ਬਾਬੇ ਨਾਨਕ ਦਾ ਸਾਂਝੀਵਾਲਤਾ ਦਾ ਸੁਨੇਹਾ ਚਾਰ-ਚੁਫੇਰੇ ਗੂੰਜਿਆ

ਡੇਰਾ ਬਾਬਾ ਨਾਨਕ: ਪਿਛਲੇ 72 ਵਰ੍ਹਿਆਂ ਤੋਂ ਸੰਸਾਰ ਭਰ ਦੀ ਨਾਨਕ ਨਾਮ ਲੇਵਾ ਸੰਗਤ ਤੇ ਵਿਸ਼ੇਸ਼ ਤੌਰ ਉਤੇ ਸਿੱਖ ਕੌਮ ਵੱਲੋਂ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਕਾਲ ਪੁਰਖ ਦੇ ਹਜ਼ੂਰ ‘ਚ ਨਿੱਤ ਕੀਤੀ ਜਾ ਰਹੀ ਅਰਦਾਸ ਉਸ ਵੇਲੇ ਪੂਰੀ ਹੋਈ ਜਦੋਂ ਭਾਰਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਵਲੋਂ ਇਮਰਾਨ ਖਾਨ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਬਾਅਦ ਹੁਣ ਸੰਗਤ ਬਿਨਾਂ ਵੀਜ਼ਾ ਸਰਹੱਦ ਪਾਰ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਾਰ-ਵਾਰ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਸਿੱਖਿਆਵਾਂ ਦਾ ਵਰਨਣ ਕੀਤਾ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਦਾ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ। ਦੂਜੇ ਪਾਸੇ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿਚ ਬਣਾਈ ਗਈ ਇਕ ਵੱਡੀ ਸ੍ਰੀ ਸਾਹਿਬ ਅਤੇ ਪੱਥਰ ਤੋਂ ਪਰਦਾ ਹਟਾ ਕੇ ਉਦਘਾਟਨ ਦੀ ਰਸਮ ਨੂੰ ਪੂਰਾ ਕੀਤਾ। ਆਪਣੇ ਸੰਬੋਧਨ ‘ਚ ਉਨ੍ਹਾਂ ਆਖਿਆ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਸਿੱਖ ਆਪਣੇ ‘ਮਦੀਨੇ’ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਥੇ ਹਾਜ਼ਰ ਸਿੱਖਾਂ ਦੇ ਚਿਹਰੇ ਤੋਂ ਝਲਕਦੀ ਖੁਸ਼ੀ ਨੂੰ ਵੇਖ ਕੇ ਉਨ੍ਹਾਂ ਦਾ ਮਨ ਵੀ ਵਧੇਰੇ ਖੁਸ਼ ਹੈ। ਵਜ਼ੀਰੇ ਆਜ਼ਮ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੀ ਸਿੱਖ ਕੌਮ ਵਾਸਤੇ ਅਹਿਮੀਅਤ ਦਾ ਪਤਾ ਉਨ੍ਹਾਂ ਨੂੰ ਇਕ ਵਰ੍ਹੇ ਪਹਿਲਾਂ ਲੱਗਾ ਸੀ ਅਤੇ ਉਨ੍ਹਾਂ ਇਸ ਲਾਂਘੇ ਨੂੰ ਖੋਲ੍ਹਣ ਦਾ ਨਿਰਣਾ ਲਿਆ ਸੀ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਦੇ ਵਕਫੇ ਵਿਚ ਪਾਕਿਸਤਾਨੀਆਂ ਨੇ ਇਥੇ ਵੱਡੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਆਖਿਆ ਕਿ ਲੀਡਰ ਉਹੀ ਹੁੰਦਾ ਹੈ, ਜੋ ਇਨਸਾਨਾਂ ਨੂੰ ਇਕੱਠਾ ਕਰਦਾ ਹੈ, ਉਨ੍ਹਾਂ ਵਿਚ ਨਫਰਤ ਨਹੀਂ ਫੈਲਾਉਂਦਾ ਹੈ ਅਤੇ ਨਫਰਤ ਫੈਲਾ ਕੇ ਵੋਟਾਂ ਨਹੀਂ ਮੰਗਦਾ ਹੈ।
ਦੱਖਣੀ ਅਫਰੀਕਾ ਦੇ ਆਗੂ ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਉਸ ਨੇ 26 ਸਾਲ ਜੇਲ੍ਹ ਵਿਚ ਰਹਿ ਕੇ ਤਸ਼ੱਦਦ ਝੱਲਣ ਦੇ ਬਾਵਜੂਦ ਤਸ਼ੱਦਦ ਕਰਨ ਵਾਲਿਆਂ ਨੂੰ ਮੁਆਫ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀਰ ਪੈਗੰਬਰਾਂ ਨੇ ਵੀ ਇਨਸਾਨੀਅਤ ਦੀ ਗੱਲ ਕੀਤੀ ਹੈ। ਜਦੋਂ ਮੈਂ ਵਜ਼ੀਰੇ ਆਜ਼ਮ ਬਣਿਆ ਸੀ ਤਾਂ ਆਪਣੇ ਹਮਰੁਤਬਾ ਨਰਿੰਦਰ ਮੋਦੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੁਖਾਲੇ ਸਬੰਧ ਬਣਾਉਣ ਦਾ ਹੋਕਾ ਦਿੱਤਾ ਸੀ। ਉਨ੍ਹਾਂ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਵੱਡੀ ਗਿਣਤੀ ਵਿਚ ਤਾਇਨਾਤ ਭਾਰਤੀ ਫੌਜ ਵੱਲੋਂ ਕਸ਼ਮੀਰੀਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਗੁਰੂ ਨਾਨਕ ਦੇਵ ਦੀ ਬਾਣੀ ਕੇਵਲ ਭਾਰਤ ਦੀ ਧਰੋਹਰ ਨਹੀਂ ਸਗੋਂ ਪੂਰੀ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ। ਕਾਰੀਡੋਰ ਅਤੇ ਚੈੱਕਪੋਸਟ ਦੋਹਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਅਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ।” ਕਰਤਾਰਪੁਰ ਦੀ ਧਰਤੀ ਨੂੰ ਬਾਬਾ ਨਾਨਕ ਦੀ ਕਰਮੀ ਭੂਮੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸੀਨੇ ਅਤੇ ਹਵਾ ਵਿਚ ਬਾਣੀ ਦੀ ਮਹਿਕ ਘੁਲੀ ਹੋਈ ਹੈ। ‘ਇਸ ਧਰਤੀ ਤੋਂ ਬਾਬੇ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀ ਰੀਤ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਬਾਣੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਹੈ। ਬਾਬਾ ਨਾਨਕ ਦੇ ਸਾਥੀ ਭਾਈ ਮਰਦਾਨਾ ਅਤੇ ਲਾਲੋ ਸਨ, ਜਿਨ੍ਹਾਂ ਦੇ ਸਾਥ ਤੋਂ ਸਪੱਸ਼ਟ ਹੈ ਕਿ ਉਹ ਅਮੀਰ ਤੇ ਗਰੀਬ ਵਿਚਾਲੇ ਵਿਤਕਰਾ ਜਾਂ ਫਰਕ ਨਹੀਂ ਕਰਦੇ ਸਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਨਾਨਕ ਨੇ 500 ਸਾਲ ਪਹਿਲਾਂ ਪੌਣ, ਪਾਣੀ ਅਤੇ ਧਰਤੀ ਬਾਰੇ ਆਪਣੀ ਚਿੰਤਾ ਜ਼ਾਹਿਰ ਕਰ ਦਿੱਤੀ ਸੀ ਜਦੋਂ ਕਿ ਉਸ ਵੇਲੇ ਪਾਣੀ ਆਦਿ ਦੀ ਕੋਈ ਘਾਟ ਨਹੀਂ ਸੀ ਪਰ ਅੱਜ ਵਾਤਾਵਰਣ ਨੂੰ ਗੰਭੀਰ ਖਤਰਾ ਖੜ੍ਹਾ ਹੋ ਗਿਆ ਹੈ। ਇਸ ਸੰਦਰਭ ਵਿਚ ਬਾਬਾ ਨਾਨਕ ਦੀ ਬਾਣੀ ਉਨੀ ਹੀ ਤਰਕਸੰਗਤ ਹੈ, ਜਿੰਨੀ 550 ਸਾਲ ਪਹਿਲਾਂ ਸੀ। ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਹੁਣ ਜੰਮੂ ਕਸ਼ਮੀਰ ਵਿਚ ਜ਼ਮੀਨ ਖਰੀਦ ਸਕਦੇ ਹਨ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਹੋਰ ਵੀ ਸਾਰੇ ਅਧਿਕਾਰ ਮਿਲ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ‘ਕੌਮੀ ਸੇਵਾ ਐਵਾਰਡ’ ਨੂੰ ਉਨ੍ਹਾਂ ਪੀਰਾਂ ਪੈਗੰਬਰਾਂ ਦੇ ਗੌਰਵ, ਪਿਆਰ ਅਤੇ ਤਪੱਸਿਆ ਦਾ ਪ੍ਰਸਾਦ ਆਖਿਆ, ਜਿਸ ਨੂੰ ਉਨ੍ਹਾਂ ਗੁਰੂ ਚਰਨਾਂ ਵਿਚ ਸਮਰਪਿਤ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਸ਼ਰਧਾ ਭਾਵ ਨਾਲ ਮਨਾ ਰਹੀ ਹੈ ਅਤੇ ਇਸ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮੁੱਚੇ ਵਿਸ਼ਵ ਵਿਚ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਯੂਨੈਸਕੋ ਦੀ ਮਦਦ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ।
ਬਰਤਾਨੀਆ ਵਿਚ ਇਕ ਯੂਨੀਵਰਸਿਟੀ ਵਿਚ ਗੁਰੂ ਸਾਹਿਬ ਦੇ ਨਾਂ ਦੀ ਚੇਅਰ ਸਥਾਪਤ ਕੀਤੀ ਗਈ ਹੈ ਅਤੇ ਕੈਨੇਡਾ ਵਿਚ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ। ਜਦੋਂ ਜਥਾ ਕੁਝ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਮਨ ਦਾ ਪੈਗਾਮ ਦਿੱਤਾ ਸੀ। ਉਸੇ ਤਹਿਤ ਹੀ ਅੱਜ ਪਾਕਿਸਤਾਨ ਵਿਚ ਸਮੁੱਚੇ ਸਿੱਖ ਭਾਈਚਾਰੇ ਨੂੰ ਖੁਸ਼ਆਮਦੀਦ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਸਮੇਤ ਬਰਤਾਨੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਵਿਚ ਬੈਠੇ ਸਮੂਹ ਸਿੱਖਾਂ ਲਈ ਪਾਕਿਸਤਾਨ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ।
_________________________________________
ਅਮਰੀਕਾ ਵੱਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ
ਸੰਯੁਕਤ ਰਾਸ਼ਟਰ/ਵਾਸ਼ਿੰਗਟਨ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਂਘੇ ਰਾਹੀਂ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਮਝ ਵਧੇਗੀ ਅਤੇ ਧਰਮਾਂ ਵਿਚਕਾਰ ਸਦਭਾਵਨਾ ਦਾ ਮਾਹੌਲ ਬਣੇਗਾ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਮੌਰਗਨ ਓਰਟਾਗਸ ਨੇ ਟਵਿੱਟਰ ਉਤੇ ਪਾਈ ਪੋਸਟ ‘ਚ ਦੋਵੇਂ ਮੁਲਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਆਂਢੀ ਮੁਲਕਾਂ ਵਿਚਕਾਰ ਆਪਸੀ ਲਾਹੇ ਲਈ ਰਲ ਕੇ ਕੰਮ ਕਰਨ ਦੀ ਹਾਂ-ਪੱਖੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਵਾਂ ਲਾਂਘਾ ਧਾਰਮਿਕ ਆਜ਼ਾਦੀ ਨੂੰ ਹੁਲਾਰਾ ਦੇਣ ਲਈ ਉਠਾਇਆ ਗਿਆ ਵੱਡਾ ਕਦਮ ਹੈ।
_________________________________________
ਹਰ ਫਿਰਕੇ ਨਾਲ ਜੁੜਿਆ ਭਾਰਤੀ ਵਰਤ ਸਕੇਗਾ ਲਾਂਘਾ
ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਂਝੀ ਚੈੱਕ ਪੋਸਟ (ਆਈ.ਸੀ.ਪੀ.) ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਮੌਕੇ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਸ਼ਰਧਾਲੂ ਵੱਲੋਂ ਰਜਿਸਟਰੇਸ਼ਨ ਜ਼ਰੂਰੀ ਹੋਵੇਗੀ। ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ 24 ਅਕਤੂਬਰ ਨੂੰ ਸਮਝੌਤਾ ਹੋਇਆ ਸੀ ਤੇ ਇਸੇ ਤਹਿਤ ਕੌਮਾਂਤਰੀ ਸਰਹੱਦ ਉਤੇ ਜ਼ੀਰੋ ਲਾਈਨ ਉਤੇ ਉਸਾਰੇ ਲਾਂਘੇ ਰਾਹੀਂ ਆਵਾਜਾਈ ਹੋਵੇਗੀ। ਸਮਝੌਤੇ ਮੁਤਾਬਕ ਕਿਸੇ ਵੀ ਧਰਮ ਵਿਸ਼ਵਾਸ ਨਾਲ ਜੁੜਿਆ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਆ-ਜਾ ਸਕਦਾ ਹੈ। ਭਾਰਤੀ ਮੂਲ ਦੇ ਮੁਲਕ ਤੋਂ ਬਾਹਰ ਰਹਿੰਦੇ ਵਿਅਕਤੀ ਵੀ ਲਾਂਘਾ ਵਰਤ ਸਕਦੇ ਹਨ। ਯਾਤਰਾ ਲਈ ਵੀਜ਼ਾ ਦੀ ਲੋੜ ਨਹੀਂ ਹੋਵੇਗੀ ਪਰ ਸ਼ਰਧਾਲੂਆਂ ਨੂੰ ਪਾਸਪੋਰਟ ਲਿਜਾਣਾ ਪਵੇਗਾ। ਭਾਰਤੀ ਮੂਲ ਦੇ ਮੁਲਕ ਤੋਂ ਬਾਹਰ ਰਹਿੰਦੇ ਵਿਅਕਤੀਆਂ ਨੂੰ ਓ.ਸੀ.ਆਈ. ਕਾਰਡ ਲਿਜਾਣਾ ਪਵੇਗਾ ਤੇ ਜਿਸ ਮੁਲਕ ਵਿਚ ਉਹ ਰਹਿ ਰਹੇ ਹਨ, ਉਥੋਂ ਦਾ ਪਾਸਪੋਰਟ ਦਿਖਾਉਣਾ ਪਵੇਗਾ। ਸ਼ਰਧਾਲੂਆਂ ਨੂੰ ਆਨਲਾਈਨ ਪੋਰਟਲ ਬਗਾ ਉਤੇ ਰਜਿਸਟਰ ਕਰਨਾ ਹੋਵੇਗਾ। ਸ਼ਰਧਾਲੂਆਂ ਨੂੰ ਤਿੰਨ ਜਾਂ ਚਾਰ ਦਿਨ ਪਹਿਲਾਂ ਯਾਤਰਾ ਲਈ ਪ੍ਰਵਾਨਗੀ ਮਿਲਣ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।