ਪ੍ਰਕਾਸ਼ ਪੁਰਬ ਮੌਕੇ ਛਿੜਿਆ ਮੁਹੱਬਤ ਦਾ ਰਾਗ

ਕਰਤਾਰਪੁਰ ਲਾਂਘੇ ਨੇ ਕੁੜਿੱਤਣ ਕਾਫੂਰ ਕੀਤੀ
ਚੰਡੀਗੜ੍ਹ: ਪਾਕਿਸਤਾਨ ਅਤੇ ਭਾਰਤ ਨੇ ਨਫਰਤਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਰਾਹੀਂ ਮੁੜ ਮੁਹੱਬਤ ਅਤੇ ਪਿਆਰ ਦੀ ਬਾਤ ਛੇੜੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੋਵਾਂ ਦੇਸ਼ਾਂ ਵਿਚਾਲੇ ਪੁਲ ਬਣੇ ਹਨ। 72 ਵਰ੍ਹਿਆਂ ਬਾਅਦ ਕਰਤਾਰਪੁਰ ਸਾਹਿਬ ਦੇ ਲਾਂਘਾ ਰਾਹੀਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਉਸਾਰੀ ਗਈ ਕੰਧ ਵਿਚ ਬਾਰੀ ਖੁੱਲ੍ਹੀ ਹੈ।

ਸੰਗਤ ਨੇ ਤਕਰੀਬਨ ਸੱਤ ਦਹਾਕਿਆਂ ਬਾਅਦ ਬਾਬੇ ਨਾਨਕ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕੀਤੇ। ਦੋਵਾਂ ਦੇਸ਼ਾਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਗੁਰਪੁਰਬ ਮਨਾਇਆ ਗਿਆ। ਸੰਗਤ ਨੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕੀਤੇ। ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਤਿਹਾਸ ਦੇ ਸੁਨਹਿਰੀ ਪੰਨੇ ਵਿਚ ਦਰਜ ਹੋ ਚੁੱਕਾ ਹੈ ਪਰ ਇਸ ਨੂੰ ਚਾਲੂ ਰੱਖਣ ਲਈ ਮੁਸ਼ੱਕਤ ਜਾਰੀ ਰੱਖਣੀ ਪਵੇਗੀ। ਸਿਆਸੀ ਆਗੂਆਂ ਵੱਲੋਂ ਲਾਂਘੇ ਨੂੰ ਖੋਲ੍ਹਣ ਸਮੇਂ ਕੀਤੀਆਂ ਤਕਰੀਰਾਂ ਇਹੀ ਸੰਦੇਸ਼ ਦਿੰਦੀਆਂ ਹਨ ਕਿ ਇਹ ਲਾਂਘਾ ਹੋਰ ਮੋਕਲਾ ਹੋਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਦਿੱਤੇ ਸੰਕੇਤ ਭਵਿਖ ਵਿਚ ਦੋਵਾਂ ਪੰਜਾਬਾਂ ਦੇ ਲੋਕਾਂ ਲਈ ਕੁਝ ਚੰਗਾ ਹੋਣ ਵੱਲ ਇਸ਼ਾਰਾ ਕਰਦੇ ਹਨ।
ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਗਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕਰਤਾਰਪੁਰ ਲਾਂਘੇ ਵਾਂਗ ਵਾਹਗਾ ਸਰਹੱਦ ਰਾਹੀਂ ਕਾਰੋਬਾਰ ਵਧਾਉਣ ਦੇ ਚੁੱਕੇ ਮੁੱਦੇ ਉਤੇ ਇਮਰਾਨ ਖਾਨ ਨੇ ਹਾਂਪੱਖੀ ਹੁੰਗਾਰਾ ਭਰਿਆ ਹੈ। ਸਿੱਧੂ ਨੇ ਪਾਕਿਸਤਾਨ ਸਰਕਾਰ ਅੱਗੇ ਖੁੱਲ੍ਹ ਕੇ ਮੰਗ ਰੱਖੀ ਕਿ ਪੰਜਾਬ ਦੇ ਲੋਕ ਹੁਣ ਉਹ ਦਿਨ ਦੇਖਣਾ ਚਾਹੁੰਦੇ ਹਨ, ਜਦੋਂ ਉਹ ਸਵੇਰੇ ਅੰਮ੍ਰਿਤਸਰੋਂ ਮੱਕੀ ਤੇ ਰੋਟੀ ਦੇ ਸਾਗ ਖਾ ਕੇ ਲਾਹੌਰ ਲਈ ਤੁਰਨ ਅਤੇ ਇਥੇ ਆਪਣਾ ਕੰਮ ਧੰਦਾ ਨਿਬੇੜ, ਬਰਿਆਨੀ ਖਾ ਸ਼ਾਮ ਨੂੰ ਮੁੜ ਵਤਨ ਪਰਤ ਆਉਣ। ਇਸ ਬਾਰੇ ਇਮਰਾਨ ਖਾਨ ਵਲੋਂ ਦਿੱਤਾ ਭਰੋਸਾ ਤਸੱਲੀ ਵਾਲਾ ਹੈ ਜਿਨ੍ਹਾਂ ਨੇ ਸਾਫ ਆਖ ਦਿੱਤਾ ਕਿ ਉਨ੍ਹਾਂ ਵਲੋਂ ਕੋਈ ਢਿੱਲ ਨਹੀਂ ਰਹੇਗੀ।
ਉਧਰ, ਲਾਂਘੇ ਰਾਹੀਂ ਕਰਤਾਰਪੁਰ ਦੇ ਦਰਸ਼ਨ ਕਰਕੇ ਪਰਤੇ ਪੰਜਾਬ ਦੇ ਸਿਆਸੀ ਆਗੂਆਂ ਦੇ ਰੁਖ ਵੀ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਗੱਲ-ਗੱਲ ਉਤੇ ਗੁਆਂਢੀ ਮੁਲਕ ਨੂੰ ਭੰਡਣ ਵਾਲੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਮੂੰਹੋਂ ਇਹੀ ਨਿਕਲਿਆ ਕਿ ਉਨ੍ਹਾਂ ਦੇ ਬੜੇ ਭੁਲੇਖੇ ਦੂਰ ਹੋ ਗਏ ਹਨ। ਇਥੋਂ ਤੱਕ ਕਿ ਭਾਰਤ ਵਾਲੇ ਪਾਸੇ ਲਾਂਘੇ ਦਾ ਉਦਘਾਟਨ ਕਰਨ ਵੇਲੇ ਪਾਕਿਸਤਾਨ ਨੂੰ ਵੰਗਾਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਆਂਢੀ ਮੁਲਕ ਤੋਂ ਪਰਤਦਿਆਂ ਹੀ ਇਮਰਾਨ ਖਾਨ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਲੱਗੇ। ਉਧਰ, ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕੋਲ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦਾ ਮੁੱਦਾ ਚੁੱਕਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਵੇਂ ਭਾਰਤੀ ਸਿੱਖਾਂ ਵਾਸਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰਿਆਂ ਵਾਸਤੇ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿਚ ਵੱਸਦੇ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾਵੇ।
ਕੁੱਲ ਮਿਲਾ ਕੇ ਇਸ ਲਾਂਘੇ ਨੂੰ ਦੋਵਾਂ ਮੁਲਕਾਂ ਵਿਚ ਪਈਆਂ ਦੂਰੀਆਂ ਘਟਾਉਣ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਹੈ। ਦੋਵਾਂ ਮੁਲਕਾਂ ਵਿਚਾਲੇ ਸਮਝੌਤੇ ਮੁਤਾਬਕ ਕਿਸੇ ਵੀ ਧਰਮ ਵਿਸ਼ਵਾਸ ਨਾਲ ਜੁੜਿਆ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਆ-ਜਾ ਸਕਦਾ ਹੈ। ਭਾਰਤੀ ਮੂਲ ਦੇ ਮੁਲਕ ਤੋਂ ਬਾਹਰ ਰਹਿੰਦੇ ਲੋਕ ਵੀ ਲਾਂਘਾ ਵਰਤ ਸਕਦੇ ਹਨ। ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਪਰ ਸ਼ਰਧਾਲੂਆਂ ਨੂੰ ਪਾਸਪੋਰਟ ਲਿਜਾਣਾ ਪਵੇਗਾ।
ਯਾਦ ਰਹੇ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੀਆਂ ਦੂਰੀਆਂ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਖਾਸਕਰ ਪੁਲਵਾਮਾ ਹਮਲੇ ਤੋਂ ਬਾਅਦ ਦੋਵਾਂ ਮੁਲਕਾਂ ਵਿਚ ਵਪਾਰ ਤਕਰੀਬਨ ਬੰਦ ਹੋ ਗਿਆ ਹੈ। ਪੰਜਾਬ ਵਿਚ ਹਜ਼ਾਰਾਂ ਵਪਾਰੀ ਤੇ ਉਨ੍ਹਾਂ ਨਾਲ ਕੰਮ ਕਰਦੇ ਲੋਕ ਬੇਰੁਜ਼ਗਾਰ ਹੋ ਗਏ ਹਨ। ਹੁਣ ਇਨ੍ਹਾਂ ਲੋਕਾਂ ਦੀ ਉਮੀਦ ਇਕ ਵਾਰ ਫਿਰ ਜਾਗੀ ਹੈ।
ਇਹ ਲਾਂਘਾ ਸਿਰਫ ਭਾਰਤੀ ਯਾਤਰੂਆਂ ਤੇ ਵਿਸ਼ੇਸ਼ ਤੌਰ ਉਤੇ ਸਿੱਖ ਭਾਈਚਾਰੇ ਨੂੰ ਸਰਹੱਦ ਪਾਰ ਸਥਿਤ ਸਿੱਖ ਧਰਮ ਦੀ ਅਕੀਦਤ ਦੇ ਕੇਂਦਰ ਤੇ ਹਿੰਦੂ, ਮੁਸਲਿਮ ਤੇ ਸਿੱਖਾਂ ਦੀ ਆਪਸੀ ਸਾਂਝ ਦੇ ਪ੍ਰਤੀਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ-ਦੀਦਾਰ ਹੀ ਨਹੀਂ ਕਰਵਾਏਗਾ ਸਗੋਂ ਦੋਵਾਂ ਮੁਲਕਾਂ ਵਿਚਾਲੇ ਲੰਬੇ ਸਮੇਂ ਤੋਂ ਬਣੀਆਂ ਆ ਰਹੀਆਂ ਸਰਹੱਦੀ ਤੇ ਸਿਆਸੀ ਤਲਖੀਆਂ ਨੂੰ ਵੀ ਖਤਮ ਕਰਨ ‘ਚ ਸਹਾਇਕ ਸਾਬਤ ਹੋਵੇਗਾ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਉਹ ਮੁਕੱਦਸ ਸਥਾਨ ਹੈ ਜਿਥੋਂ ਜਾਤ-ਪਾਤ ਤੇ ਊਚ-ਨੀਚ ਦੇ ਹਨੇਰੇ ਵਿਚ ਡੁੱਬੇ ਇਸ ਸੰਸਾਰ ਨੂੰ ਚਾਨਣ ਦਾ ਰਾਹ ਦਿਖਾ ਕੇ ਸਤਿਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ 70 ਸਾਲ 4 ਮਹੀਨੇ ਦੀ ਉਮਰ ਭੋਗੀ ਪਰ ਦੋਵਾਂ ਮੁਲਕਾਂ ਵਿਚਾਲੇ ਵੰਡ ਨੇ ਇਹ ਧਾਰਮਿਕ ਸਥਾਨ ਵੀ ਸਿੱਖਾਂ ਤੋਂ ਵਿਛੋੜ ਦਿੱਤਾ।
ਤਿੰਨ ਜੂਨ, 1947 ਨੂੰ ਹੋਏ ਐਲਾਨ ਮੁਤਾਬਕ ਗੁਰਦਾਸਪੁਰ ਦੀ ਹੱਦਬੰਦੀ ਕਰਨ ਵਾਲੇ ਅੰਗਰੇਜ਼ ਅਧਿਕਾਰੀ ਨੇ ਪੂਰੇ ਦਾ ਪੂਰਾ ਗੁਰਦਾਸਪੁਰ ਜ਼ਿਲ੍ਹਾ ਹੀ ਪਾਕਿਸਤਾਨ ‘ਚ ਪਾ ਦਿੱਤਾ ਪਰ ਬਾਅਦ ‘ਚ ਸਿਆਸੀ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਉਤੇ ਦੁਬਾਰਾ ਵਿਚਾਰ ਹੋਈ ਤਾਂ ਗੁਰਦਾਸਪੁਰ ਦੇ ਦੋ ਟੋਟੇ ਕੀਤੇ ਗਏ, ਇਕ ਹਿੱਸਾ ਪਾਕਿਸਤਾਨ ‘ਚ ਚਲਾ ਗਿਆ ਅਤੇ ਇਕ ਹਿੰਦੁਸਤਾਨ ਵਿਚ ਰਹਿ ਗਿਆ। ਮੁੜ ਹੋਈ ਹੱਦਬੰਦੀ ਨਾਲ ਕਰਤਾਰਪੁਰ ਐਨ ਸਰਹੱਦ ਦੇ ਉਪਰ ਪਾਕਿਸਤਾਨ ਦੀ ਤਰਫ ਚਲਾ ਗਿਆ। ਕਰੋੜਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ 1947 ਤੋਂ ਬਾਅਦ ਰੋਜ਼ਾਨਾ ਦੀ ਅਰਦਾਸ ‘ਚ ਸ਼ਾਮਲ, ਪੰਥ ਤੋਂ ਵਿਛੋੜੇ ਗਏ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣ ਦੀਆਂ ਅਰਦਾਸਾਂ ਕਰਦੇ ਆ ਰਹੇ ਹਨ, ਉਨ੍ਹਾਂ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਵਿਸ਼ੇਸ਼ ਸਥਾਨ ਹੈ। ਸੰਗਤ ਦੋਵੇਂ ਪਾਸੇ ਦੀਆਂ ਸਰਕਾਰਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨਾ ਪਾਸਪੋਰਟ-ਵੀਜ਼ਾ ਦੇ ਇਥੋਂ ਇਕ ਸਾਂਝਾ ਲਾਂਘਾ ਬਣਾਏ ਜਾਣ ਦੀ ਲੰਬੇ ਸਮੇਂ ਤੋਂ ਪੁਰਜ਼ੋਰ ਮੰਗ ਕਰਦੀ ਆ ਰਹੀ ਸੀ।
————————————–
ਜਦੋਂ ਪਹਿਲੀ ਵਾਰ ਉਭਰਿਆ ਸੀ ਮਸਲਾ…
ਕੌਮਾਂਤਰੀ ਪੱਧਰ ਉਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਮੁੱਦਾ ਪਹਿਲੀ ਵਾਰ ਸੰਨ 1999 ਵਿਚ ਉਦੋਂ ਉਭਰਿਆ ਜਦੋਂ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਉਤੇ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੌਰੇ ਉਤੇ ਗਏ। ਨਵੰਬਰ 2000 ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਤੇ ਲਾਹੌਰ ‘ਚ ਹੋਏ ਸੈਮੀਨਾਰ ‘ਚ ਐਲਾਨ ਕੀਤਾ ਗਿਆ ਕਿ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਤਰਫੋਂ ਡੇਰਾ ਬਾਬਾ ਨਾਨਕ ਲਈ ਸਾਂਝਾ ਲਾਂਘਾ ਬਣਾਉਣ ਲਈ ਤਿਆਰ ਹੈ ਪਰ ਇਹ ਕਾਰਜ ਭਾਰਤ ਸਰਕਾਰ ਵਲੋਂ ਹਾਂ-ਪੱਖੀ ਹੁੰਗਾਰਾ ਮਿਲਣ ਉਤੇ ਹੀ ਸੰਭਵ ਹੋ ਸਕੇਗਾ। ਸਾਲ 2001 ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ‘ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ’ ਕਾਇਮ ਕਰ ਕੇ ਇਸ ਮੁੱਦੇ ਨੂੰ ਵਿਸ਼ਾਲ ਪੱਧਰ ਉਤੇ ਉਭਾਰਿਆ ਤੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਸਾਂਝਾ ਲਾਂਘਾ ਬਣਾਏ ਜਾਣ ਲਈ ਸਹਿਮਤੀ ਪ੍ਰਗਟ ਕਰਨ ਦੇ 18 ਵਰ੍ਹੇ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਵਲੋਂ ਸਹਿਮਤੀ ਪ੍ਰਗਟ ਕੀਤੀ ਗਈ ਸੀ ਜਿਸ ਦੇ ਬਾਅਦ 26 ਨਵੰਬਰ ਨੂੰ ਭਾਰਤ ਪਾਸੇ ਡੇਰਾ ਬਾਬਾ ਨਾਨਕ ਤੇ 28 ਨਵੰਬਰ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਸ ਸਾਂਝੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ।