ਜਸਵੰਤ ਸਿੰਘ ਕੰਵਲ ਦਾ ਅਜੋਕਾ ਹਾਲ-ਚਾਲ

ਪ੍ਰਿੰ. ਸਰਵਣ ਸਿੰਘ
ਦਸਾਂ ਮਹੀਨਿਆਂ ਵਿਚ ਜਸਵੰਤ ਸਿੰਘ ਕੰਵਲ ਦੀ ਸਿਹਤ ਕਾਫੀ ਮਾਂਦੀ ਪੈ ਗਈ ਹੈ। ਵਜ਼ਨ ਘਟ ਗਿਆ ਹੈ। ਸੁਣਨਾ ਤੇ ਬੋਲਣਾ ਕਰੀਬ ਬੰਦ ਹੈ। ਹਾਲਤ ਗੁੰਗਾ ਤੇ ਬੋਲਾ ਹੋ ਜਾਣ ਜਿਹੀ ਹੈ, ਪਰ ਸੁਰਤ ਕੁਝ ਕਾਇਮ ਹੈ। ਅੱਖਰ ਪੜ੍ਹ ਲੈਂਦਾ ਹੈ। ਕਰੀਬ 4-5 ਮਹੀਨਿਆਂ ਤੋਂ ਆਪ ਮੰਗ ਕੇ ਕੁਝ ਨਹੀਂ ਖਾਂਦਾ-ਪੀਂਦਾ। ਉਸ ਦਾ ਸਪੁੱਤਰ ਸਰਬਜੀਤ ਸਿੰਘ, ਨੂੰਹ ਗੁਰਪ੍ਰੀਤ ਕੌਰ ਤੇ ਘਰ ਦੇ ਹੋਰ ਜੀਅ ਹਰ ਵੇਲੇ ਉਹਦੀ ਸੇਵਾ ਸੰਭਾਲ ਵਿਚ ਲੱਗੇ ਹੋਏ ਹਨ। ਏਨੀ ਚੰਗੀ ਸਾਂਭ ਸੰਭਾਲ ਕਿਸੇ ਕਰਮਾਂ ਵਾਲੇ ਬਜੁਰਗ ਦੀ ਹੀ ਹੁੰਦੀ ਹੈ।

27 ਜੂਨ 2019 ਨੂੰ ਜਦੋਂ ਕੰਵਲ ਸੌ ਸਾਲਾਂ ਦਾ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਇਲਾਜ ਲਈ ਪੰਜ ਲੱਖ ਰੁਪਏ ਦਾ ਚੈਕ ਭੇਜਿਆ ਸੀ, ਜੋ ਪਰਿਵਾਰ ਨੇ ਧੰਨਵਾਦ ਕਰਦਿਆਂ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਉਨ੍ਹਾਂ ਦੇ ਬਾਪੂ ਜੀ ਬਿਮਾਰ ਨਹੀਂ, ਬੁਢਾਪੇ ਕਾਰਨ ਕਮਜੋਰ ਹੋ ਰਹੇ ਹਨ ਅਤੇ ਅਸੀਂ ਸੇਵਾ ਸੰਭਾਲ ਕਰਨ ਦੇ ਯੋਗ ਹਾਂ। ਇਹ ਪੈਸੇ ਕਿਸੇ ਲੋੜਵੰਦ ਪੰਜਾਬੀ ਲੇਖਕ ਨੂੰ ਦੇ ਦਿੱਤੇ ਜਾਣ ਜਾਂ ਪੰਜਾਬੀ ਭਾਸ਼ਾ ਦੇ ਲੇਖੇ ਲਾ ਦਿੱਤੇ ਜਾਣ। ਸਾਨੂੰ ਬਾਪੂ ਜੀ ਨੇ ਪਾਲਿਆ ਹੈ ਤੇ ਬੁਢਾਪੇ ‘ਚ ਉਨ੍ਹਾਂ ਦੀ ਸੇਵਾ ਕਰਨੀ ਸਾਡਾ ਫਰਜ਼ ਹੈ।
8 ਨਵੰਬਰ 2019 ਨੂੰ ਕੈਨੇਡਾ ਤੋਂ ਪਿੰਡ ਪਹੁੰਚਣ ਸਾਰ ਮੈਂ ਸਿੱਧਾ ਕੰਵਲ ਕੋਲ ਗਿਆ। ਸਰਬਜੀਤ ਨੇ ਬਾਪ ਨੂੰ ਨੁਹਾ-ਧੁਆ ਕੇ ਨਵੇਂ ਕੱਪੜੇ ਪਾ ਕੇ ਤੇ ਪੱਗ ਬੰਨ੍ਹ ਕੇ ਬਿਸਤਰੇ ‘ਤੇ ਪਾਇਆ ਹੋਇਆ ਸੀ। ਉਸ ਦੀਆਂ ਅੱਖਾਂ ਅਧਮੀਟੀਆਂ ਸਨ। ਅੱਖਾਂ ਪੁੱਟੀਆਂ ਤਾਂ ਉਸ ਨੇ ਟਿਕਟਿਕੀ ਲਾ ਕੇ ਮੇਰੇ ਵੱਲ ਵੇਖਿਆ। ਮੈਂ ਤਪਾਕ ਨਾਲ ਹੱਥ ਫੜੇ ਅਤੇ ਸਰਬਜੀਤ ਨੇ ਸਹਾਰੇ ਨਾਲ ਕੁਰਸੀ ‘ਤੇ ਬਿਠਾਇਆ। ਫਿਰ ਮੈਂ ਆਪਣੀ ਕਿਤਾਬ ਉਹਦੀਆਂ ਅੱਖਾਂ ਅੱਗੇ ਕੀਤੀ ਤਾਂ ਕਿ ਮੇਰਾ ਨਾਂ ਪੜ੍ਹ ਕੇ ਮੈਨੂੰ ਪਛਾਣ ਲਵੇ। ਉਸ ਨੇ ਮੈਨੂੰ ਸਿਆਣ ਤਾਂ ਲਿਆ, ਪਰ ਬੋਲ ਨਾ ਸਕਿਆ। ਅੱਖਾਂ ਵਿਚ ਕੁਝ ਖੁਸ਼ੀ ਦਿਸੀ ਤੇ ਰਤਾ ਕੁ ਤਰਾਵਟ ਵੀ। ਬੀਬੀ ਗੁਰਪ੍ਰੀਤ ਕੌਰ ਚਾਹ ਲੈ ਕੇ ਆਈ ਤਾਂ ਕੰਵਲ ਨੇ ਵੀ ਚਾਹ ਮੰਗ ਲਈ। ਉਹ ਹੈਰਾਨ ਹੋਈ ਕਿ ਬਾਪੂ ਜੀ ਨੇ 4-5 ਮਹੀਨਿਆਂ ਬਾਅਦ ਪਹਿਲੀ ਵਾਰ ਚਾਹ ਮੰਗੀ ਹੈ! ਮੇਰੇ ਨਾਲ ਉਸ ਨੇ ਚਾਹ ਦਾ ਅੱਧਾ ਕੁ ਕੱਪ ਪੀ ਵੀ ਲਿਆ। ਪੰਜ ਮਹੀਨਿਆਂ ਤੋਂ ਉਹ ਬਾਹਰਲੀ ਕੋਠੀ ਵਿਚ ਹੀ ਹੈ ਅਤੇ ਅੰਦਰਲੇ ਘਰ ਵੀਲ੍ਹ ਚੇਅਰ ਉਤੇ ਇਕ ਵਾਰ ਹੀ ਜਾ ਸਕਿਆ ਹੈ। ਖੈਰ-ਸੁੱਖ ਪੁੱਛਣ ਵਾਲੇ ਬਾਹਰਲੀ ਕੋਠੀ ਹੀ ਆ ਕੇ ਮਿਲਦੇ ਹਨ, ਜਿਥੇ ਘਰ ਦਾ ਕੋਈ ਨਾ ਕੋਈ ਜੀਅ ਹਾਜ਼ਰ ਹੁੰਦਾ ਹੈ।
ਕੰਵਲ ਨੇ ਅੱਸੀ ਸਾਲਾਂ ਤੋਂ ਲਿਖਦੇ ਰਹਿਣ ਤੇ ਸੌ ਸਾਲਾਂ ਤੋਂ ਵੱਧ ਜੀਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਵਾਕ ਸਿੱਧੇ ਦਿਲਾਂ ‘ਤੇ ਵਾਰ ਕਰਦੇ ਰਹੇ। ਉਸ ਨੇ ਹਜ਼ਾਰਾਂ ਸੰਵਾਦ ਰਚੇ, ਜੋ ਨੌਜੁਆਨਾਂ ਦੀਆਂ ਡਾਇਰੀਆਂ ਉਤੇ ਚੜ੍ਹਦੇ ਰਹੇ। ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਮੇਰੇ ਵੱਲੋਂ ਉਹਦੇ ਸ਼ਤਾਬਦੀ ਜਨਮ ਦਿਵਸ ਉਤੇ ਤੁੱਛ ਜਿਹੀ ਭੇਟਾ ਸੀ, ਜਿਸ ਦੀ ਪਹਿਲੀ ਐਡੀਸ਼ਨ ਚਹੁੰ ਮਹੀਨਿਆਂ ‘ਚ ਮੁੱਕ ਚੁਕੀ ਹੈ।
ਪੁਸਤਕ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ। ਚੜ੍ਹਦੀ ਜਵਾਨੀ ਵਿਚ ਉਹ ਕਬੱਡੀ ਤੇ ਵਾਲੀਬਾਲ ਖੇਡਦਾ, ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸਵਾਦ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ। ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ ਪੰਥ ਤੇ ਪੰਜਾਬ ਪੰਜਾਬ ਕੂਕਣ ਲੱਗ ਪਿਆ। ਅਖੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੂਰਨ ਲੱਗ ਪਿਆ।
ਮਾਰਚ 2019 ਵਿਚ ਕੈਨੇਡਾ ਮੁੜਨ ਵੇਲੇ ਮੈਂ ਉਸ ਨੂੰ ਜਾਂਦੀ ਵਾਰ ਮਿਲਣ ਗਿਆ ਤਾਂ ਉਹ ਇਹੋ ਸ਼ਿਅਰ ਦੁਹਰਾਈ ਗਿਆ ਸੀ:
ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ,
ਤੁਮ ਜੋ ਆਏ ਤੋ ਮੰਜ਼ਿਲੇਂ ਲਾਏ…।
ਰਾਤ ਮੈਂ ਉਹਦੇ ਕੋਲ ਰਿਹਾ। ਸਵੇਰੇ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇਕ ਕਾਗਜ਼ ਮੇਜ ਤੋਂ ਚੁੱਕ ਲਿਆ, ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਮੈਂ ਤਹਿ ਕਰ ਕੇ ਬਟੂਏ ‘ਚ ਪਾ ਲਿਆ। ਉਸ ਉਤੇ ਲਿਖੀ ਪਹਿਲੀ ਸਤਰ ਸੀ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਸੀ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਸੀ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਸਨ, ਜਿਨ੍ਹਾਂ ਦਾ ਇਕ ਦੂਜੀ ਨਾਲ ਕੋਈ ਤਾਲ ਮੇਲ ਨਹੀਂ ਸੀ।
ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਸ ਦੀ ਹੀਰ, ਸੂਫੀ ਕਵਿਤਾ ਤੇ ਲੋਕ ਗੀਤਾਂ ਤੋਂ ਮਿਲੀ ਸੀ। ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਆਦਿ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ ਦਸਵੀਂ ‘ਚ ਅੜ ਗਿਆ ਸੀ, ਪਰ ਲਿਖਣ ‘ਚ ਏਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਦਮੀ ਤੇ ਭਾਰਤੀ ਸਾਹਿਤ ਅਕਾਦਮੀ ਨੇ ਵੀ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਦਮੀ, ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ।
ਉਸ ਨੇ ਢੁੱਡੀਕੇ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦਾ ਮੋਹਰੀ ਸੀ। ਪੰਜਾਬੀ ਨੂੰ ਦੇਵਨਾਗਰੀ ਲਿਪੀ ਵਿਚ ਲਿਖਣ ਅਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ‘ਚ ਖਚਿਤ ਹੋਣ ਤੋਂ ਬਚਾਇਆ। ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟਰਸਟ ਢੁੱਡੀਕੇ ਤਾਂ ਹੈ ਹੀ ਉਹਦਾ, ਜਿਸ ਨੇ ਸੌ ਕੁ ਲੇਖਕਾਂ ਨੂੰ ਅਵਾਰਡ ਦਿੱਤੇ ਹਨ। ਉਹ ਹੋਰ ਵੀ ਬਹੁਤ ਕੁਝ ਹੈ, ਜਿਸ ਦਾ ਵਿਸਥਾਰ ਪੀਪਲਜ਼ ਫੋਰਮ, ਬਰਗਾੜੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਵਿਚੋਂ ਪੜ੍ਹਿਆ ਜਾ ਸਕਦੈ।