ਰਵਿੰਦਰ ਸਿੰਘ ਸਹਿਰਾਅ, ਪੈਨਸਿਲਵੇਨੀਆ
ਫੋਨ: 717-575-7529
ਪਿਛਲੇ ਕਈ ਮਹੀਨਿਆਂ ਤੋਂ ਬਾਬਾ ਨਾਨਕ ਦੇ 550ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮਾਂ ਲਈ ਤਿਆਰੀਆਂ ਬੜੇ ਹੰਗਾਮੀ ਪੱਧਰ ‘ਤੇ ਚੱਲੀਆਂ। ਸਿਆਸਤ ਵੀ ਉਸੇ ਪੱਧਰ ‘ਤੇ ਕੀਤੀ ਗਈ। ਕਦੀ-ਕਦੀ ਤਾਂ ਇਹ ਇਸ ਕਦਰ ਛੜੱਪੇ ਮਾਰਦੀ ਸੀ ਕਿ ਇੰਜ ਲੱਗਣ ਲੱਗਦਾ ਸੀ ਜਿਵੇਂ ਇਹ ਸਾਰੇ ਬਾਬੇ ਨਾਨਕ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਜਸ਼ਨਾਂ ਦੀ ਥਾਲੀ ਵਿਚ ਰੱਖ ਕੇ ਲੋਕਾਂ ਅੱਗੇ ਪਰੋਸ ਰਹੇ ਹੋਣ। ਨੌਂ ਨਵੰਬਰ ਨੂੰ ਲਾਂਘਾਂ ਖੁਲ੍ਹਣ ਵਾਲੇ ਦਿਨ ਕਰਤਾਰਪੁਰ (ਪਾਕਿਸਤਾਨ) ਵਿਚ ਹੋਏ ਵੱਡੇ ਸਮਾਗਮ ਵਿਚ ਲੀਡਰਾਂ ਦੀ ਇਸ ਕੁੱਕੜ-ਖੋਹ ਦਾ ਭੋਗ ਪੈ ਗਿਆ।
ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀਆਂ ਟੁੱਟੀਆਂ ਸੜਕਾਂ ਦਾ ਮਸਲਾ ਉਠਾ ਕੇ ਆਪਣੀ ਸਿਆਣਪ ਦਾ ਭਾਂਡਾ ਲਾਂਘੇ ਦੇ ਗੇਟਾਂ ‘ਤੇ ਭੰਨ ਦਿੱਤਾ। ਮੋਦੀ-ਬਾਦਲਾਂ ਦੀ ਬੇ-ਮੌਸਮੀ ਜੋੜੀ ਵੀ ਨਾਕਾਮ ਰਹੀ। ਨਵਜੋਤ ਸਿੱਧੂ ਫਿਰ ਬੱਲੇ-ਬੱਲੇ ਕਰਾ ਗਿਆ। ਦੱਸਦੇ ਨੇ ਕਿ ਲਾਂਘੇ ‘ਤੇ ਲੱਗੇ ਪੱਥਰਾਂ ‘ਤੇ ਪਹਿਲਾਂ ਹਿੰਦੀ ਅਤੇ ਫਿਰ ਅੰਗਰੇਜ਼ੀ ਵਿਚ ਲਿਖਿਆ ਗਿਆ। ਬਾਬੇ ਨਾਨਕ ਦੀ ਬੋਲੀ ਇਨ੍ਹਾਂ ਨੇ ਕਿਸੇ ਸੋਚੀ ਸਮਝੀ ਸਾਜ਼ਿਸ਼ ਅਧੀਨ ਫਿਰ ਪਤਾਲਾਂ ਵਿਚ ਗਾਇਬ ਕਰ ਦਿੱਤੀ।
ਖੈਰ! ਅਸੀਂ ਗੱਲ ਕਰ ਰਹੇ ਸੀ ਭਾਈ ਮਰਦਾਨੇ ਦੀ। ਬੜੀ ਦੇਰ ਪਹਿਲਾਂ ਡਾ. ਹਰਿਭਜਨ ਸਿੰਘ ਨੇ ਲਿਖਿਆ ਸੀ,
ਅੱਜ ਸੰਗਤ ਵਿਚ ਮਰਦਾਨਾ ਨਹੀਂ ਆਇਆ
ਬਾਬਾ ਨਾਨਕ ਇਕੱਲਾ ਰਹਿ ਗਿਆ ਹੈ।
ਕਿਸੇ ਵੀ ਲੀਡਰ ਨੇ ਭਾਈ ਮਰਦਾਨੇ ਦਾ ਨਾਂ ਤੱਕ ਨਹੀਂ ਲਿਆ, ਜਿਸ ਨੇ ਕੋਈ 50 ਸਾਲ (ਵੱਖ-ਵੱਖ ਲੇਖਕ ਵੱਖ-ਵੱਖ ਸਮਾਂ ਦੱਸਦੇ ਹਨ) ਬਾਬੇ ਨਾਨਕ ਨਾਲ ਦਿਨ-ਰਾਤ ਗੁਜ਼ਾਰੇ ਹੋਣ, ਉਸ ਦੇ ਜ਼ਿਕਰ ਤੋਂ ਬਿਨਾ 550ਵਾਂ ਜਨਮ ਦਿਨ ਕਿਵੇਂ ਮਨਾਇਆ ਜਾ ਸਕਦਾ ਹੈ? ਦੱਸਦੇ ਨੇ ਕਿ ਭਾਈ ਮਰਦਾਨਾ ਬਾਬੇ ਨਾਨਕ ਤੋਂ ਕੋਈ ਗਿਆਰਾਂ ਸਾਲ ਵੱਡੇ ਸਨ ਤੇ ਸੁਆਸ ਵੀ ਉਨ੍ਹਾਂ ਦੀ ਹਾਜ਼ਰੀ ਵਿਚ ਛੱਡੇ। ਉਦੋਂ ਵੀ ਬਾਬਾ ਨਾਨਕ ਇਕੱਲਾ ਰਹਿ ਗਿਆ ਸੀ ਤੇ ਅੱਜ ਸਾਡੇ ਲੀਡਰਾਂ ਨੇ ਫਿਰ ਬਾਬੇ ਨਾਨਕ ਨੂੰ ਇਕੱਲਿਆਂ ਕਰ ਦਿੱਤਾ ਹੈ। ਇਨ੍ਹਾਂ ਸਾਰੇ ਜਸ਼ਨਾਂ ਵਿਚ ਭਾਈ ਮਰਦਾਨਾ ਗੈਰਹਾਜ਼ਰ ਸਨ। ਲਾਂਘਾ ਖੁਲ੍ਹਵਾਉਣ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਦੀ ਕਾਹਲ ਵਿਚ ਬਾਬੇ ਨਾਨਕ ਦਾ ਸੰਗੀ ਜਸ਼ਨਾਂ ਦੀ ਧੂੜ ਵਿਚ ਗੁਆ ਦਿੱਤਾ।
12 ਨਵੰਬਰ ਨੂੰ ਬਾਬੇ ਨਾਨਕ ਦਾ ਜਨਮ ਦਿਨ ਸੀ। ਅਸੀਂ ਵੀ ਪੈਨਸਿਲਵੇਨੀਆ ਦੇ ਬਿਲਿਊਮਾਂਟੇਨ ਗੁਰੂ ਘਰ ਵਿਚ ਸ਼ਾਮ ਦੇ ਦੀਵਾਨ ਵਿਚ ਗਏ। ਇਕ ਬੱਚੇ ਨੇ ‘ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ’ ਸ਼ਬਦ ਦਾ ਗਾਇਨ ਕੀਤਾ। ਮੈਂ ਭਾਈ ਮਰਦਾਨੇ ਦੀ ਰਬਾਬ ਦੀਆਂ ਸੁਰਾਂ ਵਿਚ ਗੁਆਚ ਗਿਆ। ਮਨ ਖੁਸ਼ ਹੋਇਆ ਕਿ ਕਿਸੇ ਨੇ ਤਾਂ ਭਾਈ ਮਰਦਾਨੇ ਨੂੰ ਯਾਦ ਕੀਤਾ। ਲੰਗਰ ਪਿਛੋਂ ਮੈਂ ਉਸ ਬੱਚੇ ਕੋਲ ਉਚੇਚਾ ਜਾ ਕੇ ਉਸ ਦੀ ਤਾਰੀਫ ਕੀਤੀ। ਮੈਨੂੰ ਲੱਗਾ, ਬੱਚਾ ਵੀ ਖੁਸ਼ ਹੈ ਅਤੇ ਉਸ ਨੇ ਮੇਰਾ ਧੰਨਵਾਦ ਕੀਤਾ। ਭਾਈ ਸ਼ਵਿੰਦਰ ਸਿੰਘ ਨੇ ਵੀ ਕੁਝ ਪਲਾਂ ਲਈ ਭਾਈ ਮਰਦਾਨੇ ਦਾ ਜ਼ਿਕਰ ਕੀਤਾ। ਚਲੋ ਕੋਈ ਤਾਂ ਹੈ, ਜੋ ਬਾਬੇ ਨਾਨਕ ਦੇ ਇਸ ਸੰਗੀ ਦੀ ਬਾਤ ਪਾ ਰਿਹਾ ਹੈ।
ਭਾਈ ਮਰਦਾਨਾ ਕੌਣ ਸਨ?
ਭਾਈ ਮਰਦਾਨਾ ਬਾਬੇ ਨਾਨਕ ਦੇ ਹੀ ਗਰਾਈਂ ਇਕ ਮਰਾਸੀ ਪਰਿਵਾਰ ਦੀ ਔਲਾਦ ਸਨ। ਮਰਾਸੀਆਂ ਦਾ ਮਜ਼ਹਬ ਇਸਲਾਮ ਹੁੰਦਾ ਹੈ। ਕਈ ਲੋਕ ਮਰਾਸੀ ਉਸ ਨੂੰ ਕਹਿੰਦੇ ਹਨ, ਜਿਸ ਦੇ ਮੂੰਹ ‘ਚ ਰਸ ਹੋਵੇ। ਕਈ ਵਿਦਵਾਨ ਇਸ ਨੂੰ ਫਾਰਸੀ ਸ਼ਬਦ ਦੱਸਦੇ ਹਨ। ਮਰਾਸੀ, ਭਾਵ ਪੁਸ਼ਤਾਂ ਨੂੰ ਸਾਂਭਣ ਵਾਲੇ, ਪਰ ਵੱਖ-ਵੱਖ ਸਾਥੀਆਂ ਅਤੇ ਸਿੱਖ ਪ੍ਰਚਾਰਕਾਂ ਨੇ ਇਸ ਦੇ ਅਲੱਗ-ਅਲੱਗ ਕਿੱਸੇ-ਕਹਾਣੀਆਂ ਦੱਸੇ ਹਨ। ਪਿਤਾ ਬਦਰ ਅਤੇ ਮਾਤਾ ਲੱਖੋ ਦੀ ਔਲਾਦ। ਕਈ ਉਨ੍ਹਾਂ ਦਾ ਨਾਂ ਮਰਜਾਨਾ ਵੀ ਦੱਸਦੇ ਨੇ, ਕਿਉਂਕਿ ਮਾਤਾ ਲੱਖੋ ਦੀ ਔਲਾਦ ਬਚਦੀ ਨਹੀਂ ਸੀ; ਇਹ ਬੱਚਾ ਬਚ ਗਿਆ ਤੇ ਉਨ੍ਹਾਂ ਉਸ ਦਾ ਨਾਂ ਹੀ ‘ਮਰਜਾਨਾ’ ਰੱਖ ਦਿੱਤਾ। ਕੀ ਪਤਾ, ਉਹ ਵੀ ਕਦੋਂ ਅੱਲ੍ਹਾ ਨੂੰ ਪਿਆਰਾ ਹੋ ਜਾਵੇ!
ਬਾਲ ਨਾਨਕ ਜਦੋਂ ਜਵਾਨ ਹੋਏ ਤਾਂ ਉਨ੍ਹਾਂ ਮਰਜਾਨੇ ਦੀ ਰਬਾਬ ਸੁਣੀ ਤਾਂ ਉਨ੍ਹਾਂ ਉਸ ਦਾ ਨਾਮ ‘ਮਰਦਾਨਾ’ ਰੱਖ ਦਿੱਤਾ ਤੇ ਉਸ ਨੂੰ ਆਪਣਾ ਸੰਗੀ ਬਣਾ ਲਿਆ। ਦੱਸਦੇ ਨੇ, 1534 ਈਸਵੀ ਤਕ ਉਸ ਨੇ ਬਾਬੇ ਨਾਨਕ ਦੀ ਸੰਗਤ ਕੀਤੀ, ਚਹੁੰਆਂ ਉਦਾਸੀਆਂ ਵੇਲੇ। ਉਦਾਸੀਆਂ ਵੇਲੇ ਉਨ੍ਹਾਂ ਦੀ ਮੁਹੱਬਤ ਦੀਆਂ ਗੱਲਾਂ ਵੀ ਮੁਹੱਬਤੀ ਤੇ ਅਲੋਕਾਰੀਆਂ ਹਨ।
ਬਾਬੇ ਨਾਨਕ ਦੀ ਕੁਲ੍ਹ ਬੇਦੀਆਂ ਦੀ ਹੈ ਅਤੇ ਭਾਈ ਮਰਦਾਨਾ ਡੂੰਮ, ਮਰਾਸੀ, ਮੁਸਲਮਾਨ। ਉਦਾਸੀ ਵੇਲੇ ਜਗਨਨਾਥ ਦੇ ਮੰਦਿਰ ਵਿਚ ਮਜ਼ਹਬ ਦੀਆਂ ਵਲਗਣਾਂ ਤੋੜ ਕੇ ਮੰਦਿਰ ਦੇ ਅੰਦਰ ਜਾਂਦੇ ਹਨ ਤੇ ਰਬਾਬ ਛੇੜਦੇ ਹਨ। ਬਾਣੀ ਤੇ ਸੰਗੀਤ ਦੀਆਂ ਚੋਟਾਂ, ਦਲੀਲਾਂ ਮਿੱਥਾਂ ਦਾ ਟੋਕਰਾ ਮੂਧਾ ਮਾਰਦੇ ਹਨ।
ਬਗਦਾਦ ਜਾਂਦੇ ਹਨ। ਮੱਕੇ ਪਹੁੰਚ ਕੇ ਉਹ ਬਾਬੇ ਨਾਨਕ ਨਾਲ ਬਹਿਸ ਨਹੀਂ ਕਰਦੇ, ਗੁੱਸੇ ਨਹੀਂ ਹੁੰਦੇ ਕਿ ਇਹ ਸਾਡੇ ਪੁਰਖਿਆਂ ਦਾ ਪਵਿਤਰ ਸਥਾਨ ਹੈ। ਉਸ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਉਸੇ ਤਰ੍ਹਾਂ ਸਿਜਦਾ ਕਰੋ, ਜਿਵੇਂ ਸਾਡੇ ਪੁਰਖੇ ਕਰਦੇ ਆਏ ਹਨ। ਉਹ ਬਾਬੇ ਨਾਨਕ ਦੀ ਦਲੀਲ ਦੀ ਉਡੀਕ ਕਰਦੇ ਹਨ। ਦਲੀਲ ਨਾਲ ਉਹ ਹਾਜ਼ੀਆਂ ਦੇ ਜ਼ਿਹਨ ਘੁੰਮਾ ਦਿੰਦੇ ਹਨ। ਦੱਸਦੇ ਨੇ, ਇਕ ਦਿਨ ਉਹ ਬਾਬੇ ਨਾਨਕ ਨੂੰ ਪੁੱਛਦੇ ਹਨ, “ਬਾਬਾ ਜੀ ਤੁਸੀਂ ਬੇਦੀ ਕੁਲ੍ਹ ਵਿਚੋਂ, ਮੈਂ ਡੂੰਮ! ਫੇਰ ਮੈਂ ਤੁਹਾਡਾ ਕੀ ਲੱਗਾ?” ਉਹ ਕਹਿੰਦੇ, “ਮਰਦਾਨਿਆ, ਤੂੰ ਮੇਰਾ ਭਾਈ!” ਭਾਵ ਕੋਈ ਜਾਤ-ਪਾਤ ਨਹੀਂ। ਜਾਤ-ਪਾਤ ਦੀਆਂ ਜੜ੍ਹਾਂ ਦਾ ਖਾਤਮਾ।
ਸਾਖੀਆਂ ਵਿਚ ਹੋਰ ਵੀ ਬੜਾ ਕੁਝ ਮਿਲਦਾ ਹੈ, ਪਰ ਕੀ ਅਸੀਂ ਸਾਢੇ ਪੰਜ ਸਦੀਆਂ ਬਾਅਦ ਵੀ ਜਾਤਾਂ ਵਿਚੋਂ ਬਾਹਰ ਨਿਕਲ ਸਕੇ ਹਾਂ? ਕੀ ਅਸੀਂ ਦਲੀਲ ਦੇ ਲੜ ਲੱਗੇ ਹਾਂ? ਕੀ ਅਸੀਂ ਗੋਸਟਿ ਦਾ ਪੱਲਾ ਫੜਿਆ ਹੈ? ਕੀ ਅਸੀਂ ਭਾਈ ਮਰਦਾਨੇ ਦੇ ਪਰਿਵਾਰ-ਦਰ-ਪਰਿਵਾਰ ਦੀ ਕੋਈ ਦੇਖਭਾਲ ਕਰ ਸਕੇ ਹਾਂ? ਜੇ ਨਹੀਂ ਤਾਂ ਅਸੀਂ ਸਿਰਫ ਦਿਖਾਵਿਆਂ ਦੀ ਦੁਨੀਆਂ ਵਿਚ ਦੀਵੇ ਬਾਲ ਰਹੇ ਹਾਂ।
ਬਾਬੇ ਨਾਨਕ ਦੇ ਪਰਿਵਾਰ ਅਤੇ ਬੱਚਿਆਂ ਕੋਲ ਤਾਂ ਧਨ-ਦੌਲਤ ਅਤੇ ਜਾਇਦਾਦ ਸੀ। ਦਾਦਾ ਉਨ੍ਹਾਂ ਦਾ ਮੰਨਿਆ ਹੋਇਆ ਪਟਵਾਰੀ ਸੀ। ਤਿਜੌਰੀਆਂ ਉਨ੍ਹਾਂ ਦੀਆਂ ਖਾਲੀ ਨਹੀਂ ਹੋਈਆਂ ਹੋਣਗੀਆਂ, ਪਰ ਘਰ-ਘਰ ਜਾ ਕੇ ਲੋਕਾਈ ਦੀਆਂ ਗਮੀਆਂ-ਖੁਸ਼ੀਆਂ ਨੂੰ ਗਾਇਨ ਰਾਹੀਂ ਸਾਂਝੀਆਂ ਕਰਨ ਵਾਲੇ ਡੂੰਮ (ਭਾਈ) ਮਰਦਾਨੇ ਦਾ ਟੱਬਰ ਕਿਵੇਂ ਪਲਿਆ ਹੋਵੇਗਾ? ਕੋਈ ਇਸ ਦੀ ਕਹਾਣੀ ਕਦੀ ਨਹੀਂ ਦੱਸਦਾ! ਕੌਣ ਉਨ੍ਹਾਂ ਬੱਚਿਆਂ (ਰਜਾਦ ਤੇ ਸਜਾਦ) ਨੂੰ ਚੁੰਮਦਾ-ਚੱਟਦਾ ਹੋਵੇਗਾ? ਉਹ ਤਾਂ ਵਿਚਾਰੇ ਜੰਗਲ ਵੱਲ ਮੂੰਹ ਕਰਕੇ ਫਟੇ ਪੁਰਾਣੇ ਕੱਪੜਿਆਂ ਤੇ ਗਿੱਦ ਨਾਲ ਲਿੱਬੜੀਆਂ ਅੱਖਾਂ ਉਤਾਂਹ ਉਠਾ-ਉਠਾ ਕੇ ਰੋਜ਼ ਮਰਦਾਨੇ ਦੀ ਉਡੀਕ ਕਰਦੇ ਹੋਣਗੇ। ਜਦ ਭਾਈ ਮਰਦਾਨਾ ਉਦਾਸੀਆਂ ਤੋਂ ਮੁੜਦਾ ਵੀ ਹੋਵੇਗਾ ਤਾਂ ਉਹ ਉਨ੍ਹਾਂ ਦੇ ਢਿੱਡ ਰਬਾਬ ਦੀਆਂ ਸੁਰਾਂ ਨਾਲ ਭਲਾ ਕਿਵੇਂ ਭਰਦਾ ਹੋਵੇਗਾ?
ਇਹੀ ਨਹੀਂ, ਅਸੀਂ ਕੀਰਤਨੀਏ ਮਰਦਾਨੇ ਦੇ ਪਰਿਵਾਰ ਨੂੰ ਗੁਰੂ ਘਰਾਂ ਵਿਚ ਕੀਰਤਨ ਕਰਨ ਦੇਣ ਲਈ ਕਿੰਨੇ ਕੁ ਉਪਰਾਲੇ ਕਰਦੇ ਹਾਂ? ਦਰਅਸਲ, ਅਸੀਂ ਬਾਹਰੋਂ ਇਸ ਦੇ ਸਿੱਖ ਹਾਂ, ਸਰਦਾਰ ਹਾਂ, ਜਾਤਾਂ ਗੋਤਾਂ ਵਿਚ ਫਸੇ ਹੋਏ ਲੰਬੜਦਾਰ ਹਾਂ। ਅਸੀਂ ਨਾਨਕ ਅਤੇ ਮਰਦਾਨੇ ਦੀ ਜਾਤ-ਰਹਿਤ ਦੋਸਤੀ ਦੇ ਗੁਨਾਹਗਾਰ ਹਾਂ। ਅਸੀਂ ਸਭ ਕੁਝ ਹਾਂ, ਪਰ ਬਾਬੇ ਨਾਨਕ ਅਤੇ ਭਾਈ ਮਰਦਾਨੇ ਦੀ ਗਰਜਦੀ ਹੋਈ ਸੋਚ ਦੀ ਗੂੰਜ ਨਹੀਂ ਹਾਂ। ਉਨ੍ਹਾਂ ਦੇ ਦਿਲਾਂ ਅੰਦਰ ਵਗਦੇ ਨਿਰਮਲ ਨੀਰ ਨਹੀਂ ਹਾਂ। ਅਸੀਂ ਭੇਖੀ ਹਾਂ। ਬੱਸ ਜਸ਼ਨ ਮਨਾਉਂਦੇ ਹਾਂ ਅਤੇ ਸੁੱਖ ਦੀ ਨੀਂਦ ਸੌਂਦੇ ਹਾਂ।