ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ-ਦੀਦਾਰ, ਸੰਗਤਾਂ ਨੇ ਘੱਤੀਆਂ ਵਹੀਰਾਂ

ਕਰਤਾਰਪੁਰ ਸਾਹਿਬ: ਲਾਂਘਾ ਖੁੱਲ੍ਹਣ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਨੇ ਵਹੀਰਾਂ ਘੱਤੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਵਿਚ ਭਾਰਤੀ ਸ਼ਰਧਾਲੂਆਂ ਤੋਂ ਇਲਾਵਾ ਇਥੋਂ ਦੇ (ਪਾਕਿਸਤਾਨ) ਸਥਾਨਕ ਸ਼ਰਧਾਲੂ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਬਹੁ-ਗਿਣਤੀ ਸ਼ਰਧਾਲੂ ਪਿਸ਼ਾਵਰ, ਸਿੰਧ ਤੇ ਪਾਕਿ ਦੇ ਹੋਰਨਾਂ ਸਥਾਨਾਂ ਤੋਂ ਪੁੱਜ ਰਹੇ ਹਨ। ਸਿੱਖ ਸੰਗਤ ਵੱਲੋਂ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਰੱਜ ਕੇ ਤਰੀਫ ਕੀਤੀ ਜਾ ਰਹੀ ਹੈ।

ਗੁਰਦੁਆਰਾ ਸਾਹਿਬ ਦਾ ਗਲਿਆਰਾ ਇੰਨਾ ਵੱਡਾ ਹੈ ਕਿ ਸੰਗਤਾਂ ਪੂਰਾ ਗਲਿਆਰਾ, ਖੰਡਾ ਸਾਹਿਬ, ਅੰਗੀਠਾ ਸਾਹਿਬ, ਲੰਗਰ ਹਾਲ, ਪਾਕਿਸਤਾਨ ਦੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਪੇਂਟਿੰਗਾਂ, ਸਰਾਂ ਤੇ ਹੋਰ ਆਲੀਸ਼ਾਨ ਤਰੀਕੇ ਨਾਲ ਬਣਾਏ ਸਥਾਨ ਵੇਖ ਕੇ ਅਛ-ਅਛ ਕਰ ਉੱਠੀਆਂ। ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਲਾਏ ਗਏ ਖੂਹ ਦੀਆਂ ਟਿੰਡਾਂ ਅਜੇ ਵੀ ਪਾਣੀ ਕੱਢ ਰਹੀਆਂ ਹਨ। ਭਾਵੇਂ ਇਹ ਖੂਹ ਬਿਜਲੀ ਦੀ ਮੋਟਰ ਨਾਲ ਚਲਾਇਆ ਜਾ ਰਿਹਾ ਹੈ, ਜਦ ਕਿ ਇਸ ਖੂਹ ‘ਚੋਂ ਨਿਕਲਣ ਵਾਲੇ ਪਾਣੀ ਵਿਚੋਂ ਅਜੇ ਵੀ ਖੁਸ਼ਬੂ ਆਉਂਦੀ ਹੈ, ਜਿਸ ਨੂੰ ਸੰਗਤ ਅੰਮ੍ਰਿਤ ਰੂਪ ਜਲ ਲਈ ਘਰਾਂ ਨੂੰ ਲਿਜਾਂਦੀ ਹੈ। ਸ਼ਰਧਾਲੂ ਆਪਣੇ ਦੇਸ਼ ਤੇ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਸਰਲ ਕਾਗਜ਼ੀ ਕਾਰਵਾਈ ਤੇ ਪ੍ਰਬੰਧਾਂ ਤੋਂ ਬਹੁਤ ਖੁਸ਼ ਹੋਏ, ਕਿਉਂਕਿ ਪਹਿਲਾਂ ਸ਼ਰਧਾਲੂ ਸੋਚਦੇ ਸਨ ਕਿ ਸ਼ਾਇਦ ਪਾਕਿਸਤਾਨ ਜਾਣ ਲਈ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਣਗੇ, ਪਰ ਕਈ ਸ਼ਰਧਾਲੂਆਂ ਕੋਲ ਇਕ ਤੋਂ ਵੱਧ ਮੋਬਾਈਲ ਵੀ ਸਨ ਤੇ ਵੱਡੇ ਕੈਮਰੇ ਵੀ ਸਨ। ਪਾਕਿਸਤਾਨ ਸਰਕਾਰ ਵੱਲੋਂ ਕੀਤੀ ਜਾਂਦੀ ਸਾਮਾਨ ਦੀ ਸਕੈਨਿੰਗ ‘ਚ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨੂੰ ਤੁਰਤ ਹੱਲ ਕਰ ਦੇਣ ਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਬਣਾਏ ਇਮੀਗ੍ਰੇਸ਼ਨ ਕੇਂਦਰ ‘ਚ ਹਰ ਤਰ੍ਹਾਂ ਦੀ ਸਹੂਲਤ ਭਾਰਤ ਦੀ ਤਰ੍ਹਾਂ ਹੀ ਹੈ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਵੱਲੋਂ ਪਾਕਿ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਜਾਣ ਵਾਲੀ 20 ਡਾਲਰ ਫੀਸ ਲਈ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਸਥਿਤ ਇਮੀਗ੍ਰੇਸ਼ਨ ਕੇਂਦਰਾਂ ‘ਚ ਬੈਂਕ ਸਥਾਪਿਤ ਕੀਤੇ ਗਏ ਹਨ, ਜਿਥੇ ਪਾਕਿਸਤਾਨ ਵਾਲੇ ਪਾਸੇ ਭਾਰਤੀ ਕਰੰਸੀ, ਡਾਲਰ ਤੇ ਪਾਕਿ ਕਰੰਸੀ ਵਿਚ ਤਬਦੀਲ ਹੋ ਜਾਂਦੀ ਹੈ, ਉਥੇ ਹੀ ਜੇਕਰ ਕਿਸੇ ਨੇ ਭਾਰਤ ਵਾਲੇ ਪਾਸਿਉਂ ਕਰੰਸੀ ਤਬਦੀਲ ਕਰਵਾਉਣੀ ਹੋਵੇ ਤਾਂ ਉਹ ਭਾਰਤੀ ਟਰਮੀਨਲ ‘ਤੇ ਸਥਾਪਿਤ ਬੈਂਕ ਵਿਚੋਂ ਕਰਵਾ ਸਕਦਾ ਹੈ। ਭਾਰਤੀ ਯਾਤਰੀ ਟਰਮੀਨਲ ‘ਚੋਂ ਕਾਗਜ਼ੀ ਕਾਰਵਾਈ ਕਰਨ ਉਪਰੰਤ ਜਦੋਂ ਸ਼ਰਧਾਲੂ ਭਾਰਤ-ਪਾਕਿ ਜ਼ੀਰੋ ਲਾਇਨ ਪਾਰ ਕਰਕੇ ਪਾਕਿ ਵੱਲ ਦਾਖਲ ਹੁੰਦੇ ਹਨ ਤਾਂ ਉਥੇ ਸੁਰੱਖਿਆ ਲਈ ਤਾਇਨਾਤ ਅਮਲੇ ਵੱਲੋਂ ਪਿਆਰ ਦੀ ਭਾਵਨਾ ਵਧਾਉਣ ਲਈ ਇਨ੍ਹਾਂ ਸ਼ਰਧਾਲੂਆਂ ਨੂੰ ਸਤਿ ਸ੍ਰੀ ਅਕਾਲ ਕਹਿਣ ਤੋਂ ਇਲਾਵਾ ‘ਜੀ ਆਇਆਂ ਨੂੰ’ ਕਹਿ ਕੇ ਸਵਾਗਤ ਕੀਤਾ ਜਾਂਦਾ ਹੈ।
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਭਾਵੇਂ ਪਾਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਚੌਗਿਰਦੇ ‘ਚ 8 ਫੁੱਟ ਤੋਂ ਉੱਚੀ ਕੰਡਿਆਲੀ ਤਾਰ ਲਾਈ ਹੋਈ ਹੈ ਤੇ ਇਸ ਦੀ ਸੁਰੱਖਿਆ ਲਈ ਸੁਰੱਖਿਆ ਦਸਤੇ ਵੀ ਘੁੰਮਦੇ ਰਹਿੰਦੇ ਹਨ, ਜਦ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਵੀ ਪੁਲਿਸ ਅਧਿਕਾਰੀ ਘੁੰਮਦਾ ਨਜ਼ਰੀਂ ਨਹੀਂ ਪਿਆ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਇਲਾਵਾ ਵੀਜ਼ਾ ਲੈ ਕੇ ਤੇ ਪਾਕਿ ਦੇ ਪਹੁੰਚੇ ਸ਼ਰਧਾਲੂਆਂ ਵੱਲੋਂ ਆਜ਼ਾਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਗਏ। ਭਾਰਤੀ ਸਰਹੱਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਚੌਗਿਰਦੇ ‘ਚ ਪਹੁੰਚਣ ਲਈ ਸੰਗਤ ਦੀ ਸੁਰੱਖਿਆ ਲਈ ਵੀ ਪਾਕਿ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂ ਸਿਰਫ ਚੌਗਿਰਦੇ ‘ਚ ਹੀ ਘੁੰਮ ਸਕਦੇ ਹਨ।
ਗੁਰਦੁਆਰਾ ਸਾਹਿਬ ਦੇ ਬਾਹਰ ਤਿਆਰ ਕੀਤੇ ਵਿਸ਼ੇਸ਼ ਬਾਜ਼ਾਰ ‘ਚ ਲੱਗੀਆਂ ਵੱਖ-ਵੱਖ ਸਾਮਾਨ ਦੀਆਂ ਦੁਕਾਨਾਂ ਤੋਂ ਸ਼ਰਧਾਲੂਆਂ ਵੱਲੋਂ ਖਰੀਦਦਾਰੀ ‘ਚ ਦਿਲਚਸਪੀ ਵਿਖਾਈ ਗਈ। ਇਥੇ ਲੱਗੇ ਬਾਜ਼ਾਰਾਂ ਦੀਆਂ ਦੁਕਾਨਾਂ ‘ਚੋਂ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਦੇ ਕੱਪੜੇ, ਜੁੱਤੀਆਂ ਤੇ ਹੋਰ ਸਜਾਵਟੀ ਸਾਮਾਨ ਖਰੀਦਿਆ ਗਿਆ। ਦਰਸ਼ਨਾਂ ਲਈ ਗਈ ਸੰਗਤ ਵੱਲੋਂ ਆਪਣੇ ਮੋਬਾਈਲ ਤੇ ਡਿਜੀਟਲ ਕੈਮਰਿਆਂ ਨਾਲ ਜਿਥੇ ਗੁਰੂ ਦੀਆਂ ਯਾਦਗਾਰੀ ਤਸਵੀਰਾਂ ਲਈਆਂ ਗਈਆਂ, ਉਥੇ ਹੀ ਸ਼ਰਧਾਲੂਆਂ ਵੱਲੋਂ ਪਾਕਿ ਫੌਜ ਨਾਲ ਵੀ ਸੈਲਫੀਆਂ ਤੇ ਤਸਵੀਰਾਂ ਖਿਚਵਾਈਆਂ ਗਈਆਂ। ਪਾਕਿ ਫੌਜ ਅਧਿਕਾਰੀਆਂ ਵੱਲੋਂ ਵੀ ਖੁਸ਼ਗਵਾਰ ਮਾਹੌਲ ‘ਚ ਭਾਰਤੀ ਸ਼ਰਧਾਲੂਆਂ ਨਾਲ ਪਿਆਰ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ।
______________________________________
ਸਿਆਸੀ ਆਗੂਆਂ ਵੱਲੋਂ ਵੀ ਪਾਕਿਸਤਾਨ ਦੇ ਗੁਣਗਾਨ
ਗੁਰਦੁਆਰਾ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਬਿਨਾਂ ਵੀਜ਼ਾ ਪਹਿਲੀ ਵਾਰ ਦਰਸ਼ਨ ਦੀਦਾਰ ਕਰ ਕੇ ਪਰਤੇ ਸਿੱਖ ਸ਼ਰਧਾਲੂਆਂ ਨੇ ਪਾਕਿਸਤਾਨ ਵਿਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਪਸੀ ਮੌਕੇ ਆਖਿਆ ਕਿ ਇਹ ਪਹਿਲਾ ਮੌਕਾ ਸੀ ਜਦੋਂ ਉਹ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਹਨ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਾਲੇ ਪਾਸੇ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰ ਕਰਨ ਮਗਰੋਂ ਦੋਵਾਂ ਸਰਕਾਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਪਾਕਿਸਤਾਨ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਉਦਘਾਟਨੀ ਸਮਾਗਮ ਲਈ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਮੁੱਖ ਮਹਿਮਾਨ ਦੀ ਥਾਂ ਨਿਮਾਣੇ ਸਿੱਖ ਵਜੋਂ ਜਾਣ ਨੂੰ ਤਰਜੀਹ ਦਿੱਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੱਜ ਗੁਰਦੁਆਰਾ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਕਰ ਕੇ ਉਹ ਪ੍ਰਸੰਨ ਹਨ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਉਧਰ ਉਦਘਾਟਨੀ ਸਮਾਗਮ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।
___________________________________
ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ: ਪਾਕਿਸਤਾਨ
ਇਸਲਾਮਾਬਾਦ: ਪਾਕਿਸਤਾਨੀ ਫੌਜ ਦੇ ਤਰਜਮਾਨ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਲਾਜ਼ਮੀ ਕਰਾਰ ਦਿੱਤੇ ਜਾਣ ਦੇ ਬਿਆਨ ਕਰਕੇ ਬਣੀ ਦੁਚਿੱਤੀ ਨੂੰ ਦੂਰ ਕਰਦਿਆਂ ਪਾਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ। ਮੰਤਰਾਲੇ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ ਕਿ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਇਕ ਸਾਲ ਲਈ ਪਾਸਪੋਰਟ ਦੀ ਸ਼ਰਤ ਤੋਂ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿ ਫੌਜ ਦੇ ਤਰਜਮਾਨ ਮੇਜਰ ਜਨਰਲ ਆਸਿਫ ਗਫ਼ੂਰ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਹਰ ਹਾਲ ਲੋੜੀਂਦਾ ਹੋਵੇਗਾ।