ਇਮਰਾਨ ਖਾਨ ਦੀ ਤਕਰੀਰ ਨੇ ਜਿੱਤਿਆ ਸਭ ਦਾ ਦਿਲ

ਅੰਮ੍ਰਿਤਸਰ: ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਪਾਕਿ ਦੇ ਜ਼ਿਲ੍ਹਾ ਨਾਰੋਵਾਲ ‘ਚ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖ ਕੌਮ ਲਈ ਕੀ ਮਹੱਤਤਾ ਹੈ ਪਰ ਜਦੋਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਰੋਹ ‘ਚ ਪਹੁੰਚੇ ਭਾਰਤੀ ਸਿਆਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਉਕਤ ਅਸਥਾਨ ਦੀ ਮਹੱਤਤਾ ਦੱਸੀ ਤਾਂ ਉਨ੍ਹਾਂ ਨਿਸ਼ਚਾ ਕੀਤਾ ਕਿ ਉਹ ਸਿੱਖ ਕੌਮ ਨੂੰ ਇਹ ਤੋਹਫਾ ਜ਼ਰੂਰ ਭੇਟ ਕਰਨਗੇ।

ਉਨ੍ਹਾਂ ਕਿਹਾ ਕਿ ਮੈਂ ਮੁਸਲਮਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਨਾਲ ਉਹ ਮਦੀਨਾ ਨੂੰ 4-5 ਕਿੱਲੋਮੀਟਰ ਦੂਰ ਤੋਂ ਵੇਖ ਸਕਣ ਪਰ ਕੋਲ ਜਾਣ ਦੀ ਇਜਾਜ਼ਤ ਨਾ ਹੋਵੇ ਤਾਂ ਉਨ੍ਹਾਂ ਦੇ ਦਿਲ-ਦਿਮਾਗ ‘ਤੇ ਇਸ ਦਾ ਜੋ ਅਸਰ ਹੋਵੇਗਾ, ਸਿੱਖ ਕੌਮ ‘ਤੇ ਉਹੀ ਅਸਰ 72 ਵਰ੍ਹਿਆਂ ਤੋਂ ਸਰਹੱਦ ਪਾਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਮੌਕੇ ਹੋ ਰਿਹਾ ਸੀ।
ਉਨ੍ਹਾਂ ਲਾਂਘੇ ਦੀ ਉਸਾਰੀ ਕਰਵਾਉਣ ਵਾਲੀ ਫਰੰਟੀਅਰ ਵਰਕਰਜ਼ ਆਰਗੇਨਾਈਜ਼ੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਦੇ ਵੀ ਸੋਚ ਨਹੀਂ ਸਕਦੇ ਸਨ ਕਿ ਕਈ ਵਰ੍ਹਿਆਂ ‘ਚ ਮੁਕੰਮਲ ਹੋਣ ਵਾਲਾ ਉਸਾਰੀ ਦਾ ਇਹ ਆਲੀਸ਼ਾਨ ਕੰਮ ਸਿਰਫ 11 ਮਹੀਨਿਆਂ ‘ਚ ਮੁਕੰਮਲ ਕਰ ਲਿਆ ਜਾਵੇਗਾ। ਕਸ਼ਮੀਰ ਦੀ ਆਜ਼ਾਦੀ ਤੇ ਕਸ਼ਮੀਰੀਆਂ ਦੇ ਹੱਕਾਂ ਦੀ ਦੁਹਾਈ ਦਿੰਦਿਆਂ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਕਸ਼ਮੀਰ ਨੂੰ ਆਜ਼ਾਦ ਕਰਕੇ ਪਾਕਿਸਤਾਨ ਨਾਲ ਚੰਗੇ ਮਾਹੌਲ ‘ਚ ਬੈਠ ਕੇ ਗੱਲਬਾਤ ਕਰੇ ਤਾਂ ਇਸ ਨਾਲ ਦੋਵਾਂ ਮੁਲਕਾਂ ਦੀ ਨਫਰਤ ਹਮੇਸ਼ਾ ਲਈ ਖਤਮ ਹੋ ਜਾਵੇਗੀ ਅਤੇ ਦੋਵਾਂ ਮੁਲਕਾਂ ‘ਚ ਵਪਾਰਕ ਤੇ ਭਾਈਚਾਰਕ ਸਾਂਝ ਵਧੇਗੀ।
_______________________________________
ਕੈਪਟਨ ਵਲੋਂ ਪਾਕਿ ਨੂੰ ਦੋ-ਦੋ ਹੱਥ ਕਰਨ ਦੀ ਚਿਤਾਵਨੀ
ਚੰਡੀਗੜ੍ਹ: 550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਸਮਾਗਮ ‘ਚ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕਾ-ਮੇਲ ਦੀ ਮਹੱਤਤਾ ਤੇ ਨਜ਼ਾਕਤ ਨੂੰ ਸਮਝਦਿਆਂ ਭਾਵਪੂਰਤ ਤੇ ਸੰਕੋਚਵੇਂ ਸ਼ਬਦਾਂ ਨਾਲ ਲਾਂਘਾ ਖੁੱਲ੍ਹਣ ਦਾ ਸਵਾਗਤ ਕੀਤਾ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਸ਼ਨ ਦੇ ਵੱਡੇ ਹਿੱਸੇ ‘ਚ ਪਾਕਿਸਤਾਨ ਨੂੰ ਭੰਡਣ ਤੇ ਉਸ ਨਾਲ ਦੋ-ਦੋ ਹੱਥ ਕਰਨ ਦੀਆਂ ਚਿਤਾਵਨੀਆਂ ਸਿੱਖ ਮਨਾਂ ਨੂੰ ਗਹਿਰੀ ਠੇਸ ਪਹੁੰਚਾ ਗਈਆਂ ਹਨ। ਮੁੱਖ ਮੰਤਰੀ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿਖਾਈ ਦਰਿਆ ਦਿਲੀ ਦੀ ਦਾਦ ਦੇਣ ਦੀ ਥਾਂ ਬੜੇ ਹੀ ਢੰਗ ਨਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਵਿਕਾਸ ਦੀ ਤੁਲਨਾ ਕਰਦੇ ਰਹੇ ਤੇ ਫਿਰ ਕਹਿਣ ਲੱਗੇ ਕਿ ਉਹ ਦੇਸ਼ ਖੁਦ ਭੁੱਖਮਰੀ ਦਾ ਸ਼ਿਕਾਰ ਹੈ, ਸਾਡੀ ਕੀ ਰੀਸ ਕਰੇਗਾ। ਮੁੱਖ ਮੰਤਰੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਸਾਡੇ ਕਿਹੜਾ ਚੂੜੀਆਂ ਪਾਈਆਂ ਹਨ।
____________________________
ਭਾਰਤੀ ਮਹਿਮਾਨਾਂ ਵਿਚੋਂ ਨਵਜੋਤ ਸਿੰਘ ਸਿੱਧੂ ਬਣੇ ਖਿੱਚ ਦਾ ਕੇਂਦਰ
ਕਰਤਾਰਪੁਰ ਸਾਹਿਬ: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਦੋਹਾਂ ਮੁਲਕਾਂ ਦੇ ਹੀਰੋ ਨਜ਼ਰ ਆ ਰਹੇ ਸਨ। ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿਚੋਂ ਸਿਰਫ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ‘ਚ ਨਾਅਰੇਬਾਜ਼ੀ ਕੀਤੀ।
ਲੋਕਾਂ ਨੇ ਸਿੱਧੂ ਨੂੰ ਅਮਨ ਦਾ ਨੁਮਾਇੰਦਾ ਦੱਸਦਿਆਂ ਜੈਕਾਰੇ ਵੀ ਛੱਡੇ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਜਦੋਂ ਇਮਰਾਨ ਖਾਨ ਦੇ ਵਜ਼ੀਰੇ ਆਜ਼ਮ ਵਜੋਂ ਹਲਫ ਲੈਣ ਵਾਲੇ ਸਮਾਗਮ ਲਈ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਦੇ ਲਾਂਘਾ ਖੁਲ੍ਹਵਾਉਣ ਦੇ ਯਤਨਾਂ ਕਰਕੇ ਹੀ ਅੱਜ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇ ਹਨ।