈ: ਸਮੱਸਿਆ ਪ੍ਰਤੀ ਭੂਤਮੁਖੀ ਤੇ ਗੈਰ-ਵਿਗਿਆਨਕ ਪਹੁੰਚ। ਇਸ ਲਈ ਕਰੀਬ ਸਭ ਸਮੱਸਿਆਵਾਂ ਦੇ ਹੱਲ ਲੱਭਣ ਦੀ ਚੰਗੀ ਸ਼ੁਰੂਆਤ ਹੋਵੇਗੀ ਉਨ੍ਹਾਂ ਸਮੱਸਿਆਵਾਂ ਪ੍ਰਤੀ ਵਿਗਿਆਨਕ ਤੇ ਭਵਿੱਖਮੁਖੀ ਪਹੁੰਚ ਅਪਨਾਉਣਾ।
ਇਸ ਲੇਖ ਵਿਚ ਅਸੀਂ ਪੰਜਾਬ ਜਾਗ੍ਰਿਤੀ ਲਹਿਰ ਤੇ ਯੂਰਪੀਅਨ ਰੈਨੇਸਾਂਸ ਲਹਿਰ ਦੀਆਂ ਹਾਰਾਂ-ਜਿੱਤਾਂ ਦੇ ਮੂਲ ਇਤਿਹਾਸਕ ਕਾਰਨਾਂ ਦੀ ਜਾਂਚ ਕੀਤੀ ਹੈ। ਅਗਲੇ ਲੇਖ ਵਿਚ ਭਗਤਾਂ ਤੇ ਸੂਫੀਆਂ ਦੇ ਨਾਲ ਨਾਲ ਗੁਰੂ ਸਹਿਬਾਨ ਵਲੋਂ ਚਲਾਈ ਗਈ ਪੰਜਾਬ ਜਾਗ੍ਰਿਤੀ ਲਹਿਰ ਦੀ ਰੌਸ਼ਨੀ ਵਿਚ ਵੇਖਾਂਗੇ ਕਿ ਅੱਜ ਪੰਜਾਬ ਕੀ ਕਰ ਰਿਹਾ ਹੈ, ਤੇ ਕੀ ਕਰਨਾ ਬਣਦਾ ਹੈ?
(ਚਲਦਾ)