ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਉਠੀ

ਅੰਮ੍ਰਿਤਸਰ: ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਮਗਰੋਂ ਸਿੱਖਾਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕੋਲੋਂ ਅੰਮ੍ਰਿਤਸਰ-ਨਨਕਾਣਾ ਸਾਹਿਬ ਵਿਚਾਲੇ ਬੱਸ ਸੇਵਾ ਮੁੜ ਸ਼ੁਰੂ ਕਰਨ ਅਤੇ ਇਸ ਰਾਹੀਂ ਯਾਤਰਾ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਮੰਗ ਕੀਤੀ ਹੈ। ਅੰਮ੍ਰਿਤਸਰ-ਲਾਹੌਰ ਅਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਵਿਚਾਲੇ ਇਹ ਪੰਜ ਆਬ ਬੱਸ ਸੇਵਾ 2006 ਵਿਚ ਸ਼ੁਰੂ ਕੀਤੀ ਗਈ ਸੀ। ਇਸ ਬੱਸ ਸੇਵਾ ਤਹਿਤ ਹਫਤੇ ਵਿਚ ਦੋ ਦਿਨ ਅੰਮ੍ਰਿਤਸਰ ਤੋਂ ਅਤੇ ਦੋ ਦਿਨ ਲਾਹੌਰ ਤੋਂ ਬੱਸ ਇਕ ਤੋਂ ਦੂਜੇ ਮੁਲਕ ਵਿਚ ਆਉਂਦੀ ਤੇ ਜਾਂਦੀ ਸੀ। ਇਸ ਬੱਸ ਰਾਹੀਂ ਆਉਣ-ਜਾਣ ਵਾਲਿਆਂ ਵਾਸਤੇ ਪੁਲਿਸ ਜਾਂਚ ਸਰਟੀਫਿਕੇਟ ਦੀ ਸ਼ਰਤ ਲਾਜ਼ਮੀ ਕੀਤੀ ਗਈ ਸੀ, ਜਿਸ ਕਾਰਨ ਇਸ ਬੱਸ ਸੇਵਾ ਨੂੰ ਵੱਡਾ ਹੁੰਗਾਰਾ ਨਹੀਂ ਮਿਲ ਸਕਿਆ ਸੀ।

ਭਾਰਤ ਵੱਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਮਗਰੋਂ ਅਗਸਤ ਮਹੀਨੇ ਪਾਕਿਸਤਾਨ ਵੱਲੋਂ ਇਹ ਬੱਸ ਸੇਵਾ ਰੋਕ ਦਿੱਤੀ ਗਈ ਸੀ। 10 ਅਗਸਤ ਨੂੰ ਅੰਮ੍ਰਿਤਸਰ ਤੋਂ ਗਈ ਬੱਸ ਦੇ ਚਾਲਕ ਨੂੰ ਲਾਹੌਰ ਬੱਸ ਟਰਮੀਨਲ ਵਿਚ ਬੱਸ ਨੂੰ ਅਗਲੇ ਹੁਕਮਾਂ ਤੱਕ ਪਾਕਿਸਤਾਨ ਨਾ ਲਿਆਉਣ ਵਾਸਤੇ ਸ਼ਬਦੀ ਆਦੇਸ਼ ਦਿੱਤੇ ਗਏ ਸਨ। ਮਗਰੋਂ ਇਸ ਸਬੰਧੀ ਪੱਤਰ ਵੀ ਪੁੱਜ ਗਿਆ ਸੀ। ਉਸ ਵੇਲੇ ਤੋਂ ਇਹ ਬੱਸ ਸੇਵਾ ਬੰਦ ਪਈ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉਤੇ ਜਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਬਿਨਾਂ ਵੀਜ਼ਾ ਲਾਂਘਾ ਸਹੂਲਤ ਮੁਹੱਈਆ ਕੀਤੀ ਗਈ ਹੈ, ਉਸੇ ਤਰਜ਼ ਉਤੇ ਸ੍ਰੀ ਨਨਕਾਣਾ ਸਾਹਿਬ ਵਾਸਤੇ ਇਹ ਬੱਸ ਸੇਵਾ ਮੁੜ ਸ਼ੁਰੂ ਕੀਤੀ ਜਾਵੇ। ਇਸ ਵਾਸਤੇ ਵੀਜ਼ਾ ਪ੍ਰਣਾਲੀ ਨੂੰ ਸੁਖਾਲਾ ਬਣਾਇਆ ਜਾਵੇ, ਵੀਜ਼ਾ ਕੇਂਦਰ ਅੰਮ੍ਰਿਤਸਰ ਸਥਾਪਤ ਕੀਤਾ ਜਾਵੇ ਅਤੇ ਯਾਤਰੀਆਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ੇ ਦਿੱਤੇ ਜਾਣ। ਇਸ ਵਾਸਤੇ ਰੱਖੀ ਪੁਲਿਸ ਜਾਂਚ ਸਰਟੀਫਿਕੇਟ ਦੀ ਸ਼ਰਤ ਵੀ ਖਤਮ ਕੀਤੀ ਜਾਵੇ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਜਦੋਂ ਤੱਕ ਅੰਮ੍ਰਿਤਸਰ ਵਿਚ ਵੀਜ਼ਾ ਕੇਂਦਰ ਸਥਾਪਤ ਨਹੀਂ ਹੁੰਦਾ, ਇਸ ਬੱਸ ਰਾਹੀਂ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਇੱਛੁਕ ਯਾਤਰੀਆਂ ਵਾਸਤੇ ਵੀਜ਼ਾ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਨੋਡਲ ਏਜੰਸੀ ਵਜੋਂ ਕੰਮ ਕਰ ਸਕਦੀ ਹੈ। ਜੇ ਸਰਕਾਰ ਪ੍ਰਵਾਨਗੀ ਦੇਵੇ ਤਾਂ ਯਾਤਰੂਆਂ ਦੇ ਪਾਸਪੋਰਟ ਇਕੱਠੇ ਕਰ ਕੇ ਵੀਜ਼ੇ ਲਗਵਾਉਣ ਦਾ ਕੰਮ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ। ਇਸ ਨਾਲ ਯਾਤਰੀਆਂ ਨੂੰ ਦਿੱਲੀ ਸਫਾਰਤਖਾਨੇ ਦੇ ਚੱਕਰ ਨਹੀਂ ਮਾਰਨੇ ਪੈਣਗੇ।
ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰੇ ਕਰਾਉਣ ਲਈ ਦੋਵਾਂ ਸਰਕਾਰਾਂ ਨੂੰ ਨਰਮ ਦਿਲੀ ਅਪਣਾਉਣੀ ਚਾਹੀਦੀ ਹੈ। ਇਸੇ ਨੀਤੀ ਤਹਿਤ ਬੰਦ ਪਈ ਬੱਸ ਸੇਵਾ ਨੂੰ ਸ਼ੁਰੂ ਕਰਨਾ ਚਾਹੀਦਾ ਹੈ।
_______________________________
‘ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਵੀ ਖੁੱਲ੍ਹੇ’
ਡੇਰਾ ਬਾਬਾ ਨਾਨਕ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਵਿਚ ਵਸਦੇ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਿਆ ਜਾਵੇ। ਉਹ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿਚ ਰੱਖੇ ਉਦਘਾਟਨੀ ਸਮਾਗਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਵੇਂ ਭਾਰਤੀ ਸਿੱਖਾਂ ਵਾਸਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰਿਆਂ ਵਾਸਤੇ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿਚ ਵਸਦੇ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾਵੇ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿਚ ਇਸ ਵੇਲੇ ਸਿੱਖਾਂ ਦੀ ਆਬਾਦੀ ਲਗਭਗ ਦਸ ਹਜ਼ਾਰ ਹੈ ਅਤੇ ਇਹ ਸਿੱਖ ਵੀ ਭਾਰਤ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
______________________________________
550 ਰੁਪਏ ਦਾ ਸਿੱਕਾ ਤੇ ਡਾਕ ਟਿਕਟਾਂ ਜਾਰੀ
ਡੇਰਾ ਬਾਬਾ ਨਾਨਕ: ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਰੁਪਏ ਦਾ ਸਿੱਕਾ ਅਤੇ ਡਾਕ ਟਿਕਟਾਂ ਜਾਰੀ ਕੀਤੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ‘ਕੌਮੀ ਸੇਵਾ ਐਵਾਰਡ’ ਨਾਲ ਸਨਮਾਨਿਤ ਕੀਤਾ।
ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਿਕਾਰ ਮਾਛੀਆਂ ਵਿਚ ਕੀਤੇ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕਰਨ ਵੇਲੇ ਉਨ੍ਹਾਂ ਦੇ ਮਨ ਵਿਚ ਉਹੀ ਭਾਵ ਹਨ, ਜੋ ਹਰ ਸ਼ਰਧਾਲੂ ਦੇ ਮਨ ਵਿਚ ਕਾਰ ਸੇਵਾ ਵੇਲੇ ਹੁੰਦੇ ਹਨ। ਉਨ੍ਹਾਂ ਨੇ ਗੁਰੂ ਸਾਹਿਬ ਦੀ ਉਸਤਤ ਕਰਦਿਆਂ ਲੋਕਾਂ ਨੂੰ ਉਨ੍ਹਾਂ ਵੱਲੋਂ ਦਿਖਾਏ ਮਾਰਗ ਉਤੇ ਚੱਲਣ ਲਈ ਪ੍ਰੇਰਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਂਝੇ ਤੌਰ ਉਤੇ ਪ੍ਰਧਾਨ ਮੰਤਰੀ ਨੂੰ ‘ਕੌਮੀ ਸੇਵਾ ਐਵਾਰਡ’ ਦਿੱਤਾ।
__________________________________________
ਸੰਗਤ ਨੇ ‘ਸਿਆਸੀ ਪੰਡਾਲ’ ਛੱਡ ਨਾਨਕ ਦਰ ਭਰੀ ਹਾਜ਼ਰੀ
ਸੁਲਤਾਨਪੁਰ ਲੋਧੀ: ਬਾਬੇ ਨਾਨਕ ਦੇ ਰੰਗ ‘ਚ ਰੰਗੀ ਗਈ ਨਗਰੀ ਸੁਲਤਾਨਪੁਰ ਲੋਧੀ ਵਿਚ ਸੰਗਤ ਦੀ ਆਮਦ ਨੇ ਸਾਰੇ ਅਗਲੇ-ਪਿਛਲੇ ਰਿਕਾਰਡ ਤੋੜ ਦਿੱਤੇ। ਗੁਰਦੁਆਰਾ ਬੇਰ ਸਾਹਿਬ ‘ਚ ਮੱਥਾ ਟੇਕਣ ਲਈ ਸ਼ਰਧਾਲੂਆਂ ਨੂੰ ਤਿੰਨ ਤੋਂ ਚਾਰ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਉਧਰ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਪੰਡਾਲ ਬੇਰੌਣਕੇ ਰਹੇ।
ਅਕਾਲੀਆਂ ਤੇ ਕਾਂਗਰਸੀਆਂ ਨੇ ਥਾਂ-ਥਾਂ ਬੋਰਡ ਲਾ ਕੇ ਆਪੋ-ਆਪਣੇ ਪੰਡਾਲਾਂ ਨੂੰ ਮੁੱਖ ਪੰਡਾਲ ਦੱਸਿਆ ਹੈ ਪਰ ਇਨ੍ਹਾਂ ਦੋਵੇਂ ਪੰਡਾਲਾਂ ਵਿਚ ਲੋਕ ਉਸ ਤਰ੍ਹਾਂ ਨਹੀਂ ਆ ਰਹੇ ਸਨ ਜਿਵੇਂ ਉਹ ਬੇਰ ਸਾਹਿਬ ਜਾ ਰਹੇ ਸਨ। ਦੋਵੇਂ ਧਿਰਾਂ ਦੇ ਪੰਡਾਲਾਂ ਦੇ ਵੱਡੇ ਹਿੱਸੇ ਖਾਲੀ ਨਜ਼ਰ ਆ ਰਹੇ ਸਨ। ਪੰਜਾਬ ਸਰਕਾਰ ਦੇ ਪੰਡਾਲ ਵਿਚ ਲੋਕ ਜ਼ਿਆਦਾ ਆ ਰਹੇ ਸਨ ਪਰ ਉਹ ਉਥੇ ਬੈਠਣ ਦੀ ਥਾਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਜਦ ਕਿ ਸ਼੍ਰੋਮਣੀ ਕਮੇਟੀ ਦੇ ਪੰਡਾਲ ਦੇ ਤਿੰਨ ਵੱਡੇ ਰਸਤਿਆਂ ‘ਚੋਂ ਦੋ ਨੂੰ ਮੋਟੇ ਸ਼ੀਸ਼ੇ ਲਾ ਦਿੱਤੇ ਤਾਂ ਜੋ ਏਅਰ ਕੰਡੀਸ਼ਨਾਂ ਦੀ ਠੰਡੀ ਹਵਾ ਬਾਹਰ ਨਾ ਜਾਵੇ। ਇਸ ਦੇ ਨੇੜੇ ਹੀ ਮੀਡੀਆ ਲਈ ਪੰਡਾਲ ਬਣਾਇਆ ਗਿਆ ਹੈ ਤੇ ਉਥੇ ਵੀ ਏਅਰ ਕੰਡੀਸ਼ਨ ਚੱਲ ਰਹੇ ਸਨ।
ਸੰਗਤ ਦਾ ਕਹਿਣਾ ਸੀ ਕਿ ਜਦ ਦਿਨੋਂ-ਦਿਨ ਠੰਢ ਵਧੀ ਰਹੀ ਹੈ ਤਾਂ ਅਕਾਲੀਆਂ ਨੂੰ ਏਅਰਕੰਡੀਸ਼ਨ ਵਾਲਾ ਪੰਡਾਲ ਬਣਾਉਣ ਦੀ ਕੀ ਲੋੜ ਸੀ। ਅਕਾਲੀਆਂ ਦੇ ਪੰਡਾਲ ਵਿਚ ਸਟੇਜ ਦੀਆਂ ਲਾਈਟਾਂ ਦਿਖਾਉਣ ਲਈ ਬਾਕੀ ਪੰਡਾਲ ਵਿਚ ਹਨੇਰਾ ਰੱਖਿਆ ਹੋਇਆ ਹੈ। ਦੋਵੇਂ ਗੁਰਦੁਆਰਿਆਂ ਦੇ ਵਿਚਕਾਰ ਗੁਰੂ ਨਾਨਕ ਸਟੇਡੀਅਮ ਆਉਂਦਾ ਹੈ ਜਿਥੇ ਸ਼੍ਰੋਮਣੀ ਕਮੇਟੀ ਨੇ ਆਪਣਾ ਪੰਡਾਲ ਲਾਇਆ ਹੋਇਆ ਹੈ ਪਰ ਉਥੇ ਸੰਗਤ ਦੀ ਘਾਟ ਰੜਕ ਰਹੀ ਸੀ।