ਗਿਆਰਾਂ ਯੂਨੀਵਰਸਿਟੀਆਂ ਵਿਚ ਬਣੇਗੀ ਗੁਰੂ ਨਾਨਕ ਚੇਅਰ

ਕਪੂਰਥਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਪਾਤਿਸ਼ਾਹ ਦੇ ਨਾਂ ਉਤੇ 11 ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ। ਇਨ੍ਹਾਂ ਵਿਚ ਇਕ ‘ਵਰਸਿਟੀ ਇਰਾਨ ਦੀ ਹੈ। ਜਦਕਿ ਸੱਤ ਪੰਜਾਬ ਦੀਆਂ ਤੇ 3 ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਹਨ।

ਇਨ੍ਹਾਂ ਰਾਹੀਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਫਲਸਫੇ ਬਾਰੇ ਖੋਜ ਕੀਤੀ ਜਾਵੇਗੀ। ਪੰਜਾਬ ਤਕਨੀਕੀ ਯੂਨੀਵਰਸਿਟੀ ‘ਚ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਦੀਆਂ 400 ਨਾਨਕ ਨਾਮਲੇਵਾ ਪੰਜਾਬੀ ਸ਼ਖਸੀਅਤਾਂ ਦਾ ਵੱਖੋ-ਵੱਖਰੇ ਖੇਤਰਾਂ ਵਿਚ ਯੋਗਦਾਨ ਲਈ ਸਨਮਾਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਕੇ ਦੇਸ਼ ਅਤੇ ਸੂਬੇ ਦੀ ਬਿਹਤਰੀ ਵਿਚ ਯੋਗਦਾਨ ਪਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਉਣ ‘ਚ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ਬਾਣੀ ਨਾਲ ਜੋੜਨ ਦੇ ਯਤਨ ਕਰਨੇ ਚਾਹੀਦੇ ਹਨ। ਕੈਪਟਨ ਨੇ ਇਸ ਮੌਕੇ ਪਾਣੀ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਿਸਕਦਾ ਜਾ ਰਿਹਾ ਹੈ। ਇਸ ਦਾ ਹੱਲ ਲੱਭਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਲਈ ਝੋਨੇ ਦੀ ਪਰਾਲੀ ਸਾੜਨਾ ਬੰਦ ਕਰਨ ਸਬੰਧੀ ਇਕੱਠਿਆਂ ਹੋ ਕੇ ਹੰਭਲਾ ਮਾਰਨ ਉਤੇ ਜ਼ੋਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਵੱਲੋਂ ਦਲਬੀਰ ਸਿੰਘ ਪੰਨੂ ਦੀ ਕਿਤਾਬ ‘ਦਿ ਸਿੱਖ ਹੈਰੀਟੇਜ ਬਿਓਂਡ ਬਾਰਡਰ’ ਤੇ ਇਰਾਨੀ ਲੇਖਕ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਲਿਖੀ ਇਕ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਚੇਅਰ ਪੰਜਾਬੀ ਯੂਨੀਵਰਸਿਟੀ (ਪਟਿਆਲਾ), ਆਈਕੇ ਗੁਜਰਾਲ ਪੀਟੀਯੂ (ਕਪੂਰਥਲਾ), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਫਗਵਾੜਾ), ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ), ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ), ਅਕਾਲ ਯੂਨੀਵਰਸਿਟੀ (ਤਲਵੰਡੀ ਸਾਬੋ) ਤੋਂ ਇਲਾਵਾ ਆਈ.ਟੀ.ਐਮ. ਯੂਨੀਵਰਸਿਟੀ (ਗਵਾਲੀਅਰ), ਆਰ.ਡੀ.ਕੇ.ਐਫ਼ ਯੂਨੀਵਰਸਿਟੀ (ਭੁਪਾਲ), ਜੇ.ਆਈ.ਐਸ਼ ਯੂਨੀਵਰਸਿਟੀ (ਪੱਛਮੀ ਬੰਗਾਲ) ਅਤੇ ਯੂਨੀਵਰਸਿਟੀ ਆਫ ਰਿਲੀਜਨ (ਇਰਾਨ) ਵਿਚ ਸਥਾਪਿਤ ਕੀਤੀ ਜਾਵੇਗੀ।
_______________________________
ਰਸਾਲਿਆਂ ਦਾ ਨਵੰਬਰ ਅੰਕ ਗੁਰੂ ਨਾਨਕ ਨੂੰ ਸਮਰਪਿਤ
ਸੁਲਤਾਨਪੁਰ ਲੋਧੀ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਗਜ਼ੀਨਾਂ ਦਾ ਨਵੰਬਰ ਦਾ ਅੰਕ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਵਿਚ ਪਹਿਲੀ ਪਾਤਸ਼ਾਹੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਵੱਲੋਂ ਦਿੱਤਾ ਭਾਸ਼ਣ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਅਤੇ ਹੋਰ ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਸਮੇਂ-ਸਮੇਂ ਉਤੇ ਲਿਖੇ ਵਿਚਾਰਾਂ ਦਾ ਅਨੁਵਾਦ ਕਰ ਕੇ ਛਾਪਿਆ ਗਿਆ ਹੈ। ਇਸ ਵਿਸ਼ੇਸ਼ ਅੰਕ ਵਿਚ ਸਿੱਖ ਇਤਿਹਾਸ ਵਿਚ ਰਾਗ ਆਧਾਰਤ ਗੁਰਬਾਣੀ ਗਾਇਨ ਦੇ ਆਧਾਰ ‘ਰਬਾਬ’ ਬਾਰੇ ਲੇਖਕ ਰਵੀ ਪੰਧੇਰ ਵੱਲੋਂ ਲਿਖਿਆ ਖੋਜ ਭਰਪੂਰ ਲੇਖ ਵੀ ਸ਼ਾਮਲ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ‘ਚ ਪ੍ਰਕਾਸ਼ਿਤ ਇਹ ਰਸਾਲੇ ਸੁਲਤਾਨਪੁਰ ਲੋਧੀ ਵਿਚ ਸੰਗਤ ਨੂੰ ਮੁਫਤ ਵੰਡੇ ਜਾ ਰਹੇ ਹਨ।
_______________________________
ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖਸੀਅਤਾਂ ਦਾ ਸਨਮਾਨ
ਜਲੰਧਰ (ਸੁਲਤਾਨਪੁਰ ਲੋਧੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਿੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਸਨਮਾਨਤ ਸ਼ਖਸੀਅਤਾਂ ‘ਚ ਅਲੱਗ ਸ਼ਬਦ ਯਗ ਟਰੱਸਟ ਦੇ ਡਾ. ਸਰੂਪ ਸਿੰਘ ਅਲੱਗ, ਸੁਕ੍ਰਿਤ ਟਰੱਸਟ ਦੇ ਸਰਬਜੀਤ ਸਿੰਘ ਰੇਣੂਕਾ, ਸਿੱਖ ਮਿਸ਼ਨਰੀ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ, ਬੀਬੀ ਕੌਲਾਂ ਜੀ ਭਲਾਈ ਟਰੱਸਟ ਦੇ ਭਾਈ ਗੁਰਇਕਬਾਲ ਸਿੰਘ, ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਤੋਂ ਭਾਈ ਹਰਸਿਮਰਨ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਹਰਭਜਨ ਸਿੰਘ, ਸਤਿਨਾਮੁ ਸਰਬ ਕਲਿਆਣ ਟਰੱਸਟ ਤੋਂ ਹਰਦਿਆਲ ਸਿੰਘ ਅਤੇ ਸੁਖਮਨੀ ਸੇਵਾ ਸੁਸਾਇਟੀ ਲੁਧਿਆਣਾ ਦੇ ਕੰਵਲਜੀਤ ਸਿੰਘ ਆਦਿ ਸ਼ਾਮਲ ਹਨ।