ਬਾਬੇ ਨਾਨਕ ਦਾ ਪੈਗਾਮ ਸਾਰੀ ਦੁਨੀਆਂ ਨਾਲ ਸਾਂਝਾ ਕਰਨ ਦਾ ਸੱਦਾ

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ‘ਏਕ-ਨੂਰ-ਅੰਤਰ ਧਰਮ ਸੰਮੇਲਨ’ ਵਿਚ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਉਤੇ ਜ਼ੋਰ ਦਿੱਤਾ।

ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੇ ਅੰਤਰ-ਧਰਮ ਸੰਵਾਦ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਵਿਹਾਰਿਕ ਰੂਪ ਵਿਚ ਅਪਣਾਇਆ ਜਾਵੇ। ਬੁੱਧ ਧਰਮ ਦੇ ਮੁਖੀ ਦਲਾਈਲਾਮਾ ਨੇ ਕਿਹਾ ਕਿ ਜਿਸ ਤਰ੍ਹਾਂ ਸਮਾਜ ਵਿਚੋਂ ਜਗੀਰਦਾਰੀ ਪ੍ਰਥਾ ਦਾ ਖਾਤਮਾ ਹੋਇਆ ਸੀ, ਉਸੇ ਤਰ੍ਹਾਂ ਜਾਤ-ਪਾਤ ਦਾ ਵੀ ਖਾਤਮਾ ਹੋਣਾ ਚਾਹੀਦਾ ਹੈ, ਜਿਸ ਦਾ ਗੁਰੂ ਨਾਨਕ ਦੇਵ ਨੇ ਸੰਦੇਸ਼ ਦਿੱਤਾ ਸੀ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਅੰਤਰ ਧਰਮ ਸੰਵਾਦ ਨੂੰ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਮੰਨਦਿਆਂ ਕਿਹਾ ਕਿ ‘ਏਕ ਨੂਰ’ ਨੂੰ ਵਿਹਾਰਿਕ ਰੂਪ ਵਿਚ ਅਪਣਾਉਣਾ ਚਾਹੀਦਾ ਹੈ। ਭਾਰਤ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਦਲਾਈਲਾਮਾ ਨੇ ਕਿਹਾ ਕਿ ਇਸ ਨੇ ਪਦਾਰਥਵਾਦੀ ਬਣਾਇਆ ਹੈ ਪਰ ਇਸ ਦੇ ਨਾਲ ਆਪਣੀਆਂ ਰਵਾਇਤਾਂ ਅਤੇ ਕਦਰਾਂ-ਕੀਮਤਾਂ ਉਤੇ ਵੀ ਪਹਿਰਾ ਦੇਣਾ ਚਾਹੀਦਾ ਹੈ, ਜੋ ਕਿ ਸਾਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਪੈਗਾਮ ਸਾਰੀ ਦੁਨੀਆਂ ਨਾਲ ਸਾਂਝਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਗੁਰੂ ਨਾਨਕ ਨਾ ਹੁੰਦੇ ਤਾਂ ਅੱਜ ਦਾ ਇਤਿਹਾਸ ਹੋਰ ਹੁੰਦਾ। ਰਾਮਾਕ੍ਰਿਸ਼ਨਾ ਮਿਸ਼ਨ ਦੇ ਪ੍ਰਤੀਨਿਧੀ ਸੁਆਮੀ ਸ਼ੁਧਿਦਾਨੰਦ ਨੇ ਕਿਹਾ ਕਿ ਗੁਰੂ ਨਾਨਕ ਵੱਲੋਂ ਦਿੱਤਾ ਏਕ ਨੂਰ ਦਾ ਸੰਦੇਸ਼ ਅਪਣਾਉਣਾ ਅੱਜ ਦੀ ਵੱਡੀ ਲੋੜ ਹੈ। ਮੌਲਾਨਾ ਸੱਯਦ ਅਤਹਰ ਹੁਸੈਨ ਦੇਹਲਵੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਲੰਗਰ ਨੂੰ ਸਮਾਜਿਕ ਬਰਾਬਰੀ ਦੀ ਬੁਨਿਆਦ ਦੱਸਦਿਆਂ ਕਿਹਾ ਕਿ ਬਾਬੇ ਨਾਨਕ ਵੱਲੋਂ ਸਿਖਾਈ ਧਰਮ ਨਿਰਪੱਖਤਾ ਨਿਭਾਉਣ ਦੀ ਲੋੜ ਹੈ।
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਧਰਮ ਚਾਨਣ ਹੈ ਅਤੇ ਹਰ ਵਿਅਕਤੀ ਨੂੰ ਚੰਗਾ ਕਿਰਦਾਰ ਦਿੰਦਾ ਹੈ। ਇਸ ਲਈ ਸਾਰਿਆਂ ਨੂੰ ਇਕ-ਦੂਸਰੇ ਨਾਲ ਪ੍ਰੇਮ ਕਰਨ ਤੇ ਨਫਰਤ ਦੀ ਕੰਧ ਤੋੜਨੀ ਚਾਹੀਦੀ ਹੈ। ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਗੁਰੂ ਨਾਨਕ ਦੀ ਸਿੱਖਿਆ ਅੱਜ ਵੀ ਪਹਿਲਾਂ ਜਿੰਨੀ ਹੀ ਵਿਹਾਰਕ ਹੈ। ਬ੍ਰਹਮਕੁਮਾਰੀ ਬੀਕੇ ਊਸ਼ਾ ਨੇ ਕਿਹਾ ਕਿ ਸਾਰੇ ਧਰਮ ਇਕ ਨਿਰੰਕਾਰ ਵੱਲ ਇਸ਼ਾਰਾ ਕਰਦੇ ਹਨ। ਅਹਿਮਦੀਆ ਭਾਈਚਾਰੇ ਤੋਂ ਤਨਵੀਰ ਅਹਿਮਦ ਖ਼ਾਦਿਮ ਤੇ ਅਰਬਿੰਦੋ ਆਸ਼ਰਮ ਦੀ ਪ੍ਰਤੀਨਿਧ ਡਾ. ਮੋਨਿਕਾ ਗੁਪਤਾ ਨੇ ਵੀ ਗੁਰੂ ਨਾਨਕ ਦੇਵ ਦੇ ਜੀਵਨ ਤੋਂ ਪ੍ਰੇਰਨਾ ਲੈਣ ਉਤੇ ਜ਼ੋਰ ਦਿੱਤਾ।
ਜੈਨ ਧਰਮ ਦੇ ਪ੍ਰਤੀਨਿਧ ਅਚਾਰੀਆ ਡਾ. ਲੋਕੇਸ਼ ਮੁਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਕਿਸੇ ਇਕ ਵਰਗ ਦੇ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਗੁਰੂ ਸਨ, ਜਿਨ੍ਹਾਂ ਨੇ ਸੱਚ ਧਰਮ ਦਾ ਉਪਦੇਸ਼ ਦਿੱਤਾ। ਗੁਲਾਮ ਹੈਦਰ ਅਲੀ ਕਾਦਰੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਅੰਦਰ ਦਿੱਤੀਆਂ ਸੇਧਾਂ ਮਨੁੱਖ ਮਾਤਰ ਜੀਵਨ ਦਾ ਅਸਲ ਸੂਤਰ ਹਨ। ਕਸ਼ੱਤਰੀ ਸਨਾਤਨ ਧਰਮ ਦੇ ਗਜਿੰਦਰ ਸੋਲੰਕੀ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿਖਾਇਆ ਸੇਵਾ ਦਾ ਮਾਰਗ ਸਮਾਜ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਬੋਧੀ ਪ੍ਰਤੀਨਿਧ ਸ਼ਵੇਤਾ ਰਾਇ ਤਲਵਾਰ ਨੇ ਗੁਰੂ ਨੂੰ ਵਿਸ਼ਵ ਸ਼ਾਂਤੀ ਦਾ ਪ੍ਰਤੀਕ, ਈਸਾਈ ਧਰਮ ਵੱਲੋਂ ਬਿਸ਼ਪ ਐਗਨਲੋ ਦੇ ਪ੍ਰਤੀਨਿਧ ਵਜੋਂ ਜੌਹਨ ਤੇਜਾ ਨੇ ਕਿਹਾ ਕਿ ਗੁਰੂ ਸਾਹਿਬ ਏਕਤਾ ਦੇ ਮਾਰਗ ਦਰਸ਼ਕ ਦੱਸਿਆ। ਅਹਿਮਦੀਆ ਜਮਾਤ ਕਾਦੀਆ ਤੋਂ ਪੁੱਜੇ ਡਾ. ਗਿਆਨੀ ਤਨਵੀਰ ਅਹਿਮਦ ਨੇ ਕਿਹਾ ਕਿ ਗੁਰੂ ਸਾਹਿਬ ਹੱਕ ਸੱਚ ਦੇ ਲਖਾਇਕ ਸਨ।
_______________________________________________
ਪੰਜਾਬ ਸਰਕਾਰ ਵਲੋਂ ਸੋਨੇ ਤੇ ਚਾਂਦੀ ਦੇ 3500 ਸਿੱਕੇ ਜਾਰੀ
ਸੁਲਤਾਨਪੁਰ ਲੋਧੀ: ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁੱਧ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ ਤਿਆਰ ਕਰਵਾਏ ਗਏ ਹਨ, ਜੋ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ਼ਆਈ.ਈ.ਸੀ.) ਵੱਲੋਂ ਸੁਲਤਾਨਪੁਰ ਲੋਧੀ ਵਿਚ 5 ਤੋਂ 15 ਨਵੰਬਰ ਤੱਕ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਇਹ ਸਿੱਕੇ ਸ਼ਰਧਾਲੂਆਂ ਵੱਲੋਂ ਖਰੀਦੇ ਜਾ ਰਹੇ ਹਨ।
ਪੀ.ਐਸ਼ਆਈ.ਈ.ਸੀ. ਵੱਲੋਂ ਇਹ ਸਿੱਕੇ ਮੈਟਲ ਐਂਡ ਮਿਨਰਲ ਕਾਰਪੋਰੇਸ਼ਨ ਆਫ ਇੰਡੀਆ ਤੋਂ ਤਿਆਰ ਕਰਵਾਏ ਗਏ ਹਨ, ਜੋ ਭਾਰਤ ਸਰਕਾਰ ਦੀ ਏਜੰਸੀ ਹੈ। ਸੋਨੇ ਵਿਚ 5 ਅਤੇ 10 ਗ੍ਰਾਮ ਦੇ ਅਤੇ ਚਾਂਦੀ ਦੇ 50 ਗ੍ਰਾਮ ਦੇ ਲਗਭਗ 3500 ਸਿੱਕੇ ਤਿਆਰ ਕਰਵਾਏ ਗਏ ਹਨ, ਜਿਨ੍ਹਾਂ ਉਤੇ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕਰਵਾਇਆ ਲੋਗੋ ਉੱਕਰਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਸਰਟੀਫਿਕੇਸ਼ਨ ਵੀ ਕੀਤੀ ਗਈ ਹੈ। ਕਾਰਪੋਰੇਸ਼ਨ ਦੇ ਐਮ.ਡੀ. ਸਿਬਿਨ ਸੀ ਨੇ ਦੱਸਿਆ ਕਿ ਇਹ ਸਿੱਕੇ 99.9 ਫੀਸਦ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਏ ਹਨ ਅਤੇ ਇਨ੍ਹਾਂ ਦੀ ਪੈਕਿੰਗ ਉੱਪਰ ਹੀ ਇਨ੍ਹਾਂ ਦੀ ਸ਼ੁੱਧਤਾ ਦਾ ਸਰਟੀਫਿਕੇਟ ਵੀ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ 5 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 22,500 ਰੁਪਏ ਅਤੇ 10 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 45,000 ਰੁਪਏ ਰੱਖੀ ਗਈ ਹੈ ਜਦਕਿ ਚਾਂਦੀ ਦੇ 50 ਗ੍ਰਾਮ ਦੇ ਸਿੱਕੇ ਦੀ ਕੀਮਤ 3300 ਰੁਪਏ ਨਿਯਤ ਕੀਤੀ ਗਈ ਹੈ। ਪ੍ਰਦਰਸ਼ਨੀ ਤੋਂ ਇਲਾਵਾ ਇਹ ਸਿੱਕੇ ਵਿਕਰੀ ਲਈ ਪੰਜਾਬ ਭਰ ਵਿਚ ਡਾਕਖਾਨਿਆਂ, ਪੀ.ਐਸ਼ਆਈ.ਈ.ਸੀ. ਦੇ ਫੁਲਕਾਰੀ ਐਂਪੋਰੀਅਮ ਤੇ ਐਮਾਜ਼ੋਨ ਤੋਂ ਵੀ ਖਰੀਦੇ ਜਾ ਸਕਦੇ ਹਨ। ਪ੍ਰਦਰਸ਼ਨੀ ਵਿਚ ਸਭ ਤੋਂ ਪਹਿਲਾਂ 50 ਗ੍ਰਾਮ ਦਾ ਚਾਂਦੀ ਦਾ ਸਿੱਕਾ ਮੁਕਤਸਰ ਦੇ ਤ੍ਰਿਪਤਜੀਤ ਸਿੰਘ ਨੇ ਖਰੀਦਿਆ।