ਰਾਸ਼ਟਰੀ ਸਿੱਖ ਸੰਗਤ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-14
ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਜਪਾ ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ। ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਐਤਕੀਂ ‘ਰਾਸ਼ਟਰੀ ਸਿੱਖ ਸੰਗਤ’ ਦਾ ਇਤਿਹਾਸ ਫਰੋਲਿਆ ਗਿਆ ਹੈ, ਜਿਸ ਨੇ ਸਿੱਖਾਂ ਨੂੰ ਆਰ. ਐਸ਼ ਐਸ਼ ਵੱਲ ਖਿੱਚਣ ਲਈ ਬਹੁਤ ਯਤਨ ਕੀਤੇ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਪਟਿਆਲਾ ਦੀ ਨਵੀਂ ਦਾਣਾ ਮੰਡੀ ਵਿਚ ਦਿਨ ਦੇ ਵਕਤ ਖੂਬ ਰੌਣਕ ਰਹਿੰਦੀ ਹੈ। ਹਰ ਵਕਤ ਰੌਲਾ-ਰੱਪਾ ਰਹਿੰਦਾ ਹੈ। ਆਟੋ, ਟੈਂਪੂ, ਕਾਰਾਂ ਤੇ ਰੇਹੜਿਆਂ ਦੇ ਆਉਣ-ਜਾਣ ਅਤੇ ਹਾਰਨਾਂ ਦੀਆਂ ਆਵਾਜ਼ਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ; ਪਰ ਤ੍ਰਿਕਾਲਾਂ ਵੇਲੇ ਖਾਸ ਕਰਕੇ ਜੁਲਾਈ-ਅਗਸਤ ਮਹੀਨੇ, ਜਦੋਂ ਕੋਈ ਜਿਣਸ ਖਰੀਦ-ਫਰੋਖਤ ਲਈ ਨਹੀਂ ਆਉਂਦੀ, ਇਥੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਹਿੰਦਾ ਹੈ।
29 ਜੁਲਾਈ 2009 ਦੀ ਹੁੰਮਸ ਅਤੇ ਸੰਨਾਟੇ ਵਾਲੀ ਰਾਤ ਦੇ ਹਨੇਰੇ ਵਿਚ ਦੋ ਆਦਮੀ ਕਾਰ ਵਿਚੋਂ ਉਤਰਦੇ ਹਨ ਅਤੇ ਮੰਡੀ ਅੰਦਰ ਘੁੱਪ ਹਨੇਰੇ ਵਿਚ ਗਾਇਬ ਹੋ ਜਾਂਦੇ ਹਨ। ਥੋੜ੍ਹੇ ਚਿਰ ਬਾਅਦ 10 ਵਜੇ ਰਾਸ਼ਟਰੀ ਸਿੱਖ ਸੰਗਤ ਦਾ ਸੂਬਾ ਪ੍ਰਧਾਨ ਰੁਲਦਾ ਸਿੰਘ ਮੰਡੀ ਦੇ ਖੂੰਜੇ ਵਿਚ ਸਥਿਤ ਆਪਣੇ ਘਰ ਸਾਹਮਣੇ ਆਪਣੀ ਮਹਿੰਦਰਾ ਬਲੈਰੋ ਵਿਚੋਂ ਉਤਰਦਾ ਹੈ। ਜਿਉਂ ਹੀ ਉਹ ਆਪਣੀ ਗੱਡੀ ਵਿਚੋਂ ਬਾਹਰ ਆਉਂਦਾ ਹੈ, ਉਹੀ ਦੋ ਆਦਮੀ ਹਨੇਰੇ ਵਿਚੋਂ ਨਿਕਲ ਕੇ ਬੜੇ ਠਰੰਮੇ ਨਾਲ ਉਸ ਉਪਰ ਕਈ ਗੋਲੀਆਂ ਚਲਾਉਂਦੇ ਹਨ। ਫਿਰ ਕਾਤਲ ਕੁਝ ਦੂਰ ਖੜ੍ਹੀ ਕੀਤੀ ਕਾਰ ਵਿਚ ਉਥੋਂ ਫਰਾਰ ਹੋ ਜਾਂਦੇ ਹਨ।
ਬੇਹੋਸ਼ ਹੋਣ ਤੋਂ ਪਹਿਲਾਂ ਰੁਲਦਾ ਸਿੰਘ ਮਦਦ ਲਈ ਆਵਾਜ਼ਾਂ ਮਾਰਦਾ ਹੈ। ਉਸ ਦੇ ਪਰਿਵਾਰ ਦੇ ਮੈਂਬਰ ਅਤੇ ਗੁਆਂਢੀ ਇਕਦਮ ਉਥੇ ਆ ਜਾਂਦੇ ਹਨ ਅਤੇ ਉਸ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਜਾਂਦਾ ਹੈ, ਜਿਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਜਾਂਦਾ ਹੈ। ਦੋ ਹਫਤੇ ਪਿਛੋਂ ਉਸ ਦੀ ਮੌਤ ਹੋ ਗਈ।
ਕਤਲ ਪੂਰੀ ਫੁਰਤੀ ਅਤੇ ਸਫਾਈ ਨਾਲ ਕੀਤਾ ਗਿਆ ਸੀ, ਜਿਸ ਤੋਂ ਜਾਪਦਾ ਸੀ ਕਿ ਇਹ ਪੇਸ਼ੇਵਰਾਂ ਦਾ ਕਾਰਾ ਸੀ। ਨਿਸ਼ਚੇ ਹੀ ਇਹ ਮਾਮੂਲੀ ਵਾਰਦਾਤ ਨਹੀਂ ਸੀ। ਛੇਤੀ ਹੀ ਇਸ ਦੀ ਤਸਦੀਕ ਵੀ ਹੋ ਗਈ, ਜਦੋਂ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ, ਜੋ ਸਭ ਤੋਂ ਖਤਰਨਾਕ ਖਾਲਿਸਤਾਨੀ ਗੁੱਟਾਂ ਵਿਚੋਂ ਇਕ ਹੈ।
ਰੁਲਦਾ ਸਿੰਘ ਦੇ ਕਤਲ ਨਾਲ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ਵਿਚ ਹਾਹਾਕਾਰ ਮੱਚ ਗਈ। ਇਸ ਦੀ ਖਾਸ ਵਜ੍ਹਾ ਸੀ: ਸੰਨ 2000 ਤੋਂ ਲੈ ਕੇ ਪੰਜਾਬ ਵਿਚ ਇਸ ਜਥੇਬੰਦੀ ਦੀਆਂ ਸਰਗਰਮੀਆਂ ਬਹੁਤ ਹੀ ਸੰਭਲ-ਸੰਭਲ ਕੇ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਵਲੋਂ ਪੂਰਾ ਯਤਨ ਕੀਤਾ ਗਿਆ ਸੀ ਕਿ ਅਕਾਲ ਤਖਤ ਭੋਰਾ ਵੀ ਨਾਰਾਜ਼ ਨਾ ਹੋਵੇ; ਪਰ ਸਿੱਖੀ ਦਾ ਸਿਰਮੌਰ ਤਖਤ ਰਾਸ਼ਟਰੀ ਸਿੱਖ ਸੰਗਤ ਦੀਆਂ ਕਾਰਵਾਈਆਂ ਨੂੰ ਸਿੱਖ ਪਛਾਣ ਨੂੰ ਖੋਰਾ ਲਾਉਣ ਵਾਲੀਆਂ ਕਾਰਵਾਈਆਂ ਵਜੋਂ ਲੈ ਰਿਹਾ ਸੀ। ਰੁਲਦਾ ਸਿੰਘ ਪੰਜਾਬ ਵਿਚ ਆਰ. ਐਸ਼ ਐਸ਼ ਦੇ ਮੁੱਖ ਚਿਹਰਿਆਂ ਵਿਚੋਂ ਇਕ ਸੀ ਅਤੇ ਉਹ ਸੰਘ ਨਾਲ ਸਬੰਧਤ ਰਾਸ਼ਟਰੀ ਸਿੱਖ ਸੰਗਤ ਦਾ ਸੂਬਾ ਪ੍ਰਧਾਨ ਸੀ। ਬਹੁਤ ਸਾਰੇ ਲੋਕ ਉਸ ਅਤੇ ਉਸ ਦੀ ਸੰਸਥਾ ਦੇ ਕੰਮ ਨੂੰ ਸਿੱਖੀ ਨੂੰ ਅੰਦਰੋਂ ਖੋਰਾ ਲਾ ਕੇ ਇਸ ਨੂੰ ਹਿੰਦੂ ਧਰਮ ਦਾ ਹਿੱਸਾ ਬਣਾਉਣ ਦੇ ਯਤਨਾਂ ਵਜੋਂ ਲੈ ਰਹੇ ਸਨ। ਇਹ ਆਰ. ਐਸ਼ ਐਸ਼ ਦੇ ਅੰਤਿਮ ਟੀਚੇ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਿਚ ਹੱਥ ਵਟਾਏਗਾ।
ਰੁਲਦਾ ਸਿੰਘ ਦੀ ਸੰਘ ਪਰਿਵਾਰ ਅੰਦਰ ਅਦੁਤੀ ਸਾਖ ਸੀ। ਉਸ ਨੇ ਬਹੁਤ ਸਾਰੇ ਸਿੱਖ ਵੱਖਵਾਦੀਆਂ ਨੂੰ ਖਾਲਿਸਤਾਨ ਪੱਖੀ ਸੋਚ ਛੱਡ ਕੇ ਭਾਰਤ ਆਉਣ ਲਈ ਕਾਮਯਾਬੀ ਨਾਲ ਪ੍ਰੇਰਿਆ ਸੀ। ਰਾਸ਼ਟਰੀ ਸਿੱਖ ਸੰਗਤ ਦਾ ਰਾਸ਼ਟਰੀ ਜਨਰਲ ਸਕੱਤਰ ਅਵਿਨਾਸ਼ ਜੈਸਵਾਲ ਦੱਸਦਾ ਹੈ, “ਰੁਲਦਾ ਸਿੰਘ ਭਾਜਪਾ ਦੇ ਐਨ. ਆਰ. ਆਈ. ਸੈੱਲ ਦਾ ਜਨਰਲ ਸਕੱਤਰ ਵੀ ਸੀ। ਇਸ ਰੁਤਬੇ ਸਦਕਾ ਉਹਨੇ ਇੰਗਲੈਂਡ, ਯੂਰਪ ਤੇ ਉਤਰੀ ਅਮਰੀਕਾ ਦੇ ਬਹੁਤ ਸਾਰੇ ਮੁਲਕਾਂ ਦੇ ਦੌਰੇ ਕੀਤੇ ਅਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਮਿਲਿਆ, ਜਿਨ੍ਹਾਂ ਦਾ ਨਾਂ ਉਨ੍ਹਾਂ ਦੀਆਂ ਖਾਲਿਸਤਾਨ ਪੱਖੀ ਸਰਗਰਮੀਆਂ ਕਾਰਨ ਸਰਕਾਰ ਨੇ ਕਾਲੀ ਸੂਚੀ ਵਿਚ ਸ਼ੁਮਾਰ ਕੀਤਾ ਹੋਇਆ ਸੀ। ਉਸ ਨੇ ਭਾਰਤ ਦੇ ਉਨ੍ਹਾਂ ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਕਢਵਾਉਣ ਲਈ ਸਿਰਤੋੜ ਯਤਨ ਕੀਤੇ, ਜੋ ਕਿਸੇ ਵੇਲੇ ਖਾਲਿਸਤਾਨ ਦੇ ਹਮਾਇਤੀ ਰਹਿ ਚੁਕੇ ਸਨ, ਪਰ ਉਨ੍ਹਾਂ ‘ਤੇ ਕਿਸੇ ਸੰਗੀਨ ਜੁਰਮ ਦਾ ਦੋਸ਼ ਨਹੀਂ ਸੀ, ਤਾਂ ਜੋ ਉਹ ਆਪਣੇ ਵਤਨ ਵਾਪਸ ਆ ਸਕਣ। ਸ਼ਾਇਦ ਉਸ ਦੀਆਂ ਸਰਗਰਮੀਆਂ ਸਿੱਖ ਕੱਟੜਪੰਥੀ ਸਿਆਸਤ ਲਈ ਖਤਰਾ ਸਨ ਅਤੇ ਇਹੀ ਉਸ ਦੀ ਮੌਤ ਦਾ ਕਾਰਨ ਬਣਿਆ।”
ਜੈਸਵਾਲ ਦਾ ਇਹ ਅੰਦਾਜ਼ਾ ਡਾ. ਅਵਤਾਰ ਸਿੰਘ ਸ਼ਾਸਤਰੀ ਦੇ ਵਿਚਾਰਾਂ ਨਾਲ ਮਿਲਦਾ-ਜੁਲਦਾ ਸੀ, ਜੋ ਰਾਸ਼ਟਰੀ ਸਿੱਖ ਸੰਗਤ ਦਾ ਇਕ ਹੋਰ ਰਾਸ਼ਟਰੀ ਜਨਰਲ ਸਕੱਤਰ ਹੈ ਅਤੇ ਰੁਲਦਾ ਸਿੰਘ ਦਾ ਗੂੜ੍ਹਾ ਮਿੱਤਰ ਰਿਹਾ ਹੈ। ਉਹ ਕਹਿੰਦਾ ਹੈ, “ਰੁਲਦਾ ਸਿੰਘ ਸਿੱਖਾਂ ਨੂੰ ਮੁੱਖ ਧਾਰਾ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾ ਰਿਹਾ ਸੀ। ਦਰਅਸਲ ਉਸ ਦੇ ਯਤਨਾਂ ਨਾਲ ਵਾਜਪਾਈ ਸਰਕਾਰ ਦੇ ਵਕਤ ਜੋ 22 ਜਣਿਆਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾਏ ਗਏ, ਉਹੀ ਉਸ ਦੇ ਕਤਲ ਦਾ ਕਾਰਨ ਬਣੇ।”
1980 ਅਤੇ 1990ਵਿਆਂ ਦੌਰਾਨ ਜਦੋਂ ਖਾਲਿਸਤਾਨ ਦੀ ਲਹਿਰ ਪੂਰੇ ਜ਼ੋਰਾਂ ‘ਤੇ ਸੀ, ਭਾਰਤੀ ਸਟੇਟ ਨੇ ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਸੈਂਕੜੇ ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚ ਸ਼ੁਮਾਰ ਕਰ ਦਿੱਤੇ ਸਨ, ਜਿਨ੍ਹਾਂ ਨੇ ਭਾਰਤੀ ਦੂਤਘਰਾਂ ਅੱਗੇ ਰੋਸ ਮੁਜਾਹਰੇ ਕੀਤੇ ਸਨ ਜਾਂ ਭਾਰਤ ਖਿਲਾਫ ਤਕਰੀਰਾਂ ਕੀਤੀਆਂ ਸਨ, ਤੇ ਜਿਨ੍ਹਾਂ ਨੇ ਸਿੱਖ ਅਤਿਵਾਦੀਆਂ ਦੇ ਨਾਲ ਨਾਲ ਉਨ੍ਹਾਂ ਲੋਕਾਂ ਨੂੰ ਪਨਾਹ ਦਿੱਤੀ ਸੀ, ਜਿਨ੍ਹਾਂ ਨੂੰ ਅਦਾਲਤਾਂ ਨੇ ਦੋਸ਼ੀ ਕਰਾਰ ਦਿੱਤਾ ਹੋਇਆ ਸੀ ਅਤੇ ਜੋ ਕਤਲਾਂ ਤੇ ਬੰਬ ਧਮਾਕਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਅਗਸਤ 2003 ਵਿਚ ਰਾਸ਼ਟਰੀ ਸਿੱਖ ਸੰਗਤ ਦੇ ਯਤਨਾਂ ਨਾਲ ਵਾਜਪਾਈ ਸਰਕਾਰ ਨੇ ਕੈਨੇਡਾ ਅਤੇ ਅਮਰੀਕਾ ਵਿਚ 22 ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਸਨ। ਰੁਲਦਾ ਸਿੰਘ ਨੇ 2004 ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ, “ਇਸ ਦਾ ਮਨੋਰਥ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਇਕ ਹੋਰ ਮੌਕਾ ਦੇਣਾ ਹੈ।”
ਰੁਲਦਾ ਸਿੰਘ ਦੀਆਂ ਕਾਰਵਾਈਆਂ ਸ਼ਾਇਦ ‘ਸਿੱਖ ਇਕ ਵੱਖਰੀ ਕੌਮ ਹੈ’ ਦੀ ਸੋਚ ਰੱਖਣ ਵਾਲਿਆਂ ਨੂੰ ਚੋਗਾ ਪਾ ਕੇ ਸਿੱਖ ਖਾੜਕੂਆਂ ਦੇ ਵੱਖਰੇ ਸਿੱਖ ਸਟੇਟ ਦੇ ਹਮਾਇਤੀ ਆਧਾਰ ਨੂੰ ਖੋਰਾ ਲਾ ਰਹੀਆਂ ਸਨ। ਇਸੇ ਜਿੰਨਾ ਹੀ ਭੜਕਾਹਟ ਵਾਲਾ ਤੱਥ ਇਹ ਸੀ ਕਿ ਉਹ ਅਜਿਹੀ ਜਥੇਬੰਦੀ ਦਾ ਆਗੂ ਸੀ, ਜੋ ਸਿੱਖਾਂ ਅਤੇ ਹਿੰਦੂਆਂ ਵਿਚਾਲੇ ਫਿਰਕੂ ਨਫਰਤ ਭੜਕਾ ਰਹੀ ਸੀ। ਆਰ. ਐਸ਼ ਐਸ਼ ਦਾ ਦਾਅਵਾ ਹੈ ਕਿ ਸਿੱਖ ਵੱਖਰਾ ਧਰਮ ਨਹੀਂ ਹੈ, ਇਹ ਤਾਂ ਮਹਿਜ ਹਿੰਦੂ ਧਰਮ ਦੀ ਹੀ ਖੜਗ ਭੁਜਾ ਹੈ। ਇਸ ਪ੍ਰਸੰਗ ਵਿਚ ਰੁਲਦਾ ਸਿੰਘ ਵਲੋਂ ਸਿੱਖ ਕੱਟੜਪੰਥੀਆਂ ਨੂੰ ਭਰਮਾਉਣ ਦੇ ਯਤਨਾਂ ਨੂੰ ਉਨ੍ਹਾਂ ਵਲੋਂ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਨੂੰ ਖਤਮ ਕਰਕੇ ਇਸ ਨੂੰ ਨਿਗਲ ਜਾਣ ਦੀ ਆਰ. ਐਸ਼ ਐਸ਼ ਦੀ ਵਿਆਪਕ ਸਾਜ਼ਿਸ਼ ਦਾ ਹਿੱਸਾ ਸਮਝਣਾ ਸੁਭਾਵਿਕ ਸੀ।

2009 ਵਿਚ ਰੁਲਦਾ ਸਿੰਘ ਦਾ ਕਤਲ ਦੋ ਦਹਾਕੇ ਪਹਿਲਾਂ ਸ਼ੁਰੂ ਹੋਏ ਘਟਨਾਵਾਂ ਦੇ ਸਿਲਸਲੇ ਦਾ ਹੀ ਨਤੀਜਾ ਸੀ। ਇਸ ਦੀਆਂ ਜੜ੍ਹਾਂ 1984 ਵਿਚ ਸਿੱਖਾਂ ਦੇ ਕਤਲੇਆਮ (ਜਿਸ ਨਾਲ ਪੂਰਾ ਮੁਲਕ ਝੰਜੋੜਿਆ ਗਿਆ ਸੀ) ਤੋਂ ਬਾਅਦ 1986 ਵਿਚ ਰਾਸ਼ਟਰੀ ਸਿੱਖ ਸੰਗਤ ਬਣਾਏ ਜਾਣ ਵਿਚ ਮੌਜੂਦ ਹਨ। ਇਸ ਕਤਲੇਆਮ ਨੂੰ ਅੰਜਾਮ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸ ਦੇ ਅੰਗ-ਰੱਖਿਅਕਾਂ ਵਲੋਂ ਕਤਲ ਕਰ ਦੇਣ ਪਿਛੋਂ ਦਿੱਤਾ ਗਿਆ ਸੀ, ਜੋ ਹਿੰਦੂਆਂ ਦਾ ਬੇਕਸੂਰ ਸਿੱਖਾਂ ਵਿਰੁਧ ਵਿਉਂਤਬਧ ਹਮਲਾ ਸੀ। ਰਿਪੋਰਟਾਂ ਅਨੁਸਾਰ ਦਿੱਲੀ ਵਿਚ 2733 ਸਿੱਖ ਕਤਲ ਕੀਤੇ ਗਏ। ਇਹ ਸਿਲਸਿਲਾ ਪਹਿਲੀ ਤੋਂ 3 ਨਵੰਬਰ 1984 ਤੱਕ ਤਿੰਨ ਦਿਨ ਚੱਲਦਾ ਰਿਹਾ। ਭਾਰਤ ਦੇ ਕਈ ਹੋਰ ਸ਼ਹਿਰਾਂ ਜਿਵੇਂ ਯੂ. ਪੀ. ਵਿਚ ਕਾਨਪੁਰ, ਬਿਹਾਰ ਵਿਚ ਬੋਕਾਰੋ, ਮੱਧ ਪ੍ਰਦੇਸ਼ ਵਿਚ ਜੱਬਲਪੁਰ, ਉੜੀਸਾ ਵਿਚ ਰੂੜਕੇਲਾ ਆਦਿ ਵਿਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਅਵਿਨਾਸ਼ ਜੈਸਵਾਲ ਦੱਸਦਾ ਹੈ, “ਸਿੱਖਾਂ ਦੇ ਕਤਲੇਆਮ ਪਿਛੋਂ ਅਸੀਂ ਆਰ. ਐਸ਼ ਐਸ਼ ਵਾਲੇ ਸਿਰ ਜੋੜ ਕੇ ਸੋਚ-ਵਿਚਾਰ ਕਰਨ ਬੈਠੇ, ਕਿਉਂਕਿ ਸਿੱਖ ਵਿਰੋਧੀ ਦੰਗਿਆਂ ਨੇ ਸਮਾਜ ਵਿਚ ਪਾੜਾ ਦਾ ਦਿੱਤਾ ਸੀ, ਜੋ ਕੌਮੀ ਸੁਰੱਖਿਆ ਲਈ ਖਤਰਾ ਸੀ।” ਜੈਸਵਾਲ ਪੰਜਾਬ ਵਿਚ ਅਬੋਹਰ ਤੋਂ 1960 ਤੋਂ ਹੀ ਆਰ. ਐਸ਼ ਐਸ਼ ਦਾ ਪ੍ਰਚਾਰਕ ਚਲਿਆ ਆ ਰਿਹਾ ਹੈ। “ਇਹ ਮਾਮਲਾ ਐਨਾ ਗੰਭੀਰ ਸੀ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਆਰ. ਐਸ਼ ਐਸ਼ ਦੇ ਲੋਕਾਂ ਨੇ ਇਸ ਮਸਲੇ ਨੂੰ ਆਰ. ਐਸ਼ ਐਸ਼ ਦੇ ਮੁਖੀ ਬਾਲਾ ਸਾਹਬ ਦਿਓਰਸ ਨੂੰ ਮਿਲ ਕੇ ਉਨ੍ਹਾਂ ਨਾਲ ਸੋਚ ਵਿਚਾਰ ਕੀਤੀ। ਅਸੀਂ ਹਾਲਾਤ ਵਿਚ ਸੁਧਾਰ ਹੋਣ ਨੂੰ ਆਪਮੁਹਾਰੇਪਣ ‘ਤੇ ਨਹੀਂ ਸੀ ਛੱਡ ਸਕਦੇ। ਇਸੇ ਲਈ 24 ਨਵੰਬਰ 1986 ਨੂੰ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਗਈ, ਜਿਸ ਦਾ ਮਨੋਰਥ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨਾ ਅਤੇ ਸਾਡੀ ਸੰਸਕ੍ਰਿਤੀ ਦੀ ਸਾਂਝ ‘ਤੇ ਮੁੜ ਜ਼ੋਰ ਦੇਣਾ ਸੀ।”
ਪਰ ਕੀ ਰਾਸ਼ਟਰੀ ਸਿੱਖ ਸੰਗਤ ਬਣਾਉਣ ਪਿੱਛੇ ਅਸਲ ਕਾਰਨ ਇਹੀ ਸੀ? ਭਾਵੇਂ ਸਿੱਖ ਵਿਰੋਧੀ ਫਸਾਦਾਂ ਵਿਚ ਕਾਂਗਰਸ ਦੇ ਕਾਰਿੰਦੇ ਵੱਡੀ ਤਾਦਾਦ ‘ਚ ਸ਼ਾਮਲ ਸਨ, ਇਹ ਗੱਲ ਵੀ ਨਹੀਂ ਕਿ ਆਰ. ਐਸ਼ ਐਸ਼ ਦੇ ਕਾਰਿੰਦਿਆਂ ਨੇ ਸਿੱਖਾਂ ਨੂੰ ਬਚਾਇਆ ਹੋਵੇ। ਦਰਅਸਲ, ਸਬੂਤ ਇਹ ਹਨ ਕਿ ਆਰ. ਐਸ਼ ਐਸ਼ ਅਤੇ ਭਾਜਪਾ ਵਾਲਿਆਂ ਨੇ ਕਈ ਥਾਂਈਂ ਇਸ ਕਤਲੇਆਮ ਵਿਚ ਹਿੱਸਾ ਲਿਆ। 2 ਫਰਵਰੀ 2002 ਦੀ ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਆਰ. ਐਸ਼ ਐਸ਼ ਅਤੇ ਭਾਜਪਾ ਦੇ 49 ਕਾਰਿੰਦਿਆਂ ਦੇ ਨਾਂ ਉਨ੍ਹਾਂ 14 ਰਿਪੋਰਟਾਂ ਵਿਚ ਨਾਮਜ਼ਦ ਕੀਤੇ ਗਏ, ਜੋ ਦਿੱਲੀ ਵਿਚ ਸਿੱਖ ਕਤਲੇਆਮ ਬਾਬਤ ਦਰਜ ਕੀਤੀਆਂ ਗਈਆਂ। ਸਾੜ-ਫੂਕ, ਦੰਗੇ-ਫਸਾਦ, ਇਰਾਦਾ ਕਤਲ ਅਤੇ ਡਕੈਤੀਆਂ ਦੇ ਇਹ ਕੇਸ 1984 ਦੇ ਪੀੜਤਾਂ ਦੇ ਹਲਫੀਆ ਬਿਆਨਾਂ ਦੀ ਪੁਣਛਾਣ ਪਿਛੋਂ ਜੈਨ-ਅਗਰਵਾਲ ਕਮੇਟੀ ਦੀ ਸਿਫਾਰਸ਼ ‘ਤੇ ਦਰਜ ਕੀਤੇ ਗਏ ਸਨ। ਕਮੇਟੀ ਨੇ 48 ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਨ੍ਹਾਂ ਵਿਚ ਕਾਂਗਰਸੀ ਆਗੂ ਐਚ. ਕੇ. ਐਲ਼ ਭਗਤ, ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ ਅਤੇ ਜਗਦੀਸ਼ ਟਾਈਟਲਰ ਵੀ ਸ਼ਾਮਲ ਸਨ।
ਆਰ. ਐਸ਼ ਐਸ਼ ਅਤੇ ਭਾਜਪਾ ਦੇ ਆਦਮੀ ਵੀ ਨਿਰੇ ਸਧਾਰਨ ਕਾਰਿੰਦੇ ਨਹੀਂ ਸਨ। ‘ਦਰਅਸਲ, ਰਾਮ ਕੁਮਾਰ ਜੈਨ 1980 ਵਿਚ ਪ੍ਰਧਾਨ ਮੰਤਰੀ ਵਾਜਪਾਈ ਦਾ ਚੋਣ ਏਜੰਟ ਰਿਹਾ ਸੀ, ਜਦੋਂ ਵਾਜਪਾਈ ਨੇ ਲੋਕ ਸਭਾ ਚੋਣ ਲੜੀ ਸੀ। ਭਾਜਪਾ-ਆਰ. ਐਸ਼ ਐਸ਼ ਦੇ ਇਸ ਪ੍ਰਮੁੱਖ ਕਾਰਿੰਦੇ ਜੈਨ ਦਾ ਰੈਣ ਬਸੇਰਾ ਮਕਾਨ ਨੰਬਰ 87 ਹਰੀ ਨਗਰ ਆਸ਼ਰਮ, ਵਾਜਪਾਈ ਦਾ ਚੋਣ ਦਫਤਰ ਹੀ ਬਣਿਆ ਹੋਇਆ ਸੀ।’ ਇਹ ਤੱਥ ਵੀ ਐਨ ਸਪਸ਼ਟ ਹੈ ਕਿ 84 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਰ. ਐਸ਼ ਐਸ਼ ਕਾਰਕੁਨਾਂ ਨੇ ਭਾਰੂ ਤੌਰ ‘ਤੇ ਕਾਂਗਰਸ ਦਾ ਸਾਥ ਦਿੱਤਾ।
ਸਪਸ਼ਟ ਹੈ ਕਿ ਰਾਸ਼ਟਰੀ ਸਿੱਖ ਸੰਗਤ ਬਣਾਉਣ ਦਾ ਅਸਲ ਮਨੋਰਥ ਉਹ ਨਹੀਂ, ਜੋ ਇਸ ਦੇ ਅਹੁਦੇਦਾਰ ਦੱਸ ਰਹੇ ਹਨ। ਇਹ ਸਾਬਤ ਕਰਨ ਲਈ ਚੋਖੇ ਸਬੂਤ ਮੌਜੂਦ ਹਨ ਕਿ ਆਰ. ਐਸ਼ ਐਸ਼ ਨੇ ਆਪਣਾ ਸਿੱਖ ਵਿੰਗ ਇਸ ਲਈ ਬਣਾਇਆ ਤਾਂ ਜੋ 1984 ਦੇ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖ ਫਿਰਕੇ ਦੇ ਸੰਤਾਪ ਦਾ ਲਾਹਾ ਲਿਆ ਜਾ ਸਕੇ ਅਤੇ ਸਿੱਖ ਫਿਰਕੇ ਵਿਚ ਬਣੇ ਡਰ ਨੂੰ ਵਰਤ ਕੇ ਇਹ ਲਾਈਨ ਥੋਪੀ ਜਾ ਸਕੇ ਕਿ ‘ਸਿੱਖ ਵੀ ਹਿੰਦੂ ਹਨ।’ ਇਸ ਦਲੀਲ ਦਾ ਸਬੂਤ ਰਾਸ਼ਟਰੀ ਸਿੱਖ ਸੰਗਤ ਦੀ ਵਿਸ਼ੇਸ਼ ਲਿਖਤ ਵਿਚ ਮਿਲਦਾ ਹੈ, ਜਿਸ ਤੋਂ ਇਸ ਦੇ ਬਣਾਏ ਜਾਣ ਦਾ ਮਨੋਰਥ ਸਪਸ਼ਟ ਹੁੰਦਾ ਹੈ। 1985 ਵਿਚ ਛਾਪੀ ਗਈ ਲਿਖਤ ‘ਹਿੰਦੂ-ਸਿੱਖ ਰਿਸ਼ਤਾ’ ਵਿਚ ਆਰ. ਐਸ਼ ਐਸ਼ ਦੀ ਇਸ ਲਾਈਨ ਨੂੰ ਦੁਹਰਾਇਆ ਗਿਆ ਹੈ ਕਿ ਸਿੱਖ ਆਜ਼ਾਦ ਧਾਰਮਿਕ ਫਿਰਕਾ ਨਹੀਂ ਹਨ, ਕਿ ਇਹ ਵਿਸ਼ਾਲ ਹਿੰਦੂ ਫਿਰਕੇ ਦਾ ਅੰਗ ਹਨ, ਕਿ ਇਹ ਅੰਗਰੇਜ਼ ਸਨ ਜਿਨ੍ਹਾਂ ਨੇ ਸਾਜ਼ਿਸ਼ ਤਹਿਤ ਸਿੱਖਾਂ ਦੀ ਅਲਹਿਦਾ ਪਛਾਣ ਬਣਾਈ। ਇਹ ਸਿੱਖਾਂ ਨੂੰ ਪਤਿਆਉਂਦੀ ਹੈ ਕਿ ਉਹ ‘ਹਿੰਦੂ ਸਮਾਜ ਦਾ ਅੰਗ’ ਹਨ ਅਤੇ ਉਨ੍ਹਾਂ ਦੀ ਇਸ ਸੋਚ ਨੂੰ ਰੱਦ ਕਰਦੀ ਹੈ ਕਿ ‘ਉਨ੍ਹਾਂ ਦੀ ਵੱਖਰੀ ਪਛਾਣ’ ਹੈ। ਇਹ 1984 ਦੇ ਸਿੱਖ ਕਤਲੇਆਮ ਦਾ ਦੋਸ਼ ਵੀ ਇਸੇ ਸੋਚ ਨੂੰ ਦਿੰਦੀ ਹੈ-ਇਹ 1984 ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦਾ ਘਿਨਾਉਣਾ ਤਰੀਕਾ ਹੈ। ਇਸ ਲਿਖਤ ਦਾ ਲੇਖਕ ਆਰ. ਐਸ਼ ਐਸ਼ ਨਾਲ ਸਬੰਧਤ ਇਤਿਹਾਸਕਾਰ ਰਾਮ ਸਵਰੂਪ ਹੈ। ਇਸ ਦਾ ਮੁੱਖ ਬੰਦ ਸੀਤਾ ਰਾਮ ਗੋਇਲ ਨੇ ਲਿਖਿਆ ਹੈ, ਜੋ ਹਿੰਦੂ ਰਾਸ਼ਟਰ ਦਾ ਹਮਾਇਤੀ ਇਕ ਹੋਰ ਬੁੱਧੀਜੀਵੀ ਹੈ। ਗੋਇਲ ਅਨੁਸਾਰ ਗੁਰੂ ਨਾਨਕ ਤਾਂ ਸਿਰਫ “ਇਸਲਾਮੀ ਹਮਲੇ ਵਿਰੁਧ ਹਿੰਦੂ ਵਿਰੋਧ ਦਾ ਇਜ਼ਹਾਰ ਕਰ ਰਹੇ ਸਨ, ਉਹ ਕੋਈ ਅਲਹਿਦਾ ਧਰਮ ਪੇਸ਼ ਨਹੀਂ ਕਰ ਰਹੇ ਸਨ।…ਪ੍ਰਤੀਕਰਮ ਦੋਮੁਖੀ ਸੀ। ਹਿੰਦੂ ਯੋਧਿਆਂ ਨੇ ਤਾਂ ਪੂਰੇ ਮੁਲਕ ਅੰਦਰ ਕਈ ਮੈਦਾਨ-ਏ-ਜੰਗ ਵਿਚ ਇਸਲਾਮੀ ਧਾੜਵੀਆਂ ਦੇ ਖਿਲਾਫ ਲੜਾਈਆਂ ਲੜੀਆਂ। ਹਿੰਦੂ ਸੰਤਾਂ ਅਤੇ ਫਕੀਰਾਂ ਨੇ ਪੂਰੇ ਮੁਲਕ ਵਿਚ ਰੂਹਾਨੀਅਤ ਦੀ ਲਹਿਰ ਖੜ੍ਹੀ ਕੀਤੀ, ਜੋ ਭਗਤੀ ਲਹਿਰ ਵਜੋਂ ਮਸ਼ਹੂਰ ਹੋਈ। ਇਸ ਭਗਤੀ ਲਹਿਰ ਦਾ ਸੰਦੇਸ਼ ਹਰ ਥਾਂ ਇਕ ਹੀ ਸੀ ਕਿਉਂਕਿ ਇਸ ਦਾ ਆਧਾਰ ਵੇਦ, ਪੁਰਾਣ ਅਤੇ ਧਰਮ ਸ਼ਾਸਤਰ ਸਨ।”
ਗੋਇਲ ਲਿਖਦਾ ਹੈ, “ਗੁਰੂ ਨਾਨਕ ਭਗਤੀ ਲਹਿਰ ਦੇ ਬਹੁਤ ਸਾਰੇ ਸੰਤਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਆਪਣਾ ਸੰਦੇਸ਼ ਦੇਣ ਲਈ ਵੱਖ ਵੱਖ ਥਾਂਵਾਂ ‘ਤੇ ‘ਆਪਣੇ ਕੇਂਦਰ’ ਸਥਾਪਤ ਕੀਤੇ। ਗੁਰੂ ਨਾਨਕ ਨੇ ਐਸਾ ਕੇਂਦਰ ਪੰਜਾਬ ਵਿਚ ਸਥਾਪਤ ਕੀਤਾ। ਜੋ ਉਸ ਦੇ ਵਿਚਾਰਾਂ ਦੇ ਪੈਰੋਕਾਰ ਬਣੇ, ਉਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਸੀ।” ਉਸ ਦਾ ਕਹਿਣਾ ਹੈ ਕਿ ਆਦਿ ਗ੍ਰੰਥ ਨੂੰ ਪੰਜਾਬ ਦੇ ਹਿੰਦੂ ਛੇਵਾਂ ਵੇਦ ਮੰਨਦੇ ਹਨ, ਜੋ ਰਿਗ, ਸਾਮ, ਯਜੁਰ, ਅਥਰਵ ਅਤੇ ਮਹਾਂਭਾਰਤ ਤੋਂ ਬਾਅਦ ਆਉਂਦਾ ਹੈ। ਉਹ ਲਿਖਦਾ ਹੈ, ਭਾਵੇਂ ਸਿੱਖੀ ਅਤੇ ਹਿੰਦੂ ਧਰਮ ਦੇ ਸਾਰੇ ਪੱਖ ਸਾਂਝੇ ਨਹੀਂ, “ਸਿੱਖੀ ਵਿਚ ਅਜਿਹਾ ਕੁਝ ਵੀ ਨਹੀਂ-ਇਸ ਦੀ ਬੋਲੀ, ਇਸ ਦੇ ਬਿੰਬ, ਇਸ ਦਾ ਮੁਹਾਵਰਾ, ਇਸ ਦਾ ਬ੍ਰਹਿਮੰਡ ਸ਼ਾਸਤਰ, ਇਸ ਦਾ ਮਿਥਿਹਾਸ, ਇਸ ਦੇ ਸੰਤਾਂ ਤੇ ਨਾਇਕਾਂ ਦੀਆਂ ਸਾਖੀਆਂ, ਇਸ ਦਾ ਅਧਿਆਤਮਵਾਦ, ਇਸ ਦੇ ਸਮਾਧੀ ਦੇ ਤੌਰ-ਤਰੀਕੇ ਅਤੇ ਇਸ ਦੇ ਰੀਤੀ-ਰਿਵਾਜ ਸਾਰਾ ਕੁਝ ਹਿੰਦੂ ਧਰਮ ਦੇ ਸ਼ਾਸਤਰਾਂ ਵਿਚੋਂ ਲਿਆ ਗਿਆ ਹੈ।”
ਆਪਣੇ ‘ਵਿਸ਼ਲੇਸ਼ਣ’ ਦੇ ਆਧਾਰ ‘ਤੇ ਗੋਇਲ ਨੇ ਖਾਲਸਾ ਨੂੰ ਨਵਾਂ ਧਰਮ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਦਲੀਲ ਸੀ, “ਖਾਲਸਾ ਤਾਂ ਮਹਿਜ ਵਡੇਰੇ ਸਿੱਖ ਭਾਈਚਾਰੇ ਅੰਦਰਲੀ ਲੜਾਕੂ ਜਥੇਬੰਦੀ ਹੀ ਸੀ, ਸਿੱਖ ਤਾਂ ਖੁਦ ਵਿਸ਼ਾਲ ਹਿੰਦੂ ਸਮਾਜ ਵਿਚਲਾ ਸੰਪਰਦਾਇ ਸਨ।”
ਦਰਅਸਲ, ਮਾਯੂਸੀ ਦਾ ਸ਼ਿਕਾਰ ਰਾਮ ਸਵਰੂਪ ਅਜਿਹੇ ਸਿੱਟੇ ‘ਤੇ ਹੀ ਪਹੁੰਚਣਾ ਚਾਹੁੰਦਾ ਹੈ, ਜੋ ਆਰ. ਐਸ਼ ਐਸ਼ ਦੀ ਸਿਆਸਤ ਨੂੰ ਰਾਸ ਆਉਂਦਾ ਹੋਵੇ। ਉਂਜ, ਇਸ ਤਰ੍ਹਾਂ ਕਰਕੇ ਰਾਮ ਸਵਰੂਪ ਸਿੱਖ ਮਨ ਦੀ ਥਾਹ ਪਾਉਣ ਦੇ ਤਰੀਕਿਆਂ ਨੂੰ ਹੀ ਖਾਰਜ ਕਰ ਦਿੰਦਾ ਹੈ। ਮੈਕਾਲਿਫ ਵਲੋਂ ਸਿੱਖ ਧਰਮ ਅਤੇ ਇਤਿਹਾਸ ਬਾਰੇ ਲਿਖੇ ਛੇ ਵਡਮੁੱਲੇ ਗ੍ਰੰਥ ਸਿਰਫ ਅੰਗਰੇਜ਼ੀ ਜ਼ੁਬਾਨ ਦੇ ਮਾਧਿਅਮ ਰਾਹੀਂ ਸਿੱਖ ਅਕੀਦੇ ਅਤੇ ਇਤਿਹਾਸ ਦਾ ਖੋਜ ਕਾਰਜ ਹੀ ਨਹੀਂ ਸਗੋਂ ਉਨ੍ਹਾਂ ਨੇ ਸਿੱਖ ਧਰਮ ਦੇ ਗਿਆਨੀਆਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਮੂੰਹ-ਜ਼ੁਬਾਨੀ ਬਿਆਨ ਕੀਤੇ ਜਾਂਦੇ ਵੇਰਵਿਆਂ ਦੇ ਆਧਾਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨੂੰ ਵੀ ਕਲਮਬੱਧ ਕੀਤਾ ਹੈ।
ਇਤਿਹਾਸ ਦਾ ਤੋੜਿਆ-ਮਰੋੜਿਆ ਸਰੂਪ ਹੀ ਉਪਰੋਕਤ ਲਿਖਤ ਵਿਚ ਪੇਸ਼ ਕੀਤਾ ਗਿਆ, ਜੋ 1986 ਵਿਚ ਰਾਸ਼ਟਰੀ ਸਿੱਖ ਸੰਗਤ ਬਣਾਏ ਜਾਣ ਦਾ ਆਧਾਰ ਬਣਿਆ। ਆਰ. ਐਸ਼ ਐਸ਼ ਦੀ ਇਹ ਜ਼ਿੱਦ ਕਿ ਸਿੱਖ ਹਿੰਦੂ ਧਰਮ ਦਾ ਹੀ ਇਕ ਅੰਗ ਹਨ, ਨੂੰ ‘ਸੰਗਤ’ ਵਲੋਂ 1980ਵਿਆਂ ਦੇ ਅਖੀਰ ਵਿਚ ਅਤੇ 1990ਵਿਆਂ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ। ਇਹੀ ਇਸ ਜਥੇਬੰਦੀ ਦਾ ਸਿਧਾਂਤਕ ਆਧਾਰ ਬਣਿਆ। ਆਪਣੇ ਮੁਢਲੇ ਸਾਲਾਂ ਵਿਚ ‘ਸੰਗਤ’ ਨੇ ਸੀਤਾ ਰਾਮ ਗੋਇਲ ਅਤੇ ਰਾਮ ਸਵਰੂਪ ਦੀਆਂ ਦਲੀਲਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ।
‘ਰਾਸ਼ਟਰੀ ਸਿੱਖ ਸੰਗਤ: ਇਕ ਜਾਣ-ਪਛਾਣ’ ਨਾਂ ਦੇ ਕਿਤਾਬਚੇ, ਜੋ ‘ਸੰਗਤ’ ਦੇ ਲੁਧਿਆਣਾ ਸਥਿਤ ਦਫਤਰ ਵਲੋਂ ਸੰਸਥਾ ਦਾ ਇਕ ਦਹਾਕਾ ਪੂਰਾ ਹੋਣ ‘ਤੇ ਛਾਪਿਆ ਗਿਆ ਸੀ ਅਤੇ ਜਿਸ ਵਿਚ ਰਾਮ ਸਵਰੂਪ ਦੇ ਵਿਚਾਰ ਕਰੀਬ ਹੂ-ਬ-ਹੂ ਦਰਜ ਹਨ, ਅਨੁਸਾਰ ਸਿੱਖਾਂ ਦੀ ‘ਨਕਲੀ ਤੌਰ ‘ਤੇ’ ਵੱਖਰੀ ਪਛਾਣ ਘੜਨਾ ਅੰਗਰੇਜ਼ ਹਕੂਮਤ ਅਤੇ ਮੈਕਾਲਿਫ ਦੀ ‘ਸਾਜ਼ਿਸ਼’ ਸੀ: “ਮੈਕਾਲਿਫ ਨੇ ਸਿੱਖਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਧਰਮ ਵੱਖਰਾ ਹੈ, ਪਰ ਹਿੰਦੂ ਧਰਮ ਉਨ੍ਹਾਂ ਨੂੰ ਨਿਗਲਣ ਦਾ ਯਤਨ ਕਰ ਰਿਹਾ ਹੈ। ਹਿੰਦੂ ਧਰਮ ਖਤਰਨਾਕ ਅਜਗਰ ਵਾਂਗ ਹੈ। ਇਹ ਪਹਿਲਾਂ ਛੋਟੇ ਜਾਨਵਰਾਂ ਦੁਆਲੇ ਕੁੰਡਲੀ ਮਾਰ ਲੈਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਸਬੂਤਾ ਨਿਗਲ ਜਾਂਦਾ ਹੈ।”
ਇਸ ਤੋਂ ਅੱਗੇ ਇਸ ਨੇ ਦਾਅਵਾ ਕੀਤਾ ਕਿ ਅੰਗਰੇਜ਼ਾਂ ਵਲੋਂ ਉਨ੍ਹਾਂ ਦੀ ਅਲਹਿਦਾ ਪਛਾਣ ਘੜਨ ਤੋਂ ਪਹਿਲਾਂ ‘ਮੁਸਲਿਮ ਕਾਲ ਦੌਰਾਨ ਸਿੱਖ ਆਪਣੇ ਆਪ ਨੂੰ ਹਿੰਦੂ ਸਮਝਦੇ ਸਨ’ ਅਤੇ ਉਨ੍ਹਾਂ ਦੇ ਗੁਰੂਆਂ ਨੇ ਵੀ ਕਦੇ ਅਲਹਿਦਾ ਧਰਮ ਬਣਾਉਣ ਬਾਰੇ ਨਹੀਂ ਸੋਚਿਆ ਸੀ। ਰਾਮ ਸਵਰੂਪ ਦੇ ਕੇਂਦਰੀ ਨੁਕਤੇ ‘ਤੇ ਜ਼ੋਰ ਦਿੰਦਿਆਂ ਕਿਤਾਬਚਾ ਕਹਿੰਦਾ ਹੈ, “ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਮਸਲੇ ਦੀ ਅਸਲ ਜੜ੍ਹ ਨੂੰ ਫੜਿਆ ਜਾਵੇ ਅਤੇ ਲੋਕਾਂ ਨੂੰ ਸੱਚਾਈ ਦੱਸੀ ਜਾਵੇ।”
ਰਾਸ਼ਟਰੀ ਸਿੱਖ ਸੰਗਤ ਆਪਣੀ ਸਥਾਪਨਾ ਤੋਂ ਲੈ ਕੇ ਇਕ ਦਹਾਕੇ ਤੱਕ ਪੰਜਾਬ ਵਿਚ ਖੁੱਲ੍ਹ ਕੇ ਨਹੀਂ ਵਿਚਰੀ ਸਗੋਂ ਇਸ ਨੇ ਆਪਣਾ ਧਿਆਨ ਹੋਰ ਸੂਬਿਆਂ ਵਿਚ ਵੱਸਦੀ ਸਿੱਖ ਵਸੋਂ ‘ਤੇ ਕੇਂਦ੍ਰਿਤ ਕੀਤਾ। ਇਸੇ ਕਰਕੇ ਇਸ ਸਮੇਂ ਦੌਰਾਨ ਅਕਾਲ ਤਖਤ ਜ਼ਿਆਦਾਤਰ ਇਸ ਦੇ ਅਸਲ ਮਨੋਰਥ ਤੋਂ ਬੇਖਬਰ ਰਿਹਾ। ਪੰਜਾਬ ਤੋਂ ਬਾਹਰ ਵੱਸਦੇ ਸਿੱਖ 1984 ਦੇ ਕਤਲੇਆਮ ਦੇ ਝੰਬੇ ਹੋਏ ਅਤੇ ਡੂੰਘੇ ਸਦਮੇ ਵਿਚ ਸਨ, ਉਨ੍ਹਾਂ ਤਕ ਪਹੁੰਚ ਕਰਕੇ ‘ਸੰਗਤ’ ਨੇ ਖੁਦ ਨੂੰ ਹਿੰਦੂਆਂ ਅਤੇ ਸਿੱਖਾਂ ਵਿਚਾਲੇ ਆਪਸੀ ਸਦਭਾਵਨਾ ਮੁੜ ਕਾਇਮ ਕਰਨ ਵਾਲੀ ਸੰਸਥਾ ਦੇ ਤੌਰ ‘ਤੇ ਪੇਸ਼ ਕੀਤਾ।
ਜਦੋਂ 1997 ਵਿਚ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਅਤੇ ਕੇਂਦਰ ਵਿਚ ਵੀ 1998 ਵਿਚ ਐਨ. ਡੀ. ਏ. ਦੀ ਸਰਕਾਰ ਬਣ ਗਈ ਤਾਂ ‘ਸੰਗਤ’ ਨੇ ਇਸ ਸਿਆਸੀ ਬਦਲਾਓ ਦਾ ਭਰਪੂਰ ਲਾਹਾ ਲਿਆ। ਪਹਿਲਾਂ ਆਰ. ਐਸ਼ ਐਸ਼ ਦੇ ਇਸ ਗੁੱਟ ਨੇ ਪੰਜਾਬ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ, ਫਿਰ ਆਪਣੇ ਪੱਖੀ ਸੂਬਾਈ ਤੇ ਕੇਂਦਰ ਸਰਕਾਰਾਂ ਦੀ ਮਦਦ ਨਾਲ ਪੱਕੇ ਪੈਰੀਂ ਹੋ ਕੇ 1999 ਵਿਚ 300 ਸਾਧੂਆਂ ਨੂੰ ਅੰਮ੍ਰਿਤਸਰ ਦੀ ਯਾਤਰਾ ਲਈ ਭੇਜਿਆ, ਜੋ ਬਹੁਤੇ ਹਿੰਦੂ ਸਨ। ਦਿਖਾਵੇ ਦੇ ਤੌਰ ‘ਤੇ ਇਸ ਦਾ ਮਨੋਰਥ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਵਲੋਂ ਸਾਜੇ ਖਾਲਸਾ ਪੰਥ ਦੀ ਤੀਸਰੀ ਸ਼ਤਾਬਦੀ ਮਨਾਉਣਾ ਸੀ, ਪਰ ਇਸ ਦਾ ਅਸਲ ਮਨੋਰਥ ਇਹ ਸੰਦੇਸ਼ ਦੇਣਾ ਸੀ ਕਿ ਸਿੱਖ ਧਰਮ ਵੀ ਹਿੰਦੂ ਧਰਮ ਦਾ ਹੀ ਅੰਗ ਹੈ।
ਯਾਤਰਾ ਦੀ ਅਗਵਾਈ ਭਾਵੇਂ ਹਿੰਦੂ ਸਾਧ ਪ੍ਰੇਮਾ ਨੰਦ ਗਿਰੀ ਨੇ ਕੀਤੀ, ਜੋ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸਬੰਧਤ ਸੀ, ਪਰ ਇਸ ਦਾ ਅਸਲ ਸੰਚਾਲਨ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਚਿੰਰਜੀਵ ਸਿੰਘ ਨੇ ਕੀਤਾ। ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਅਤੇ ਇਸ ਦੀ ਸਮਾਪਤੀ ਅੰਮ੍ਰਿਤਸਰ ਵਿਖੇ ਕੀਤੀ ਗਈ; ਜਿਥੇ ਸ੍ਰੀ ਅਕਾਲ ਤਖਤ ਦੇ ਮੁਖੀ ਗਿਆਨੀ ਪੂਰਨ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਸਮੇਤ ਸਿੱਖ ਜਥੇਦਾਰਾਂ ਨੇ ਇਸ ਨੂੰ ‘ਜੀ ਆਇਆਂ’ ਆਖਿਆ।
ਅਵਿਨਾਸ਼ ਜੈਸਵਾਲ ਦੱਸਦਾ ਹੈ, “ਇਸ ਸਮਾਗਮ ਨਾਲ ਸਾਨੂੰ ਤਸੱਲੀ ਹੋਈ ਕਿ ਸੰਗਤ ਨੇ ਆਪਣਾ ਮਨੋਰਥ ਮੁੱਖ ਤੌਰ ‘ਤੇ ਪੂਰਾ ਕਰ ਲਿਆ ਹੈ। ਜਾਪਦਾ ਸੀ ਜਿਵੇਂ ਹਿੰਦੂ ਅਤੇ ਸਿੱਖ ਮੁੜ ਆਪਸ ਵਿਚ ਘੁਲ-ਮਿਲ ਗਏ ਸਨ, ਜਿਵੇਂ ਉਨ੍ਹਾਂ ਦਾ ਇਕ ਹੀ ਵਜੂਦ ਹੋ ਗਿਆ ਹੋਵੇ। ਆਰ. ਐਸ਼ ਐਸ਼ ਦੇ ਅੰਦਰ ਹੁਣ ਬਹਿਸ ਛਿੜ ਗਈ ਕਿ ਇਸ ਸੰਸਥਾ ਨੂੰ ਬਰਕਰਾਰ ਰੱਖਿਆ ਜਾਵੇ ਜਾਂ ਨਾ। ਇਕ ਹਿੱਸਾ ਮਹਿਸੂਸ ਕਰਦਾ ਸੀ ਕਿ ਰਾਸ਼ਟਰੀ ਸਿੱਖ ਸੰਗਤ ਨੇ ਆਪਣਾ ਮਨੋਰਥ ਪੂਰਾ ਕਰ ਲਿਆ ਹੈ, ਇਸ ਲਈ ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ; ਪਰ ਦੂਜੇ ਹਿੱਸੇ ਨੇ ਇਸ ਨੂੰ ਅਜੇ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ, ਕਿਉਂਕਿ ਅਜੇ ਵੀ ਸਿੱਖਾਂ ਦਾ ਇਕ ਸਮੂਹ ‘ਵੱਖਰੀ ਪਛਾਣ’ ਵਿਚ ਵਿਸ਼ਵਾਸ ਰੱਖਦਾ ਸੀ।”
ਇਸ ਸਮਾਗਮ ਨੂੰ ਲੈ ਕੇ ਸਿੱਖਾਂ ਵਿਚ ਵੀ ਬਹਿਸ ਛਿੜ ਗਈ। ਭਾਵੇਂ ਕਿਸੇ ਵੀ ਸਿੱਖ ਸੰਸਥਾ ਨੇ ਰਾਸ਼ਟਰੀ ਸਿੱਖ ਸੰਗਤ ਵਲੋਂ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਦੇ ਜਸ਼ਨ ਮਨਾਏ ਜਾਣ ਅਤੇ ਅਹਿਮ ਜਥੇਦਾਰਾਂ ਦੇ ਇਸ ਵਿਚ ਸ਼ਾਮਲ ਹੋਣ ‘ਤੇ ਇਤਰਾਜ਼ ਨਹੀਂ ਸੀ ਕੀਤਾ, ਪਰ ਭਾਈਚਾਰੇ ਅੰਦਰ ਇਸ ਨੂੰ ਲੈ ਕੇ ਵੱਡਾ ਰੋਸ ਸੀ। ਇਹ ਰੋਸ ਹੋਰ ਵੀ ਤਿੱਖਾ ਹੋ ਗਿਆ, ਜਦੋਂ ‘ਸੰਗਤ’ ਨੇ ਆਪਣੀ ਯਾਤਰਾ ਪਿਛੋਂ ਸਕੂਲਾਂ ਵਿਚ ਕਿਤਾਬਚੇ ਅਤੇ ਸਵਾਲਨਾਮਿਆਂ ਦੇ ਰੂਪ ਵਿਚ ਲਿਖਤਾਂ ਵੰਡੀਆਂ। ਇਨ੍ਹਾਂ ਵਿਚ ਕਿਹਾ ਗਿਆ ਸੀ ਕਿ ਸਿੱਖ ਹਿੰਦੂ ਧਰਮ ਦਾ ਅੰਗ ਹਨ। ਤੀਜੀ ਸ਼ਤਾਬਦੀ ਸਮਾਗਮਾਂ ਦੌਰਾਨ ਵੰਡੇ ਗਏ ਕਿਤਾਬਚੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਬਚਿੱਤਰ ਨਾਟਕ’ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਕਿ ਦਸ ਸਿੱਖ ਗੁਰੂ ਸਾਹਿਬਾਨ ਰਾਮ ਦਾ ਅਵਤਾਰ ਹਨ। ਉਸ ਕਿਤਾਬਚੇ ਅਨੁਸਾਰ ‘ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਅਤੇ ਗੁਰੂ ਸਾਹਿਬਾਨ ਦੇ ਪੈਰੋਕਾਰ ਵੱਖ-ਵੱਖ ਨਹੀਂ ਹਨ; ਉਹ ਤਾਂ ਸਾਰੇ ਇਕੋ ਸਮਾਜ ਦਾ ਅੰਗ ਹਨ ਅਤੇ ਇਹ ਹਿੰਦੂ ਸਮਾਜ ਹੈ। ਸਮੁੱਚਾ ਸੰਪਰਦਾਇ ਹਿੰਦੂ ਸਮਾਜ ਦਾ ਅਨਿੱਖੜ ਅੰਗ ਹੈ। ਆਰ. ਐਸ਼ ਐਸ਼ ਨਾਨਕ ਅਤੇ ਗੋਬਿੰਦ ਦੇ ਫਲਸਫੇ ਦੇ ਨਿਸ਼ਾਨਿਆਂ ਨੂੰ ਪੂਰੇ ਕਰਨ ਲਈ ਕੰਮ ਕਰ ਰਿਹਾ ਹੈ।”
ਮਾਮਲਾ ਹੋਰ ਵੀ ਪੇਚੀਦਾ ਹੋ ਗਿਆ, ਜਦੋਂ ਆਰ. ਐਸ਼ ਐਸ਼ ਨੇ ਸਕੂਲਾਂ ਵਿਚ ਆਮ ਗਿਆਨ ਦੇ ਮੁਕਾਬਲੇ ਕਰਵਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਸਵਾਲ ਇਸ ਤਰੀਕੇ ਨਾਲ ਬਣਾਏ ਕਿ ਸਿੱਖ ਧਰਮ ਅਤੇ ਇਸ ਦੇ ਚਿੰਨ੍ਹਾਂ ਨੂੰ ਹਿੰਦੂ ਧਰਮ ਨਾਲ ਜੋੜਿਆ ਜਾ ਸਕੇ। ਕੁਝ ਸਵਾਲ ਆਰ. ਐਸ਼ ਐਸ਼ ਅਤੇ ਸਿੱਖ ਗੁਰੂਆਂ ਬਾਰੇ ਰਲਗੱਡ ਕਰਕੇ ਬਣਾਏ ਗਏ। ਇਹ ਤਣਾਓ ਉਦੋਂ ਸਿਖਰ ‘ਤੇ ਪਹੁੰਚ ਗਿਆ, ਜਦੋਂ ਦਸੰਬਰ 2000 ਵਿਚ ‘ਸੰਗਤ’ ਨੇ ਪੰਜਾਬ ਦੇ ਮੰਦਿਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਬਾਣੀ ਦਾ ਪਾਠ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ।
‘ਸੰਗਤ’ ਦੀਆਂ ਇਨ੍ਹਾਂ ਸਰਗਰਮੀਆਂ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਅਕਾਲ ਤਖਤ ਦੇ ਨਵੇਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸਖਤ ਚਿਤਾਵਨੀ ਦਿੱਤੀ, “ਇਕ ਵਾਰ ਫਿਰ ਅਸੀਂ ਆਰ. ਐਸ਼ ਐਸ਼ ਅਤੇ ਇਸ ਨਾਲ ਸਬੰਧਤ ਜਥੇਬੰਦੀਆਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਅਜਿਹਾ ਸਾਹਿਤ ਛਾਪਣ ਤੇ ਵੰਡਣ ਤੋਂ ਬਾਜ ਆਉਣ, ਜਿਸ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਵਲੋਂ ਸਥਾਪਤ ਕੀਤੇ ਪਾਵਨ ਧਰਮ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਬਿਹਤਰ ਇਹੀ ਹੈ, ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ, ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ਼ ਜੀ. ਪੀ. ਸੀ.) ਅਤੇ ਸਿੱਖ ਸੰਸਥਾਵਾਂ, ਸੰਤ ਸਮਾਜ ਅਤੇ ਸਿੱਖ ਬੁੱਧੀਜੀਵੀ ਅਜਿਹੀਆਂ ਫੁੱਟਪਾਊ ਕਾਰਵਾਈਆਂ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।”
ਪੰਜਾਬ ਦੇ ਮੰਦਿਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਫੈਸਲੇ ਬਾਰੇ ਐਸ਼ ਜੀ. ਪੀ. ਸੀ. ਦੇ ਵਕੀਲ ਜਸਵਿੰਦਰ ਸਿੰਘ ਨੇ ਐਲਾਨ ਕੀਤਾ, “ਸਿੱਖ ਰਹਿਤ ਮਰਿਆਦਾ ਜਿਥੇ ਮੂਰਤੀਆਂ ਰੱਖੀਆਂ ਹੋਣ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸਖਤੀ ਨਾਲ ਮਨਾਹੀ ਕਰਦੀ ਹੈ।” ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਮੇਂ ਕੁੰਭ ਰੱਖਣਾ, ਘਿਓ ਦੀ ਜੋਤ ਜਗਾਉਣਾ, ਨਾਰੀਅਲ ਆਦਿ ਰੱਖਣਾ ਗੁਰਮਤਿ ਦੇ ਖਿਲਾਫ ਹੈ।”
ਗੜਬੜ ਹੁੰਦੀ ਦੇਖ ਕੇ ਰਾਸ਼ਟਰੀ ਸਿੱਖ ਸੰਗਤ ਨੇ ਆਪਣੀ ਯੋਜਨਾ ਵਾਪਸ ਲੈ ਲਈ, ਪਰ ਮੱਤਭੇਦ ਤਾਂ ਖੁੱਲ੍ਹ ਕੇ ਸਾਹਮਣੇ ਆ ਗਏ ਸਨ। ਉਦੋਂ ਹੀ ਜਥੇਦਾਰ ਵੇਦਾਂਤੀ ਨੇ ਆਰ. ਐਸ਼ ਐਸ਼ ‘ਤੇ ਇਕ ਹੋਰ ਵਾਰ ਕੀਤਾ। ਉਸ ਨੇ ਐਲਾਨ ਕੀਤਾ, “ਆਰ. ਐਸ਼ ਐਸ਼ ਦਾ ਨਜ਼ਰੀਆ ਔਰੰਗਜ਼ੇਬ ਵਰਗਾ ਹੈ। ਉਹ ਸਭ ਨੂੰ ਤਲਵਾਰ ਦੇ ਜ਼ੋਰ ਨਾਲ ਜਾਂ ਉਂਜ ਹੀ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਦਾ ਸੀ। ਐਨ ਉਸੇ ਤਰ੍ਹਾਂ ਆਰ. ਐਸ਼ ਐਸ਼ ਨੇ ਸਭ ਦਾ ਧਰਮ ਛੁਡਾ ਕੇ ਹਿੰਦੂ ਧਰਮ ਕਬੂਲ ਕਰਵਾਉਣ ਦੀ ਠਾਣੀ ਹੋਈ ਹੈ। ਇਸ ਦੀ ਵਿਚਾਰਧਾਰਾ ਸਿਰਫ ਸਿੱਖਾਂ ਲਈ ਹੀ ਨਹੀਂ, ਹੋਰ ਸਾਰੇ ਧਰਮਾਂ ਲਈ ਵੀ ਖਤਰਨਾਕ ਹੈ।”
ਇਸ ਹਮਲੇ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
(ਚਲਦਾ)