ਗੁਰੂ ਨਾਨਕ ਦੀਆਂ ਸਿੱਖਿਆਵਾਂ

ਪ੍ਰੋ. ਪ੍ਰੀਤਮ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ (1469-1539) ਪੰਜਾਬ ਦੀ ਸਰਜ਼ਮੀਨ ਉਤੇ ਪੈਦਾ ਹੋਏ ਹੁਣ ਤੱਕ ਦੇ ਮਹਾਨਤਮ ਚਿੰਤਕ, ਦਾਰਸ਼ਨਿਕ, ਕਵੀ, ਯਾਤਰੀ, ਸਿਆਸੀ ਤੌਰ Ḕਤੇ ਚੇਤੰਨ ਹੋਣ ਕਾਰਨ ਬਾਗੀਆਨਾ ਤਰਬੀਅਤ ਦੇ ਮਾਲਕ, ਸਮਾਜਿਕ ਬਰਾਬਰੀ ਦੇ ਹਾਮੀ, ਜਨ ਸੰਚਾਰਕ ਅਤੇ ਅਧਿਆਤਮਕ ਰਹਿਨੁਮਾ ਸਨ। ਉਨ੍ਹਾਂ ਦਾ ਜਨਮ ਲਾਹੌਰ ਨੇੜੇ ਪਿੰਡ ਰਾਇ ਭੋਇੰ ਦੀ ਤਲਵੰਡੀ ਵਿਖੇ ਹੋਇਆ ਜਿਸ ਨੂੰ ਹੁਣ ਇਸ ਦੀ ਇਤਿਹਾਸਕ ਤੇ ਅਧਿਆਤਮਕ ਅਹਿਮੀਅਤ ਦੇ ਮੱਦੇਨਜ਼ਰ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਜਿਸ ਕਮਰੇ ਵਿਚ ਗੁਰੂ ਜੀ ਦਾ ਜਨਮ ਹੋਇਆ, ਉਥੇ ਹੁਣ ਗੁਰਦੁਆਰਾ ਨਨਕਾਣਾ ਸਾਹਿਬ ਦਾ ਅੰਦਰੂਨੀ ਪਾਵਨ ਸਥਾਨ ਹੈ।

ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸਾਨੂੰ ਬਹੁਤ ਸਾਰੀ ਭਰੋਸੇਯੋਗ ਜਾਣਕਾਰੀ ਮਿਲਦੀ ਹੈ। ਉਹ ਉਚ ਜਾਤੀ ਖੱਤਰੀ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਅਤੇ ਉਨ੍ਹਾਂ ਦੇ ਪਿਤਾ ਉਥੋਂ ਦੇ ਮੁਸਲਿਮ ਚੌਧਰੀ ਦੇ ਦਫਤਰ ਵਿਚ ਪਟਵਾਰੀ ਸਨ। ਉਨ੍ਹਾਂ ਬਚਪਨ ਵਿਚ ਹੀ ਉਸ ਧਰਮ, ਜਿਸ ਵਿਚ ਉਹ ਪੈਦਾ ਹੋਏ, ਦੀ ਧਾਰਮਿਕ ਕੱਟੜਤਾ, ਪਾਖੰਡਵਾਦ ਅਤੇ ਜਾਤੀ ਪ੍ਰਬੰਧ ਖਿਲਾਫ ਬਾਗੀ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ। ਆਪਣੀ ਜਵਾਨੀ ਵੇਲੇ ਉਨ੍ਹਾਂ ਰੱਬੀ ਭਗਤੀ ਦੇ ਪ੍ਰਚਾਰ ਅਤੇ ਨਾਲ ਹੀ ਉਸ ਵੇਲੇ ਦੀ ਮੁਸਲਿਮ ਮੁਗਲ ਹਕੂਮਤ ਦੀਆਂ ਸਿਆਸੀ ਦਮਨਕਾਰੀ ਨੀਤੀਆਂ ਤੇ ਬ੍ਰਾਹਮਣਵਾਦੀ ਹਿੰਦੂ ਧਰਮ ਦੇ ਸਮਾਜਿਕ ਤੌਰ Ḕਤੇ ਦਮਨਕਾਰੀ ਜਾਤੀ ਪ੍ਰਬੰਧ ਉਤੇ ਵਾਰ ਕਰਨ ਲਈ ਸੰਗੀਤ, ਕਵਿਤਾ, ਗੀਤ ਤੇ ਭਾਸ਼ਣ ਵਰਗੇ ਮਾਧਿਅਮਾਂ ਦੀ ਵਰਤੋਂ ਕੀਤੀ। ਉਨ੍ਹਾਂ ਨਾਲ ਹੀ ਲਾਲਚੀ ਧਨਾਢਾਂ ਦਾ ਵੀ ਵਿਰੋਧ ਕੀਤਾ ਅਤੇ ਔਰਤਾਂ ਨੂੰ ਸਮਾਜ ਵਿਚ ਮਰਦ ਦੇ ਬਰਾਬਰ ਹੱਕ ਦੇਣ ਲਈ ਆਵਾਜ਼ ਉਠਾਈ।
ਉਨ੍ਹਾਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਪ੍ਰਚਾਰ ਲਈ ਆਮ ਲੋਕਾਂ ਦੀ ਬੋਲੀ ਪੰਜਾਬੀ ਦਾ ਇਸਤੇਮਾਲ ਕੀਤਾ। ਇਹ ਅਮਲ ਹਿੰਦੂ ਪੁਜਾਰੀਆਂ ਅਤੇ ਮੁਸਲਿਮ ਮੌਲਾਣਿਆਂ ਦੇ ਢੰਗ ਤਰੀਕਿਆਂ ਤੋਂ ਬਿਲਕੁਲ ਉਲਟ ਸੀ ਕਿਉਂਕਿ ਉਹ ਕ੍ਰਮਵਾਰ ਸੰਸਕ੍ਰਿਤ ਅਤੇ ਅਰਬੀ ਭਾਸ਼ਾਵਾਂ ਦਾ ਇਸਤੇਮਾਲ ਕਰਦੇ ਸਨ ਪਰ ਆਮ ਲੋਕਾਂ ਨੂੰ ਇਨ੍ਹਾਂ ਦੋਵਾਂ ਭਾਸ਼ਾਵਾਂ ਦੀ ਕੋਈ ਸਮਝ ਨਹੀਂ ਸੀ। ਰਵਾਇਤੀ ਤੌਰ Ḕਤੇ ਪੁਰੋਹਿਤ ਵਰਗ ਪੁਰਾਣੀਆਂ ਗੂੜ੍ਹ ਭਾਸ਼ਾਵਾਂ ਵਰਤਦਾ ਸੀ ਤਾਂ ਕਿ ਉਹ ਆਪਣਾ ਬੌਧਿਕ ਦਬਦਬਾ ਬਣਾਈ ਰੱਖੇ ਅਤੇ ਨਾਲ ਹੀ ਸਮਾਜਿਕ ਤੇ ਧਾਰਮਿਕ ਤਾਕਤ ਵੀ ਕਾਇਮ ਰੱਖ ਸਕੇ। ਇਸ ਵਰਗ ਦਾ ਖਿਆਲ ਸੀ ਕਿ ਆਮ ਲੋਕਾਂ ਨੂੰ ਸਮਝ ਨਾ ਆਉਣ ਵਾਲੀ ਭਾਸ਼ਾ ਦੀ ਵਰਤੋਂ ਕਰ ਕੇ ਉਹ ਨਾ ਸਿਰਫ ਆਪਣਾ ਵੱਧ ਪੜ੍ਹੇ-ਲਿਖੇ ਹੋਣ ਦਾ ਰੁਤਬਾ ਸਮਾਜ ਵਿਚ ਬਣਾਈ ਰੱਖ ਸਕਦੇ ਹਨ ਸਗੋਂ ਆਪਣੇ ਬਹੁਤ ਹੀ ਪਹੁੰਚੇ ਹੋਏ ਹੋਣ ਦਾ ਪ੍ਰਭਾਵ ਵੀ ਸਿਰਜ ਸਕਦੇ ਹਨ। ਜਾਪਦਾ ਹੈ, ਗੁਰੂ ਜੀ ਨੇ ਇਸ ਰਵਾਇਤ ਨੂੰ ਬੜੇ ਸੁਚੇਤ ਰੂਪ ਵਿਚ ਤੋੜਿਆ। ਉਨ੍ਹਾਂ ਸੰਸਕ੍ਰਿਤ ਨੂੰ ਠੁਕਰਾ ਦਿੱਤਾ ਜਿਸ ਨੂੰ ਦੇਵ ਭਾਸ਼ਾ ਭਾਵ ਦੇਵਤਿਆਂ ਦੀ ਭਾਸ਼ਾ ਆਖਿਆ ਜਾਂਦਾ ਸੀ ਅਤੇ ਇਸ ਦੀ ਥਾਂ ਆਪਣੀਆਂ ਸਮਤਾਵਾਦੀ ਸਿੱਖਿਆਵਾਂ ਦੇ ਪ੍ਰਚਾਰ-ਪਸਾਰ ਲਈ ਲੋਕ ਭਾਸ਼ਾ ਭਾਵ ਪੰਜਾਬੀ ਦਾ ਇਸਤੇਮਾਲ ਕੀਤਾ। ਇਸ ਸਦਕਾ ਨੀਵੀਆਂ ਜਾਤਾਂ ਦੇ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ਜਿਹੜੇ ਮੁੱਖ ਤੌਰ Ḕਤੇ ਹਿੰਦੂ ਸਨ ਪਰ ਕੁਝ ਧਰਮ ਬਦਲ ਕੇ ਇਸਲਾਮ ਵੀ ਅਪਣਾ ਚੁੱਕੇ ਸਨ।
ਉਨ੍ਹਾਂ ਦੇ ਪੈਰੋਕਾਰਾਂ ਨੂੰ ਸਿੱਖ ਆਖਿਆ ਜਾਣ ਲੱਗਾ, ਭਾਵ ਸਿੱਖਣ ਵਾਲੇ ਜਾਂ ਸ਼ਾਗਿਰਦ। ਪੰਜਾਬੀ ਦਾ ਇਹ ਸ਼ਬਦ ḔਸਿੱਖḔ ਸੰਸਕ੍ਰਿਤ ਦੇ ਸ਼ਬਦ Ḕਸ਼ਿਸ਼ਯḔ ਤੋਂ ਆਇਆ ਹੈ। ਉਨ੍ਹਾਂ ਦੇ ਕੁਝ ਸ਼ੁਰੂਆਤੀ ਪੈਰੋਕਾਰ ਉਨ੍ਹਾਂ ਦੇ ਆਪਣੇ ਖੱਤਰੀ ਭਾਈਚਾਰੇ ਤੋਂ ਸਨ ਪਰ ਪੰਜਾਬੀਆਂ ਦੇ ਵੱਡੇ ਵਰਗ ਦਾ ਉਨ੍ਹਾਂ ਦੇ ਸ਼ਰਧਾਲੂ ਬਣਨ ਦਾ ਕਾਰਨ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਵਿਸ਼ਾ-ਵਸਤੂ (ਬਰਾਬਰੀ), ਸੰਚਾਰ ਦਾ ਮਾਧਿਅਮ (ਪੰਜਾਬੀ) ਅਤੇ ਸੰਚਾਰ ਦਾ ਰੂਪ (ਕਵਿਤਾ ਤੇ ਗੀਤ-ਸੰਗੀਤ) ਸੀ ਜਿਸ ਨੇ ਉਨ੍ਹਾਂ ਨੂੰ ਸਿੱਖੀ ਵੱਲ ਖਿੱਚਿਆ। ਇਸ ਲਈ ਉਨ੍ਹਾਂ ਨੂੰ ਸੱਚਮੁੱਚ ਦੇ ਪੰਜਾਬੀ ਧਰਮ ਦੇ ਬਾਨੀ ਤੇ ਵਿਚਾਰਕ ਮੰਨਣਾ ਵਾਜਬ ਹੈ ਜਿਸ ਨੇ ਪੰਜਾਬੀ ਸਮਾਜ ਦੇ ਸਾਰੇ ਜਾਤੀ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ, ਹਾਲਾਂਕਿ ਇਨ੍ਹਾਂ ਵਿਚੋਂ ਬਹੁਤ ਵੱਡੀ ਗਿਣਤੀ ਉਨ੍ਹਾਂ ਭਾਈਚਾਰਿਆਂ ਨਾਲ ਸਬੰਧਤ ਸਨ ਜਿਨ੍ਹਾਂ ਨੂੰ ਬ੍ਰਾਹਮਣ ਦੇ ਦਬਦਬੇ ਵਾਲੇ ਜਾਤੀਵਾਦੀ ਢਾਂਚੇ ਵਿਚ ਨੀਵੇਂ ਗਿਣਿਆ ਜਾਂਦਾ ਸੀ, ਖਾਸਕਰ ਕਿਸਾਨ ਤੇ ਦਸਤਕਾਰ ਆਦਿ।
ਖੁਸ਼ਵੰਤ ਸਿੰਘ ਨੇ ਆਪਣੀ ਕਿਤਾਬ Ḕਹਿਸਟਰੀ ਆਫ ਸਿੱਖਸḔ (1999) ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਮੇਂ ਅਤੇ ਸਿੱਖ ਧਰਮ ਦੇ ਉਭਾਰ ਦੇ ਪ੍ਰਸੰਗ ਵਿਚ ਇਸ ਪੰਜਾਬੀ ਆਯਾਮ ਨੂੰ ਬਹੁਤ ਹੀ ਅਰਥਪੂਰਨ ਢੰਗ ਨਾਲ ਲਿਆ ਹੈ। ਉਹ ਲਿਖਦਾ ਹੈ:
ਭਾਰਤ ਦਾ ਮੁੱਖ ਪ੍ਰਵੇਸ਼ ਦੁਆਰ ਹੋਣ ਕਾਰਨ ਪੰਜਾਬ ਸੁਭਾਵਿਕ ਤੌਰ Ḕਤੇ ਲਗਾਤਾਰ ਮੈਦਾਨ-ਏ-ਜੰਗ ਬਣਿਆ ਰਿਹਾ ਜਿਹੜਾ ਸਾਰੇ ਹਮਲਾਵਰਾਂ ਦਾ ਪਹਿਲਾ ਟਿਕਾਣਾ ਹੁੰਦਾ ਸੀ … ਇਸ ਤਰ੍ਹਾਂ ਇਥੇ ਬਹੁਤ ਸਾਰੀਆਂ ਜੰਗਜੂ ਕੌਮਾਂ ਦਾ ਖੂਨ ਮਿਲ ਗਿਆ ਅਤੇ ਨਾਲ ਹੀ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ- ਅਰਬੀ, ਫਾਰਸੀ, ਪਸ਼ਤੋ, ਤੁਰਕੀ ਆਦਿ ਇਸ ਸਰਜ਼ਮੀਨ ਉਤੇ ਬੋਲੀਆਂ ਜਾਣ ਲੱਗੀਆਂ। ਇਸੇ ਤਰ੍ਹਾਂ, ਦੇਸ਼ ਦੇ ਮੂਲ ਵਾਸੀਆਂ ਵਿਚ ਆਰੀਆ ਦੇ ਵੇਦਾਂਤ, ਜੈਨ ਤੇ ਬੁੱਧ ਧਰਮਾਂ ਅਤੇ ਅਰਬਾਂ, ਤੁਰਕਾਂ, ਮੰਗੋਲਾਂ, ਫਾਰਸੀਆਂ (ਇਰਾਨੀਆਂ) ਅਤੇ ਅਫਗਾਨਾਂ ਦੇ ਅਕੀਦੇ ਇਸਲਾਮ ਨੂੰ ਵੀ ਮੰਨਣ ਕਾਰਨ ਸਰਬਵਾਦ ਪੈਦਾ ਹੋਇਆ। ਖੂਨ ਤੇ ਭਾਸ਼ਾ ਦੇ ਇਸ ਮਿਲਗੋਭੇ ਵਿਚੋਂ ਪੰਜਾਬੀ ਲੋਕ ਪੈਦਾ ਹੋਏ … ਇਸ ਦੌਰਾਨ ਉਮੀਦ ਦੀ ਇਕ ਕਿਰਨ ਵੀ ਪੈਦਾ ਹੋਈ ਕਿ ਉਨ੍ਹਾਂ ਦੇ ਪੁਰਖਿਆਂ ਦੇ ਇਨ੍ਹਾਂ ਵੱਖੋ-ਵੱਖ ਅਕੀਦਿਆਂ ਵਿਚੋਂ ਪੰਜਾਬੀਆਂ ਦਾ ਇਕ ਨਵਾਂ ਅਕੀਦਾ ਵੀ ਪੈਦਾ ਹੋਵੇਗਾ।
ਪੰਜਾਬੀ ਭਾਵੇਂ ਹਿੰਦੂ ਤੇ ਮੁਸਲਿਮ ਧਰਮਾਂ ਵਿਚ ਪੂਰੀ ਤਰ੍ਹਾਂ ਵੰਡੇ ਹੋਏ ਸਨ, ਤਾਂ ਵੀ ਇਨ੍ਹਾਂ ਦੋਹਾਂ ਅਕੀਦਿਆਂ ਦਰਮਿਆਨ ਮੇਲ-ਮਿਲਾਪ ਵਧਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਇਸ ਤਰ੍ਹਾਂ ਲੋਕਾਂ ਵਿਚ ਜੀਓ ਤੇ ਜਿਉਣ ਦਿਉ ਦੀ ਭਾਵਨਾ ਪੈਦਾ ਹੋਈ। ਇਸ ਤਰ੍ਹਾਂ ਸਹਿਣਸ਼ੀਲਤਾ ਦੀ ਭਾਵਨਾ ਕਾਇਮ ਰੱਖਣ ਤੇ ਇਸ ਨੂੰ ਪੰਜਾਬੀ ਰਾਸ਼ਟਰਵਾਦ ਦੇ ਰੂਪ ਵਿਚ ਹਾਂ-ਪੱਖੀ ਵਿਸ਼ਾ-ਵਸਤੂ ਦੇਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਅਤੇ ਉਨ੍ਹਾਂ ਦੇ ਨੌਂ ਉਤਰਾਧਿਕਾਰੀਆਂ ਉਤੇ ਆਣ ਪਈ ਸੀ।
ਗੁਰੂ ਨਾਨਕ ਦੇਵ ਜੀ ਦੇ ਜਨਮ ਵੇਲੇ ਦੇ ਭੂਗੋਲਿਕ ਚੌਗਿਰਦੇ ਤੇ ਇਤਿਹਾਸਕ ਸਮੇਂ ਦਾ ਇਹ ਸੰਖੇਪ ਵੇਰਵਾ ਦੱਸਦਾ ਹੈ ਕਿ ਗੁਰੂ ਨਾਨਕ ਦੇਵ ਨੂੰ ਅਜਿਹੀ ਇਤਿਹਾਸਕ ਸ਼ਖਸੀਅਤ ਵਜੋਂ ਦੇਖਿਆ ਜਾ ਸਕਦਾ ਹੈ ਤੇ ਦੇਖਿਆ ਜਾਣਾ ਚਾਹੀਦਾ ਹੈ ਜਿਸ ਨੇ ਇਤਿਹਾਸ ਦੇ ਉਨ੍ਹਾਂ ਸੰਕਟਾਂ ਜਿਨ੍ਹਾਂ ਦੌਰਾਨ ਉਹ ਜਨਮੇ, ਪ੍ਰਤੀ ਉਵੇਂ ਹੀ ਹੁੰਗਾਰਾ ਭਰਿਆ; ਜਿਵੇਂ ਸਾਰੇ ਮਹਾਨ ਚਿੰਤਕ, ਫਿਲਾਸਫਰ ਅਤੇ ਉਹ ਸਾਰੇ, ਜਿਨ੍ਹਾਂ ਨੂੰ ਅਸੀਂ ਪੈਗੰਬਰ ਆਖਦੇ ਹਾਂ, ਹੁੰਗਾਰਾ ਭਰਦੇ ਹਨ। ਇਸ ਦੇ ਬਾਵਜੂਦ, ਸਾਨੂੰ ਨਾਲ ਹੀ ਇਹ ਵੀ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਆਲਮੀ ਅਹਿਮੀਅਤ ਰੱਖਦੇ ਆਪਣੇ ਸੁਨੇਹੇ ਨੂੰ ਪਹੁੰਚਾਉਣ ਲਈ ਕਿਵੇਂ ਭੂਗੋਲਿਕ ਚੌਗਿਰਦੇ ਤੇ ਇਤਿਹਾਸਕ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਪਾਇਆ। ਉਨ੍ਹਾਂ ਦੇ ਆਪਣੇ ਜੀਵਨ ਦੌਰਾਨ ਉਨ੍ਹਾਂ ਦੇ ਪੈਰੋਕਾਰਾਂ ਦੇ ਭਾਈਚਾਰੇ ਉਨ੍ਹਾਂ ਮੁਲਕਾਂ ਵਿਚ ਉਭਰੇ ਜਿਨ੍ਹਾਂ ਨੂੰ ਹੁਣ ਅਸੀਂ ਭਾਰਤ, ਪਾਕਿਸਤਾਨ, ਨੇਪਾਲ, ਤਿੱਬਤ, ਸ੍ਰੀਲੰਕਾ, ਇਰਾਨ ਤੇ ਇਰਾਕ ਵਜੋਂ ਜਾਣਦੇ ਹਾਂ। ਇਸ ਤੱਥ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸੁਨੇਹਾ ਪੰਜਾਬ ਦੀਆਂ ਭੂਗੋਲਿਕ ਹੱਦਾਂ ਨੂੰ ਵੀ ਟੱਪ ਗਿਆ ਸੀ। ਉਹ ਬੜਾ ਸੋਚ-ਸਮਝ ਕੇ ਦੂਰ-ਦੂਰਾਡੀਆਂ ਥਾਵਾਂ ਦੀਆਂ ਲੰਬੀਆਂ ਯਾਤਰਾਵਾਂ ਉਤੇ ਗਏ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਸਾਥੀ – ਭਾਈ ਬਾਲਾ (ਹਿੰਦੂ ਪਿਛੋਕੜ ਵਾਲੇ) ਅਤੇ ਭਾਈ ਮਰਦਾਨਾ (ਮੁਸਲਿਮ ਪਿਛੋਕੜ ਵਾਲੇ) ਵੀ ਸਨ। ਇਨ੍ਹਾਂ ਉਦਾਸੀਆਂ ਦੌਰਾਨ ਉਨ੍ਹਾਂ ਨੇ ਸੰਤਾਂ ਅਤੇ ਸੂਫੀਆਂ ਨਾਲ ਗੋਸ਼ਟੀਆਂ ਕੀਤੀਆਂ ਅਤੇ ਉਨ੍ਹਾਂ ਨਾਲ ਵੀ, ਜਿਹੜੇ ਆਪਣੇ ਕੋਲ ਗੈਬੀ ਸ਼ਕਤੀਆਂ ਹੋਣ ਦੇ ਦਾਅਵੇ ਕਰਦੇ ਸਨ ਪਰ ਅਸਲ ਵਿਚ ਉਹ ਪਾਖੰਡੀ ਸਾਧਾਂ ਤੋਂ ਵੱਧ ਹੋਰ ਕੁਝ ਨਹੀਂ ਸਨ। ਸੁਭਾਵਿਕ ਹੀ ਹੈ ਕਿ ਇਨ੍ਹਾਂ ਦੋਸਤਾਨਾ ਗੋਸ਼ਟੀਆਂ ਤੇ ਨਾਲ ਹੀ ਜ਼ੁਬਾਨੀ ਟਕਰਾਵਾਂ ਦੌਰਾਨ ਉਨ੍ਹਾਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਹੋਣਗੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਆਪਣੇ ਵਿਚਾਰਾਂ ਦੇ ਪ੍ਰਭਾਵ ਦਾ ਘੇਰਾ ਪੰਜਾਬ ਤੋਂ ਕਿਤੇ ਬਾਹਰ ਤੱਕ ਫੈਲਾ ਦਿੱਤਾ। ਇਸੇ ਪ੍ਰਭਾਵ ਦਾ ਸਿੱਟਾ ਸੀ ਕਿ ਉਨ੍ਹਾਂ ਦੇ ਪੈਰੋਕਾਰਾਂ ਦੇ ਭਾਈਚਾਰੇ ਉਨ੍ਹਾਂ ਥਾਵਾਂ ਉਤੇ ਵੀ ਬਣ ਗਏ ਜੋ ਉਨ੍ਹਾਂ ਦੀ ਮਾਤਭੂਮੀ ਪੰਜਾਬ ਤੋਂ ਬਹੁਤ ਦੂਰ ਸਨ। ਇਨ੍ਹਾਂ ਭਾਈਚਾਰਿਆਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਸੀ ਪਰ ਬਹੁਤਿਆਂ ਨੂੰ ਨਾਨਕਪੰਥੀ ਆਖਦੇ ਸਨ।
ਜੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸੁਲ੍ਹਾਕੁਲ ਪਹੁੰਚ ਨੂੰ ਉਨ੍ਹਾਂ ਦੇ ਪ੍ਰਭਾਵ ਦੀਆਂ ਸਥਾਨਕ ਸੀਮਾਵਾਂ ਦੇ ਪਾਰ ਜਾਣ ਦੇ ਆਯਾਮ ਰਾਹੀਂ ਪ੍ਰਮਾਣਿਤ ਕੀਤਾ ਜਾਂਦਾ ਹੈ ਤਾਂ ਲੌਕਿਕ ਸੀਮਾਵਾਂ ਨੂੰ ਪਾਰ ਕਰਦੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸੁਲ੍ਹਾਕੁਲ ਪਹੁੰਚ ਦੀ ਥਾਹ ਵਧੇਰੇ ਡੂੰਘਾਈ ਨਾਲ ਪਾਈ ਜਾ ਸਕਦੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਵਾਤਾਵਰਨੀ ਸੁਨੇਹਾ ਜਿਸ ਦੀ ਸਾਡੇ ਸਮੇਂ ਦੌਰਾਨ ਵੀ ਭਾਰੀ ਪ੍ਰਸੰਗਿਤਾ ਹੈ, ਸ਼ਾਇਦ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸੁਲ੍ਹਾਕੁਲ ਪਹੁੰਚ ਦਾ ਬਿਹਤਰੀਨ ਇਜ਼ਹਾਰ ਹੈ ਜਿਸ ਦੀ ਸਦੀਵੀ ਅਹਿਮੀਅਤ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸੁਲ੍ਹਾਕੁਲ ਤੇ ਵਾਤਾਵਰਨ ਪੱਖੀ ਸਿੱਖਿਆਵਾਂ ਉਨ੍ਹਾਂ ਦੇ ਸਮਾਨਤਾਵਾਦੀ ਨਜ਼ਰੀਏ ਨਾਲ ਪੂਰੀ ਤਰ੍ਹਾਂ ਇਕ-ਮਿਕ ਹਨ। ਉਨ੍ਹਾਂ ਦੇ ਵਾਤਾਵਰਨ ਪੱਖੀ ਸੁਨੇਹੇ ਦੀ ਸੱਚੀ ਅਹਿਮੀਅਤ ਉਸ ਸੁਨੇਹੇ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸੁਲ੍ਹਾਕੁਲ ਪਹੁੰਚ ਅਤੇ ਉਨ੍ਹਾਂ ਦੇ ਸੁਲ੍ਹਾਕੁਲ ਫਲਸਫੇ ਵਿਚੋਂ ਨਿਕਲੇ ਸਮਤਾਵਾਦ ਦੇ ਸੁਨੇਹੇ ਨਾਲ ਜੋੜ ਕੇ ਸਮਝੀ ਜਾ ਸਕਦੀ ਹੈ।