ਗੁਰੂ ਨਾਨਕ ਨਿਰਦੇਸ਼ ਤੇ ਸਮਕਾਲੀ ਰਾਜਨੀਤਕ ਸੰਕਟ

“ਸਿਆਸਤ ਉਤੇ ਧਰਮ ਦੇ ਕੁੰਡੇ ਦੀ ਥਾਂ ਧਰਮ ਉਤੇ ਸਿਆਸਤ ਭਾਰੂ ਹੋ ਜਾਣ ਕਾਰਨ ਸਿੱਖ-ਸਿਆਸਤ ਵਿਚ ਜਿਸ ਤਰ੍ਹਾਂ ਸਿੱਖੀ ਨੂੰ ਵਰਤਿਆ ਜਾ ਰਿਹਾ ਹੈ, ਉਸ ਤਰ੍ਹਾਂ ਸਿੱਖੀ ਨੂੰ ਸਮਝਿਆ ਨਹੀਂ ਜਾ ਰਿਹਾ। ਸਿਆਸਤ ਨਾਲ ਨਿਭਦਿਆਂ ਜਿਥੇ ਪਹੁੰਚ ਗਏ ਹਾਂ, ਉਸ ਵਿਚੋਂ ਪਹਿਲਾਂ ਸਿੱਖੀ, ਫਿਰ ਗੁਰਮਤਿ ਅਤੇ ਫਿਰ ਪੰਥਕਤਾ ਦਿਨੋ ਦਿਨ ਮਨਫੀ ਹੁੰਦੇ ਜਾ ਰਹੇ ਹਨ। ਨਤੀਜਾ ਇਹ ਹੈ ਕਿ ਸਿੱਖ ਧਰਮ ਦੀ ਖੁਦਮੁਖਤਿਆਰੀ ਸਿੱਖ ਸਿਆਸਤ ਦੇ ਹੱਥ ਆ ਗਈ ਹੈ।…ਨਾਨਕ-ਚਿੰਤਨ ਵਿਚ ਧਰਮਨੁਮਾ ਸਿਆਸਤ ਅਤੇ ਸਿਆਸਤਨੁਮਾ ਧਰਮ ਦੋਹਾਂ ਨੂੰ ਕੋਈ ਥਾਂ ਨਹੀਂ ਹੈ। ਇਸ ਦੇ ਬਾਵਜੂਦ ਇਹੀ ਮੌਜੂਦਾ ਸਿੱਖ ਸਿਆਸਤ ਦੀ ਪ੍ਰਧਾਨ ਸੁਰ ਹੋ ਗਿਆ ਹੈ। ਸਿਆਸਤ ਵੀ ਕਦੇ ਸਿੱਖੀ ਦੇ ਹੱਕ ਵਿਚ ਨਹੀਂ ਭੁਗਤੀ।”

ਇਹ ਵਿਚਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਅਤੇ ਵਰਲਡ ਪੰਜਾਬੀ ਸੈਂਟਰ, ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ 10 ਨਵੰਬਰ ਨੂੰ ਮਨਾਈ ਗਈ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਮੌਕੇ ਹੋਏ ਸੈਮੀਨਾਰ ਵਿਚ ਪਰਚਾ ਪੜ੍ਹਦਿਆਂ ਪ੍ਰਗਟਾਏ। ਉਨ੍ਹਾਂ ਅਨੁਸਾਰ “ਨਾਨਕ-ਬਾਣੀ ਵਿਚ ਜੇ ਪ੍ਰਾਪਤ ਨੂੰ ਇਕ ਗੋਲਾਕਾਰ ਤਸਲੀਮ ਕਰਕੇ ਵੇਖੀਏ ਤਾਂ ਕੇਂਦਰ ਵਿਚ ਅਧਿਆਤਮ ਹੈ ਅਤੇ ਹਾਸ਼ੀਏ ‘ਤੇ ਧਰਮ ਤੇ ਸਭਿਆਚਾਰ ਹਨ।…ਇਸ ਦੇ ਬਾਵਜੂਦ ਇਸ ਸਵਾਲ ਦਾ ਜਵਾਬ ਤਾਂ ਲੱਭਣਾ ਹੀ ਪਵੇਗਾ ਕਿ ਸਿੱਖੀ ਦਾ ਸਿਆਸੀਕਰਣ ਕਦੋਂ ਤੇ ਕਿਵੇਂ ਸ਼ੁਰੂ ਹੋ ਗਿਆ?” -ਸੰਪਾਦਕ

ਬਲਕਾਰ ਸਿੰਘ (ਪ੍ਰੋ.)
ਗੁਰੂ ਨਾਨਕ ਦੇਵ ਜੀ ਦਾ ਸਮਾਂ ਧਰਮ ਛੱਡਣ ਦੀ ਸਿਆਸਤ ਅਤੇ ਧਰਮ ਥੋਪਣ ਦੀ ਸਿਆਸਤ ਦਾ ਸਮਾਂ ਸੀ। ਇਸ ਨਾਲ ਸਬੰਧਤ ਸਮਕਾਲ ਹੀ ਸੰਕਟ ਵਿਚ ਆ ਗਿਆ ਸੀ। ਕੋਈ ਵੀ ਸਮਕਾਲ ਬੇਸ਼ੱਕ ਕਿਸੇ ਹੋਰ ਸਮਕਾਲ ਜਿਹਾ ਨਹੀਂ ਹੁੰਦਾ, ਕਿਉਂਕਿ ਕੋਈ ਵੀ ਸਮਕਾਲ ਸਿਧਾਂਤ ਨਹੀਂ ਹੁੰਦਾ, ਵਰਤਾਰਾ ਹੁੰਦਾ ਹੈ। ਵਰਤਾਰਾ ਜੇ ਸਿਧਾਂਤ ਦੇ ਨਾਲ ਹੋਵੇ ਤਾਂ ਵੀ ਨਾਲ ਨਹੀਂ ਹੁੰਦਾ ਅਤੇ ਜੇ ਨਾ ਹੋਵੇ ਤਾਂ ਵੀ ਸਿਧਾਂਤ ਤੋਂ ਮੁਕਤ ਨਹੀਂ ਹੁੰਦਾ। ਕਿਸੇ ਵੀ ਸਮਕਾਲ ਦੀ ਸਿਆਸਤ ਨੂੰ ਧਰਮ ਰਾਹੀਂ ਅਤੇ ਕਿਸੇ ਵੀ ਸਮਕਾਲ ਦੇ ਧਰਮ ਨੂੰ ਰਾਜਨੀਤੀ ਰਾਹੀਂ ਸਮਝਣ ਦੇ ਯਤਨ ਹੁੰਦੇ ਰਹੇ ਹਨ ਅਤੇ ਹੁੰਦੇ ਰਹਿਣੇ ਚਾਹੀਦੇ ਹਨ। ਕਿਸੇ ਵੀ ਸਮਕਾਲ ਦੀ ਰਾਜਨੀਤੀ ਅਤੇ ਧਰਮ ਇਕ ਨਹੀਂ ਹੋ ਸਕਦੇ, ਕਿਉਂਕਿ ਰਾਜਨੀਤੀ ਦੀ ਧਰਾਤਲ ਸਭਿਆਚਾਰ ਹੁੰਦਾ ਹੈ ਅਤੇ ਧਰਮ ਦੀ ਧਰਾਤਲ ਅਧਿਆਤਮ ਹੁੰਦਾ ਹੈ। ਇਸ ਦੇ ਬਾਵਜੂਦ ਸਭਿਆਚਾਰ, ਧਰਮ ਅਤੇ ਅਧਿਆਤਮ ਕਿਸੇ ਨਾ ਕਿਸੇ ਮਾਤਰਾ ਵਿਚ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਸੇ ਕਰਕੇ ਜਿਸ ਤਰ੍ਹਾਂ ਰਾਜਨੀਤੀ ਦੇ ਧਰਮ ਦੀ ਕਲਪਨਾ ਕੀਤੀ ਜਾ ਸਕਦੀ ਹੈ, ਉਸ ਤਰ੍ਹਾਂ ਧਰਮ ਦੀ ਰਾਜਨੀਤੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਦੇ ਬਾਵਜੂਦ ਧਰਮ ਦੀ ਰਾਜਨੀਤੀ ਹਰ ਸਮਕਾਲ ਦੀ ਸਮੱਸਿਆ ਰਹੀ ਹੈ ਅਤੇ ਰਹਿਣੀ ਵੀ ਹੈ।
ਨਾਨਕ-ਬਾਣੀ ਵਿਚ ਜੇ ਪ੍ਰਾਪਤ ਨੂੰ ਇਕ ਗੋਲਾਕਾਰ ਤਸਲੀਮ ਕਰਕੇ ਵੇਖੀਏ ਤਾਂ ਕੇਂਦਰ ਵਿਚ ਅਧਿਆਤਮ ਹੈ ਅਤੇ ਹਾਸ਼ੀਏ ‘ਤੇ ਧਰਮ ਅਤੇ ਸਭਿਆਚਾਰ ਹਨ। ਧਰਮ ਅਤੇ ਸਭਿਆਚਾਰ ਜਿਸ ਮਾਤਰਾ ਵਿਚ ਅਧਿਆਤਮ ਨੂੰ ਧੱਕ ਕੇ ਕੇਂਦਰ ਵਿਚ ਆਉਣ ਦੀ ਕੋਸ਼ਿਸ਼ ਕਰਨਗੇ, ਉਸ ਮਾਤਰਾ ਵਿਚ ਅਧਿਆਤਮ ਕੇਂਦਰ ਵਿਚੋਂ ਉਖੜਦਾ ਜਾਏਗਾ ਅਤੇ ਆਪਣੀ ਭੂਮਿਕਾ ਨਹੀਂ ਨਿਭਾ ਸਕੇਗਾ। ਗੁਰੂ ਨਾਨਕ ਦੇਵ ਜੀ ਦਾ ਸਮਕਾਲ ਜਿਹੋ ਜਿਹਾ ਵੀ ਸੀ, ਉਸ ਵਿਚ ਬਾਬਾ ਜੀ ਦਾ ਦਿੱਭ ਦਖਲ ਆਪਣੀ ਭੂਮਿਕਾ ਨਿਭਾਉਂਦਾ ਰਿਹਾ ਸੀ। ਸਾਡਾ ਸਮਕਾਲ ਉਹੋ ਜਿਹਾ ਬੇਸ਼ੱਕ ਨਹੀਂ ਹੈ; ਪਰ ਜਿਹੋ ਜਿਹਾ ਵੀ ਹੈ, ਉਸ ਵਾਸਤੇ ਨਾਨਕ ਨਿਰਦੇਸ਼ ਤੋਂ ਉਸੇ ਕਿਸਮ ਦੀ ਭੂਮਿਕਾ ਦੀ ਆਸ, ਸਿੱਖ-ਆਸਥਾ ਦਾ ਹਿੱਸਾ ਹੈ। ਇਸ ਦਾ ਆਧਾਰ ਦੇਹ-ਗੁਰੂ+ਸ਼ਬਦ-ਗੁਰੂ ਹੈ। ਇਸ ਕਰਕੇ ਦੇਹ-ਗੁਰੂ ਵਾਲੇ ਨਾਨਕ-ਸਮਕਾਲ ਵਿਚੋਂ ਬਾਹਰ ਨਿਕਲ ਕੇ ਹੀ ਸ਼ਬਦ-ਗੁਰੂ ਨਾਲ ਜੁੜੇ ਹੋਏ ਸਮਕਾਲੀ ਰਾਜਨੀਤਕ ਸੰਕਟ ਦੇ ਸਨਮੁਖ ਹੋਇਆ ਜਾ ਸਕਦਾ ਹੈ। ਇਸ ਹਾਲਤ ਵਿਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਾਨਕ ਨਿਰਦੇਸ਼ ਅਰਥਾਤ ਨਾਨਕ-ਬਾਣੀ ਅਰਥਾਤ ਸ਼ਬਦ-ਗੁਰੂ ਦੀ ਰੌਸ਼ਨੀ ਵਿਚ ਫੈਸਲੇ ਲੈ ਸਕਣ ਦੀਆਂ ਸੰਭਾਵਨਾਵਾਂ ‘ਗੁਰੂ ਅੰਗ ਸੰਗ’ ਵਾਂਗ ਸਕਰਮਕ ਜਗਿਆਸੂ ਚੇਤਨਾ ਦੇ ਨਾਲ ਹਨ।
ਨਾਨਕ-ਚਿੰਤਨ ਵਿਚ ਸਮਕਾਲੀ ਰਾਜਨੀਤਕ ਸੰਕਟ ਨਾਲ ਵੀ ਉਵੇਂ ਹੀ ਨਿਭਣ ਦਾ ਨਿਰਦੇਸ਼ ਹੈ, ਜਿਵੇਂ ਪੰਜ ਵਿਕਾਰਾਂ ਨਾਲ ਨਿਭਣ ਦਾ ਗੁਰਮਤਿ ਪ੍ਰਸੰਗ ਪ੍ਰਾਪਤ ਹੈ*(1)। ਨਾਨਕ-ਚਿੰਤਨ ਦੀ ਚੂਲ ਲੈਣਯੋਗ ਨੂੰ ਲੈਣ ਅਤੇ ਛੱਡਣਯੋਗ ਨੂੰ ਛੱਡਣ ਵਿਚ ਹੋਣ ਕਰਕੇ ਪ੍ਰਾਪਤ ਅਧਿਆਤਮਕ ਪਰਤਾਂ ਦੇ ਗੁਨ੍ਹੇ ਹੋਏ ਰੂਪ ਵਾਂਗ ਉਨ੍ਹਾਂ ਦੀ ਬਾਣੀ ਹੋ ਗਈ ਹੈ। ਇਸ ਵਾਸਤੇ ਵਰਤੀ ਗਈ ਵਿਧੀ ਸਹਿਜ ਸਥਾਪਨ ਦੀ ਵਿਧੀ ਸੀ ਤੇ ਹੈ। ਇਸ ਵਿਚੋਂ ਕੁਝ ਵੀ ਸਿਆਸਤ ਵੱਲ ਸਿੱਧਿਆਂ ਸੇਧਤ ਨਹੀਂ ਹੈ। ਇਸੇ ਕਰਕੇ ਸਿੱਖੀ ਵਿਚ ਸਿਆਸਤ ਸਦਾ ਹਾਸ਼ੀਏ ‘ਤੇ ਹੀ ਰਹੀ ਹੈ ਅਤੇ ਵਰਤਮਾਨ ਵਾਂਗ ਸਿਆਸੀ ਸੰਕਟ ਕਦੇ ਵੀ ਨਹੀਂ ਸੀ। ਸਿੱਖੀ ਤੋਂ ਪੰਥ ਤੱਕ ਦੀ ਯਾਤਰਾ ਨੂੰ ਧਰਮ ਤੋਂ ਸਿਆਸਤ ਤੱਕ ਦੀ ਯਾਤਰਾ ਸਮਝਣ ਵਾਲਿਆਂ ਨੂੰ ਬਾਣੀ ਦੀ ਰੌਸ਼ਨੀ ਵਿਚ ਸਮਝਿਆ ਅਤੇ ਸਮਝਾਇਆ ਨਹੀਂ ਜਾ ਸਕਦਾ। ਇਸ ਦੇ ਬਾਵਜੂਦ ਇਸ ਸਵਾਲ ਦਾ ਜਵਾਬ ਤਾਂ ਲੱਭਣਾ ਹੀ ਪਵੇਗਾ ਕਿ ਸਿੱਖੀ ਦਾ ਸਿਆਸੀਕਰਣ ਕਦੋਂ ਤੇ ਕਿਵੇਂ ਸ਼ੁਰੂ ਹੋ ਗਿਆ?
ਸਿੱਖ ਸਿਆਸਤ ਦੇ ਜਿੰਨੇ ਵੀ ਰੰਗ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਤਾਂ ਇਹੀ ਲੱਗਦਾ ਹੈ ਕਿ ਜਿੱਤ ਦੀ ਆਸ ਵਿਚ ਵਿਹਾਜੀਆਂ ਜਾ ਰਹੀਆਂ ਹਾਰਾਂ, ਵਰਤਮਾਨ ਸਿੱਖ-ਸਮਕਾਲ ਨੂੰ ਹੋਣੀ ਵਾਂਗ ਹੰਢਾਉਣੀਆਂ ਪੈ ਰਹੀਆਂ ਹਨ। ਇਸ ਦੀਆਂ ਪੈੜਾਂ ਮੈਨੂੰ ਗੁਰਮਤਿ ਦੀ ਥਾਂ ਖੱਬੂ ਸਿਧਾਂਤਕੀਆਂ ਵੱਲ ਜਾਂਦੀਆਂ ਲੱਗਦੀਆਂ ਹਨ। ਇਸ ਤੋਂ ਪਹਿਲਾਂ ਸਿੱਖੀ ਦੇ ਕੇਂਦਰੀ ਸਰੋਕਾਰਾਂ ਵਿਚ ਗ੍ਰੰਥ (ਚੋਮਮੋਨ ੋਬਜeਚਟ), ਪੰਥ (ਚੋਮਮੋਨ ੋਰਗਅਨਡਿਅਟਿਨ), ਗੁਰਦੁਆਰਾ (ਚੋਮਮੋਨ ਚੋਨਵਚਿਟਿਨ) ਅਤੇ ਰਹਿਤ (ਚੋਮਮੋਨ ਚੋਦe ਾ ਚੋਨਦੁਚਟ) ਸ਼ਾਮਲ ਸਨ। ਸਮਕਾਲ ਦੀ ਸਿੱਖ ਸਿਆਸਤ ਨੇ ਇਨ੍ਹਾਂ ਚਾਰਾਂ ਦੀ ਅੰਤਰ-ਸਬੰਧਤਾ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਭੁਗਤਣ ਦਾ ਰਾਹ ਰੋਕ ਦਿੱਤਾ ਹੈ। ਨਤੀਜਨ ਸਿੱਖ ਸਿਆਸਤ ਆਪਸੀ ਕਮਜ਼ੋਰੀਆਂ ਦੇ ਸ਼ਿਕਾਰੀਆਂ ਤੇ ਵਪਾਰੀਆਂ ਦੀ ਖੇਡ ਹੋ ਗਈ ਹੈ। ਇਸ ਦੇ ਭਾਈਵਾਲਾਂ ਤੱਕ ਮੈਂ ਇਸ ਸ਼ੇਅਰ ਰਾਹੀਂ ਪਹੁੰਚਣਾ ਚਾਹੁੰਦਾ ਹਾਂ:
ਮੁਹੱਬਤ ਗੋਲੀਓਂ ਸੇ ਬੋਅ ਰਹੇ ਹੋ।
ਜ਼ਮੀਨ ਕਾ ਚਿਹਰਾ ਖੂੰ ਸੇ ਧੋ ਰਹੇ ਹੋ।
ਘੁਮੰਡ ਤੁਮ ਕੋ ਹੈ ਕਿ ਰਾਸਤਾ ਨਿਕਲ ਰਹਾ ਹੈ
ਯਕੀਂ ਮੁਝ ਕੋ ਹੈ ਕਿ ਮੰਜ਼ਲ ਖੋ ਰਹੇ ਹੋ।
ਨਾਨਕ-ਚਿੰਤਨ ਵਿਚ ਧਰਮਨੁਮਾ ਸਿਆਸਤ ਅਤੇ ਸਿਆਸਤਨੁਮਾ ਧਰਮ ਦੋਹਾਂ ਨੂੰ ਕੋਈ ਥਾਂ ਨਹੀਂ ਹੈ। ਇਸ ਦੇ ਬਾਵਜੂਦ ਇਹੀ ਮੌਜੂਦਾ ਸਿੱਖ ਸਿਆਸਤ ਦੀ ਪ੍ਰਧਾਨ ਸੁਰ ਹੋ ਗਿਆ ਹੈ। ਉਲਾਰ ਦੀ ਕੋਈ ਦਾਸਤਾਨ ਸਿੱਖ ਦਾਸਤਾਨ ਨਹੀਂ ਹੋ ਸਕਦੀ। ਸਿੱਖੀ ਵਿਚ ਜਿਵੇਂ ਧਰਮ ਕਦੇ ਸਿਆਸਤ ਦੇ ਹੱਕ ਵਿਚ ਨਹੀਂ ਭੁਗਤਿਆ, ਉਸੇ ਤਰ੍ਹਾਂ ਸਿਆਸਤ ਵੀ ਕਦੇ ਸਿੱਖੀ ਦੇ ਹੱਕ ਵਿਚ ਨਹੀਂ ਭੁਗਤੀ। ਮੌਜੂਦਾ ਸਿਆਸਤ ਜਿਵੇਂ ਭਾਰਤੀ ਰਾਸ਼ਟਰ ਤੋਂ ਹਿੰਦੂ ਰਾਸ਼ਟਰ ਤੱਕ ਪਹੁੰਚ ਗਈ ਹੈ, ਉਸ ਨਾਲ ਪੈਦਾ ਹੋ ਰਹੇ ਘੜਮੱਸ ਵਿਚੋਂ ਇਨਕਲਾਬ ਪੈਦਾ ਕਰਨ ਦੇ ਮੁੱਦਈਆਂ ਨੂੰ ਹਾਲਾਤ ਸਾਜ਼ਗਾਰ ਲੱਗਣ ਲੱਗ ਪਏ ਹਨ। ਕੌਣ ਕਿਸ ਨੂੰ ਦੱਸੇ ਕਿ ਸਮਕਾਲੀ ਰਾਜਸੀ ਸੰਕਟ ਸਿਆਸਤ ਦੀਆਂ ਨਹੁੰਦਰਾਂ ਨਾਲ ਧਰਮ ਨੂੰ ਨੋਚਣ ਵਾਲੇ ਰਾਹ, ਉਸੇ ਤਰ੍ਹਾਂ ਪੈਂਦਾ ਜਾ ਰਿਹਾ ਹੈ, ਜਿਸ ਤਰ੍ਹਾਂ ਬਾਬੇ ਨਾਨਕ ਨੂੰ ਸ਼ੇਰਾਂ ਅਤੇ ਕੁੱਤਿਆਂ ਦੇ ਬਿੰਬ ਰਾਹੀਂ*(2) ਨਜ਼ਰ ਆ ਗਿਆ ਸੀ।
ਸਿੱਖ-ਸਿਆਸਤ ਵਿਚ ਜਿਸ ਤਰ੍ਹਾਂ ਸਿੱਖੀ ਨੂੰ ਵਰਤਿਆ ਜਾ ਰਿਹਾ ਹੈ, ਉਸ ਤਰ੍ਹਾਂ ਸਿੱਖੀ ਨੂੰ ਸਮਝਿਆ ਨਹੀਂ ਜਾ ਰਿਹਾ। ਮਿਸਾਲ ਵਜੋਂ ਮੀਰੀ-ਪੀਰੀ ਦੇ ਗੁਰਮਤਿ ਸੰਕਲਪ ਨੂੰ ਭਗਤੀ ਤੇ ਸ਼ਕਤੀ, ਸ਼ਸ਼ਤਰ ਤੇ ਸ਼ਾਸ਼ਤਰ ਅਤੇ ਸੰਤ ਤੇ ਸਿਪਾਹੀ ਦੀ ਸੁਰ ਅਤੇ ਵਿਧੀ ਵਿਚ ਸਮਝਿਆ ਤੇ ਵਰਤਿਆ ਨਹੀਂ ਗਿਆ। ਨਤੀਜਨ ਪੀਰੀ-ਪੀਰੀ, ਆਪਣੇ ਗੁਰਮਤਿ ਪ੍ਰਸੰਗ ਵਿਚੋਂ ਨਿਕਲ ਕੇ ਸਿੱਖ-ਸਿਆਸਤ ਦੀ ਪੈਂਤੜੇਬਾਜੀ ਹੋ ਗਈ ਹੈ। ਇਸ ਨਾਲ ਧਰਮ ਅਤੇ ਸਿਆਸਤ ਇਕ ਦੂਜੇ ਦੇ ਟਕਰਾਉ ਵਿਚ ਆ ਗਈ ਹੈ। ਨਾਨਕ-ਨਿਰਦੇਸ਼ ਮੁਤਾਬਕ ਧਰਮ ਦੀ ਚੂਲ ਨੈਤਿਕ ਜਿੰਮੇਵਾਰੀਆਂ ਹਨ ਅਤੇ ਸਿੱਖ-ਸਿਆਸਤ ਮੁਤਾਬਕ ਤਾਕਤ ਵਿਚ ਜਿਵੇਂ ਸੰਭਵ ਹੋਵੇ, ਰਹਿਣ ਵਾਸਤੇ ਜੋ ਵੀ ਕੀਮਤ ਦੇਣੀ ਪਵੇ, ਦੇ ਦੇਣੀ ਚਾਹੀਦੀ ਹੈ।
ਇਸ ਵੇਲੇ ਦੀ ਸਿੱਖ-ਸਿਆਸਤ ਦੀਆਂ ਸੰਭਾਵਨਾਵਾਂ ਨਾਨਕ ਨਿਰਦੇਸ਼ਨ ਦੀ ਥਾਂ ਗਲੋਬਲ ਹੋ ਗਏ ਸਿੱਖ ਭਾਈਚਾਰੇ ਦੀ ਕਰਮਭੂਮੀ ਵਾਲੇ ਦੇਸ਼ ਦੇ ਵਿਧਾਨ ਨਾਲ ਜੁੜੀਆਂ ਹੋਈਆਂ ਹਨ। ਇਸ ਦੇ ਅੰਤਰਗਤ ਹੋ ਰਹੀ ਸਿਆਸਤ ਨਾਲ ਨਿਭਦਿਆਂ ਜਿਥੇ ਪਹੁੰਚ ਗਏ ਹਾਂ, ਉਸ ਵਿਚੋਂ ਪਹਿਲਾਂ ਸਿੱਖੀ, ਫਿਰ ਗੁਰਮਤਿ ਅਤੇ ਫਿਰ ਪੰਥਕਤਾ ਦਿਨੋ ਦਿਨ ਮਨਫੀ ਹੁੰਦੇ ਜਾ ਰਹੇ ਹਨ। ਅਜਿਹਾ ਪਛਾਣ ਨੂੰ ਸਿੱਖੀ ਸਮਝ ਲੈਣ ਨਾਲ ਸ਼ੁਰੂ ਹੋਇਆ ਸੀ ਅਤੇ ਸਰਬ ਅਲਿੰਗਨਕਾਰੀ ਗੁਰਮਤਿ ਨੂੰ ਪੰਥਕਤਾ ਦੇ ਸ਼ਿਕੰਜੇ ਵਿਚ ਕਸਦੇ ਜਾਣ ਦੀ ਸਿਆਸਤ ਤੱਕ ਪਹੁੰਚ ਗਏ ਹਾਂ। ਇਸ ਨਾਲ ਗੁਰੂ ਨਾਨਕ ਦੇਵ ਦੇ ਸਹਿਜ-ਮਾਡਲ ਦੀ ਥਾਂ ਸਿਆਸਤ ਦਾ ਸ਼ਿਕੰਜਾ-ਮਾਡਲ ਲਾਗੂ ਹੁੰਦਾ ਜਾ ਰਿਹਾ ਹੈ।
ਨਤੀਜਨ ਸਿੱਖੀ ਪੰਥਕਤਾ ਦੇ ਸ਼ਿਕੰਜੇ ਵਿਚ ਕਸੀ ਜਾ ਰਹੀ ਹੈ, ਪੰਥਕਤਾ ਸਿਆਸਤ ਦੇ ਸ਼ਿਕੰਜੇ ਵਿਚ ਕਸੀ ਜਾ ਰਹੀ ਹੈ ਅਤੇ ਸਿੱਖ-ਸਿਆਸਤ ਵਿਧਾਨਕਤਾ ਦੇ ਸ਼ਿਕੰਜੇ ਵਿਚ ਕਸੀ ਜਾ ਰਹੀ ਹੈ। ਇਸ ਵਿਚ ਨਾਨਕ ਨਿਰਦੇਸ਼ਨ ਲੋੜ ਮੁਤਾਬਕ (ਸੁਆਦਾਨੁਕੂਲ) ਹੀ ਨਜ਼ਰ ਆ ਰਿਹਾ ਹੈ। ਇਹ ਵਰਤਾਰਾ ਇਕ ਦੂਜੇ ਦੀ ਪੂਰਕਤਾ ਵਾਲੀ ਗੁਰਮਤਿ ਵਿਧੀ ਵਿਚੋਂ ਨਿਕਲ ਕੇ, ਇਕ ਦੂਜੇ ਨੂੰ ਫੇਲ੍ਹ ਕਰਨ ਵਾਲੀ ਵਕਤੀ ਸਿਆਸਤ ਦੇ ਰਾਹ ਪੈ ਗਿਆ ਹੈ। ਇਸ ਦੀ ਪਹਿਲ ਬੇਸ਼ੱਕ ਸਿੱਖ ਦੇ ਬਾਣੀ ਨਾਲੋਂ ਟੁੱਟਣ ਨਾਲ ਹੋਈ ਹੈ, ਪਰ ਇਸ ਨੂੰ ਠੱਲ੍ਹ ਪਾ ਸਕਣ ਵਾਲੀਆਂ ਗੁਰਮਤੀ ਸੰਭਾਵਨਾਵਾਂ ਇਸ ਕਰਕੇ ਕਮਜ਼ੋਰ ਦਰ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਕਿ ਨਾਨਕ-ਨਿਰਦੇਸ਼ਨ ਦੀ ਥਾਂ ਵਿਅਕਤੀਗਤ ਚੌਧਰ ਦੀ ਸਿਆਸਤ ਪ੍ਰਧਾਨ ਹੁੰਦੀ ਜਾ ਰਹੀ ਹੈ। ਇਸ ਨਾਲ ਆਸਥਾ ਦੀ ਸਿਆਸਤ ਵਿਚੋਂ ਆਸਥਾ ਦਾ ਸੁੱਚਮ ਉਸੇ ਤਰ੍ਹਾਂ ਮਨਫੀ ਹੁੰਦਾ ਜਾ ਰਿਹਾ ਹੈ, ਜਿਵੇਂ ਹਨੇਰਾ ਪੈਂਦਿਆਂ ਹੀ ਦਿਨ ਦਾ ਚਾਨਣ ਆਪਣੇ ਆਪ ਕੁਦਰਤੀ ਨੇਮ ਵਾਂਗ ਮਨਫੀ ਹੋ ਜਾਂਦਾ ਹੈ। ਸਾਡੀ ਇਸ ਹੋਣੀ ਦੀਆਂ ਜੜ੍ਹਾਂ ਸਾਡੀ ਵਿਰਾਸਤ ਵਿਚ ਨਹੀਂ ਹਨ, ਕਿਉਂਕਿ ਇਸ ਦਾ ਮੁੱਢ ਮਿਸਲਾਂ ਦੀ ਚੜ੍ਹਤ ਨਾਲ ਬੱਝਣਾ ਸ਼ੁਰੂ ਹੋ ਗਿਆ ਸੀ। ਇਹ ਇਸ ਲਈ ਕਹਿ ਰਿਹਾਂ ਹਾਂ ਕਿ ਇਸ ਦੌਰ ਵਿਚ ਸਿੱਖੀ ਨੂੰ ਬਾਣੀ ਰਾਹੀਂ ਸਮਝਣ ਦੀ ਥਾਂ ਪਹਿਲਾਂ ਇਤਿਹਾਸ ਰਾਹੀਂ ਅਤੇ ਫਿਰ ਸਿਆਸਤ ਰਾਹੀਂ ਸਮਝੇ ਜਾਣ ਦੀ ਸ਼ੁਰੂਆਤ ਹੋ ਗਈ ਸੀ।
ਨਾਨਕ-ਨਿਰਦੇਸ਼ਨ ਵਾਲੀ ਸਿੱਖੀ ਨੂੰ ਜਿਹੋ ਜਿਹੀ ਢਾਹ ਸਿੱਖ ਰਾਜ ਵੇਲੇ ਲੱਗਣੀ ਸ਼ੁਰੂ ਹੋ ਗਈ ਸੀ, ਉਸ ਨੂੰ ਬਾਣੀ ਦੀ ਅਗਵਾਈ ਵਿਚ ਠਲ੍ਹਣ ਵਾਲਾ ਕੋਈ ਵੀ ਚੇਤਨਾ ਕੇਂਦਰ ਸਾਹਮਣੇ ਨਹੀਂ ਆ ਰਿਹਾ ਸੀ। ਕਾਲੋਨੀਅਲ ਸਿਆਸਤ ਨੇ ਇਸ ਦਾ ਸਿਆਸੀ ਲਾਹਾ ਲੈਂਦਿਆਂ ਗੁਰਦੁਆਰਿਆਂ ਉਤੇ ਮਹੰਤਾਂ ਦੇ ਕਬਜਿਆਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਸੀ। ਗੁਰਦੁਆਰਿਆਂ ਦੀ ਸੁਰੱਖਿਆ ਲਈ ਗੁਰਮਤਿ ਦੇ ਰੰਗ ਜੂਝਣ ਦੇ ਨਤੀਜਿਆਂ ਦੇ ਵਿਸਥਾਰ ਵਿਚ ਜਾਏ ਬਿਨਾ ਕਹਿਣਾ ਇਹ ਚਾਹੁੰਦਾ ਹਾਂ ਕਿ ਸਭ ਪ੍ਰਾਪਤੀਆਂ ਬਾਣੀ ਦੀ ਅਗਵਾਈ ਵਿਚ ਸਿੱਖ ਵਾਂਗ ਜੂਝਦਿਆਂ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਪ੍ਰਾਪਤ ਹੋਈਆਂ ਸਨ। ਇਸੇ ਦੇ ਇਰਦ-ਗਿਰਦ ਉਸਰਦੀ ਸਿੰਘ ਸਭਾ ਲਹਿਰ ਲੱਗਦੀ ਹੈ। ਇਹੀ ਸਮਾਂ ਸੀ ਜਦੋਂ ਸਿੱਖ-ਧਰਮ ਅਤੇ ਸਿੱਖ-ਸਿਆਸਤ ਬਾਰੇ ਨਿੱਠ ਕੇ ਸੋਚਿਆ ਜਾ ਰਿਹਾ ਸੀ। ਸਿੱਖ ਚੇਤਨਾ ਸਾਹਮਣੇ ਇਹ ਸਾਫ ਹੋ ਗਿਆ ਸੀ ਕਿ ਸਿੱਖ-ਸਿਆਸਤ ਬਾਰੇ ਦੇਸ਼ ਦੇ ਕਾਨੂੰਨ ਮੁਤਾਬਕ ਹੀ ਸੋਚਿਆ ਜਾ ਸਕਦਾ ਹੈ। ਇਸੇ ਸੋਚ ਵਿਚੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਧਰਮ ਦੀ ਪ੍ਰਤੀਨਿਧ ਸੰਸਥਾ ਵਜੋਂ ਚਿਤਵਿਆ ਗਿਆ ਸੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ-ਸਿਆਸਤ ਦੇ ਪ੍ਰਤੀਨਿਧ ਵਜੋਂ ਚਿਤਵਿਆ ਗਿਆ ਸੀ।
ਇਹ ਦੋਵੇਂ ਸੰਸਥਾਵਾਂ ਇਕ ਪਾਸੇ ਵਿਧਾਨਕਤਾ ਦੇ ਸ਼ਿਕੰਜੇ ਵਿਚ ਰਹਿਣ ਦੀ ਮਜਬੂਰੀ ਹੰਢਾ ਰਹੀਆਂ ਹਨ ਅਤੇ ਦੂਜੇ ਪਾਸੇ ਪਹਿਲਾਂ ਪੁਰਾਣੇ ਪੰਜਾਬ ਤੇ ਹੁਣ ਪੰਜਾਬੀ ਸੂਬੇ ਤੱਕ ਸੁੰਗੜਨ ਦੀ ਮਜਬੂਰੀ ਹੰਢਾ ਰਹੀਆਂ ਹਨ। ਨਾਨਕ ਨਿਰਦੇਸ਼ਨ ਦਾ ਕਿਰਦੇ ਜਾਣਾ ਇਨ੍ਹਾਂ ਦੋਹਾਂ ਸੰਸਥਾਵਾਂ ਦੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਬਣਦਾ ਚਲਾ ਗਿਆ ਹੈ। ਇਹ ਵਰਤਾਰਾ ਜਿਥੇ ਪਹੁੰਚ ਗਿਆ ਹੈ, ਉਸ ਤੋਂ ਤਾਂ ਇਹੀ ਸਮਝ ਆਉਂਦਾ ਹੈ ਕਿ ਇਹ ਦੋਵੇਂ ਸੰਸਥਾਵਾਂ, ਸਿੱਖ ਭਾਈਚਾਰੇ ਦੀਆਂ ਨਾ ਹੀ ਵਾਹਦ ਪ੍ਰਤੀਨਿਧ ਰਹੀਆਂ ਹਨ ਅਤੇ ਨਾ ਹੀ ਰਹਿ ਸਕਦੀਆਂ ਹਨ, ਕਿਉਂਕਿ ਪੰਜਾਬੀ ਸੂਬੇ ਦਾ ਬਣ ਜਾਣਾ, ਓਨਾ ਸਿੱਖੀ ਦੇ ਹੱਕ ਵਿਚ ਨਹੀਂ ਭੁਗਤਿਆ, ਜਿੰਨਾ ਸਿੱਖ ਸਿਆਸਤ ਦੇ ਹੱਕ ਵਿਚ ਭੁਗਤਿਆ ਹੈ। ਇਸ ਨਾਲ ਸਿੱਖ ਸਿਆਸਤ ਬਰਾਸਤਾ ਸ਼੍ਰੋਮਣੀ ਕਮੇਟੀ ਅਜਿਹੇ ਰਾਹ ਪੈ ਗਈ ਹੈ, ਜਿਸ ‘ਤੇ ਚੱਲਦਿਆਂ ਨਤੀਜਿਆਂ ਦੀ ਕੀਮਤ ਨਤੀਜੇ ਨਿਕਲਣ ਤੋਂ ਪਹਿਲਾਂ ਹੀ ਚੁਕਾਉਣੀ ਪੈ ਰਹੀ ਹੈ। ਇਸ ਨਾਲ ਬਹੁਤ ਕੁਝ ਉਲਟ-ਪੁਲਟ ਹੋਈ ਜਾ ਰਿਹਾ ਹੈ।
ਨਾਨਕ ਨਿਰਦੇਸ਼ਨ ਵਿਚ ਪੰਜਾਬੀ ਸਭਿਆਚਾਰ, ਸਿੱਖ ਸਭਿਆਚਾਰ, ਸਿੱਖ ਧਰਮ ਅਤੇ ਸਿੱਖ ਅਧਿਆਤਮ ਇਕ ਦੂਜੇ ਦੀ ਪੂਰਕਤਾ ਵਿਚ ਤੇ ਇਕ ਦੂਜੇ ਦੀ ਪੂਰਕਤਾ ਲਈ ਨਿਭਣੇ ਚਾਹੀਦੇ ਹਨ; ਪਰ ਹੋ ਇਹ ਰਿਹਾ ਹੈ ਕਿ ਅਧਿਆਤਮ ਧਰਮ ਵਜੋਂ ਵਰਤਿਆ ਜਾ ਰਿਹਾ ਹੈ, ਧਰਮ ਸਭਿਆਚਾਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਸਭਿਆਚਾਰ ਬੇਲਗਾਮ ਵਹਿਣ ਵਾਂਗ ਵਹਿ ਰਿਹਾ ਹੈ। ਇਸ ਦਾ ਨਤੀਜਾ ਆਪਣੀ ਸਹਿਚਾਰ ਦੀ ਥਾਂ ਆਪਣੀ ਟਕਰਾਉ ਵਿਚ ਨਿਕਲਣਾ ਕੁਦਰਤੀ ਹੈ। ਨਤੀਜਿਆਂ ਦੀ ਸਿਆਸਤ ਵਿਚ ਫਸਦਾ ਜਾ ਰਿਹਾ ਸਿੱਖ ਭਾਈਚਾਰਾ ਆਪਣੇ ਆਪਣੇ ਕਬਜਿਆਂ ਦੇ ਵਰਤਾਰਿਆਂ ਦੀ ਸਿਆਸਤ ਨਾਲ ਸੰਤੁਸ਼ਟ ਹੋਣ ਦੀ ਹੋਣੀ ਭੋਗ ਰਿਹਾ ਹੈ। ਇਸ ਦਾ ਨਤੀਜਾ ਇਹ ਹੈ ਕਿ ਸਿੱਖ ਧਰਮ ਦੀ ਖੁਦਮੁਖਤਿਆਰੀ ਸਿੱਖ ਸਿਆਸਤ ਦੇ ਹੱਥ ਆ ਗਈ ਹੈ ਅਤੇ ਸਿੱਖ ਅਧਿਆਤਮ ਦੀ ਦਾਅਵੇਦਾਰੀ ਸੰਤਾਂ ਨੇ ਸੰਭਾਲ ਲਈ ਹੈ। ਇਸ ਦਾ ਪ੍ਰਗਟਾਵਾ ਅਧੀਨ ਮਾਨਸਿਕਤਾ (ਪੋਸਸeਸਸeਦ) ਰਾਹੀਂ ਹੋਣ ਲੱਗ ਪਿਆ ਹੈ। ਇਸੇ ਦੇ ਨਾਲ ਨਾਲ ਆਸਥਾ ਵਿਹੂਣ ਸਿੱਖ ਵਰਤਾਰਿਆਂ ਦੀ ਖੁਲ੍ਹ ਖੇਡ ਵੀ ਚੱਲੀ ਜਾ ਰਹੀ ਹੈ ਅਤੇ ਸਿੱਖ-ਜਾਗ੍ਰਿਤੀ ਦੀ ਥਾਂ ਸਿੱਖ-ਅੰਧ ਦਾ ਬੋਲਬਾਲਾ ਹੋਈ ਜਾ ਰਿਹਾ ਹੈ। ਸਿੱਖ-ਸਿਆਸਤ ਨੇ ਇਸ ਨੂੰ ਏਜੰਸੀਆਂ ਦੇ ਖਾਤੇ ਵਿਚ ਪਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ।
ਇਸੇ ਵਿਧੀ ਦੀ ਵਰਤੋਂ ਕਰਦਿਆਂ ਇਸਲਾਮ ਅਤੇ ਹਿੰਦੂਤਵ ਵਾਂਗ ਸਿੱਖਤਵ ਦੀ ਸਿਆਸਤ ਨੂੰ ਪੰਥਕਤਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਕਰਨ ਵਾਲਿਆਂ ਨੇ ਕਦਮ ਰੋਕ ਕੇ ਕਦੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਿੱਖ ਰਾਜ ਦੇ ਉਦਰੇਵੇਂ ਦੇ ਮੁੱਦਈ ਹੋਣ ਦੇ ਬਾਵਜੂਦ ਸਿੰਘ ਸਭਾਈ ਚੇਤਨਾ ਵਿਚੋਂ ਕਿਸੇ ਵੀ ਵਿਦਵਾਨ ਨੇ ਸਿਆਸਤਦਾਨ ਹੋਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਇਹ ਵੀ ਸੋਚਿਆ ਜਾਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਿਆਸਤ ਦਾ ਸ਼ਿਕਾਰ 1947 ਤੋਂ ਪਿੱਛੋਂ ਸਿੱਖ ਲਗਾਤਾਰ ਹੋਈ ਜਾ ਰਹੇ ਹਨ, ਇਸ ਦੇ ਕੀਟਾਣੂ ਮਿਸਲਾਂ ਪਿਛੋਂ ਕਿਵੇਂ ਜਿਉਂਦੇ ਰਹੇ ਸਨ? ਸਵਾਲ ਤਾਂ ਇਹ ਵੀ ਹੈ ਕਿ ਬਰਾਸਤਾ ਸਿਆਸਤ ਜਿੰਨੀਆਂ ਦੁਸ਼ਵਾਰੀਆਂ ਦੇ ਕੀਟਾਣੂ ਸਿੱਖ ਭਾਈਚਾਰੇ ‘ਤੇ ਹਮਲਾਵਰ ਹਨ, ਉਸ ਬਾਰੇ ਕੌਣ ਅਤੇ ਕਦੋਂ ਸੋਚੇਗਾ?
ਸਵਾਲਾਂ ਦੇ ਜੰਗਲ ਵਿਚ ਗੁਆਚਿਆਂ ਵਾਂਗ ਸੋਚਦਾ ਹਾਂ ਤਾਂ ਲੱਗਦਾ ਹੈ ਕਿ ਨਾਨਕ ਨਿਰਦੇਸ਼ਨ ਵਿਚ ਸੋਚਾਂਗੇ ਤਾਂ ਸਮਝ ਸਕਾਂਗੇ ਕਿ ਜਵਾਬੀ ਹਮਲਿਆਂ ਦੀ ਸਿਆਸਤ ਨਾਲ ਓਨਾ ਸੰਵਰਦਾ ਨਹੀਂ, ਜਿੰਨਾ ਵਿਗੜਦਾ ਹੈ। ਇਸ ਵਿਚੋਂ ਨਿਕਲਣ ਦਾ ਰਾਹ ਸਿੱਖ ਚੇਤਨਾ ਨੂੰ ਪ੍ਰਚੰਡ ਕਰਕੇ ਹੀ ਕੱਢਿਆ ਜਾ ਸਕਦਾ ਹੈ। ਅਜਿਹਾ ਪ੍ਰਾਪਤ ਸਿਧਾਂਤਕੀਆਂ ਦੀਆਂ ਥੰਮ੍ਹੀਆਂ ਤੇ ਉਸਾਰਨ ਦੀ ਥਾਂ ਨਾਨਕ ਨਿਰਦੇਸ਼ਨ ਮੁਤਾਬਕ ਲੈਣਯੋਗ ਨੂੰ ਲੈ ਕੇ ਅਤੇ ਛੱਡਣਯੋਗ ਨੂੰ ਛੱਡਣ ਦੀ ਵਿਧੀ ਰਾਹੀਂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਾਨਕ ਨਿਰਦੇਸ਼ਨ ਨੂੰ ਕਿਸੇ ਕਿਸਮ ਦੀ ਨਿਰੰਤਰਤਾ ਵਿਚ ਉਸਾਰਨ ਦੇ ਬੰਧਨ ਦੀ ਥਾਂ ਵਿਰਾਸਤੀ ਪ੍ਰਕਾਸ਼ਨ ਵਾਂਗ ਸਾਹਮਣੇ ਲਿਆਂਦਾ ਜਾ ਸਕਦਾ ਹੈ।

ਹਵਾਲੇ:
*1. ਗੁਰੂ ਗ੍ਰੰਥ ਸਾਹਿਬ, ਮਹਲਾ 5, “ਹਉ ਗੋਸਾਈ ਕਾ ਪਹਿਲਵਾਨੜਾ॥ ਮੈਂ ਗੁਰ ਮਿਲਿ ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥੧੭॥ (ਪੰਨਾ 74)
*2. ਗੁਰੂ ਗ੍ਰੰਥ ਸਾਹਿਬ, ਵਾਰ ਮਲਾਰ ਕੀ, ਮ. ੧, “ਪਹਿਲੋ ਦੇ ਜੜ ਅੰਦਰਿ ਜੰਮੈ ਤਾ ਊਪਰਿ ਆਂਵੈ ਛਾਂਉ॥….ਰਾਜੇ ਸੀਂਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੇ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ (ਪੰਨਾ 1288)