ਔਰਤਾਂ ਨੂੰ ਦਰਬਾਰ ਸਾਹਿਬ ‘ਚ ਕੀਰਤਨ ਦੀ ਆਗਿਆ ਬਾਰੇ ਮਤਾ ਪਾਸ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਮਤਾ ਪੇਸ਼ ਕਰ ਕੇ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਚਖੰਡ ਦਰਬਾਰ ਸਾਹਿਬ ਵਿਖੇ ਸਿੱਖ ਔਰਤਾਂ ਨੂੰ ਕੀਰਤਨ ਦੀ ਸੇਵਾ ਨਿਭਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਇਹ ਮਤਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਦਨ ਵਿਚ ਪੇਸ਼ ਕੀਤਾ। ਮਤਾ ਪੇਸ਼ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੁੱਚੇ ਜੀਵਨ ਦੌਰਾਨ ਜਾਤ-ਪਾਤ/ਪੁਰਸ਼-ਨਾਰੀ ਦੇ ਆਧਾਰ ਉਤੇ ਵਿਤਕਰੇ ਦਾ ਡਟ ਕੇ ਵਿਰੋਧ ਕੀਤਾ

ਅਤੇ ਅਧਿਕਾਰਾਂ ਤੇ ਹੱਕਾਂ ਦੇ ਜਮਹੂਰੀਕਰਨ ਦੇ ਆਧਾਰ ਉਤੇ ਬਰਾਬਰੀ ਵਾਲੇ ਸਮਾਜ ਨੂੰ ਪ੍ਰਫੁੱਲਿਤ ਕਰਨ ਦਾ ਸੰਦੇਸ਼ ਦਿੱਤਾ। ਸਿੱਖ ਔਰਤਾਂ ਨੂੰ ਕੀਰਤਨ ਦੀ ਸੇਵਾ ਨਿਭਾਉਣ ਦੀ ਆਗਿਆ ਨਾ ਦੇਣ ਉਤੇ ਦੁੱਖ ਜ਼ਾਹਰ ਕਰਦਿਆਂ ਮੰਤਰੀ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਔਰਤਾਂ ਨਾਲ ਵਿਤਕਰੇ ਦੀ ਕਿਧਰੇ ਵੀ ਕੋਈ ਮਿਸਾਲ ਨਹੀਂ ਮਿਲਦੀ। ਪਰ ਦੁਖ ਦੀ ਗੱਲ ਹੈ ਕਿ ਸਿੱਖੀ ਦੇ ਸਭ ਤੋਂ ਵੱਡੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ। ਪੰਜਾਬ ਵਿਧਾਨ ਸਭਾ ਦਾ ਇਹ ਸਦਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਹੈ ਕਿ ਬਾਣੀ ਸਿਧਾਂਤ ਵਿਰੋਧੀ ਇਸ ਪ੍ਰਥਾ ਨੂੰ ਖਤਮ ਕਰ ਕੇ ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਕੀਰਤਨ ਕਰਨ ਦੀ ਇਜਾਜ਼ਤ ਦੇਵੇ।
ਸਪੀਕਰ ਨੇ ਇਹ ਮਤਾ ਸਰਬਸੰਮਤੀ ਨਾਲ ਪਾਸ ਕਰਨ ਦਾ ਐਲਾਨ ਕੀਤਾ। ਪੰਚਾਇਤ ਮੰਤਰੀ ਵੱਲੋਂ ਪੇਸ਼ ਇਸ ਮਤੇ ਦਾ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਵਿਰੋਧ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਸਬੰਧੀ ਸ਼ੰਕੇ ਖੜ੍ਹੇ ਨਹੀਂ ਕੀਤੇ ਜਾਣੇ ਚਾਹੀਦੇ। ਅਕਾਲੀ ਵਿਧਾਇਕ ਦੀਆਂ ਦਲੀਲਾਂ ਦਾ ਜਵਾਬ ਦਿੰਦਿਆਂ ਲੋਕ ਇਨਸਾਫ ਪਾਰਟੀ, ਕਾਂਗਰਸ ਅਤੇ ‘ਆਪ’ ਵਿਧਾਇਕਾਂ ਨੇ ਕਿਹਾ ਕਿ ਗੁਰਬਾਣੀ ‘ਚ ਇਹ ਗੱਲ ਕਿਤੇ ਵੀ ਦਰਜ ਨਹੀਂ ਕਿ ਔਰਤਾਂ ਨਾਲ ਅਜਿਹਾ ਵਿਤਕਰਾ ਕੀਤਾ ਜਾਵੇ। ਮਤੇ ਦੇ ਹੱਕ ‘ਚ ਬੋਲ ਰਹੇ ਵਿਧਾਇਕਾਂ ਨੇ ਕਿਹਾ ਕਿ ਰਹਿਤ ਮਰਿਆਦਾ ਵਿਚ ਪਹਿਲੀ ਗੱਲ ਤਾਂ ਅਜਿਹਾ ਕੁਝ ਵੀ ਦਰਜ ਨਹੀਂ ਹੈ, ਤੇ ਜੇਕਰ ਹੈ ਵੀ ਤਾਂ ਸੋਧ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਹ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਨਹੀਂ ਦੇ ਰਹੇ, ਬਲਕਿ ਸਿੱਖਾਂ ਦੀਆਂ ਦੋਵੇਂ ਸਿਰਮੌਰ ਸੰਸਥਾਵਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਾਜਸੀ ਵਿਅਕਤੀਆਂ ਦੀਆਂ ਦਲੀਲਾਂ ਤੋਂ ਸਾਫ ਹੈ ਕਿ ਕਿ ‘ਅਸੀਂ ਬਾਬਾ ਨਾਨਕ ਨੂੰ ਤਾਂ ਮੰਨਦੇ ਹਾਂ, ਪਰ ਬਾਬਾ ਨਾਨਕ ਦੀ ਗੱਲ ਅਤੇ ਸਿਧਾਂਤ ਨੂੰ ਮੰਨਣ ਲਈ ਤਿਆਰ ਨਹੀਂ।’ ਬਲਵਿੰਦਰ ਸਿੰਘ ਬੈਂਸ, ਜੋ ਖੁਦ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ, ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਮਹਿਜ਼ ਖਾਨਾਪੂਰਤੀ ਬਣ ਕੇ ਰਹਿ ਗਏ ਹਨ ਤੇ ਇਜਲਾਸ ਦੌਰਾਨ ਕੋਈ ਬਹਿਸ ਜਾਂ ਚਰਚਾ ਨਹੀਂ ਹੁੰਦੀ।
______________________________________
ਪ੍ਰਵਾਨਗੀ ਬਾਰੇ ਮਤਾ ਮਿਲਣ ਪਿਛੋਂ ਵਿਚਾਰਾਂਗੇ: ਜਥੇਦਾਰ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਵਿਸ਼ੇਸ਼ ਇਜਲਾਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਔਰਤਾਂ ਨੂੰ ਗੁਰਬਾਣੀ ਦਾ ਕੀਰਤਨ ਕਰਨ ਦੀ ਪ੍ਰਵਾਨਗੀ ਦੇਣ ਸਬੰਧੀ ਇਕ ਮਤਾ ਪਾਸ ਕੀਤਾ ਗਿਆ ਹੈ, ਜਿਸ ਬਾਰੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਮਤੇ ਦੀ ਕਾਪੀ ਮਿਲਣ ਮਗਰੋਂ ਇਸ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰਿਆ ਜਾਵੇਗਾ। ਵਿਧਾਨ ਸਭਾ ਵੱਲੋਂ ਪਾਸ ਕੀਤੇ ਇਸ ਮਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਕਾਪੀ ਮਿਲੀ ਹੈ।
_______________________________________
ਸਿੱਖ ਵਿਦਵਾਨਾਂ ਵਲੋਂ ਇਤਰਾਜ਼ ਪ੍ਰਗਟ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰ ਕੇ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕੀਰਤਨ ਦੀ ਮਨਜ਼ੂਰੀ ਦੇਣ ਸਬੰਧੀ ਕੀਤੀ ਮੰਗ ਬਾਰੇ ਸਿੱਖ ਵਿਦਵਾਨਾਂ ਦੀ ਰਾਇ ਹੈ ਕਿ ਇਹ ਮੰਗ ਗਲਤ ਮੰਚ ਤੋਂ ਗਲਤ ਸਮੇਂ ਕੀਤੀ ਗਈ ਹੈ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮੰਗ ਬਾਰੇ ਆਖਿਆ ਕਿ ਇਹ ਮਾਮਲਾ ਖਾਲਸਾ ਪੰਥ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਸਿਆਸੀ ਮੰਚ ਤੋਂ ਵਿਚਾਰਨ ਦੀ ਅਪੀਲ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮੰਚ ਤੋਂ ਅਜਿਹੀ ਅਪੀਲ ਦਰਬਾਰ ਸਾਹਿਬ ਦੀ ਮਰਿਆਦਾ ਅਤੇ ਸਿੱਖ ਧਰਮ ਵਿਚ ਦਖਲਅੰਦਾਜ਼ੀ ਹੈ।
ਉਨ੍ਹਾਂ ਆਖਿਆ ਕਿ ਹੁਣ ਜਦੋਂ ਸਮੁੱਚੀ ਕੌਮ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾ ਰਹੀ ਹੈ ਤਾਂ ਇਸ ਵੇਲੇ ਅਜਿਹੀ ਮੰਗ ਕਰਨਾ ਸਿੱਖ ਕੌਮ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਸਾਜ਼ਿਸ਼ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਭਾਵੇਂ ਇਸ ਮੰਗ ਦਾ ਸਮਰਥਨ ਕੀਤਾ ਹੈ ਅਤੇ ਆਖਿਆ ਕਿ ਲਿੰਗ ਭੇਦਭਾਵ ਨਹੀਂ ਹੋਣਾ ਚਾਹੀਦਾ ਪਰ ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਇਹ ਮਾਮਲਾ ਵਿਧਾਨ ਸਭਾ ਦੇ ਮੰਚ ਤੋਂ ਉਭਾਰਨ ਵਾਲਾ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੀ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਇਸ ਮਤੇ ਰਾਹੀਂ ਕੀਤੀ ਗਈ ਮੰਗ ਨੂੰ ਗਲਤ ਮੰਚ ਤੋਂ ਬੇਵਕਤੀ ਮੰਗ ਕਰਾਰ ਦੇ ਚੁੱਕੇ ਹਨ।