ਪੰਜਾਬ ਜਾਗ੍ਰਿਤੀ ਲਹਿਰ ਤੇ ਯੂਰਪੀਅਨ ਰੈਨੇਸਾਂਸ ਲਹਿਰ ਦੇ ਨਤੀਜੇ

ਡਾ. ਸੁਖਪਾਲ ਸੰਘੇੜਾ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਾਣਕਾਰੀ ਤੇ ਪਿੱਠਭੂਮੀ: ਮੱਧਕਾਲੀ ਯੁੱਗ ਦੌਰਾਨ ਯੂਰਪ ਤੇ ਪੰਜਾਬ ਵਿਚ ਇੱਕੋ ਸਮੇਂ ਦੋ ਲਹਿਰਾਂ ਚੱਲੀਆਂ। ਯੂਰਪ ਵਿਚ ਚੱਲੀ ‘ਰੈਨੇਸਾਂਸ’ ਨਾਂ ਦੀ ਜਾਗ੍ਰਿਤੀ ਲਹਿਰ ਅਤੇ ਪੰਜਾਬ ਵਿਚ ਜਾਗ੍ਰਿਤੀ ਲਹਿਰ ਦੇ ਮੁੱਖ ਤੱਤ ਸਾਂਝੇ ਸਨ: ਮਨੁੱਖੀ ਨੈਤਿਕਤਾ, ਮਨੁੱਖੀ ਆਤਮ-ਸਨਮਾਨ, ਮਨੁੱਖੀ ਹੱਕ ਤੇ ਬਰਾਬਰੀ, ਮਨੁੱਖੀ ਸਾਂਝੀਵਾਲਤਾ ਤੇ ਹੋਰ ਮਨੁੱਖੀ ਕਦਰਾਂ-ਕੀਮਤਾਂ ਦੀ ਮਾਨਤਾ, ਸਮਰਥਨ ਤੇ ਵਰਤੋਂ; ਲੋਕ ਭਲਾਈ ਲਈ ਸਰਗਰਮੀਆਂ; ਧਰਮ ਦੀਆਂ ਕੁਰੀਤੀਆਂ ਦਾ ਵਿਰੋਧ; ਅੰਧ-ਵਿਸ਼ਵਾਸਾਂ ਦਾ ਖੰਡਨ ਤੇ ਤਰਕ ਦੀ ਵਰਤੋਂ ਅਤੇ ਗਿਆਨ ਦਾ ਪਸਾਰਾ ਤੇ ਵਰਤੋਂ। ਇੰਜ ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਲਹਿਰ ਦੇ ਮਿੱਥੇ ਤੇ ਅਣਮਿੱਥੇ ਮੁੱਖ ਉਦੇਸ਼ ਵੀ ਮੂਲ ਰੂਪ ਵਿਚ ਕੁਦਰਤੀ ਤੌਰ ‘ਤੇ ਸਾਂਝੇ ਸਨ, ਬਾਵਜੂਦ ਵੱਖ ਵੱਖ ਸਥਾਨਕ ਹਾਲਾਤਾਂ ਦੇ। ਮਿਸਾਲ ਵਜੋਂ ਮਨੁੱਖੀ ਬਰਾਬਰੀ ਦੇ ਪ੍ਰਸੰਗ ਵਿਚ, ਪੰਜਾਬ ਵਿਚ ‘ਉਚੀਆਂ’ ‘ਨੀਵੀਂਆਂ’ ਜਾਤਾਂ ਸਨ, ਤੇ ਯੂਰਪ ਵਿਚ ‘ਉਚੀਆਂ’ ‘ਨੀਵੀਂਆਂ’ ਸ਼ੋਸ਼ਲ ਜਮਾਤਾਂ ਸਨ।

ਇਨ੍ਹਾਂ ਦੋ ਮਾਨਵਵਾਦੀ ਲਹਿਰਾਂ ਦਾ ਮੂਲ ਸਾਂਝਾ ਉਦੇਸ਼, ਇਸ ਸੰਦਰਭ ਵਿਚ ਸੀ: ਲਿੰਗ, ਜਾਤ-ਪਾਤ, ਨਸਲ, ਅਮੀਰੀ-ਗਰੀਬੀ ਆਦਿ ਦੇ ਆਧਾਰ ‘ਤੇ ਵਿਤਕਰੇ ਦਾ ਖਾਤਮਾ।
ਕਿਉਂਕਿ ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਲਹਿਰ ਦੇ ਮੁੱਖ ਤੱਤ ਤੇ ਉਦੇਸ਼ ਸਾਂਝੇ ਸਨ, ਇਹ ਪ੍ਰਸਥਿਤੀ ਇਨ੍ਹਾਂ ਦੋ ਲਹਿਰਾਂ ਦੇ ਤੁਲਨਾਤਮਕ ਅਧਿਅਨ ਦਾ ਸੁਨਹਿਰੀ ਮੌਕਾ ਪੇਸ਼ ਕਰਦੀ ਹੈ, ਜਿਸ ਨੂੰ ਵਰਤਦਿਆਂ ਇਸ ਲੇਖ ਵਿਚ ਅਸੀਂ ਜਾਂਚ ਕਰਦੇ ਹਾਂ ਕਿ ਇਹ ਦੋ ਲਹਿਰਾਂ ਸਮੁੱਚੇ ਰੂਪ ਵਿਚ ਆਪਣੇ ਉਦੇਸ਼ਾਂ ਦੀ ਪੂਰਤੀ ਵਿਚ ਕਿੰਨੀਆਂ ਕਾਮਯਾਬ ਜਾਂ ਨਾਕਾਮਯਾਬ ਰਹੀਆਂ। ਅਸੀਂ ਜਿੱਤ ਜਾਂ ਹਾਰ ਦੇ ਮੁੱਖ ਲੱਛਣ ਹੀ ਵਿਚਾਰਾਂਗੇ, ਮੂਲ ਕਾਰਨ ਨਹੀਂ। ਇਹ ਜਾਂਚ-ਪੜਤਾਲ ਕਰਨ ਲਈ ਅਸੀਂ ਇੱਕ ਤਕਨੀਕ ਵਰਤਦੇ ਹਾਂ, ਜਿਹਨੂੰ ਪੁੱਠੀ ਇੰਜੀਨੀਅਰਿੰਗ ਕਿਹਾ ਜਾਂਦਾ ਹੈ। ਇਸ ਤਕਨੀਕ ਨੂੰ ਲਾਗੂ ਕਰਨ ਲਈ ਅਸੀਂ ਕਿਸੇ ਵਰਤਾਰੇ ਜਾਂ ਸਿਸਟਮ ਬਾਰੇ ਸਵਾਲਾਂ ਦੇ ਉਤਰ ਲੱਭਣ ਲਈ ਵਰਤਾਰੇ ਜਾਂ ਸਿਸਟਮ ਦੇ ਨਤੀਜਿਆਂ ਜਾਂ ਮੌਜੂਦਾ ਅਵਸਥਾ ਤੋਂ ਸ਼ੁਰੂ ਕਰਕੇ ਉਨ੍ਹਾਂ ਦੇ ਇਤਿਹਾਸ ਨੂੰ ਪੁੱਠਾ ਗੇੜਦੇ ਹਾਂ, ਕਿਸੇ ਫਿਲਮ ਵਾਂਗ।
ਕਿਹੜਾ ਯੁੱਗ? ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਲਹਿਰ ਦੀ ਜਿੱਤ ਜਾਂ ਹਾਰ ਦੇ ਮੁੱਖ ਲੱਛਣਾਂ ਦੀ ਭਾਲ ਵਿਚ ਅਸੀਂ ਅੱਜ ਤੋਂ ਸ਼ੁਰੂ ਕਰਦੇ ਹਾਂ। ਰੈਨੇਸਾਂਸ ਲਹਿਰ ਦੇ ਵਾਰਿਸ ਦੇਸ਼ ਆਧੁਨਿਕ ਯੁੱਗ ਵਿਚ ਜੀਅ ਰਹੇ ਹਨ; ਆਧੁਨਿਕ ਯੁੱਗ, ਜੋ ਰੈਨੇਸਾਂਸ ਵਿਚੋਂ ਹੀ ਜਨਮ ਕੇ ਇਨ੍ਹਾਂ ਹੀ ਦੇਸ਼ਾਂ ਵਿਚ ਵਿਕਸਿਤ ਹੁੰਦਾ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ-ਯੂਰਪੀਅਨ ਦੇਸ਼, ਕੈਨੇਡਾ ਤੇ ਅਮਰੀਕਾ। ਯਾਦ ਰਹੇ, ਕੈਨੇਡਾ ਤੇ ਅਮਰੀਕਾ, ਜਿੱਦਾਂ ਉਹ ਅੱਜ ਜਾਣੇ ਜਾਂਦੇ ਨੇ, ਰੈਨੇਸਾਂਸ ਲਹਿਰ ਦੇ ਵਾਰਿਸਾਂ ਯੂਰਪੀਅਨ ਲੋਕਾਂ ਨੇ ਹੀ ਸ਼ੁਰੂ ਕੀਤੇ ਸਨ।
ਪੰਜਾਬ ਜਾਗ੍ਰਿਤੀ ਲਹਿਰ ਦਾ ਵਾਰਿਸ ਪੰਜਾਬ ਅਰਧ ਆਧੁਨਿਕ ਯੁੱਗ ਜਾਂ ਅਰਧ ਮੱਧਕਾਲੀ ਯੁੱਗ ਰਹਿੰਦਾ ਹੈ, ਕਿਉਂਕਿ ਇੱਥੇ ਆਪੇ ਕਮਾਇਆ ਆਧੁਨਿਕ ਯੁੱਗ ਕਦੇ ਨਾ ਆਇਆ; ਇਥੇ ਆਧੁਨਿਕ ਯੁੱਗ ਇਹਦੀ ਇੰਗਲੈਂਡ ਤੋਂ ਆਈ ਗੁਲਾਮੀ ਦਾਜ ਵਿਚ ਲਿਆਈ, ਨਾ ਕਿ ਅਰਥਚਾਰੇ ਜਾਂ ਵਿਗਿਆਨ ਵਿਚ ਤਰੱਕੀ ਕਾਰਨ ਆਇਆ।
ਮਰਦ-ਔਰਦ ਬਰਾਬਰੀ ਦਾ ਹਾਲ: ਭਾਵੇਂ ਸੰਪੂਰਨ ਮਰਦ-ਔਰਦ ਬਰਾਬਰੀ ਤਾਂ ਅਜੇ ਦੁਨੀਆਂ ਵਿਚ ਕਿਤੇ ਨਾ ਹੋਵੇ, ਪਰ ਪੰਜਾਬ ਸਣੇ ਭਾਰਤ ਦੇ ਮੁਕਾਬਲੇ ਇਹ ਬਰਾਬਰੀ ਰੈਨੇਸਾਂਸ ਲਹਿਰ ਦੇ ਵਾਰਿਸ ਦੇਸ਼ ਵਿਚ ਸੰਪੂਰਨ ਏੜ-ਗੇੜ ਕਹੀ ਜਾ ਸਕਦੀ ਹੈ। ਮਿਸਾਲ ਵਜੋਂ ਮਾਪਿਆਂ ਦਾ ਬੱਚਿਆਂ ਪ੍ਰਤੀ ਵਤੀਰਾ ਕੱਢ-ਪਾ ਕੇ ਇੱਕੋ ਜਿਹਾ ਹੀ ਹੁੰਦਾ ਹੈ, ਬਿਨਾ ਲਿੰਗ ਦੇ ਭੇਦ-ਭਾਵ ਤੋਂ। ਯੁਵਾ ਅਵਸਥਾ ਤੋਂ ਹੀ ਕੁੜੀਆਂ, ਮੁੰਡਿਆਂ ਵਾਂਗੂ ਹੀ, ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਲੱਗ ਪੈਂਦੀਆਂ ਨੇ। ਪੰਜਾਬ ਜਾਗ੍ਰਿਤੀ ਲਹਿਰ ਦੇ ਵਾਰਿਸ ਪੰਜਾਬ ਵਿਚ ਹਾਲਾਤ ਇਸ ਦੇ ਉਲਟ ਹਨ। ਇੱਥੇ ਅਸੀਂ ਗੁਰਬਾਣੀ ਦੀ ਉਲੰਘਣਾ ਕਰਦਿਆਂ ਸੱ.ਰੇਆਮ ਔਰਤ ਦੇ ਮਰਦ ਨਾਲ ਬਰਾਬਰੀ ਹੱਕ ‘ਤੇ ਛਾਪੇ ਮਾਰਦੇ ਹਾਂ। ਕਈ ਸਮਾਜਕ ਹਲਕਿਆਂ ਵਿਚ ਔਰਤ ਦੇ ਪੁਨਰ-ਵਿਆਹ ਦੀ ਹਾਲੇ ਵੀ ਮਨਾਹੀ ਜਾਂ ਅਪ੍ਰਵਾਨਗੀ ਤਾਂ ਹੈ ਹੀ, ਉਨ੍ਹਾਂ ਨੂੰ ਪਹਿਲਾਂ ਵਿਆਹ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਵਾਉਣ ਦਿੱਤਾ ਜਾਂਦਾ। ਜੇ ਕੁੜੀ ਤੇ ਮੁੰਡੇ ਦੀ ਘਰ ਦਿਆਂ ਦੀ ਮਰਜ਼ੀ ਤੋਂ ਪਹਿਲਾਂ ਆਪਸੀ ਸਮਝ ਬਣ ਜਾਵੇ, ਤਾਂ ਕੁੜੀ ਵਾਲਿਆਂ ਦੇ ਖਾਨਦਾਨ ਦੀ ਇੱਜਤ ਨੂੰ ਖਤਰਾ ਪੈ ਜਾਂਦਾ ਹੈ, ਭਾਈਚਾਰੇ ਵਿਚ ਨੱਕ ਵੱਢਿਆ ਜਾਂਦਾ ਹੈ। ਸਾਡੀਆਂ ਮੱਧਕਾਲੀ ਯੁੱਗ ਦੀਆਂ ਇੱਜਤਾਂ/ਗੌਰਵਾਂ ਦੇ ਪੈਮਾਨਿਆਂ ਅਤੇ ਕਦਰਾਂ-ਕੀਮਤਾਂ ਨੇ ਵਿਕਾਸ ਕਰਕੇ ਅਜੇ ਆਧੁਨਿਕ ਵਿਚ ਪ੍ਰਵੇਸ਼ ਨਹੀਂ ਕੀਤਾ। ਅਸੀਂ ਇੰਨੇ ਕੁ ਹੀ ਆਧੁਨਿਕ ਹੋਏ ਹਾਂ ਕਿ ਆਧੁਨਿਕ ਦੀ ਤਕਾਨਲੋਜੀ ਤੇ ਸੰਦਾਂ ਨੂੰ ਆਪਣੀ ਮੱਧਕਾਲੀ ਯੁੱਗ ਦੀ ਸੋਚ ਦੀ ਸੇਵਾ ਵਿਚ ਹੀ ਵਰਤਦੇ ਹਾਂ। ਮਸਲਨ, ਕਈ ਲੋਕ ਇਸ ਤਕਾਨਲੋਜੀ ਦੇ ਆਸਰੇ ਪਤਾ ਲਾਉਂਦੇ ਨੇ ਕਿ ਬਣਨ ਵਾਲੀ ਮਾਂ ਦੇ ਗਰਭ ਵਿਚ ਜੋ ਪਲ ਰਿਹਾ ਹੈ, ਉਹ ਕੁੜੀ ਹੈ ਜਾਂ ਮੁੰਡਾ, ਤਾਂ ਕਿ ਜੇ ਕੁੜੀ ਹੋਵੇ ਤਾਂ ਗਰਭ ਗਿਰਾ ਕੇ ਉਹਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਸਕਣ, ਆਦਿ। ਜਿਵੇਂ ਪਹਿਲਾਂ ਹੀ ਇੱਕ ਲੇਖ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਸਾਹਿਬਾਨ ਗੁਰਬਾਣੀ ਵਿਚ ਇਸ ਜ਼ਾਲਮਾਨਾ ਸਮਾਜਕ ਕੁਰੀਤੀ ਵਿਰੁਧ ਆਵਾਜ਼ ਉਠਾਉਂਦਿਆਂ ਇਹਨੂੰ ਘੋਰ ਪਾਪ ਕਰਾਰ ਦਿੰਦੇ ਹਨ।
ਜਾਤ-ਪਾਤ ਅਤੇ ਹੋਰ ਧਾਰਮਿਕ ਕੁਰੀਤੀਆਂ ਤੇ ਪਖੰਡ: ਰੈਨੇਸਾਂਸ ਲਹਿਰ ਦੇ ਵਾਰਿਸ ਦੇਸ਼ ਵਿਚ ਪੁਰਾਣੀਆਂ ਧਾਰਮਿਕ ਕੁਰੀਤੀਆਂ ਜਾਂ ਉਨ੍ਹਾਂ ਦੇ ਨਵੇਂ ਰੂਪਾਂ ਦਾ, ਪੰਜਾਬ ਦੇ ਮੁਕਾਬਲੇ, ਲੋਕਾਂ ‘ਤੇ ਇੰਨਾ ਦਬਦਬਾ ਨਹੀਂ ਹੈ। ਮਿਸਾਲ ਵਜੋਂ ਵਿਗਿਆਨ ਤੇ ਵਿਗਿਆਨਕ ਸੋਚ ਦੀ ਰੌਸ਼ਨੀ ਵਿਚ ਜੋਤਿਸ਼, ਧਾਰਮਿਕ ਪੰਥਾਂ (ਚੁਲਟਸ), ਤੇ ਹੋਰ ਪਖੰਡਾਂ ਦਾ ਬੋਲਬਾਲਾ ਨਹੀਂ, ਜਦ ਕਿ ਪੰਜਾਬ ਵਿਚ ਹਾਲੇ ਵੀ ਜੋਤਿਸ਼ੀਆਂ, ਤਾਂਤਰਿਕ ਪਖੰਡੀਆਂ ਤੇ ਪਖੰਡੀ ਬਾਬਿਆਂ ਦੀਆਂ ਪੌਂ ਬਾਰਾਂ ਹਨ। ਉਹ ਸਗੋਂ ਬਾਹਰਲੇ ਦੇਸ਼ਾਂ ਵਿਚ ਜਾ ਵਸੇ ਪੰਜਾਬੀਆਂ ਦੇ ਭਾਈਚਾਰਿਆਂ ਵਿਚ ਵੀ ਗੇੜਾ ਮਾਰ ਆਉਂਦੇ ਨੇ। ਪੱਛਮੀ ਦੇਸ਼ਾਂ ਵਿਚ ਅੱਜ ਦਾ ‘ਰੈਨੇਸਾਂਸ ਮੈਨ’ ਭਾਵੇਂ ਧਾਰਮਿਕ ਹੋਵੇ ਜਾਂ ਅਧਾਰਮਿਕ ਹੋਵੇ, ਅਕਸਰ ਵਿਗਿਆਨਕ ਸੋਚ ਦੀ ਰੌਸ਼ਨੀ ਵਿਚ ਤੁਰਦਾ ਮਨੁੱਖੀ ਹੱਕਾਂ, ਮਨੁੱਖੀ ਬਰਾਬਰੀ ਤੇ ਹੋਰ ਆਧੁਨਿਕ ਮਨੁੱਖੀ ਕਦਰਾਂ-ਕੀਮਤਾਂ ਦਾ ਝੰਡਾਬਰਦਾਰ ਹੋ ਨਿਬੜਦਾ ਹੈ।
ਪਹਿਲੇ ਲੇਖ ਵਿਚ ਗੁਰੂਆਂ ਦੀ ਲਹਿਰ ਵਿਚੋਂ ਜਨਮੇ ਨਵੇਂ ਮਨੁੱਖ, ਪੰਜਾਬ ਦੇ ‘ਰੈਨੇਸਾਂਸ ਮੈਨ’ ਦਾ ਜ਼ਿਕਰ ਸੀ, ਜਿਸ ਨੂੰ ‘ਸਿੱਖ’ ਦਾ ਨਾਂ ਦਿੱਤਾ ਗਿਆ; ਅਤੇ ਜਿਵੇਂ ਯੂਰਪ ਨੂੰ ‘ਰੈਨੇਸਾਂਸ ਮੈਨ’ ਆਧੁਨਿਕ ਯੁੱਗ ਵੱਲ ਲੈ ਲਿਆ, ਪੰਜਾਬ ਨੂੰ ‘ਸਿੱਖ’ ਨੇ ਆਧੁਨਿਕ ਯੁੱਗ ਵੱਲ ਲੈ ਜਾਣਾ ਸੀ? ਪੁੱਛਣਾ ਬਣਦਾ ਹੈ ਕਿ ਪੰਜਾਬ ਦੇ ਉਸ ‘ਰੈਨੇਸਾਂਸ ਮੈਨ’ ਦਾ ਅੱਜ ਕੱਲ ਕੀ ਹਾਲ ਹੈ?
ਉਹ ਗੁਰੂ ਗ੍ਰੰਥ ਸਾਹਿਬ ‘ਤੇ ਸਤਿਕਾਰ ਨਾਲ ਚੌਰ ਵੀ ਕਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਵੀ ਟੇਕ ਰਿਹਾ ਹੈ (ਸਤਿਕਾਰ ਕੋਈ ਬੁਰੀ ਚੀਜ਼ ਨਹੀਂ); ਪਰ ਕਿਧਰੇ ਉਹ ਧਰਮ ਦੇ ਤਾਣੇ-ਬਾਣੇ ‘ਚ ਫਸਿਆ ਆਰਤੀ ਦੇ ਪਖੰਡ ਨੂੰ ਨਕਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਥਾਲ ਵਿਚ ਦੀਵੇ ਬਾਲ ਕੇ ਉਤਾਰੀ ਜਾ ਰਹੀ ਆਰਤੀ ਵਿਚ ਵੀ ਸ਼ਰੀਕ ਹੋ ਰਿਹਾ ਹੈ। ਉਸੇ ਗੁਰੂ ਗ੍ਰੰਥ ਸਾਹਿਬ ਦੀ, ਜਿਸ ਵਿਚ ਲਿਖਿਆ ਹੈ,
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (ਪੰਨਾ 694)
ਭਾਵ ਅਨਜਾਣ ਲੋਕ ਤੇਰੀ ਮੂਰਤੀ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ ਪ੍ਰਭੂ ਤੇਰਾ ਨਾਮ ਹੀ ਆਰਤੀ ਹੈ; ਹੋਰ ਸਾਰੇ ਇਹ ਕੂੜ ਅਡੰਬਰ ਹਨ।
ਇਹ ਤੇ ਹੋਰ ਰਸਮਾਂ, ਜੋ ਗੁਰੂ ਗ੍ਰੰਥ ਸਾਹਿਬ ਸੰਗ ਜੋੜ ਦਿੱਤੀਆਂ ਗਈਆਂ ਨੇ, ਹਿੰਦੂ ਧਰਮ ਵਿਚਲੇ ਬ੍ਰਾਹਮਣਵਾਦ ਦੀ ‘ਮੂਰਤੀ ਪੂਜਾ’ ਦਾ ਹੀ ਬਦਲਿਆ ਹੋਇਆ ਰੂਪ ਹੈ; ਤੇ ‘ਮੂਰਤੀ ਪੂਜਾ’ ਦੇ ਅਡੰਬਰ ਦਾ ਖੰਡਨ ਪੰਜਾਬ ਜਾਗ੍ਰਿਤੀ ਲਹਿਰ ਦੇ ਸੰਚਾਲਕਾਂ ਨੇ ਕੀਤਾ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ,
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ॥
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ॥ (ਪੰਨਾ 479)
ਭਾਵ ਭੱਤ, ਦਾਲ, ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਜਾਂ ਸ਼ਰਧਾਲੂ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਵੀ ਨਹੀਂ ਪੈਂਦਾ (ਨਿਰਜਿੰਦ ਹੈ, ਖਾਵੇ ਕਿਵੇਂ?)
ਇਸੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਭੋਗ ਲਵਾ ਰਿਹਾ ਹੈ ਪੰਜਾਬ ਦਾ ‘ਰੈਨੇਸਾਂਸ ਮੈਨ।’ ਜਾਹਰ ਹੈ, ਉਹ ਗੁਰਬਾਣੀ ਨੂੰ ਬਹੁਤਾ ਜਪ ਹੀ ਰਿਹਾ ਹੈ, ਸਮਝ ਜਾਂ ਲਾਗੂ ਨਹੀਂ ਕਰ ਰਿਹਾ।
ਇਸੇ ਤਰ੍ਹਾਂ ਕਈ ਥਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੀਰਥ/ਸਰੋਵਰ ਯਾਤਰਾ/ਇਸ਼ਨਾਨ ਦੇ ਅੰਧਵਿਸ਼ਵਾਸ/ਪਖੰਡ ਦਾ ਖੰਡਨ ਕਰਦੀ ਹੈ; ਫਿਰ ਵੀ ਪੰਜਾਬ ਦੇ ਗੁਰਦੁਆਰਿਆਂ ਨਾਲ ਬਣੇ ਸਰੋਵਰਾਂ ਵਿਚ ਸੰਗਰਾਂਦ, ਮੱਸਿਆ ਤੇ ਹੋਰ ਖਾਸ ਮੌਕਿਆਂ ‘ਤੇ ਹਿੰਦੂ ਸ਼ਰਧਾਲੂਆਂ ਦੀ ਤੀਰਥ ਯਾਤਰਾ/ਇਸ਼ਨਾਨ ਵਾਂਗ ਹੀ ਇਸ਼ਨਾਨ ਕਰਦਾ ਵੇਖਿਆ ਜਾਂਦਾ ਹੈ; ਉਸੇ ਜਿਹੀ ਹੀ ਸ਼ਰਧਾ ਤੇ ਭਾਵਨਾਵਾਂ ਨਾਲ। ਉਸ ਗੁਰਬਾਣੀ ਵਿਚ ਨਕਾਰੀ ਹੋਈ ਸਰਾਧ ਪ੍ਰਥਾ ਨੂੰ ਵੀ ਜਾਰੀ ਰੱਖ ਰਿਹਾ ਹੈ, ਭੋਜਨ ਚਾਹੇ ਬ੍ਰਾਹਮਣਾਂ ਨੂੰ ਛਕਾਇਆ ਜਾਏ ਜਾਂ ਬ੍ਰਾਹਮਣਾਂ ਦੀ ਥਾਂ ‘ਸਿੱਖ ਬਿਠਾਏ’ ਜਾਣ। ਕਿਧਰੇ ਇਹ ਵਹਿਮਾਂ ਤੇ ਅੰਧਵਿਸ਼ਵਾਸ ਵਿਚ ਜਕੜਿਆਂ ਪਖੰਡੀ ਬਾਬਿਆਂ, ਤਾਂਤਰਿਕ ਪਖੰਡੀਆਂ ਤੇ ਜੋਤਿਸ਼ੀਆਂ ਆਦਿ ਹੱਥੋਂ ਲੁੱਟ ਹੋ ਰਿਹਾ ਹੈ; ਧਾਗੇ ਤਵੀਤ ਕਰ ਰਿਹਾ ਹੈ; ਸੁੱਖਣਾਂ ਸੁੱਖਣ, ਮੰਨਤਾਂ ਮੰਗਣ/ਮਨਾਉਣ ਤੇ ਚੜ੍ਹਾਵੇ ਚੜ੍ਹਾਉਣ ਦੀਆਂ ਰਸਮਾਂ ‘ਚ ਗੜੁੱਚ ਹੈ।
ਪੰਜਾਬ ਦੇ ਇਸ ‘ਰੈਨੇਸਾਂਸ ਮੈਨ’ ਨੇ ਗੁਰੂਆਂ ਤੇ ਗੁਰਬਾਣੀ ਨੂੰ ਸਮਝ ਕੇ ਜਾਤ-ਪਾਤ ਖਤਮ ਤਾਂ ਕੀ ਕਰਨੀ ਸੀ, ਖੁਦ ਜਾਤ-ਪਾਤ ਵਿਚ ਖੇਰੂੰ ਹੋ ਗਿਆ: ਜੱਟ ਸਿੱਖ, ਮਜਹਬੀ ਸਿੱਖ, ਭਾਪੇ ਸਿੱਖ, ਰਾਮਗੜੀਏ ਸਿੱਖ, ਆਦਿ; ਗੁਰਦੁਆਰੇ ਵੀ ਜਾਤਾਂ ਵਿਚ ਵੰਡੇ ਗਏ: ਜੱਟਾਂ ਦਾ, ਭਾਪਿਆਂ ਦਾ, ਚਮਾਰਾਂ ਦਾ, ਤਰਖਾਣਾਂ ਦਾ ਗੁਰਦੁਆਰਾ। ਉਹ ਜਾਤ-ਪਾਤ ‘ਤੇ ਵੀ ਨਹੀਂ ਰੁਕਦਾ; ਹੋਰ ਵੀ ਪਿੱਛੇ ਜਾਂਦਿਆਂ ਕਬੀਲਿਆਂ/ਗੋਤਾਂ ਵਿਚ ਵਟ ਜਾਂਦਾ ਹੈ ਤੇ ‘ਸਾਹਿਬ’ ਦੀ ਕਲਗੀ ਲਵਾਉਣ ਵਿਚ ਮਾਣ ਮਹਿਸੂਸ ਕਰਦਾ ਹੈ: ਬਰਾੜ ਸਾਹਿਬ, ਸੰਧੂ ਸਾਹਿਬ, ਢਿੱਲੋਂ ਸਾਹਿਬ, ਸੰਘੇੜਾ ਸਾਹਿਬ, ਕੋਹਲੀ ਸਾਹਿਬ, ਸੂਰੀ ਸਾਹਿਬ, ਵਿਰਕ ਸਾਹਿਬ, ਗਿੱਲ ਸਾਹਿਬ, ਆਦਿ। ਗੱਲ ਕੀ, ਪੰਜਾਬ ਦਾ ‘ਰੈਨੇਸਾਂਸ ਮੈਨ’ ਭਾਵ ਸਿੱਖ ਬ੍ਰਹਾਮਣਵਾਦ ਤੇ ਸਿੱਖੀ ਬਰਾਂਡ ਵਾਲੇ ਬ੍ਰਹਾਮਣਵਾਦ ਦੇ ਭਰਮ/ਪਖੰਡ ਜਾਲ ਵਿਚ ਫਸਿਆ ਹੋਇਆ ਹੈ।
ਜਿਨ੍ਹਾਂ ਸਮਾਜਕ ਬੁਰਾਈਆਂ ਤੇ ਲਾਹਨਤਾਂ ਵਿਰੁਧ ਪੰਜਾਬ ਜਾਗ੍ਰਿਤੀ ਲਹਿਰ ਨੇ ਸੰਘਰਸ਼ ਕੀਤਾ, ਉਹ ਕਰੀਬ ਸੱਭੇ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਬਰਕਰਾਰ ਹਨ। ਫਰਕ ਸਿਰਫ ਇੰਨਾ ਹੈ ਕਿ ਹੁਣ ਇਹ ਸਿਰਫ ਕੱਟੜ ਹਿੰਦੂ ਤੇ ਇਸਲਾਮ ਧਰਮਾਂ ਤੱਕ ਹੀ ਸੀਮਿਤ ਨਹੀਂ ਰਹੀਆਂ।
ਪੰਜਾਬ ਜਾਗ੍ਰਿਤੀ ਲਹਿਰ ਦੇ ਵਾਰਿਸਾਂ ਤੇ ਰੈਨੇਸਾਂਸ ਲਹਿਰ ਦੇ ਵਾਰਿਸਾਂ ਦੇ ਵੱਖ ਵੱਖ ਲੱਛਣ ਹੋਰ ਡੂੰਘਾਈ ਵਿਚ ਸਮਝਣ ਲਈ ਇਤਿਹਾਸ ਦੀ ਫਿਲਮ ਨੂੰ ਪੁੱਠਾ ਗੇੜਦੇ 18ਵੀਂ ਸਦੀ ਦੇ ਆਖਰੀ ਚੱਪੇ ‘ਤੇ ਰੁਕ ਜਾਓ। ਇੱਥੇ ਮੈਂ ਤੁਹਾਡਾ ਧਿਆਨ ਦੋ ਵੱਖ ਵੱਖ ਦ੍ਰਿਸ਼ਾਂ ਵੱਲ ਖਿੱਚਣਾ ਚਾਹਾਂਗਾ-ਅਮਰੀਕਾ ਜਮਹੂਰੀਅਤ ਅਤੇ ਪੰਜਾਬ ਦੀ ਬਾਦਸ਼ਾਹਤ।
ਅਮਰੀਕਾ ਜਮਹੂਰੀਅਤ: ਜਿੱਦਾਂ ਅੱਜ ਜਾਣਿਆ ਜਾਂਦਾ ਹੈ, ਅਮਰੀਕਾ ਦੀ ਇੱਕ ਆਜ਼ਾਦ ਕੌਮ ਤੇ ਦੇਸ਼ ਵਜੋਂ ਨੀਂਹ ਰੱਖਣ ਵਾਲਿਆਂ, ਜਿਨ੍ਹਾਂ ਨੂੰ ਅਮਰੀਕਾ ਵਿਚ ਫਾਊਂਡਿੰਗ ਫਾਦਰ (ਬਾਨੀ ਪਿਤਾ) ਵੀ ਕਿਹਾ ਜਾਂਦਾ ਹੈ, ਵਿਚੋਂ ਬਾਹਲੇ ਖੁਦ ਜਾਂ ਉਨ੍ਹਾਂ ਦੇ ਪਰਿਵਾਰ ਯੂਰਪ ਵਿਚੋਂ ਆਏ ਸਨ; ਉਨ੍ਹਾਂ ਦੀ ਸੋਚ ਰੈਨੇਸਾਂਸ ਤੇ ਉਸ ਦੇ ਨਤੀਜਿਆਂ ਤੋਂ ਪ੍ਰਭਾਵਿਤ ਸੀ। ਸੋ, ਰੈਨੇਸਾਂਸ ਦੀ ਮਾਨਵਵਾਦੀ ਲਹਿਰ ਦੀ ਰੋਸ਼ਨੀ ਵਿਚ ਵੇਖਦਿਆਂ ਇਹ ਕੋਈ ਅਚੰਭਾ ਨਹੀਂ ਕਿ 18ਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਅਮਰੀਕੀ ਫੌਜ ਦੇ ਕਮਾਂਡਰ ਜੌਰਜ ਵਾਸ਼ਿੰਗਟਨ, ਇੱਕ ਬਾਨੀ ਪਿਤਾ ਨੇ ਇੰਗਲੈਂਡ ਖਿਲਾਫ ਆਜ਼ਾਦੀ ਦੀ ਲੜਾਈ ਜਿੱਤਣ ਪਿਛੋਂ ਆਪਣੇ ਆਪ ਨੂੰ ਬਾਦਸ਼ਾਹ ਥਾਪਣ ਦੀ ਥਾਂ ਅਮਰੀਕਾ ਵਿਚ ਜਮਹੂਰੀਅਤ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਵੀ ਨਹੀਂ ਹੋਣੀ ਚਾਹੀਦੀ ਕਿ 4 ਜੁਲਾਈ 1776 ਨੂੰ ਜਾਰੀ ਕੀਤੇ ਆਜ਼ਾਦੀ ਦੇ ਜਿਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਅਮਰੀਕੀ ਫੌਜ ਲੜੀ, ਉਸ ਐਲਾਨਨਾਮੇ ਦੇ ਸ਼ੂਰੂ ਵਿਚ ਇੱਕ ਹੋਰ ਬਾਨੀ ਪਿਤਾ ਥੌਮਸ ਜੈਫਰਸਨ ਨੇ ਐਲਾਨ ਕੀਤਾ ਸੀ, “ਅਸੀਂ ਇਹ ਸੱਚਾਈ ਆਪਣੇ ਆਪ ਵਿਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਬੰਦੇ ਬਰਾਬਰ ਰਚੇ ਗਏ ਹਨ ਤੇ ਉਹ ਸਾਰੇ ਆਪਣੇ ਰਚਣਹਾਰੇ ਵਲੋਂ ਕੁਝ ਖਾਸ ਅਟੱਲ ਹੱਕਾਂ ਨਾਲ ਨਿਵਾਜ਼ੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਹਨ-ਜ਼ਿੰਦਗੀ, ਸੁਤੰਤਰਤਾ ਤੇ ਖੁਸ਼ੀ ਦੀ ਭਾਲ।”
ਸਪੱਸ਼ਟ ਹੈ ਕਿ ਇਨ੍ਹਾਂ ਦੋਹਾਂ ਬਾਨੀ ਪਿਤਾ ਦੇ ਐਲਾਨਾਂ ਦੌਰਾਨ ਰੈਨੇਸਾਂਸ ਮਾਨਵਵਾਦ ਸਿਰ ਚੜ੍ਹ ਬੋਲ ਰਿਹਾ ਸੀ। ਇਸ ਤਰ੍ਹਾਂ ਇਨ੍ਹਾਂ ਨੇ ਅਮਰੀਕਾ ਵਿਚ ਪਹਿਲਾਂ ਸ਼ੁਰੂ ਹੋ ਚੁਕੀ ਆਧੁਨਿਕ ਯੁੱਗ ਦੀ ਉਸਾਰੀ ਵਿਚ ਆਪਣਾ ਅਹਿਮ ਹਿੱਸਾ ਪਾਇਆ।
ਪੰਜਾਬ ਦੀ ਬਾਦਸ਼ਾਹਤ: ਪੰਜਾਬ ਵਿਚ 18ਵੀਂ ਸਦੀ ਦੇ ਆਖਰੀ ਚੱਪੇ ‘ਤੇ ਪੁੱਜਣ ਤੋਂ ਪਹਿਲਾਂ, ਯਾਦ ਕਰੋ ਕਿ ਮੁਗਲ ਹਕੂਮਤ ਨਾਲ ਹਥਿਆਰਬੰਦ ਲੜਾਈ ਲੜਨ ਲਈ ਸਿੱਖ ਲਹਿਰ ਦੇ ਆਖਰੀ ਦੇਹਧਾਰੀ ਗੁਰੂ, ਗੁਰੂ ਗੋਬਿੰਦ ਸਿੰਘ ਨੇ 1699 ਵਿਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਗੁਰੂਆਂ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ, ਜੋ ਮੁਗਲ ਹਕੂਮਤ ਖਿਲਾਫ ਹਥਿਆਰਬੰਦ ਲੜਾਈ ਦੀ ਅਗਵਾਈ ਕਰਦਿਆਂ ਪਕੜੇ ਜਾਣ ਉਪਰੰਤ 1716 ਵਿਚ ਮੁਲਲ ਹਕੂਮਤ ਹੱਥੋਂ ਸ਼ਹੀਦ ਹੋਏ।
18ਵੀਂ ਸਦੀ ਦੇ ਦੂਜੇ ਅੱਧ ਵਿਚ ਜਦੋਂ ਮੁਗਲ ਰਾਜ ਦੀਆਂ ਢਹਿੰਦੀਆਂ ਕਲਾਂ ਦਾ ਸਮਾਂ ਪਹਿਲਾਂ ਸ਼ੁਰੂ ਹੋ ਚੁਕਾ ਸੀ, ਸਿੱਖ ਜਥਿਆਂ ਨੇ ਮੁੜ ਸਰਗਰਮੀ ਫੜੀ ਅਤੇ ਅਮਰੀਕਾ ਦੇ ਇੰਡਲੈਂਡ ਤੋਂ ਆਜ਼ਾਦੀ ਯੁੱਧ ਦੌਰਨ ਤੇ ਇਹਦੇ ਆਲੇ-ਦੁਆਲੇ ਦੇ ਸਮੇਂ ਵਿਚ ਸਿੱਖ ਪੰਜਾਬ ਵਿਚ ਛੋਟੇ-ਛੋਟੇ ਰਾਜ ਸਥਾਪਤ ਕਰਨ ਲੱਗੇ, ਜਿਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ। ਸੰਨ 1799 ਵਿਚ ਸ਼ਕਰਚੱਕੀਆ ਮਿਸਲ ਦੇ ਰਣਜੀਤ ਸਿੰਘ ਦੀ ਫੌਜ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਅਤੇ 1801 ਵਿਚ ਆਪਣੀ ਵਾਗਡੋਰ ਵਿਚਲੀ ਪੰਜਾਬ ਰਾਜ (ਸਟੇਟ) ਦੀ ਸਥਾਪਨਾ ਕੀਤੀ। ਪਰ ਜਿਵੇਂ ਰੈਨੇਸਾਂਸ ਲਹਿਰ ਦਾ ਮਾਨਵਵਾਦ ਥੌਮਸ ਜੈਫਰਸਨ ਤੇ ਜੌਰਜ ਵਾਸ਼ਿੰਗਟਨ ਦੇ ਸਿਰ ਚੜ੍ਹ ਬੋਲਿਆ ਸੀ, ਲੱਗਦਾ ਹੈ ਉਵੇਂ ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਪੰਜਾਬ ਜਾਗ੍ਰਿਤੀ ਲਹਿਰ ਦਾ ਮਾਨਵਵਾਦ ਨਹੀਂ ਬੋਲਿਆ, ਤੇ ਉਨ੍ਹਾਂ ਜਮਹੂਰੀਅਤ ਲਾਗੂ ਕਰਨ ਦੀ ਥਾਂ ਆਪਣੇ-ਆਪ ਨੂੰ ਮਹਾਰਾਜਾ ਥਾਪ ਦਿੱਤਾ। ਜਾਹਰਾ ਹੈ, ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਰਾਜਿਆਂ-ਮਹਾਰਾਜਿਆਂ ਦੀਆਂ ਕਲਗੀਆਂ ਦੀ ਆਭਾ ਗੁਰੂਆਂ ਦੀ ਮਾਨਵਵਾਦੀ ਲਹਿਰ ਦੇ ਉਦੇਸ਼ਾਂ ਤੋਂ ਕਿਤੇ ਉਚੀ ਬੋਲੀ ਹੋਵੇਗੀ; ਨਹੀ ਤਾਂ ਮਨੁੱਖੀ ਸਾਂਝੀਵਾਲਤਾ, ਮਨੁੱਖੀ ਬਰਾਬਰੀ ਤੇ ਮਨੁੱਖੀ ਕਦਰਾਂ-ਕੀਮਤਾਂ ਵਾਲਾ ਰੈਨੇਸਾਂਸ, ਗੁਰੂਆਂ, ਸੂਫੀਆਂ, ਭਗਤਾਂ ਦਾ ਮਾਨਵਵਾਦ ਇੱਕ ਆਦਮੀ ਜਾਂ ਪਰਿਵਾਰ ਦੇ ਰਾਜ ਤੋਂ ਦੂਰ ਤੇ ਜਮਹੂਰੀਅਤ ਨੇੜੇ ਸੀ। ਐਵੇਂ ਤਾਂ ਨਹੀਂ ਭਗਤ ਰਵਿਦਾਸ ਨੇ ਗੁਲਾਮੀ ਦਾ ਵਿਰੋਧ ਕਰਦਿਆਂ ਸਵਰਾਜ (ਜਮਹੂਰੀਅਤ) ਦਾ ਸੁਪਨਾ ਲਿਆ ਸੀ,
ਪ੍ਰਾਧੀਨ ਕੋ ਦੀਨ ਕਿਆ ਪਰਾਧੀਨ ਬੇਦੀਨ।
ਰਵਿਦਾਸ ਦਾਸ ਪਰਾਧੀਨ ਕੋ ਸਭਹੀ ਸਮਝੇ ਹੀਨ।
ਰਵਿਦਾਸ ਮਨੁੱਖ ਕਰਿ ਵਸਨ ਕੂੰ ਸੁਖਕਰ ਹੈਂ ਦੂਈ ਠਾਂਵ।
ਇੱਕ ਸੁਖ ਹੈ ਸਵਰਾਜ ਮਂਹਿ ਦੂਸਰ ਮਰਘਟ ਗਾਂਵ।
ਇਤਿਹਾਸ ‘ਤੇ ਝਾਤ ਮਾਰਿਆਂ ਪਤਾ ਚੱਲਦਾ ਹੈ ਕਿ ਰਣਜੀਤ ਸਿੰਘ ਦੇ ਲੱਛਣ ਗੁਰੂ ਦੇ ਸਿੱਖਾਂ ਵਾਲੇ ਘੱਟ ਸਨ ਤੇ ਔਸਤਨ ਰਾਜਿਆਂ ਵਾਲੇ ਵੱਧ। ਰਣਜੀਤ ਸਿੰਘ ਬਾਰੇ ਹੇਠਾਂ ਪੇਸ਼ ਕੀਤੇ ਤੱਥ ਕੁਝ ਲਈ ਆਮ ਜਾਣਕਾਰੀ ਹੋਣਗੇ, ਪਰ ਇਹ ਇਤਿਹਾਸਕਾਰਾਂ ਤੇ ਵਿਦਵਾਨਾਂ, ਜਿਵੇਂ ਡਾ. ਇਕਬਾਲ ਸਿੰਘ ਢਿੱਲੋਂ ਤੇ ਹੋਰਨਾਂ ਦੀਆਂ ਲਿਖਤਾਂ ‘ਚ ਵੀ ਲੱਭੇ ਜਾ ਸਕਦੇ ਹਨ। ਇਹ ਤੱਥ ਪੇਸ਼ ਕਰਨਾ ਰਣਜੀਤ ਸਿੰਘ ਦੇ ਬਹਾਦਰ ਹੋਣ ਨੂੰ ਚੁਣੌਤੀ ਨਹੀਂ, ਇੱਕ ਔਸਤਨ ਰਾਜੇ ਵਾਂਗ ਉਹਨੇ ਆਪਣੇ ਰਾਜ ਦੀਆਂ ਹੱਦਾਂ ਵਧਾਉਣ ਲਈ ਸਿਆਸੀ ਦਾਅ-ਪੇਚਾਂ ਤੇ ਸਾਜ਼ਿਸ਼ਾਂ ਦੀ ਵਰਤੋਂ ਕੀਤੀ। ਮਿਸਾਲ ਵਜੋਂ ਲਾਹੌਰ ‘ਤੇ ਕਬਜ਼ਾ ਕਰਨ ਪਿਛੋਂ ਸਿੰਘਾਸਣ ਗ੍ਰਹਿਣ ਕਰਨ ਦੌਰਾਨ ਬ੍ਰਾਹਮਣਵਾਦ ਦੀ ਰੀਤ ਨਿਭਾਉਂਦਿਆਂ ਮੱਥੇ ‘ਤੇ ਟਿੱਕਾ ਲਵਾਇਆ, ਅਭਿਸ਼ੇਕ (ਜਲ ਛਿੜਕਣ) ਤੇ ਹੋਰ ਬ੍ਰਾਹਮਣਵਾਦੀ ਰਸਮਾਂ ਨਿਭਾਈਆਂ। ਉਸ ਦੇ ਰਾਜ ਸਮੇਂ ਸਿੱਖੀ ਦੇ ਅਸਥਾਨਾਂ ‘ਤੇ ਮੂਲ ਵਿਚ ਬ੍ਰਾਹਮਣਵਾਦੀ ਰੀਤਾਂ ਤੇ ਪਖੰਡ ਖੂਬ ਪ੍ਰਫੁਲਿਤ ਹੋਏ, ਜਿਨ੍ਹਾਂ ਦਾ ਗੁਰੂਆਂ ਸਮੇਤ ਪੰਜਾਬ ਜਾਗ੍ਰਿਤੀ ਲਹਿਰ ਨੇ ਵਿਰੋਧ ਕੀਤਾ ਸੀ।
ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਮਾਨਵਵਾਦੀ ਲਹਿਰ ਦੇ ਮਨਸ਼ਿਆਂ ਹਿੱਤ ਜਾਂ ਲਹਿਰ ਨੂੰ ਫਿਰ ਸ਼ੁਰੂ ਕਰਨ ਲਈ ਡੱਕਾ ਭੰਨ ਕੇ ਦੋਹਰਾ ਨਾ ਕੀਤਾ। ਲੋਕਾਂ ਲਈ ਕੋਈ ਵਿਦਿਅਕ ਅਦਾਰਾ ਤਾਂ ਕੀ ਸ਼ੁਰੂ ਕਰਨਾ ਸੀ, ਗੁਰਬਾਣੀ ਜਾਂ ਗੁਰਮਤਿ ਦੀ ਸਿਖਿਆ ਤੇ ਖੋਜ ਲਈ ਵੀ ਕੋਈ ਕੇਂਦਰ ਨਾ ਖੋਲ੍ਹ ਸਕਿਆ; ਹਾਲਾਂ ਕਿ ਗੁਰੂਆਂ ਦੀ ਸਿੱਖ ਲਹਿਰ ਵਿਚ ਗਿਆਨ ਤੇ ਵਿਦਿਆ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਸੀ, ਜੋ ਗੁਰਬਾਣੀ ਵਿਚ ਹੈ; ਸਿੱਖੀ ਸ਼ਬਦ ਦਾ ਅਰਥ ਹੀ ਹੈ-ਸਿੱਖਣਾ, ਸਿਖਾਉਣਾ।
ਹੋਰ ਤਾਂ ਹੋਰ, ਉਸ ਨੇ ਪੰਜਾਬੀ ਲੋਕਾਂ ਦੀ, ਤੇ ਗੁਰਬਾਣੀ ਵਿਚ ਵਰਤੀ ਗਈ ਪੰਜਾਬੀ ਭਾਸ਼ਾ ਦੁਰਕਾਰ ਕੇ ਵਿਦੇਸ਼ੀ ਭਾਸ਼ਾ ਫਾਰਸੀ ਨੂੰ ਸਰਕਾਰੀ ਭਾਸ਼ਾ ਬਣਾਈ ਰੱਖਿਆ। ਔਸਤਨ ਰਾਜਿਆਂ-ਮਹਾਰਾਜਿਆਂ ਵਾਂਗ ਹੀ ਰਣਜੀਤ ਸਿੰਘ ਵੀ ਇੱਕ ਐਸ਼ਪ੍ਰਸਤ ਤੇ ਨਸ਼ਈ ਬੰਦਾ ਸੀ, ਜਿਹਦੀਆਂ ਕਈ ਔਰਤਾਂ ਸਨ, ਰਾਣੀਆਂ ਜਾਂ ਨਹੀਂ-ਰਾਣੀਆਂ। ਰਾਣੀ ਜਿੰਦਾਂ ਨਾਲ ਉਸ ਦੀ ਸ਼ਾਦੀ 1835 ਈਸਵੀ ਵਿਚ ਹੋਈ, ਜਦੋਂ ਉਹ ਪਚਵੰਜਾ ਸਾਲ ਦੀ ਉਮਰ ਨੂੰ ਢੁਕ ਚੁਕਾ ਸੀ। ਉਸ ਦੀ ਮੌਤ ਪਿਛੋਂ ਉਸ ਦੀਆਂ ਚਾਰ ਹਿੰਦੂ ਰਾਣੀਆਂ ਅਤੇ ਸੱਤ ਗੋਲੀਆਂ ਨੂੰ ਸਤੀ ਕਰਵਾਇਆ ਗਿਆ; ਉਹੀ ਸਤੀ ਪ੍ਰਥਾ ਜਿਹਦਾ ਗੁਰੂ ਸਾਹਿਬਾਨ ਸਮੇਤ ਪੰਜਾਬ ਜਾਗ੍ਰਿਤੀ ਲਹਿਰ ਨੇ ਸਖਤ ਵਿਰੋਧ ਕੀਤਾ ਸੀ। ਇਹ ਕੁਝ ਤੱਥ ਇਸ ਗੱਲ ਦਾ ਪ੍ਰਮਾਣ ਹਨ ਕਿ ਰਣਜੀਤ ਸਿੰਘ ਦਾ ਔਰਤਾਂ ਪ੍ਰਤੀ ਤੇ ਹੋਰ ਰਵੱਈਆ ਗੁਰਬਾਣੀ ਤੇ ਗੁਰੂਆਂ ਦੇ ਸੰਦੇਸ਼ ਅਤੇ ਸਿੱਖ ਲਹਿਰ ਸਣੇ ਪੰਜਾਬ ਜਾਗ੍ਰਿਤੀ ਲਹਿਰ ਦੇ ਉਲਟ ਸੀ।
ਇੰਜ ਰਣਜੀਤ ਸਿੰਘ ਪੰਜਾਬ ਦੀ ਜਾਗ੍ਰਿਤੀ ਲਹਿਰ ਪਿਛੋਂ ਪੰਜਾਬ ਨੂੰ ਆਧੁਨਿਕ ਯੁੱਗ ਵੱਲ ਧੱਕਣ ਦੀ ਥਾਂ ਇਹਨੂੰ ਮੱਧਕਾਲੀ ਯੁੱਗ ਵਿਚ ਹੀ ਪਿਛਾਂਹ ਵੱਲ ਨੂੰ ਕੂਹਣੀ-ਮੋੜ ਕੱਟਣ ਵਿਚ ਹਿੱਸਾ ਪਾਇਆ। ਪੰਜਾਬ ਜਾਗ੍ਰਿਤੀ ਲਹਿਰ ਦੇ ਨਜ਼ਰੀਏ ਤੋਂ ਫੌਜਾਂ ਤਾਂ ਉਦੋਂ ਹੀ ਹਾਰ ਗਈਆਂ ਸਨ, ਜਦੋਂ ਆਧੁਨਿਕ ਯੁੱਗ ਦੇ ਸੰਦੇਸ਼ਵਾਹਕ ਜਮਰੂਹੀਅਤ ਨੂੰ ਲਾਗੂ ਕਰਨ ਦੀ ਥਾਂ ਰਣਜੀਤ ਸਿੰਘ ਨੇ ਮੱਧਕਾਲੀ ਯੁੱਗ ਦੀ ਰਾਜ-ਕਲਗੀ ਝੁਲਾ ਦਿੱਤੀ ਸੀ।
ਸਿੱਟੇ: ਮੁੱਕਦੀ ਗੱਲ, ਇਸ ਲੇਖ ਵਿਚ ਅਸੀਂ ਇਸ ਤੱਥ ਦਾ ਫਾਇਦਾ ਲੈਂਦਿਆਂ ਕਿ ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਲਹਿਰ ਦੇ ਤੱਤ ਤੇ ਉਦੇਸ਼ ਸਾਂਝੇ ਸਨ, ਇਨ੍ਹਾਂ ਦੋ ਲਹਿਰਾਂ ਦੇ ਤੁਲਨਾਤਮਕ ਅਧਿਅਨ ਰਾਹੀਂ ਇਨ੍ਹਾਂ ਦੀ ਜਿੱਤ ਜਾਂ ਹਾਰ ਦੇ ਮੁੱਖ ਲੱਛਣ ਨੂੰ ਪਛਾਣਿਆ ਤੇ ਜਾਂਚਿਆ। ਜਿਵੇਂ ਹਥਲੇ ਤੇ ਪਿਛਲੇ ਲੇਖ ਵਿਚ ਦਿਖਾਇਆ ਗਿਆ ਹੈ ਕਿ ਜਿਨ੍ਹਾਂ ਸਮਾਜਕ ਤੇ ਧਾਰਮਿਕ ਬੁਰਾਈਆਂ, ਲਾਹਨਤਾਂ, ਕੁਰੀਤੀਆਂ ਤੇ ਪਖੰਡਾਂ ਵਿਰੁਧ ਪੰਜਾਬ ਜਾਗ੍ਰਿਤੀ ਲਹਿਰ ਨੇ ਸੰਘਰਸ਼ ਕੀਤਾ; ਜਿਨ੍ਹਾਂ ਨੂੰ ਖਤਮ ਕਰਨ ਲਈ ਸੂਫੀਆਂ ਤੇ ਭਗਤਾਂ ਦੇ ਨਾਲ ਨਾਲ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਤੇ ਲਹਿਰ ਦੇ ਸੰਚਾਲਕੀ ਘੇਰੇ ਵਿਚ ਸੁਧਾਰ ਲਾਗੂ ਕੀਤੇ ਤੇ ਸਮਾਜ ਵਿਚ ਲਾਗੂ ਕਰਨ ਲਈ ਲੋਕਾਂ ਵਿਚ ਜਾਗ੍ਰਿਤੀ ਪੈਦਾ ਕੀਤੀ, ਉਹ ਕਰੀਬ ਸਾਰੀਆਂ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਬਰਕਰਾਰ ਹਨ।
ਇਹ ਪ੍ਰਤੱਖ ਰੂਪ ਵਿਚ ਪੰਜਾਬ ਜਾਗ੍ਰਿਤੀ ਲਹਿਰ ਦੀ ਹਾਰ ਦੇ ਲੱਛਣ ਹਨ ਤੇ ਰਣਜੀਤ ਸਿੰਘ ਦਾ ਲਾਹੌਰ ਜਿੱਤਣ ਪਿਛੋਂ ਪੰਜਾਬ ਵਿਚ ਜਮਹੂਰੀਅਤ ਦੀ ਥਾਂ ਰਾਜਾਸ਼ਾਹੀ ਦਾ ਸਥਾਪਤ ਕਰਨਾ ਵੀ ਹਾਰ ਦਾ ਸੂਚਕ ਹੈ। ਜਿਵੇਂ ਪਿਛਲੇ ਲੇਖਾਂ ਵਿਚ ਦਿਖਾਇਆ ਗਿਆ ਹੈ, ਪੰਜਾਬ ਜਾਗ੍ਰਿਤੀ ਲਹਿਰ ਮਾਨਵਵਾਦ ਦੇ ਕੁਝ ਪੱਖਾਂ ਵਿਚ ਯੂਰਪੀਅਨ ਰੈਨੇਸਾਂਸ ਤੋਂ ਵੀ ਅੱਗੇ ਸੀ। ਇੰਜ ਉਹ ਜਿੱਤ ਕੇ ਵੀ ਹਾਰ ਗਈ, ਪਰ ਇੱਥੇ ਵਿਚਾਰੇ ਇਹ ਸਭ ਹਾਰ ਦੇ ਲੱਛਣ ਹਨ, ਮੂਲ ਕਾਰਨ ਨਹੀਂ। ਹਾਰ ਦੇ ਬੀਜ ਇਤਿਹਾਸ ਵਿਚ ਪਹਿਲਾਂ ਬੀਜੇ ਜਾ ਚੁਕੇ ਸਨ।
ਹਾਰ ਦੇ ਮੂਲ ਕਾਰਨ ਲੱਭਣ ਲਈ ਸਾਨੂੰ ਇਤਿਹਾਸ ਦੀ ਫਿਲਮ ਨੂੰ ਹੋਰ ਵੀ ਪਿਛਾਂਹ ਮੋੜਨਾ ਪਵੇਗਾ, ਉਸ ਮੁਕਾਮ ਤੱਕ, ਜਿੱਥੇ ਰੈਨੇਸਾਂਸ ਲਹਿਰ ਯੂਰਪ ਨੂੰ ਆਧੁਨਿਕ ਯੁੱਗ ਨਾਲ ਜੋੜਦੀ ਹੈ। ਉਸ ਮੁਕਾਮ ‘ਤੇ ਖੜ ਕੇ ਅਸੀਂ ਅੱਗੇ ਨੂੰ ਅਤੇ ਹੋਰ ਵੀ ਪਿੱਛੇ ਵੇਖ ਕੇ ਪੰਜਾਬ ਜਾਗ੍ਰਿਤੀ ਲਹਿਰ ਦੇ ਮੁੱਖ ਕਾਰਨਾਂ ਦੀ ਸ਼ਨਾਖਤ ਕਰ ਸਕਾਂਗੇ। ਫਿਰ ਅਸੀਂ ਜਾਣ ਸਕਾਂਗੇ ਕਿ ਪੰਜਾਬ ਦੇ ਇਸ ‘ਰੈਨੇਸਾਂਸ ਮੈਨ’ ਦਾ ਇਸ ਲੇਖ ਵਿਚ ਵਰਣਨ ਕੀਤਾ ਹਾਲ ਕਿਉਂ ਹੋਇਆ? ਇਹ ਚਰਚਾ ਅਗਲੇ ਲੇਖ ਵਿਚ ਕਰਾਂਗੇ।
(ਚਲਦਾ)