ਲੋਕਤੰਤਰ ਦੀ ਨ੍ਰਿਤ ਕਲਾ

ਗੁਲਜ਼ਾਰ ਸਿੰਘ ਸੰਧੂ
ਉਂਜ ਤਾਂ ਲੋਕਤੰਤਰ ਹਰ ਪੱਖੋਂ ਲੋਕ ਨਾਚ ਹੀ ਹੁੰਦਾ ਹੈ, ਪਰ ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਜੋ ਕੁਝ ਹੋ ਰਿਹਾ ਹੈ, ਇਸ ਨੇ ਸਮੁੱਚੇ ਸੰਸਾਰ ਵਿਚ ਵਸਦੇ ਭਾਰਤੀਆਂ ਦਾ ਧਿਆਨ ਖਿੱਚਿਆ ਹੋਇਆ ਹੈ। ਕਿਸੇ ਇੱਕ ਪਾਰਟੀ ਨੂੰ ਬਹੁਮੱਤ ਨਾ ਮਿਲਣ ਕਾਰਨ ਰਾਜ ਸਰਕਾਰ ਦੇ ਗਠਨ ਵਿਚ ਆਈ ਖੜੋਤ ਕਾਰਨ ਰਾਸ਼ਟਰਪਤੀ ਰਾਜ ਲਾਗੂ ਹੋ ਚੁਕਾ ਹੈ। ਇਸ ਫੈਸਲੇ ਨੇ ਦੇਸ਼ ਭਰ ਦੇ ਸਿਆਸੀ ਆਗੂਆਂ ਨੂੰ ਹੀ ਨਹੀਂ, ਮੀਡੀਏ ਨੂੰ ਵੀ ਹੈਰਾਨ ਕਰ ਛੱਡਿਆ ਹੈ।

ਜਦੋਂ 288 ਵਿਚੋਂ ਕ੍ਰਮਵਾਰ 105 ਤੇ 56 ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦਾ ਮੱਤਭੇਦ ਕਿਸੇ ਤਣ ਪੱਤਣ ਨਾ ਲੱਗਾ ਤਾਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ, ਜਿਸ ਦੇ ਉਹ ਸਮਰੱਥ ਨਾ ਹੋ ਸਕੀ। ਫੇਰ ਸ਼ਿਵ ਸੈਨਾ, ਕਾਂਗਰਸ ਤੇ ਨੈਸ਼ਨਲ ਕਾਂਗਰਸ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ ਲਈ ਏਨਾ ਥੋੜ੍ਹਾ ਸਮਾਂ ਦਿੱਤਾ ਗਿਆ ਕਿ ਸ਼ਰਦ ਪਵਾਰ ਤੱਕ ਪਹੁੰਚ ਕਰਨ ਵਾਲੇ ਕਾਂਗਰਸ ਪ੍ਰਤੀਨਿਧ ਵੇਨੂਗੋਪਾਲ, ਅਹਿਮਦ ਪਟੇਲ ਤੇ ਮਲਕਾ ਰੰਜਨ ਖੜਗੇ ਦੇ ਖੰਭ ਕੁਤਰ ਕੇ ਰਾਜਪਾਲ ਭਗਤ ਸਿੰਘ ਹੋਸ਼ਿਆਰੀ ਨੇ ਪੂਰੀ ਹੋਸ਼ਿਆਰੀ ਦਿਖਾਉਂਦਿਆਂ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਭੇਜ ਦਿੱਤੀ।
ਉਧਰ ਨਰਿੰਦਰ ਮੋਦੀ ਸਰਕਾਰ ਨੇ ਤੱਤਭੜੱਥੀ ਵਿਚ ਕੈਬਨਿਟ ਮੀਟਿੰਗ ਬੁਲਾ ਕੇ ਪ੍ਰਵਾਨ ਕਰਦਿਆਂ ਫੋਰਾ ਨਾ ਲਾਇਆ। ਨਿਸਚੇ ਹੀ ਕਈ ਪਾਰਟੀਆਂ ਦਾ ਗਠਜੋੜ ਕਰਨ ਵਾਸਤੇ ਸਾਂਝਾ ਪ੍ਰੋਗਰਾਮ ਉਲੀਕਣ ਤੇ ਮਿਲ ਬੈਠਣ ਦੀ ਸਥਿਤੀ ਕਾਇਮ ਕਰਨ ਲਈ ਸਮਾਂ ਚਾਹੀਦਾ ਸੀ, ਜਿਸ ਵਲ ਰਾਜਪਾਲ ਤਾਂ ਕੀ, ਕੇਂਦਰ ਸਰਕਾਰ ਨੇ ਵੀ ਉਕਾ ਧਿਆਨ ਨਾ ਦਿੱਤਾ।
ਨਿਸਚੇ ਹੀ ਕੇਂਦਰ ਦੇ ਫੈਸਲੇ ਨੇ ਕਿੰਤੂ-ਪ੍ਰੰਤੂ ਨੂੰ ਜਨਮ ਦੇਣਾ ਸੀ। ਹੁਣ ਸਿਆਸੀ ਮਾਹਿਰ ਸੰਵਿਧਾਨ ਦੀ ਧਾਰਾ 356 ਵਿਚ ਘੁਣਤਰਾਂ ਕੱਢ ਰਹੇ ਹਨ। ਉਹ ਭੁੱਲ ਗਏ ਹਨ ਕਿ ਇਹ ਫੈਸਲਾ ਉਸ ਹੀ ਸਰਕਾਰ ਨੇ ਕੀਤਾ ਹੈ, ਜਿਸ ਨੇ ਚੁਣੀ ਹੋਈ ਸਰਕਾਰ ਦੀ ਅਣਹੋਂਦ ਵਿਚ ਜੰਮੂ ਕਸ਼ਮੀਰ ਵਿਚ ਧਾਰਾ 370 ਦੀ ਖੇਡ ਖੇਡੀ ਸੀ। ਸ਼ਿਵ ਸੈਨਾ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ, ਜਿਸ ਦਾ ਫੈਸਲਾ ਛੇਤੀ ਆਉਣ ਦੀ ਕੋਈ ਉਮੀਦ ਨਹੀਂ।
ਸਥਿਤੀ ਏਨੀ ਹਾਸੋਹੀਣੀ ਬਣ ਗਈ ਹੈ ਕਿ ਮੀਡੀਆ ਪੂਰੀ ਤਰ੍ਹਾਂ ਚੌਕਸ ਹੋ ਚੁਕਾ ਹੈ। ਜਾਪਦਾ ਹੈ, ਰਾਜਪਾਲ ਨੇ ਸਮਾਚਾਰ ਪੱਤਰਾਂ ਦੀ ਟਿੱਪਣੀ ਨਹੀਂ ਪੜ੍ਹੀ, ਸਿਰਫ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਨੂੰ ਮੁੱਖ ਰੱਖਦਿਆਂ ਆਪਣੀ ਸਿਫਾਰਸ਼ ਭੇਜਣ ਦੀ ਹੋਸ਼ਿਆਰੀ ਦਿਖਾਈ ਹੈ। ਲੋਕ ਰਾਜ ਮੰਗ ਕਰਦਾ ਹੈ ਕਿ ਜਨਤਾ ਦੀ ਵੋਟ ਵਲ ਧਿਆਨ ਦਿੱਤਾ ਜਾਵੇ ਤੇ ਰਾਜ ਸਰਕਾਰਾਂ ਲਈ ਅਜਿਹੀ ਸਥਿਤੀ ਨਾ ਪੈਦਾ ਕੀਤੀ ਜਾਵੇ ਕਿ ਵਿਧਾਨ ਸਭਾ ਭੰਗ ਕਰਨੀ ਪਵੇ। ਜੇ ਆਪਾਂ ਆਪਣੀ ਜ਼ਮੀਰ ਦੀ ਨਹੀਂ ਸੁਣਨੀ, ਮੀਡੀਏ ਦੀ ਹੀ ਸੁਣੀਏ।
550ਵੇਂ ਪ੍ਰਕਾਸ਼ ਪੁਰਬ ਦਾ ਲਿਖਤੀ ਸੰਦੇਸ਼: ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੀ ਇੱਕ ਦੇਣ ਉਹ ਵਡਮੁੱਲੀਆਂ ਪੁਸਤਕਾਂ ਹਨ, ਜੋ ਗੁਰੂ ਸਾਹਿਬ ਦੀ ਜੀਵਨ ਦ੍ਰਿਸ਼ਟੀ ਨੂੰ ਨਿਖਾਰ ਕੇ ਪੇਸ਼ ਕਰਦੀਆਂ ਹਨ। ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਨੇ ‘ਸੁਇਨੇ ਕਾ ਬਿਰਖ’ ਨਾਂ ਦੀ ਸੁਚਿੱਤਰ ਤੇ ਵਡ-ਆਕਾਰੀ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦੀ ਜੀਵਨੀ ਤੇ ਬਾਣੀ ਦਾ ਉਦੇਸ਼ ਦਰਸਾ ਕੇ ਉਨ੍ਹਾਂ ਦੀ ਸਮੁੱਚੀ ਜੀਵਨ ਦ੍ਰਿਸ਼ਟੀ ‘ਤੇ ਚਾਨਣਾ ਪਾਇਆ ਹੈ। ਪੁਸਤਕ ਦੇ ਪੰਜ ਭਾਗ (1) ਪਾਵਨ ਪ੍ਰਕਾਸ਼, (2) ਭਾਗਾਂ ਵਾਲੀ ਧਰਤੀ (3) ਪਤ ਪਰਵਾਲਾ, (4) ਨਾਦ ਅਨੇਕ ਅਸੰਖਾ ਤੇ (5) ਪ੍ਰਗਟ ਭਈ ਸਗਲੇ ਜੁਗ ਅੰਤਰਿ ਵਿਚ ਉਨ੍ਹਾਂ ਦੇ ਜੀਵਨ, ਜਨਮ-ਸਾਖੀਆਂ, ਬਾਣੀ ਦੀਆਂ ਚੋਣਵੀਆਂ ਤੁਕਾਂ ਦਾ ਸਾਰ ਦੇਣ ਤੋਂ ਬਿਨਾ ਉਘੇ ਵਿਦਵਾਨਾਂ, ਇਤਿਹਾਸਕਾਰਾਂ ਤੇ ਕਵੀਆਂ ਵਲੋਂ ਲਿਖੇ ਗਏ ਭਾਵਾਂ ਤੇ ਵਿਚਾਰਾਂ ਨੂੰ ਸਲੀਕੇ ਨਾਲ ਪੇਸ਼ ਕੀਤਾ ਗਿਆ ਹੈ।
ਖੂਬੀ ਇਹ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਪੰਜਾਬੀ ਭਾਸ਼ਾ ਤੋਂ ਅਣਜਾਣ ਨਾਨਕ ਪ੍ਰੇਮੀਆਂ ਤੱਕ ਪਹੁੰਚਦੀ ਕਰਨ ਲਈ ਸਾਰੀ ਦੀ ਸਾਰੀ ਸਮੱਗਰੀ ਦਾ ਵਧੀਆ ਤੇ ਢੁਕਵੀਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਵੀ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਦਵਾਨਾਂ ਵਿਚ ਪਰਲ ਐਸ ਬੱਕ, ਆਰਨੈਲਡ ਟੋਇਨਬੀ, ਰਾਬਿੰਦਰ ਨਾਥ ਟੈਗੋਰ, ਮੁਲਕ ਰਾਜ ਆਨੰਦ, ਮੁਹੰਮਦ ਇਕਬਾਲ, ਡਾ. ਰਾਧਾ ਕ੍ਰਿਸ਼ਨਨ, ਭਾਈ ਵੀਰ ਸਿੰਘ, ਧਨੀਰਾਮ ਚਾਤ੍ਰਿਕ, ਭਾਈ ਜੋਧ ਸਿੰਘ, ਓਸ਼ੋ, ਖੁਸ਼ਵੰਤ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ. ਪੂਰਨ ਸਿੰਘ, ਨਜ਼ੀਰ ਅਕਬਰਾਬਾਦੀ ਵਰਗੇ ਚਿੰਤਕ ਤੇ ਦਾਰਸ਼ਨਿਕ ਸ਼ਾਮਲ ਹਨ। ਇਸ ਅਦੁਤੀ ਰਚਨਾ ਦਾ ਸੰਪਾਦਕ ਉਘਾ ਤੇ ਹਰਮਨ ਪਿਆਰਾ ਕਵੀ ਸੁਰਜੀਤ ਪਾਤਰ ਹੈ।
ਇਸੇ ਤਰ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਪਟਿਆਲਾ ਨੇ ‘ਗੁਰੂ ਨਾਨਕ: ਪਰੰਪਰਾ ਤੇ ਦਰਸ਼ਨ’ ਨਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਭਾਈ ਗੁਰਦਾਸ, ਬਾਬਾ ਸਰੂਪਚੰਦ, ਭਾਈ ਬਹਿਲੋ ਜੀ, ਸ਼ਰਧਾ ਰਾਮ ਫਿਲੌਰੀ, ਕ. ਜ਼ ਅਸ਼ਰਾਫੀਅਨ, ਹਰਜੀਤ ਸਿੰਘ ਗਿੱਲ, ਜੇ. ਪੀ. ਸਿੰਘ ਓਬਰਾਏ, ਹਾਰੂਨ ਖਾਲਿਦ, ਰੂਡਲਫ ਬਾਵੇਰ, ਐਨ. ਮੁਥੂ ਮੋਹਨ, ਪਸ਼ੌਰਾ ਸਿੰਘ, ਆਦਿ ਦੇ ਮੌਲਿਕ ਪੰਜਾਬੀ ਤੇ ਅੰਗਰੇਜ਼ੀ ਵਿਚ ਲਿਖੇ ਲੇਖ ਸ਼ਾਮਲ ਹਨ। ਇਸ ਰਚਨਾ ਦੀ ਵਡਿਆਈ ਇਸ ਦੇ ਚਿੱਤਰ ਹਨ। ਇਹ ਪੰਜ ਦਰਜਨ ਤੋਂ ਵੱਧ ਚਿੱਤਰ ਚਿਤਰਨ ਵਾਲਿਆਂ ਦੀ ਸੋਚ ਤੇ ਕਿਆਸਅਰਾਈ ਦਾ ਦਮ ਭਰਦੇ ਹਨ। ਹਰ ਕਲਾਕਾਰਾਂ ਨੇ ਗੁਰੂ ਸਾਹਿਬ ਦਾ ਰੂਪ ਤੇ ਸਰੂਪ ਏਨਾ ਅਲੌਕਿਕ ਚਿਤਰਿਆ ਹੈ ਕਿ ਵੇਖਣ ਵਾਲਾ ਆਪਣੇ ਆਪ ਨੂੰ ਅਗੰਮੀ ਦੁਨੀਆਂ ਵਿਚ ਵਿਚਰਦਾ ਅਨੁਭਵ ਕਰਦਾ ਹੈ। ਇਹ ਰਚਨਾ ਸਾਂਭਣ ਯੋਗ ਹੈ।
ਤੀਜੀ ਪੁਸਤਕ ਡਾ. ਨਰੇਸ਼ ਕੁਮਾਰ ਨੇ ਤਿਆਰ ਕੀਤੀ ਹੈ। ਗੁਰੂ ਨਾਨਕ ਬਾਣੀ ਤੇ ਪੰਜਾਬੀ ਚਿੰਤਨ। ਇਸ ਰਚਨਾ ਦੇ ਚਿੰਤਕ ਮੌਲਾ ਬਖਸ਼ ਕੁਸ਼ਤ, ਪ੍ਰਿੰਸੀਪਲ ਤੇਜਾ ਸਿੰਘ, ਨਜ਼ਮ ਹੁਸੈਨ ਸਯੱਦ, ਭਾਈ ਜੋਧ ਸਿੰਘ, ਅਮਰਜੀਤ ਸਿੰਘ ਗਰੇਵਾਲ, ਅਵਤਾਰ ਸਿੰਘ, ਡਾ. ਮਿਨੀ ਸਲਵਾਨ, ਡਾ. ਹੀਰਾ ਸਿੰਘ, ਗੁਰਭਜਨ ਗਿੱਲ ਵਰਗੇ ਨਾਮ ਲੇਵਾ ਹਨ।
ਅੰਤਿਕਾ: ਮੁਹੰਮਦ ਇਕਬਾਲ ਦਾ ਨਾਨਕ
ਕੌਮ ਨੇ ਪੈਗਾਮ ਦੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ
ਕਦਰ ਪਹਿਚਾਨੀ ਨਾ ਅਪਨੇ ਗੌਹਰ-ਏ-ਯਕ-ਦਾਨ ਕੀ।
ਬੁੱਤਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੌਸ਼ਨ ਹੂਆ
ਨੂਰ ਏ ਇਬਰਾਹੀਮ ਸੇ ਆਜ਼ਰ ਕਾ ਘਰ ਰੌਸ਼ਨ ਹੂਆ।
ਫਿਰ ਉਠੀ ਤੌਹੀਦ ਕੀ ਸਦਾ ਇਸ ਪੰਜਾਬ ਸੇ
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ੍ਵਾਬ ਸੇ।