ਕਰਤਾਰਪੁਰ ਲਾਂਘੇ ਦੇ ਸਿਰਮੌਰ?

ਇਹ ਗੱਲ ਸਿਰਫ ਚੜ੍ਹਦੇ ਪੰਜਾਬ ਵਿਚ ਹੀ ਨਹੀਂ, ਸਗੋ ਲਹਿੰਦੇ ਪੰਜਾਬ ਵਿਚ ਵੀ ਇਹੋ ਕੂਕ ਪਈ ਗੂੰਜਦੀ ਏ ਕਿ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਤੋਂ ਲੈ ਕੇ ਗਿਆ ਹੈ; ਪਰ ਹਕੀਕਤ ਇਸ ਤੋਂ ਕੁਝ ਵੱਖਰੀ ਏ। ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਬੁਲਾਵੇ ‘ਤੇ ਜਾਣਾ ਸੀ। ਖੁਦ ਇਮਰਾਨ ਖਾਨ ਨੇ ਹਾਲੇ ਪ੍ਰਧਾਨ ਮੰਤਰੀ ਦੀ ਸਹੁੰ ਵੀ ਨਹੀਂ ਸੀ ਚੁਕੀ ਤੇ ਪ੍ਰਧਾਨ ਮੰਤਰੀ ਬਣਿਆ ਵੀ ਨਹੀਂ ਸੀ ਤੇ ਏਡਾ ਵੱਡਾ ਫੈਸਲਾ ਉਹ ਕਿਵੇਂ ਕਰ ਸਕਦਾ ਸੀ? ਉਹ ਨਹੀਂ ਸੀ ਕਰ ਸਕਦਾ। ਇਮਰਾਨ ਖਾਨ ਉਂਜ ਵੀ ਇਸ ਤਰ੍ਹਾਂ ਦੀ ਸੋਚ ਨਹੀਂ ਰਖਦਾ, ਨਾਲੇ ਸਾਰੀ ਉਮਰ ਉਹ ਬਾਹਰ ਦੇ ਮੁਲਕਾਂ ਵਿਚ ਰਿਹਾ ਏ, ਤੇ ਪੰਜਾਬੀ ਲੋਕਾਂ ਦੇ ਮਸਲਿਆਂ ਦਾ ਉਸ ਨੂੰ ਏਡਾ ਇਲਮ ਨਹੀਂ। ਫਿਰ ਬਿਲਕੁਲ ਚੜ੍ਹਦੇ ਪੰਜਾਬ ਦਾ ਮਸਲਾ, ਕਰਤਾਰਪੁਰ ਸਾਹਿਬ ਦਾ, ਉਹ ਉਹਨੂੰ ਕਿਥੋਂ ਪਤਾ ਹੋਣਾ ਸੀ! ਅਜੇ ਤੇ ਉਹ ਰਾਜਨੀਤੀ ਸਿੱਖ ਰਿਹਾ, ਹੁਣ ਵੀ।

ਡਾ. ਗੁਲਾਮ ਮੁਸਤਫਾ ਡੋਗਰ
ਫੋਨ: 0044-7878132208

ਲਿਪੀਅੰਤਰ: ਜੇ. ਐਸ਼ ਭੱਟੀ
ਫੋਨ: +91- 7986037268

ਇਹ ਗੱਲ ਸਿਰਫ ਚੜ੍ਹਦੇ ਪੰਜਾਬ ਵਿਚ ਹੀ ਨਹੀਂ, ਸਗੋ ਲਹਿੰਦੇ ਪੰਜਾਬ ਵਿਚ ਵੀ ਇਹੋ ਕੂਕ ਪਈ ਗੂੰਜਦੀ ਏ ਕਿ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਤੋਂ ਲੈ ਕੇ ਗਿਆ ਹੈ; ਪਰ ਹਕੀਕਤ ਇਸ ਤੋਂ ਕੁਝ ਵੱਖਰੀ ਏ। ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਬੁਲਾਵੇ ‘ਤੇ ਜਾਣਾ ਸੀ। ਖੁਦ ਇਮਰਾਨ ਖਾਨ ਨੇ ਹਾਲੇ ਪ੍ਰਧਾਨ ਮੰਤਰੀ ਦੀ ਸਹੁੰ ਵੀ ਨਹੀਂ ਸੀ ਚੁਕੀ ਤੇ ਪ੍ਰਧਾਨ ਮੰਤਰੀ ਬਣਿਆ ਵੀ ਨਹੀਂ ਸੀ ਤੇ ਏਡਾ ਵੱਡਾ ਫੈਸਲਾ ਉਹ ਕਿਵੇਂ ਕਰ ਸਕਦਾ ਸੀ? ਉਹ ਨਹੀਂ ਸੀ ਕਰ ਸਕਦਾ। ਇਮਰਾਨ ਖਾਨ ਉਂਜ ਵੀ ਇਸ ਤਰ੍ਹਾਂ ਦੀ ਸੋਚ ਨਹੀਂ ਰਖਦਾ, ਨਾਲੇ ਸਾਰੀ ਉਮਰ ਉਹ ਬਾਹਰ ਦੇ ਮੁਲਕਾਂ ਵਿਚ ਰਿਹਾ ਏ, ਤੇ ਪੰਜਾਬੀ ਲੋਕਾਂ ਦੇ ਮਸਲਿਆਂ ਦਾ ਉਸ ਨੂੰ ਏਡਾ ਇਲਮ ਨਹੀਂ। ਫਿਰ ਬਿਲਕੁਲ ਚੜ੍ਹਦੇ ਪੰਜਾਬ ਦਾ ਮਸਲਾ, ਕਰਤਾਰਪੁਰ ਸਾਹਿਬ ਦਾ, ਉਹ ਉਹਨੂੰ ਕਿਥੋਂ ਪਤਾ ਹੋਣਾ ਸੀ! ਅਜੇ ਤੇ ਉਹ ਰਾਜਨੀਤੀ ਸਿੱਖ ਰਿਹਾ, ਹੁਣ ਵੀ।
ਨਵਜੋਤ ਸਿੰਘ ਸਿੱਧੂ ਦੀ ਮਸ਼ਹੂਰ-ਏ-ਆਮ ਜਨਰਲ ਬਾਜਵਾ ਨਾਲ ਜੋ ਜੱਫੀ ਏ, ਉਹ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦੀ ਸਹੁੰ ਚੁਕਣ ਤੋਂ ਪਹਿਲਾਂ ਪੈ ਗਈ ਸੀ ਤੇ ਜਨਰਲ ਕਮਰ ਜਾਵੇਦ ਬਾਜਵਾ ਨੇ ਉਸ ਦੇ ਕੰਨ ਵਿਚ ਖੁਸ਼ਖਬਰੀ ਪਾ ਦਿੱਤੀ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਅਸੀਂ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਵ ‘ਤੇ ਖੋਲ੍ਹ ਦੇਣਾ ਏ। ਸਿੱਧੂ ਨੇ ਤਾਂ ਕੁਝ ਮੰਗਿਆ ਹੀ ਨਹੀਂ ਸੀ, ਤੇ ਨਾ ਹੀ ਉਸ ਦੇ ਦਿਮਾਗ ਵਿਚ ਕੋਈ ਅਜਿਹੀ ਸੋਚ ਸੀ। ਜੇ ਹੁੰਦੀ ਤਾਂ ਅਸੀਂ ਪੰਜਾਬੀ ਬੜੇ ਬੜਬੋਲੇ ਹਾਂ, ਅਸੀਂ ਕੰਮ ਘੱਟ ਕਰਦੇ ਹਾਂ ਤੇ ਖੱਪ ਬਹੁਤੀ ਪਾਉਂਦੇ ਆਂ। ਸਾਡੇ ਸਿਆਸੀ ਲੀਡਰ, ਉਹ ਤਾਂ ਪਾਉਂਦੇ ਹੀ ਖੱਪ ਨੇ, ਕੰਮ ਤਾਂ ਸ਼ਾਇਦ ਹੀ ਕਦੀ ਹੁੰਦਾ ਹੈ। ਸਿੱਧੂ ਦੇ ਚੜ੍ਹਦੇ ਪੰਜਾਬ ਤੋਂ ਜਾਣ ਤੋਂ ਪਹਿਲਾਂ ਜੇ ਉਸ ਦੇ ਦਿਮਾਗ ਵਿਚ ਕੋਈ ਐਸੀ ਗੱਲ ਹੁੰਦੀ ਤਾਂ ਉਹ ਕੋਈ ਬਿਆਨ ਦਿੰਦਾ ਕਿ ਉਹ ਐਸਾ ਕੰਮ ਕਰਨ ਜਾ ਰਿਹਾ ਹੈ; ਪਰ ਐਸੀ ਗੱਲ ਕੋਈ ਸਾਹਮਣੇ ਨਹੀਂ ਆਈ।
ਇਹ ਤਾਂ ਸਾਰੇ ਲੋਕਾਂ ਨੂੰ ਪਤਾ ਏ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਦੀ ਜਦੋਜਾਹਿਦ ਭਭੀਸ਼ਨ ਸਿੰਘ (ਬੀ. ਐਸ਼) ਗੋਰਾਇਆ ਨਾਂ ਦੇ ਬੰਦੇ ਨੇ ਸ਼ੁਰੂ ਕੀਤੀ ਸੀ ਤੇ ਜਿਸ ਦੇ ਨਾਲ ਬਾਅਦ ਇਸ ਚੰਗੇ ਕੰਮ ਵਿਚ ਗੁਰਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਵਡਾਲਾ, ਜਸਬੀਰ ਸਿੰਘ ਜਫਰਵਾਲ ਤੇ ਉਦਮ ਸਿੰਘ ਔਲਖ ਵਰਗੇ ਲੋਕ ਸ਼ਾਮਿਲ ਹੋਏ ਤੇ ਪਿਛਲੇ 20 ਸਾਲਾਂ ਤੋਂ ਅਰਦਾਸਾਂ ਕਰਦੇ ਆਏ। ਆਮ ਸਿੱਖ ਲੋਕ ਵੀ ਇਨ੍ਹਾਂ ਅਰਦਾਸਾਂ ਵਿਚ ਸ਼ਾਮਿਲ ਹੁੰਦੇ ਰਹੇ।
ਨਵਜੋਤ ਸਿੰਘ ਸਿੱਧੂ ਬਾਰੇ ਇਕ ਗੱਲ ਹੀ ਕਹੀ ਜਾ ਸਕਦੀ ਹੈ ਕਿ ਉਸ ਉਤੇ ਬਾਬੇ ਨਾਨਕ ਦੀ ਕਿਰਪਾ ਤੇ ਰੱਬ ਦੀ ਮਿਹਰਬਾਨੀ ਹੋਈ ਏ। ਤੇ ਬਾਕੀ ਆਗੂ ਲੋਕਾਂ ਦੇ ਨਾਂ ਤਾਂ ਲਏ ਗਏ ਹਨ, ਉਨ੍ਹਾਂ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ, “ਵੋਹ ਮੇਰੇ ਨਸੀਬ ਕੀ ਬਾਰਿਸ਼ੇਂ ਕਿਸੀ ਔਰ ਛਤ ਪਰ ਬਰਸ ਗਈਂ।” ਚੂਰੀ ਹੋਰ ਕੁੱਟਦੇ ਰਹੇ ਤੇ ਹਿੱਸੇ ਨਵਜੋਤ ਸਿੰਘ ਸਿੱਧੂ ਦੇ ਆ ਗਈ। ਜੇ ਥੋੜ੍ਹੇ ਜਿਹੇ ਧਿਆਨ ਨਾਲ ਦੇਖੀਏ ਤਾਂ ਪਤਾ ਲੱਗ ਜਾਂਦਾ ਏ ਕਿ ਗੁਰੂ ਦੀ ਕਿਰਪਾ ਸਿਰਫ ਨਵਜੋਤ ਸਿੰਘ ਸਿੱਧੂ ‘ਤੇ ਨਹੀਂ ਸੀ, ਸਗੋਂ ਇਮਰਾਨ ਖਾਨ ‘ਤੇ ਵੀ ਸੀ। ਇਮਰਾਨ ਖਾਨ ਦੀ ਇਸ ਸਾਰੇ ਕੰਮ ਵਿਚ ਜੋ ਮਿਹਨਤ ਹੈ, ਉਹ ਸਿਰਫ ਲਾਂਘੇ ਦਾ ਫੀਤਾ ਕੱਟਣਾ ਹੀ ਏ। ਉਸ ਨੂੰ ਲਾਂਘੇ ਦਾ ਪਤਾ ਵੀ ਨਹੀਂ ਸੀ। ਸਿੱਧੂ ਤੇ ਇਮਰਾਨ ਉਂਜ ਵੀ ਦੋਵੇਂ ਦੋਸਤ ਹਨ ਤੇ ਇਨ੍ਹਾਂ ਦੋਹਾਂ ‘ਤੇ ਰੱਬ ਨੇ ਇੰਨੀ ਬਖਸ਼ਿਸ਼ ਕੀਤੀ ਕੇ ਇਨ੍ਹਾਂ ਨੂੰ ਪੱਕੀ ਪਕਾਈ ਖੀਰ ਮਿਲ ਗਈ।
ਸਿੱਧੂ ਬਾਰੇ ਜੋ ਮਰਜੀ ਕਹੋ, ਉਹ ਉਥੇ ਗਿਆ ਤੇ ਜਨਰਲ ਬਾਜਵਾ ਨਾਲ ਉਸ ਦੀ ਜੱਫੀ ਪੈ ਗਈ, ਤੇ ਜਿਹੜੀ ਸ਼ੈਅ ਉਸ ਨੇ ਮੰਗੀ ਨਹੀਂ ਸੀ, ਉਹ ਉਸ ਨੂੰ ਮਿਲ ਗਈ, ਪਰ ਇਸ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਇਮਰਾਨ ਖਾਨ ਪਿਛਲੇ 22 ਸਾਲ ਤੋਂ ਰਾਜਨੀਤੀ ਵਿਚ ਧੱਕੇ ਖਾ ਰਿਹਾ ਸੀ ਤੇ ਫਿਰ ਉਹ ਇਸ ਮੁਕਾਮ ‘ਤੇ ਆਇਆ ਕਿ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਫੀਤਾ ਕੱਟ ਸਕਿਆ; ਪਰ ਸਿੱਧੂ ਦਾ ਜੋ ਕੰਮ ਏ, ਉਹ ਇਸ ਤੋਂ ਉਲਟ ਏ। ਇਮਰਾਨ ਖਾਨ ਨੇ ਜੋ ਧੱਕੇ ਫੀਤਾ ਕੱਟਣ ਤੋਂ ਪਹਿਲਾ ਖਾਧੇ, ਸਿੱਧੂ ਨੂੰ ਸਿਆਸੀ ਧੱਕੇ ਉਹ ਜਫੀ ਪਾਉਣ ਤੋਂ, ਫੀਤਾ ਕੱਟਣ ਪਿਛੋਂ ਪੈਣੇ ਸ਼ੁਰੂ ਹੋਏ ਹਨ। ਸਿੱਧੂ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਇਸ ਜੱਫੀ ਦੀ ਕੀਮਤ ਦੇਣੀ ਪਈ ਤੇ ਅੱਗੋਂ ਵੀ ਦੇਣੀ ਪਏਗੀ; ਪਰ ਮੈਨੂੰ ਪੂਰੀ ਉਮੀਦ ਏ ਕਿ ਰੱਬ ਨੇ ਸਿੱਧੂ ਕੋਲੋ ਕੋਈ ਵੱਡਾ ਕੰਮ ਲੈਣਾ ਏ ਜਿਵੇਂ ਇਮਰਾਨ ਖਾਨ ਨੂੰ 22 ਸਾਲਾਂ ਦੇ ਧੱਕਿਆਂ ਤੋਂ ਬਾਅਦ ਅਜਿਹਾ ਕੰਮ ਰੱਬ ਨੇ ਲਿਆ ਏ।
ਸੋਚਣ ਵਾਲੀ ਗੱਲ ਇਹ ਹੈ, ਜੇ ਇਮਰਾਨ ਖਾਨ ਤੇ ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਫੈਸਲਾ ਨਹੀਂ ਕੀਤਾ ਤੇ ਫਿਰ ਇਸ ਦਾ ਫੈਸਲਾ ਕਿਸ ਨੇ ਕੀਤਾ ਤੇ ਇਸ ਨੂੰ ਬਣਾਉਣ ਦਾ ਜਿੰਮੇਵਾਰ ਕੌਣ ਏ? ਗੱਲ ਬੜੀ ਸਿੱਧੀ ਏ ਤੇ ਉਹ ਹੈ, ਜਨਰਲ ਬਾਜਵਾ, ਪਰ ਇਹ ਵੀ ਨਾਲ ਹੈ ਕਿ ਜਨਰਲ ਬਾਜਵਾ ਇਹ ਕੰਮ ਇਕਲਿਆਂ ਨਹੀਂ ਕਰ ਸਕਦਾ, ਉਸ ਦੇ ਪਿਛੇ ਪੂਰੀ ਫੌਜ ਏ, ਤੇ ਫੌਜ ਬਤੌਰ ਸੰਗਠਨ ਕੰਮ ਕਰਦੀ ਹੈ ਤੇ ਉਥੇ ਕੋਈ ਇਕਲਾ ਕੰਮ ਨਹੀਂ ਕਰ ਸਕਦਾ। ਦੂਜੀ ਗੱਲ ਇਹ ਹੈ ਕਿ ਇਸ ਕੰਮ ਨੂੰ ਕਰਨ ਲਈ ਕਈ ਸਾਲ ਸੋਚ ਵਿਚਾਰ ਕੀਤਾ ਗਿਆ ਹੋਵੇਗਾ। ਇਹ ਕੰਮ ਇਸ ਤਰ੍ਹਾਂ ਨਹੀਂ ਹੋਇਆ ਕਿ ਝੱਟ ਮੰਗਣੀ ਤੇ ਪਟ ਵਿਆਹ। ਜਨਰਲ ਬਾਜਵਾ ਨੇ ਸਿੱਧੂ ਦੇ ਕੰਨ ਵਿਚ ਜੋ ਫੂਕ ਮਾਰੀ ਸੀ, ਉਸ ਪਿਛੇ ਕਈ ਸਾਲਾਂ ਦੀ ਤੇ ਕਈ ਲੋਕਾਂ ਦੀ ਤਪਸਿਆ ਏ, ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਏ ਕਿ ਜੇ ਜਨਰਲ ਬਾਜਵਾ ਇਹ ਗੱਲ ਨਾ ਚਾਹੁੰਦਾ, ਫਿਰ ਭਾਵੇਂ ਥੱਲੇ 100 ਬੰਦਾ ਸੋਚਦਾ, 100 ਬੰਦਾ ਗੱਲ ਕਰਦਾ, ਇਹ ਕੰਮ ਨਹੀਂ ਸੀ ਹੋ ਸਕਦਾ। ਇਸ ਗੱਲ ਨੂੰ ਸਮਝਣ ਲਈ ਸਾਨੂੰ ਜਨਰਲ ਬਾਜਵਾ ਦਾ ਪਿਛੋਕੜ ਫਰੋਲਣਾ ਚਾਹੀਦਾ ਹੈ, ਫਿਰ ਪਤਾ ਲੱਗੇਗਾ ਕਿ ਉਨ੍ਹਾਂ ਦੀ ਕਰਤਾਰਪੁਰ ਸਾਹਿਬ ਨਾਲ ਜਾਣਕਾਰੀ ਕਿਵੇਂ ਸੀ? ਕੀ ਵਜ੍ਹਾ ਹੋਈ ਕਿ ਇਹ ਕੰਮ ਉਨ੍ਹਾਂ ਹੀ ਕੀਤਾ, ਜੋ ਪਿਛਲੇ 70 ਸਾਲਾਂ ਵਿਚ ਨਹੀਂ ਹੋਇਆ?
ਕਈ ਕਾਰਨ ਹਨ ਇਸ ਵਿਚ ਕਿ ਜਨਰਲ ਬਾਜਵਾ ਦਾ ਜੱਦੀ ਪਿੰਡ ਦਾ ਨਾਂ ਕਾਲਾ ਪਹਾੜ ਹੈ। ਕਾਲਾ ਪਹਾੜ ਤੇ ਉਚਾ ਪਹਾੜ ਦੋ ਪਿੰਡ ਹਨ, ਜੋ ਇਕੱਠੇ ਹਨ। ਨਾਂ ਇਕੱਠਾ ਬੋਲਿਆ ਜਾਂਦਾ ਏ। ਦੋਹਾਂ ਵਿਚ ਫਾਸਲਾ ਥੋੜ੍ਹਾ ਏ, ਤੇ ਦੋਵੇਂ ਬਾਜਵਿਆਂ ਦੇ ਪਿੰਡ ਹਨ। ਦੋਵੇਂ ਪਿੰਡ ਨਾਰੋਵਾਲ ਸ਼ਹਿਰ ਤੋਂ ਦੂਰ ਨਹੀਂ। ਨਾਰੋਵਾਲ ਸ਼ਹਿਰ ਤੋਂ ਜੋ ਸੜਕ ਜਾਂਦੀ ਏ ਪਸਰੂਰ ਸ਼ਹਿਰ ਨੂੰ, ਉਸ ਉਤੇ ਹਨ, ਤੇ ਨਾਲਾ ਡੇਕ ਦੇ ਕੋਲ ਹਨ। ਜਨਰਲ ਬਾਜਵਾ ਦੇ ਪਿੰਡ ਤੋਂ ਕਰਤਾਰਪੁਰ ਸਾਹਿਬ ਦਾ ਫਾਸਲਾ ਮੁਸ਼ਕਿਲ ਨਾਲ 40 ਮੀਲ ਏ। ਜਦੋਂ ਬਾਰਾਂ ਆਬਾਦ ਹੋਈਆਂ, ਉਸ ਵਕਤ ਜਨਰਲ ਬਾਜਵਾ ਦੇ ਬਜੁਰਗ ਸਨ, ਉਹ ਇਸ ਪਿੰਡੋਂ ਉਠ ਕੇ ਲਾਇਲਪੁਰ ਦੇ ਇਲਾਕੇ ਚਲੇ ਗਏ, ਉਨ੍ਹਾਂ ਬਾਰਾਂ ਵਿਚ। ਉਸ ਪਿਛੋਂ ਜਦੋਂ ਜਨਰਲ ਬਾਜਵਾ ਦੇ ਪਿਤਾ ਕਰਨਲ ਇਕਬਾਲ ਬਾਜਵਾ ਫੌਜ ਵਿਚ ਭਰਤੀ ਹੋਏ ਤੇ ਉਹ ਵੀ ਪਿੰਡ ਛੱਡ ਗਏ। ਖੁਦ ਜਨਰਲ ਕਮਰ ਜਾਵੇਦ ਬਾਜਵਾ ਕਰਾਚੀ ਵਿਚ ਪੈਦਾ ਹੋਏ। ਜਦੋਂ ਉਹ 6 ਸਾਲ ਦੇ ਸਨ, ਪਿਤਾ ਕਰਨਲ ਬਾਜਵਾ ਦੀ ਮੌਤ ਹੋ ਗਈ। ਉਨ੍ਹਾਂ ਦਾ ਖਾਨਦਾਨ ਗਖੜ, ਜਿਲਾ ਗੁਜਰਾਂਵਾਲਾ ਵਿਚ ਆਬਾਦ ਏ। ਇਹ ਗੱਲ ਯਾਦ ਰਖਣ ਵਾਲੀ ਏ ਕਿ ਪਾਕਿਸਤਾਨੀ ਫੌਜ ਵਿਚ ਜਾਂ ਤਾਂ ਪੰਜਾਬੀ ਨੇ ਜਾਂ ਪਠਾਨ; ਸਿੰਧੀ ਤੇ ਬਲੋਚੀ ਬੜੇ ਘੱਟ ਹਨ। ਹਾਂ, ਕਰਾਚੀ ਦੇ ਮੁਹਾਜ਼ਿਰ ਵੀ ਕੁਝ ਹਨ। ਪਾਕਿਸਤਾਨੀ ਫੌਜ ਵਿਚ ਅੱਜ ਤੱਕ ਆਣ ਵਾਲੇ ਚੀਫ ਜਾਂ ਤਾਂ ਪਠਾਨ ਸਨ ਜਾਂ ਪੰਜਾਬੀ ਜੱਟ ਜਾਂ ਰਾਜਪੂਤ; ਪਰ ਇਨ੍ਹਾਂ ਸਭ ਦਾ ਸਬੰਧ ਜਿਲਾ ਗੁਜਰਾਤ ਤੋਂ ਪਿਛੇ ਲਹਿੰਦੇ ਪਾਸੇ ਸੀ। ਜਿਲਾ ਗੁਜਰਾਤ ਤੋਂ ਲੈ ਕੇ ਪਿਛੇ ਪਿੰਡੀ ਚੱਕਵਾਲ ਤੇ ਪਰਲਾ ਇਲਾਕਾ ਸੀ, ਉਧਰ ਦੇ ਲੋਕ ਸਨ। ਪਿਛਲੇ ਆਰਮੀ ਚੀਫ ਰਾਏਲ ਸ਼ਾਰੀਫ ਜਿਲਾ ਗੁਜਰਾਤ ਦੇ ਸ਼ਹਿਰ ਕੁੰਜਾਹ ਦੇ ਰਾਜਪੂਤ ਤੇ ਉਸ ਤੋਂ ਪਹਿਲਾ ਜਨਰਲ ਕਿਆਨੀ ਰਾਵਲਪਿੰਡੀ ਦੇ ਰਾਜਪੂਤ ਸਨ। ਜਨਰਲ ਬਾਜਵਾ ਗੁਜਰਾਤ ਤੋਂ ਚੜ੍ਹਦੇ ਵਾਲੇ ਪਾਸੇ ਸਿਆਲ ਕੋਟ ਦੇ ਜੱਟਾਂ ਤੇ ਬਾਜਵਿਆਂ ਦੇ ਪਹਿਲੇ ਪਾਕਿਸਤਾਨੀ ਆਰਮੀ ਚੀਫ ਹਨ। ਜੱਟ ਹੋਣ ਤੇ ਕਰਤਾਰਪੁਰ ਸਾਹਿਬ ਦੇ ਨੇੜੇ ਹੋਣ ਦੀ ਵਜ੍ਹਾ ਨਾਲ ਜਿੰਨਾ ਗਿਆਨ ਜਨਰਲ ਬਾਜਵਾ ਨੂੰ ਬਾਬੇ ਨਾਨਕ ਦਾ ਹੋ ਸਕਦਾ ਹੈ, ਉਹ ਕਿਸੇ ਨੂੰ ਨਹੀਂ ਹੋ ਸਕਦਾ।
ਦੂਜੀ ਵਜ੍ਹਾ ਇਹ ਵੀ ਏ ਕਿ ਬਾਜਵਿਆਂ ਦੀ ਲਗਭਗ ਅੱਧੀ ਗਿਣਤੀ ਸਿੱਖ ਏ ਜਾਂ ਉਹ ਹਿੰਦੂ ਏ। ਇਸ ਦਾ ਹਿਸਾਬ ਤੁਸੀਂ ਇਥੋਂ ਲਾ ਲਓ ਕਿ ਬਾਜਵੇ ਜੱਟਾਂ ਦੀ ਕੁਲ ਆਬਾਦੀ 1901 ਵਿਚ 42,683 ਸੀ ਤੇ ਇਸ ਵਿਚੋਂ ਦੋ ਹਿੱਸੇ ਆਬਾਦੀ ਯਾਨਿ 66% ਆਬਾਦੀ ਜਿਲਾ ਸਿਆਲਕੋਟ ਵਿਚ ਸੀ। ਇਸ 42,683 ਵਿਚੋਂ 27,844 ਜਿਲਾ ਸਿਆਲਕੋਟ ਵਿਚ ਸੀ। ਜਿਹਦੇ ਵਿਚੋਂ ਜਿਲਾ ਨਾਰੋਵਾਲ ਅੱਜ ਕੱਲ ਵਖਰਾ ਕੀਤਾ ਗਿਆ ਹੈ। ਸਿਆਲਕੋਟ ਵਿਚ ਇਨ੍ਹਾਂ ਬਾਜਵੇ ਜੱਟਾਂ ਦੀ ਆਬਾਦੀ ਵਿਚੋਂ 13,727 ਮੁਸਲਮਾਨ ਸਨ, ਜੋ 49.30% ਬਣਦੇ ਹਨ; 10,038 ਸਿੱਖ ਸਨ, ਜੋ 36.81% ਬਣਦੇ ਹਨ ਅਤੇ 4,079 ਹਿੰਦੂ ਸਨ, ਜੋ 11.33% ਬਣਦੇ ਹਨ।
ਇਸ 42,683 ਆਬਾਦੀ ਵਿਚੋਂ 22,136 ਮੁਸਲਮਾਨ ਸਨ, ਜੋ 52% ਬਣਦੇ ਹਨ; 15,712 ਸਿੱਖ ਸਨ, ਜੋ 37% ਬਣਦੇ ਹਨ ਅਤੇ 4,835 ਹਿੰਦੂ ਸਨ, ਜੋ 11% ਬਣਦੇ ਸਨ। ਯਾਨਿ ਹਿੰਦੂ ਬਾਜਵੇ ਸਾਰੇ ਦੇ ਸਾਰੇ ਜਿਲਾ ਸਿਆਲਕੋਟ ਵਿਚ ਵਸਦੇ ਸਨ। ਜਿਲਾ ਸਿਆਲਕੋਟ ਵਿਚ ਜੋ 27,844 ਬਾਜਵੇ ਸਨ, ਉਨ੍ਹਾਂ ਵਿਚੋਂ ਜੇ ਤਹਿਸੀਲ ਵਾਰ ਕਰੀਏ ਤਾਂ 7800 ਸਿਆਲਕੋਟ ਤਹਿਸੀਲ, 7780 ਪਸਰੂਰ ਤਹਿਸੀਲ ਵਿਚ, 7351 ਰਈਆ ਤੇ 4285 ਜਫਰਵਾਲ ਤਹਿਸੀਲ ਵਿਚ ਅਤੇ ਡੱਸਕੇ ਵਿਚ 627 ਬਾਜਵੇ ਆਬਾਦ ਸਨ। ਕਰਤਾਰਪੁਰ ਸਾਹਿਬ ਦੇ ਚਾਰ ਚੁਫੇਰੇ ਦੇ ਜਿਲਿਆਂ ਵਿਚ ਬਾਜਵੇ ਜੱਟ ਵਸਦੇ ਸਨ। ਭਾਵੇਂ ਉਹ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਜਾਂ ਜਲੰਧਰ ਹੋਵੇ।
ਇਕ ਹੋਰ ਪੱਖ ਇਹ ਹੈ ਕਿ ਜਨਰਲ ਬਾਜਵਾ ਆਪਣੀ ਜ਼ਿੰਦਗੀ ਵਿਚ ਜੱਟ ਤੇ ਰਾਜਪੂਤਾਂ ਵਿਚ ਖੁਭੇ ਹੋਏ ਹਨ, ਜੋ ਪੰਜਾਬੀ ਜੱਟ ਤੇ ਰਾਜਪੂਤ ਹਨ। ਉਨ੍ਹਾਂ ਦੇ ਸਹੁਰੇ ਸਾਹਿਬ ਜਨਰਲ ਇਜ਼ਾਜ਼ ਅਹਿਮਦ ਜੰਜੂਆ ਰਾਜਪੂਤ ਹਨ। ਉਨ੍ਹਾਂ ਦੇ ਇਕ ਸਾਂਢੂ ਦਾ ਨਾਂ ਹੈ, ਬ੍ਰਿਗੇਡੀਅਰ ਇਮਤਿਆਜ਼ ਅਹਿਮਦ ਵੜੈਚ। ਇਨ੍ਹਾਂ ਦੇ ਜੋ ਰਿਸ਼ਤੇਦਾਰ ਹਨ, ਉਨ੍ਹਾਂ ਵਿਚ ਵੀ ਬਹੁਤੇ ਫੌਜੀ ਜਰਨੈਲ ਹਨ। ਉਨ੍ਹਾਂ ਵਿਚੋਂ ਮੇਜਰ ਜਨਰਲ ਅਨੀਸ਼ ਅਹਿਮਦ ਬਾਜਵਾ, ਮੇਜਰ ਜਨਰਲ ਮੁਮਤਾਜ ਅਹਿਮਦ ਬਾਜਵਾ ਤੇ ਹੁਣੇ ਰਿਟਾਇਰ ਹੋਣ ਵਾਲੇ ਲੈਫਟੀਨੈਂਟ ਜਨਰਲ ਆਸਮ ਸਲੀਮ ਬਾਜਵਾ, ਜੋ ਬਲੋਚਿਸਤਾਨ ਵਿਚ ਕੋਰ ਕਮਾਂਡਰ ਸਨ। ਇਕ ਹੋਰ ਮੇਜਰ ਜਨਰਲ ਅਜ਼ੀਮ ਬਾਜਵਾ, ਬ੍ਰਿਗੇਡੀਅਰ ਅਸ਼ਰਫ ਬਾਜਵਾ ਤੇ ਆਮਿਰ ਮੁਸਤਫਾ ਬਾਜਵਾ। ਇਹ ਉਹ ਅਫਸਰ ਹਨ, ਜੋ ਮੇਰੀ ਜਾਣਕਾਰੀ ਵਿਚ ਹਨ। ਹੋਰ ਵੀ ਰਿਸ਼ਤੇਦਾਰ ਅਫਸਰ ਹੋ ਸਕਦੇ ਹਨ ਫੌਜ ਵਿਚ।
ਜਿਸ ਤਰ੍ਹਾਂ ਪਹਿਲਾਂ ਲਿਖਿਆ ਜਾ ਚੁਕਾ ਹੈ ਕਿ ਜਨਰਲ ਬਾਜਵਾ ਦਾ ਪਿੰਡ ਕਰਤਾਰਪੁਰ ਸਾਹਿਬ ਤੋਂ ਕਰੀਬ 40 ਮੀਲ ਦੂਰ ਹੈ ਤੇ ਇਹ ਕੋਈ ਬਹੁਤਾ ਫਾਸਲਾ ਨਹੀਂ। ਇਸ ਵਾਸਤੇ ਜੋ ਜਮੀਨੀ ਹਕੀਕਤਾਂ ਹਨ, ਉਨ੍ਹਾਂ ਨੂੰ ਜਿਨ੍ਹਾਂ ਜਨਰਲ ਬਾਜਵਾ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਨੇੜੇ ਤੋਂ ਜਾਣਦੇ ਹੋਣਗੇ, ਹੋਰ ਕੋਈ ਪਿਛੇ ਰਿਹਾ ਜਰਨੈਲ ਨਹੀਂ ਸਮਝ ਸਕਿਆ ਤੇ ਨਾ ਹੀ ਇਮਰਾਨ ਖਾਨ।
ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਲਈ ਜਨਰਲ ਬਾਵਜਾ ਦੀ ਦਿਲਚਸਪੀ ਇੰਨੀ ਵੱਧ ਸੀ ਕਿ ਉਨ੍ਹਾਂ ਨੇ ਕੋਰੀਡੋਰ ਬਣਾਉਣ ਦਾ ਜਦੋਂ ਐਲਾਨ ਕੀਤਾ ਤਾਂ ਪ੍ਰਾਈਵੇਟ ਕੰਪਨੀਆਂ ਨੇ ਇਸ ਨੂੰ ਬਣਾਉਣ ਲਈ ਪੰਜ ਸਾਲ ਦਾ ਸਮਾਂ ਦਸਿਆ। ਕਿਉਂਕਿ ਜਨਰਲ ਬਾਜਵਾ ਨਵੰਬਰ ਵਿਚ ਰਿਟਾਇਰ ਹੋ ਰਹੇ ਸਨ, ਇਸ ਲਈ ਉਨ੍ਹਾਂ ਸੋਚਿਆ ਕਿ ਇਹ ਉਨ੍ਹਾਂ ਦੇ ਕਾਰਜ ਕਾਲ ਵਿਚ ਪੂਰਾ ਨਹੀਂ ਹੋਏਗਾ, ਇਸ ਲਈ ਉਨ੍ਹਾਂ ਇਸ ਕੰਮ ਦਾ ਠੇਕਾ ਇਕ ਅਜਿਹੀ ਕੰਪਨੀ ਨੂੰ ਦਿੱਤਾ, ਜਿਸ ਦਾ ਨਾਂ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ (ਐਫ਼ ਡਬਲਯੂ. ਓ.) ਹੈ। ਇਹ ਫੌਜ ਦੀ ਹੀ ਕੰਪਨੀ ਏ ਤੇ ਫੌਜ ਦੇ ਅਧੀਨ ਕੰਮ ਕਰਦੀ ਹੈ। ਇਸ ਵਿਚ ਰਿਟਾਇਡ ਫੌਜੀ ਹੁੰਦੇ ਹਨ। ਇਹ ਸੜਕਾਂ ਤੇ ਇਮਾਰਤਾਂ ਬਣਾਉਂਦੀ ਏ। ਜਨਰਲ ਬਾਜਵਾ ਨੇ ਇਸ ਕੰਪਨੀ ਨੂੰ ਆਦੇਸ਼ ਦਿੱਤਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਇਕ ਸਾਲ ਵਿਚ ਮੁਕੰਮਲ ਕਰਨਾ ਹੈ, ਤੇ ਇਸ ‘ਤੇ ਲੋੜੀਂਦੇ ਖਰਚ ਦੀ ਕੋਈ ਕੰਮੀ ਨਹੀਂ ਹੋਵੇਗੀ। ਨਤੀਜੇ ਵਜੋਂ 15 ਤੋਂ 20 ਬਿਲੀਅਨ ਪਾਕਿਸਤਾਨੀ ਰੁਪਿਆ ਫੌਜ ਰਾਹੀ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਨੂੰ ਮਿਲਿਆ ਤੇ ਉਨ੍ਹਾਂ ਨੇ ਤਿੰਨ ਸ਼ਿਫਟਾਂ ਵਿਚ 24 ਘੰਟੇ ਕੰਮ ਕੀਤਾ। ਜੋ ਕੰਮ ਪ੍ਰਾਈਵੇਟ ਕੰਪਨੀ ਨੇ 5 ਸਾਲ ਵਿਚ ਪੂਰਾ ਕਰਨਾ ਸੀ, ਉਹ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਨੇ 11 ਮਹੀਨੇ ਦੀ ਅਣਥੱਕ ਮਿਹਨਤ ਨਾਲ ਮੁਕੰਮਲ ਕੀਤਾ। ਇਸ ਗੱਲ ਦਾ ਖਿਆਲ ਸਿੱਖ ਭਰਾਵਾਂ ਨੂੰ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਆਰਥਕ ਪੱਖੋਂ ਕੋਈ ਤਗੜਾ ਮੁਲਕ ਨਹੀਂ, ਤੇ ਅੱਜ ਕਲ ਇਸ ਦੇ ਹਾਲਾਤ ਏਨੇ ਠੀਕ ਨਹੀਂ। ਜੇ 20 ਅਰਬ ਰੁਪਿਆ ਵੀ ਲੱਗ ਗਿਆ ਇਸ ‘ਤੇ, ਤੁਸੀਂ ਦੇਖੋ ਕਿ ਪਾਕਿਸਤਾਨ ਦੀ 20 ਕਰੋੜ ਆਬਾਦੀ ਏ, ਇਹਦਾ ਮਤਲਬ ਇਹ ਕਿ ਹਰ ਪਾਕਿਸਤਾਨੀ ਭਾਵੇਂ ਬੱਚਾ ਏ, ਔਰਤ ਜਾਂ ਮਰਦ ਏ, ਜਿਹੜਾ ਵੀ ਹੈ, ਨੂੰ ਆਪਣੀ ਜੇਬ ਵਿਚੋਂ 100 ਰੁਪਿਆ ਦੇਣਾ ਪਿਆ ਏ।
ਕਈ ਸਿੱਖ ਵੀਰ ਕਹਿੰਦੇ ਹਨ ਕਿ ਬਾਹਰਲੇ ਸਿੱਖ ਵੀਰਾਂ ਨੇ ਬੜਾ ਪੈਸਾ ਭੇਜਿਆ ਹੈ। ਮੇਰੀ ਜਾਚੇ ਕਿਸੇ ਨੇ ਕੋਈ ਇਕ ਪੈਸਾ ਨਹੀਂ ਭੇਜਿਆ। ਸਾਰਾ ਪੈਸਾ ਪਾਕਿਸਤਾਨ ਸਰਕਾਰ ਨੇ ਖਰਚਿਆ ਏ, ਬਾਹਰਲੇ ਸਿੱਖਾਂ ਨੇ ਵਾਅਦਾ ਕੀਤਾ ਹੈ ਕਿ ਬਾਅਦ ਵਿਚ ਸਰਮਾਏਕਾਰੀ ਕਰਨਗੇ।
ਜਨਰਲ ਬਾਜਵਾ ਦਾ ਜਿਸ ਤਰ੍ਹਾਂ ਦਾ ਨਾਂ ਏ, ਉਸ ਨੇ ਕੰਮ ਵੀ ਉਸੇ ਤਰ੍ਹਾਂ ਦਾ ਕੀਤਾ ਏ। ਇਸ ਦੇ ਨਾਂ ਦੇ ਅੱਖਰੀ ਅਰਥ ਇਸ ਤਰ੍ਹਾਂ ਹਨ-ਕਮਰ ਅਰਬੀ ਜ਼ੁਬਾਨ ਦਾ ਲਫਜ਼ ਏ, ਜਿਸ ਦਾ ਮਤਲਬ ਹੈ, ‘ਚੰਨ’ ਤੇ ਜਾਵੇਦ ਫਾਰਸੀ ਜ਼ੁਬਾਨ ਦਾ ਲਫਜ਼ ਏ, ਜਿਸ ਦਾ ਮਤਲਬ ਹੈ, ‘ਜਿੰਦਾ’ ਯਾਨਿ ਜਿੰਦਾ ਰਹਿਣ ਵਾਲਾ ਚੰਨ। ਇਸ ਵਲੋਂ ਕੀਤਾ ਗਿਆ ਇਹ ਪਵਿੱਤਰ ਕੰਮ ਇਤਿਹਾਸ ਵਿਚ ਚੰਨ ਵਾਂਗ ਜਿੰਦਾ ਰਹੇਗਾ।
ਮੁੱਕਦੀ ਗੱਲ, ਇਹ ਕੋਰੀਡੋਰ ਦਾ ਕੰਮ ਭਾਵੇਂ ਜਿਹਨੇ ਵੀ ਕੀਤਾ, ਬਹੁਤ ਹੀ ਇਤਿਹਾਸਕ ਕੰਮ ਹੈ, ਬਹੁਤ ਜਬਰਦਸਤ ਕੰਮ ਹੋਇਆ ਹੈ ਤੇ ਇਸ ਕੰਮ ਨੂੰ ਕੋਈ ਪੰਜਾਬੀ ਭੁਲਾ ਨਹੀਂ ਸਕਦਾ। ਕਰਤਾਰਪੁਰ ਸਾਹਿਬ ਦੇ ਪਵਿੱਤਰ ਗੁਰਦਾਆਰੇ ਨੇ ਦੋਹਾਂ ਮੁਲਕਾਂ ਵਿਚ ਅਮਨ ਪੈਦਾ ਕਰਨਾ ਹੈ। ਇਸ ਦੀ ਵਜ੍ਹਾ ਨਾਲ ਲੋਕਾਂ ਨੇ ਇਕੱਠਿਆਂ ਹੋਣਾ ਹੈ। ਇਸੇ ਦੀ ਵਜ੍ਹਾ ਨਾਲ ਹੀ ਅਮਨ ਸ਼ੁਰੂ ਹੋਣਾ ਹੈ, ਇਸ ਨੂੰ ਭਾਵੇਂ ਅਮਨ ਦੇ ਦੁਸ਼ਮਣ ਕਿੰਨਾ ਹੀ ਕਿਉਂ ਨਾ ਰੋਕਦੇ ਰਹਿਣ, ਇਹ ਹੁਣ ਰੁਕ ਨਹੀਂ ਸਕਦਾ। ਭਾਵੇਂ ਸਾਰੀ ਦੁਨੀਆਂ ਨੂੰ ਲੋਕ ਭੁਲ ਜਾਣ, ਪਰ ਜਨਰਲ ਕਮਰ ਜਾਵੇਦ ਬਾਜਵਾ, ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਪੰਜਾਬੀ, ਖਾਸ ਕਰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ। ਇਹ ਸਾਰੇ ਬਾਬੇ ਨਾਨਕ ਦੀ ਕਿਰਪਾ ਨਾਲ ਐਸਾ ਕੰਮ ਕਰ ਗਏ, ਜੋ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾ ਚੁਕਾ ਹੈ।