ਗੁਰੂ ਨਾਨਕ ਦੇ ਜੀਵਨ ਸਫਰ ਵਿਚ ਔਰਤਾਂ ਦੀ ਕੁਰਬਾਨੀ

ਕਰਮ ਸਿੰਘ ਬਰਨ
ਹਿਊਸਟਨ, ਟੈਕਸਸ
ਫੋਨ: 832-766-8742
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਇਹ ਤਿੰਨ ਕਵਿਤਾਵਾਂ ਉਸ ਵਿਸ਼ੇ ਨੂੰ ਮੁਖ ਰੱਖ ਕੇ ਸੇਵਾ ਵਿਚ ਹਾਜਰ ਹਨ, ਜੋ ਇਤਿਹਾਸਕਾਰਾਂ ਅਤੇ ਲਿਖਾਰੀਆਂ ਦੀ ਨਜ਼ਰ ਵਿਚ ਘਟ ਹੀ ਆਇਆ ਹੈ। ਇਹ ਵਿਸ਼ਾ ਹੈ, ਗੁਰੂ ਨਾਨਕ ਦੇਵ ਦੇ ਜੀਵਨ ਵਿਚ ਪਰਿਵਾਰ ਦੀਆਂ ਔਰਤਾਂ ਦੀ ਕੁਰਬਾਨੀ ਅਤੇ ਦੇਣ।

ਗੁਰੂ ਨਾਨਕ ਦੇ ਜੀਵਨ ਵਿਚ ਪਰਿਵਾਰ ਦੀਆਂ ਚਾਰ ਔਰਤਾਂ ਦੀ ਕੁਰਬਾਨੀ ਦਾ ਜਰੂਰ ਇੱਕ ਵੱਡਾ ਹਿੱਸਾ ਹੈ, ਜਿਸ ਵਿਚ ਮਾਤਾ ਤ੍ਰਿਪਤਾ, ਬੀਬੀ ਨਾਨਕੀ, ਬੀਬੀ ਸੁਲੱਖਣੀ ਅਤੇ ਭਾਈ ਮਰਦਾਨੇ ਦੀ ਪਤਨੀ ‘ਬੀਵੀ ਮਰਦਾਨਾ’ ਸ਼ਾਮਲ ਹਨ। ਇਤਿਹਾਸ ਵਿਚ ਔਰਤਾਂ ਨੂੰ ਮਾਨਤਾ ਕੁਝ ਘਟ ਹੀ ਮਿਲੀ ਹੈ। ਇਤਿਹਾਸ ਅਤੇ ਸਾਹਿਤ ਵਿਚ ਬੀਬੀ ਸੁਲੱਖਣੀ ਅਤੇ ਭਾਈ ਮਰਦਾਨੇ ਦੀ ਬੀਵੀ ਦੀ ਕੁਰਬਾਨੀ ਬਾਰੇ ਬਹੁਤ ਹੀ ਘੱਟ ਲਿਖਿਆ ਮਿਲਦਾ ਹੈ। ਇਥੋਂ ਤੱਕ ਕਿ ਭਾਈ ਮਰਦਾਨੇ ਦੀ ਬੀਵੀ ਦਾ ਨਾਂ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦਾ।
(1) ਵਿਦਾਈ-ਬੀਬੀ ਨਾਨਕੀ: ਗੁਰੂ ਨਾਨਕ ਅਤੇ ਭਾਈ ਮਰਦਾਨਾ ਪਹਿਲੀ ਉਦਾਸੀ ਲਈ ਤਿਆਰ ਹਨ। ਬੀਬੀ ਨਾਨਕੀ ਉਨ੍ਹਾਂ ਨੂੰ ਵਿਦਾ ਕਰ ਰਹੀ ਹੈ। ਭੈਣ ਉਨ੍ਹਾਂ ਦੇ ਜਲਦੀ ਵਾਪਸ ਆਉਣ ਦੇ ਵਾਅਦੇ ਦੀ ਯਾਦ ਦਿਵਾਉਂਦੀ ਹੈ ਅਤੇ ਗੁਰੂ ਜੀ ਦੇ ਗੁੱਟ ‘ਤੇ ਯਾਦ ਕਰਾਉਣ ਲਈ ਇਕ ਗਾਨਾ ਬੰਨਣ ਦਾ ਸੁਝਾਅ ਦੇਣ ਦੀ ਕੋਸ਼ਿਸ਼ ਵੀ ਕਰਦੀ ਹੈ; ਪਰ ਗੁਰੂ ਜੀ ਸਭ ਬੰਧਨ ਤੋੜ ਕੇ ਜਾਣ ਲਈ ਤਿਆਰ ਹਨ ਅਤੇ ਭੈਣ ਨੂੰ ਵਿਸ਼ਵਾਸ ਦੇਣ ਦਾ ਇਕ ਹੋਰ ਦਾਰਸ਼ਨਿਕ ਤਰੀਕਾ ਆਪਣੀਆਂ ਰਚਨਾਵਾਂ ਵਿਚੋਂ ‘ਮੇਲੋ ਮੇਲਣਹਾਰ’ ਦਸਦੇ ਹਨ।
ਹੇਠਲੀ ਕਵਿਤਾ ਇਕ ਪ੍ਰਸਿੱਧ ਪੰਜਾਬੀ ਲੋਕ ਗੀਤ ਦੀ ਸਾਦੀ ਸ਼ੈਲੀ ‘ਤੇ ਆਧਾਰਤ ਹੈ, “ਉਚੀ ਗਲੀ ਪਰ ਜਾਂਦਿਆਂ ਵੀਰਾ ਵੇ; ਮੇਰਾ ਵੀਰ ਮਿਲ ਕੇ ਜਾਣਾ ਵੇ।” ਆਪਣੇ ਭਰਾ ਦੇ ਇੱਕ ਲੰਬੇ ਸਮੇਂ ਲਈ ਜਾਣ ਉਤੇ ਅਸੀਸਾਂ ਦੇਣਾ ਅਤੇ ਭਾਵਨਾਵਾਂ ਪ੍ਰਗਟ ਕਰਨੀਆਂ ਇਸ ਸ਼ੈਲੀ ਵਿਚ ਬਹੁਤ ਢੁਕਦੀਆਂ ਹਨ:
ਚੱਲਿਆ ਜੱਗ ਦਾ ਕਰਨ ਉਧਾਰ ਮੇਰੇ ਵੀਰਾ ਵੇ
ਭੈਣ ਨੂੰ ਮਿਲ ਕੇ ਜਾਣਾ
ਵਿਦਾ ਕਰਾਂ ਮੈਂ ਨਾਲ ਪਿਆਰ ਮੇਰੇ ਵੀਰਾ ਵੇ
ਲੱਗ ਕੇ ਦਿਲ ਨੂੰ ਜਾਣਾ।

ਮੈਨੂੰ ਹੁਕਮ ਹੂਆ ਕਰਤਾਰ ਮੇਰੀ ਭੈਣਾਂ ਜੀ
ਕੀਕਣ ਰੁਕ ਕੇ ਜਾਵਾਂ
ਮੁੜ ਮਿਲਣ ਕਰਾਂ ਇਕਰਾਰ ਮੇਰੀ ਭੈਣਾਂ ਜੀ
ਪੈਰੀਂ ਝੁਕ ਕੇ ਜਾਵਾਂ।

ਤੰਦ ਬੰਨਾਂ ਮੈਂ ਤੇਰੀ ਕਲਾਈ ਮੇਰੇ ਵੀਰਾ ਵੇ
ਭੈਣ ਨੂੰ ਭੁੱਲ ਨਾ ਜਾਣਾ
‘ਰਤਨ ਲੁਕੈ ਨਾ ਲੁਕਾਈ’ ਮੇਰੇ ਵੀਰਾ ਵੇ
ਛੇਤੀ ਫੇਰਾ ਵੀ ਪਾਣਾ।

ਮੇਰਾ ਪ੍ਰਣ ਮੇਲੋ ਮੇਲਣਹਾਰ ਮੇਰੀ ਭੈਣਾਂ ਜੀ
ਬੰਧਨ ਜੋ ਤੋੜਹਿ ਜਾਵਾਂ
ਸਤੁ ਸੰਤੋਖ ਤੰਦ ਦੀ ਤਾਰ ਮੇਰੀ ਭੈਣਾਂ ਜੀ
ਤੰਦ ਨਾ ਲੋੜਹਿ ਜਾਵਾਂ।

ਮਾਂ ਉਡੀਕੂ ਨਾਲ ਪਰਿਵਾਰ ਮੇਰੇ ਵੀਰਾ ਵੇ
ਪਿਤਾ ਨੂੰ ਮਿਲ ਕੇ ਜਾਣਾ
ਨਿੱਤ ਭਾਬੋ ਕਰੂ ਇੰਤਜ਼ਾਰ ਮੇਰੇ ਵੀਰਾ ਵੇ
ਗੋਦੀ ਚੰਦ ਇਆਣਾ।

ਮੇਰਾ ਮਨ ਬਧਿਆ ਦਇਆਲ ਮੇਰੀ ਭੈਣਾਂ ਜੀ
ਤਜਿ ਮੋਹੁ ਮੈਂ ਜਾਵਾਂ
ਜੀਅ ਜੰਤ ਦਾ ਕਰੇ ਖਿਆਲ ਮੇਰੀ ਭੈਣਾਂ ਜੀ
ਚਿੰਤ ਖੋਹੁ ਮੈਂ ਜਾਵਾਂ।

ਜਿਹੜੇ ਰਾਹ ਅਪਨਾ ਚਲਿਆ ਮੇਰੇ ਵੀਰਾ ਵੇ
ਸੱਚਾ ਰਾਹ ਖਲਕ ਦਿਖਾ ਜਾਣਾ
ਸ਼ਗਨ ਮੂੰਹ ਮਿੱਠਾ ਪਾ ਭਲਿਆ ਮੇਰੇ ਵੀਰਾ ਵੇ
ਸਭ ਮਾਹਿ ਅਲਖ ਦਿਖਾ ਜਾਣਾ।

ਦਿਓ ਅਸੀਸਾਂ ਨਾਨਕ ਵਿਦਾਈ ਮੇਰੀ ਭੈਣਾਂ ਜੀ
ਮੇਰਾ ਰਾਖਾ ਹਜ਼ੂਰ ਮੈਂ ਜਾਵਾਂ
ਆਪੇ ਉਹ ਮੇਲਿ ਮਿਲਾਵਹੀ ਮੇਰੀ ਭੈਣਾਂ ਜੀ
ਸਾਚੈ ਮਹਿਲ ਹਦੂਰਿ ਮੈਂ ਜਾਵਾਂ।
(2) ਤਲਵੰਡੀ ਸਵਾਗਤ-ਮਾਤਾ ਤ੍ਰਿਪਤਾ: ਪਹਿਲੀ ਉਦਾਸੀ ਪਿਛੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਵਾਪਿਸ ਤਲਵੰਡੀ ਪਹੁੰਚੇ ਤਾਂ ਭਾਈ ਮਰਦਾਨਾ ਆਗਿਆ ਲੈ ਕੇ ਘਰ ਪਰਿਵਾਰ ਨੂੰ ਮਿਲਣ ਗਏ। ਗੁਰੂ ਨਾਨਕ ਪਿੰਡ ਦੀ ਜੂਹ ‘ਤੇ ਹੀ ਅਟਕ ਗਏ ਅਤੇ ਘਰ ਜਾਣ ਦੀ ਕੋਈ ਇੱਛਾ ਨਹੀਂ ਕਰਦੇ। ਮਾਤਾ ਤ੍ਰਿਪਤਾ ਭਾਈ ਮਰਦਾਨੇ ਨੂੰ ਇੱਕਲਾ ਵੇਖ ਕੇ ਵਿਆਕੁਲ ਹੋ ਉਠਦੇ ਹਨ। ਭਾਈ ਮਰਦਾਨਾ ਕੀਤੇ ਪ੍ਰਣ ਅਨੁਸਾਰ ਗੁਰੂ ਜੀ ਦਾ ਪਤਾ ਨਹੀਂ ਦਸ ਰਿਹਾ ਅਤੇ ਟਾਲ ਮਟੋਲੀਆਂ ਲਾ ਰਿਹਾ ਹੈ, “ਉਹਦੀਆਂ ਉਹ ਹੀ ਜਾਣੇ।” ਮਾਤਾ ਤ੍ਰਿਪਤਾ ਇੱਕ ਮਾਂ ਹੋਣ ਦੇ ਨਾਤੇ ਸਭ ਸਮਝ ਗਈ ਹੈ, ਆਪਣੇ ਦਿਲੀ ਵਲਵਲੇ ਦਸ ਰਹੀ ਹੈ ਅਤੇ ਆਪਣੇ ਪੁੱਤਰ ਨੂੰ ਵੇਖਣ ਲਈ ਉਤਾਵਲੀ ਹੈ,
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ
ਕਿਉਂ ਨਹੀਂ ਦਿਸਦਾ ਨਾਨਕ ਤੇਰੇ ਨਾਲ ਵੇ।

ਲੋਕਾਂ ਤਾਈਂ ਕਹਾਣੀਆਂ ਫਿਰ ਪਾਈਂ
ਦੱਸ ਨਾਨਕ ਤੂੰ ਕਿੱਥੇ ਛੱਡ ਆਇਓਂ।
ਤੈਨੂੰ ਵੇਖ ਕੇ ਆਸਾਂ ਅੱਜ ਬੱਝੀਆਂ ਸੂ
ਇਕੱਲਾ ਵੇਖ ਕੇ ਕਲੇਜਾ ਮੁਰਝਾਇਓਂ।
ਕਿਉਂ ਕੀਤਾ ਹੈ ਮੈਨੂੰ ਹਾਲੋਂ ਬੇਹਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਕਿਉਂ ਨਾ ਦੇਵੇਂ ਪਤਾ ਮੇਰੇ ਲਾਲ ਦਾ
ਤੇਰੀ ਚੁੱਪ ਜਾਂਦੀ ਹੈ ਮੈਨੂੰ ਚੀਰਦੀ।
ਸੱਚੋ ਸੱਚ ਦੱਸ ਪਾਲਣਾ ਜੇ ਪਾਲਦਾ
ਸਹੁੰ ਖਾਹ ਤੂੰ ਆਪਣੇ ਉਚ ਪੀਰ ਦੀ।
ਛੇਤੀ ਦੱਸ ਖਾਂ ਚੱਲੀਂ ਨਾ ਕੋਈ ਚਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਮੈਂ ਮੰਨਤਾਂ ਮੰਨਦੀ ਮੰਨਦੀ ਥੱਕ ਗਈ
ਰਾਹਾਂ ਤੱਕਦੀ ਦੇ ਕੋਏ ਮੇਰੇ ਸੁੱਕ ਗਏ।
ਲੱਖ ਸੁੱਖਾਂ ਖੈਰਾਤ ਖੁਆ ਮੈਂ ਹੰਭ ਗਈ
ਘਾਓ ਹਰੇ ਹਰੇ ਅਥਰੂ ਵੀ ਮੁੱਕ ਗਏ।
ਆਈ ਦੀਵਾਲੀ ਨਾ ਪੂਰੇ ਬਾਰਾਂ ਸਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਕਿਹੜੇ ਦੇਸ ਪਰਦੇਸ ਬਨਵਾਸ ਲਿਤੋ
ਉਹਦੇ ਦੀਦਾਰ ਵਿਟਹੁ ਮੈਂ ਵੰਞਾਂ ਖੰਨੀਆਂ।
ਕਿਸ ਰੱਬ ਮਨਾਉਣ ਉਪਵਾਸ ਕੀਤੋ
ਮਹਲਾ ਦਰ ਘਰ ਦੀਆਂ ਛਾਂਵਾਂ ਛੱਡੀਆਂ।
ਮੁੜ ਸੁਲੱਖਣੀ ਲਿਆਵੇ ਦੋਨੋਂ ਬਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਰਹਿੰਦੇ ਢੂੰਡਦੇ ਜਿਸ ਨੂੰ ਤੀਰਥ ਜੰਗਲਾਂ
ਉਹ ਤਾਂ ਆਪਣੇ ਖੇਤਾਂ ਦੇ ਵਿਚ ਵਸਦਾ ਵੇ।
ਘਰ ਬਾਰ ਆ ਸੰਭਾਲੇ ਖੇਤ ਘੋੜੀਆਂ
ਕਦੋਂ ਮੁੜ ਕੇ ਵਿਹੜਾ ਸਾਡਾ ਹਸਦਾ ਵੇ।
ਛੱਡ ਰਬਾਬ ਮੈਂ ਪਾਸੇ ਇਹ ਸੰਭਾਲ ਰੱਖਾਂ
ਮੁੜ ਜਾਣ ਦੀ ਨਾ ਕਰੀਂ ਤੂੰ ਮਜਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਟਾਲੇ ਮਾਰਦਾ ਏਂ, ‘ਉਹਦੀਆਂ ਉਹ ਜਾਣੇ’
ਗੱਲਾਂ ਗੱਲਾਂ ਵਿਚ ਪਾ ਨਾ ਮਖਾਣੇ ਤੂੰ।
ਰਮਜਾਂ ਮੀਰ ਮਿਰਾਸੀਆਂ ਦੀ ਛੱਡ ਦੇ ਖਾਂ
ਐਵੇਂ ਲਾ ਨਾ ਬਹਾਨੇ ਕਿਉਂ ਨਾ ਜਾਣੇ ਤੂੰ?
ਕਿਹੜੀ ਜੂਹੇ ਬੈਠਾ, ਨਾ ਗੱਲ ਟਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਜੱਗ ਆਰਤੀ ਉਤਾਰੇ ਨੰਦ ਲਾਲ ਦੀ
ਲਾਲ ਮੇਰੇ ਦੀ ਮੈਂ ਆਰਤੀ ਉਤਾਰਨੀ।
ਅੱਗੇ ਚੱਲ ਮੈਂ ਜੂਹ ਉਸ ਦੀ ਵੰਞਣਾ
ਅੰਮ੍ਰਿਤੀਆਂ ਦੀ ਸ਼ੀਰਨੀ ਮੈਂ ਵਾਰਨੀ।
ਚੱਕ ਲੈ ਗਠੜੀ ਮੈਂ ਚੱਲਾਂ ਤੇਰੇ ਨਾਲ ਵੇ
ਦੱਸ ਮਰਦਾਨਿਆ ਨਾਨਕ ਦਾ ਹਾਲ ਵੇ।

ਬੁੱਢਾ ਬਾਪ ਤੈਨੂੰ ਖੇਤਾਂ ‘ਚ ਉਡੀਕਦਾ
ਚੱਲ ਨਾਨਕਾ ਤੂੰ ਘਰ ਮੇਰੇ ਲਾਲ ਵੇ।
ਜਾ ਕੇ ਸਹੁਰੀਂ ਸੁਲੱਖਣੀ ਲਿਆ ਤੂੰ
ਬਹੁਤੇ ਪਾਈਂ ਨਾ ਤੂੰ ਮੈਨੂੰ ਸਵਾਲ ਵੇ!

ਐਵੇਂ ਜਿੰਦੜੀ ਨਾ ਨੂੰਹ ਦੀ ਤੂੰ ਗਾਲ ਵੇ
ਲਿਆ ਕੇ ਪੋਤਿਆਂ ਦਾ ਮੂੰਹ ਵੀ ਦਿਖਾਲ ਵੇ!
ਚੱਲ ਨਾਨਕਾ ਤੂੰ ਘਰ ਮੇਰੇ ਨਾਲ ਵੇ!
(3) ਸੋਗ ਵਿਜੋਗ ਦੋ ਸਖੀਆਂ-ਬੀਬੀ ਸੁਲੱਖਣੀ ਤੇ ਬੀਵੀ ਮਰਦਾਨਾ: ਪਹਿਲੀ ਉਦਾਸੀ ਦੇ ਬਾਰਾਂ ਸਾਲਾਂ ਦੌਰਾਨ ਬੀਬੀ ਸੁਲੱਖਣੀ ਅਤੇ ਬੀਵੀ ਮਰਦਾਨਾ (ਨਾਂ ਸ਼ਾਇਦ ‘ਅੱਲਾ ਰੱਖੀ’) ਤਲਵੰਡੀ ਇਕੱਠੀਆਂ ਹੋ ਕੇ ਆਪਣੇ ਵਿਜੋਗ ਦੇ ਦੁੱਖ ਸਾਂਝੇ ਕਰਦੀਆਂ ਹਨ। ਉਨ੍ਹਾਂ ਦੇ ਸੋਗ ਵਿਚ ਕੁਝ ਵਿਰਾਗ ਹੈ, ਕੁਝ ਨਿਹੋਰਾ ਤੇ ਕੁਝ ਸ਼ਿਕਵਾ ਹੈ ਕਿ ਉਨ੍ਹਾਂ ਦੇ ਸ਼ਹੁ ਨਿਆਣੇ ਸੰਭਾਲਣ ਤੋਂ ਨਿਸ਼ਚਿੰਤ ਹੋ ਕੇ ਉਨ੍ਹਾਂ ਨੂੰ ਇਕੱਲੀਆਂ ਛੱਡ ਕੇ ਚਲੇ ਗਏ ਹਨ। ਉਨ੍ਹਾਂ ਨੇ ਆਪਣੀ ਕਿਸਮਤ ਦਾ ਭਾਣਾ ਮੰਨ ਕੇ ਇਹ ਵੀ ਨਿਸ਼ਚਿਤ ਕਰ ਲਿਆ ਹੈ ਕਿ ਉਨ੍ਹਾਂ ਦਾ ਫਰਜ਼ ਬੱਚਿਆਂ ਨੂੰ ਪਾਲਣ ਦਾ ਹੈ ਅਤੇ ਰੱਬ ‘ਤੇ ਭਰੋਸਾ ਰੱਖਦੀਆਂ ਹਨ ਕਿ ਜੋਗੀ ਇੱਕ ਦਿਨ ਜੀਵਨ ਮਨੋਰਥ ਵਿਚ ਮੁੜ ਗ੍ਰਹਿਸਥ ਪਛਾਣਨਗੇ।
ਹੇਠਲੇ ਗੀਤ ਦੀ ਸ਼ੈਲੀ ਦੀ ਬਣਤਰ ਇੱਕ ਪੰਜਾਬੀ ਲੋਕ ਗੀਤ ‘ਮਿੱਟੀ ਦਾ ਬਾਵਾ’ ਦੇ ਨੇੜੇ ਹੈ। ਸੋਗ ਭਰੇ ਇਸ ਲੋਕ ਗੀਤ ਦੀ ਸ਼ੈਲੀ ਦੋ ਸਹੇਲੀਆਂ ਦੇ ਰਲ ਕੇ ਬਿਰਹਾ ਗਾਉਣ ਲਈ ਬਹੁਤ ਢੁਕਦੀ ਹੈ,
ਦੋ ਸਖੀਆਂ ਗਲ ਲੱਗ ਰੋਂਦੀਆਂ
ਦਿਲ ਡੂੰਘੇ ਦਰਦ ਵਡਾਉਂਦੀਆਂ
ਦਿਸੇ ਵਸ ਨਾ ਕੋਈ ਚਾਰਾ
ਸਾਡੇ ਪਿਰ ਪਰਦੇਸੀ ਉਠ ਗਏ
ਸਾਨੂੰ ਕਿਸ ਦਾ ਸਹਾਰਾ।

ਬੀਵੀ ਮਰਦਾਨੀ ਤੇ ਬੀਬੀ ਸੁਲੱਖਣੀ ਜੀ
ਰੋਜ਼ੇ ਰੱਖਣੀ, ਇੱਕ ਸੁੱਖਾਂ ਸੁੱਖਣੀ ਜੀ
ਦਿਲ ਦਰਦ ਵੰਡਾਵਣ
ਦੋਵੇਂ ਕੋਸਣ ਵੇਲਾ ਜੋ ਨਿਕਲਿਆ
ਮਿਲ ਬਿਰਹੜਾ ਗਾਵਣ।

ਕੀ ਕੱਤਕ ਕਰਮ ਕਮਾਇਆ ਏ
ਕੀ ਕੱਤਿਆ ਤੰਦੜੀ ਪਾਇਆ ਏ
ਤੰਦ ਬਣ ਗਏ ਬੱਤੀਆਂ
ਭਾਦੋਂ ਭਰਮਾਂ ‘ਚ ਭੁੱਲ ਗਈਆਂ
ਸਹੁ ਰੰਗ ਨਾ ਰੱਤੀਆਂ।

ਅਸਾਂ ਈਦਾਂ ਦੀਵਾਲੀ ਬਾਲੇ ਦੀਵੜੇ
ਥੱਕ ਬੁਝਣ ਚਿਰਾਗ ਹੰਝੂ ਪੀਵੜੇ
ਨਾ ਆਈ ਈਦ, ਦੀਵਾਲੀ
ਲੋਕੀਂ ਚਾੜ੍ਹਨ ਚੁੱਲੇ ਕੜਾਹੀਆਂ,
ਸਾਡਾ ਧੁਖਦਾ ਏ ਖਾਲੀ।

ਬੈਠੀਏ ਪੇਕੇ ਜੇ ਬਣ ਕੇ ਕੁਚੱਜੀਆਂ
ਸਹੁਰੇ ਘਰ ਨਾ ਸੱਧਰਾਂ ਰੱਜੀਆਂ
ਅਸੀਂ ਰਹੀਆਂ ਤਿਹਾਈਆਂ
ਨਾ ਢੋਈ ਪੇਕੇ ਨਾ ਸੁੱਖ ਸ਼ਹੁ ਦੇਵੇ
ਕੀ ਭੱਠ ਵਿਆਹੀਆਂ।

ਲੋਕਾਂ ਦੇ ਸਾਵਣ ਮੋਰੀਂ ਕੂਕਦੇ
ਸਾਡੇ ਸਾਵਣ ਬਾਗਾਂ ਨੂੰ ਫੂਕਦੇ
ਪਤਝੜ ਨਾ ਮੁੱਕਦੀ
ਤਨ ਤੱਤੜਾ ਤਪੇ ਤੰਦੂਰ ਤਰ੍ਹਾਂ
ਜਿੰਦ ਜਾਵੇ ਸੁੱਕਦੀ।

ਸਾਡੇ ਸ਼ਹੁ ਪਰਦੇਸਾਂ ‘ਚ ਅੱਪੜੇ
ਨਾ ਚੁੱਕਿਆ ਖਾਣ ਨੂੰ, ਨਾ ਕੋਈ ਕੱਪੜੇ
ਨਾ ਕੋਈ ਪੱਤਰ ਸੁਨੇਹੜੇ
ਲਾਈਆਂ ਤੀਰਥ ਮੱਕੇ ਉਨ੍ਹਾਂ ਰੌਣਕਾਂ
ਸਾਡੇ ਸੁੰਨੜੇ ਹਨ ਵਿਹੜੇ।

ਸਾਡੇ ਸਹੁ ਤੁਰੇ ਜੱਗ ਤਾਰਨ ਨੂੰ
ਮੋਹ ਡੁੱਬੀਆਂ ਰੂਹਾਂ ਉਧਾਰਨ ਨੂੰ
ਅਸੀਂ ਮੋਹ ਬੰਧ ਹੋਈਆਂ
ਉਨ੍ਹਾਂ ਹਾਂ ਲਿਖਿਆ ਗਾਇਆ ਬਿਰਹੜਾ
ਅਸੀਂ ਜਿਉਂ ਕੇ ਮੋਈਆਂ।

ਛੱਡ ਗ੍ਰਹਿਸਥ ਜੰਗਲੀ ਰਹਿੰਦੇ ਨੇ
ਮੁਕਤੀ ਜਿਥੋਂ ਮਿਲਦੀ ਕਹਿੰਦੇ ਨੇ
ਰਹਿ ਕੇ ਭੁੱਖੇ ਭਾਣੇ
ਅਸੀਂ ਵੀ ਭਗਵੇਂ ਪਾ ਟੁਰ ਜਾਂਦੀਆਂ
ਜੇ ਕੋਈ ਸਾਂਭਦਾ ਨਿਆਣੇ।

ਕਰ ਗਿਲਾ ਕਹੇ ਅੱਲਾ ਰੱਖੀ ਜੀ
ਰਹੇ ਦਾਣਿਓਂ ਭੁੱਖੀ ਮੇਰੀ ਚੱਕੀ ਜੀ
ਨਾ ਮਿਲੇ ਕਣਕ ਉਧਾਰੀ
ਮੰਗ ਚੌਧਰੀਆਂ ਤੋਂ ਦਿਨ ਕੱਟਦੀ
ਬਣ ਕੇ ਔਗੁਣਹਾਰੀ।

ਮੇਰਾ ਇੱਕੋ ਰਬਾਬੀ ਕਮਾਊ ਸੀ
ਖੌਰੇ ਮੁੜ ਕਦੋਂ ਘਰ ਆਊ ਜੀ
ਮੈਂ ਵੀ ਪਾਲਾਂ ਦੋ ਨਿਆਣੇ
ਮੁਥਾਜ਼ ਜਜਮਾਨੀ ਮੈਨੂੰ ਛੱਡ ਗਿਆ
ਨਾ ਕੋਈ ਖੇਤ ਨਾ ਦਾਣੇ।

ਸੁਲੱਖਣੀ ਕਹੇ ਮੈਂ ਹੋਈ ਕੁਲੱਖਣੀ ਕਿਉਂ?
ਮੇਰੀ ਜਿੰਦ ਬਣੀ ਅਹਿਲਾ ਸੱਖਣੀ ਕਿਉਂ?
ਮੈਂ ਵੀ ਪਿਰ ਨਾ ਪਾਇਆ
ਜਿੰਨੀ ਗੁਣੀ ਸ਼ਹੁ ਰੋਕ ਸਕਾਂ
ਮੈਨੂੰ ਗੁਣ ਨਾ ਆਇਆ।

ਲਖਮੀ, ਸ੍ਰੀਚੰਦ ਮੈਂ ਪੜ੍ਹਨੇ ਪਾਉਂਦੀ ਆਂ
ਰਾਤਾਂ ਲੰਮੀਆਂ ਬਾਤਾਂ ਮੈਂ ਸੁਣਾਉਂਦੀ ਆਂ
ਪੁੱਤ ਪਿਓ ਤੋਂ ਵਾਂਝੇ
ਇਹ ਗ੍ਰਹਿਸਥੀ ਦੀ ਪੰਡ ਭਾਰੀ ਹੈ
ਇਹ ਫਰਜ਼ ਸੀ ਸਾਂਝੇ।

ਪਿਰ ਦੀਆਂ ਪਾਲਾਂ ਦੋ ਨਿਸ਼ਾਨੀਆਂ
ਕਰਮਾਂ ਹਾਰੀ ਫਰਜ਼ ਨਿਭਾਨੀ ਆਂ
ਇਹੋ ਕਰਮ ਹੈ ਮੇਰਾ
ਮੇਰੇ ਪਿਰ ਨੂੰ ਪਿਰ ਉਚਾ ਮਿਲ ਜਾਵੇ
ਇੱਕੋ ਧਰਮ ਹੈ ਮੇਰਾ।

ਦੋ ਸਖੀਆਂ ਗਲ ਲੱਗ ਰੋਂਦੀਆਂ
ਦਿਲ ਡੂੰਘੇ ਦਰਦ ਵੰਡਾਉਂਦੀਆਂ
ਕਰ ਕੇ ਰੋਣਾ ਰੋਸਾ
ਮੁੜ ਜੋਗੀਆਂ ਗ੍ਰਹਿਸਥ ਪਛਾਣਨਾ
ਰੱਖਣ ਰੱਬ ‘ਤੇ ਭਰੋਸਾ।